*ਗੁਰਨਾਮ ਸਿੰਘ (ਡਾ.)
ਗੁਰਦੁਆਰਾ ਰਕਾਬਗੰਜ ਵਿਖੇ ਸਥਾਪਤ ਗੁਰਮਤਿ ਵਿਦਿਆਲਾ ਦੁਆਰਾ ਸਿੱਖੀ ਤੇ ਗੁਰਮਤਿ ਪਰੰਪਰਾਵਾਂ ਦਾ ਜ਼ਿਕਰਯੋਗ ਪ੍ਰਚਾਰ ਹੋਇਆ ਹੈ। ਇਹ ਵਿਦਿਆਲਾ ਪਿਛਲੇ ਨੌ ਦਹਾਕਿਆਂ ਤੋਂ ਗੁਰਮਤਿ ਸੰਗੀਤ ਦੇ ਪ੍ਰਚਾਰਕ, ਕੀਰਤਨੀਏ ਤੇ ਵਿਆਖਿਆਕਾਰ ਨੂੰ ਵਿਧੀ ਪੂਰਵਕ ਸਿਖਲਾਈ ਦੇ ਰਿਹਾ ਹੈ। ਦੇਸ਼ ਵਿਦੇਸ਼ ਵਿਚ ਇਸ ਵਿਦਿਆਲੇ ਤੋਂ ਤਾਲੀਮ ਯਾਫਤਾ ਸਿਖਿਆਰਥੀ ਵੱਖ ਗੁਰੂ ਅਸਥਾਨਾਂ, ਵਿਦਿਆਲਿਆਂ ਤੇ ਲੋਕ ਸੰਗੀਤ ਸੰਸਥਾਵਾਂ ਵਿਚ ਕਾਰਜਸ਼ੀਲ ਹਨ।
ਗੁਰਮਤਿ ਵਿਦਿਆਲਾ (ਗੁਰਦੁਆਰਾ ਰਕਾਬਗੰਜ, ਦਿੱਲੀ) ਦੀ ਸਥਾਪਨਾ 1930 ਵਿਚ ਗੁਰੂ ਨਾਨਕ ਵਿਦਿਆ ਭੰਡਾਰ ਟਰਸਟ, ਨਵੀਂ ਦਿੱਲੀ ਦੁਆਰਾ ਸਰਦਾਰ ਬਹਾਦਰ ਧਰਮ ਸਿੰਘ (1881-1933) ਦੇ ਯਤਨਾਂ ਦੁਆਰਾ ਕੀਤੀ ਗਈ। ਕਿਰਤੀ, ਧਰਮੀ ਤੇ ਦਾਨੀ ਸਰਦਾਰ ਧਰਮ ਸਿੰਘ ਨੇ ਦਿੱਲੀ, ਯੂ.ਪੀ. ਤੇ ਆਲੇ ਦੁਆਲੇ ਦੇ ਇਲਾਕੇ ਵਿਚ ਸਿੱਖੀ ਦੇ ਪ੍ਰਚਾਰ ਲਈ ਯਤਨ ਆਰੰਭੇ ਜਿਨ੍ਹਾਂ ਦੀ ਪੂਰਤੀ ਲਈ 1924 ਵਿਚ ਗੁਰੂ ਨਾਨਕ ਵਿਦਿਆ ਟਰਸਟ ਭੰਡਾਰ, ਨਵੀਂ ਦਿੱਲੀ ਦੀ ਸਥਾਪਨਾ ਕੀਤੀ ਗਈ ਅਤੇ ਇਸ ਟਰਸਟ ਦੁਆਰਾ ਗੁਰਮਤਿ ਵਿਦਿਆਲੇ ਦਾ ਆਰੰਭ ਹੋਇਆ ਜਿਸਦੇ ਪਹਿਲੇ ਮੁਖੀ ਗਿਆਨੀ ਹਰਦਿੱਤ ਸਿੰਘ ਜੀ ਨੂੰ ਥਾਪਿਆ ਗਿਆ।
ਗਿਆਨੀ ਹਰਦਿਤ ਸਿੰਘ (1904-1967), ਪਾਕਿਸਤਾਨ ਦੇ ਸੂਬਾ ਸਰਹੰਦ ਜਿਲਾ ਹਜ਼ਾਰਾ ਸਿੰਘ ਜਨਮੇ। ਆਪ ਨੇ ਖਾਲਸਾ ਪ੍ਰਚਾਰਕ ਵਿਦਿਆਲਾ, ਤਰਨਤਾਰਨ ਵਿਖੇ ਪੰਡਤ ਨੱਥੂ ਰਾਮ ਤੋਂ ਸੰਗੀਤ ਵਿਦਿਆ ਪ੍ਰਾਪਤ ਕੀਤੀ। ਆਪ ਨੇ ਗਿਆਨੀ ਬਲਵੰਤ ਸਿੰਘ ਨਾਲ ਸਿੰਧ ਵਿਖੇ ਕੀਰਤਨ ਦੁਆਰਾ ਸੇਵਾ ਕੀਤੀ।
ਗੁਰਮਤਿ ਵਿਦਿਆਲੇ ਦੀ ਸਥਾਪਨਾ ਦੇ ਇਤਿਹਾਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਬਿਜਨੌਰ ਦੇ ਕੁਝ ਸਿੰਘ (ਰਮਈਏ ਸਿੰਘ) ਸਰਦਾਰ ਧਰਮ ਸਿੰਘ ਨੂੰ ਮਿਲੇ ਤੇ ਬੇਨਤੀ ਕੀਤੀ ਕਿ ਯੂ.ਪੀ. ਦੇ ਇਸ ਸਥਾਨ ਤੇ ਘੱਟ ਗਿਣਤੀ ਵਿਚ ਵਸਦੇ ਸਿੱਖਾਂ ਲਈ ਗੁਰ ਮਰਿਆਦਾ ਅਨੁਸਾਰ ਰਹੁ ਰੀਤਾਂ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ। ਸਰਦਾਰ ਧਰਮ ਸਿੰਘ ਨੇ ਇਸ ਸੇਵਾ ਲਈ ਗਿਆਨੀ ਹਰਦਿੱਤ ਸਿੰਘ ਨੂੰ ਭੇਜਿਆ। ਮੁਰਾਦਾਬਾਦ ਵਿਚ ਕੁਝ ਪਿੰਡ ਪਛਾਦੇ ਜੱਟ ਸਿੱਖਾਂ ਦੇ ਸਨ; ਜੋ ਸਿੱਖ ਰਾਜ ਤੋਂ ਪਹਿਲਾਂ ਮਿਸਲਾਂ ਦੇ ਸਮੇਂ ਤੋਂ ਯੂ.ਪੀ. ਵਿਖੇ ਅਣ ਵਖੇ ਸਨ। ਗਿਆਨੀ ਹਰਦਿੱਤ ਸਿੰਘ ਜੀ ਜਿਨ੍ਹਾਂ ਯੂ.ਪੀ. ਵਿਚ ਸਿੱਖਾਂ ਲਈ ਖੂਬ ਪ੍ਰਚਾਰ ਕੀਤਾ, ਉਪਰੰਤ ਗਿਆਨੀ ਹਰਦਿੱਤ ਸਿੰਘ ਹੀ ਗੁਰਮਤਿ ਵਿਦਿਆਲੇ ਦੇ ਪਹਿਲੇ ਮੁਖੀ ਥਾਪੇ ਗਏ। ਆਰੰਭ ਵਿਚ ਆਪ ਕੋ ਪਿੰਡ ਖੰਡਸਾਲ ਕਲਾਂ ਤੋਂ ਕੁਝ ਵਿਦਿਆਰਥੀ ਦਾਖਲ ਹੋਏ। ਦੋ ਵਰ੍ਹਿਆਂ ਬਾਅਦ ਹੀ ਇਹ ਵਿਦਿਆਰਥੀ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਮੇਰਠ, ਮੁਰਾਦਾਬਾਦ ਬਿਜਨੌਰ, ਸਹਾਰਨਪੁਰ, ਗੁੜਗਾਂਵ, ਮਥਰਾ, ਆਗਰਾ ਆਦਿਕ ਜਿਲ੍ਹਿਆਂ ਵਿਚ ਕੀਰਤਨ ਦੁਆਰਾ ਸਿੱਖੀ ਦੇ ਪ੍ਰਚਾਰ ਲਈ ਵਿਸ਼ੇਸ਼ ਦੂਤ ਸਾਬਤ ਹੋਏ। ਫਲਸਰੂਪ ਇਨ੍ਹਾਂ ਇਲਾਕਿਆਂ ਤੋਂ ਵਿਦਿਆਰਥੀ ਦਾਖਲ ਹੋਣ ਲਗੇ ਅਤੇ ਇਸ ਯਤਨ ਨੂੰ ਬੂਰ ਪੈਣ ਲੱਗਾ। ਗਿਆਨੀ ਹਰਦਿੱਤ ਸਿੰਘ ਨਾਲ ਉਨ੍ਹਾਂ ਦੇ ਛੋਟੇ ਭਰਾਤਾ ਗਿਆਨੀ ਜੋਧ ਸਿੰਘ ਮਸਤਾਨ ਕੀਰਤਨ ਅਤੇ ਗਿਆਨੀ ਹਰਨਾਮ ਸਿੰਘ ਬੱਲਭ ਵਿਆਖਿਆ ਤੇ ਗੁਰ ਇਤਿਹਾਸ ਦੇ ਅਧਿਆਪਕ ਰਹੇ। ਗਿਆਨੀ ਹਰਦਿੱਤ ਸਿੰਘ ਨੇ 1967 ਤੱਕ ਇਹ ਸੇਵਾ ਨਿਰੰਤਰ ਕੀਤੀ। ਉਪਰੰਤ ਗਿਆਨੀ ਕਿਸ਼ਨ ਸਿੰਘ ਪ੍ਰਵਾਨਾ ਕੁਝ ਸਮਾਂ ਸਿਖਿਆ ਦਿੰਦੇ ਰਹੇ। 1967 ਤੋਂ ਬਾਅਦ ਭਾਈ ਦਿਆਲ ਸਿੰਘ ਨੂੰ ਇਸ ਵਿਦਿਆਲੇ ਦਾ ਮੁਖੀ ਥਾਪਿਆ ਗਿਆ। ਭਾਈ ਦਿਆਲ ਸਿੰਘ ਨੇ ਗੁਰਮਤਿ ਵਿਦਿਆਲੇ ਤੋਂ ਹੀ 1946 ਤੋਂ 1951 ਤੱਕ ਸਿਖਿਆ ਪ੍ਰਾਪਤ ਕੀਤੀ। ਆਪ ਦਿਲਰੁਬਾ ਤੇ ਸਾਰੰਦਾ ਤੰਤੀ ਸਾਜ਼ ਦੇ ਵਾਦਕ ਵੀ ਸਨ। ਆਪ ਨੇ 1939 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਵੀ ਦਿਲਰੁਬਾ ਵਾਦਕ ਵਜੋਂ ਸੇਵਾ ਕੀਤੀ। ਆਪ ਰਬਾਬੀ ਭਾਈ ਤਾਬਾ ਅਤੇ ਸ. ਗਿਆਨ ਸਿੰਘ ਐਬਟਾਬਾਦ (ਗੁਰਮਤਿ ਸੰਗੀਤ ਦੀਆਂ ਸ਼ਬਦ ਕੀਰਤਨ ਰਚਨਾਵਾਂ ਦੇ ਸੰਗ੍ਰਹਿਕ ਅਤੇ ਕੀਰਤਨੀਏ) ਦੀ ਸੰਗਤ ਵਿਚ ਰਹੇ। ਇਨ੍ਹਾਂ ਦੀ ਪ੍ਰੇਰਨਾ ਨਾਲ ਪ੍ਰਿੰ. ਦਿਆਲ ਸਿੰਘ ਨੇ ਗੁਰਮਤਿ ਸੰਗੀਤ ਨੂੰ ਆਪਣੀਆਂ ਲਿਖਤਾਂ ਦੁਆਰਾ ਅਮੀਰ ਬਣਾਇਆ। ਪ੍ਰਿੰ. ਦਿਆਲ ਸਿੰਘ ਨੇ 1957 ਤੋਂ 2012 ਤੱਕ ਗੁਰਮਤਿ ਵਿਦਿਆਲੇ ਦੀ ਸੇਵਾ ਕੀਤੀ।
ਗੁਰਮਤਿ ਵਿਦਿਆਲੇ ਵਿਚ ਵਿਦਿਆਰਥੀਆਂ ਦੀ ਸਿਖਲਾਈ ਦਾ ਕਾਰਜ ਬਾਕੀ ਵਿਦਿਆਲਿਆਂ ਲਈ ਵੀ ਇਕ ਮਿਸਾਲ ਹੈ। ਯੂ.ਪੀ. ਅਤੇ ਇਸ ਦੇ ਨਾਲ ਲਗ ਕੇ ਇਲਾਕਿਆਂ ਵਿਚ ਗਰੀਬ ਲੋੜਵੰਦ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਨ ਤੇ ਰੋਜ਼ੀ ਰੋਟੀ ਦੇ ਕਾਬਲ ਬਨਾਉਣ ਲਈ ਇਕ ਵਿਆਪਕ ਪ੍ਰੋਗਰਾਮ ਨਾ ਕੇਵਲ ਤਿਆਰ ਕੀਤਾ ਗਿਆ ਸਗੋਂ ਇਸਨੂੰ ਬਾਖੂਬੀ ਲਾਗੂ ਵੀ ਕੀਤਾ ਗਿਆ। ਨਿਤਾਪ੍ਰਤਿ ਦੀ ਗੁਰ ਮਰਿਆਦਾ ਨੂੰ ਲਾਗੂ ਕਰਕੇ ਇਸ ਸਿਖਲਾਈ ਨੂੰ ਕਿਰਿਆਤਮਕ ਅਕਾਰ ਦਿਤਾ ਗਿਆ। ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਵਿਦਿਆਰਥੀਆਂ ਨੂੰ ਨਿਸ਼ਚਤ ਮਰਿਆਦਾ ਦਾ ਧਾਰਣੀ ਬਣਾਇਆ ਜਾਂਦਾ। ਇਕ ਸਮੇਂ ਕੀਰਤਨ, ਬਾਣੀ ਸੰਥਿਆ ਅਤੇ ਗੁਰ ਇਤਿਹਾਸ ਸਬੰਧੀ ਗੁਰਮਤਿ ਵਿਧੀ ਵਿਧਾਨ ਤੇ ਗੁਰਮਤਿ ਦੇ ਆਧਾਰ ਗ੍ਰੰਥਾਂ ਦੇ ਅਧਾਰ ’ਤੇ ਸਿਖਿਆ ਇਸ ਸਿਖਲਾਈ ਪਰੰਪਰਾ ਦਾ ਆਧਾਰ ਮਿਥਿਆ ਗਿਆ। ਇਸੇ ਕਰਕੇ ਕੀਰਤਨੀਆਂ, ਪ੍ਰਚਾਰਕਾਂ ਦੀਆਂ ਕਈ ਪੀੜ੍ਹੀਆਂ ਇਸ ਗੁਰਮਤਿ ਵਿਦਿਆਲੇ ‘ਚੋਂ ਪੰਥ ਦੀ ਸੇਵਾ ਵਿਚ ਪ੍ਰਵਾਨ ਚੜੀਆਂ।
ਗੁਰਮਤਿ ਵਿਦਿਆਲੇ ਨਾਲ ਸਬੰਧਿਤ ਇਕ ਹੋਰ ਪ੍ਰਸਿਧ ਸੰਗੀਤ ਸ਼ਖਸੀਅਤ ਪ੍ਰਿੰ. ਰਾਜਿੰਦਰ ਸਿੰਘ ਸਨ। ਵਿਦਿਆਲੇ ਤੋਂ ਇਲਾਵਾ ਮੈਰਿਸ ਕਾਲਜ, ਲਖਨਊ ਤੋਂ ਵੀ ਆਪ ਨੇ ਵਿਦਿਆ ਲਈ ਤੇ ਲਖਨਊ ਵਿਖੇ ਹੀ ਕੀਰਤਨ ਦੀ ਸੇਵਾ ਕਰਦੇ ਰਹੇ। ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਨਾਲ ਹਿੰਦੁਸਤਾਨੀ ਸੰਗੀਤ ਦੇ ਖ਼ੋਜੀ ਤੇ ਗਿਆਤਾ ਵੀ ਸਨ। ਇਸੇ ਕਰਕੇ ਸੰਤ ਬਾਬਾ ਸੁੱਚਾ ਸਿੰਘ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਲਈ ‘ਰਾਗ ਨਿਰਣਾਇਕ ਕਮੇਟੀ’ ਸਥਾਪਤ ਕੀਤੀ ਤਾਂ ਆਪਨੂੰ ਪੰਡਤ ਦਲੀਪ ਚੰਦਰ ਵੇਦੀ ਦੇ ਨਾਲ ਮੁਖ ਸਲਾਹਾਕਾਰ ਥਾਪਿਆ ਗਿਆ। ਆਪ ਦੀਆਂ ਵਡਮੁਲੀਆਂ ਰਾਵਾਂ ਇਸ ਕਾਰਜ ਵਿਚ ਸਹਾਇਕ ਹੋਈਆ ਅਤੇ ਬਾਅਦ ਵਿਚ ਪ੍ਰਿੰ. ਦਿਆਲ ਸਿੰਘ ਨੇ ਵੀ ਰਾਗ ਦੇ ਨਿਰਣੈ ਵਿਚ ਪੂਰਾ ਯੋਗਦਾਨ ਪਾਇਆ। ਰਾਗੀ ਕਿਸ਼ਨ ਸਿੰਘ ਪ੍ਰਵਾਨਾ ਦੇਸ਼ ਵਿਦੇਸ਼ ਵਿਚ ਪ੍ਰਸਿਧ ਨਾਮ ਸੀ। ਸੰਤ ਅਮਰ ਸਿੰਘ, ਭਾਈ ਖੜਗ ਸਿੰਘ, ਭਾਈ ਸ਼ਾਮ ਸਿੰਘ, ਭਾਈ ਹਰਨਾਮ ਸਿੰਘ, ਭਾਈ ਜੁਗਿੰਦਰ ਸਿੰਘ, ਭਾਈ ਅਮਨ ਸਿੰਘ, ਭਾਈ ਹਰਨਾਮ ਸਿੰਘ, ਭਾਈ ਦੀਦਾਰ ਸਿੰਘ, ਭਾਈ ਸੰਤ ਸਿੰਘ, ਭਾਈ ਗਿਆਨ ਸਿੰਘ, ਭਾਈ ਚਤਰ ਸਿੰਘ ਸਿੰਧੀ, ਭਾਈ ਅਜੀਤ ਸਿੰਘ, ਭਾਈ ਸੁਰਜੀਤ ਸਿੰਘ ਯੂ.ਐਸ.ਏ., ਭਾਈ ਬ੍ਰਹਮਪਾਲ ਸਿੰਘ (ਤਬਲਾ), ਭਾਈ ਜੈਪਾਲ ਸਿੰਘ, ਭਾਈ ਤ੍ਰਿਲੋਕ ਸਿੰਘ, ਭਾਈ ਸਾਨੂੰ ਸਿੰਘ ਦੇਹਰਾਦੂਨ, ਭਾਈ ਗਿਆਨ ਸਿੰਘ, ਭਾਈ ਬੰਤ ਸਿੰਘ, ਵਰਤਮਾਨ ਭਾਈ ਕੰਵਰਪਾਲ ਸਿੰਘ, ਭਾਈ ਉਤਮ ਸਿੰਘ, ਭਾਈ ਬਲਬੀਰ ਸਿੰਘ, ਭਾਈ ਹਰਚਰਨ ਸਿੰਘ, ਭਾਈ ਦਲਜੀਤ ਸਿੰਘ, ਭਾਈ ਸੁਬੇਗ ਸਿੰਘ, ਭਾਈ ਮੇਹਰ ਸਿੰਘ, ਭਾਈ ਬਲਵੰਤ ਸਿੰਘ, ਗਿਆਨੀ ਜਗਤ ਸਿੰਘ, ਮਾਸਟਰ ਬਲਬੀਰ ਸਿਮਘ ਪ੍ਰਭਾਕ, ਗਿਆਨੀ ਲਾਲ ਸਿੰਘ, ਭਾਈ ਹਾਕਮ ਸਿੰਘ, ਭਾਈ ਸਰਦਾਰ ਸਿੰਘ ਆਦਿ ਪ੍ਰਮੁੱਖ ਰਹੇ। ਇਸ ਵਿਦਿਆਲੇ ਵਿਚੋਂ ਹਜ਼ਾਰਾਂ ਵਿਦਿਆਰਥੀਆਂ ਨੇ ਸਿਖਿਆ ਲਈ ਅਤੇ ਦੋ ਸੈਕੜਿਆਂ ਦੇ ਲਗਪਗ ਰਾਗੀ ਜੱਥੇ ਤੇ ਪ੍ਰਚਾਰਕ ਗੁਰੂ ਘਰ ਦੀ ਸੇਵਾ ਵਿਚ ਜੁਟੇ ਹੋਏ। ਇਸ ਵਿਦਿਆਲੇ ਦੇ ਪ੍ਰਸਿਧ ਕੀਰਤਨੀਏ ਭਾਈ (ਪ੍ਰਿੰ.) ਰਾਜਿੰਦਰ ਸਿੰਘ, ਭਾਈ ਸੰਤ ਰਾਮ ਸਿੰਘ, ਭਾਈ ਰਣਜੀਤ ਸਿੰਘ, ਭਾਈ ਦੀਦਾਰ ਸਿੰਘ, ਭਾਈ ਜੁਗਿੰਦਰ ਸਿੰਘ, ਭਾਈ ਸੰਤ ਸਿੰਘ, ਭਾਈ ਚਤਰ ਸਿੰਘ, ਭਾਈ ਅਜੀਤ ਸਿੰਘ, ਭਾਈ ਜੈਪਾਲ ਸਿੰਘ, ਭਾਈ ਸਾਧੂ ਸਿੰਘ, ਭਾਈ ਓਅੰਕਾਰ ਸਿੰਘ, ਭਾਈ ਬੋਤਾ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਖੜਗ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਜਗਦੀਸ਼ ਸਿੰਘ, ਭਾਈ ਪ੍ਰਿਥੀਪਾਲ ਸਿੰਘ, ਭਾਈ ਇਸ਼ਵਰ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਬਚਨ ਸਿੰਘ, ਭਾਈ ਪ੍ਰਕਾਸ਼ ਸਿੰਘ, ਅੱਜਕਲ ਭਾਈ ਰਾਏ ਸਿੰਘ, ਭਾਈ ਕੰਵਰਪਾਲ ਸਿੰਘ, ਭਾਈ ਗੋਪਾਲ ਸਿੰਘ, ਭਾਈ ਸੁਰਜੀਤ ਸਿੰਘ (ਯੂ.ਐਸ.ਏ) ਆਦਿ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਗੁਰਮਤਿ ਵਿਦਿਆਲੇ ਦੇ ਵਿਦਿਆਰਥੀ, ਕੀਰਤਨੀਏ, ਗ੍ਰੰਥੀ ਤੇ ਪ੍ਰਚਾਰਕ ਵਿਦੇਸ਼ਾਂ ਦੇ ਗੁਰੂ ਘਰਾਂ ਲਈ ਵਿਸ਼ੇਸ਼ ਸਹਾਇਕ ਸਿਧ ਹੋਏ ਹਨ। ਇਨ੍ਹਾਂ ਵਿਚ ਸੇਵਾ, ਸਮਰਪਣ ਤੇ ਆਪਸੀ ਇਤਫਾਕ ਦੀ ਭਾਵਨਾ ਨੇ ਇਸ ਖੇਤਰ ਵਿਚ ਪ੍ਰਵੇਸ਼ ਕਰਨ ਵਾਲੇ ਦੂਸਰੇ ਵਿਦਿਆਰਥੀਆਂ ਲਈ ਇਕ ਮਿਸਾਲ ਹੈ। ਉਮੀਦ ਕਰਦੇ ਹਾਂ ਇਸੇ ਤਰ੍ਹਾਂ ਪੰਜਾਬ ਤੋਂ ਬਾਹਰਲੇ ਵੀਰ ਗੁਰਮਤਿ ਦੇ ਧਾਰਣੀ ਹੋ ਕੇ ਸੇਵਾ ਕਰਦੇ ਰਹਿਣ।
ਗੁਰਮਤਿ ਵਿਦਿਆਲੇ ਵਿਚ ਪ੍ਰਚਲਿਤ ਸ਼ਬਦ ਕੀਰਤਨ ਰਚਨਾਵਾਂ ਗੁਰਮਤਿ ਸੰਗੀਤ ਦੀ ਵਿਸ਼ੇਸ਼ ਵਿਰਾਸਤ ਨਾਲ ਜਿਦਾ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ। ਪ੍ਰਿੰ. ਦਿਆਲ ਸਿੰਘ ਤੋਂ ਬਾਅਦ ਗੁਰਮਤਿ ਵਿਦਿਆਲੇ ਨੂੰ ਹਰ ਸਹਿਯੋਗ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਵਿਦਿਆਲੇ ਦੇ ਪੁਰਾਣੇ ਸਮੂਹ ਵਿਦਿਆਰਥੀਆਂ ਤੇ ਗੁਰਮਤਿ ਸੰਗੀਤ ਹਿਤੈਸ਼ੀਆਂ ਦਾ ਫਰਜ਼ ਹੈ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ