ਗੁਰਮਤਿ ਸੰਗੀਤ ਵਿਚ ਚੀਫ਼ ਖਾਲਸਾ ਦੀਵਾਨ ਦਾ ਯੋਗਦਾਨ

*ਗੁਰਨਾਮ ਸਿੰਘ (ਡਾ.)

ਗੁਰਮਤਿ ਸੰਗੀਤ ਦੀ ਸਮਕਾਲੀ ਅਕਾਦਮਿਕਤਾ ਦੇ ਵਿਸ਼ੇਸ਼ ਅਧਿਆਇ ਵਜੋਂ ਗੁਰਮਤਿ ਸੰਗੀਤ ਦੀ ਪੁਨਰ ਸਥਾਪਤੀ ਦੇ ਇਤਿਹਾਸ ਵਿਚ ਚੀਫ਼ ਖਾਲਸਾ ਦੀਵਾਨ ਦਾ ਯੋਗਦਾਨ ਵਿਸ਼ੇਸ਼ ਰਿਹਾ ਹੈ। ਚੀਫ਼ ਖਾਲਸਾ ਦੀਵਾਨ ਨੇ ਗੁਰਮਤਿ ਸੰਗੀਤ ਵਿਰਾਸਤ ਦੇ ਮਹੱਤਵ ਨੂੰ ਪਛਾਣਦਿਆਂ ਇਸ ਨੂੰ ਵਿਦਿਅਕ ਪ੍ਰਚਾਰ, ਪ੍ਰਸਾਰ ਦਾ ਅਨਿਖੜ ਅੰਗ ਬਣਾਇਆ ਗਿਆ। ਚਾਲੀਵੀਂ ਵਿਦਿਅਕ ਕਾਨਫਰੰਸ ਦੀ ਸਬਜੈਕਟ ਕਮੇਟੀ ਵਿਚ ਸਿੱਖ ਪੰਥ ਦੇ ਵਿਦਵਾਨ ਪ੍ਰਿੰ. ਸਤਿਬੀਰ ਸਿੰਘ ਨੇ ਉਸ ਸਮੇਂ ਮਤਾ ਪੇਸ਼ ਕੀਤਾ ਸੀ ਕਿ ਦੂਸਰੇ ਵਿਸ਼ਿਆਂ ਵਾਂਗੂ ਗੁਰਮਤਿ ਸੰਗੀਤ ਨੂੰ ਵੀ ਪੰਜਾਬ ਯੂਨੀਵਰਸਿਟੀ ਵਿਚ ਇਕ ਵਿਸ਼ੇ ਵਜੋਂ ਪੜਾਇਆ ਜਾਵੇ। (ਉਸ  ਸਮੇਂ ਪੰਜਾਬੀ ਯੁਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਵਿਚ ਨਹੀਂ ਸਨ) ਇਸ ਮਹੱਤਵਪੂਰਨ ਮਤੇ ਦੀ ਭਾਵਨਾ ਨੂੰ ਸਾਕਾਰ ਕਰਨ ਲਈ ਇਹ ਵੀ ਸੁਝਾਅ ਦਿਤਾ ਗਿਆ ਕਿ ਗੁਰਮਤਿ ਸੰਗੀਤ ਸਬੰਧੀ ਉਪਲਬੱਧ ਖੋਜ ਨੂੰ ਸੁਲੱਭ ਕਰਵਾਇਆ ਜਾਵੇ ਤਾਂ ਜੋ ਇਸ ਵਿਸ਼ੇ ਦੀ ਸਥਾਪਤੀ ਨੂੰ ਆਕਾਰ ਪ੍ਰਦਾਨ ਕੀਤਾ ਜਾ ਸਕੇ। ਪੰਜਾਬ ਯੂਨੀਵਰਸਿਟੀ ਅਜੇ ਤੱਕ ਵੀ ਗੁਰਮਤਿ ਸੰਗੀਤ ਨੂੰ ਵਿਸ਼ੇ ਵਜੋਂ ਨਹੀਂ ਅਪਣਾ ਸਕੀ। ਗੁਰੂ ਨਾਨਕ ਦੇਵ ਯੁਨੀਵਰਸਿਟੀ ਨੇ 1993 ਵਿਚ ਅਤੇ ਪੰਜਾਬੀ ਯੂਨੀਵਰਸਿਟੀ ਨੇ 1997 ਵਿਚ ਸੰਗੀਤ ਵਿਸ਼ੇ ਵਿਚ ਗੁਰਮਤਿ ਸੰਗੀਤ ਨੂੰ ਹਿੱਸਾ ਬਣਾਕੇ ਆਂਸ਼ਿਕ ਰੂਪ ਵਿਚ ਲਾਗੂ ਕੀਤਾ। ਪੰਜਾਬੀ ਯੂਨੀਵਰਸਿਟੀ ਨੇ 2003 ਵਿਚ ਗੁਰਮਤਿ ਸੰਗੀਤ ਚੇਅਰ ਅਤੇ 2005 ਵਿਚ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਕੀਤੀ। ਭਾਵ ਚੀਫ਼ ਖਾਲਸਾ ਦੀਵਾਨ ਦੇ ਮੰਚ 'ਤੇ ਇਨ੍ਹਾਂ ਵਿਦਵਾਨਾਂ ਦੁਆਰਾ ਲਿਆ ਗਿਆ ਅਕਾਦਮਿਕ ਸੁਪਨਾ ਤਿੰਨ ਦਹਾਕਿਆਂ ਬਾਅਦ ਪੂਰਾ ਹੋਣ ਦੇ ਰਾਹ ਤੁਰਿਆ। ਚੀਫ਼ ਖਾਲਸਾ ਦੀਵਾਨ, ਪ੍ਰਿੰ. ਸਤਿਬੀਰ ਸਿੰਘ ਅਤੇ ਹੋਰ ਵਿਦਵਾਨ ਇਸ ਉਚੇਰੀ ਅਕਾਦਮਿਕ ਸੋਚ ਲਈ ਸਾਡੇ ਵਲੋਂ ਵਧਾਈ  ਅਤੇ ਧੰਨਵਾਦ ਦੇ ਪਾਤਰ ਹਨ। 

ਚੀਫ਼ ਖਾਲਸਾ ਦੀਵਾਨ ਵਲੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਕਈ ਇਤਿਹਾਸਕ ਤੇ ਵਿਲੱਖਣ ਕਾਰਜ ਕੀਤੇ ਗਏ। ਪ੍ਰਥਮ ਕਾਰਜ ਵਜੋਂ 'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਨੂੰ ਇਕ ਸੰਗ੍ਰਹਿ ਦੇ ਰੂਪ ਵਿਚ ਪ੍ਰਕਾਸ਼ਿਤ ਕਰਨਾ ਇਕ ਸੁਭਾਗਾ ਕਦਮ ਸੀ। ਗੁਰਮਤਿ ਸੰਗੀਤ ਦੀ ਸਿਧਾਂਕਤਾ ਤੇ ਵਿਹਾਰਕਤਾ ਸਬੰਧੀ ਚੀਫ਼ ਖਾਲਸਾ ਦੀਵਾਨ ਦੀ ਇਹ ਰਚਨਾ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਰਚਨਾ ਵਿਚ ਗੁਰਮਤਿ ਸੰਗੀਤ ਸਬੰਧੀ 1958 ਤੱਕ ਉਪਲਬੱਧ ਗੁਰਮਤਿ ਸੰਗੀਤ ਸਮੱਗਰੀ ਨੂੰ ਪੰਜ ਮਹੱਤਵਪੂਰਨ ਗੁਰਮਤਿ ਸੰਗੀਤ ਪੁਸਤਕਾਂ ਦੇ ਸੰਗ੍ਰਹਿ ਵਜੋਂ ਇਕੱਤਰ ਕੀਤਾ ਗਿਆ।

'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਦਾ ਪਹਿਲਾ ਭਾਗ 'ਗੁਰਮਤਿ ਸੰਗੀਤ ਨਿਰਣਯ' ਹੈ। ਇਸ ਭਾਗ ਵਿਚ ਡਾ. ਭਾਈ ਵੀਰ ਸਿੰਘ ਜੀ ਅਤੇ ਡਾ. ਭਾਈ ਚਰਨ ਸਿੰਘ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਦਰਜ ਹਨ। ਭਾਈ ਵੀਰ ਸਿੰਘ ਹੋਰਾਂ ਨੇ 'ਸ਼ਬਦ ਦੇ ਭਾਵ ਤੇ ਰਾਗ ਦੀ ਤਾਸੀਰ', 'ਗੁਰਮਤਿ ਸੰਗੀਤ ਹੋਰ ਸੰਗੀਤ ਮਤਾਂ ਤੋਂ ਭਿੰਨ ਹੈ' ਅਤੇ 'ਰਾਗ ਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ' ਦੇ ਮਹੱਤਵਪੂਰਨ ਵਿਸ਼ਿਆਂ ਨੂੰ ਛੋਹਿਆ ਜੋ ਅੱਜ ਵੀ ਗੁਰਮਤਿ ਸੰਗੀਤ ਦੀ ਮੌਲਿਕਤਾ ਤੇ ਵਿਲੱਖਣਤਾ ਲਈ ਰਾਹ ਦਸੇਰਾ ਹੈ। ਇਸੇ ਤਰ੍ਹਾਂ ਡਾ. ਭਾਈ ਚਰਨ ਸਿੰਘ ਨੇ ਮੱਧਕਾਲੀਨ ਰਾਗ ਵਰਗੀਕਰਣ ਦੇ ਅੰਤਰਗਤ ਸ਼ਿਵ ਮਤ, ਕਾਲੀ ਨਾਥ ਮਤ, ਭਗਤ ਮਤ, ਹਨੂਮਾਨ ਮਤ, ਰਾਗਾਰਣਵ ਮਤ ਸਬੰਧੀ ਵਿਚਾਰ ਕਰਨ ਤੋਂ ਇਲਾਵਾ ਗੁਰਮਤਿ ਸੰਗੀਤ ਦੇ ਹੋਰ ਸਿਧਾਂਤਾਂ ਨੂੰ ਨਿਰਣਾਇਕ ਰੂਪ ਵਿਚ ਵਿਸ਼ਲੇਸ਼ਿਤ ਕੀਤਾ ਹੈ। ਇਸੇ ਭਾਗ ਵਿਚ ਡਾ. ਭਾਈ ਬਲਬੀਰ ਸਿੰਘ ਜੀ ਦੀ ਇਤਿਹਾਸਕ ਰਚਨਾ 'ਰਬਾਬ' ਸ਼ਬਦ ਅਤੇ ਸੰਗੀਤ ਦੇ ਅੰਤਰੀਵੀ ਸਬੰਧਾਂ ਨੂੰ ਭਾਵਪੂਰਤ ਅਤੇ ਵਿਦਵਤਾ ਪੂਰਨ ਵਿਧੀ ਨਾਲ ਚਿਤਰ ਰਹੀ ਹੈ। ਗੁਰਮਤਿ ਸੰਗੀਤ ਦੇ ਇਸ ਮਹੱਤਵਪੂਰਨ ਸੰਗ੍ਰਹਿ ਦਾ ਦੂਸਰਾ ਭਾਗ 'ਗੁਰਮਤਿ ਸੰਗੀਤ ਰਤਨ ਭੰਡਾਰ' ਮਾਸਟਰ ਪ੍ਰੇਮ ਸਿੰਘ ਜੀ ਦੀ ਰਚਨਾ ਹੈ। ਮਾਸਟਰ ਪ੍ਰੇਮ ਸਿੰਘ ਪਟਿਆਲਾ ਰਿਆਸਤ ਦੇ ਦਰਬਾਰੀ ਕਵੀ ਤੇ ਰਾਗੀ ਸਨ ਜਿਨ੍ਹਾਂ ਨੇ ਆਪਣੀ ਪੁਸਤਕ ਵਿਚ ਸੰਗੀਤ ਦਾ ਕਿਰਿਆਤਮਕ ਗਿਆਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿਚ ਵੱਖ-ਵੱਖ ਰਚਨਾਵਾਂ ਨੂੰ ਸੁਰਲਿਪੀ ਬੱਧ ਕੀਤਾ। ਇਥੇ ਇਹ ਵਰਣਨਯੋਗ ਹੈ ਕਿ ਇਹ ਸੁਰਲਿਪੀ ਪੰਡਤ ਵਿਸ਼ਣੂ ਦਿਗੰਬਰ ਪਲੁਸਕਰ ਅਤੇ ਪੰਡਤ ਵਿਸ਼ਣੂ ਨਾਰਾਇਣ ਭਾਤਖੰਡੇ ਤੋਂ ਪਹਿਲਾਂ ਦੀ ਸੁਰਲਿਪੀ ਹੈ। ਵਰਤਮਾਨ ਸਮੇਂ ਇਸ ਨੂੰ ਡੀ-ਕੋਡ ਕਰਨ ਉਪਰੰਤ ਅਸੀਂ ਇਸ ਸ਼ਬਦ ਕੀਰਤਨ ਵਿਰਾਸਤ ਦੇ ਸੁਰਾਤਮਕ ਦੀਦਾਰ ਕਰ ਸਕਦੇ ਹਾਂ। ਭਾਈ ਪ੍ਰੇਮ ਸਿੰਘ ਨੇ ਇਹ ਕਾਰਜ 1914-15 ਤੱਕ ਸੰਪੂਰਣ ਕਰ ਲਿਆ। ਭਾਈ ਪ੍ਰੇਮ ਸਿੰਘ ਦੇ ਇਸ ਕਾਰਜ ਦੀ ਪ੍ਰਮਾਣਿਕਤਾ ਨੂੰ ਪਟਿਆਲਾ ਘਰਾਣਾ ਦੇ ਮਹਾਨ ਗਾਇਕ ਜਰਨੈਲ ਅਲੀ ਬਖਸ਼ ਅਤੇ ਸਿਤਾਰ ਵਾਦਕ ਭਾਈ ਮਹਿਬੂਬ ਅਲੀ (ਬੂਬਾ ਜੀ) ਸਮੇਤ ਕਈ ਵਿਦਵਾਨਾਂ ਨੇ ਤਸਦੀਕ ਕੀਤਾ ਹੈ ਜਿਨ੍ਹਾਂ ਦੇ ਨਾਮ ਇਸ ਪੁਸਤਕ ਵਿਚ ਵਰਣਿਤ ਹਨ। 'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਪੁਸਤਕ ਦਾ ਤੀਸਰਾ ਮਹੱਤਵਪੂਰਨ ਭਾਗ ਮਾਸਟਰ ਸੁੰਦਰ ਦੀ ਰਚਨਾ 'ਗੁਰਮਤਿ ਸੰਗੀਤ' ਹੈ। ਇਸ ਪੁਸਤਕ ਵਿਚ ਵੀ ਮਾਸਟਰ ਸੁੰਦਰ ਸਿੰਘ ਨੇ ਪ੍ਰਚਲਿਤ ਸੁਰਲਿਪੀਆਂ ਤੋਂ ਭਿੰਨ ਆਪਣੇ ਅੰਦਾਜ਼ ਵਿਚ ਸੁਰਲਿਪੀ ਦਾ ਲੇਖਨ ਕੀਤਾ ਹੈ ਅਤੇ ਕੁਝ ਸ਼ਬਦ ਕੀਰਤਨ ਰਚਨਾਵਾਂ ਦੇ ਨਾਲ-ਨਾਲ ਤਾਲ ਰਚਨਾਵਾਂ ਨੂੰ ਵੀ ਪੁਸਤਕ ਦਾ ਹਿੱਸਾ ਬਣਾਇਆ ਹੈ। ਡਾ. ਭਾਈ ਚਰਨ ਸਿੰਘ ਦੀ ਗੁਰਮਤਿ ਸੰਗੀਤ ਸਬੰਧੀ ਵਿਸ਼ੇਸ਼ ਖੋਜ ਨੂੰ ਚੌਥੇ ਭਾਗ ਵਿਚ ਵਿਸ਼ੇਸ਼ ਰੂਪ ਵਿਚ ਦਰਸਾਇਆ ਗਿਆ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਦੀਆਂ ਨੌ ਧੁਨੀਆਂ ਦਾ ਵਿਸਤਾਰ ਸਹਿਤ ਉਲੇਖ ਅਤੇ ਭਾਈ ਪ੍ਰੇਮ ਸਿੰਘ ਦੁਆਰਾ ਇਨ੍ਹਾਂ ਧੁਨੀਆਂ ਦੀ ਸੰਖੇਪ ਸੁਰਲਿਪੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕੱਤੀ ਰਾਗਾਂ ਦਾ ਸੰਪੂਰਣ ਪਰਿਚੈ ਵੱਖ-ਵੱਖ ਗ੍ਰੰਥਾਂ ਦੇ ਹਵਾਲੇ ਨਾਲ ਅੰਕਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਸੰਕੇਤਾਂ ਦੇ ਵਿਸ਼ਲੇਸ਼ਣ ਨੂੰ ਵੀ ਇਸੇ ਖੋਜ ਦਾ ਹਿੱਸਾ ਬਣਾਇਆ ਗਿਅ ਹੈ। 'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਦਾ ਪੰਜਵਾਂ ਭਾਗ 'ਮੋਹਨ ਗੁਰਮਤਿ ਸੰਗੀਤ ਮਾਲਾ' ਮਾਸਟਰ ਮੋਹਨ ਸਿੰਘ ਦੀ ਰਚਨਾ ਹੈ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਨੀਂ ਰਾਗਾਂ ਦਾ ਸੰਪੂਰਣ ਪਰਿਚੈ ਵਿਸ਼ੇਸ਼ ਸੁਰਲਿਪੀ ਸਹਿਤ ਦਿਤਾ ਹੈ। ਗੁਰਮਤਿ ਸੰਗੀਤ ਉਤੇ 1958 ਤੱਕ ਉਪਲਬੱਧ ਖੋਜ ਨੂੰ ਇਕ ਦਸਤਾ ਵਜੋਂ ਸੰਗ੍ਰਹਿਤ ਕਰਦਿਆਂ ਇਸ ਵਿਸ਼ੇ ਦੀ ਸਿਧਾਂਤਕਤਾ ਅਤੇ ਵਿਹਾਰਕਤਾ ਨੂੰ ਵਿਸ਼ੇਸ਼ ਆਧਾਰ ਪ੍ਰਦਾਨ ਕੀਤਾ ਗਿਆ ਹੈ।

ਚੀਫ਼ ਖਾਲਸਾ ਦੀਵਾਨ ਵਲੋਂ ਗੁਰਮਤਿ ਸੰਗੀਤ ਦੀ ਕਿਰਿਆਤਮਕ ਸਥਾਪਤੀ ਲਈ ਅਗਲੇਰਾ ਮਹੱਤਵਪੂਰਨ ਕਾਰਜ ਨਿਰੰਤਰ ਆਯੋਜਿਤ ਹੋਣ ਵਾਲੀਆਂ ਵੱਖ-ਵੱਖ ਵਿਦਿਅਕ ਕਾਨਫਰੰਸਾਂ ਉਤੇ ਉਚ ਕੋਟੀ ਦੇ ਕੀਰਤਨੀ ਜਥਿਆਂ ਕੋਲੋਂ ਰਾਗਾਤਮਕ ਕੀਰਤਨ ਕਰਵਾਉਣਾ ਰਿਹਾ ਹੈ। ਸ਼ਬਦ ਕੀਰਤਨ ਦੀ ਇਸ ਵਿਰਾਸਤ ਨੂੰ ਕਿਰਿਆਤਮਕ ਰੂਪ ਵਿਚ ਸਜੀਵ ਬਣਾਉਣ ਲਈ ਪ੍ਰਮਾਣਿਕ ਕੀਰਤਨ ਗਾਇਕੀ ਗਾਉਣ ਵਾਲੇ ਜਥਿਆਂ ਨੂੰ ਸਨਮਾਨਿਤ ਅਤੇ ਪੁਰਸਕ੍ਰਿਤ ਕਰਨਾ ਇਸੇ ਪਰੰਪਰਾ ਦਾ ਵਿਸ਼ੇਸ਼ ਹਿੱਸਾ ਸੀ। ਵੱਖ-ਵੱਖ ਸਮਿਆਂ ਉਤੇ ਪਹਿਲੇ ਤਿੰਨ ਸਥਾਨਾਂ ਉਤੇ ਆਉਣ ਵਾਲੇ ਰਾਗੀ ਜਥਿਆਂ ਨੂੰ ਵਿਸ਼ੇਸ਼ ਸਨਮਾਨ ਦਿਤਾ ਜਾਂਦਾ ਰਿਹਾ। ਇਨ੍ਹਾਂ ਕੀਰਤਨ ਸਮਾਗਮਾਂ ਵਿਚ ਪਹਿਲਾਂ ਕੀਰਤਨ ਦੀ ਪ੍ਰਮਾਣਿਕਤਾ ਸਬੰਧੀ ਉਚ ਸ਼ਖਸੀਅਤਾਂ ਵਲੋਂ ਵਿਸ਼ੇਸ਼ ਲੈਕਚਰ ਕਰਵਾਏ ਗਏ।

ਗੁਰਮਤਿ ਸੰਗੀਤ ਸਬੰਧੀ ਉਕਤ ਯਤਨਾਂ ਤੋਂ ਇਲਾਵਾ ਸ. ਹਰਬੰਸ ਸਿੰਘ ਅਟਾਰੀ ਨੇ ਭਾਈ ਸੁੰਦਰ ਸਿੰਘ ਮਜੀਠੀਆ, ਭਾਈ ਵੀਰ ਸਿੰਘ, ਸ. ਤ੍ਰਿਲੋਚਨ ਸਿੰਘ ਤੇ ਭਾਈ ਅਰਜਨ ਸਿੰਘ ਬਾਗੜੀਆਂ ਦੇ ਯਤਨਾਂ ਦੁਆਰਾ ਸੰਸਥਾਗਤ ਪ੍ਰਚਾਰ ਲਈ 1904 ਵਿਚ ਸੈਂਟਰਲ ਯਤੀਮਖਾਨਾ ਦੀ ਸਥਾਪਨਾ ਕਰਦਿਆਂ ਯਤੀਮ ਬੱਚਿਆਂ ਦੀ ਸੰਭਾਲ ਤੇ ਵਿਦਿਆ ਪ੍ਰਦਾਨ ਕਰਨ ਦੇ ਮਨੋਰਥ ਨੂੰ ਗੁਰਮਤਿ ਤੇ ਸੰਗੀਤ ਦੀ ਸਿਖਿਆ ਦੁਆਰਾ ਪੂਰਨ ਕਰਨ ਦੇ ਮਨੋਰਥ ਮਿਥੇ ਗਏ। 1935 ਵਿਚ ਇਸੇ ਸਥਾਨ 'ਤੇ ਹੀ ਇਕ 'ਸੂਰਮਾ ਸਿੰਘ ਆਸ਼ਰਮ' ਦੀ ਸਥਾਪਨਾ ਕੀਤੀ ਗਈ। ਭਾਈ ਵੀਰ ਸਿੰਘ ਜੀ ਦੇ ਯਤਨਾਂ ਨਾਲ ਇਥੇ ਹੀ ਚੀਫ਼ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ 'ਗੁਰਮਤਿ ਵਿਦਿਆਲੇ' ਦੀ ਸਥਾਪਨਾ ਹੋਈ। ਉਸਤਾਦ ਉੱਤਮ ਸਿੰਘ ਜਿਨ੍ਹਾਂ ਕੋਲ ਤਲਵੰਡੀ ਤੇ ਦਿੱਲੀ ਘਰਾਣੇ ਅਤੇ ਭਾਈ ਸਾਈਂ ਦਿਤਾ (1914 ਤੋਂ 1932) ਦਾ ਇਸ ਸੰਸਥਾ ਵਿਚ ਬਤੌਰ ਉਸਤਾਦ ਵਿਸ਼ੇਸ਼ ਯੋਗਦਾਨ ਰਿਹਾ। ਭਾਈ ਸੰਤਾ ਸਿੰਘ, ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਸੁਅਰਨ ਸਿੰਘ, ਭਾਈ ਧਿਆਨ ਸਿੰਘ, ਭਾਈ ਬਲਵੰਤ ਸਿੰਘ, ਭਾਈ ਦੀਦਾਰ ਸਿੰਘ, ਭਾਈ ਚੰਨਣ ਸਿੰਘ, ਭਾਈ ਵਰਿਆਮ ਸਿੰਘ, ਭਾਈ ਜੀਵਨ ਸਿੰਘ, ਭਾਈ ਖਜ਼ਾਨ ਸਿੰਘ, ਭਾਈ ਗੁਰਚਰਨ ਸਿੰਘ ਆਦਿ ਅਤੇ ਹੋਰ ਅਨੇਕ ਕੀਰਤਨੀਏ ਇਸ ਸੰਸਥਾ ਦਾ ਸਿੱਖ ਕੀਰਤਨ ਨੂੰ ਵਿਸ਼ੇਸ਼ ਯੋਗਦਾਨ ਹਨ।

ਗੁਰਮਤਿ ਸੰਗੀਤ ਦੀ ਪੁਨਰ ਸਥਾਪਤੀ ਅਤੇ ਪ੍ਰਚਾਰ ਲਈ ਚੀਫ਼ ਖਾਲਸਾ ਦੀਵਾਨ ਵਲੋਂ ਗੁਰਮਤਿ ਸੰਗੀਤ ਸਬੰਧੀ ਮਹੱਤਵਪੂਰਨ ਪ੍ਰਕਾਸ਼ਨਾਵਾਂ, ਗੁਰਮਤਿ ਸੰਗੀਤਕਾਰਾਂ ਅਤੇ ਉਨ੍ਹਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਵਿਸ਼ੇਸ਼ ਯਤਨ ਅਤੇ ਸੈਂਟਰਲ ਯਤੀਮਖਾਨਾ ਦੇ ਰੂਪ ਵਿਚ ਗੁਰੂ ਘਰ ਦੇ ਕੀਰਤਨੀਆਂ ਦੀ ਕਈ ਪੀੜ੍ਹੀਆਂ ਸਿੱਖ ਕੌਮ ਨੂੰ ਅਰਪਿਤ ਕਰਨ ਦਾ ਵਡੇਰਾ ਯੋਗਦਾਨ ਸਾਡੇ ਸਾਰਿਆਂ ਦਾ ਮਾਣ ਹੈ। ਆਸ ਕਰਦੇ ਹਾਂ ਚੀਫ਼ ਖਾਲਸਾ ਦੀਵਾਨ ਆਪਣੀ ਇਸ ਵਿਲੱਖਣ ਪ੍ਰਾਪਤੀ ਉਤੇ ਮਾਣ ਵੀ ਕਰੇਗਾ ਅਤੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਯੋਗਦਾਨ ਪਾਉਂਦਾ ਰਹੇਗਾ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *