ਗੁਰਬਾਣੀ ਸੰਗੀਤ ਅਤੇ ਭਾਰਤੀ ਸੰਗੀਤ ਦਾ ਤੁਲਨਾਤਮਕ ਅਧਿਐਨ

ਪ੍ਰੋ: ਤਾਰਾ ਸਿੰਘ

ਸੰਗੀਤ ਉਹ ਆਕ੍ਰਸ਼ਿਕ ਲਲਿਤ ਕਲਾ ਹੈ ਜਿਸ ਦੁਆਰਾ ਸੰਗੀਤਕਾਰ ਆਪਣੇ ਹਿਰਦੇ ਦੇ ਸੂਖਸ਼ਮ ਭਾਵਾਂ ਨੂੰ ਸੁਰ ਅਤੇ ਲੈਯ ਦੇ ਮਾਧਿਅਮ ਰਾਹੀਂ ਸਾਕਾਰ ਕਰਦਾ ਹੈ।

ਭਾਰਤੀ ਸੰਗੀਤਾਚਾਰੀਆਂ ਨੇ ਸੰਗੀਤ ਦੀ ਪਰਿਭਾਸ਼ਾ ਇਸ ਤਰ੍ਹਾਂ ਨਿਰੂਪਣ ਕੀਤੀ ਹੈ, “ਗੀਤ ਵਾਦਯ ਤਥਾ ਨ੍ਰਿਤਯ ਤ੍ਰਯ ਸੰਗੀਤ ਮੁਚਯਤ”। ਅਰਥਾਤ ਗਾਇਨ, ਵਾਦਨ ਅਤੇ ਨ੍ਰਿਤ ਇਨ੍ਹਾਂ ਤਿੰਨਾਂ ਕਲਾਵਾਂ ਨੂੰ ਸੰਗੀਤ ਕਹਿੰਦੇ ਹਨ।

ਸੰਗੀਤ ਇਕ ਵਿਸ਼ਵ ਵਿਆਪੀ ਕਲਾ ਹੈ। ਇਸ ਦੇ ਸੱਤ ਸੁਰ ਸਰਬਦੇਸ਼ੀ, ਅਰਥਾਤ ਸਮਸਤ ਖੰਡਾਂ, ਮੰਡਲਾਂ ਤੇ ਬ੍ਰਹਮੰਡਾਂ ਵਿੱਚ ਸਮਾਨ ਹਨ। ਸੰਗੀਤ ਦੇ ਸੁਰ, ਤਾਲ ਅਤੇ ਲੈਯ ਅੰਤਰ^ਰਾਸ਼ਟਰੀ ਹਨ। ਪਰੰਤੂ ਹਰ ਦੇਸ਼ ਦੇ ਲੋਕਾਂ ਦੀ ਪ੍ਰਕ੍ਰਿਤੀ ਰੁਚੀ ਅਤੇ ਰੀਤੀ ਰਿਵਾਜਾਂ ਦੇ ਪ੍ਰਭਾਵ ਕਾਰਣ ਇਨ੍ਹਾਂ ਦੀ ਪ੍ਰਯੋਗਿਕ ਵਿਧੀ ਵਿੱਚ ਅੰਤਰ ਹੋ ਜਾਂਦਾ ਹੈ। ਸੰਗੀਤ ਕਲਾ ਦੇ ਪ੍ਰਮੁੱਖ ਅੰਗ ਹਨ: (ੳ) ਸੁਰ ਅਤੇ (ਅ) ਤਾਲ। ਸੰਗੀਤ ਦੇ ਅਨੇਕ ਪੱਖਾਂ ਤੇ ਇਸ ਖੋਜ ਨਿਬੰਧ ਵਿੱਚ ਪ੍ਰਕਾਸ਼ ਪਾਉਣਾ ਤਾਂ ਅਸੰਭਵ ਹੈ। ਸੰਖੇਪ ਵਿਚ ਇਹੋ ਹੀ ਕਿਹਾ ਜਾ ਸਕਦਾ ਹੈ ਕਿ 22 ਸ਼ਰੁਤੀਆਂ ਅਤੇ ਤਬਲੇ ਦੇ 10 ਵਰਣਾਂ (ਬੋਲਾਂ) ਦੀ ਇਸ 32 ਅੱਖਰੀ ਵਰਣਮਾਲਾ ਵਿੱਚ ਭਾਰਤੀ ਸੰਗੀਤ ਦਾ ਸਾਰਾ ਰਹੱਸ ਛੁਪਿਆ ਹੋਇਆ ਹੈ।

ਗੁਰਬਾਣੀ ਸੰਗੀਤ ਕੋਈ ਅੱਡਰਾ ਸੰਗੀਤ ਨਹੀਂ ਇਹ ਭਾਰਤੀ ਸੰਗੀਤ ਦਾ ਹੀ ਅਨਿੱਖੜ ਅੰਗ ਹੈ। ਗੁਰਬਾਣੀ ਸੰਗੀਤ ਦਾ ਮੂਲ ਆਧਾਰ ਵੀ ਭਾਰਤੀ ਸੰਗੀਤ ਹੀ ਹੈ। ਪਰ ਇਸ ਦੀਆਂ ਕੁਝ ਮੌਲਿਕ ਵਿਸ਼ੇਸ਼ਤਾਵਾਂ ਵੀ ਹਨ ਜਿਸ ਕਾਰਣ ਇਸ ਨੇ ਭਾਰਤੀ ਸੰਗੀਤ ਵਿੱਚ ਇਕ ਨਿਵੇਕਲਾ ਸਥਾਨ ਪ੍ਰਾਪਤ ਕਰ ਲਿਆ ਹੈ।

ਗੁਰੂ ਅਤੇ ਸੰਗਤ ਦੀ ਹਜ਼ੂਰੀ ਵਿੱਚ ਕੀਰਤਨਕਾਰ ਜਦੋਂ ਤੰਤੀ ਸਾਜ਼ਾਂ ਨਾਲ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਦਾ ਸੁਰ^ਤਾਲ ਬਧ ਰਸ ਭਿੰਨਾ ਅਖੰਡ ਕੀਰਤਨ ਕਰਦੇ ਹਨ ਜਿਸ ਵਿੱਚ “ਰਹਾਉ ਅਤੇ ਪਦਿਆਂ ਦੇ ਅੰਕਾਂ” ਦਾ ਵਿਸ਼ੇਸ਼ ਧਿਆਨ ਰਖਿਆ ਗਿਆ ਹੋਵੇ ਜੋ ਪ੍ਰਾਣੀ ਮਾਤਰ ਦੇ ਚਿਤ ਨੂੰ ਨਾਮ ਸਿਮਰਨ ਦੁਆਰਾ ਸਹਿਜ ਅਵਸਥਾ ਰਾਹੀਂ ਅਕਾਲ ਪੁਰਖ ਨਾਲ ਜੋੜੇ ਉਸਨੂੰ ਗੁਰਬਾਣੀ ਸੰਗੀਤ ਦੀ ਸੰਗਿਆ ਦਿੱਤੀ ਜਾ ਸਕਦੀ ਹੈ।

ਗੁੁਰਬਾਣੀ ਸੰਗੀਤ ਦੇ ਸੰਥਾਪਕ ਗੁਰੂ ਨਾਨਕ ਦੇਵ ਜੀ ਹਨ। ਉਨ੍ਹਾਂ ਦਾ ਵਿਸ਼ਾਲ ਦੇਸ਼ਾਟਨ ਅਤੇ ਇਸ ਦੌਰਾਨ ਅਨੇਕ ਵਿਅਕਤੀਆਂ ਅਤੇ ਸੰਸਥਾਵਾਂ ਦੇ ਪਰਸਪਰ-ਮੇਲ ਮਿਲਾਪ ਅਤੇ ਸੰਵਾਦਾਂ ਗੋਸ਼ਟੀਆਂ ਦੁਆਰਾ ਉਨ੍ਹਾਂ ਨੇ ਆਪਣੇ ਸਮੇਂ ਦੀ ਵਿਸ਼ਵ^ਸੰਸਕ੍ਰਿਤੀ ਦਾ ਮੰਥਨ ਕੀਤਾ। ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਵਿਦੇਸ਼ੀ, ਸ੍ਵਦੇਸ਼ੀ, ਉਤਕ੍ਰਿਸ਼ਟ ਤੇ ਲੋਕਿਕ ਅਤੇ ਅੰਤਰ^ਪ੍ਰਦੇਸੀ ਸਰੋਤਾਂ ਦੀਆਂ ਇਤਿਹਾਸਕ ਅਤੇ ਤੱਤ ਕਾਲਿਕ ਪ੍ਰਚਲਿਤ ਪਰੰਪਰਾਵਾਂ ਨਾਲ ਉਨ੍ਹਾਂ ਦਾ ਨਿਕਟਵਰਤੀ ਸੰਪਰਕ ਹੋਇਆ। ਆਪਣੀ ਨਿਜ ਆਤਮਾ ਦੀ ਵਿਰਾਟਤਾ ਤੇ ਦਿਬ-ਦ੍ਰਿਸ਼ਟੀ ਦੀ ਚੰੁਬਕੀ ਸ਼ਕਤੀ ਰਾਹੀਂ ਉਨ੍ਹਾਂ ਨੇ ਉਸ ਸਾਮਗਰੀ ਦੀ ਨਿਰਖ ਪਰਖ ਹੀ ਨਹੀਂ ਕੀਤੀ ਸਗੋਂ ਉਸਨੂੰ ਤਤਕਾਲਿਕ ਪ੍ਰਕਰਣ ਵਿੱਚ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਨਵਾਂ ਮਾਰਗ ਦਰਸ਼ਨ ਦਿੱਤਾ। ਸੰਗੀਤ, ਸਾਹਿਤ, ਭਾਸ਼ਾ, ਕਲਾ, ਸੰਸਕ੍ਰਿਤੀ ਅਤੇ ਧਾਰਮਿਕ ਮਨੌਤਾਂ ਦੇ ਸਬੰਧ ਵਿੱਚ ਉਨ੍ਹਾਂ ਦੁਆਰਾ ਲਿਆਂਦੇ ਗਏ ਇਸ ਕ੍ਰਾਂਤੀਕਾਰੀ ਪਰਿਵਰਤਨ ਨੇ ਭਾਰਤੀ ਧਰਮ, ਸੰਸਕ੍ਰਿਤੀ ਅਤੇ ਸੰਗੀਤ ਦੀ ਨਵੇਂ ਸਿਿਰਓ ਕਾਇਆ ਕਲਪ ਕਰ ਦਿਤੀ। ਇਸ ਦੇ ਭਿੰਨ ਭਿੰਨ ਲੋਕ ਤੱਤਾਂ ਨੂੰ ਲੋਕ ਜੀਵਨ ਤੋਂ ਵਿਛੁੰਨੇ ਨਾ ਰਹਿਣ ਦੇ ਕੇ ਇਨ੍ਹਾਂ ਨੂੰ ਮਾਨਵ ਕਲਿਆਣ ਅਤੇ ਆਤਮਕ ਉਥਾਨ ਦਾ ਇਕ ਨਵਾਂ ਮਾਧਿਅਮ ਬਣਾ ਦਿੱਤਾ। ਭਾਰਤੀ ਸੰਗੀਤ ਦਾ ਸਾਹਿਤ ਜੋ ਉਨ੍ਹਾਂ ਦੇ ਸਮੇਂ ਅਸ਼ਲੀਲਤਾ ਨਾਲ ਲੱਥ^ਪੱਥ ਹੋ ਚੁੱਕਾ ਸੀ, ਦੇ ਪੁਨਰ ਨਿਰਮਾਣ ਦੇ ਸਬੰਧ ਵਿੱਚ ਵੀ ਉਨ੍ਹਾ ਦਾ ਯੋਗਦਾਨ ਅਜਿਹਾ ਹੀ ਮਹਾਨ ਅਨੂਠਾ ਤੇ ਇਤਿਹਾਸਿਕ ਗੌਰਵ ਦਾ ਧਾਰਣੀ ਹੈ।

ਗੁਰਬਾਣੀ ਸੰਗੀਤ ਦੀ ਭਾਰਤੀ ਸੰਗੀਤ ਨਾਲੋਂ ਵਿਲੱਖਣਤਾ ਇਹ ਹੈ ਕਿ ਇਸਨੂੰ ਪ੍ਰਧਾਨ ਰੂਪ ਵਿੱਚ ਗੁਰਬਾਣੀ ਦੇ ਰਚਨਹਾਰ ਗੁਰੂ ਸਾਹਿਬਾਨ ਨੇ ਆਪਣੀਆਂ ਭਾਵਨਾਤਮਕ ਤੇ ਕਲਾਤਮਕ ਲੋੜਾਂ ਦੀ ਪੂਰਤੀ ਨੂੰ ਮੁੱਖ ਰੱਖ ਕੇ ਇਸ ਦੀ ਸਿਰਜਣਾ ਕੀਤੀ ਅਤੇ ਇਸਨੂੰ ਸੁਰ^ਤਾਲ^ਬੱਧ ਵੀ ਕੀਤਾ। ਇਨ੍ਹਾਂ ਵਿਚੋਂ ਬਹੁਤੇ ਗੁਰੂ ਨਾ ਕੇਵਲ ਸੰਗੀਤ ਪ੍ਰੇਮੀ ਹੀ ਸਨ ਸਗੋਂ ਉਚ ਕੋਟੀ ਦੇ ਗਾਇਕ ਵੀ ਸਨ।

ਆਪਣੇ ਸਰੂਪ ਤੇ ਪ੍ਰਕ੍ਰਿਤੀ ਵਜੋਂ ਇਹ ਪ੍ਰਣਾਲੀ ਭਾਰਤੀ ਸੰਗੀਤ ਦੇ ਪ੍ਰਾਚੀਨ ਮਾਰਗੀ ਸੰਗੀਤ ਨਾਲ ਮਾਨਤਾ ਰੱਖਦੀ ਹੈ। ਜਿਸ ਦਾ ਮੁੱਖ ਉਦੇਸ਼ ਸੰਗੀਤ ਨੂੰ ਅਧਿਆਤਮਵਾਦੀ ਰੇਖਾਵਾਂ ਦੇ ਅੰਤਰਗਤ ਰੱਖ ਕੇ ਇਸ ਨੂੰ ਹੋਰ ਪ੍ਰਚਲਤ ਕਰਨਾ ਸੀ। ਗੁਰਬਾਣੀ ਵਿੱਚ ਇਸ ਮਨੋਰਥ ਦੇ ਅਨੇਕ ਕਥਨ ਮੌਜੂਦ ਹਨ ਜਿਨ੍ਹਾਂ ਵਿੱਚ ਆਪਣੇ ਆਪ ਹੀ ਕਲਾਮਕ ਆਦਰਸ਼ ਨਾ ਮਿਥ ਕੇ ਅਧਿਆਤਮਕ ਇਸ਼ਟ ਅਤੇ ਆਦਰਸ਼ ਦੇ ਮਾਧਿਅਮ ਵਜੋਂ ਵਰਤਣ ਦਾ ਸੰਕੇਤ ਕੀਤਾ ਗਿਆ ਹੈ। ਉਦਾਹਰਣ ਵਜੋਂ :^
ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨ ਦੀਨਾ।

ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ”।
ਜਾਂ

“ਰਾਗ ਨਾਦ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ।

ਰਾਗੇ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ”।

ਗੁਰੂ ਨਾਨਕ ਦੇਵ ਤੇ ਹੋਰ ਗੁਰੂ ਸਾਹਿਬਾਨ ਰਬਾਬੀਆਂ ਦੀ ਸੰਗਤ ਨਾਲ ਜਾਂ ਆਪ ਸੁਤੰਤਰ ਰੂਪ ਵਿੱਚ ਗੁਰਬਾਣੀ ਦਾ ਕੀਰਤਨ ਕਰਦੇ ਰਹੇ ਹਨ ਅਤੇ ਗੁਰੂ ਅਰਜਨ ਦੇਵ ਜੀ ਨੇ ਤਾਂ ਕਿੱਤੇਦਾਰ ਰਬਾਬੀਆਂ ਦੀ ਥਾਂ ਗੁਰੂ ਕੇ ਸਿੱਖਾਂ ਵਿੱਚ ਹੀ ਕੀਰਤਨਕਾਰ ਅਤੇ ਸੰਗੀਤਾਚਾਰੀਆ ਬਣਾਉਣ ਦੀ ਪ੍ਰਥਾ ਤੋਰੀ।

ਗੁਰਬਾਣੀ ਸੰਗੀਤ ਵਿੱਚ ਕੇਵਲ ਪ੍ਰਮਾਣਿਕ ਬਾਣੀ ਦਾ ਹੀ ਕੀਰਤਨ ਕੀਤਾ ਜਾਂਦਾ ਹੈ ਪਰੰਤੂ ਭਾਰਤੀ ਸੰਗੀਤ ਵਿੱਚ ਕਿਸੇ ਨਾਇਕ ਜਾਂ ਗਾਇਕ ਦੀ ਕੋਈ ਰਚਨਾ ਗਾਈ ਜਾ ਸਕਦੀ ਹੈ।
ਮਾਰਗੀ ਸੰਗੀਤ ਦੇ ਨਾਲ-ਨਾਲ ਸੀ੍ਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿੱਚ “ਦੇਸ਼ੀ ਸੰਗੀਤ” ਜੋ ਜਨ ਰੁਚੀ ਤੇ ਆਧਾਰਤ ਸੀ ਦੇ ਅੰਸ਼ ਵੀ ਗੁਰਬਾਣੀ ਸੰਗੀਤ ਵਿੱਚ ਸ਼ਾਮਲ ਕੀਤੇ ਗਏ ਹਨ। ਉਦਹਰਣ ਵਜੋਂ ਵਾਰ, ਸੋਹਲਾ, ਛੰਤ, ਬਾਰਾਮਾਹ, ਘੋੜੀਆਂ, ਆਲਾਹਣੀਆਂ ਆਦਿ। ਕਿੱਤੇਦਾਰ ਗਾਇਕਾਂ ਦੀ ਤੁਲਨਾ ਵਿੱਚ ਗੁਰੂ ਨਾਨਕ ਆਪਣੇ ਆਪ ਨੂੰ ਅਕਾਲ ਪੁਰਖ ਦਾ “ਢਾਢੀ” ਜਾਂ ਉਸਤਿਤਕਾਰ ਕਹਿੰਦੇ ਹਨ “ਹਉ ਢਾਢੀ ਕਾ ਨੀਚੁ ਜਾਤਿ ਹੋਰੁ ਉਤਮ ਜਾਤਿ ਸਦਾਇਦੇ” ਜਾਂ “ਹਉ ਢਾਢੀ ਵੇਕਾਰੁ ਕਾਰੇ ਲਾਇਆ”।

ਇਸ ਲੋਕ ਤਤਵ ਨੇ ਗੁਰਬਾਣੀ ਸੰਗੀਤ ਵਿੱਚ ਇਕ ਨਵੀਂ ਸ਼ਕਤੀ ਨੂੰ ਪ੍ਰਚਲਤ ਕੀਤਾ ਜਿਸ ਨਾਲ ਇਹ ਸੰਗੀਤ ਸਾਧਾਰਣ ਲੋਕਾਂ ਵਿੱਚ ਵੀ ਬੜਾ ਹਰਮਨ ਪਿਆਰਾ ਹੋਇਆ।

ਗੁਰਬਾਣੀ ਅਤੇ ਭਾਰਤੀ ਸੰਗੀਤ ਵਿੱਚ ਮੁੱਖ ਅੰਤਰ ਇਸ ਦੇ ਲੱਕਸ਼ ਵਿੱਚ ਹੈ। ਗੁਰਬਾਣੀ ਸੰਗੀਤ ਦਾ ਲੱਕਸ਼ ਈਸ਼ਵਰ ਉਪਾਸਨਾ ਹੈ ਅਤੇ ਭਾਰਤੀ ਸੰਗੀਤ ਵਿਚ ਮੱਧਕਾਲ ਦੀਆਂ ਕੁਝ ਅਧਿਆਤਮਕ ਰਚਨਾਵਾਂ ਤੋਂ ਬਿਨਾਂ (ਗੁਰੂ ਨਾਨਕ ਤੋਂ ਲੈ ਕੇ ਵਰਤਮਾਨ ਤੱਕ) ਵਧੇਰੇ ਕਰਕੇ ਮਨੋਰੰਜਨ ਦੀ ਪ੍ਰਧਾਨਤਾ ਹੈ।
ਗੁਰਬਾਣੀ ਸੰਗੀਤ ਵਿੱਚ ਪ੍ਰਯੁਕਤ ਕੀਤੀ ਗਈ ਸੰਗੀਤ ਦੀ ਪਰਿਭਾਸ਼ਿਕ ਸ਼ਬਦਾਵਾਲੀ ਦਾ ਸੰਬੰਧ ਅਧਿਆਤਮਵਾਦ ਨਾਲ ਹੈ, ਗੁਰਬਾਣੀ ਵਿੱਚ ਸ਼ਬਦ ਵਿਚਾਰ ਦੀ ਪ੍ਰਧਾਨਤਾ ਹੈ, ਸਗੋਂ ਸੰਗੀਤ ਮਾਧਿਅਮ ਹੈ ਗੁਰਬਾਣੀ ਦੀਆਂ ਕੋਮਲ ਭਾਵਨਾਵਾਂ ਨੂੰ ਉਜਾਗਰ ਕਰਨ ਦਾ। ਅਰਥਾਤ ਗੁਰਬਾਣੀ ਸੰਗੀਤ ਸ਼ਬਦ ਪ੍ਰਧਾਨ ਹੈ ਅਤੇ ਭਾਰਤੀ ਸੰਗੀਤ ਸ੍ਵਰ ਪ੍ਰਧਾਨ। ਗੁਰਬਾਣੀ ਗਾਇਨ ਦਾ ਮੁੱਖ ਉਦੇਸ਼ ਗੁਰਬਾਣੀ ਦੀਆਂ ਕੋਮਲ ਭਾਵਨਾਵਾਂ ਅਤੇ ਆਤਮਾ ਨੂੰ ਸੋ੍ਤਿਆਂ ਦੇ ਹਿਰਦਿਆਂ ਵਿੱਚ ਜਗਾਉਣਾ ਹੈ। ਇਸ ਲਈ ਇਥੇ ਸੁਰ, ਤਾਲ, ਲੈਯਕਾਰੀਆਂ, ਤਾਨਾਂ, ਬੋਲਤਾਨਾਂ, ਗਮਕ, ਮੀਂਡ, ਖਟਕਾ, ਮੁਰਕੀ ਅਤੇ ਸਰਗਮਾਂ ਦੀ ਭਰਮਾਰ ਦੀ ਥਾਂ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ। ਸੁਰ-ਤਾਲ ਅਤੇ ਸੰਗੀਤ ਦੀਆਂ ਅਲੰਕਾਰਿਕ ਜੁਗਤੀਆਂ ਨੂੰ ਉਪਰੋਕਤ ਉਦੇਸ਼ ਦੇ ਅਧੀਨ ਹੀ ਰੱਖਿਆ ਜਾਂਦਾ ਹੈ।

ਗੁਰਬਾਣੀ ਸੰਗੀਤ ਵਿੱਚ ਭਾਰਤੀ ਸੰਗੀਤ ਤੇ ਤਿੰਨ ਅੰਗਾਂ-ਗਾਇਨ, ਵਾਦਨ ਅਤੇ ਨ੍ਰਿਤ ਵਿਚੋਂ ਪਹਿਲੇ ਦਾ ਪ੍ਰਮੁੱਖ ਸਥਾਨ ਹੈ। ਦੂਜੇ ਨੂੰ ਇਸ (ਗਾਇਨ) ਦੇ ਅਧੀਨ ਰੱਖਿਆ ਜਾਂਦਾ ਹੈ ਅਤੇ ਤੀਜੇ ਨ੍ਰਿਤ ਦਾ ਤਨ ਰਾਹੀਂ ਪ੍ਰਯੋਗ ਵਰਜਿਤ ਹੈ। ਪਰ ਮਨ ਦੇ ਨਾਚ ਲਈ ਗੁਰਵਾਕ ਹੈ- “ਨਾਚੁ ਰੇ ਮਨ ਗੁਰ ਕੇ ਆਗੈ।” ਇਸ ਆਦਰਸ਼ਕ ਨ੍ਰਿਤ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਕਰਦੇ ਹਨ-
“ਘੁੰਘਰੂ ਖੜਕੁ ਤਿਆਗਿ ਵਿਸੂਰੇ।
ਸਹਜ ਅਨੰਦ ਦਿਖਾਵੇ ਭਾਵੈ।
ਏਹੁ ਨਿਰਤਿਕਾਰੀ ਜਨਮਿ ਨ ਆਵੈ”।

ਵਰਤਮਾਨ ਸਮੇਂ ਭਾਰਤੀ ਸੰਗੀਤ ਵਿੱਚ ਰਾਗ^ਆਲਾਪ ਦੇ ਦੋ ਢੰਗ ਪ੍ਰਚਲਿਤ ਹਨ ਇਕ “ਨੋਮ ਤੋਮ” ਦਾ ਆਲਾਪ ਅਤੇ ਦੂਜਾ “ਆਕਾਰ” ਦਾ ਆਲਾਪ।

ਪ੍ਰਾਚੀਨ ਸੰਗੀਤਾਚਾਰੀਆਂ, ਰਿਸ਼ੀਆਂ-ਮੁਨੀਆਂ ਨੇ ਰਾਗ ਦਾ ਆਲਾਪ ਕਰਨ ਲਈ ਭਾਰਤੀਆਂ ਨੂੰ “ਓਮ ਹਰੀ ਆਨੰਤ ਨਾਰਾਇਣ” ਜਾਂ “ਤੂੰ ਹੀ ਹਰੀ ਨਾਰਾਇਣ” ਮਹਾਂ ਮੰਤ੍ਰ ਬਖਸ਼ਿਆ ਸੀ ਪਰ ਧਰੁਪਦ, ਧਮਾਰ ਗਾਇਕਾਂ ਨੇ ਇਸ ਮੰਤ੍ਰ ਦਾ ਆਜਿਹਾ ਕਚੂਮਰ ਕੱਢਿਆ ਕਿ ਇਸ ਦਾ ਚੇਹਰਾ ਮੁਹਰਾ ਹੀ ਵਿਗਾੜ ਕੇ ਰੱਖ ਦਿੱਤਾ। ਵਰਤਮਾਨ ਕਾਲ ਦੇ ਗਾਇਕ ਉਸ ਆਲਾਪ ਵਿੱਚ “ਤੋਮਤਾਨਾਨਾ, ਰੀਦਾਨਨਾਤਾ, ਤੈ ਤੈ ਰੈ ਨੇ ਨੋਮ ਨੈ, ਨੈ, ਹੈਨੇ ਹੈਨੇ, ਤੈ ਨਾਇਤੋਮ” ਆਦਿ ਨਿਰਥਕ ਅੱਖਰ ਪ੍ਰਯੋਗ ਕਰਨ ਲੱਗ ਪਏ ਹਨ। ਅਜਿਹੀ ਤਾਨ ਰੀਰੀ ਦੇ ਸੰਬੰਧ ਵਿਚ ਮਰਹੂਮ ਉਸਤਾਦ ਅਲਾਉਦੀਨ ਖਾਂ ਦਾ ਕਥਨ ਹੈ ਕਿ “ਅਜ ਜਿਹੜਾ ਧਰੁਪਦ ਦਾ ਆਲਾਪ ਸੁਣਿਆ ਜਾਂਦਾ ਹੈ, ਉਸਦਾ ਮੂਲ ਆਧਾਰ ਸੀ “ਅਨੰਤ ਹਰੀ ਓਮ” ਉਸੇ ਨੂੰ ਤੋੜ ਮਰੋੜ ਕੇ। “ਤੋਮ ਤਾਨਾ” ਬਣਾ ਦਿਤਾ ਅਤੇ ਦਰੁਤ ਲੈਯ ਵਿੱਚ “ਤੋਮਤਾਨਾ ਨਾਨਾ” ਕੰਨ ਗੋਚਰ ਹੁੰਦਾ ਹੈ। ਉਹ ਪ੍ਰਾਗਲ ਦਾ ਪ੍ਰਲਾਪ ਅਰਥਹੀਣ ਅਤੇ ਉਦੇਸ਼ਹੀਣ ਹੈ। ਤਾਨਾਂ ਤੋਂ ਰਾਗ ਭ੍ਰਸ਼ਟ ਹੁੰਦਾ ਹੈ। ਤਾਨਾਂ ਤਾਂ ਤਾਮਸਿਕਤਾ ਦੀਆਂ ਪਰਿਚਾਇਕ ਹਨ, ਇਸ ਲਈ ਕਹਿੰਦਾ ਹਾਂ ਕਿ ਸ਼ੁੱਧ ਸੁਰ, ਸ਼ੁੱਧ ਮੁਦਰਾ ਅਤੇ ਸ਼ੁੱਧ ਵਾਣੀ ਚਾਹੀਦੀ ਹੈ। ਭਗਵਾਨ ਆਂਤ੍ਰਿਕ ਭਾਵਨਾਵਾਂ ਅਤੇ ਸ਼ੁੱਧ ਸੁਰ ਚਾਹੁੰਦੇ ਹਨ।”

ਗੁਰਬਾਣੀ ਸੰਗੀਤ ਵਿੱਚ ਵੀ ਰਾਗ ਆਲਾਪ ਦੀ ਪ੍ਰਥਾ ਹੈ ਗੁਰ ਫੁਰਮਾਨ ਹੈ “ਧੰਨੁ ਸੁ ਰਾਗ ਸੁਰੰਗੜੇ ਅਲਾਪਤ ਸਭ ਤਿਖ ਜਾਇ” ਇਸ ਪ੍ਰਥਾ ਵਿੱਚ “ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਆਲਾਪੈ” (ਰਾਮਕਲੀ ਮਹਲਾ 5 ਗੁਰੂ ਗ੍ਰੰਥ ਸਾਹਿਬ ਪੰਨਾ 885) ਦਾ ਵਿਧਾਨ ਹੈ। ਗੁਰਬਾਣੀ ਸੰਗੀਤ ਪਰੰਪਰਾ ਵਿੱਚ “ਮੰਗਲਾਚਰਣ” ਦੇ ਰੂਪ ਵਿੱਚ। ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ” ਮੂਲ ਮੰਤ੍ਰ ਦੁਆਰਾ ਆਲਾਪ ਕੀਤਾ ਜਾਂਦਾ ਸੀ, ਇਹ ਮੇਰੀ ਧਾਰਣਾ ਹੈ।

ਭਾਰਤੀ ਸੰਗੀਤ ਦੀਆਂ ਮਹਿਫ਼ਲਾਂ ਦਾ ਆਗਾਜ਼ ਆਮ ਤੌਰ ਤੇ ਸਰਸਵਤੀ “ਵੰਦਨਾ” ਦੁਆਰਾ ਹੁੰਦਾ ਹੈ ਕਿਉਂਜੋ ਸਰਸਵਤੀ ਨੂੰ ਸੰਗੀਤ ਅਤੇ ਵਿਿਦਆ ਦੀ ਅਧਿਸ਼ਠਾਤ੍ਰੀ ਦੇਵੀ (ਭਰਦਦਕਤਤ ਰ ਿਠਚਤਜਫ) ਮੰਨਿਆ ਜਾਂਦਾ ਹੈ। ਇਸ ਦੀ ਤੁਲਨਾ ਵਿੱਚ ਗੁਰਬਾਣੀ ਸੰਗੀਤ ਦੇ ਆਰੰਭ ਵਿੱਚ ਪਹਿਲੇ ਚਾਰ ਗੁਰੂਆਂ ਤੱਕ “ੴ” ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਇਸ ਆਲਾਪ ਬੰਦਨਾ ਵਿੱਚ ਥੋੜਾ ਪਰਿਵਰਤਨ ਆਇਆ। ਇਥੇ ਇਕ, ਦੋ ਜਾਂ ਸੋਲ੍ਹਾਂ ਕਲਾ ਸੰਪੂਰਣ ਦੀ ਵੰਦਨਾ ਦੇ ਸਥਾਨ ਤੇ ਅਨੰਤ ਕਲਾ ਦਾ ਸੁਆਮੀ ਜਿਹੜਾ “ਸਰਬ ਕਲਾ ਸਮਰੱਥ” ਹੈ ਉਸਨੂੰ ਇਕ ਵਾਰ ਨਹੀਂ, ਦੋ ਵਾਰ ਨਹੀਂ ਸਗੋਂ “ਅਨਿਕਬਾਰ ਡੰਡਉਤਿ ਬੰਦਨਾ” ਕੀਤੀ ਜਾਂਦੀ ਹੈ।( ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ। ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ। ਗਉਤੀ ਬਾਵਨ ਅਖਰੀ ਮਹਲਾ 5)

ਗੁਰਬਾਣੀ ਸੰਗੀਤ ਵਿੱਚ ਪ੍ਰਥਮ ਤੇ ਪ੍ਰਮੁੱਖ ਸਾਜ਼ ਰਬਾਬ ਹੈ। ਇਸ ਤੋਂ ਉਪਰੰਤ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਗਾਇਨ ਦੀ ਸੰਗਤ ਲਈ ਸਰੰਦੇ ਦਾ ਆਵਿਸ਼ਕਾਰ ਕੀਤਾ। ਗੁਰੂ ਅਰਜਨ ਦੇਵ ਜੀ ਵੀ ਸਰੰਦਾ ਵਾਦਨ ਵਿੱਚ ਨਿਪੁੰਨ ਸਨ। ਆਧੁਨਿਕ ਕਾਲ ਵਿੱਚ ਕੁਝ ਕੀਰਤਨਕਾਰਾਂ ਨੇ ਤਾਊਸ ਅਤੇ ਦਿਲਰੁਬਾ ਨੂੰ ਵੀ ਅਪਣਾਇਆ ਹੈ। ਤਾਲ ਦੀ ਸੰਗਤੀ ਲਈ ਇਸ ਪ੍ਰਥਾ ਵਿਚ ਮ੍ਰਿਦੰਗ, ਪਖਾਵਜ, ਜੋੜੀ, (ਤਬਲਾ) ਆਦਿ ਸਾਜ਼ ਵਰਤੋਂ ਵਿੱਚ ਲਿਆਂਦੇ ਗਏ ਹਨ। ਪਰ ਸਾਰੰਗੀ, ਬਾਂਸੁਰੀ, ਸ਼ਹਿਨਾਈ ਆਦਿ ਸਾਜ਼ਾਂ ਨੂੰ ਇਸ ਪ੍ਰਣਾਲੀ ਵਿਚ ਸਥਾਨ ਨਹੀਂ ਮਿਲਿਆ। ਗੁਰਬਾਣੀ ਸੰਗੀਤ ਵਿੱਚ ਸੁਤੰਤਰ (ਤਰ;ਰ) ਜਾਂ ਮੁਕਤ ਵਾਦਨ ਲਈ ਕੋਈ ਸਥਾਨ ਨਹੀਂ ਹੈ। ਪਰ ਭਾਰਤੀ ਸੰਗੀਤ ਵਿੱਚ ਸੁਤੰਤਰ ਵਾਦਨ ਨੂੰ ਵੀ ਗਾਇਨ ਦੇ ਸਮਾਨ ਮਹੱਤਵ ਦਿੱਤਾ ਜਾਂਦਾ ਹੈ।

ਗੁਰਬਾਣੀ ਸੰਗੀਤ ਵਿਚ ਚਾਰ ਚੌਕੀਆਂ (ਆਸਾ ਦੀ ਵਾਰ ਦੀ ਚੌਕੀ, ਬਿਲਾਵਲ ਜਾਂ ਚਰਨ ਕੰਵਲ ਦੀ ਚੌਕੀ, ਸੋਦਰ ਅਤੇ ਕੀਰਤਨ ਸੋਹਲੇ ਦੀ ਚੌਕੀ) ਦੀ ਮਰਿਯਾਦਾ ਗੁਰੂ ਅਰਜਨ ਦੇਵ ਜੀ ਨੇ ਸਥਾਪਿਤ ਕੀਤੀ ਸੀ। ਤਦ ਤੋਂ ਲੈ ਕੇ ਵਰਤਮਾਨ ਤਕ ਇਹ ਮਰਿਯਾਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਚਲਿਤ ਹੈ। ਇਸ ਦੀ ਤੁਲਨਾ ਵਿਚ ਭਾਰਤੀ ਸੰਗੀਤ ਵਿਚ ਕਿਸੇ ਵੀ ਧਾਰਮਿਕ ਸਥਾਨ ਤੇ ਅਜਿਹਾ ਨੇਮ ਪੂਰਵਕ ਵਿਧਾਨ ਨਹੀਂ ਹੈ।

ਗੁਰਬਾਣੀ ਸੰਗੀਤ ਵਿਚ ਆਸਾ ਰਾਗ ਦਾ ਬੜਾ ਮਹੱਤਵ ਪੂਰਨ ਸਥਾਨ ਹੈ। ਇਸ ਰਾਗ ਦਾ ਗਾਇਨ ‘ਆਸਾ ਦੀ ਵਾਰ’ ਦੇ ਰੂਪ ਵਿਚ ਸਵੇਰੇ ਅਤੇ ਸ਼ਾਮੀਂ “ਸੋਦਰ” ਦੇ ਰੂਪ ਵਿਚ ਆਵਸ਼ਕ ਤੌਰ ਤੇ ਕੀਤਾ ਜਾਂਦਾ ਹੈ। ਪਰ ਭਾਰਤੀ ਸੰਗੀਤ ਵਿਚ ਕੋਈ ਅਜਿਹਾ ਰਾਗ ਨਹੀਂ ਜਿਸ ਦਾ ਗਾਇਨ-ਵਾਦਨ ਕਿਸੇ ਧਾਰਮਿਕ ਸਥਾਨ ਜਾਂ ਕਿਸੇ ਮਹਿਫ਼ਲ ਵਿਚ ਸ਼ਾਮੀ ਲਾਜ਼ਮੀ ਤੌਰ ਤੇ ਕੀਤਾ ਜਾਂਦਾ ਹੋਵੇ। ਵਰਤਮਾਨ ਸਮੇਂ ਮਹਿਫ਼ਲ ਦੀ ਸਮਾਪਤੀ ਤੇ ਭੈਰਵੀ ਰਾਗ ਕਦੇ ਕਦੇ ਕੰਨਗੋਚਰ ਹੋ ਜਾਂਦਾ ਹੈ।

ਗੁਰਬਾਣੀ ਸੰਗੀਤ ਦੀ ਗਾਇਨ ਸ਼ੈਲੀ ਵਿਚ ਸਭ ਤੋਂ ਪ੍ਰਮੁਖ ਸਥਾਨ “ਰਹਾੳ” ਦੀ ਤੁਕ ਦਾ ਹੰੁਦਾ ਹੈ। ਕਿਉਂ ਜੋ ਸ਼ਬਦ ਦਾ ਕੇਂਦਰੀ ਭਾਵ ਜਾਂ ਸਾਰਅੰਸ਼ ਰਹਾਉ ਦੀ ਤੁਕ ਵਿਚ ਹੁੰਦਾ ਹੈ। ਬਾਕੀ ਤੁਕਾਂ ਵਿਚ ਰਹਾਉ ਦੀ ਪੰਗਤੀ ਵਿਚ ਦਰਸਾਏ ਸਿਧਾਤਾਂ ਦੀ ਉਦਾਹਰਣਾਂ ਸਹਿਤ ਵਿਸਤ੍ਰਿਤ ਵਿਆਖਿਆ ਹੁੰਦੀ ਹੈ। ਗੁਰਬਾਣੀ ਸੰਗੀਤ ਸ਼ਬਦ ਪ੍ਰਧਾਨ ਹੋਣ ਦੇ ਕਾਰਨ ਇਸ ਵਿਚ ਇਕ, ਦੋ, ਜਾਂ ਚਾਰ ਰਹਾਉ ਵੀ ਸ਼ਬਦ ਵਿਚ ਮਿਲਦੇ ਹਨ। ਜਿਨ੍ਹਾਂ ਕੀਰਤਨਕਾਰਾਂ ਨੂੰ ਪਰੰਪਰਾਗਤ ਢੰਗ ਨਾਲ ਕੀਰਤਨ ਦੀ ਸਿਖਿਆ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹ ਸ਼ਬਦ ਵਿਚ ਵਰਤੇ ਭਿੰਨ-ਭਿੰਨ ਰਹਾਉ ਦੀਆਂ ਪੰਗਤੀਆਂ ਨੂੰ ਸਥਾਈ ਬਣਾ ਕੇ ਗਾਇਨ ਕਰਦੇ ਹਨ। ਮੇਰੀ ਇਹ ਪੱਕੀ ਧਾਰਣਾ ਹੈ ਕਿ ਜਦ ਤਕ ਕੀਰਤਨਕਾਰ ਰਹਾਉ ਦੀ ਤੁਕ ਨੂੰ ਸਥਾਈ ਬਣਾ ਕੇ ਸ਼ਬਦ ਦਾ ਗਾਇਨ ਨਹੀਂ ਕਰਦੇ ਤਦ ਤਕ ਗੁਰਬਾਣੀ ਦਾ ਵਾਸਤਵਿਕ ਭਾਵ ਉਜਾਗਰ ਹੋ ਹੀ ਨਹੀਂ ਸਕਦਾ। ਭਾਰਤੀ ਸੰਗੀਤ ਜਾਂ ਵਿਸ਼ਵ ਦੀ ਕਿਸੇ ਵੀ ਗਾਇਨ ਸ਼ੈਲੀ, ਵਿਚ ਦੋ, ਤਿੰਨ ਜਾਂ ਚਾਰ ਸਥਾਈਆਂ ਦੀ ਕਿਧਰੇ ਵੀ ਉਦਾਹਰਣ ਨਹੀਂ ਮਿਲਦੀ।

ਗੁਰਬਾਣੀ ਸੰਗੀਤ ਵਿਚ ਗਾਇਕਾਂ ਲਈ ਕਾਵਿ ਛੰਦ ਦੇ ਪਦਿਆਂ ਦੇ ਅੰਕਾਂ ਦੀ ਸੰਖਿਆ ਦਾ ਮਹੱਤਵਪੂਰਨ ਸਥਾਨ ਹੈ। ਗੁਰਬਾਣੀ ਦੇ ਗਾਇਨ ਲਈ ਅੰਕਾਂ ਦੀ ਸੀਮਾ ਵਿਚ ਰਹਿਣਾ ਅਤੀ ਅਵੱਸ਼ਕ ਹੈ। ਕਿਉਂ ਜੋ ਇਕ ਅੰਕ ਵਿਚ ਸੰਪੂਰਣ ਅੰਤਰਾ ਹੁੰਦਾ ਹੈ ਅਤੇ ਗੁਰਬਾਣੀ ਗਾਇਨ ਦੀ ਮਰਿਯਾਦਾ ਅਨੁਸਾਰ ਇਸ ਵਿਚ ਸਥਾਈ ਵੱਲ ਪਰਤਣਾ ਪੈਂਦਾ ਹੈ। ਇਹ ਰੀਤੀ ਦੋਸ਼ ਪੂਰਨ ਹੈ ਕਿ ਹਰ ਤੁਕ ਪਿਛੋਂ ਰਹਾਉ ਦੀ ਪੁਨਰਾਵ੍ਰਿਤੀ ਕੀਤੀ ਜਾਵੇ। ਭਾਰਤੀ ਸੰਗੀਤ ਵਿਚ ਕੁਝ ਧਰੁਪਦ, ਧਮਾਰ ਗੀਤਾਂ ਵਿਚ ਚਾਰ ਭਾਗ^ਸਥਾਈ, ਅੰਤਰਾ, ਸੰਚਾਰੀ ਅਤੇ ਆਭੋਗ ਹੁੰਦੇ ਹਨ ਪਰ ਖਿਆਲ ਗੀਤਾਂ ਵਿਚ ਕੇਵਲ ਦੋ ਹੀ ਭਾਗ ਹੁੰਦੇ ਹਨ ਇਸ ਲਈ ਉਨ੍ਹਾਂ ਵਿਚ ਅੰਕਾਂ ਦਾ ਕੋਈ ਵਿਧਾਨ ਨਹੀਂ ਹੈੈ।

ਗੁਰਬਾਣੀ ਸੰਗੀਤ ਵਿਚ ਕੋਈ ਵੀ ਅਜਿਹਾ “ਗੇਯ ਪਦ” (ਗਾਇਨ ਯੋਗ ਰਚਨਾ) ਨਹੀਂ ਜਿਸ ਵਿਚ ਕੋਈ ਅਧਿਆਤਮਕ ਤੱਤ ਨਾ ਦਰਸਾਇਆ ਗਿਆ ਹੋਵੇ, ਪਰੰਤੂ ਭਾਰਤੀ ਸੰਗੀਤ ਵਿਚ “ਤਰਾਨਾ” ਇਕ ਅਜਿਹੀ ਨਿਰਰਥਕ ਸ਼ੈਲੀ ਹੈ ਜਿਸ ਵਿਚ ਸਾਹਿਤ ਦਾ ਕੋਈ ਵੀ ਅੰਸ਼ ਨਹੀਂ ਹੁੰਦਾ। ਉਦਾਹਰਣ ਵਜੋਂ ਨਾ ਦਿਰ ਦਿਰ ਦਿਰ, ਤੋਮ ਨਾ ਨਾ ਨਾਨ ਯਲਲੀ ਯਲਲੀ ਯਲਲਾ ਲੁੰਮ ਆਦਿ।

ਗੁਰਬਾਣੀ ਸੰਗੀਤ ਵਿਚ ਜ਼ਾਹਰਾ ਤੌਰ ਤੇ “ਦਾਦ” ਦੇਣ ਦੀ ਜਾਂ ਉੱਚੀ ਆਵਾਜ਼ ਨਾਲ ‘ਵਾਹ’ ‘ਵਾਹ’ ਕਰਨ ਲਈ ਕੋਈ ਸਥਾਨ ਨਹੀਂ ਹੈ। ਇਸ ਪ੍ਰਥਾ ਵਿਚ ਕੀਰਤਨ ਦੁਆਰਾ ਸ੍ਰੋਤਿਆਂ ਦੀ ਆਤਮਾ ਦਾ ਅੰਤਰਲੀ ‘ਵਾਹ’ ‘ਵਾਹ’ ਨਾਲ ਸੰਬੰਧ ਜੁੜਦਾ ਹੈ। ਪਰੰਤੂ ਭਾਰਤੀ ਸੰਗੀਤ ਦੀਆਂ ਮਹਿਫਲਾਂ ਵਿਚ ‘ਵਾਹ’ ‘ਵਾਹ’ ਦੇ ਨਾਲ ਨਾਲ ਕਈ ਵਾਰੀ ਕਲਾਕਾਰ ਦੀ ਕਲਾ ਦਾ ਤਾਲੀਆਂ ਦੀ ਗੜਗੜਾਹਟ ਨਾਲ ਵੀ ਕਾਫ਼ੀ ਦੇਰ ਤੱਕ ਸੁਆਗਤ ਕੀਤਾ ਜਾਂਦਾ ਹੈ।

ਗੁਰਬਾਣੀ ਸੰਗੀਤ ਦੀ ਆਰੰਭ ਤੋਂ ਇਹ ਮਹਿਯਾਦਾ ਰਹੀ ਹੈ ਕਿ ਇਸ ਦੇ ਰਸੀਏ ਸੰਗਤ ਵਿਚ ਹਾਜ਼ਰ ਹੋ ਕੇ ਪਹਿਲਾਂ ਗੁਰੂ ਨੂੰ ਅਤੇ ਪਿਛੋਂ ਕੀਰਤਨੀਆਂ ਨੂੰ ਨਮਸਕਾਰ ਕਰਦੇ ਹਨ। ਕੀਰਤਨੀਆਂ ਨੂੰ ਪ੍ਰਣਾਮ ਕਰਨ ਦੇ ਕਾਰਨ ਦੀ ਵਿਆਖਿਆ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਹਨ :

ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ।
ਕੁੱਤੇ ਦੀ ਪੈਰੀਂ ਪਵੈ ਹੜਿ ਹੜਿ ਹਸੈ ਲੋਕ ਵਿਡਾਣਾ।
ਮੀਰਾਸੀ ਮੀਰਾਸੀਆਂ ਨਾਮ ਧਰੀਕੁ ਮੁਰੀਦ ਬਿਥਾਣਾ।
ਕੁਤਾ ਡੂਮ ਵਖਾਣੀਐ ਕੁਤਾ ਵਿਚ ਕੁਤਿਆਂ ਨਿਮਾਣਾ।
ਗੁਰ ਸਿੱਖ ਆਸ਼ਕ ਸ਼ਬਦ ਦੇ ਕੁਤੇ ਦਾ ਪੜਕੁਤਾ ਭਾਣਾ। (ਵਾਰਾਂ ਭਾਈ ਗੁਰਦਾਸ ਜੀ 31-37)

ਪਰ ਭਾਰਤੀ ਸੰਗੀਤ ਦੀਆਂ ਮਹਿਫ਼ਲਾਂ ਵਿਚ ਪ੍ਰਸਿੱਧ ਕਲਾਕਾਰ ਮੰਚ ਤੇ ਕਲਾ ਪ੍ਰਦਰਸ਼ਨ ਕਰਦੇ ਹੋਏ ਸਰਧਨ ਜਾਂ ਸੱਤਾਧਾਰੀ ਵਿਅਕਤੀਆਂ ਨੂੰ ਕਥਕ ਨ੍ਰਿਤ ਦੀ ਮੁਦਰਾ ਵਿਚ ਸਲਾਮਾਂ ਕਰਦੇ ਆਮ ਹੀ ਦੇਖੇ ਜਾਂਦੇ ਹਨ। ਗੁਰਬਾਣੀ ਸੰਗੀਤ ਦੀ ਮਾਣ ਮਰਿਯਾਦਾ ਵਿਚ ਰਾਜਾ ਰੰਕ ਬਰਾਬਰੀ ਦਾ ਸਿਧਾਂਤ ਵਿਆਪਕ ਹੈ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 22 ਵਾਰਾਂ ਅੰਕਿਤ ਹਨ ਜਿਨ੍ਹਾਂ ਵਿਚੋਂ 9 ਵਾਰਾਂ ਤੇ ਗਾਉਣ ਲਈ ਸੰਕੇਤ ਧੁਨੀਆਂ ਦੇ ਰੂਪ ਵਿਚ ਗੁਰੂ ਅਰਜਨ ਦੇਵ ਜੀ ਨੇ ਦਿੱਤੇ ਹਨ। ਗੁਰੂ ਅਰਜਨ ਦੇਵ ਜੀ ਜਿਥੇ ਕਰਤਾਰੀ ਸਿਰਜਣਾਤਮਕ ਸ਼ਕਤੀ ਦੇ ਸੁਆਮੀ ਸਨ ਉਥੇ ਉਹ ਸੰਗੀਤ ਦੇ ਵੀ ਮਹਾਨ ਗਿਆਤਾ ਸਨ। ਉਨ੍ਹਾਂ ਦੀ ਰਾਗਾਤਮਕ ਸੂਖਸ਼ਮ ਸੂਝ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਗੁਰੂ ਦੇਵ ਨੇ ਵਾਰ ਵਰਗੀ ਲੋਕ ਧੁਨੀ ਦੀ ਨਿਰਖ ਪਰਖ ਕਰਕੇ ਉਸ ਰਾਗ ਦੇ ਅਧੀਨ ਅੰਕਿਤ ਕੀਤਾ ਜਿਸ ਵਿਚ ਉਸ ਰਾਗ ਦੀ ਰੰਗਤ ਦਿਖਾਈ ਦਿੰਦੀ ਸੀ। ਉਦਾਹਰਣ ਵਜੋਂ, “ਟੁੰਡੇ ਅਸਰਾਜੇ ਕੀ ਧੁਨੀ”। (ਆਸਾ ਦੀ ਵਾਰ ਮਹਲਾ 1 ਗੁਰੂ ਗ੍ਰੰਥ ਸਾਹਿਬ ਪੰਨਾ 463) ਆਸਾ ਰਾਗ ਦੇ ਅਧੀਨ ਅੰਕਿਤ ਹੈ। ਕਿਉਂਜੋ ਇਸ ਵਾਰ ਵਿਚ ਆਸਾ ਰਾਗ ਦੀ ਧੁਨੀ ਕੰਨ ਗੋਚਰ ਹੁੰਦੀ ਸੀ। ਇਸੇ ਤਰ੍ਹਾਂ ਹੀ ਹੋਰ ਵਾਰਾਂ ਨੂੰ ਵੀ ਇਕ ਵਿਸ਼ੇਸ਼ ਰਾਗ ਦੇ ਅਧੀਨ ਅੰਕਿਤ ਕੀਤਾ ਹੈ। ਭਾਰਤੀ ਸੰਗੀਤ ਵਿਚ “ਵਾਰ” ਵਰਗੀ ਲੋਕ ਧੁਨੀ ਦਾ ਗਾਇਨ ਕਿਸੇ ਰਾਗ ਦੇ ਨਿਯਮਾਂ ਦਾ ਪੂਰਣ ਤੌਰ ਤੇ ਪਾਲਨ ਕਰਦਾ ਹੋਵੇ ਕਦੇ ਵੀ ਕੰਨ ਗੋਚਰ ਨਹੀਂ ਹੋਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ-ਵਿਧਾਨ ਵਿਚ ਸ੍ਰੀ ਰਾਗ ਦੀ ਪ੍ਰਧਾਨਤਾ ਹੈ। “ਰਾਗਾਂ ਵਿਚ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ”। (ਸ੍ਰੀ ਰਾਗ ਦੀ ਵਾਰ ਸਲੋਕ ਮ: 3 ਗੁਰੂ ਗ੍ਰੰਥ ਸਾਹਿਬ ਪੰਨਾ 83) ਪਰੰਤੂ ਭਾਰਤੀ ਸੰਗੀਤ ਦੀਆਂ ਮੱਧ ਕਾਲੀਨ ਰਾਗ-ਰਾਗਣੀ ਪੱਧਤੀਆਂ ਵਿਚ ਭੈਰਵ ਨੂੰ ਪ੍ਰਥਮ ਰਾਗ ਸਵੀਕਾਰਿਆ ਗਿਆ ਹੈ। ਸੰਗੀਤਕਾਰ ਇਸ ਤੱਥ ਤੋਂ ਭਲੀ ਭਾਂਤ ਪਰਿਚਿਤ ਹਨ ਕਿ ਭਾਰਤੀ ਸੰਗੀਤ ਵਿਚ ਮੱਧ ਕਾਲ ਤੱਕ ਗੰਧਾਰ ਨਿਸ਼ਾਦ ਕੋਮਲ ਵਾਲੇ ਥਾਟ ਨੂੰ ਪ੍ਰਾਕ੍ਰਿਤਕ ਜਾਂ ਸ਼ੁੱਧ ਥਾਟ ਮੰਨਿਆ ਜਾਂਦਾ ਸੀ। ਉਸ ਕਾਲ ਵਿਚ ਸ੍ਰੀ ਰਾਗ ਵਿਚ ਗੰਧਾਰ ਨਿਸ਼ਾਦ ਕੋਮਲ ਰੂਪ ਵਿੱਚ ਪ੍ਰਯੋਗ ਹੁੰਦੇ ਸਨ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਭਾਰਤੀ ਸੰਗੀਤ ਦੀ ਪੁਰਾਤਨ ਪਰੰਪਰਾ ਨੂੰ ਵੀ ਅਖੋਂ ਪਰੋਖੇ ਨਹੀਂ ਕੀਤਾ। ਉਸ ਪ੍ਰਥਾ ਨੂੰ ਧਿਆਨ ਵਿਚ ਰੱਖ ਕੇ ਸ਼ੁੱਧ ਮੇਲ ਜਾਂ ਪ੍ਰਾਕ੍ਰਿਤਕ ਸਪਤਕ ਤੋਂ ਉਤਪੱਨ ਹੋਏ ਸ੍ਰੀ ਰਾਗ ਨੂੰ ਪ੍ਰਥਮ ਸਥਾਨ ਪ੍ਰਦਾਨ ਕੀਤਾ। ਆਧੁਨਿਕ ਸਮੇਂ ਸ੍ਰੀ ਰਾਗ ਪੂਰਵੀ ਥਾਟ ਵਿਚ ਪ੍ਰਵੇਸ਼ ਕਰ ਚੁੱਕਿਆ ਹੈ।

ਗੁਰਮਤਿ ਅਚਾਰੀਆਂ ਦਾ ਮਤ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਭਗਤ ਬਾਣੀ ਦੇ ਰਚਨਹਾਰ ਸੰਤ ਗਾਇਕਾਂ ਦੀਆਂ ਬਾਣੀਆਂ ਤੇ “ਘਰੁ” ਸਿਰਲੇਖ ਅੰਕਿਤ ਕੀਤੇ ਹਨ। ਕਿੳਂੁ ਜੋ ਗੁਰੂ ਗ੍ਰੰਥ ਸਾਹਿਬ ਤੋਂ “ਘਰੁ” ਦਾ ਸੰਕੇਤ ਜਾਂ ਸਿਰਲੇਖ ਸੰਤ ਗਾਇਕਾਂ ਦੇ ਭਗਤੀ ਕਾਵਿ ਜਾਂ ਭਾਰਤੀ ਸੰਗੀਤ ਦੀਆਂ ਵਿਿਭੰਨ ਗਾਇਨ ਸ਼ੈਲੀਆਂ ਤੇ ਕਿਧਰੇ ਵੀ ਨਹੀਂ ਮਿਲਦਾ। ਘਰੁ ਬਾਰੇ ਭਾਵੇਂ ਖੋਜੀ ਵਿਦਵਾਨਾਂ ਵਲੋਂ ਅਜੇ ਤਕ ਕੋਈ ਨਿਸ਼ਚਿਤ ਜਾਂ ਪ੍ਰਮਾਣਿਕ ਮਤ ਸਾਹਮਣੇ ਨਹੀਂ ਆਇਆ ਪਰ ਅਜੇ ਤੱਕ ਇਸ ਦਾ ਅਰਥ ਤਾਲ ਹੀ ਮੰਨਿਆ ਜਾਂਦਾ ਹੈ। ਇਹ ਵਿਸ਼ਾ ਅਜੇ ਬੜੇ ਗਹਿਰੇ ਅਧਿਐਨ ਦੀ ਮੰਗ ਕਰਦਾ ਹੈ।

ਮੱਧ ਕਾਲ ਵਿਚ ਰਾਗ-ਵਰਗੀਕਰਣ ਦੀ ਇਕ ਪੱਧਤੀ ਪ੍ਰਚਲਿਤ ਸੀ ਜਿਸਨੂੰ ਰਾਗ^ਰਾਗਣੀ ਪੱਧਤੀ ਕਿਹਾ ਜਾਂਦਾ ਸੀ। ਜਿਸ ਅਨੁਸਾਰ 6 ਪ੍ਰਮੁੱਖ ਪੁਰਸ਼ ਰਾਗ, ਹਰ ਇਕ ਦੀਆਂ ਪੰਜ^ਪੰਜ ਰਾਗਣੀਆਂ ਅਤੇ ਅੱਠ^ਅੱਠ ਪੁੱਤਰ ਮੰਨੇ ਜਾਂਦੇ ਸਨ।ਉਸ ਸਮੇਂ ਇਨ੍ਹਾਂ ਬਾਰੇ ਕਈ ਮਤ ਪ੍ਰਚਲਿਤ ਸਨ ਜਿਨ੍ਹਾਂ ਵਿਚੋਂ ਸ਼ਿਵਮਤ; ਰਾਗਾਰਣਵ ਮਤ, ਹਨੂਮਾਨਮਤ, ਕ੍ਰਿਸ਼ਨਮਤ ਅਤੇ ਭਰਤ ਮਤ ਵਧੇਰੇ ਪ੍ਰਸਿੱਧ ਹਨ।

ਆਧੁਨਿਕ ਸੰਗੀਤਕਾਰਾਂ ਦੀ ਇਹ ਧਾਰਣਾ ਹੈ ਕਿ ਪਟਨਾ ਨਿਵਾਸੀ ਮੁਹੰਮਦ ਰਜ਼ਾ ਨੇ 1813 ਈ: ਵਿਚ ਇਕ ਪੁਸਤਕ “ਨਗਮਾਤੇ ਆਸਫ਼ੀ” ਲਿਖੀ ਜਿਸ ਵਿਚ ਉਸ ਨੇ ਪੁਰਾਤਨ ਮੱਤਾਂ ਦੀ ਆਲੋਚਨਾ ਕਰਕੇ ਉਨ੍ਹਾਂ ਨੂੰ ਅਵਿਿਗਆਨਕ ਸਿੱਧ ਕੀਤਾ ਅਤੇ ਰਾਗਾਂ ਦੇ ਪਰਿਵਰਤਿਤ ਸਰੂਪ ਅਨੁਸਾਰ ਇੱਕ ਨਵੀਨ ਰਾਗ^ਰਾਗਣੀ ਪੱਧਤੀ ਦਾ ਨਿਰਮਾਣ ਕੀਤਾ। ਉਸ ਤੋਂ ਪਿਛੋਂ ਸੰਗੀਤ ਦੇ ਨਵ^ਨਿਰਮਾਤਾ ਪੰਡਿਤ ਵਿਸ਼ਨੂੰ ਨਾਰਾਇਣ ਭਾਤਖੰਡੇ (1860-1936 ਈH) ਨੇ ਪੁਰਾਤਨ ਮੱਤਾਂ ਅਤੇ ਮੁਹੰਮਦ ਰਜ਼ਾ ਦੀ ਪੱਧਤੀ ਵਿਚ ਕੋਈ ਮੂਲ ਆਧਾਰ ਨਾ ਹੋਣ ਦੇ ਕਾਰਨ ਉਸ ਨੂੰ ਘੜੰਤ ਢਕੋਸਲੇ ਸਮਝ ਕੇ ਇਸ ਦਾ ਪਰਿਿਤਆਗ ਕੀਤਾ ਅਤੇ ਪ੍ਰਚਲਿਤ ਸਭ ਰਾਗਾਂ ਦਾ 10 ਥਾਟਾਂ ਵਿਚ ਵਰਗੀਕਰਣ ਕੀਤਾ। ਬੰਬਈ ਦੇ ਇਕ ਸੰਗੀਤਾਚਾਰੀਆ ਪੰਡਿਤ ਨਾਰਾਇਣ ਮੋਰੇਸ਼ਵਰ ਖਰੇ ਨੂੰ ਭਾਤਖੰਡੇ ਦੇ 10 ਥਾਟਾਂ ਦਾ ਘੇਰਾ ਕੁਝ ਸੌੜਾ ਜਾਪਿਆ ਤਾਂ ਉਸ ਨੇ 30 ਰਾਗ^ਅੰਗਾਂ ਦੀ ਚੋਣ ਕਰਕੇ ਸਭ ਰਾਗਾਂ ਨੂੰ ਇਕ ਮਾਲਾ ਵਿੱਚ ਗੁੰਦਿਆ।

ਆਧੁਨਿਕ ਸੰਗੀਤਕਾਰਾਂ ਨੇ ਰਾਗ^ਰਾਗਣੀ ਪੱਧਤੀ ਨੂੰ ਸਿਧਾਂਤ ਹੀਣ, ਕਪੋਲ ਕਲਪਨਾ ਜਾਂ ਅਵਿਿਗਆਨਕ ਸਿੱਧ ਕਰਨ ਦਾ ਮੁਕਟ ਪਹਿਲਾਂ ਮੁਹੱਮਦ ਰਜ਼ਾ ਦੇ, ਫੇਰ ਪੰਡਿਤ ਭਾਤਖੰਡੇ ਦੇ ਅਤੇ ਅੰਤ ਵਿਚ ਪੰਡਿਤ ਖਰੇ ਦੇ ਸਿਰ ਤੇ ਬੱਧਾ। ਆਧੁਨਿਕ ਸ਼ਬਦ^ਰੂਪਾਂਤਰ ਕਲਾ ਦੇ ਮਾਹਿਰਾਂ ਨੇ ਇਨ੍ਹਾਂ ਤਾਜ਼ ਪੋਸ਼ੀਆਂ ਦਾ ਕਰਤਲ ਧੁਨੀ ਦੁਆਰਾ ਨਿੱਘਾ ਸੁਆਗਤ ਕੀਤਾ।

ਮੱਧ ਕਾਲੀਨ ਜਾਂ ਵਰਤਮਾਨ ਦੇ ਇਤਿਹਾਸਕਾਰਾਂ ਨੂੰ ਇਹ ਗਿਆਨ ਨਹੀਂ ਕਿ ਅੱਜ ਤੋਂ 500 ਸਾਲ ਪਹਿਲਾਂ ਰਾਗ^ਰਾਗਣੀ ਪ੍ਰਣਾਲੀ ਨੂੰ ਸਿਧਾਂਤਹੀਨ ਜਾ ਨਿਰਾਧਾਰ ਸਮਝ ਕੇ ਤਿਆਗਣ ਦੀ ਪਹਿਲ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਗੁਰੂ ਨਾਨਕ ਬਾਣੀ ਵਿਚ ਤਥਾ ਕਥਿਤ ਰਾਗ^ਰਾਗਣੀ ਪੱਧਤੀ ਨੂੰ ਮਾਨਤਾ ਦੇਣ ਬਾਰੇ ਕੋਈ ਸੰਕੇਤ ਨਹੀਂ ਮਿਲਦਾ। ਉਨ੍ਹਾਂ ਦੀ ਬਾਣੀ ਵਿਚ ਵਰਤੇ ਗਏ ਕਈ ਰਾਗਾਂ ਦੇ ਨਾਮ ਭਾਵੇਂ ਇਸਤਰੀ ਲੰਿਗ ਜਾਪਦੇ ਹਨ ਜਿਵੇਂ^ ਗਉੜੀ ਦੀਪਕੀ, ਗਉੜੀ ਪੂਰਬੀ ਦੀਪਕੀ, ਗਉੜੀ ਗੁਆਰੇਰੀ, ਗਉੜੀ ਬੈਰਾਗਣਿ, ਰਾਮਕਲੀ, ਸੂਹੀ, ਤੁਖਾਰੀ ਆਦਿ ਪਰ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿਰਲੇਖ ਦੇ ਰੂਪ ਵਿਚ ਇਨ੍ਹਾਂ ਨੂੰ “ਰਾਗੁ” ਨਾਮ ਹੀ ਪ੍ਰਦਾਨ ਕੀਤਾ ਗਿਆ ਹੈ। ਵਿਸ਼ਵ ਦੇ ਕਿਸੇ ਸ਼ਬਦ ਕੋਸ਼ ਨੇ ਰਾਗ ਦੇ ਅਰਥ ਰਾਗਣੀ ਕਦੇ ਵੀ ਨਹੀਂ ਸਵੀਕਾਰੇ। ਗੁਰਬਾਣੀ ਸੰਗੀਤ ਦੇ ਇਸ ਗੌਰਵ ਨੂੰ ਸਾਡੇ ਸਾਹਿਤ ਦੇ ਮਹਾਰਥੀਆਂ, ਅਧਿਆਕਾਰੀਆਂ ਜਾਂ ਆਧੁਨਿਕ ਗਾਇਨ^ਪਾਤਰਾਂ ਨੇ ਹਾਲੀ ਪਛਾਤਾ ਹੀ ਨਹੀਂ।

ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਵਿਚ ਅੰਕਿਤ ਰਾਗ ਮਾਲਾ ਦੇ ਸੰਬੰਧ ਵਿਚ ਵੀ ਵਿਚਾਰ ਕਰਨਾ ਆਵਸ਼ੱਕ ਪ੍ਰਤੀਤ ਹੁੰਦਾ ਹੈ। ਇਸ ਦੀ ਕਾਵਿ ਮਈ ਸ੍ਰਿਸ਼ਟੀ ਜਾਂ ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਦਰਜ ਹੋਣਾ ਸਾਡੀ ਚਰਚਾ ਦਾ ਵਿਸ਼ਾ ਨਹੀਂ ਹੈ ਇਸ ਦਾ ਨਿਰਣਾ ਜਾਂ ਨਿਖੇੜਾ ਕਰਨਾ ਗੁਰਮਤਿ ਆਚਾਰੀਆਂ ਜਾਂ ਹੋਰ ਵਿਦਵਾਨਾਂ ਦਾ ਖੇਤਰ ਹੈ। ਮੈਂ ਆਪਣੀ ਖੋਜ ਦੇ ਆਧਾਰ ਤੇ ਇਹ ਸਪਸ਼ਟ ਰੂਪ ਵਿਚ ਕਹਿਣਾ ਚਾਹਾਂਗਾ ਕਿ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ^ਪ੍ਰਬੰਧ ਦਾ ਭਾਰਤੀ ਕਲਾਸਿਕੀ ਸੰਗੀਤ ਨਾਲ ਤਾਂ ਵਿਸ਼ੇਸ਼ ਸੰਬੰਧ ਹੈ ਪਰ ਰਾਗ^ਰਾਗਣੀ ਪੱਧਤੀ ਨਾਲ ਇਸ ਦਾ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਰਾਗਮਾਲਾ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਧਾਰਤ ਸੰਗੀਤ ਪਧਤੀ ਦੇ ਸੰਦਰਭ ਵਿਚ ਨਾ ਤਾਂ ਕ੍ਰਿਆਤਮਕ ਰੂਪ ਵਿਚ ਉਪਯੋਗੀ ਹੈ ਅਤੇ ਨਾ ਹੀ ਇਸ ਪ੍ਰਣਾਲੀ ਦੇ ਵਿਿਗਆਨਕ ਵਿਸ਼ਲੇਸ਼ਣ ਲਈ ਸਿਧਾਂਤਿਕ ਰੂਪ ਵਿਚ ਆਧਾਰਭੂਤ ਸਾਮੱਗਰੀ ਵਜੋਂ ਨਿਸ਼ਚਿਤ ਸੇਧ ਪ੍ਰਦਾਨ ਕਰਦੀ ਹੈ।

ਰਾਗ ਮਾਲਾ ਵਿਚ ਭੈਰਵ ਨੂੰ ਪ੍ਰਥਮ ਰਾਗ ਮੰਨਿਆ ਗਿਆ ਹੈ ਅਤੇ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੀ੍ਰ ਰਾਗ ਨੂੰ ਪ੍ਰਾਥਮਿਕਤਾ ਪ੍ਰਦਾਨ ਕੀਤੀ ਗਈ ਹੈ। ਰਾਗ ਮਾਲਾ ਵਿਚ ਗੁਰੂ ਗੰ੍ਰਥ ਸਾਹਿਬ ਦੇ 31 ਪ੍ਰਮੁਖ ਰਾਗਾਂ ਵਿਚ 10 ਰਾਗਾਂ^ਮਾਝ, ਬਿਹਾਗੜਾ, ਵਡਹੰਸੁ, ਜੈਤਸਰੀ, ਰਾਮਕਲੀ, ਨਟਨਾਰਾਇਨ, ਮਾਲੀਗਉੜਾ, ਤੁਖਾਰੀ, ਪ੍ਰਭਾਤੀ ਅਤੇ ਜੈਜੈਵੰਤੀ ਆਦਿ ਦਾ ਕਿਸੇ ਪ੍ਰਵਾਰ ਵਿਚ ਉਲੇਖ ਨਹੀਂ ਹੈ। ਇਥੋਂ ਤੱਕ ਕਿ ਜੋ ਰਾਗ ਪ੍ਰਕਾਰ ਨਿਰੋਲ ਗੁਰੂ ਸਾਹਿਬਾਨ ਵਲੋਂ ਪ੍ਰਚਾਰ ਵਿਚ ਆਏ ਜਿਵੇਂ ਮਾਝ ਅਤੇ ਤੁਖਾਰੀ ਉਨ੍ਹਾਂ ਦੇ ਨਾਮਾਂ ਦਾ ਵੀ ਜ਼ਿਕਰ ਨਹੀਂ। ਗੁਰੂ ਗੰ੍ਰਥ ਸਾਹਿਬ ਵਿਚ ਵਰਤੇ ਗਏ ਰਾਗਾਂ ਦੇ ਸ਼ਬਦ ਜੋੜ ਰਾਗ ਮਾਲਾ ਦੇ ਸ਼ਬਦ ਜੋੜਾਂ ਨਾਲ ਮੇਲ ਨਹੀਂ ਖਾਂਦੇ। ਉਦਾਹਰਣ ਵਜੋਂ ਗੁਰੂ ਗ੍ਰੰਥ-ਲਲਿਤ ਰਾਗਮਾਲਾ ਲਲਤ, ਬਿਲਾਵਲੁ^ਬਿਲਾਵਲ, ਜਾਂ ਵਿਲਾਵਲੀ, ਭੈਰਉ-ਭੈਰਵ, ਤਿਲੰਗ-ਤੈਲੰਗੀ, ਮਾਲੀਗੳੜਾ, ਗਉਰਾ, ਕਲਿਆਨੁ ਕਲ੍ਹਾਨਾ, ਬੈਰਾੜੀ-ਬੈਰਾਰੀ, ਸੂਹੀ ਸੂਹਉ, ਮਲਾਰ-ਮਲਾਰੀ ਆਦਿ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗਾਂ ਵਿਚ ਕਿਤੇ ਵੀ ਕਿਸੇ ਰਾਗ ਨੂੰ ਰਾਗਣੀ ਪਰਵਾਣ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਆਸਾਵਰੀ, ਗੂਜਰੀ, ਦੇਵਗੰਧਾਰੀ, ਬੈਰਾੜੀ, ਸੂਹੀ, ਜੈਜੈਵੰਤੀ, ਆਦਿ ਕਥਿਤ ਰਾਗਣੀਆਂ ਨੂੰ “ਰਾਗੁ” ਨਾਮ ਹੀ ਪ੍ਰਦਾਨ ਕੀਤਾ ਗਿਆ।

ਤਾਨਸੇਨ, ਬੇਜੂਬਾਵਰਾ ਦੇ ਗੁਰੂ ਸੁਆਮੀ ਹਰੀਦਾਸ (1408^1575 ਈ:) ਗੁਰੂ ਨਾਨਕ ਦੇਵ ਦੇ ਸਮਕਾਲੀ ਸਨ। ਸੁਆਮੀ ਜੀ ਨੂੰ ਉFੱਤਰ ਭਾਰਤੀ ਸੰਗੀਤ ਦਾ ਪਰਵਰਤਕ, ਪੁਨਰਉਧਾਰਕ, ਨਵ^ਨਿਰਮਾਤਾ, ਗਾਇਨ ਕਲਾ ਗੰਧ੍ਰਵ ਅਤੇ ਸੰਤ ਕਵੀਆਂ ਵਿਚੋਂ ਰਸਿਕ ਸ਼੍ਰੋਮਣੀ ਆਦਿ ਵਿਭੁਸ਼ਣਾਂ ਨਾਲ ਸੰਗੀਤ ਦੇ ਇਤਿਹਾਸ ਵਿਚ ਸਤਿਕਾਰਿਆ ਜਾਂਦਾ ਹੈ।

ਸੁਆਮੀ ਜੀ ਦੇ ਪ੍ਰਸਿੱਧ 12 ਰਾਗਾਂ ਵਿਚ ਕੁਲ 128 ਪਦ ਮਿਲਦੇ ਹਨ ਜਿਨ੍ਹਾਂ ਵਿਚੋਂ 18 ਸਿਧਾਂਤ ਬਾਰੇ ਅਤੇ 110 ਸ਼ਿੰਗਾਰ ਰਸ ਬਾਰੇ ਹਨ। ਉਨ੍ਹਾਂ ਨੇ ਇਨ੍ਹਾਂ ਰਚਨਾਵਾਂ ਲਈ ਕਾਨੜਾ, ਕੇਦਾਰ, ਕਲਿਆਣ, ਸਾਰੰਗ, ਵਿਭਾਸ, ਮਲਾਰ, ਗੌੜ, ਬਸੰਤ, ਗੌਰੀ, ਨਟ, ਬਿਲਾਵਲ ਅਤੇ ਆਸਾਵਰੀ ਰਾਗਾਂ ਦਾ ਪ੍ਰਯੋਗ ਕੀਤਾ ਹੈ। ਸੁਆਮੀ ਜੀ ਸਰਗੁਣ ਦੇ ਉਪਾਸ਼ਕ ਸਨ। ਉਨ੍ਹਾਂ ਦੀ ਗਾਇਨ ਸ਼ੈਲੀ ਧਰੁਪਦ ਸੀ। ਹਰੀ ਦਾਸ ਜੀ ਦੇ ਸਮੇਂ ਨੂੰ ਸੰਗੀਤਕਾਰਾਂ ਨੇ ਧਰੁਪਦ ਗਾਇਕੀ ਦਾ ਸ੍ਵਰਣਯੁਗ ਮੰਨਿਆ ਹੈ। ਉਨ੍ਹਾਂ ਦੀਆਂ ਰਚਨਾਵਾਂ ਸੁਰ ਪ੍ਰਧਾਨ ਹੋਣ ਦੇ ਨਾਲ ਨਾਲ ਸ਼ਬਦ ਪ੍ਰਧਾਨ ਵੀ ਸਨ। ਬ੍ਰਿਜ ਵਿਚ ਰਾਸ ਲੀਲਾ ਨੂੰ ਪ੍ਰਚਾਰਨ ਵਿਚ ਸੁਆਮੀ ਜੀ ਦਾ ਮਹਾਨ ਯੋਗਦਾਨ ਹੈ।

ਸੁਆਮੀ ਹਰੀ ਦਾਸ ਜੀ ਨੇ ਜੀਵਨ ਦੇ 50 ਵਰੇ੍ਹ ਵ੍ਰਿੰਦਾਵਨ ਵਿਖੇ “ਸ਼ਿਯਾਮ^ਸ਼ਿਯਾਮਾਂ” ਜਾਂ “ਕੁੰਜ ਬਿਹਾਰੀ” ਦੇ ਧਿਆਨ ਵਿਚ ਬਿਤਾਏ। 1875 ਈH ਵਿਚ ਉFੱਤਰ ਭਾਰਤ ਦਾ ਉਹ ਸ਼੍ਰੋਮਣੀ ਗਾਇਕ ਕਾਨੜਾ ਰਾਗ ਦੀ ਮੁਧੁਰ ਸੁਰਾਵਲੀ ਵਿਚ “ਕੁੰਜ ਬਿਹਾਰੀ ਤੋਂ ਤੇਰੀ ਬਲਈਆਂ ਲੇਹੋ” ਦਾ ਗਾਇਨ ਕਰਦਾ ਹੋਇਆ ਉਸ ਦੀ ਜੋਤਿ ਵਿਚ ਸਦਾ ਲਈ ਸਮਾ ਗਿਆ।

ਗੁਰੂ ਨਾਨਕ ਦੇਵ ਜੀ ਨੇ ਬਾਣੀ ਦੀ ਰਚਨਾ 37 ਰਾਗਾਂ ਵਿਚ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੇ 976 ਸ਼ਬਦ ਉਪਲਬਧ ਹੰੁਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸਰਬ ਸਾਧਾਰਣ ਰਾਗਾਂ ਤੋਂ ਬਿਨਾਂ ਕੁਝ ਅਪ੍ਰਚਲਿਤ ਰਾਗ ਵੀ ਵਰਤੇ ਜਿਨ੍ਹਾਂ ਦਾ ਉਲੇਖ ਭਾਰਤੀ ਸੰਗੀਤ ਦੇ ਪੁਰਾਤਨ ਗ੍ਰੰਥਾਂ ਵਿਚ ਨਹੀਂ ਮਿਲਦਾ, ਉਹ ਰਾਗ ਵਰਤਮਾਨ ਤੱਕ ਵੀ ਉਸ ਪੱਧਤੀ ਵਿਚ ਉਪਲੱਬਧ ਨਹੀਂ ਹਨ, ਉਦਾਹਰਣ ਵਜੋਂ ਗਉੜੀ ਦੀਪਕੀ, ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਗੁਆਰੇਰੀ, ਗਉੜੀ ਮਾਝ, ਗਉੜੀ ਬੈਰਾਗਣਿ, ਸੂਹੀ, ਤਿਲੰਗ ਕਾਫ਼ੀ, ਤੁਖਾਰੀ ਆਦਿ।

ਗੁਰੂ ਨਾਨਕ ਦੇਵ ਜੀ ਨੇ ਬਾਣੀ ਦੀ ਰਚਨਾ ਵਿਚ 6 ਦੱਖਣੀ ਰਾਗ ਪ੍ਰਕਾਰ ਵੀ ਵਰਤੇ ਹਨ। ਗਉੜੀ ਦਖਣੀ, ਵਡਹੰਸੁ ਦਖਣੀ, ਬਿਲਾਵਲੁ ਦਖਣੀ,ਰਾਮਕਲੀ ਦਖਣੀ, ਮਾਰੂ ਦਖਣੀ ਅਤੇ ਪ੍ਰਭਾਤੀ ਦਖਣੀ। ਦਖਣੀ ਅਤੇ ਹਿੰਦੁਸਤਾਨੀ ਸੰਗੀਤ ਨੂੰ ਇਕ ਦੂਜੇ ਦੇ ਨਿਕਟ ਲਿਆਉਣ ਲਈ ਜਾਂ ਦੋਹਾਂ ਪੱਧਤੀਆਂ ਵਿਚ ਏਕੀਕਰਣ ਕਰਨ ਲਈ ਗੁਰੂ ਨਾਨਕ ਦੇਵ ਦਾ ਇਹ ਕ੍ਰਾਂਤੀਕਾਰੀ ਕ੍ਰਿਸ਼ਮਾ ਸੰਗੀਤ ਇਤਿਹਾਸ ਵਿਚ ਮਹਾਨ ਗੌਰਵ ਦਾ ਧਾਰਣੀ ਹੈ।

ਸੁਆਮੀ ਹਰੀਦਾਸ ਜੀ ਦਾ ਦੇਸ਼ ਦੀ ਰਾਜਨੀਤੀ ਜਾਂ ਸਰਬ^ਸਾਧਾਰਣ ਲੋਕਾਂ ਨਾਲ ਕੋਈ ਵਿਸ਼ੇਸ਼ ਸੰਪਰਕ ਨਹੀਂ ਸੀ ਰਿਹਾ। ਪਰ ਗੁਰੂ ਨਾਨਕ ਦੇਵ ਜੀ ਦਾ ਸਾਰਾ ਜੀਵਨ ਅਨੇਕਾਂ ਮਤਾਂ ਦੇ ਸੰਤ, ਸਾਧੂ, ਪੀਰ, ਫ਼ਕੀਰਾਂ ਨਾਲ ਮੇਲ ਮਿਲਾਪ ਅਤੇ ਜਾਬਰਾਂ ਦੇ ਜ਼ੁਲਮ ਨਾਲ ਸੰਘਰਸ਼ ਕਰਦਿਆਂ ਬੀਤਿਆ। ਬਾਬਰ ਦੇ ਹਮਲੇ ਨਾਲ ਹਿੰਦੁਸਤਾਨ ਦਾ ਜੋ ਹਾਲ ਹੋਇਆ ਉਸ ਤੋਂ ਗੁਰੂ ਨਾਨਕ ਦੇਵ ਜੀ ਦਾ ਕੋਮਲ ਹਿਰਦਾ ਦ੍ਰਵੀਭੂਤ ਹੋ ਕੇ ਰੱਬ ਨੂੰ ਵੀ ਝਿੰਝੋੜਨ ਤੋਂ ਸੰਕੋਚ ਨਹੀਂ ਕਰਦਾ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨ ਆਇਆ ”। ਸਮੇਂ ਦੇ ਹਾਕਮਾ ਦੇ ਜ਼ੁਲਮਾਂ ਬਾਰੇ ਅਤੇ ਉਨ੍ਹਾਂ ਦੀਆਂ ਕੁਟਿਲ ਨੀਤੀਆਂ ਬਾਰੇ ‘ਕਲਿ ਕਾਤੀ ਰਾਜੇ ਕਾਸਾਈ* ਜਾਂ ਰਾਜੇ ਸੀਂਹ ਮੁਕਦਮ ਕੁਤੇ। ਜਾਇ ਜਗਾਇਨਿ ਬੈਠੇ ਸੁਤੇ” । ਸਚਿਆਰ ਹੋ ਕੇ, ਵੇਲੇ ਸਿਰ ਸੱਚ ਕਹਿਣ ਦਾ ਹੱਕ ਕੇਵਲ ਗੁਰੂ ਨਾਨਕ ਦੇ ਹੀ ਹਿੱਸੇ ਆਇਆ ਹੈ ਜੋ ਉਨ੍ਹਾਂ ਨੂੰ ਸੰਗੀਤ ਦੀਆਂ ਮਧੁਰ ਸੁਰਾਵਲੀਆਂ ਵਿਚ ਗੁੰਦ ਕੇ ਮਨੁੱਖਤਾ ਨੂੰ ਬਖਸ਼ਿਆ।

ਸੁਆਮੀ ਹਰੀ ਦਾਸ ਦੀ ਮਹਾਨ ਦੇਣ ਬ੍ਰਿਜ ਵਿਚ ਰਾਸ ਲੀਲ੍ਹਾ ਦੀ ਪੁਨਰ ਸੁਰਜੀਤੀ ਕਰਨਾ ਮੰਨਿਆ ਜਾਂਦਾ ਹੈ। ਇਸ ਦੇ ਟਾਕਰੇੇ ਗੁਰੂ ਨਾਨਕ ਦੇਵ ਨੇ ਵੀ ਆਪਣੀ ਅਦੁੱਤੀ ਰਾਸ ਲੀਲ੍ਹਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਸੁਆਮੀ ਜੀ ਦੀ ਰਾਸ ਲੀਲਾ ਕੇਵਲ ਗੋਪੀਆਂ ਅਤੇ ਕ੍ਰਿਸ਼ਨ ਜੀ ਤਕ ਹੀ ਸੀਮਤ ਸੀ ਪਰ ਗੁਰੂ ਨਾਨਕ ਦੀ ਰਾਸ ਲੀਲਾ ਦੇ ਪਾਤਰ ਹੋਰ ਹਨ, ਉਨ੍ਹਾਂ ਦੀਆਂ ਗੋਪੀਆਂ ਅਤੇ ਕਾਨ੍ਹ ਹੋਰ ਹਨ^

ਘੜੀਆ ਸਭੇ ਗੋਪੀਆਂ ਪਹਰ ਕੰਨ੍ਹ ਗੋਪਾਲ।

ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰੁ।

ਅਕਬਰ ਦੇ ਦਰਬਾਰੀ ਪ੍ਰਸਿੱਧ ਇਤਿਹਾਸਕਾਰ ਅਬੁੱਲ ਫ਼ਜ਼ਲ ਨੇ ‘ਆਈਨੇ^ਅਕਬਰੀ* ਵਿਚ ਜ਼ਿਕਰ ਕੀਤਾ ਹੈ ਕਿ ਤਾਨ ਸੇਨ ਜਿਹਾ ਗਾਇਕ ਪਿਛਲੇ ਹਜ਼ਾਰ ਸਾਲ ਤੋਂ ਭਾਰਤ ਵਿਚ ਪੈਦਾ ਨਹੀਂ ਹੋਇਆ।

ਇਸ ਵਿਚ ਸੰਦੇਹ ਨਹੀਂ ਕਿ ਤਾਨਸੇਨ ਨੇ ਉFੱਤਰ ਭਾਰਤੀ ਸੰਗੀਤ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਿਚ ਮਹਾਨ ਯੋਗ ਦਾਨ ਦਿੱਤਾ ਹੈ। ਹਿੰਦੁਸਤਾਨੀ ਸੰਗੀਤ ਵਿਚ ਜਿਤਨੇ ਵੀ ਸੰਗੀਤ ਦੇ ਭਿੰਨ^ਭਿੰਨ ਘਰਾਣੇ ਹਨ ਉਨ੍ਹਾਂ ਸਭਨਾਂ ਦਾ ਸੰਬੰਧ ਕਿਸੇ ਨਾ ਕਿਸੇ ਰੂਪ ਵਿਚ ਤਾਨਸੇਨ ਨਾਲ ਅਵੱਸ਼ ਜੁੜਿਆ ਹੋFਿੲਆ ਹੈ।

ਪੰਡਿਤ ਦਲੀਪ ਚੰਦ ਬੇਦੀ ਦਾ ਕਥਨ ਹੈ ਕਿ ਤਾਨਸੇਨ ਨੇ ਰਾਗ ਮਾਲਾ ਨਾਮ ਦਾ ਇਕ ਗ੍ਰੰਥ ਵੀ ਲਿਿਖਆ ਸੀ ਜਿਹੜਾ ਸੰਗੀਤ ਸ਼ਾਸਤ੍ਰ ਦੇ ਵਿਿਦਆਰਥੀਆਂ ਲਈ ਬੜਾ ਲਾਭਦਾਇਕ ਹੋਇਆ। ਇਸ ਵਿਚ 300 ਤੋਂ ਉਪਰ ਛੰਦ ਅਤੇ ਦੋਹੇ ਹਨ ਜਿਨ੍ਹਾਂ ਵਿਚ ਸੰਗੀਤ ਸੰਬੰਧੀ ਗੂੜ੍ਹ ਗੱਲਾਂ ਦਾ ਸੰਖੇਪ ਰੂਪ ਵਿਚ ਵਰਣਨ ਕੀਤਾ ਗਿਆ ਹੈ। ਇਸ ਵਿਚ 90 ਦੇ ਲੱਗਭਗ ਰਾਗ ਹਨ। ਤਾਨਸੇਨ ਨੇ ਕੁਝ ਰਾਗਾਂ ਦੀ ਰਚਨਾ ਵੀ ਕੀਤੀ ਜਿਨ੍ਹਾਂ ਵਿਚ ਤਾਨਸੇਨੀ ਮਲਾਰ (ਮੀਯਾਂ) ਤਾਨਸੇਨੀ ਸਾਰੰਗ ਅਤੇ ਟੋਡੀ ਬਹੁਤ ਪ੍ਰਸਿੱਧ ਹਨ।

ਭਾਰਤੀ ਸੰਗੀਤ ਵਿਚ ਮਲਾਰ ਸਾਰੰਗ ਅਤੇ ਟੋਡੀ ਰਾਗ ਤਾਨਸੇਨ ਤੋਂ ਪੂਰਵ ਪ੍ਰਚਲਿਤ ਸਨ। ਉਸ ਨੇ ਮਲਾਰ ਵਿਚ ਕੋਮਲ ਗੰਧਾਰ ਅਤੇ ਤਾਨਸੇਨੀ ਸਾਰੰਗ ਵਿਚ ਮਲਾਰ ਦਾ ਕੋਮਲ ਗੰਧਾਰ ਵਰਜਿਤ ਕਰਕੇ ਇਨ੍ਹਾਂ ਰਾਗਾਂ ਨੂੰ ਪ੍ਰਚਾਰ ਵਿਚ ਲਿਆਂਦਾ। ਪਰੰਪਰਾਗਤ ਟੋਡੀ ਅਤੇ ਤਾਨਸੇਨ ਦੁਆਰਾ ਆਵਿਸ਼ਕ੍ਰਿਤ ਤੋੜੀ ਵਿਚ ਅਜੇ ਤਕ ਕੋਈ ਕਲਾਕਾਰ ਭੇਦ ਸਪਸ਼ਟ ਨਹੀਂ ਕਰ ਸਕਿਆ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨਾਮਦੇਵ (1270-1350) ਈ: ਦੀ ਬਾਣੀ ਟੋਡੀ ਰਾਗ ਵਿਚ ਅੰਕਿਤ ਹੈ ਇਸ ਲਈ ਟੋਡੀ ਰਾਗ ਨੂੰ ਤਾਨਸੇਨ ਦੀ ਰਚਨਾ ਮੰਨਣਾ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਨਿਆਏਸ਼ੀਲ ਨਹੀਂ ਹੈ।

ਉਕਤ ਮਹਾਨ ਗਾਇਕ ਦੀ ਤੁਲਨਾ ਵਿਚ ਗੁਰੂ ਨਾਨਕ ਦੇਵ ਜੀ ਦੇ 37 ਰਾਗਾਂ ਵਿਚ 976 ਪਦ, ਗੁਰੂ ਅੰਗਦ ਦੇਵ ਦੇ 10 ਰਾਗਾਂ ਵਿਚ 61 ਸਲੋਕ, ਗੁਰੂ ਅਮਰਦਾਸ ਦੇ 46 ਰਾਗਾਂ ਵਿਚ 2216 ਸ਼ਬਦ, ਗੁਰੂ ਤੇਗ ਬਹਾਦਰ ਜੀ ਦੇ 17 ਰਾਗਾਂ ਵਿਚ 69 ਸ਼ਬਦ ਅਤੇ 37 ਸ਼ਲੋਕ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਸਹਿਤ 65 ਰਾਗ ਅੰਕਿਤ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਰਾਗ ਕੇਵਲ ਗੁਰਬਾਣੀ ਸੰਗੀਤ ਦੀ ਹੀ ਉਪਜ ਕਹੇ ਜਾ ਸਕਦੇ ਹਨ। ਉਦਾਹਰਣ ਵਜੋਂ^ਮਾਝ, ਗਉੜੀ ਦੀਪਕੀ, ਗਉੜੀ ਪੂਰਬੀ ਦੀਪਕੀ, ਗਉੜੀ ਗੁਆਰੇਰੀ, ਗਉੜੀ ਬੈਰਾਗਿਣ, ਗਉੜੀ ਮਾਝ, ਗਉੜੀ ਸੋਰਠਿ, ਗਉੜੀ ਮਾਲਾ, ਗਉੜੀ ਮਾਲਵਾ, ਆਸਾ ਕਾਫੀ, ਤਿਲੰਗ ਕਾਫੀ, ਸੂਫੀ ਕਾਫ਼ੀ, ਸੂਹੀ ਲਲਤਿ, ਬਿਲਾਵਲੁ ਗੋਂਡ, ਤੂਖਾਰੀ, ਬਸੰਤ^ਹਿੰਡੋਲ, ਪ੍ਰਭਾਤੀ ਬਿਭਾਸ, ਅਤੇ ਬਿਭਾਸ ਪ੍ਰਭਾਤੀ।

ਗੁੁਰਬਾਣੀ ਸੰਗੀਤ ਵਿਚ “ਪੜਤਾਲ” ਇਕ ਨਿਵੇਕਲੀ ਅਤੇ ਅਦੁੱਤੀ ਗਾਇਨ ਸ਼ੈਲੀ ਹੈ, ਪ੍ਰਾਚੀਨ ਕਾਲ ਤੋਂ ਵਰਤਮਾਨ ਕਾਲ ਤਕ ਨਾ ਕੇਵਲ ਭਾਰਤੀ ਸੰਗੀਤ ਵਿਚ ਹੀ ਨਹੀਂ ਸਗੋਂ ਵਿਸ਼ਵ ਦੀ ਕਿਸੇ ਵੀ ਗਾਇਨ ਸ਼ੈਲੀ ਵਿਚ ਪੜਤਾਲ ਦੀ ਉਦਾਹਰਣ ਨਹੀਂ ਮਿਲਦੀ।

ਪੜਤਾਲ ਦਾ ਸ਼ਾਬਦਿਕ ਅਰਥ ਹੈ। ਪਰਤਤਾਲ ਅਰਥਾਤ ਜਿਸ ਸ਼ਬਦ ਰੀਤ ਵਿਚ ਤੁਕ ਤੇ ਤਾਲ ਪਰਤਦਾ ਰਹੇ ਉਸਨੂੰ ਪੜਤਾਲ ਸੰਗਿਆ ਦਿੱਤੀ ਜਾਂਦੀ ਹੈ।

ਗੁਰਬਾਣੀ ਸੰਗੀਤ ਦੀ ਪੜਤਾਲ ਸ਼ੈਲੀ ਦੇ ਸ਼ਬਦ ਵਿਚ ਵਰਤੇ ਗਏ “ਰਹਾਉ” ਨੂੰ ਸਥਾਈ ਦਾ ਰੂਪ ਦੇ ਕੇ ਹੋਰ ਪਦਾਂ ਨੂੰ ਉਨ੍ਹਾਂ ਦੀ ਕਾਵਿ ਸ੍ਰਿਸ਼ਟੀ ਅਨੁਸਾਰ ਭਿੰਨ ਭਿੰਨ ਤਾਲਾਂ ਵਿਚ ਗੁਰਬਾਣੀ ਅਤੇ ਰਾਗ ਦੀ ਸ਼ੁਧਤਾ ਦਾ ਪੂਰਣ ਧਿਆਨ ਰੱਖਦਿਆਂ ਪਦਾਂ ਵਿਚ ਦਿੱਤੇ ਅੰਕਾਂ ਦੀ ਸੀਮਾ ਵਿਚ ਰਹਿੰਦੇ ਹੋਏ ਸਥਾਈ ਵਿਚ ਬੜੇ ਆਕ੍ਰਸ਼ਿਕ ਅਤੇ ਕਲਾਤਮਕ ਢੰਗ ਨਾਲ ਪ੍ਰਵੇਸ਼ ਕੀਤਾ ਜਾਂਦਾ ਹੈ।

ਪੜਤਾਲ ਸ਼ੈਲੀ ਦਾ ਆਵਿਸ਼ਕਾਰ ਗੁਰੂ ਰਾਮਦਾਸ ਜੀ ਨੇ ਕੀਤਾ ਸੀ। ਉਨ੍ਹਾਂ ਦੀਆਂ ਬਿਲਾਵਲੁ, ਨਟਨਾਰਾਇਨ, ਨਟ, ਸਾਰੰਗ, ਕਾਨੜਾ ਅਤੇ ਪ੍ਰਭਾਤੀ^ਬਿਭਾਸ ਰਾਗਾਂ ਵਿਚ 19 ਪੜਤਾਲਾਂ ਉਪਲਬਧ ਹਨ। ਇਸ ਸ਼ੈਲੀ ਦੀ ਸਿਰਜਣਾ ਕਰਕੇ ਗੁਰੂ ਦੇਵ ਨੇ ਭਾਰਤੀ ਸੰਗੀਤ ਵਿਚ ਉਹ ਮਹਾਨ ਯੋਗ ਦਿਤਾ ਜਿਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ।

ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਦੇ ਪਗ ਚਿੰਨ੍ਹਾਂ ਤੇ ਚਲਦਿਆਂ ਹੋਇਆਂ ਆਸਾ, ਧਨਾਸਰੀ, ਬਿਲਾਵਲੁ, ਰਾਮਕਲੀ, ਨਟ, ਭੈਰਵ, ਸਾਰੰਗ, ਮਲਾਰ ਅਤੇ ਪ੍ਰਭਾਤੀ ਆਦਿ ਰਾਗਾਂ ਵਿਚ 36 ਪੜਤਾਲਾਂ ਦੀ ਰਚਨਾ ਕਰਕੇ ਭਾਰਤੀ ਸੰਗੀਤ ਨੂੰ ਅਨੁਪਮ ਦੇਣ ਦਿੱਤੀ।

ਪੜਤਾਲ ਸ਼ਬਦ ਦੀ ਕਾਵਿ ਰਚਨਾ ਦੂਜੇ ਸ਼ਬਦਾਂ ਨਾਲੋਂ ਵਿਲੱਖਣ ਹੁੰਦੀ ਹੈ। ਗੁਰੂ ਰਾਮਦਾਸ ਦੁਆਰਾ ਰਚਿਤ ਪੜਤਾਲਾਂ ਲੰਮੇਰੀਆਂ ਤੁਕਾਂ ਅਤੇ ਅੰਤ ਵਿੱਚ ਤਿਹਾਈ ਜਿਵੇਂ “ਹਉ ਹਰਿ ਜਪਿ ਭਈ ਨਿਹਾਲ, ਨਿਹਾਲ, ਨਿਹਾਲ।” ਸੰਗੀਤਕ ਪੱਖ ਤੋਂ ਆਪਣੀ ਉਦਾਹਰਣ ਆਪ ਹੀ ਹਨ।

ਭਾਰਤੀ ਸੰਗੀਤ ਵਿਚ ਸਮੇਂ ਸਿਧਾਂਤ ਦਾ ਬੜਾ ਮੱਹਤਵਪੂਰਨ ਸਥਾਨ ਹੈ। ਵਿਦਵਾਨਾਂ ਨੇ ਹਰ ਇਕ ਰਾਗ ਦੇ ਗਾਉਣ ਦਾ ਇਕ ਵਿਸ਼ੇਸ਼ ਸਮਾਂ ਨਿਸ਼ਚਿਤ ਕੀਤਾ ਹੈ। ਇਸ ਭਾਵ ਨੂੰ ਪ੍ਰਗਟ ਕਰਨ ਲਈ ਇੱਕ ਕਹਾਵਤ ਬੜੀ ਪ੍ਰਸਿੱਧ ਹੈ “ਵੇਲੇ ਦਾ ਰਾਗ ਕੁਵੇਲੇ ਦੀਆਂ ਟਾਹਰਾਂ।”

ਗੁਰਬਾਣੀ ਸੰਗੀਤ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਸਮੇਂ ਸਿਧਾਂਤ ਦਾ ਪੂਰਣ ਤੌਰ ਤੇ ਪਾਲਣ ਕੀਤਾ ਗਿਆ ਹੈ। ਉਦਾਹਰਣ ਵਜੋਂ ਬਿਹਾਗੜਾ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ^

“ਵਧ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ।
ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ। ”

ਇਸੇ ਤਰ੍ਹਾਂ ਦਾ ਇਕ ਹੋਰ ਉਦਾਹਰਣ – ਆਸਾ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਅੰਤਿਮ ਪਹਿਰ ਹੈ। ਗੁਰੂ ਅਰਜਨ ਦੇਵ (ਭਾਰਤੀ ਪਰੰਪਰਾ^ਆਸਾ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਅੰਤਿਮ ਪਹਿਰ ਹੈ ਗੁਰੂ ਅਰਜਨ ਦੇਵ (ਭਾਰਤੀ ਪਰੰਪਰਾ ਦੇ ਸਮੇਂ ਸਿਧਾਂਤ ਅਨੁਸਾਰ) ਉਸ ਵੇਲੇ ਦਾ ਦ੍ਰਿਸ਼ ਇਸ ਤਰ੍ਹਾਂ ਵਰਣਨ ਕਰਦੇ ਹਨ।

ਭਿੰਨੀ ਰੈਨੜੀਏ ਚਮਕਨਿ ਤਾਰੇ।


ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ।”

ਉਪਰੋਕਤ ਰਚਨਾਵਾਂ ਦੀ ਤੁਲਨਾ ਵਿਚ ਭਾਰਤੀ ਸੰਗੀਤ ਵਿੱਚ ਕੁਝ ਖਿਆਲ ਗੀਤ ਅਜਿਹੇ ਵੀ ਪ੍ਰਚਲਿਤ ਹਨ ਜੋ ਰਾਗ ਦੇ ਸਮੇਂ ਦੇ ਬਿਲਕੁਲ ਅਨੁਕੂਲ ਨਹੀਂ ਹਨ। ਉਦਾਹਰਣ ਵਜੋਂ ਰਾਗ ਸਾਰੰਗ ਦੇ ਗਾਉਣ ਦਾ ਵੇਲਾ ਦੁਪਹਿਰ ਦਾ ਹੈ ਇਸ ਰਾਗ ਵਿੱਚ ਇਕ ਖਿਆਲ ਗੀਤ ਇਸ ਪ੍ਰਕਾਰ ਹੈ। ‘ਛੇੜੋ ਨਾ ਨੀਂਦ ਮੋਰੀ ਉਟਕ ਜਾਤ ਦੇਖੋ। ਤੁਮ ਤੋਂ ਸਈਆਂ ਕਰਤ ਰਾਰ।** ਜਾਂ ਮੀਆਂ ਕੀ ਸਾਰੰਗ ਜਿਸ ਦਾ ਸਮਾਂ ਵੀ ਦੁਪਹਿਰ ਦਾ ਹੈ ਉਸ ਵਿੱਚ ਇਕ ਖਿਆਲ ਗੀਤ ਇਸ ਤਰ੍ਹਾਂ ਹੈ :

ਕਾ ਕਰੂੰ ਕਿਤ ਜਾਊ, ਮੋਰਾ ਬਿਨ ਪੀਆ ਲਾਗੈ ਨਾ ਜੀਅਰਾ।
ਰੈਨ ਅੰਧੇਰੀ ਕਾਰੀ ਬਿਜਰੀ ਚਮਕਤ ਮੋਰੀ ਬਿਰਥਾ ਪੀਆ ਸੋ ਕਹੋ ਬਦਰਾ।

ਮੱਧਕਾਲ ਵਿੱਚ ਭਾਰਤੀ ਸੰਗੀਤ, ਵਿਸ਼ੇਸ਼ ਕਰਕੇ ਉਤਰੀ ਭਾਰਤ ਦੇ ਸੰਗੀਤ ਵਿੱਚ ਇਕ ਨਵਾਂ ਮੋੜ ਆਇਆ। ਮੁਸਲਿਮ ਸੰਸਕ੍ਰਿਤੀ ਅਤੇ ਮੁਸਲਿਮ ਸ਼ਾਸਕਾਂ ਦੇ ਆਸ਼ਰਯ ਨੇ ਇਸ ਕਲਾ ਦਾ ਚਿਹਰਾ^ਮੁਹਰਾ ਹੀ ਨਹੀਂ ਬਦਲਿਆ ਸਗੋਂ ਇਹ ਆਪਣੇ ਮੁੱਖ ਉਦੇਸ਼ ਤੋਂ ਬਹੁਤ ਦੁਰੇਡੇ ਚਲੀ ਗਈ। ਪੁਰਾਤਨ ਕਾਲ ਵਿੱਚ ਸੰਗੀਤ ਨੂੰ ਮੋਕਸ਼ ਪ੍ਰਾਪਤੀ ਦਾ ਸਾਧਨ ਮੰਨਿਆ ਜਾਂਦਾ ਸੀ ਪਰੰਤੂ ਮੁਗਲ ਕਾਲ ਵਿੱਚ ਇਹ ਕੇਵਲ ਮਨੋਂਰਜਨ ਤੱਕ ਹੀ ਸੀਮਤ ਹੋ ਗਿਆ। ਭਗਤੀ ਭਾਵ ਦੇ ਗੀਤਾਂ ਦਾ ਸਥਾਨ ਸ਼ਿੰਗਾਰ ਰਸੀ ਗੀਤਾਂ ਨੇ ਲੈ ਲਿਆ। ਸ਼ਾਸਕਾਂ ਦੀਆਂ ਕਾਮਿਕ ਪ੍ਰਵ੍ਰਿਤੀਆਂ ਤੇ ਵਿਲਾਸਤਾ ਪੂਰਣ ਭਾਵਨਾਵਾਂ ਦਾ ਸੰਗੀਤ ਤੇ ਵੀ ਕਾਫੀ ਪ੍ਰਭਾਵ ਪਿਆ। ਦਰਬਾਰੀ ਗਾਇਕਾਂ ਨੇ ਆਪਣੇ ਅੰਨ ਦਾਤਿਆਂ ਦੀਆਂ ਵਿਨੋਦੀ ਭਾਵਨਾਵਾਂ ਨੂੰ ਉਤੇਜਤ ਕਰਨ ਲਈ ਅਨੇਕ ਧਰੁਪਦ, ਧਮਾਰ, ਖਿਆਲ ਅਤੇ ਦਾਦਰੇ ਉਹਨਾਂ ਸੁਲਤਾਨਾਂ, ਸਮਰਾਟਾਂ, ਬਾਦਸ਼ਾਹਾਂ ਰਾਜਿਆਂ ਅਤੇ ਨਵਾਬਾਂ ਦੀ ਕਾਮਿਕ ਪ੍ਰਵ੍ਰਿਤੀ ਨੂੰ ਪੱਠੇ ਪਾਉਣ ਲਈ ਰਚੇ। ਜਿਥੇ ਸੰਗੀਤ ਵਰਗੀ ਲਲਿਤ ਕਲਾ ਨੇ ਮਾਨਵ ਨੂੰ ਆਪਣੇ ਵਾਸਤਵਿਕ ਧੁਰੇ ਨਾਲ ਜੋੜਨਾ ਸੀ ਉਥੇ ਉਹ ਮਾਧਿਅਮ ਬਣ ਗਈ ਕਨਿਕ ਕਾਮਿਨੀ ਦੀਆਂ ਜ਼ੁਲਫ਼ਾਂ ਅਤੇ ਉਨ੍ਹਾਂ ਦੇ ਨੈਣਾਂ ਦੇ ਲਾਲ ਡੋਰਿਆਂ ਦੀ ਪ੍ਰਸ਼ੰਸਾ ਦਾ। ਤਾਨਸੇਨ ਰਚਿਤ ਇਕ ਧਰੁਪਦ ਗੀਤ ਬਿਹਾਗ ਰਾਗ ਵਿੱਚ ਇਸ ਤਰ੍ਹਾਂ ਹੈ, ਰੂਮ ਝੂਮ ਭਰ ਆਏ ਏ ਰੀ ਨੈਨਾ ਤਿਹਾਰੇ। ਬਿਥੁਰੀ ਸੀ ਅਲਕ ਸ਼ਾਮ ਘਨਸੀ ਲਾਗਤ ਝਪਕ ਝਪਕ ਉਘਰਤ ਮੇਰੇ ਜਾਨ ਤਾਰੇ। ਅਰਨ ਬਰਨ ਨੈਨਾ ਤੇਰੇ ਤਾਮੇ ਲਾਲ ਡੋਰੇ ਤਾਂ ਪਰ ਅੰਬੁਜ ਬਾਰ ਬਾਰ ਡਾਰੇ। ਕਹੇ ਮੀਯਾਂ ਤਾਨਸੇਨ ਸੁਨੋ ਸ਼ਾਹ ਅਕਬਰ ਉਪਮਾ ਕਹਾ ਲੋ ਦੀਨ ਬਿਨ ਅੰਜਨ ਕਜਰਾਰੇ।”

ਸੁਆਮੀ ਹਰੀਦਾਸ ਜੀ ਨੇ ਉਤਰ ਭਾਰਤੀ ਪੱਧਤੀ ਦੇ ਗਾਇਕਾਂ ਨੂੰ ਬੜਾ ਸ਼ੁੱਧ ਸੰਗੀਤ ਅਤੇ ਪਵਿਤ੍ਰ ਸਾਹਿਤ ਪ੍ਰਦਾਨ ਕੀਤਾ ਸੀ। ਜਿਸ ਸ਼ਿਯਾਮ^ਸ਼ਿਯਾਮਾ ਦੀ ਸੁੰੰਦਰ ਜੋੜੀ ਬਾਰੇ ਉਨ੍ਹਾਂ ਦੀ ਰਚਨਾ ਹੈ “ਜੋੜੀ ਬਚਿੱਤ੍ਰ ਬਨਾਈ ਮਾਈ ਰੀ ਕਾਹੂ ਮਨ ਕੇ ਹਰਨ ਕੇ।” ਅਤੇ ਜਿਸ ਦੇ ਸੰਬੰਧ ਵਿੱਚ ਗੁਰਬਾਣੀ ਦੇ ਰਚਨਹਾਰ ਭਗਤ ਕਵੀ ਨੇ:

“ਧਨਿ ਧਨਿ ਓ, ਰਾਮ ਬੇਨੁਬਾਜੈ। ਮਧੁਰ ਮਧੁਰ ਧੁਨਿ ਅਨਹਤ ਗਾਜੈ॥1ਰਹਾਉ।”

ਧਨਿ ਧਨਿ ਮੇਘਾ ਰੋਮਾਵਲੀ। ਧਨਿ ਧਨਿ ਕ੍ਰਿਸਨ ਓਢੇ ਕਾਂਬਲੀ॥1॥

ਧਨਿ ਧਨਿ ਤੂੰ ਮਾਤਾ ਦੇਵਕੀ। ਜਿਹ ਗ੍ਰਿਹ ਰਮਈਆ ਕਲਾਪਤੀ॥2॥

ਧਨਿ ਧਨਿ ਬਨਖੰਡ ਬਿੰਦ੍ਰਾ ਬਨਾ। ਜਿਹ ਖੇਲੈ ਸੀ੍ਰ ਨਾਰਾਇਨਾ॥3॥

ਬੇਨੁ ਬਜਾਵੈ ਗੋਧਨੁ ਚਰੈ। ਨਾਮੇ ਕਾ ਸੁਆਮੀ ਆਨਦ ਕਰੈ॥4॥ ਕਿਹਾ ਹੈ।

ਇਸ ਦੇ ਟਾਕਰੇ ਦਰਬਾਰੀ ਜਾਂ ਬਾਜ਼ਾਰੀ ਗਾਇਕ^ਗਾਇਕਾਵਾਂ ਨੇ ਆਪਣੇ ਸਮਰਾਟਾਂ ਦੀ ਪਸ਼ੂ ਵਿਰਤੀ ਨੂੰ ਵਧੇਰੇ ਪ੍ਰਚੰਡ ਕਰਨ ਲਈ “ਆਜ ਰਾਧੇ ਤੋਰੇ ਬਦਨ ਪਰ ਸ਼ਿਯਾਮ ਕਿਲੇ ਕੀ ਚੋਰੀ। ਅੰਜਨ ਅਧਰ ਨੈਨ ਮਤਵਾਰੇ ਝੁਕ ਝੂਮਤ ਮੇਰੀ ਜਾਨ ਆਜ ਤੂ ਬੇਰੀ।” ਰਾਮਕਲੀ ਜਿਹੇ ਪ੍ਰਭਾਤ ਕਾਲ ਦੇ ਰਾਗ ਵਿੱਚ ਭਗਵਾਨ ਕ੍ਰਿਸ਼ਨ ਅਤੇ ਰਾਧਾ ਪ੍ਰਤਿ ਸਵੇਰ ਦੀ ਪ੍ਰਾਰਥਨਾ ਦਾ ਆਰੰਭ ਉਕਤ ਖਿਆਲ ਦੁਆਰਾ ਕਰਕੇ ਸ਼ਰਧਾਂਜਲੀ ਅਰਪਣ ਕੀਤੀ। ਜਿਸ ਦੀ ਪ੍ਰਾਪਤੀ ਲਈ ਰਿਸ਼ੀਆਂ ਮੁਨੀਆਂ ਨੇ ਅਨੇਕ ਜਫਰ ਜਾਲੇ, ਸੰਤਾਂ ਭਗਤਾਂ ਨੇ ਹਠ ਜਪ ਤਪ ਨਾਲ ਪਹਾੜ ਦੀਆਂ ਕੰਦਰਾਂ ਵਿੱਚ ਤਨ ਗਾਲੇ ਉਸ ਨੂੰ ਖਿਆਲ ਗਾਇਕੀ ਦੇ ਆਵਿਸ਼ਕਾਰਿਕ “ਸਦਾ ਰੰਗ” ਨੇ “ਉੱਚਕ” ਕਹਿ ਕੇ ਆਪਣੇ ਹਿਰਦੇ ਦੀਆਂ ਕੋਮਲ ਭਾਵਨਾਵਾਂ ਦਾ ਇਜ਼ਹਾਰ ਕੀਤਾ। ਉਦਾਹਰਣ ਵਜੋਂ ਰਾਗ ਟੋਡੀ ਖ਼ਿਆਲ >/p>

“ਦਈਆ ਬਾਤ ਦੁਭਰ ਭਈ ਮੈਂ ਕਾ ਲੰਗਰਵਾ ਭਰਨ ਨ ਦੇਤ ਗਗਰੀਆ।
ਬਿਹਾਨੇ ਤੋਰੇ ਸੰਗ ਕੈਸੇ ਜਾਉਂ ਸਜਨੀ ਬੀਚ ਮਾਝ ਠਾਰੋ, “ਸਦਾਰੰਗ” ਉੱਚਕਈਆ।”

ਖਿਆਲ ਗਾਇਕਾਂ ਨੇ ਉਸ ਮਹਾਨ ਸੰਗੀਤਾਚਾਰੀਆਂ ਭਗਵਾਨ ਕ੍ਰਿਸ਼ਨ ਨੂੰ ਇਕ ਸ਼ਰਾਰਤੀ ਮੂੰਡੇ ਵਾਂਗ ਗਗਰੀਆਂ ਤੋੜਨ^ਫੋੜਨ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਜਮਨਾ ਕਿਨਾਰੇ ‘ਪਨੀਆਂ* ਭਰਨ ਗਈਆਂ ਸ਼ੁੁਸੀਲ ਕੁੜੀਆਂ ਦੀਆਂ ਬਈਆਂ ਮਰੋੜਨ ਵੀ ਲਗਾ ਦਿੱਤਾ। ਜਿਸ ਨੂੰ ਗੁਰਬਾਣੀ ਵਿੱਚ “ਸਾਵਲ ਸੰੁਦਰ ਰਾਮਈਆ” ਜਾਂ ਬਲਿ^ਬਲਿ ਜਾਉ ਸ਼ਿਆਮ ਸੁੰਦਰ ਕਉ** ਕਹਿ ਕੇ ਸਤਿਕਾਰਿਆ ਗਿਆ ਹੈ ਉਥੇ ਉਤਰ ਭਾਰਤੀ ਸੰਗੀਤ ਦੇ ਖਿਆਲ ਗਾਇਕਾਂ ਨੇ ਉਸ ਨੂੰ “ਜਾਓ ਜੀ ਜਾਓ ਜੀ ਤੁਮ ਖ਼ਾਓਗੇ ਗਾਲੀਆਂ** ਜਿਹਾ ‘ਆਦਰਸ਼ਕ* ਸਾਹਿਤ ਉਪਹਾਰ ਵਜੋਂ ਭੇਟ ਕੀਤਾ। ਇਸ ਦੀ ਤੁਲਨਾ ਵਿੱਚ ਗੁਰਬਾਣੀ ਸੰਗੀਤ ਦੇ ਮਾਧਿਅਮ ਦੁਆਰਾ ਗੁਰੂ ਅਰਜਨ ਦੇਵ ਜੀ ਦਾ ਇਹ ਕਥਨ ਪ੍ਰਸਤੁਤ ਹੈ^

ਕੋਈ ਜਨੁ ਹਰਿ ਸਿਉ ਦੇਵੈ ਜੋਰਿ।
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ। ”

ਗੁਰਬਾਣੀ ਸੰਗੀਤ ਦਾ ਆਦਰਸ਼ਕ ਸਾਹਿਤ ਮਾਨਵ ਦੀਆਂ ਪਵਿਤ੍ਰ ਭਾਵਨਾਵਾਂ ਨੂੰ ਸੇਧ ਪ੍ਰਦਾਨ ਕਰਦਾ ਹੈ ਅਤੇ ਈਸ਼ਵਰ ਉਪਾਸਨਾ ਰਾਹੀਂ ਪ੍ਰਭੂ ਨਾਲ ਜੋੜਦਾ ਹੈ। ਇਸ ਦੇ ਟਾਕਰੇ ਦੂਜੇ ਬੰਨੇ ਕੁਝ ਖਿਆਲ ਗੀਤਾਂ ਵਿੱਚ ਅਜਿਹਾ ਘਟੀਆ ਸਾਹਿਤ ਮਿਲਦਾ ਹੈ ਜਿਸਦੇ ਰਚਨਹਾਰ ਤਾਂ ਕੱਚੇ ਹੁੰਦੇ ਹੀ ਹਨ ਸਗੋਂ ਗਾਵਨਹਾਰ ਅਤੇ ਸੁਣਨਹਾਰ ਵੀ ਕੱਚੇ ਹੋ ਜਾਂਦੇ ਹਨ। ਉਦਾਹਰਣ ਵਜੋਂ ਰਾਗ ਜੋਨਪੁਰੀ ਵਿੱਚ ਇਕ ਵਿਲੰਬਿਤ ਖਿਆਲ ਦੀ ਬੰਦਿਸ਼ ਇਸ ਤਰ੍ਹਾਂ ਹੈ:^

ਹੂੰ ਨਹਿ ਜੈ ਹੂ ਤੋਰੇ ਦੇਸ਼ ਸੰੁਦਰ, ਤੋ ਤੁਰਕਵਾ ਹੋ ਬਾਮਨੀ।
ਏਕ ਨਿਠਰਾਈ ਛਾਂਡ ਦੇ ਸੋਸਨ ਅਬ ਤੂੰ, ਹੋ ਤੋ ਪਰਤ ਹੂੰ ਤੋਰੇ ਪਾਯੇ।

ਗੁਰਬਾਣੀ ਸੰਗੀਤ ਵਿੱਚ ਖੁਸ਼ਾਮਦੀ ਤੱਤ ਦੇ ਥਾਂ ਪ੍ਰਭੂ ਉਸਤਤਿ ਦੀ ਪ੍ਰਧਾਨਤਾ ਹੈ ਇਥੇ “ਸੋਦਰ” ਦੀ ਸਿਫਤ ਸਾਲਾਹ ਹੈ। ਪਰੰਤੂ ਮੱਧ ਕਾਲੀਨ ਉੱਤਰ ਭਾਰਤੀ ਸੰਗੀਤ ਵਿੱਚ ਵਿਸ਼ੇਸ ਕਰਕੇ ਦਰਬਾਰੀ ਗਾਇਕਾਂ ਦੀਆਂ ਰਚਨਾਵਾਂ” “ਜਿਸਦਾ ਖਾਈਏ ਉਸੇ ਦੇ ਗੁਣ ਗਾਈਏ” ਦਾ ਖੁਸ਼ਾਮਦੀ ਤੱਤ ਪ੍ਰਬਲ ਹੈ। ਅਕਬਰ ਦੀ ਪ੍ਰਸ਼ੰਸਾ ਵਿਚ ਸ਼ੀ੍ਰ ਰਾਗ ਵਿੱਚ ਗਾਇਆ ਜਾਣ ਵਾਲਾ ਇਕ ਸਾਦਰਾ ਇਸ ਤਰ੍ਹਾਂ ਹੈ।

ਆਯੋ ਰੇ ਆਯੋ ਰੇ ਬਲਵੰਤ ਆਯੋ, ਛਤ੍ਰਪਤੀ ਅਕਬਰ। ਸਪਤਦੀਪ ਔਰ ਅਸ਼ਟ ਦਿਸ਼ਾ ਨਰ ਨਰੇਂਦ੍ਰ ਘਰ ਘਰ ਥਰ ਥਰ ਡਰ।”
ਇਤਿਹਾਸਕਾਰ ਇਸ ਤੱਥ ਤੋਂ ਭਲੀਭਾਂਤ ਪਰਿਚਤ ਹਨ ਕਿ ਅੋਰੰਗਜ਼ੇਬ ਸੰਗੀਤ ਦਾ ਕੱਟੜ ਦੁਸ਼ਮਨ ਸੀ। ਮੁਹੰਮਦ ਸ਼ਾਹ ਰੰਗੀਲੇ ਦੇ ਦਰਬਾਰੀ ਗਾਇਕ ਸਦਾ ਰੰਗ ਦੁਆਰਾ ਰਚਿਤ ਇਕ ਖਿਆਲ ਗੀਤ ਇਸ ਤਰ੍ਹਾਂ ਹੈ:-

“ਕੀਨੋ ਰੇ ਕਰਤਾਰ ਮਹਾਬਲੀ ਔਰੰਗਜ਼ੇਬ, ਭਯੋ ਤੋਪੇ ਪੂਰੇ ਪਰਤਾਪ।
ਆਪਬਲੀ, ਤਪਬਲੀ, ਨੌਖੰਡ ਮਹਾਬਲੀ, “ਸਦਾ ਰੰਗ” ਛਾਡੋ ਪ੍ਰਤਾਪ।”

ਭਾਰਤੀ ਸੰਗੀਤ ਦੇ ਇਤਿਹਾਸ ਵਿਚ ਰਾਜਾ ਮਾਨ ਸਿੰੰਘ ਤੋਮਰ (1486-1516 ਈ:) ਦਾ ਨਾਮ ਬੜਾ ਪ੍ਰਸਿੱਧ ਹੈ। ਕਿਹਾ ਜਾਂਦਾ ਹੈ ਦਿ ਉਸ ਨੇ ਧਰੁਪਦ ਗਾਇਨ ਸ਼ੈਲੀ ਦਾ ਅਵਿਸ਼ਕਾਰ ਕੀਤਾ ਸੀ। ਉਸ ਦੀ ਇਸ ਮਹਾਨ ਦੇਣ ਕਾਰਨ ਕਿਸੇ ਨਾਇਕ ਜਾਂ ਗਾਇਕ ਨੇ ਉਸ ਪ੍ਰਤਿ ਇਕ ਧਮਾਰ ਗੀਤ ਵਿਚ ਆਪਣੀ ਸ਼ਰਧਾਂਜਲੀ ਇਸ ਤਰ੍ਹਾਂ ਭੇਟ ਕੀਤੀ ਹੈ। “ਰਾਜਾ ਮਾਨ ਹੋਰੀ ਖੇਲੇ ਰੀ। ਪ੍ਰੇਮ ਪੀ੍ਰਤ ਕੀ ਗਾਂਠ ਪਰੀ ਹੈ, ਭਰੁਵਾ (ਭੜੂਆ) ਹੋਯੇ ਸੋ ਝੇਲੇਰੀ।”

ਗੁਰਬਾਣੀ ਸੰਗੀਤ ਵਿੱਚ ਵੀ ਪ੍ਰਸੰਸ਼ਕ ਤੱਤ ਹਨ ਪਰ ਕਿਸੇ ਦੁਨਿਆਵੀ ਸਮਰਾਟ ਦੀ ਪ੍ਰਸ਼ੰਸਾ ਦੇ ਨਹੀਂ। ਉਦਾਹਰਣ ਲਈ “ਪ੍ਰਿਆ ਕੀ ਸੋਭ ਸੁਹਾਵਨੀ ਨੀਤੀ।” ਹਾਹਾ ਹੂ ਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ। ਰਹਾਉ। ਧੁਨਿਤ ਲਲਿਤ ਗੁਨਗ੍ਹ ਅਨਿਕ ਭਾਤਿ ਬਹੁ ਬਿਿਧ ਰੂਪ ਦਿਖਾਵਨੀ ਨੀਕੀ।” ਗੁਰਬਾਣੀ ਵਿਚ ਵੀ ਹੋਲੀ ਸੰਬੰਧੀ ਸੰਕੇਤ ਮਿਲਦੇ ਹਨ ਪਰ ਇਸ ਫਾਗ ਵਿੱਚ, ਇਸ ਹੋਲੀ ਵਿੱਚ ਭਾਰਤੀ ਸੰਗੀਤ ਦੇ ਸਾਹਿਤ ਨਾਲੋਂ ਅੰਤਰ ਹੈ^

ਆਜ ਹਮਾਰੇ ਬਨੇ ਫਾਗ। ਪ੍ਰਭ ਸੰਗੀ ਮਿਿਲ ਖੇਲਨ ਲਾਗ।
ਹੋਲੀ ਕੀਨੀ ਸੰਤ ਸੇਵ। ਰੰਗੁ ਲਾਗਾ ਅਤਿ ਲਾਲ ਦੇਵ।

ਸੰਗੀਤ ਇਤਿਹਾਸਕਾਰਾਂ ਦਾ ਇਹ ਵਿਚਾਰ ਹੈ ਕਿ ਰਾਜਾ ਮਾਨ ਸਿੰਘ ਤੋਮਰ (1486-1516 ਈ:) ਨੇ ਆਪਣੀ ਰਾਣੀ ਮ੍ਰਿਗ ਨੈਣੀ, ਜੋ ਗੁਜਰ ਜਾਤ ਵਿੱਚੋਂ ਸੀ ਦੀ ਜਾਤ ਦੇ ਆਧਾਰ ਤੇ ਗੂਜਰੀ ਰਾਗ ਦਾ ਅਵਿਸ਼ਕਾਰ ਕੀਤਾ। ਇਹ ਵਿਚਾਰ ਇਤਿਹਾਸਿਕ ਕਸਵੱਟੀ ਤੇ ਖਰਾ ਨਹੀਂ ਉਤਰਦਾ ਕਿਉਂਜੋ ਗੂਜਰੀ ਰਾਗ ਵਿਚ ਭਗਤ ਜੈ ਦੇਵ (ਜਿਸ ਦਾ ਸਮਾਂ ਬਾਰ੍ਹਵੀਂ ਸਦੀ ਦਾ ਉਤ੍ਰਾ ਅਰਧ ਹੈ), ਦੁਆਰਾ ਰਚਿਤ ਇਕ ਪਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੂਜਰੀ ਰਾਗ ਵਿਚ ਅੰਕਿਤ ਹੈ। ਇਸ ਤੋਂ ਬਿਨਾਂ ਭਗਤ ਨਾਮ ਦੇਵ (1270-1350 ਈ.) ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੂਜਰੀ ਰਾਗ ਵਿੱਚ ਉਪਲੱਬਧ ਹੈ।

ਉੱਤਰੀ ਭਾਰਤੀ ਸੰਗੀਤ ਵਿੱਚ ਖਿਆਲ ਗਾਇਨ ਦਾ ਬੜਾ ਮਹੱਤਵਪੂਰਨ ਸਥਾਨ ਹੈ। ਆਧੁਨਿਕ ਯੁਗ ਨੂੰ ਸੰਗੀਤਕਾਰ ਖਿਆਲ ਦਾ ਯੁਗ ਮੰਨਦੇ ਹਨ। ਇਤਿਹਾਸਕਾਰਾਂ ਦਾ ਮਤ ਹੈ ਕਿ ਦਰੁੱਤ ਖਿਆਲ ਦਾ ਆਵਿਸ਼ਕਾਰ ਅਮੀਰ ਖੁਸਰੋ (1252-1334 ਈ.) ਨੇ ਕੀਤਾ ਅਤੇ ਵਿਲੰਬਿਤ ਖਿਆਲ ਦਾ ਆਵਿਸ਼ਕਾਰ ਜੌਨਪੁਰ ਦੇ ਬਾਦਸ਼ਾਹ ਸੁਲਤਾਨ ਹੁਸੈਨ ਸ਼ਰਕੀ (1458-1499 ਈ:) ਨੇ। ਅਮੀਰ ਖੁਸਰੋ ਦੀਆਂ ਲਿਖਤਾਂ ਵਿੱਚ ਖਿਆਲ ਦਾ ਆਵਿਸ਼ਕਾਰਿਕ ਹੋਣ ਬਾਰੇ ਕੋਈ ਸੰਕੇਤ ਨਹੀਂ ਮਿਲਦਾ ਅਤੇ ਨਾ ਹੀ ਉਸਦੇ ਸਮਕਾਲੀ ਕਿਸੇ ਲੇਖਕ ਨੇ ਉਸਨੂੰ ਖਿਆਲ ਸ਼ੈਲੀ ਦਾ ਈਜਾਦਕਾਰ ਮੰਨਿਆ ਹੈ। ਹੋ ਸਕਦਾ ਹੈ ਕਿ ਸ਼ਰਕੀ ਨੇ ਵਿਲੰਬਿਤ ਖਿਆਲ ਬਾਰੇ ਕੋਈ ਯਤਨ ਕੀਤਾ ਹੋਵੇ ਪਰ ਇਤਿਹਾਸਕ ਅਧਿਐਨ ਤੋਂ ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਮੁਹੰਮਦਸ਼ਾਹ ਰੰਗੀਲੇ ਦੇ ਕਾਲ ਤਕ ਇਹ ਸ਼ੈਲੀ ਕਲਾਕਾਰਾਂ ਵਿੱਚ ਬਹੁਤਾ ਆਦਰ ਸਤਿਕਾਰ ਨਹੀਂ ਪ੍ਰਾਪਤ ਕਰ ਸਕੀ। ਅਮੀਰ ਖਸਰੋ ਜਾਂ ਸੁਲਤਾਨ ਹੁਸੈਨ ਦੁਆਰਾ ਰਚਿਤ ਖਿਆਲ ਨਾ ਹੀ ਕਿਸੇ ਪੁਸਤਕ ਵਿਚ ਉਪਲੱਬਧ ਹਨ ਅਤੇ ਨਾ ਹੀ ਕਿਸੇ ਘਾਰਾਣੇਦਾਰ ਗਾਇਕਾਂ ਦੇ ਸੰਗ੍ਰਿਹ ਵਿੱਚ ਹਨ। ਮੱਧਕਾਲ ਵਿਚ ਭਾਰਤੀ ਸੰਗੀਤ ਦੇ ਕਿਸੇ ਭਗਤ, ਸੰਤ, ਸੂਫੀ ਫਕੀਰ ਗਾਇਕਾਂ ਦੀਆਂ ਕਾਵਿ ਰਚਨਾਵਾਂ ਤੇ ਸਿਰਲੇਖ ਦੇ ਰੂਪ ਵਿੱਚ “ਖਿਆਲ” ਸ਼ੈਲੀ ਦੇ ਤੌਰ ਤੇ ਉਪਲਬੰਧ ਨਹੀਂ ਹੁੰਦਾ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਗਾਇਨ ਸ਼ੈਲੀ ਬਾਰੇ ਕੋਈ ਸੰਕੇਤ ਹੈ। ਸਭ ਤੋਂ ਪਹਿਲਾ ਲਿਖਤੀ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਖਿਆਲ ਮਿਲਦਾ ਹੈ। ਜਿਸ ਦਾ ਸਿਰਲੇਖ “ਖਿਆਲ ਪਾਤਸ਼ਾਹੀ 10” ਹੈ।

ਇਸ ਤੋਂ ਉਪਰੰਤ ਮੁਹੰਮਦ ਸ਼ਾਹ ਰੰਗੀਲੇ (1719^1748 ਈ:) ਦੇ ਦਰਬਾਰੀ ਗਾਇਕ ਨਿਆਮਤ ਖਾਂ ਜਿਸ ਦਾ ਉਪਨਾਮ “ਸਦਾਰੰਗ” ਸੀ ਅਤੇ ਅਦਾਰੰਗ, ਮਨਰੰਗ, ਹਰਰੰਗ ਨੇ ਸੈਂਕੜੇ ਖਿਆਲ ਗੀਤਾਂ ਦੀ ਰਚਨਾ ਕੀਤੀ। ਉਨ੍ਹਾਂ ਦੀ ਪ੍ਰਸਿੱਧੀ ਨੂੰ ਦੇਖ ਕੇ ਆਧੁਨਿਕ ਸਮੇਂ ਖਿਆਲ ਸ਼ੈਲੀ ਦੇ ਅਨੇਕ ਰੰਗ ਭਾਦੋਂ ਦੀਆਂ ਖੁੰਬਾਂ ਵਾਂਗ ਪੈਦਾ ਹੋ ਗਏ ਜਿਵੇਂ- ਤਾਨ ਰੰਗ, ਨਵਰੰਗ, ਰਸਰੰਗ, ਸੁਰਤਰੰਗ, ਰਾਗਰੰਗ, ਸਬਰੰਗ, ਰਾਮਰੰਗ ਆਦਿ।

ਉFੱਤਰੀ ਭਾਰਤੀ ਸੰਗੀਤ ਦੇ ਖਿਆਲ ਗੀਤਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸਾਸਨ ਦੀਆ, ਦੇਉਰ ਜੇਠੰਨੀਆ, ਝਨਨਨ ਝਨਨਨ ਬਿਛੂਆ ਬਾਜੇ ਜਾਂ ਪਾਯਲ ਦੀ ਛਨਕਾਰ ਕਰਦੀਆਂ ਹੋਈਆਂ ਜਮੁਨਾ ਕਿਨਾਰੇ ਮਟਕੀ ਫੋੜਨ ਅਤੇ ਬਈਆਂ ਮਰੋੜਨ ਵਿੱਚ ਹੀ ਗੁੰਮ ਹੋ ਜਾਂਦੀਆਂ ਹਨ।
ਉਨ੍ਹਾਂ ਖਿਆਲ ਗੀਤਾਂ ਦੀ ਤੁਲਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਖਿਆਲ ਗੀਤ “ਖਿਆਲ ਪਾਤਸ਼ਾਹੀ 10” ਪ੍ਰਸਤੁਤ ਹੈ^

“ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਤੁਧ ਬਿਨੁ ਰੋਗੁ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ।
ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆ ਦਾ ਰਹਿਣਾ।”

ਇਸ ਖਿਆਲ ਵਿੱਚ ਮੁਰੀਦ ਦਾ ਆਪਣੇ ਮੁਰਸ਼ਦ ਪ੍ਰਤੀ ਬਿਰਹਾ ਵੇਦਨਾ ਦਾ ਪ੍ਰਗਟਾਵਾ ਹੈ।
ਅਤੇ ਖੇੜਿਆ ਦੇ ਐਸ਼ਵਰਜ ਪੂਰਣ ਜੀਵਨ ਨਾਲੋਂ ਯਾਰੜੇ ਦੇ ਸੱਥਰ ਨੂੰ ਚੰਗੇਰਾ ਸਮਝਿਆ ਗਿਆ ਹੈ।

ਗੁਰਬਾਣੀ ਸੰਗੀਤ ਭਾਰਤੀ ਸੰਗੀਤ ਦਾ ਸਰਬ ਸ਼ੇ੍ਰਸ਼ਟ ਅਤੇ ਅਨਿੱਖੜ ਅੰਗ ਹੈ ਜਿਸਨੂੰ ਆਪਣੇ ਸਮੇਂ ਦੇ ਮਾਰਗੀ ਸੰਗੀਤ ਦਾ ਸ਼ੁੱਧ ਸਰੂਪ ਮੰਨਿਆ ਜਾ ਸਕਦਾ ਹੈ। ਗੁਰਬਾਣੀ ਸੰਗੀਤ ਨੇ ਨਾ ਕੇਵਲ ਉਸ ਮਾਰਗੀ ਸੰਗੀਤ ਦੀ ਉFੱਚ ਅਧਿਆਤਮਕ ਪਰੰਪਰਾ ਨੂੰ ਸੁਰੱਖਿਅਤ ਅਤੇ ਸਥਿਰ ਹੀ ਨਹੀਂ ਰੱਖਿਆ ਸਗੋਂ ਇਸ ਵਿੱਚ ਵਿਕਾਸ ਕੀਤਾ ਅਤੇ ਦੇਸ਼ੀ ਸੰਗੀਤ ਨੂੰ ਵੀ ਮਾਰਗੀ ਸੰਗੀਤ ਦੀ ਪਿਉਂਦ ਲਾਈ ਜਿਸ ਨਾਲ ਇਸ ਦਾ ਖੇਤਰ ਹੋਰ ਵੀ ਵਿਸ਼ਾਲ ਹੋ ਗਿਆ। ਗੁਰੂ ਸਾਹਿਬਾਨ ਨੇ ਆਪਣੇ ਮੰਡਲ ਨਾਲ ਕੁਝ ਅਜਿਹੀਆਂ ਸੰਸਥਾਵਾਂ ਅਤੇ ਪ੍ਰੰਪਰਾਵਾਂ ਨੂੰ ਸੰਗਠਿਤ ਕੀਤਾ ਜਿਸ ਨਾਲ ਗੁਰਬਾਣੀ ਸੰਗੀਤ ਦੀ ਧਾਰਾ ਦਾ ਨਿਰੰਤਰ ਅਤੇ ਅਤੁੱਟ ਪ੍ਰਵਾਹ ਜਾਰੀ ਹੋਇਆ ਜੋ ਵਰਤਮਾਨ ਤੱਕ ਮਨੁੱਖਤਾ ਅਤੇ ਮਾਨਵ ਆਦਰਸ਼ਾਂ ਦੀ ਅਗਵਾਈ ਕਰ ਰਿਹਾ ਹੈ।

ਗੁਰਬਾਣੀ ਅਤੇ ਭਾਰਤੀ ਸੰਗੀਤ ਦੇ ਤੁਲਨਾਤਮਕ ਅਧਿਐਨ ਤੋਂ ਅਸੀਂ ਸਹਿਜੇ ਹੀ ਅਨੁਮਾਨ ਲਗਾ ਸਕਦੇ ਹਾਂ ਕਿ ਕ੍ਰਿਸ਼ਨ ਜੀ ਦੇ ਸੀ੍ਰ ਮਦਭਾਗਵਦ ਗੀਤਾ ਵਿੱਚ ਨਾਰਦ ਪ੍ਰਤਿ ਕਹੇ ਇਹ ਪ੍ਰਵਚਨ^

“ਨਾ ਹੋ ਵਾਸਾਗਿ ਬੈਕੰੁਠੇ ਯੋਗਿਨਾ ਹਿਰਦੈ ਨਚ।
ਮਦ ਭਕਤਾ : ਯਤ੍ਰ ਗਾਯੰਤੀ, ਤਤ੍ਰ ਤਿਸ੍ਰਠਾਮੀ ਨਾਰਦ।”

ਅਰਥਾਤ:- ਐ ਨਾਰਦ, ਨਾ ਮੈਂ ਬੈਕੁੰਠ ਵਿੱਚ ਰਹਿੰਦਾ ਹਾਂ ਅਤੇ ਨਾ ਹੀ ਯੋਗੀਆਂ ਦੇ ਹਿਰਦੇ ਵਿੱਚ ਸਗੋਂ ਮੈਂ ਉਥੇ ਨਿਵਾਸ ਕਰਦਾ ਹਾਂ ਜਿਥੇ ਮੇਰੇ ਭਗਤ ਮੈਨੂੰ ਗਾਇਨ ਦੁਆਰਾ ਯਾਦ ਕਰਦੇ ਹਨ।

ਉਸ ਮਹਾਨ ਸੰਗੀਤਾਚਾਰੀਆ, ਯੁਗ ਪੁਰਸ਼ ਭਗਵਾਨ ਕ੍ਰਿਸ਼ਨ ਜੀ ਦੇ ਇਹ ਪ੍ਰਵਚਨ ਗੁਰਬਾਣੀ ਸੰਗੀਤ ਦੇ ਵਧੇਰੇ ਨਿਕਟ ਹਨ ਕਿ ਭਾਰਤੀ ਸੰਗੀਤ ਦੇ ਇਸ ਪ੍ਰਸ਼ਨ ਦਾ ਨਿਰਣਾ ਤੁਸੀਂ ਆਪ ਹੀ ਕਰ ਲੈਣਾ।

ਜਿਵੇਂ ਕਿ ਅਸੀਂ ਪਹਿਲਾਂ ਵਿਚਾਰ ਚੁਕੇ ਹਾਂ ਕਿ ਭਾਰਤੀ ਸੰਗੀਤ ਦੇ ਪ੍ਰਾਚੀਨ ਆਚਾਰੀਆਂ ਨੇ ਸੰਗੀਤ ਨੂੰ “ਮੋਕਸ਼” ਪ੍ਰਾਪਤੀ ਦਾ “ਸਾਧਨ” ਮੰਨਿਆ ਹੈ। ਗੁਰਬਾਣੀ ਸੰਗੀਤ ਦਾ ਰਚਨਹਾਰ “ਕਈ ਬੈਕੁੰਠ ਨਾ ਹੀ ਲਵੈ ਲਾਗੇ। ਮੁਕਤਿ ਬਪੁੜੀ ਭੀ ਗਿਆਨੀ ਤਿਆਗੇ”। ਕਹਿੰਦਾ ਹੈ। ਇਸ ਦੇ ਆਚਾਰੀਆਂ ਦਾ ਲਕਸ਼ ਕੇਵਲ ਮੋਕਸ਼ ਪ੍ਰਾਪਤੀ ਦੇ ਸਾਧਨ ਤਕ ਹੀ ਸੰਗੀਤ ਨੂੰ ਸੀਮਤ ਨਹੀਂ ਰਖਦਾ ਸਗੋਂ ਉਨ੍ਹਾਂ ਦਾ ਲੱਕਸ਼ ਹੈ “ਰਾਜ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ।

ਉਪਰੋਕਤ ਵਿਚਾਰ ਦੇ ਨਿਸ਼ਕਰਸ਼ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਸੰਗੀਤ ਨੇ ਮੂਲ ਰੂਪ ਵਿੱਚ ਭਾਰਤ ਦੇ ਮਾਰਗੀ ਸੰਗੀਤ ਦੇ ਸ਼ੁੱਧ ਸਰੂਪ ਨੂੰ ਆਪਣੇ ਵਿੱਚ ਸੁਰੱਖਿਅਤ ਹੀ ਨਹੀਂ ਰੱਖਿਆ ਸਗੋਂ ਇਸ ਦੁੁਆਰਾ ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਇਕ ਮਹਾਨ ਗੁਣਾਤਮਕ ਅਤੇ ਕਲਾਤਮਕ ਪਰਿਵਰਤਨ ਵੀ ਹੋਇਆ ਹੈ। ਭਾਵੇਂ ਗੁਰਬਾਣੀ ਸੰਗੀਤ ਦੀ ਇਸ ਵਿਸੇਸ਼ ਪਰੰਪਰਾ ਦੀਆਂ ਸਾਰੀਆਂ ਵਿਸੇਸ਼ਤਾਵਾਂ ਬਾਰੇ ਹਾਲੀ ਕਾਫੀ ਖੋਜ ਲੋੜੀਂਦੀ ਹੈ ਫਿਰ ਵੀ ਇਸ ਦਾ ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਆਪਣਾ ਹੀ ਨਿੱਜੀ ਮਹੱਤਵ ਹੈ। ਇਸ ਦਾ ਪ੍ਰਮੁੰਖ ਯੋਗਦਾਾਨ ਜਿਵੇਂ ਕਿ ਪਹਿਲਾਂ ਵਰਣਨ ਕੀਤਾ ਗਿਆ ਹੈ, ਮਾਰਗੀ ਅਤੇ ਦੇਸ਼ੀ, ਉੱਤਰੀ ਅਤੇ ਦੱਖਣੀ ਸੰਗੀਤ ਪਧਤੀਆਂ ਦਾ ਸੰੁਦਰ ਸੁਮੇਲ ਜੋ ਕਿ ਸੰਗੀਤਕ ਪ੍ਰਬੀਨਤਾ ਦੇ ਪ੍ਰਦਰਸ਼ਨ ਵਜੋਂ ਨਹੀਂ ਸਗੋਂ ਇਕ ਜਗਿਆਸੂ ਦੀ ਉਪਾਸਨਾ ਅਤੇ ਸੁਹਿਰਦ ਸਾਧਨਾਂ ਦੇ ਰੂਪ ਵਜੋਂ ਹੋਂਦ ਵਿੱਚ ਆਇਆ ਹੈ। ਜਿਸ ਨੂੰ ਗੁਰੂ ਸਾਹਿਬਾਨ ਦੀਆਂ ਮਹਾਨ ਵਿਭੂਤੀਆਂ ਨੇ ਨਿਵਾਜਿਆ ਹੈ ਅਤੇ ਇਸ ਦਾ ਮਹੱਤਵ ਸਦੀਵੀ ਅਤੇ ਸਰਬਕਾਲੀ ਹੈ। ਇਹੋ ਹੀ ਕਾਰਣ ਹੈ ਕਿ ਸੀ੍ਰ ਗੁਰੂ ਨਾਨਕ ਦੇਵ ਜੀ ਵਰਗੇ ਰੱਬੀ ਗਾਇਕ ਦੀ ਕਲਪਨਾ ਵਿੱਚ “ਸੋਦਰੀ” ਸੰਗੀਤ ਅਤੇ ਵਿਸ਼ਵ ਵਿਆਪੀ ਸਰਬ ਸਮੇਂ ਹੋ ਰਹੀ “ਅਨਹਤਾ ਸਬਦ ਵਾਜੰਤ ਭੇਰੀ” ਆਰਤੀ ਦਾ ਮਹਾਨ ਸੰਕਲਪ ਉਤਪੰਨ ਹੋਇਆ ਜੋ ਸੰਗੀਤ ਕਲਾ ਦੇ ਇਤਿਹਾਸ ਵਿੱਚ ਇਕ ਅਪੂਰਵ ਅਤੇ ਅਨੂਠੀ ਦੇਣ ਸੀ। ਗੁਰੂ ਅਰਜਨ ਦੇਵ ਜੀ ਨੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਅਤੇ “ਨ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।” ਦਾ ਸੰਦੇਸ਼ ਇਸੇ ਸੰਗੀਤ ਦੀਆਂ ਮਧੁਰ ਸੁਰਾਵਲੀਆਂ ਵਿੱਚ ਗੁੰਦ ਕੇ ਮਨੁਖਤਾ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਹਿਬੂਬ ਨੂੰ ਖਿਰਾਜੇ ਅਕੀਦਤ ਇਸੇ ਸੰਗੀਤ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਪੇਸ਼ ਕੀਤਾ-

“ਨਮੋ ਗੀਤ ਗੀਤੇ। ਨਮੋ ਤਾਨ ਤਾਨੇ।
ਨਮੋ ਨ੍ਰਿਤ ਨ੍ਰਿਤੇ। ਨਮੋ ਨਾਦ ਨਾਦੇ।
ਨਮੋ ਪਾਨ ਪਾਨੇ। ਨਮੋ ਬਾਦ ਬਾਦੇ।

ਸ਼ੋਕ ਹੈ ਕਿ ਅਸੀਂ ਇਸ ਮਹਾਨ ਸੰਗੀਤ ਕਲਾ ਦੇ ਇਸ ਅਮੋਲਕ ਅਤੇ ਲਾਸਾਨੀ ਵਿਰਸੇ ਨੂੰ ਨਾ ਕੇਵਲ ਪੁੂਰਣ ਰੂਪ ਵਿੱਚ ਸੁਰੱਖਿਅਤ ਹੀ ਰੱਖ ਸਕੇ ਹਾਂ ਅਤੇ ਨਾ ਹੀ ਸਾਡੇ ਕੀਰਤਨਕਾਰਾਂ ਅਤੇ ਗਾਇਕਾਂ ਨੇ ਅਸਗਾਹ ਸਾਗਰ ਦਾ ਯੋਗ ਭਾਂਤ ਮੰਥਨ ਅਤੇ ਚਿੰਤਨ ਕੀਤਾ ਹੈ। ਇਹੋ ਹੀ ਕਾਰਣ ਹੈ ਕਿ ਗੁਰਬਾਣੀ ਸੰਗੀਤ ਸਰਬ ਸ੍ਰੇਸ਼ਟ ਹੋਣ ਤੇ ਵੀ ਅਜੇ ਤਕ ਇਹ ਵਿਸ਼ਵ ਵਿਆਪੀ ਸਥਾਨ ਨਹੀਂ ਲੈ ਸਕਿਆ।

(ਅੰਮ੍ਰਿਤ ਕੀਰਤਨ 1990 ਜਨਵਰੀ ਫਰਵਰੀ ਪ੍ਰੋ: ਤਾਰਾ ਸਿੰਘ ਵਿਸ਼ੇਸ਼ ਅੰਕ ਵਿੱਚੋਂ)