ਗੁਰਮਤਿ ਸੰਗੀਤ ਵਿਚ ਰਾਗ ਕਲਿਆਣ ਅਤੇ ਜੈਜਾਵੰਤੀ

*ਗੁਰਨਾਮ ਸਿੰਘ (ਡਾ.)

ਗੁਰਬਾਣੀ ਦੇ ਰਾਗਾਂ ਨੂੰ ਉਨ੍ਹਾਂ ਦੇ ਵਿਸ਼ਾ ਪ੍ਰਕ੍ਰਿਤੀ, ਵਿਸ਼ੇਸ਼ ਤਰਤੀਬ ਅਨੁਸਾਰ ਸਮਝਣ ਦੀ ਜ਼ਰੂਰਤ ਹੈ। ਅਸੀਂ ਗੁਰਮਤਿ ਸੰਗੀਤ ਸਬੰਧੀ ਇਨ੍ਹਾਂ ਖੋਜ ਨਿਬੰਧਾਂ ਵਿਚ 31 ਰਾਗਾਂ ਤੇ ਕੁਝ ਰਾਗ ਪ੍ਰਕਾਰਾਂ ਦਾ ਜ਼ਿਕਰ ਕੀਤਾ ਹੈ ਜਦੋਂ ਕਿ ਇਨ੍ਹਾਂ ਰਾਗਾਂ ਦਾ ਅਧਿਐਨ ਵਿਸ਼ਾਲ ਅਧਿਐਨ ਦੀਆਂ ਅਨੇਕ ਸੰਭਾਵਨਾਵਾਂ ਰਖਦਾ ਹੈ। ਸਾਡਾ ਮਕਸਦ ਪਾਠਕਾਂ ਨਾਲ ਇਨ੍ਹਾਂ ਰਾਗਾਂ ਦੀ ਬੁਨਿਆਦੀ ਸਾਂਝ ਪੁਆਉਣਾ ਹੈ ਤਾਂ ਉਹ ਕੀਰਤਨ ਵਿਚ ਇਨ੍ਹਾਂ ਦਾ ਪ੍ਰਚਾਰ ਕਰ ਸਕਣ।

ਗੁਰਮਤਿ ਸੰਗੀਤ ਦੇ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿਚ ਕਲਿਆਣ ਰਾਗ ਨੂੰ ਉਨੱਤੀਵਾਂ ਸਥਾਨ ਪ੍ਰਾਪਤ ਹੈ। ਰਾਗ ਕਲਿਆਣ ਭਾਰਤੀ ਸੰਗੀਤ ਦਾ ਇਕ ਪ੍ਰਸਿੱਧ ਅਤੇ ਮਹੱਤਵਪੂਰਨ ਰਾਗ ਹੈ। ਭਾਰਤੀ ਸੰਗੀਤ ਵਿਚ ਇਸ ਰਾਗ ਨੂੰ ਰਾਗਾਂਗ ਰਾਗਾਂ ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ ਇਸ ਰਾਗ ਨੂੰ ਯਵਨ, ਯਮਨ, ਏਮਨ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਪਰੰਤੂ ਗੁਰਮਤਿ ਸੰਗੀਤ ਵਿਚ ਇਸ ਨੂੰ ਸਿਰਫ਼ ‘ਕਲਿਆਣ’ ਨਾਮ ਵਜੋਂ ਹੀ ਦਰਸਾਇਆ ਗਿਆ ਹੈ। ਇਸ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਪਦੇ ਅਤੇ ਅਸਟਪਦੀਆਂ ਦੇ ਰੂਪ ਵਿਚ ਦਰਜ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਕਲਿਆਣ ਰਾਗ ਨੂੰ ਕਲਿਆਣ ਥਾਟ ਅਧੀਨ ਔੜਵ ਸੰਪੂਰਨ ਜਾਤੀ ਦਾ ਰਾਗ ਮੰਨਿਆ ਗਿਆ ਹੈ। ਜਿਸ ਦੇ ਆਰੋਹ ਵਿਚ ਮਧਿਅਮ ਤੇ ਨਿਸ਼ਾਦ ਵਰਜਿਤ ਹਨ। ਇਸ ਦਾ ਗੰਧਾਰ ਵਾਦੀ, ਧੈਵਤ ਸੰਵਾਦੀ ਅਤੇ ਸਮਾਂ ਰਾਤ ਦਾ ਪਹਿਲਾ ਪਹਿਰ ਦਰਸਾਇਆ ਗਿਆ ਹੈ।

ਕਲਿਆਣ ਰਾਗ ਦੀ ਲੋਕਪ੍ਰਿਯਤਾ ਅਤਿ ਅਧਿਕ ਹੋਣ ਕਰਕੇ ਇਸ ਦਾ ਸਰੂਪ ਸਮਾਨ ਰੂਪ ਵਿਚ ਗੁਰਮਤਿ ਸੰਗੀਤ ਪਰੰਪਰਾ ਅਤੇ ਭਾਰਤੀ ਸੰਗੀਤ ਪਰੰਪਰਾ ਵਿਚ ਪ੍ਰਚਲਿਤ ਹੈ। ਕਲਿਆਣ ਰਾਗ ਦੇ ਸਰਬ ਪ੍ਰਵਾਣਿਤ ਸਰੂਪ ਅਨੁਸਾਰ ਕਲਿਆਣ ਥਾਟ ਦੇ ਅਧੀਨ ਰਖਦਿਆਂ ਇਸ ਨੂੰ ਆਸ਼ਰਯ ਰਾਗ ਸਵੀਕਾਰਿਆ ਜਾਂਦਾ ਹੈ। ਇਸ ਵਿਚ ਤੀਵਰ ਮਧਿਅਮ ਅਤੇ ਬਾਕੀ ਸਾਰੇ ਸੁਰ ਸ਼ੁੱਧ ਵਰਤੇ ਜਾਂਦੇ ਹਨ। ਇਸ ਰਾਗ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਸੁਰ ਨਿਸ਼ਾਦ ਮੰਨਿਆ ਗਿਆ ਹੈ। ਇਸ ਰਾਗ ਦੀ ਜਾਤੀ ਵਕਰ ਸੰਪੂਰਨ ਮੰਨੀ ਜਾਂਦੀ ਹੈ। ਇਹ ਬੜਾ ਸਰਲ, ਮਧੁਰ ਅਤੇ ਅਲਾਪਚਾਰੀ ਪ੍ਰਧਾਨ ਰਾਗ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪਹਿਰ ਹੈ। ਕੁਝ ਵਿਦਵਾਨ ਇਸ ਦਾ ਵਾਦੀ-ਸੰਵਾਦੀ ਗੰਧਾਰ-ਧੈਵਤ ਮੰਨਦੇ ਹਨ, ਪਰੰਤੂ ਗੰਧਾਰ-ਨਿਸ਼ਾਦ ਨੂੰ ਵਾਦੀ-ਸੰਵਾਦੀ ਮੰਨਣਾ ਉਚਿਤ ਹੈ। ਇਸ ਦਾ ਆਰੋਹ ਨਿਸ਼ਾਦ (ਮੰਦਰ ਸਪਤਕ) ਰਿਸ਼ਭ ਗੰਧਾਰ, ਮਧਿਅਮ (ਤੀਵਰ) ਧੈਵਤ, ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ) ਨਿਸ਼ਾਦ ਧੈਵਤ ਪੰਚਮ, ਮਧਿਅਮ (ਤੀਵਰ) ਗੰਧਾਰ, ਰਿਸ਼ਭ ਨਿਸ਼ਾਦ (ਮੰਦਰ ਸਪਤਕ) ਰਿਸ਼ਭ ਸ਼ੜਜ ਹੈ। ਇਸ ਦਾ ਮੁੱਖ ਅੰਗ (ਪਕੜ) ਨਿਸ਼ਾਦ (ਮੰਦਰ ਸਪਤਕ) ਰਿਸ਼ਭ ਗੰਦਾਰ, ਗੰਧਾਰ ਰਿਸ਼ਭ ਗੰਧਾਰ ਮਧਿਅਮ (ਤੀਵਰ) ਪੰਚਮ ਰਿਸ਼ਭ, ਨਿਸ਼ਾਦ (ਮੰਦਰ ਸਪਤਕ) ਰਿਸ਼ਭ ਸ਼ੜਜ ਹੈ।

ਭਾਰਤੀ ਸੰਗੀਤ ਵਿਚ ਇਸ ਦੇ ਰਾਗ-ਅੰਗ ਦੇ ਸੰਯੋਗ ਤੋਂ ਕਈ ਰਾਗ ਪ੍ਰਕਾਰਾਂ ਦੀ ਉਤਪਤੀ ਹੈ ਜਿਵੇਂ ਸ਼ਾਮ ਕਲਿਆਣ, ਹਮੀਰ ਕਲਿਆਣ, ਭੂਪਾਲੀ ਕਲਿਆਣ, ਸਾਵਣੀ ਕਲਿਆਣ ਆਦਿ। ਗੁਰੂ ਗ੍ਰੰਥ ਸਾਹਿਬ ਵਿਚ ਕਲਿਆਣ ਦਾ ਇਕ ਪ੍ਰਕਾਰ ਕਲਿਆਣ ਭੋਪਾਲੀ ਗੁਰੂ ਸਾਹਿਬਾਨਾਂ ਦੁਆਰਾ ਦਰਜ ਕੀਤਾ ਗਿਆ ਹੈ।

ਕਲਿਆਣ ਰਾਗ ਦੇ ਅੰਤਰਗਤ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਕਲਿਆਣ ਭੋਪਾਲੀ ਮਹਲਾ 4 ਦੇ ਸਿਰਲੇਖ ਅਧੀਨ ਬਾਣੀ ਪੰਨਾ 1321 ਤੇ ਅੰਕਿਤ ਹੈ। ਜਿਵੇਂ ਕਿ ਇਸ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੈ ਕਿ ਇਹ ਰਾਗ ਕਲਿਆਣ ਅਤੇ ਰਾਗ ਭੋਪਾਲੀ ਦੇ ਸੁਮੇਲ ਤੋਂ ਬਣਿਆ ਮਿਸ਼ਰਿਤ ਰਾਗ ਹੈ।

ਇਹ ਰਾਗ ਕਲਿਆਣ ਰਾਗ ਤੋਂ ਭਿੰਨ ਹੈ ਅਤੇ ਆਪਣੀ ਸੁਤੰਤਰ ਹੋਂਦ ਰੱਖਦਾ ਹੈ। ਕੁਝ ਸੰਗੀਤਕਾਰ ਇਸ ਨੂੰ ਕੇਵਲ ਭੋਪਾਲੀ ਦੇ ਰੂਪ ਵਿਚ ਹੀ ਗਾਉਂਦੇ ਹਨ ਅਤੇ ਕੁਝ ਕਲਿਆਣ ਅਤੇ ਭੋਪਾਲੀ ਦਾ ਸੁਮੇਲ ਕਰਕੇ ਗਾਉਂਦੇ ਹਨ। ਸਾਡੇ ਮੱਤ ਅਨੁਸਾਰ ਦੂਸਰੀ ਵਿਧੀ ਜ਼ਿਆਦਾ ਉਚਿਤ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਪੰਨਾ 310 ਉਤੇ ਕਲਿਆਣ ਰਾਗ ਅਤੇ ਭੋਪਾਲੀ ਰਾਗਾਂ ਦਾ ਵੱਖਰਾ-ਵੱਖਰਾ ਜ਼ਿਕਰ ਕੀਤਾ ਗਿਆ ਹੈ। ਪਰੰਤੂ ਦੋਹਾਂ ਦੇ ਸੁਮੇਲ ਤੋਂ ਉਤਪੰਨ ਕਲਿਆਣ ਭੋਪਾਲੀ ਰਾਗ ਦਾ ਜ਼ਿਕਰ ਨਹੀਂ ਕੀਤਾ ਗਿਆ।
ਪ੍ਰਚਾਰ ਅਧੀਨ ਰਾਗ ਕਲਿਆਣ ਭੋਪਾਲੀ ਦੇ ਦੋ ਪ੍ਰਕਾਰ ਉਪਲਬਧ ਹਨ। ਪ੍ਰਥਮ ਰੂਪ ਅਨੁਸਾਰ ਇਸ ਰਾਗ ਦੀ ਜਾਤੀ ਵਕਰ-ਸੰਪੂਰਨ ਹੈ। ਵਾਦੀ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਸ ਵਿਚ ਮਧਿਅਮ ਤੀਵਰ ਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਇਸ ਦਾ ਗਾਇਨ ਸਮਾਂ ਰਾਤ ਦਾ ਪਹਿਲਾ ਪਹਿਰ ਹੈ।

ਗੁਰਮਤਿ ਸੰਗੀਤ ਵਿਦਵਾਨਾਂ ਅਤੇ ਰਾਗ ਨਿਰਣਾਇਕ ਕਮੇਟੀ ਨੇ ਇਸ ਰਾਗ ਦਾ ਨਿਮਨਲਿਖਤ ਰੂਪ ਪ੍ਰਵਾਨ ਕਰਦਿਆਂ ਇਸ ਰਾਗ ਦੀ ਜਾਤੀ ਸੰਪੂਰਨ ਔੜਵ ਹੈ। ਇਸ ਵਿਚ ਮਧਿਅਮ ਤੀਬਰ ਤੇ ਹੋਰ ਸੁਰ ਸ਼ੁੱਧ ਲਗਦੇ ਹਨ। ਇਸ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਸ ਦੇ ਅਵਰੋਹ ਵਿਚ ਨਿਸ਼ਾਦ ਅਤੇ ਮਧਿਅਮ ਵਰਜਿਤ ਹੈ। ਇਸ ਰਾਗ ਨੂੰ ਰਾਤ ਦੇ ਪਹਿਲੇ ਪਹਿਰ ਗਾਇਆ ਵਜਾਇਆ ਜਾਂਦਾ ਹੈ। ਇਸ ਦਾ ਆਰੋਹ ਸ਼ੜਜ, ਨਿਸ਼ਾਦ (ਮੰਦਰ ਸਪਤਕ) ਰਿਸ਼ਭ ਗੰਧਾਰ, ਮਧਿਅਮ (ਤੀਵਰ) ਪੰਚਮ, ਮਧਿਅਮ (ਤੀਵਰ) ਧੈਵਤ ਨਿਸ਼ਾਦ ਸ਼ੜਜ (ਤਾਰ ਸਪਤਕ) ਅਤੇ ਅਵਰੋਹ ਸ਼ੜਜ (ਤਾਰ ਸਪਤਕ), ਧੈਵਤ ਪੰਚਮ, ਗੰਧਾਰ ਰਿਸ਼ਭ ਸ਼ੜਜ ਹੈ।

ਹਰਿਮੰਦਰ ਸਾਹਿਬ ਵਿਖੇ ਰਾਗਾਂਤਮਕ ਕੀਰਤਨ ਚੌਕੀ ਪਰੰਪਰਾ ਵਿਚ ਕਲਿਆਣ ਦੀ ਚੌਕੀ ਵਿਸ਼ੇਸ਼ ਹੈ ਜਿਸ ਦਾ ਗਾਇਨ ਰਾਤ ਦੇ ਪਹਿਲੇ ਪਹਿਰ ਸਮੇਂ ਕੀਤਾ ਜਾਂਦਾ ਹੈ। ਇਸ ਚੌਕੀ ਵਿਚ ਇਸ ਸਮੇਂ ਦੇ ਹੋਰ ਰਾਗਾਂ ਸਹਿਤ ਰਾਗ ਕਲਿਆਣ ਅਤੇ ਕਲਿਆਣ ਭੋਪਾਲੀ ਰਾਗ ਦੇ ਸ਼ਬਦਾਂ ਦਾ ਗਾਇਨ ਵਿਸ਼ੇਸ਼ ਤੌਰ ’ਤੇ ਕੀਤਾ ਜਾਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਵਿਚ ਅੰਕਿਤ ਮੁੱਖ 31 ਰਾਗਾਂ ਵਿਚੋਂ ਜੈਜਾਵੰਤੀ ਰਾਗ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੀ ਦਰਜ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਸਮ ਪਾਤਸ਼ਾਹ ਦੀ ਅਗਵਾਈ ਵਿਚ ਗ੍ਰੰਥ ਸਾਹਿਬ ਦਾ ਹਿੱਸਾ ਬਣਾਈ ਗਈ। ਇਸ ਰਾਗ ਨੂੰ ਵਿਜੈ, ਜੈਕਾਰ ਤੇ ਚੜ੍ਹਦੀਕਲਾ ਦਾ ਰਾਗ ਮੰਨਿਆ ਗਿਆ ਹੈ।

ਰਾਗ ਜੈਜਾਵੰਤੀ ਇਕ ਮਧੁਰ ਤੇ ਆਕਰਸ਼ਕ ਰਾਗ ਹੈ। ਇਹ ਗੰਭੀਰ ਅਤੇ ਕਰੁਣਾਮਈ ਪ੍ਰਕਿਰਤੀ ਦਾ ਹੈ। ਜੈਜਾਵੰਤੀ ਰਾਗ ਮੱਧ ਕਾਲ ਦੇ ਸ਼ੁੱਧ, ਛਾਇਆਲਗ ਅਤੇ ਸੰਕੀਰਣ ਵਰਗੀਕਰਣ ਅਨੁਸਾਰ, ਸੰਕੀਰਣ ਵਰਗ ਦਾ ਰਾਗ ਹੈ। ਇਸ ਵਿਚ ਕਈ ਰਾਗਾਂ ਦੀ ਝਲਕ ਨਜ਼ਰ ਪੈਂਦੀ ਹੈ। ਕਈ ਲੇਖਕਾਂ ਨੇ ਰਾਗ ਜੈਜਾਵੰਤੀ ਨੂੰ ਰਾਗਣੀ ਮੰਨਿਆ ਹੈ। ਭਾਈ ਵੀਰ ਸਿੰਘ ਰਾਗ ਜੈਜਾਵੰਤੀ ਬਾਰੇ ਲਿਖਦੇ ਹਨ -: ਜੈਜਾਵੰਤੀ – ਗੁਰਮਤਿ ਸੰਗੀਤ ਵਿਚ ਇਹ ਇਕ ਭਿੰਨ ਰਾਗਣੀ ਹੈ। ਕਾਨੜਾ, ਸੋਰਠੀ ਦੇ ਮੇਲ ਤੋਂ ਬਣਦੀ ਹੈ ਪਰੰਤੂ ਹੋਰਨਾਂ ਮਤਾਂ ਵਿਚ ਜੇਹਾ ਕਿ ਹਨੂਮਾਨ ਮੱਤ ਵਿਚ ਦੀਪਕ ਦੀ ਨੂੰਹ ਲਿਖੀ ਹੈ। ਇਥੇ ਧੌਲਸਿਰੀ, ਸੋਰਠਿ, ਬਿਲਾਵਲ ਦਾ ਮੇਲ ਦੀਪਕ ਦੀ ਛਾਇਆ ਸਮੇਤ ਜੈਜਾਵੰਤੀ ਬਣਦੀ ਹੈ। ਗੁਰਬਾਣੀ ਅਨੁਸਾਰ ਜੈਜਾਵੰਤੀ ਰਾਗ ਹੈ ਇਸ ਦੀ ਪੁਸ਼ਟੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1352 ਤੇ ਰਾਗ ਜੈਜਾਵੰਤੀ ਮਹਲਾ 9 ਦੇ ਸਿਰਲੇਖ ਤੋਂ ਹੁੰਦੀ ਹੈ।

ਰਾਗ ਜੈਜਾਵੰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਪ੍ਰਬੰਧ ਦਾ ਅੰਤਿਮ ਰਾਗ ਹੈ। ਭਾਰਤੀ ਸੰਗੀਤ ਵਿਚ ਇਸ ਨੂੰ ‘ਜੈਜਾਵੰਤੀ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੰਡਤ ਵਿਸ਼ਨੂ ਨਾਰਾਇਣ ਭਾਤਖੰਡੇ ਨੇ ਇਸ ਰਾਗ ’ਤੇ ਆਪਣੀ ਰਚਨਾ ਭਾਤਖੰਡੇ ਸੰਗੀਤ ਸ਼ਾਸਤਰ ਭਾਗ ਪਹਿਲਾ ਵਿਚ ਵਿਧੀ ਪੂਰਵਕ ਵਿਚਾਰ ਚਰਚਾ ਕੀਤੀ ਹੈ। ਰਾਗ ਜੈਜਾਵੰਤੀ ਨੂੰ ਦੋ ਅੰਗਾਂ ਨਾਲ ਗਾਇਨ ਕਰਨ ਦੀ ਪ੍ਰਥਾ ਹੈ। ਇਕ ਸੋਰਠਿ ਜਾਂ ਦੇਸ ਅੰਗ ਅਤੇ ਦੂਜਾ ਬਾਗੇਸ਼ਵਰੀ ਅੰਗ। ਰਾਗ ਜੈਜਾਵੰਤੀ, ਖਮਾਜ ਥਾਟ ਦਾ ਰਾਗ ਮੰਨਿਆ ਜਾਂਦਾ ਹੈ। ਇਸ ਰਾਗ ਵਿਚ ਦੋਵੇਂ ਗੰਧਾਰ ਅਤੇ ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਸੰਗੀਤ ਵਿਦਵਾਨ ਇਸ ਦਾ ਵਾਦੀ ਸੁਰ ਰਿਸ਼ਭ ਹੋਣ ਕਰਕੇ ਇਸ ਰਾਗ ਨੂੰ ਪੂਰਵਾਂਗਵਾਦੀ ਵਰਗ ਦਾ ਰਾਗ ਪ੍ਰਵਾਨ ਕਰਦੇ ਹਨ। ਇਸ ਰਾਗ ਦੇ ਅਵਰੋਹ ਵਿਚ ਕੋਮਲ ਗੰਧਾਰ ਦਾ ਪ੍ਰਯੋਗ ਹਮੇਸ਼ਾ ਰਿਸ਼ਭ ਦੇ ਸੰਯੋਗ ਨਾਲ ਹੁੰਦਾ ਹੈ, ਜਿਵੇਂ ਕਿ ਮਧਿਅਮ ਗੰਧਾਰ ਰਿਸ਼ਭ ਗੰਧਾਰ (ਕੋਮਲ) ਰਿਸ਼ਭ ਸ਼ੜਜ। ਆਰੋਹ ਵਿਚ ਜਾਂਦੇ ਸਮੇਂ ਦੇਸ ਜਾਂ ਸੋਰਠਿ ਅੰਗ ਨਾਲ ਧੈਵਤ ਵਰਜਿਤ ਕਰਕੇ ਸ਼ੁਧ ਨਿਸ਼ਾਦ ਲੈ ਕੇ ਤਾਰ ਸਪਤਕ ਦੇ ਸ਼ੜਜ ਵਿਚ ਪ੍ਰਵੇਸ਼ ਕੀਤਾ ਜਾਂਦਾ ਹੈ ਜਿਵੇਂ ਮਧਿਅਮ-ਪੰਚਮ ਨਿਸ਼ਾਦ ਨਿਸ਼ਾਦ ਸ਼ੜਜ(ਤਾਰ ਸਪਤਕ) ਨਿਸ਼ਾਦ ਸ਼ੜਜ(ਤਾਰ ਸਪਤਕ) ਅਤੇ ਸ਼ੜਜ ਤੋਂ ਅੱਗੇ ਜਾਣ ਵੇਲੇ ਸ਼ੜਜ ਵਰਜਿਤ ਕਰਕੇ ਕੋਮਲ ਨਿਸ਼ਾਦ ਦਾ ਪ੍ਰਯੋਗ ਹੁੰਦਾ ਹੈ, ਜਿਵੇਂ ਕਿ ਨਿਸ਼ਾਦ ਸ਼ੜਜ(ਤਾਰ ਸਪਤਕ) ਧੈਵਤ ਨਿਸ਼ਾਦ(ਕੋਮਲ) ਰਿਸ਼ਭ(ਤਾਰ ਸਪਤਕ) ਆਦਿ। ਅੰਤਰੇ ਦੇ ਉਠਾਵ ਸਮੇਂ ਬਾਗੇਸ਼ਵਰੀ ਅੰਗ ਨਾਲ ਪੰਚਮ ਵਰਜਿਤ ਕਰਕੇ ਕੋਮਲ ਨਿਸ਼ਾਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਮਧਿਅਮ ਧੈਵਤ ਨਿਸ਼ਾਦ (ਕੋਮਲ) ਸ਼ੜਜ (ਤਾਰ ਸਪਤਕ)।
ਗੁਰਮਤਿ ਸੰਗੀਤ ਅਧੀਨ ਰਾਗ ਜੈਜਾਵੰਤੀ ਦਾ ਸਰਵਪ੍ਰਵਾਨਿਤ ਸਰੂਪ ਇਸ ਪ੍ਰਕਾਰ ਹੈ -: ਥਾਟ ਖਮਾਜ, ਜਾਤੀ ਸ਼ਾੜਵ-ਸੰਪੂਰਨ, ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਸੁਰ ਪੰਚਮ ਇਸ ਵਿਚ ਦੋਵੇਂ ਗੰਧਾਰ ਅਤੇ ਦੋਵੇਂ ਨਿਸ਼ਾਦ ਤੇ ਬਾਕੀ ਸਭ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਇਸ ਰਾਗ ਦਾ ਗਾਇਨ ਸਮਾਂ ਰਾਤ ਦਾ ਦੂਸਰਾ ਪਹਿਰ ਪ੍ਰਵਾਨਿਆ ਹੈ। ਇਸ ਰਾਗ ਦਾ ਆਰੋਹ ਸ਼ੜਜ, ਰਿਸ਼ਭ ਗੰਧਾਰ ਮਧਿਅਮ ਪੰਚਮ, ਨਿਸ਼ਾਦ ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ) ਨਿਸ਼ਾਦ (ਕੋਮਲ) ਧੈਵਤ ਪੰਚਮ, ਧੈਵਤ ਮਧਿਅਮ, ਰਿਸ਼ਭ ਗੰਧਾਰ (ਕੋਮਲ) ਰਿਸ਼ਭ ਸ਼ੜਜ ਮੰਨਿਆ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਜੈਜਾਵੰਤੀ ਦਾ ਸਰੂਪ ਉਕਤ ਸਰੂਪ ਤੋਂ ਅਲਗ ਦਰਸਾਇਆ ਗਿਆ ਹੈ। ਭਾਈ ਕਾਨ ਸਿੰਘ ਨਾਭਾ ਨੇ ਇਸ ਰਾਗ ਦਾ ਆਰੋਹ ਸ਼ੜਜ ਰਿਸ਼ਭ ਗੰਧਾਰ ਮਧਿਅਮ ਪੰਚਮ ਧੈਵਤ ਨਿਸ਼ਾਦ ਸ਼ੜਜ ਅਤੇ ਅਵਰੋਹ ਸ਼ੜਜ ਨਿਸ਼ਾਦ(ਕੋਮਲ) ਧੈਵਤ ਪੰਚਮ ਮਧਿਅਮ ਗੰਧਾਰ (ਕੋਮਲ) ਰਿਸ਼ਭ ਸ਼ੜਜ ਮੰਨਿਆ ਹੈ।

ਰਾਗ ਜੈਜਾਵੰਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਕ ਬਾਣੀ ਪੰਨਾ 1352 ’ਤੇ ਅੰਕਿਤ ਹੈ ਅਤੇ ਇਸ ਤੋਂ ਬਾਅਦ ਪੰਨਾ 1353 ਤੋਂ 1429 ਤੱਕ ਸਲੋਕ ਸਹਸਕ੍ਰਿਤੀ ਮਹਲਾ 1, 5, ਗਾਥਾ ਮਹਲਾ 5, ਫੁਨਹੇ ਮਹਲਾ 5, ਚਉਬੋਲੇ ਮਹਲਾ 5, ਸਲੋਕ ਭਗਤ ਕਬੀਰ ਜੀਉ, ਸ਼ੇਖ ਫ਼ਰੀਦ ਜੀਉ, ਸਲੋਕ ਵਾਰਾਂ ਤੇ ਵਧੀਕ, ਸਲੋਕ ਮਹਲਾ 9, ਰਾਗ ਸਿਰਲੇਖਾਂ ਤੋਂ ਬਿਨਾਂ ਦਰਜ ਹਨ। ਇਸ ਰਾਗ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਪਦੇ ਅੰਕਿਤ ਹਨ।

ਰਾਗ ਜੈਜਾਵੰਤੀ ਦੇ ਅਧੀਨ 20ਵੀਂ ਸਦੀ ਦੇ ਪ੍ਰਮੁੱਖ ਰਚਨਾਕਾਰ ਸ੍ਰ. ਗਿਆਨ ਸਿੰਘ ਐਬਟਾਬਾਦ, ਪ੍ਰੋ. ਤਾਰਾ ਸਿੰਘ, ਰਾਗੀ ਜਸਵੰਤ ਸਿੰਘ ਤੀਵਰ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰ. ਦਿਆਲ ਸਿੰਘ, ਡਾ. ਜਾਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਹਰਮਿੰਦਰ ਸਿੰਘ, ਆਦਿ ਦੀਆਂ ਸੁਰਲਿਪੀਬੱਧ ਰਚਨਾਵਾਂ ਮਿਲਦੀਆਂ ਹਨ।

ਰਾਗ ਜੈਜਾਵੰਤੀ ਨੂੰ ਗੁਰੂ ਘਰ ਦੇ ਕੀਰਤਨੀਆਂ, ਰਾਗੀਆਂ ਤੇ ਸੰਗੀਤਕਾਰਾਂ ਨੇ ਬਾਖੂਬੀ ਗਾਇਆ ਹੈ ਜਿਨ੍ਹਾਂ ਦੀ ਰਿਕਾਰਡਿੰਗ ਅਸੀਂ www.gurmatsangeetpup.com,  www.sikh-relics.com, www.vismaadnaad.org ਵੈਬਸਾਈਟਸ ਤੇ ਸੁਣ ਸਕਦੇ ਹਾਂ।

ਪ੍ਰਸਿੱਧ ਸਿੱਖ ਚਿੱਤਰਕਾਰ ਦੇਵਿੰਦਰ ਸਿੰਘ ਹੁਰਾਂ ਤੋਂ ਰਾਗਾਂ ਵਿਚ ਰਚਿਤ ਬਾਣੀ ਦੇ ਅਧਿਐਨ ਤੋਂ ਬਾਅਦ ਬਾਣੀ ਆਧਾਰਿਤ ਰਾਗਾਂ ਦੇ ਚਿੱਤਰ, ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਿਮ੍ਰਤੀ ਗ੍ਰੰਥ, 1992 ਲਈ ਤਿਆਰ ਕਰਵਾਏ ਗਏ ਸਨ, ਜਿਸ ਤੋਂ ਰਾਗਾਂ ਦੀ ਬਾਣੀ ਦੇ ਪ੍ਰਸੰਗ ਵਿਚ ਕਲਾਤਮਕ ਪਛਾਣ ਉਜਾਗਰ ਹੁੰਦੀ ਹੈ। ਇਸੀ ਸੰਦਰਭ ਵਿਚ ਰਾਗ ਜੈਜਾਵੰਤੀ ਦਾ ਚਿਤਰ ਅਸੀਂ ਪਾਠਕਾਂ ਲਈ ਪ੍ਰਕਾਸ਼ਿਤ ਕਰ ਰਹੇ ਹਾਂ।

Leave a Reply

Your email address will not be published. Required fields are marked *