ਗੁਰਮਤਿ ਸੰਗੀਤ ਵਿਚ ਸਿੱਖ ਮਿਸ਼ਨਰੀ ਕਾਲਜਾਂ ਦਾ ਯੋਗਦਾਨ

*ਗੁਰਨਾਮ ਸਿੰਘ (ਡਾ.)

ਸਿੱਖ ਪਰੰਪਰਾਵਾਂ ਦੀ ਸੰਭਾਲ ਵਿਚ ਗੁਰ ਅਸਥਾਨਾਂ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਨ੍ਹਾਂ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਇਨ੍ਹਾਂ ਪਰੰਪਰਾਵਾਂ ਦੀ ਸੁਰੱਖਿਆ ਸੰਭਾਲ ਵਿਚ ਹਮੇਸ਼ਾ ਤੋਂ ਹੀ ਬੁਨਿਆਦੀ ਯੋਗਦਾਨ ਰਿਹਾ ਹੈ। ਮਹੰਤਾਂ ਦੁਆਰਾ ਗੁਰੂ ਘਰ ਦੀ ਗੁਰਮਤਿ ਮਰਿਆਦਾ ਦੇ ਘੋਰ ਨੁਕਸਾਨ ਨੂੰ ਪੂਰਨ ਲਈ ਚੇਤਨ ਸਿੱਖ ਹਿਰਦਿਆਂ ਨੇ ਥਾਂ-ਥਾਂ ਸਿੱਖੀ ਦੇ ਪ੍ਰਚਾਰ ਲਈ ਯਤਨ ਆਰੰਭੇ। ਇਨ੍ਹਾਂ ਯਤਨਾਂ ਵਿਚ ਹੀ ਸ੍ਰੀ ਨਨਕਾਣਾ ਸਾਹਿਬ ਦੇ ਗੁਰਧਾਮਾਂ ਨੂੰ 21 ਫਰਵਰੀ, 1921 ਨੂੰ ਸ਼ਾਂਤਮਈ ਢੰਗ ਨਾਲ ਸ਼ਹਾਦਤਾਂ ਦੇ ਕੇ ਅਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ ਕੀਤੀ ਗਈ। ਇਸ ਕਾਲਜ ਦਾ ਮੰਤਵ ਸਿੱਖੀ ਦਾ ਅਕਾਦਮਿਕ ਰੂਪ ਵਿਚ ਪ੍ਰਚਾਰ ਕਰਨਾ ਸੀ। ਗੁਰਬਾਣੀ, ਸਿੱਖ ਸਿਧਾਂਤ, ਸਿੱਖ ਇਤਿਹਾਸ ਅਤੇ ਗੁਰਮਤਿ ਸੰਗੀਤ ਦੇ ਵਿਰਸੇ ਦੇ ਪ੍ਰਚਾਰ ਲਈ ਵਿਦਵਾਨ ਗ੍ਰੰਥੀ, ਪ੍ਰਚਾਰਕ ਅਤੇ ਕੀਰਤਨੀਆਂ ਦੀ ਸਿਖਲਾਈ ਇਸ ਸੰਸਥਾ ਦਾ ਵਿਸ਼ੇਸ਼ ਟੀਚਾ ਮਿਥਿਆ ਗਿਆ। ਸਿੱਖ ਪੰਥ ਦੇ ਇਸ ਇਤਿਹਾਸਕ ਸਿਖਿਆ ਸੰਸਥਾਨ ਤੋਂ ਇਸ ਸੰਸਥਾ ਦਾ ਪਹਿਲਾ ਸੈਸ਼ਨ ਆਰੰਭ 1927 ਵਿਚ ਆਰੰਭ ਹੋਇਆ ਹੈ। ਉਪਰੰਤ ਸਮੇਂ ਸੰਤ ਫਤਹਿ ਸਿੰਘ ਚੰਨਣ ਸਿੰਘ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੌਹੜ, ਗੰਗਾ ਨਗਰ, ਰਾਜਸਥਾਨ; ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ, ਬਠਿੰਡਾ (1991); ਸੰਗੀਤ ਇੰਸਟੀਚਿਊਟ, ਤਲਵੰਡੀ ਸਾਬੋ, ਬਠਿੰਡਾ (1997); ਗੁਰਮਤਿ ਸੰਗੀਤ ਅਕੈਡਮੀ, ਸ੍ਰੀ ਆਨੰਦਪੁਰ ਸਾਹਿਬ, ਰੋਪੜ (1999); ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ, ਸੁਲਤਾਨਪੁਰ ਲੋਧੀ, ਕਪੂਰਥਲਾ (2007); ਗੁਰਮਤਿ ਸੰਗੀਤ ਅਕੈਡਮੀ ਸੈਖੂਪੁਰਾ ਮੰਚੂਰੀ, ਜਿਲ੍ਹਾ ਕਰਨਾਲ, ਹਰਿਆਣਾ (2007)ਦੇ ਨਾਮ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ। ਇਨ੍ਹਾਂ ਤੋਂ ਬਿਨਾਂ ਗੁਰੂ ਨਾਨਕ ਗੁਰਮਤਿ ਵਿਦਿਆਲਾ, ਡੇਰਾ ਬਾਬਾ ਨਾਨਕ, ਗੁਰਦਾਸਪੁਰ (2006); ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਵਿਦਿਆਲਾ, ਬਖਸ਼ੀ ਵਾਲੀ ਕੋਠੀ, ਬਰਨਾਲਾ (2007); ਗੁਰਮਤਿ ਸੰਗੀਤ ਵਿਦਿਆਲਾ, ਗੁ: ਸਿਧਸਰ ਸਾਹਿਬ, ਕਾਲਾਮਾਲਾ ਛਾਪਾ, ਬਰਨਾਲਾ (2009); ਗੁਰਮਤਿ ਸੰਗੀਤ ਵਿਦਿਆਲਾ, ਸ਼ਾਹਜਨਪੁਰ, ਯੂ.ਪੀ; ਸੰਤ ਕਰਤਾਰ ਸਿੰਘ ਜੀ ਖਾਲਸਾ ਗੁਰਮਤਿ ਅਤੇ ਕੀਰਤਨ ਵਿਦਿਆਲਾ, ਪਿੰਡ ਭੁਰਾਕੇਹਨਾ, ਜਿਲ੍ਹਾ ਤਰਨਤਾਰਨ (2010); ਭਾਈ ਗੁਰਦਾਸ ਗੁਰਮਤਿ ਵਿਦਿਆਲਾ, ਗੁ: ਮੰਜੀ ਸਾਹਿਬ, ਆਲਮਗੀਰ, ਲੁਧਿਆਣਾ (2010) ਵਿਦਿਆਲਿਆਂ ਬਾਬਾ ਫਰੀਦ ਗੁਰਮਤਿ ਵਿਦਿਆਲਾ, ਫਰੀਦਕੋਟ; ਗੁਰਮਤਿ ਸਿਖਲਾਈ ਵਿਦਿਆਲਾ, ਨਾਦੋਣ, ਹਿਮਾਚਲ ਪ੍ਰਦੇਸ਼; ਸ਼ਹੀਦ ਸੰਗੀਤ ਵਿਦਿਆਲਾ, ਬਾਦੀਆਂ, ਮੁਕਤਸਰ; ਗੁਰਮਤਿ ਸੰਗੀਤ ਵਿਦਿਆਲਾ, ਗੁ. ਜੁਬਲੀ ਧਰਮਸ਼ਾਲਾ, ਫਿਰੋਜ਼ਪੁਰ; ਗੁਰਮਤਿ ਸੰਗੀਤ ਵਿਦਿਆਲਾ, ਛਤੀਸਗੜ੍ਹ ਸਥਾਨਾਂ ‘ਤੇ ਗੁਰਮਤਿ ਸੰਗੀਤ ਵਿਦਿਆਲਿਆਂ ਦੀ ਸਥਾਪਨਾ ਕੀਤੀ ਗਈ ਹੈ।

ਮਾਣ ਵਾਲੀ ਗੱਲ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਅਤੇ ਪ੍ਰਸਿਧ ਪੰਥਿਕ ਵਿਦਵਾਨ ਅਤੇ ਪ੍ਰਚਾਰਕਾਂ ਤੋਂ ਇਲਾਵਾ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਰਗੇ ਵਿਦਵਾਨ ਵਿਅਕਤੀਆਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਸਿਖਿਆ ਪ੍ਰਾਪਤ ਕੀਤੀ। ਸਿੱਖ ਪੰਥ ਦੇ ਉਚ ਕੋਟੀ ਦੇ ਵਿਦਵਾਨ ਅਧਿਆਪਕ ਪ੍ਰਿੰਸੀਪਲ ਡਾ. ਧਰਮਾਨੰਤ ਸਿੰਘ, ਪ੍ਰਿੰ. ਗੰਗਾ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰਿੰ. ਤਾਰਨ ਸਿੰਘ, ਪ੍ਰਿੰ. ਹਰਭਜਨ ਸਿੰਘ ਤੋਂ ਇਲਾਵਾ ਪ੍ਰਿੰ. ਲਾਭ ਸਿੰਘ, ਡਾ. ਸ਼ਮਸ਼ੇਰ ਸਿੰਘ, ਪ੍ਰਿੰ. ਸਵਰਜੀਤ ਸਿੰਘ, ਪ੍ਰਿੰ. ਨਿਰਵੈਰ ਸਿੰਘ ਅਰਸ਼ੀ, ਪ੍ਰਿੰ. ਡਾ. ਸੂਬਾ ਸਿੰਘ, ਪ੍ਰਿੰ. ਡਾ. ਜੋਗੇਸ਼ਵਰ ਸਿੰਘ, ਪ੍ਰਿੰ. ਬਲਦੇਵ ਸਿੰਘ. ਪ੍ਰਿੰ. ਹਰਦੀਪ ਸਿੰਘ ਆਦਿ ਨੇ ਸਮੇਂ-ਸਮੇਂ ਇਸ ਸੰਸਥਾ ਵਿਚ ਵਿਦਿਆਰਥੀਆਂ ਨੂੰ ਸਿਖਿਆ ਦਿਤੀ। ਇਨ੍ਹਾਂ ਤੋਂ ਇਲਾਵਾ ਪ੍ਰੋ. ਵਰਿਆਮ ਸਿੰਘ, ਪ੍ਰੋ. ਰੂਪ ਸਿੰਘ, ਪ੍ਰੋ. ਬਲਵਿੰਦਰ ਸਿੰਘ ਜੌੜਾ ਆਦਿ ਨੇ ਵੀ ਸਮੇਂ-ਸਮੇਂ ਇਸ ਸੰਸਥਾ ਲਈ ਆਪਣਾ ਵਿਦਵਤਾ ਪੂਰਣ ਯੋਗਦਾਨ ਪਾਇਆ। ਇਨ੍ਹਾਂ ਵਿਦਿਆਰਥੀਆਂ ਵਿਚ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਡਾ. ਕੇਹਰ ਸਿੰਘ, ਡਾ. ਬਲਕਾਰ ਸਿੰਘ, ਪਿਆਰਾ ਸਿੰਘ ਪਦਮ, ਅਮਰ ਸਿੰਘ ਦੁਸਾਂਝ, ਮਾਸਟਰ ਕਰਤਾਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਗਿ. ਜਗਤਾਰ ਸਿੰਘ ਜਾਚਕ, ਗਿ. ਹਰਪਾਲ ਸਿੰਘ, ਗਿ. ਅਮਰਜੀਤ ਸਿੰਘ ਬਰਨਾਲਾ, ਗਿ. ਸਤਪਾਲ ਸਿੰਘ, ਗਿ. ਤਰਨਜੀਤ ਸਿੰਘ ਮੁਕੇਰੀਆਂ, ਗਿ. ਕੁਲਦੀਪ ਸਿੰਘ ਅਲਾਹਾਬਾਦ, ਗਿ. ਚਰਨਜੀਤ ਸਿੰਘ ਕਲਕੱਤਾ, ਹਰਭਜਨ ਸਿੰਘ ਮੁਬੰਈ, ਪ੍ਰੋ. ਰਾਜਪਾਲ ਸਿੰਘ ਆਦਿ ਪ੍ਰਮੁੱਖ ਸਿੱਖ ਵਿਦਵਾਨਾਂ ਅਤੇ ਪ੍ਰਚਾਰਕਾਂ ਦਾ ਜ਼ਿਕਰ ਉਲੇਖਯੋਗ ਹੈ।

ਗੁਰਮਤਿ ਸੰਗੀਤ ਦੇ ਖੇਤਰ ਵਿਚ ਇਸ ਸੰਸਥਾ ਦੇ ਸਤਿਕਾਰਯੋਗ ਅਧਿਆਪਕਾਂ ਵਿਚ ਉਸਤਾਦ ਅਵਤਾਰ ਸਿੰਘ ਨਾਜ਼, ਉਸਤਾਦ ਮਹਿੰਗਾ ਸਿੰਘ, ਭਾਈ ਨਿਰਮਲ ਸਿੰਘ, ਸ੍ਰੀ ਸੁਰਜੀਤ ਸਿੰਘ ਅਤੇ ਪ੍ਰਿੰ. ਬਲਦੇਵ ਸਿੰਘ ਆਦਿ ਦਾ ਨਾਮ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ।ਇਸ ਸੰਸਥਾ ਤੋਂ ਭਾਈ ਨਿਰਮਲ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ ਸ੍ਰੀਨਗਰ, ਭਾਈ ਰਵਿੰਦਰ ਸਿੰਘ, ਭਾਈ ਸਤਿੰਦਰਬੀਰ ਸਿੰਘ, ਭਾਈ ਗੁਰਦੇਵ ਸਿੰਘ ਕੁਹਾੜਕਾ, ਭਾਈ ਗਗਨਦੀਪ ਸਿੰਘ, ਭਾਈ ਗੁਰਕੀਰਤ ਸਿੰਘ, ਪ੍ਰਿੰ. ਬਲਦੇਵ ਸਿੰਘ, ਪ੍ਰੋ. ਰਵੇਲ ਸਿੰਘ ਆਦਿ ਨਾਮਾਵਰ ਕੀਰਤਨੀਆਂ ਨੇ ਸਿਖਿਆ ਪ੍ਰਾਪਤ ਕੀਤੀ ਅਤੇ ਪੰਥ ਵਿਚ ਵਿਸ਼ੇਸ਼ ਸਤਿਕਾਰ ਹਾਸਲ ਕੀਤਾ। ਵਰਤਮਾਨ ਸਮੇਂ ਗੁਰਮਤਿ ਸੰਗੀਤ ਦੀ ਸਿਖਲਾਈ ਪ੍ਰੋ. ਸੁਜੀਤ ਸਿੰਘ ਤੇ ਪ੍ਰੋ. ਪੁਸ਼ਪਿੰਦਰ ਕੌਰ ਅਤੇ ਤੰਤੀ ਸਾਜਾਂ ਦੀ ਸਿਖਲਾਈ ਪ੍ਰੋ. ਸੁਖਵਿੰਦਰ ਸਿੰਘ ਤੇ ਤਬਲੇ ਦੀ ਸਿਖਿਆ ਸੁਖਜਿੰਦਰ ਸਿੰਘ ਦੇ ਰਿਹੇ ਹਨ। ਪ੍ਰਚਾਰਕ ਵਿਦਿਆਰਥੀਆਂ ਦੀ ਸਿਖਿਆ ਲਈ ਪ੍ਰੋ. ਰਜਵੰਤ ਕੌਰ, ਪ੍ਰੋ. ਮਨਜੀਤ ਕੌਰ ਅਤੇ ਪ੍ਰੋ. ਦਲਜੀਤ ਸਿੰਘ ਸੇਵਾ ਨਿਭਾਅ ਰਹੇ ਹਨ।

ਮਾਲਵਾ ਖੇਤਰ ਵਿੱਚ ਧਰਮ ਪ੍ਰਚਾਰ ਦੀ ਲੋੜ ਨੂੰ ਮੁੱਖ ਰਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਇਤਿਹਾਸਕ ਨਗਰ ਵਿਖੇ ਸੰਨ 1991 ਈ. ਵਿੱਚ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ। ਇਸ ਸੰਸਥਾ ਦੇ ਪਹਿਲੇ ਪ੍ਰਿੰਸੀਪਲ ਡਾ. ਲਾਭ ਸਿੰਘ ਜੀ ਸਨ ਜਿੰਨ੍ਹਾਂ ਦਾ ਇਸ ਸੰਸਥਾ ਦੀ ਸਥਾਪਨਾ ਵਿੱਚ ਵਿਸ਼ੇਸ਼ ਯੋਗਦਾਨ ਹੈ। ਸ਼ੁਰੂਆਤ ਵੇਲੇ ਇਸ ਸੰਸਥਾ ਵਿਚ ਪ੍ਰੋਫੈਸਰ ਰਵੇਲ ਸਿੰਘ ਨੇ ਸੰਗੀਤ ਮੁਖੀ ਅਤੇ ਪ੍ਰੋਫੈਸਰ ਸਰਦੂਲ ਸਿੰਘ ਨੇ ਤਬਲਾ ਸਿਖਾਉਣ ਦੀ ਜਿੰਮੇਵਾਰੀ ਨਿਭਾਈ। ਅੱਜਕਲ ਡਾ. ਅਮਰਜੀਤ ਸਿੰਘ ਡਾਇਰੈਕਟਰ-ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ। ਪ੍ਰੋ. ਅਮਰਜੀਤ ਸਿੰਘ ਟੋਹਾਣਾ, ਪ੍ਰੋ. ਬਿਕਰਮਜੀਤ ਸਿੰਘ, ਪ੍ਰੋ. ਜਰਨੈਲ ਸਿੰਘ ਤੇ ਪ੍ਰੋ. ਸੁਰਜੀਤ ਸਿੰਘ ਸੰਗੀਤ ਵਿਭਾਗ ਵਿਚ ਸੇਵਾ ਕਰ ਰਹੇ ਹਨ।

1927 ਤੋਂ 2012 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਨਿਰੰਤਰ ਯੋਗਦਾਨ ਪਾਇਆ ਹੈ ਅਤੇ ਕੀਰਤਨੀਆਂ ਦੀਆਂ ਕਈ ਪੀੜ੍ਹੀਆਂ ਨੂੰ ਸਿੱਖ ਮਿਸ਼ਨਰੀ ਕਾਲਜਾਂ ਵਿਚ ਤਿਆਰ ਕੀਤਾ ਹੈ। ਸਿੱਖ ਮਿਸ਼ਨਰੀ ਕਾਲਜਾਂ ਦੇ ਬਹੁਤ ਸਾਰੇ ਕੀਰਤਨੀਏ ਦੇਸ਼ ਵਿਦੇਸ਼ ਵਿਚ ਕੀਰਤਨ ਦੀ ਸੇਵਾ ਕਰ ਰਹੇ ਹਨ। ਗੁਰਮਤਿ ਸੰਗੀਤ ਵਿਚ ਗਿਣਾਤਮਕ ਤੌਰ ਤੇ ਸਭ ਤੋਂ ਜਿਆਦਾ ਕੀਰਤਨੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਹੀ ਤਿਆਰ ਹੋਏ ਹਨ। ਸ੍ਰੀ ਦਰਬਾਰ ਸਾਹਿਬ ਦੀ ਕੀਰਤਨ ਪਰੰਪਰਾ ਵਿਚ ਇਨ੍ਹਾਂ ਕੀਰਤਨੀਆਂ ਦਾ ਵਿਸ਼ੇਸ਼ ਯੋਗਦਾਨ ਹੈ ਜੋ ਸਾਰੇ ਵਿਸ਼ਵ ਲਈ ਇਕ ਉਦਾਹਰਣ ਵਜੋਂ ਪ੍ਰਤੱਖ ਹੈ।

ਵਰਤਮਾਨ ਸਮੇਂ ਗੁਰਮਤਿ ਸੰਗੀਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸੰਸਥਾਵਾਂ, ਵਿਦਿਆਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਵਿਚ ਵੀ ਅਧਿਐਨ ਤੇ ਅਧਿਆਪਨ ਦਾ ਵਿਸ਼ਾ ਬਣ ਚੁੱਕਿਆ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਸਿੱਖ ਮਿਸ਼ਨਰੀ ਕਾਲਜਾਂ ਦੀ ਗੁਰਮਤਿ ਸੰਗੀਤ ਸਬੰਧੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਇਸ ਲਈ ਇਨ੍ਹਾਂ ਇਸ ਵਿਸ਼ੇ ਦੀ ਸਿਖਲਾਈ, ਪਾਠਕ੍ਰਮ ਅਤੇ ਵਿਦਿਅਕ ਪ੍ਰਬੰਧਾਂ ਵਿਚ ਸੁਧਾਰ ਦੀ ਬਹੁਤ ਜ਼ਿਆਦਾ ਜਰੂਰਤ ਹੈ ਤਾਂ ਜੋ ਇਸ ਕੇਂਦਰੀ ਸੰਸਥਾ ਤੋਂ ਸੇਧ ਲੈ ਕੇ ਅਤੇ ਇਸ ਕੇਂਦਰੀ ਸੰਸਥਾ ਨਾਲ ਇਕਸੁਰ ਹੋ ਕੇ ਮਰਿਆਦਾਗਤ ਗੁਰਮਤਿ ਸੰਗੀਤ ਦਾ ਪ੍ਰਚਾਰ ਪ੍ਰਸਾਰ ਸੰਭਵ ਹੋ ਸਕੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਯਤਨ ਕੀਤੇ ਜਾ ਰਹੇ ਸ਼ਲਾਘਾਯੋਗ ਹਨ ਫਿਰ ਵੀ ਵਿਆਪਕ ਪੱਧਰ ‘ਤੇ ਗੁਰਮਤਿ ਸੰਗੀਤ ਦੀ ਮੌਲਿਕਤਾ ਤੇ ਪ੍ਰਮਾਣਿਕ ਪਰੰਪਰਾ ਨੂੰ ਵਿਹਾਰਕ ਰੂਪ ਵਿਚ ਸਥਾਪਿਤ ਕਰਨ ਦੀ ਬੁਨਿਆਦੀ ਜ਼ਰੂਰਤ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਪਰੰਪਰਾ, ਗਾਇਨ ਪਰੰਪਰਾ, ਤੰਤੀ ਸਾਜ਼ਾਂ ਦੀ ਪਰੰਪਰਾ ਅਤੇ ਸ਼ਬਦ ਕੀਰਤਨ ਦੀ ਟਕਸਾਲੀ ਪਰੰਪਰਾ ਨੂੰ ਕੀਰਤਨੀਆਂ ਦੁਆਰਾ ਪ੍ਰਚਾਰ ਵਿਚ ਲਿਆਉਣ ਦੀ ਪਹਿਲ ਕਦਮੀ ਅਤੇ ਇਸ ਦੀ ਸਥਾਪਨਾ ਲਈ ਸੁਦ੍ਰਿੜ ਯਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਹੀ ਸੰਭਵ ਹੋ ਸਕਦੇ ਹਨ। ਇਸ ਸੰਦਰਭ ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਕੀਰਤਨ ਪਰੰਪਰਾ ਉਤੇ ਸਥਾਪਿਤ ਗੁਰ ਮਰਿਆਦਾ ਦੇ ਨਾਲ-ਨਾਲ ਗੁਰਮਤਿ ਸੰਗੀਤ ਮਰਿਆਦਾ ਦਾ ਨਿਯਮਬੱਧ ਰੂਪ ਵਿਚ ਪਾਲਣ ਕਰਨਾ ਕਰਵਾਉਣਾ ਚਾਹੀਦਾ ਹੈ। ਸਾਡੀ ਸਭ ਤੋਂ ਵੱਡੀ ਸੀਮਾ ਅਤੇ ਚਣੌਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੀਆਂ ਸੰਸਥਾਵਾਂ ਦੇ ਅਕਾਦਮਿਕ ਮਿਆਰ ਨੂੰ ਹੋਰ ਉੱਚਾ ਚੁੱਕਣਾ ਅਤੇ ਸਮਕਾਲੀ ਗੁਰੂ ਘਰ ਦੇ ਕੀਰਤਨੀਆਂ ਦੀ ਸਿਖਲਾਈ ਦਾ ਪ੍ਰਬੰਧ ਹੋਰ ਸੁਚੱਜਾ ਬਣਾਉਣਾ ਹੈ। ਸਾਨੂੰ ਖੁਸ਼ੀ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਯਤਨਾਂ ਨਾਲ ਜਿਥੇ ਤੰਤੀ ਸਾਜ਼ਾਂ ਦੀ ਪਰੰਪਰਾ ਦੀ ਪੁਨਰ ਸੁਰਜੀਤੀ ਹੋਈ ਹੈ, ਉਥੇ ਵੱਖ-ਵੱਖ ਮਿਸ਼ਨਰੀ ਕਾਲਜਾਂ ਵਿਚ ਤੰਤੀ ਸਾਜ਼ਾਂ ਨੂੰ ਸਿਖਾਉਣ ਦਾ ਆਗਾਜ਼ ਵੀ ਕੀਤਾ ਗਿਆ ਹੈ। ਭਵਿੱਖ ਵਿਚ ਆਸ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਸਰਪਰਸਤ ਗੁਰਮਤਿ ਸੰਗੀਤ ਦਾ ਸਹੀ ਰੂਪ ਵਿਚ ਪ੍ਰਚਾਰ ਹਿਤ ਆਪੋ ਆਪਣਾ ਯੋਗਦਾਨ ਪਾਉਣਗੇ ਤਾਂ ਜੋ ਗੁਰਮਤਿ ਸੰਗੀਤ ਪਾਪੂਲਰ ਫਿਲਮੀ ਸੰਗੀਤ ਦੇ ਪ੍ਰਭਾਵ ਤੋਂ ਰਹਿਤ ਹੋ ਕੇ ਗੁਰਮਤਿ ਅਤੇ ਸਿੱਖ ਸੰਗੀਤ ਦੀ ਮੌਲਿਕਤਾ ਦਾ ਧਾਰਣੀ ਰਹਿ ਸਕੇ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *