*ਗੁਰਨਾਮ ਸਿੰਘ (ਡਾ.)
ਗੁਰਮਤਿ ਸੰਗੀਤ ਦੇ ਸੁਰਲਿਪੀਬੱਧ ਕਾਰਜਾਂ ਦੀ ਧਾਰਾ ਅਧੀਨ ਸ. ਗਿਆਨ ਸਿੰਘ ‘ਐਬਟਾਬਾਦ’ ਦਾ ਨਾਮ ਵਿਸ਼ੇਸ਼ ਵਰਣਨਯੋਗ ਹੈ। ਗੁਰਮਤਿ ਸੰਗੀਤ ਦੇ ਆਰੰਭਲੇ ਰਚਨਾਕਾਰ ਮਾਸਟਰ ਸੁੰਦਰ ਸਿੰਘ, ਰਾਗੀ ਭਾਈ ਪ੍ਰੇਮ ਸਿੰਘ, ਸ. ਰਵੇਲ ਸਿੰਘ ‘ਕੰਵਰ’ ਤੋਂ ਬਾਅਦ ਆਪ ਦਾ ਨਾਮ ਉਲੇਖਨੀਯ ਹੈ। ਆਪ ਤੋਂ ਪੂਰਵਲੇ ਰਚਨਾਕਾਰਾਂ ਨੇ ਗੁਰਮਤਿ ਸੰਗੀਤ ਦੇ ਜਿਨ੍ਹਾਂ ਸੁਰਲਿਪੀ ਬੱਧ ਕਾਰਜਾਂ ਦੀ ਨੀਂਹ ਰਖੀ ਸੀ, ਆਪ ਨੇ ਉਨ੍ਹਾਂ ਦੀ ਪਾਈ ਲੀਹ ਉਤੇ ਚਲਦਿਆਂ ਨਿਯਮਬੱਧਤਾ ਰਾਹੀਂ ਉਸ ਨੂੰ ਅੱਗੇ ਤੋਰਿਆ। ਜੇਕਰ ਆਪ ਦੁਆਰਾ ਰਚਿਤ ਸ਼ਬਦ ਕੀਰਤਨ ਰਚਨਾਵਾਂ ਦੇ ਸੰਗ੍ਰਹਿ ਨੂੰ ਵਾਚੀਏ ਤਾਂ ਗੁਰਮਤਿ ਸੰਗੀਤ ਦੀ ਸਿਧਾਂਕਤਾ ਅਤੇ ਵਿਵਹਾਰਕਤਾ ਦੀ ਪਰਿਪਕਤਾ ਦੇ ਦੀਦਾਰ ਪਾਠਕਾਂ ਦੇ ਰੂ-ਬ-ਰੂ ਸਹਿਜੇ ਹੀ ਹੋ ਜਾਂਦੇ ਹਨ। ਆਪ ਜਿਥੇ ਪ੍ਰਸਿੱਧ ਗੁਰਮਤਿ ਸੰਗੀਤਾਚਾਰੀਆ ਰਹੇ ਹਨ, ਉਥੇ ਆਪ ਨਿਧੜਕ ਸਿੱਖ ਅਤੇ ਗੁਰੂ ਘਰ ਦੇ ਅਨਿਨ ਸੇਵਕ ਵੀ ਸਨ। ਆਪ ਨੇ ਆਪਣੀ ਜਿੰਦਗੀ ਦੇ 65 ਵਰ੍ਹੇ ਜਿੱਥੇ ਕੀਰਤਨ ਦੀ ਸੇਵਾ ਕਰਦਿਆਂ ਗੁਜਾਰੇ, ਉਥੇ ਵਿਵਹਾਰਕ ਤੌਰ ਤੇ ਸਿੱਖ ਰਾਜਨੀਤੀ ਵਿਚ ਵੀ ਪੂਰੀ ਤਰ੍ਹਾਂ ਸਰਗਰਮ ਰਹੇ। ਗੁਰਦਆਰਾ ਸੁਧਾਰ ਲਹਿਰ ਸਮੇਂ ਵਾਪਰੀਆਂ ਲੂੰ ਖੜੇ ਕਰਨ ਵਾਲੀਆਂ ਘਟਨਾਵਾਂ ਨੇ ਆਪ ਦਾ ਮਨ ਨੂੰ ਟੁੰਬਿਆ। ਆਪ ਆਪਣੇ ਸਾਥੀਆਂ ਸਮੇਤ ਸ਼ਹੀਦਾਂ ਦੇ ਸਸਕਾਰ ਵਾਲੇ ਦਿਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚੇ। ਇਥੇ ਦੇ ਸੋਗਮਈ ਮਾਹੌਲ ਨੇ ਆਪ ਅੰਦਰ ਇਨਕਲਾਬੀ ਰੂਹ ਫੂਕ ਦਿਤੀ। ਆਪ ਸ਼੍ਰੋਮਣੀ ਕਮੇਟੀ ਦੇ ਜਿਲ੍ਹਾ ਪੱਧਰੀ ਮੈਂਬਰ ਵੀ ਰਹੇ। ਜਦੋਂ ਸ਼੍ਰੋਮਣੀ ਕਮੇਟੀ ਨੂੰ ਗੈਰ ਕਾਨੂੰਨੀ ਕਰਾਰ ਦਿਤਾ ਗਿਆ, ਉਸ ਸਮੇਂ ਵੀ ਆਪ ਰਾਜਨੀਤਕ ਤੌਰ ਤੇ ਪੂਰੀ ਤਰ੍ਹਾਂ ਸਰਗਰਮ ਰਹੇ। 1924 ਵਿਚ ਆਪ ਨੂੰ ਮੁਲਤਾਨ ਵਿਖੇ ਦੋ ਸਾਲ ਦੀ ਜੇਲ ਵੀ ਹੋਈ। ਜੇਲ ਵਿਚ ਰਹਿੰਦਿਆਂ ਆਪ ਨੇ ਗੁਰਬਾਣੀ ਵਿਚ ਪਰਿਪਕਤਾ ਬਣਾਈ ਅਤੇ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਨ ਦਾ ਅਭਿਆਸ ਕੀਤਾ। ਇਸ ਸਮੇਂ ਦੌਰਾਨ ਆਪ ਨੇ ਹੋਰ ਬਾਣੀਆਂ ਤੋ ਇਲਾਵਾ 22 ਵਾਰਾਂ ਵਿਚੋਂ 14 ਵਾਰਾਂ ਨੂੰ ਜੁਬਾਨੀ ਕੰਠ ਕੀਤਾ। ਗੁਰਦੁਆਰਾ ਪੰਜਾ ਸਾਹਿਬ ਦੇ ਆਪ ਦੋ ਵਾਰ ਪ੍ਰਧਾਨ ਰਹੇ। ਦੇਸ਼ ਵੰਡ ਦੀ ਤ੍ਰਾਸਦੀ ਤੋਂ ਬਾਅਦ ਦਿੱਲੀ ਆ ਟਿਕੇ ਅਤੇ ਇਥੇ ਆ ਕੇ ਆਪ ਨੇ ਹੱਥੀ ਕਿਰਤ ਸ਼ੁਰੂ ਕੀਤੀ। ਆਪ ਨੇ ਸ. ਮੇਲਾ ਸਿੰਘ ਨਾਲ ਮਿਲ ਕੇ ਆਰਮਜ਼ ਐਂਡ ਐਮੂਨੀਸ਼ਨ ਦਾ ਕੰਮ ਸ਼ੁਰੂ ਕੀਤਾ। ਇਸ ਸਭ ਦੇ ਨਾਲ-ਨਾਲ ਆਪ ਨੇ ਆਪਣੀ ਗੁਰਬਾਣੀ ਅਤੇ ਸ਼ਬਦ ਕੀਰਤਨ ਨਾਲ ਸਾਂਝ ਨੂੰ ਹੋਰ ਪਕੇਰਾ ਕੀਤਾ।
ਸ. ਗਿਆਨ ਸਿੰਘ ‘ਐਬਟਾਬਾਦ’ ਦਾ ਜਨਮ 1897 ਈ. ਵਿਚ ਸ. ਭਗਵਾਨ ਸਿੰਘ ਦੇ ਗ੍ਰਹਿ ਐਬਟਾਬਾਦ (ਪਾਕਿਸਤਾਨ) ਵਿਖੇ ਹੋਇਆ। ਐਬਟਾਬਾਦ ਹਿਮਾਲਿਆ ਦੀ ਪੱਛਮੀ ਧਾਰ ਵਿਚ ਵਸਿਆ ਇਕ ਬਹੁਤ ਹੀ ਸੁੰਦਰ ਤੇ ਰਮਣੀਕ ਸਥਾਨ ਹੈ। ਇਸ ਸਥਾਨ ਦੀ ਸੁੰਦਰ ਫਿਜ਼ਾ ਵਿਚ ਹੀ ਬਾਲ ਗਿਆਨ ਸਿੰਘ ਦਾ ਸੰਗੀਤਕ ਸਫਰ ਸ਼ੁਰੂ ਹੋਇਆ। ਗੁਰਮਤਿ ਸੰਗੀਤ ਦੀ ਬਖਸ਼ਿਸ਼ ਆਪ ਨੂੰ ਵਿਰਾਸਤ ਵਿਚੋਂ ਪ੍ਰਾਪਤ ਹੋਈ। ਕੀਰਤਨ ਦੀ ਮੁਢਲੀ ਸਿਖਿਆ ਆਪ ਨੇ ਆਪਣੇ ਪਿਤਾ ਸ. ਭਗਵਾਨ ਸਿੰਘ ਕੋਲੋਂ ਪ੍ਰਾਪਤ ਕੀਤੀ। ਸ. ਭਗਵਾਨ ਸਿੰਘ ਸ਼ਬਦ ਕੀਰਤਨ ਦੀ ਇਤਨੇ ਰਸੀਏ ਸਨ ਕਿ ਘਰ ਵਿਚ ਪਰਿਵਾਰ ਸਹਿਤ ਕੀਰਤਨ ਕਰਨਾ ਉਨ੍ਹਾਂ ਦਾ ਨਿਤਨੇਮ ਸੀ। ਪਰਿਵਾਰਕ ਸੰਸਕਾਰਾਂ ਅਤੇ ਗੁਰੂ ਕਿਰਪਾ ਸਦਕੇ ਬਾਲ ਗਿਆਨ ਸਿੰਘ ਨੇ ਪੰਜ ਵਰ੍ਹਿਆਂ ਦੀ ਉਮਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿਤਾ ਸੀ। ਸ਼ਬਦ ਕੀਰਤਨ ਵਿਚ ਮੁਹਾਰਤ ਵੀ ਆਪ ਨੇ ਛੋਟੀ ਉਮਰੇ ਹਾਸਲ ਕਰ ਲਈ ਸੀ। ਪਿੰਡ ਦੇ ਗ੍ਰੰਥੀ ਭਾਈ ਨਾਰਾਇਣ ਸਿੰਘ ਦੀ ਸਮੇਂ-ਸਮੇਂ ਪ੍ਰਾਪਤ ਪ੍ਰੇਰਨਾ ਸਦਕਾ ਆਪ ਦੀ ਸ਼ਬਦ ਕੀਰਤਨ ਅਤੇ ਸੰਗਤ ਨਾਲ ਸਾਂਝ ਪੀਡੀ ਹੁੰਦੀ ਗਈ। ਆਪ ਨੇ ਗੁਰਮਤਿ ਸੰਗੀਤ ਦੀ ਬਕਾਇਦਾ ਸਿੱਖਿਆ ਭਾਈ ਲਾਲ ਸਿੰਘ ਐਬਟਾਬਾਦ ਤੋਂ ਪ੍ਰਾਪਤ ਕੀਤੀ।
ਗੁਰਮਤਿ ਸੰਗੀਤ ਦੇ ਸ਼ਬਦ ਕੀਰਤਨ ਰਚਨਾਕਾਰ ਸ. ਗਿਆਨ ਸਿੰਘ ‘ਐਬਟਾਬਾਦ’ ਨੇ ਆਪਣੇ ਸੁਰਲਿਪੀ ਬੱਧ ਕਾਰਜ ਦੀ ਮੂਲ ਪ੍ਰੇਰਨਾ ਤੇ ਉਦੇਸ਼ ਸਬੰਧੀ ਵਰਣਨ ਕਰਦਿਆਂ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ, "ਸੰਗਤਾਂ ਵਿਚ ਆਮ ਚਰਚਾ ਸੀ ਕਿ ਗੁਰਦੁਆਰਿਆਂ ਵਿਚ ਫਿਲਮੀ ਟਿਊਨਾਂ ਤੇ ਕੀਰਤਨ ਕੀਤਾ ਜਾਂਦਾ ਹੈ, ਜੋ ਮਨ ਨੂੰ ਚੰਚਲ ਕਰਦੀਆਂ ਹਨ ਤੇ ਕੀਰਤਨ ਚਾਹੀਦਾ ਹੈ ਜਿਸ ਨਾਲ ਮਨ ਟਿਕੇ। ਮੈਂ ਉਨ੍ਹਾਂ ਸ਼ਬਦ ਰੀਤਾਂ ਦੀ ਖੋਜ ਵਿਚ ਸਾਂ ਜਿਨ੍ਹਾਂ ਵਿਚ ਗੁਰੂ ਸਾਹਿਬਾਨ ਦੇ ਸਮੇਂ ਗੁਰਬਾਣੀ ਗਾਈ ਜਾਂਦੀ ਸੀ।" ਉਕਤ ਹਵਾਲੇ ਤੋਂ ਆਪ ਦੇ ਵਿਚਾਰ ਸਪਸ਼ਟ ਹਨ ਕਿ ਗੁਰੂ ਘਰਾਂ ਵਿਚ ਰਾਗੀ ਸਿੰਘਾਂ ਦੁਆਰਾ ਫਿਲਮੀ ਟਿਊਨਾਂ 'ਤੇ ਸ਼ਬਦ ਕੀਰਤਨ ਕਰਨ ਦੀ ਪ੍ਰਕ੍ਰਿਆ ਆਪ ਦੇ ਦਿਲ ਨੂੰ ਆਹਤ ਕਰਦੀ ਸੀ। ਕਰੇ ਵੀ ਕਿਉਂ ਨਾ, ਆਪਣੀ ਅਮੀਰ ਵਿਰਾਸਤ ਨੂੰ ਛੱਡ ਕੇ ਅਸੀਂ ਕੰਨ ਰਸ ਨੂੰ ਤਰਜੀਹ ਜੋ ਦੇਣ ਲਗ ਪਏ ਹਾਂ। ਗੁਰਮਤਿ ਸੰਗੀਤ ਦੇ ਕਿਸੇ ਵੀ ਸੱਚੇ ਹਿਤਕਾਰੀ ਲਈ ਇਹ ਗੱਲ ਕਦੇ ਵੀ ਗਵਾਰਾ ਨਹੀਂ ਹੋਵੇਗੀ। ਆਪ ਨੇ ਸ਼ਬਦ ਕੀਰਤਨ ਰਚਨਾਵਾਂ ਨੂੰ ਸੰਗ੍ਰਹਿਤ ਕਰਕੇ ਸੁਰਲਿਪੀ ਬੱਧ ਕਰਨ ਦਾ ਕਾਰਜ ਗਿਆਨੀ ਹਰਦਿਤ ਸਿੰਘ, ਭਾਈ ਸੰਤਾ ਸਿੰਘ ਜੀ 'ਕੰਵਲ' ਅਤੇ ਭਾਈ ਦਿਆਲ ਸਿੰਘ (ਜੋ ਜੋੜੀ, ਹਾਰਮੋਨੀਅਮ, ਸਾਰੰਦਾ, ਦਿਲਰੁਬਾ ਆਦਿ ਸਾਜ਼ ਵਜਾਉਣ ਦੇ ਮਾਹਿਰ ਸਨ) ਨਾਲ ਮਿਲ ਕੇ ਕੀਤਾ। ਗੁਰਬਾਣੀ ਸੰਗੀਤ ਦੇ ਹਵਾਲੇ ਨਾਲ ਸ. ਗਿਆਨ ਸਿੰਘ ‘ਐਬਟਾਬਾਦ’ ਨੇ ਸ਼ਬਦ ਕੀਰਤਨ ਰਚਨਾਵਾਂ ਦੇ ਸੰਗ੍ਰਹਿ ਹਿਤ ਬਹੁਤ ਸਖਤ ਘਾਲਣਾ ਕੀਤੀ ਹੈ। ਗੁਰੂ ਘਰ ਦੀ ਵਿਵਹਾਰਕ ਸ਼ਬਦ ਕੀਰਤਨ ਪਰੰਪਰਾ ਵਿਚ ਸੀਨਾ-ਬ-ਸੀਨਾ ਚਲੀਆਂ ਆ ਰਹੀਆਂ ਸ਼ਬਦ ਰੀਤਾਂ ਨੂੰ ਇਕੱਠਾ ਕਰਨ ਹਿਤ ਆਪ ਵੱਲੋਂ ਵੱਖ-ਵੱਖ ਸਥਾਨਾਂ 'ਤੇ ਜਾ ਕੇ ਪੰਥ ਪ੍ਰਸਿੱਧ ਕੀਰਤਨੀਆਂ ਕੋਲੋਂ ਇਨ੍ਹਾਂ ਰੀਤਾਂ ਨੂੰ ਪ੍ਰਾਪਤ ਕੀਤਾ। ਇਸੇ ਹੀ ਪ੍ਰਕ੍ਰਿਆ ਅਧੀਨ ਆਪ ਨੇ ਰਬਾਬੀ ਭਾਈ ਤਾਬਾ ਜੀ, ਜਿਨ੍ਹਾਂ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਸ਼ਬਦ ਕੀਰਤਨ ਕਰਦਿਆਂ ਗੁਜਾਰਿਆ, ਉਨ੍ਹਾਂ ਪਾਸੋਂ ਬੜੀ ਮਿਹਨਤ, ਮੁਸ਼ਕਤ ਸਦਕਾ ਹਰਿਮੰਦਰ ਸਾਹਿਬ ਵਿਖੇ ਗਾਈਆਂ ਜਾਂਦੀਆਂ ਰਹੀਆਂ ਪੁਰਾਤਨ ਸ਼ਬਦ ਰੀਤਾਂ ਨੂੰ ਹਾਸਿਲ ਕੀਤਾ। ਆਪ ਦੇ ਇਸ ਕਾਰਜ ਦੇ ਪਾਂਧੀ ਰਹੇ ਭਾਈ ਦਿਆਲ ਸਿੰਘ (ਪਿੰ੍ਰ.) ਨੇ ਆਪ ਦਾ ਭਰਪੂਰ ਸਹਿਯੋਗ ਦਿਤਾ। ਆਪ ਵਲੋਂ ਭਾਈ ਦਿਆਲ ਸਿੰਘ(ਪ੍ਰਿੰ.) ਦੁਆਰਾ ਇਸ ਕਾਰਜ ਵਿਚ ਕੀਤੀ ਅਤਿ ਕਰੜੀ ਮਿਹਤਨ ਦੀ ਸ਼ਲਾਘਾ ਵਾਰ-ਵਾਰ ਕੀਤੀ ਹੈ। ਇਸ ਤਰ੍ਹਾਂ ਆਪ ਨੇ ਸੰਨ 1959 ਈ. ਤੱਕ 98 ਰਾਗਾਂ ਵਿਚ 210 ਸ਼ਬਦ ਰੀਤਾਂ ਨੂੰ ਸੁਰਲਿਪੀ ਬੱਧ ਰੂਪ ਵਿਚ ਸਾਂਭ ਲਿਆ ਗਿਆ ਸੀ। ਇਨ੍ਹਾਂ ਸ਼ਬਦ ਰੀਤਾਂ ਵਿਚ ਗੁਰੂ ਗ੍ਰੰਥ ਸਾਹਿਬ ਅਧੀਨ ਦਰਜ ਗੁਰਬਾਣੀ ਤੋਂ ਇਲਾਵਾ ਪ੍ਰਮਾਣਿਕ ਬਾਣੀਆਂ ਜਿਵੇਂ ਵਾਰਾਂ ਭਾਈ ਗੁਰਦਾਸ, ਕਬਿਤ ਭਾਈ ਗੁਰਦਾਸ, ਗਜ਼ਲਾਂ ਭਾਈ ਨੰਦ ਲਾਲ ਜੀ ਅਤੇ ਦਸਮ ਗ੍ਰੰਥ ਆਦਿ ਦੀ ਬਾਣੀ ਸ਼ਾਮਿਲ ਹੈ। ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਸਾਰ ਹਿਤ ਆਪ ਨੇ ਇਨ੍ਹਾਂ ਅਨਮੋਲ ਸ਼ਬਦ ਕੀਰਤਨ ਰਚਨਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੁਆਰਾ ਪੁਸਤਕ ‘ਗੁਰਬਾਣੀ ਸੰਗੀਤ’ ਅਧੀਨ 1961 ਵਿਚ ਪ੍ਰਕਾਸ਼ਿਤ ਕਰਵਾਕੇ ਗੁਰਮਤਿ ਸੰਗੀਤ ਪ੍ਰੇਮੀਆਂ ਦੀ ਸੇਵਾ ਲਈ ਭੇਟ ਕੀਤਾ।
ਗੁਰਮਤਿ ਸੰਗੀਤ ਦੇ ਸ਼ਬਦ ਕੀਰਤਨ ਰਚਨਾਕਾਰ ਸ. ਗਿਆਨ ਸਿੰਘ ‘ਐਬਟਾਬਾਦ’ ਦੁਆਰਾ ਰਚਿਤ ਪੁਸਤਕ ‘ਗੁਰਬਾਣੀ ਸੰਗੀਤ’ ਦੋ ਭਾਗਾਂ ਵਿਚ ਉਪਲਬੱਧ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿਚ 293 ਸ਼ਬਦ ਕੀਰਤਨ ਰਚਨਾਵਾਂ ਨੂੰ 67 ਰਾਗਾਂ ਅਤੇ 25 ਤਾਲਾਂ ਵਿਚ ਸੁਰਲਿਪੀ ਬੱਧ ਕੀਤਾ ਗਿਆ ਹੈ। ਪੁਸਤਕ ਦੇ ਇਸ ਭਾਗ ਵਿਚ ਆਪ ਦੁਆਰਾ ਪ੍ਰਯੁਕਤ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਤਰਤੀਬ ਅਨੁਸਾਰੀ ਹੈ। ਇਕ ਰਾਗ ਦੇ ਵੱਖ-ਵੱਖ ਪ੍ਰਕਾਰਾਂ ਦੇ ਅੰਤਰਗਤ ਸ਼ਬਦਾਂ ਨੂੰ ਸੁਰਲਿਪੀ ਬੱਧ ਕੀਤਾ ਗਿਆ ਹੈ ਜਿਵੇਂ ਮੀਆਂ ਕੀ ਟੋਡੀ, ਬਹਾਦਰੀ ਟੋਡੀ, ਸੰਧੂਰੀ ਟੋਡੀ, ਅਮੀਰੀ ਟੋਡੀ, ਹੁਸੈਨੀ ਟੋਡੀ ਆਦਿ। ਪੁਸਤਕ ਦੀਆਂ ਸ਼ਬਦ ਰਚਨਾਵਾਂ ਲਈ ਪ੍ਰਯੁਕਤ ਤਾਲਾਂ ਵਿਚ ਪਉੜੀ, ਦਾਦਰਾ, ਢਾਈ ਤਾਲ ਰੂਪਕ, ਤਲਵਾੜਾ, ਮੱਤਤਾਲ, ਝੱਪਤਾਲ, ਸੂਲਫਾਕ, ਭਾਨਮਤੀਤਾਲ, ਜਗਪਾਲਤਾਲ, ਚਾਰਤਾਲ, ਇਕਤਾਲਾ, ਜੈਤਾਲ, ਚੰਚਲ, ਆਡਾ ਚੌਤਾਲ, ਧਮਾਰ, ਫਰੋਦਸਤ, ਸਵਾਰੀ ਪੰਜਤਾਲ, ਤਿੰਨ ਤਾਲ, ਛੋਟਾ ਤਿੰਨ ਤਾਲ, ਪੰਜਾਬੀ ਠੇਕਾ ਤਿੰਨ ਤਾਲ, ਸਿਖਰ ਤਾਲ, ਖਟਤਾਲ, ਇੰਦਰ ਤਾਲ, ਅਸ਼ਠਤਾਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਭਾਗ ਦੇ ਅੰਤਰਗਤ 18 ਧਰੁਪਦ ਅੰਗ, ਅੱਠ ਧਮਾਰ ਅੰਗ ਅਤੇ 24 ਪੜਤਾਲ ਗਾਇਨ ਸ਼ੈਲੀ ਅਧੀਨ ਸ਼ਬਦ ਕੀਰਤਨ ਰਚਨਾਵਾਂ ਸੁਰਲਿਪੀਬਧ ਹਨ। ਪੁਸਤਕ ‘ਗੁਰਬਾਣੀ ਸੰਗੀਤ’ ਦੇ ਦੂਜੇ ਭਾਗ ਦੇ ਅੰਤਰਗਤ 70 ਰਾਗਾਂ ਅਧੀਨ 155 ਸ਼ਬਦ ਕੀਰਤਨ ਰਚਨਾਵਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਦਸ-ਦਸ ਰਾਗਾਂ ਦੇ ਦੋ ਗੁਲਦਸਤੇ ਵੀ ਇਸ ਭਾਗ ਵਿਚ ਦਰਜ ਹਨ। ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਹਿਤ ਗੁਰਮਤਿ ਸੰਗੀਤ ਦੀ ਵਿਵਹਾਰਕ ਸ਼ਬਦ ਕੀਰਤਨ ਪਰੰਪਰਾ ਵਿਚ ਪ੍ਰਯੋਗ ਅਧੀਨ ਰਹੇ ਰਾਗਾਂ ਨੂੰ ਦਰਜ ਕੀਤਾ ਗਿਆ ਹੈ। ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਨੂੰ ਭਾਗ ਪਹਿਲਾ ਵਿਚ ਪ੍ਰਯੁਕਤ ਤਾਲਾਂ ਅਧੀਨ ਹੀ ਸੁਰਲਿਪੀ ਬੱਧ ਕੀਤਾ ਗਿਆ ਹੈ।
ਰਚਨਾਕਾਰ ਸ. ਗਿਆਨ ਸਿੰਘ ‘ਐਬਟਾਬਾਦ’ ਦੁਆਰਾ ਰਚਿਤ ਉਕਤ ਪੁਸਤਕ ਦੀ ਵਿਸ਼ੇਸ਼ਤਾ ਰਹੀ ਹੈ ਕਿ ਆਪ ਦੁਆਰਾ ਰਚਿਤ ਸ਼ਬਦ ਕੀਰਤਨ ਰਚਨਾਵਾਂ ਹਿਤ ਪਹਿਲੀ ਵਾਰ ਭਾਤਖੰਡੇ ਸੁਰਲਿਪੀ ਨੂੰ ਪ੍ਰਯੋਗ ਅਧੀਨ ਲਿਆਉਂਦਾ ਗਿਆ ਜੋ ਕਿ ਉਤਰ ਭਾਰਤੀ ਸੰਗੀਤ ਵਿਚ ਪ੍ਰਚਲਿਤ ਹੋ ਚੁੱਕੀ ਸੀ। ਆਪ ਦੀਆਂ ਸ਼ਬਦ ਕੀਰਤਨ ਰਚਨਾਵਾਂ ਰਾਹੀਂ ਹੀ ਭਾਤਖੰਡੇ ਸੁਰਲਿਪੀ ਦਾ ਪ੍ਰਵੇਸ਼ ਗੁਰਮਤਿ ਸੰਗੀਤ ਪਰੰਪਰਾ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਤੋਂ ਪੂਰਵ ਗੁਰਮਤਿ ਸੰਗੀਤ ਪਰੰਪਰਾ ਵਿਚ ਵੱਖ-ਵੱਖ ਮੌਲਿਕ ਸੁਰਲਿਪੀਆਂ ਦਾ ਸ਼ਬਦ ਕੀਰਤਨ ਰਚਨਾਵਾਂ ਹਿਤ ਪ੍ਰਯੋਗ ਹੁੰਦਾ ਰਿਹਾ ਹੈ।
ਸ. ਗਿਆਨ ਸਿੰਘ ‘ਐਬਟਾਬਾਦ’ ਦੇ ੳੇੁਕਤ ਕਾਰਜਾਂ ਤੋਂ ਉਨ੍ਹਾਂ ਵਲੋਂ ਕੀਤੀ ਸਖਤ ਘਾਲਣਾ ਪ੍ਰਤੱਖ ਹੈ। ਗੁਰਮਤਿ ਸੰਗੀਤ ਦੇ ਇਸ ਮਹਾਨ ਸੰਗੀਤਾਚਾਰੀਆ ਵਲੋਂ ਕੀਤਾ ਕਾਰਜ ਇਸ ਕਰਕੇ ਵੀ ਸ਼ਲਾਘਾਯੋਗ ਹੈ ਕਿ ਜਿਸ ਸਮੇਂ ਇਹ ਕਾਰਜ ਹੋਇਆ, ਉਸ ਸਮੇਂ ਦੇ ਸਮਾਜਿਕ ਤੇ ਆਰਥਿਕ ਹਾਲਾਤ ਬੜੇ ਨਾਜੁਕ ਸਨ ਅਤੇ ਅਰਾਜਕਤਾ ਦਾ ਬੋਲਬਾਲਾ ਵੀ ਸੀ। ਇਸਦੇ ਨਾਲ ਹੀ ਵਰਤਮਾਨ ਸਮੇਂ ਦੀ ਤਰ੍ਹਾਂ ਆਧੁਨਿਕਤਾ ਅਤੇ ਸੰਚਾਰ ਸਾਧਨਾਂ ਦੀ ਵੀ ਅਣਹੋਂਦ ਸੀ। ਗੁਰਮਤਿ ਸੰਗੀਤ ਦੇ ਜਿਗਿਆਸੂਆਂ, ਰਾਗੀਆਂ, ਕੀਰਤਨਕਾਰਾਂ, ਸਿਖਿਆਰਥੀਆਂ, ਵਿਦਿਆਰਥੀਆਂ ਆਦਿ ਸਾਰਿਆਂ ਨੂੰ ਚਾਹੀਦਾ ਹੈ ਕਿ ਸ. ਗਿਆਨ ਸਿੰਘ ‘ਐਬਟਾਬਾਦ’ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਗੁਰਮਤਿ ਸੰਗੀਤ ਪ੍ਰਤੀ ਬਣਦੇ ਆਪਣੇ ਫਰਜ਼ ਨੂੰ ਪਛਾਣਨ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ