ਡਾ.ਨਿਵੇਦਿਤਾ ਸਿੰਘ
ਸੰਗੀਤ ਮਨੁੱਖ ਨੂੰ ਕੁਦਰਤ ਵੱਲੋਂ ਬਖ਼ਸ਼ੀ ਇੱਕ ਅਦੁੱਤੀ ਦਾਤ ਹੈ। ਸ੍ਰਿਸ਼ਟੀ ਦੇ ਕਣ-ਕਣ ਵਿੱਚ ਸੰਗੀਤ ਵਿਦਮਾਨ ਹੈ। ਪੂਰਾ ਜਗਤ ਸੰਗੀਤਮਈ ਹੈ। ਇਸੇ ਲਈ, ਸੰਗੀਤ ਨੂੰ ‘ਨਾਦ ਬ੍ਰਹਮ’ ਵੀ ਕਿਹਾ ਗਿਆ ਹੈ। ਸੰਗੀਤ ਵਿਹੂਣੇ ਸੰਸਾਰ ਅਤੇ ਮਾਨਵੀ ਸਮਾਜ ਦੀ ਕਲਪਨਾ ਤੱਕ ਵੀ ਅਸੰਭਵ ਹੈ। ਇਹ ਉਹ ਕਲਾ ਹੈ ਜੋ ਮਨੁੱਖ ਅੰਦਰ ਜਨਮ ਜਾਤ ਤੋਂ ਹੀ ਦੈਵੀ ਗੁਣ ਦੇ ਬੀਜ ਰੂਪ ਵਿੱਚ ਪ੍ਰਫੁਲਿਤ ਹੋ ਜਾਂਦੀ ਹੈ। ਨਿੱਕੇ ਬਾਲ, ਅਲ੍ਹੱੜ ਉਮਰ ਦੇ ਬੱਚੇ, ਨੌਜੁਆਨ, ਪ੍ਰੋੜ੍ਹ ਅਤੇ ਬਜ਼ੁਰਗ, ਸਾਰੇ ਹੀ ਸੰਗੀਤ ਪ੍ਰਤੀ ਆਕਰਸ਼ਿਤ ਹੁੰਦੇ ਹਨ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਸੰਗੀਤ ਨਾਲ ਜੁੜੇ ਹੁੰਦੇ ਹਨ। ਪਸ਼ੂ-ਪੰਛੀ ਅਤੇ ਇੱਥੋਂ ਤੱਕ ਕਿ ਪੌਦੇ ਵੀ ਸੰਗੀਤ ਦੀਆਂ ਮਧੁਰ ਸੁਰਾਂ ਨੂੰ ਮਾਣਦੇ ਹਨ। ਸੰਗੀਤ ਮਨੁੱਖ ਦੀਆਂ ਸੁਹਜਾਤਮਕ ਬਿਰਤੀਆਂ ਨੂੰ ਜਗਾਉਂਣ ਦਾ ਇੱਕ ਸਫ਼ਲ ਮਾਧਿਅਮ ਹੈ। ਕੋਈ ਵੀ ਮਨੁੱਖ ਜਦੋਂ ਸੰਗੀਤ ਦੀਆਂ ਸੁਰਾਂ ਨੂੰ ਸੁਣਦਾ ਹੋਇਆ ਕੁਝ ਪਲ ਲਈ ਗੁਆਚ ਜਾਂਦਾ ਹੈ ਤਾਂ ਉਹ ਉਤਕ੍ਰਿਸ਼ਟਤਾ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਉਸਦਾ ਹਿਰਦਾ ਸ਼ਾਂਤ, ਮਨ ਨਿਰਛਲ ਤੇ ਆਤਮਾ ਨਿਰਮਲ ਹੋ ਜਾਂਦੀ ਹੈ। ਸੰਗੀਤ ਦੀ ਇਸੇ ਉੱਤਮਤਾ ਨੂੰ ਸਮਝਦੇ ਹੋਏ ਅਨੇਕ ਰਿਸ਼ੀਆਂ, ਵਿਦਵਾਨਾਂ ਅਤੇ ਚਿੰਤਕਾਂ ਨੇ ਇਸਦੀ ਮਹਿਮਾ ਦਾ ਬਖਾਨ ਕੀਤਾ ਹੈ।
ਸੰਗੀਤ ਸੂਖਮ ਅਭਿਵਿਅਕਤੀ ਦੀ ਕਲਾ ਹੈ, ਬਿਆਨਬਾਜ਼ੀ ਦੀ ਨਹੀਂ। ਇਹ ਪ੍ਰਤੀਕਾਤਮਕ ਕਲਾ ਹੈ ਪਰ ਕਿਸੇ ਵੀ ਸਥਿਤੀ ਪ੍ਰਤੀ ਇਸਦਾ ਸੰਕੇਤ ਏਨਾ ਡੂੰਘਾ ਤੇ ਪ੍ਰਭਾਵਸ਼ਾਲੀ ਹੁੰਦਾ ਹੈ ਕਿ ਸਹਿਜੇ ਹੀ ਸਥਿਤੀ ਦਾ ਅਹਿਸਾਸ ਕਰਵਾ ਦਿੰਦਾ ਹੈ। ਅਭਿਵਿਅਕਤੀ ਅਤੇ ਮਾਧਿਅਮ ਦੀ ਇਸੇ ਸੂਖਮਤਾ ਕਾਰਨ ਸਾਰੀਆਂ ਲਲਿਤ ਕਲਾਵਾਂ ਵਿੱਚੋਂ ਸੰਗੀਤ ਨੂੰ ਸਰਬੋਤਮ ਸਥਾਨ ਪ੍ਰਾਪਤ ਹੈ। ਸ਼ਬਦਾਂ ਤੋਂ ਪਾਰ ਜਾ ਕੇ ਕੇਵਲ ਮਧੁਰ ਆਵਾਜ਼ ਰਾਹੀਂ ਭਾਵਾਂ ਦਾ ਸੰਚਾਰ ਕਰਨ ਦੀ ਸਮਰੱਥਾ ਸੰਗੀਤ ਦਾ ਸਹਿਜ ਗੁਣ ਹੈ। ਇਹ ਸੁਰ ਅਤੇ ਲੈਅ-ਯੁਕਤ ਕਲਾ ਸਭਿਆਚਾਰਕ ਪਰੰਪਰਾਵਾਂ ਦਾ ਇੱਕ ਮੂਰਤੀਮਾਨ ਪ੍ਰਤੀਕ ਹੈ, ਭਾਵਨਾਵਾਂ ਦੀ ਉੱਤਮ ਕ੍ਰਿਤੀ ਹੈ ਅਤੇ ਅਮੂਰਤ ਭਾਵਨਾਵਾਂ ਨੂੰ ਮੂਰਤ ਰੂਪ ਦੇਣ ਦਾ ਮਾਧਿਅਮ ਹੈ।
ਹਰੇਕ ਧੁਨੀ ਜਾਂ ਆਵਾਜ਼ ਸੰਗੀਤਮਈ ਨਹੀਂ ਹੋ ਸਕਦੀ। ਜਿਸ ਧੁਨੀ ਵਿੱਚ ਸੰਗੀਤਕ ਸੰਭਾਵਨਾਵਾਂ ਹੋਣ ਓਹੀ ਸੰਗੀਤ ਉਪਯੋਗੀ ਆਵਾਜ਼ ‘ਨਾਦ’ ਕਹਾਉਂਦੀ ਹੈ। ਇਸ ਤਰ੍ਹਾਂ ਸੰਗੀਤ ਵਿੱਚ ਧੁਨੀ ਦਾ ਇੱਕ ਸ਼ੁਧ, ਨਿਯਮਿਤ ਅਤੇ ਸੰਤੁਲਿਤ ਰੂਪ ਪ੍ਰਯੋਗ ਹੁੰਦਾ ਹੈ। ਜਿੱਥੇ ਇਹ ਗੁਣ ਗੁਆਚ ਜਾਂਦੇ ਹਨ, ਸੰਗੀਤ ਵੀ ਗੁੰਮ ਜਾਂਦਾ ਹੈ ਅਤੇ ਸ਼ੋਰ ਪ੍ਰਬਲ ਹੋ ਜਾਂਦਾ ਹੈ। ਹਿਰਦੇ ਦੇ ਸੂਖ਼ਮ ਭਾਵਾਂ ਨੂੰ ਨਾਦ ਦੇ ਮਾਧਿਅਮ ਨਾਲ ਅਭਿਵਿਅਕਤ ਕਰਨ ਦੀ ਕਲਾ ਸੰਗੀਤ ਹੈ। ਦੂਸਰੇ ਸ਼ਬਦਾਂ ਵਿੱਚ ਸੁਰ ਅਤੇ ਤਾਲ ਯੁਕਤ ਉਹ ਸੁੰਦਰ ਰਚਨਾ ਜਿਹੜੀ ਕੰਨਾਂ ਨੂੰ ਮਧੁਰ ਅਤੇ ਸੁਰੀਲੀ ਲੱਗੇ ਅਤੇ ਮਨੁੱਖ ਦੇ ਚਿੱਤ ਨੂੰ ਪ੍ਰਸੰਨ ਕਰੇ ਉਸਨੂੰ ਸੰਗੀਤ ਕਹਿੰਦੇ ਹਨ। ਨਾਦ ਤੋਂ ‘ਸੁਰ’ ਅਤੇ ਲੈਅ ਤੋਂ ‘ਤਾਲ’ ਦੀ ਉਤਪਤੀ ਮੰਨੀ ਜਾਂਦੀ ਹੈ, ਜੋ ਸੰਗੀਤ ਕਲਾ ਦੇ ਪ੍ਰਮੁੱਖ ਤੱਤ ਹਨ। ਸੰਗੀਤ ਸ਼ਬਦ ‘ਸਮ ਅਤੇ ਗੀਤ’ ਇਹਨਾਂ ਦੋਹਾਂ ਦੇ ਸੁਮੇਲ ਤੋਂ ਬਣਿਆ ਹੈ। ਸਮ ਦਾ ਭਾਵ ਹੈ ਸਮਾਨ ਜਾਂ ਸੰਤੁਲਿਤ ਰੂਪ ਵਿੱਚ ਅਤੇ ਗੀਤ ਦਾ ਅਰਥ ਗਾਨ ਤੋਂ ਹੈ। ਸ਼ਾਸਤਰਾਂ ਅਨੁਸਾਰ- ‘ਸਮੱਯਕ ਗਾਯਤੇ ਇਤੀ ਸੰਗੀਤਮ’ ਭਾਵ – ਸੁਰ, ਤਾਲ, ਸ਼ਬਦ, ਮੁਦਰਾ, ਭਾਵ ਅਤੇ ਉਚਾਰਣ ਵਿੱਚ ਸਮ ਤੋਲ ਰੱਖਦੇ ਹੋਏ ਗਾਨ ਕਰਨਾ ਹੀ ਸੰਗੀਤ ਹੈ। ਭਾਰਤੀ ਪਰੰਪਰਾ ਅਨੁਸਾਰ ਗਾਇਨ, ਵਾਦਨ ਅਤੇ ਨ੍ਰਿਤ ਤਿੰਨਾਂ ਕਲਾਵਾਂ ਦੇ ਸੰਯੁਕਤ ਰੂਪ ਨੂੰ ਸੰਗੀਤ ਕਿਹਾ ਗਿਆ ਹੈ। ਇਹ ਤਿੰਨੇ ਵਿਧਾਵਾਂ ਇੱਕ ਦੂਸਰੇ ਤੋਂ ਸੁਤੰਤਰ ਹੁੰਦੇ ਹੋਏ ਵੀ ਇੱਕ ਦੂਸਰੇ ‘ਤੇ ਆਸ਼ਰਿਤ ਹਨ। ਗੀਤ ਮਾਨਵ-ਕੰਠ ਦੀ ਸਹਿਜ ਅਭਿਵਿਅਕਤੀ ਹੈ, ਵਾਦਨ ਇਸੇ ਦਾ ਪਾਸਾਰ ਹੈ ਅਤੇ ਨ੍ਰਿਤ ਦੋਵਾਂ ‘ਤੇ ਅਧਾਰਿਤ ਹੁੰਦਾ ਹੈ।
ਸੁਰ ਅਤੇ ਤਾਲ ਦਾ ਇਹ ਸੰਤੁਲਿਤ ਪ੍ਰਬੰਧ ਸੰਗੀਤਕਾਰ ਦੀ ਆਪਣੀ ਕਲਪਨਾ ਅਤੇ ਵਿਵੇਕਸ਼ੀਲਤਾ ‘ਤੇ ਨਿਰਭਰ ਹੁੰਦਾ ਹੈ। ਸਿਰਜਣਾ ਇੱਕ ਖੋਜ ਜਾਂ ਨਿਰਮਾਣ ਤੋਂ ਕੁੱਝ ਵੱਖ ਪ੍ਰਕਿਰਿਆ ਹੈ ਜਿਸ ਵਿੱਚ ਕੋਈ ਪੱਕੇ ਮਿਆਰ ਸਿਰਜਕ ਦੇ ਸਾਹਣੇਂ ਨਹੀਂ ਹੁੰਦੇ ਬਲਕਿ ਉਹ ਆਪਣੀ ਵਿਅਕਤੀਗਤ ਸੋਚ, ਸੂਝ-ਬੂਝ, ਭਾਵਨਾ, ਕਲਪਨਾਸ਼ੀਲਤਾ ਦੇ ਅਧਾਰ ‘ਤੇ ਸਿਰਜਣਾ ਕਰਦਾ ਹੈ। ਸੁਰਾਂ ਦੇ ਇਸੇ ਪ੍ਰਬੰਧ ਵਿੱਚੋਂ ਕਿਸੇ ਭਾਵਨਾ ਜਾਂ ਵਿਚਾਰ ਦਾ ਸੰਚਾਰ ਵੀ ਜ਼ਰੂਰੀ ਹੈ। ਜੀਵਨ ਦੇ ਸਾਰੇ ਰਾਗ-ਅਨੁਰਾਗ ਅਤੇ ਰੰਗਾਂ ਦੀ ਤਰਜਮਾਨੀ ਕਰਦਾ ਹੋਇਆ ਸੰਗੀਤ ਭੌਤਿਕ ਸਥਿਤੀਆਂ ਤੋਂ ਉੱਪਰ ਉੱਠਕੇ ਪਾਰਗਾਮੀ ਸਥਿਤੀ ਵਿੱਚ ਮਨੁੱਖ ਨੂੰ ਪ੍ਰਵੇਸ਼ ਕਰਾਉਣ ਦੀ ਸਮਰੱਥਾ ਰੱਖਦਾ ਹੈ। ਇਸ ਪ੍ਰਕਿਰਿਆ ਵਿੱਚ ਸੰਗੀਤਕਾਰ ਅਤੇ ਸ੍ਰੋਤੇ, ਦੋਵਾਂ ਦਾ ਵਿਅਕਤਿਤਵ ਵਿਸ਼ਾਲ ਬ੍ਰਹਿਮੰਡ ਵਿੱਚ ਲੀਨ ਹੋ ਜਾਂਦਾ ਹੈ।
ਮਨੁੱਖ ਦੀਆਂ ਉਤਕ੍ਰਿਸ਼ਟ ਬਿਰਤੀਆਂ ਵਿੱਚੋਂ ਸੰਗੀਤ ਦਾ ਸਰਬੋਤਮ ਸਥਾਨ ਹੈ। ਮਨੁੱਖਤਾ ਨੂੰ ਕਾਇਮ ਰੱਖਣ ਅਤੇ ਇਨਸਾਨੀ ਜੀਵਨ ਨੂੰ ਬਿਹਤਰ ਬਣਾਉਣ ਦਾ ਸੰਗੀਤ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਇਹ ਉਦੇਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇ ਸੰਗੀਤ ਸਿਰਜਣਾ ਪਿੱਛੇ ਭਾਵਨਾ ਸਹੀ ਹੋਵੇ ਤੇ ਇਸ ਨੂੰ ਗ੍ਰਹਿਣ ਕਰਨ ਵਾਲਾ ਵਿਅਕਤੀ ਵੀ ਸੁਹਿਰਦ ਹੋਵੇ। ਵਰਤਮਾਨ ਵਿੱਚ ਬਹੁਤਾ ਸੰਗੀਤ ਵਪਾਰਕ ਪੱਧਰ ‘ਤੇ ਪੈਦਾ ਹੋ ਰਿਹਾ ਹੈ ਤੇ ਵਿਕ ਰਿਹਾ ਹੈ। ਅਜਿਹਾ ਸੰਗੀਤ ਮਨੁੱਖ ਨੂੰ ਉੱਤਮਤਾ ਨਹੀਂ ਬਖ਼ਸ਼ ਸਕਦਾ। ਸਹੀ ਸੰਗੀਤ ਦੀ ਪਛਾਣ ਅਤੇ ਇਸਦਾ ਨਿਰਮਾਣ ਅੱਜ ਮਨੁੱਖੀ ਸਮਾਜ ਦੇ ਕਲਿਆਣ ਲਈ ਅਤਿ ਲੋੜੀਂਦੇ ਹਨ।
ਪ੍ਰੋਫ਼ੈਸਰ, ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋਬਾਇਲ: 98885-15059