ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ੀ । ਇਸ ਤੋਂ ਪਹਿਲਾਂ ਕੇਵਲ ਰਬਾਬੀ ਕੀਰਤਨ ਕਰਿਆ ਕਰਦੇ ਸਨ ।
ਕੀਰਤਨੁਨਿਰਮੋਲਕਹੀਰਾ॥ਆਨੰਦਗੁਣੀਗਹੀਰਾ॥
ਕੀਰਤਨ ਦੀ ਦਾਤ ਅਮੋਲ ਹੈ, ਇਸਦਾ ਮੁੱਲ ਨਹੀਂ ਪਾਇਆ ਜਾ ਸਕਦਾ । ਕੀਰਤਨ ਕਰਨ ਵਾਲਾ ‘ਕੀਰਤਨੀਆ’ ਮੰਨਿਆ ਜਾਂਦਾ ਹੈ ।
ਭਲੋਭਲੋਰੇਕੀਰਤਨੀਆ॥ਰਾਮਰਮਾਰਾਮਾਗੁਨਗਾਉ॥ਵਛੋਡਿਮਾਇਆਕੇਧੰਧਸੁਆਉ॥੧॥ਰਹਾਉ॥
ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਸਰੰਦਾ ਵਜਾਇਆ ਅਤੇ ਬਾਣੀ ਗਾਵੀ । ਜਦੋਂ ਰਾਇ ਬਲਵੰਡ ਅਤੇ ਸੱਤਾ ਨੇ ਗੁਰੂਘਰ ਵਿੱਚ ਕੀਰਤਨ ਵਾਸਤੇ ਮਨਾ ਕਰ ਦਿੱਤਾ, ਓਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਕੀਰਤਨ ਕਰਨ ਵਾਸਤੇ ਕੇਹਾ।
ਉਸ ਤੋਂ ਬਾਅਦ ਕੀਰਤਨ ਕਰਨ ਦਾ ਸੁਭਾਗ ਸਿਰਫ਼ ਰਬਾਬੀਆਂ ਹੀ ਨੂੰ ਹੀ ਨਹੀਂ, ਗੁਰਸਿੱਖਾਂ ਨੂੰ ਭੀ ਪ੍ਰਾਪਤ ਹੋਇਆ ।
ਜਦੋਂ ਅਸੀਂ ਆਪਣੇ ਗ੍ਰਿਹ ਵਿਖੇ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਅਰੰਭ ਕਰਵਾਉਣੇ ਹਾਂ, ਓਸ ਵੇਲੇ ਜਪੁਜੀ ਸਾਹਿਬ ਤੋਂ ਬਾਅਦ ‘ਸੋਦਰਰਾਗਆਸਾਮਹਲਾ੧’ ਅਰੰਭ ਹੁੰਦਾ ਹੈ । ਉਸ ਤੋਂ ਉਪਰੰਤ ‘ਆਸਾਮਹਲਾ੧’, ‘ਰਾਗਗੂਜਰੀਮਹਲਾ੪, ੫’, ‘ਰਾਗਆਸਾਮਹਲਾ੪ਸੋਪੂਰਖ’, ‘ਆਸਾਮਹਲਾ੪, ੧’, ਅਤੇ ‘ਆਸਾਮਹਲਾ੫’, ਫਿਰ ‘ਸੋਹਿਲਾਰਾਗਗਉੜੀਦੀਪਕੀਮਹਲਾ੧’, ‘ਆਸਾਮਹਲਾ੧’, ‘ਧਨਾਸਰੀਮਹਲਾ੧’, ‘ਰਾਗਗਉੜੀਪੂਰਬੀਮਹਲਾ੪’, ਅਤੇ ‘ਰਾਗਗਉੜੀਪੂਰਬੀਮਹਲਾ੫’; ਇਸ ਤੋਂ ਬਾਅਦ ‘ਰਾਗਸਿਰੀਰਾਗਮਹਲਾਪਹਿਲਾ੧ਘਰ੧’ ਭਾਵ ਸਿਰੀਰਾਗ ਅਰੰਭ ਹੁੰਦਾ ਹੈ ।
ਗੁਰੂ ਸਾਹਿਬ ਨੇ ਸਿਰਲੇਖ ਵਿੱਚ ਬਾਣੀ ਤੋਂ ਪਹਿਲਾਂ ਰਾਗ ਦਾ ਨਾਮ ਰੱਖਿਆ, ਫੇਰ ਮਹਲ, ਘਰ, ਅਤੇ ਮੰਗਲ ਰੱਖਿਆ । ਇਸਦਾ ਮਤਲਬ ਇਹ ਕਦੇ ਵੀ ਨਹੀਂ ਹੈ ਕੀ ਰਾਗ ਨੂੰ ਪ੍ਰਧਾਨ ਮੰਨਿਆ ਜਾਵੇ । ਪ੍ਰਧਾਨ ਸਬਦ ਹੈ ਅਤੇ ਰਾਗ ਕੇਵਲ ਇੱਕ ਭਾਂਡਾ ਹੈ ਜਿਸ ਵਿੱਚ ਫਲ ਰੂਪੀ ਸਬਦ ਨੂੰ ਵਰਤਾਇਆ ਜਾਂਦਾ ਹੈ ।
੧੯੪੭ ਦੀ ਪੰਜਾਬ ਦੀ ਵੰਡ ਤੋਂ ਬਾਅਦ ਰਬਾਬੀ ਕੀਰਤਨੀਏ ਲਹਿੰਦੇ ਪੰਜਾਬ ਵੱਲ ਹੀ ਰਹੇ ਗਏ । ਸਮੇਂ ਅਤੇ ਕੁਝ ਕਾਰਣਾਂ ਕਰਕੇ ਸਿਰਫ਼ ਗੁਰਸਿੱਖ ਕੀਰਤਨੀਆਂ ਨੂੰ ਹੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਣ ਦੀ ਇਜਾਜਤ ਸੀ । ਹਾਰਮੋਨੀਯਮ ਦੀ ਵਰਤੋਂ ਤੰਤੀ ਸਾਜਾਂ ਤੋਂ ਜਿਆਦਾ ਹੋਣ ਲੱਗ ਪਈ ਕਿਓਂਕਿ ਉਸ ਨੂੰ ਵਜਾਉਣ ਲਈ ਕਿਸੇ ਮਹਾਰਥ ਦੀ ਲੋੜ ਨਹੀਂ ਸੀ । ਜਦ ਮੈਂ ਆਪਣੇ ਬਜ਼ੁਰਗਾਂ ਨੂੰ ਇਹਨਾਂ ਸਾਜਾਂ ਬਾਰੇ ਪੁੱਛਦਾ ਹਾਂ ਤੇ ਓਹਨਾਂ ਨੂੰ ਉਸ ਬਾਰੇ ਕੁਝ ਪਤਾ ਅਤੇ ਨਾ ਓਹਨਾਂ ਨੇ ਇਹ ਸਾਜ ਕੀਰਤਨੀਆਂ ਕੋਲ ਦੇਖੇ, ਸ਼ਾਇਦ ਉਸ ਵੇਲੇ (੧੯੬੦-੬੫) ਹਾਰਮੋਨੀਯਮ ਸਾਰੇ ਪਾਸੇ ਪੁੱਜ ਚੁੱਕਿਆ ਸੀ । ੧੯੮੪ ਦੇ ਭਾਰਤੀ ਫੌਜ ਦੇ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਉਪਰੰਤ ਦੀ ਇੱਕ ਵੀਡੀਓ ਦੇਖਣ ਨੂੰ ਮਿਲਦੀ ਹੈ ਜਿਸ ਵਿੱਚ ਕੀਰਤਨੀ ਜੱਥਾ ਰਾਗ ਤਿਲੰਗ ਵਿੱਚ ‘ਚੇਤਨਾਹੈਤੋਚੇਤਲੈਨਿਸਦਿਨਮੈਪ੍ਰਾਣੀ॥‘ ਸ਼ਬਦ ਦਾ ਗਾਇਨ ਕਰ ਰਹੇ ਹਨ । ਇਸ ਤੋਂ ਇਹ ਪਤਾ ਲੱਗਦਾ ਹੈ ਕਿ ੧੯੮੪ ਦੇ ਆਸ ਪਾਸ ਹਜੇ ਕੀਰਤਨ ਵਿੱਚ ਫਿਲਮੀ ਟੀਊਨਾਂ ਦਾ ਇੰਨਾ ਰੰਗ ਨਹੀਂ ਚੜ੍ਹਿਆ ਸੀ, ਹਾਲਾਂਕਿ ਭਾਈ ਗੋਪਾਲ ਸਿੰਘ ਜੀ ਉਸ ਸਮੇਂ ਦੇ ਨੇੜੇ-ਤੇੜੇ ਹੀ ਲਾਈਟ ਰੀਤਾਂ ਦੀਆਂ ਐਲਬਮ ਕੱਢ ਚੁੱਕੇ ਸੀ ।
ਰਾਗਾਂ ਵਿੱਚ ਕੀਰਤਨ ਦੀ ਅਹਮਿਯਤ ਸਮਝਦੇ ਹੋਏ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਵੱਖ-ਵੱਖ ਕੀਰਤਨੀ ਜੱਥੇ ਬੁਲਾਏ ਅਤੇ ੧੯੯੧ ਵਿੱਚ ਪਹਿਲਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਉਲੀਕਿਆ । ੨੦੦੬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪ੍ਰੋ. ਕਰਤਾਰ ਸਿੰਘ ਜੀ ਅਤੇ ਡਾ. ਗੁਰਨਾਮ ਸਿੰਘ ਜੀ ਨੇ ਦਰਬਾਰ ਸਾਹਿਬ ਵਿਖੇ ਤੰਤੀ ਸਾਜ ਮੁੜ-ਸੁਰਜੀਤ ਕਰਵਾਏ ਅਤੇ ਆਪ ਦਰਬਾਰ ਸਾਹਿਬ ਵਿਖੇ ਤੰਤੀ ਸਾਜਾਂ ਨਾਲ ਕੀਰਤਨ ਕੀਤਾ । ਭਾਈ ਅਵਤਾਰ ਸਿੰਘ ਜੀ ਦਿੱਲੀ ਵਾਲਿਆਂ ਨੇ ਆਪਣੀ ਜਿੰਦਗੀ ਦੇ ਅਖੀਰੀ ਸਾਲਾਂ ਵਿੱਚ ਦੁਬਾਰਾ ਤਾਊਸ ਨਾਲ ਕੀਰਤਨ ਕੀਤਾ ਜਿਵੇਂ ਉਹ ਛੋਟੀ ਉਮਰ ਵਿੱਚ ਕਰਿਆ ਕਰਦੇ ਸਨ । ਭਾਈ ਅਵਤਾਰ ਸਿੰਘ ਜੀ ਵੀ ਭਾਈ ਸਵਰਨ ਸਿੰਘ ਜੀ ਅਤੇ ਸਪੁੱਤਰ ਭਾਈ ਕੁਲਤਾਰ ਸਿੰਘ ਜੀ ਨਾਲ ਦਰਬਾਰ ਸਾਹਿਬ ਵਿਖੇ ਤਾਊਸ ਨਾਲ ਹਾਜ਼ਰੀ ਭਰਿਆ ਕਰਦੇ ਸਨ ।
ਦਰਬਾਰ ਸਾਹਿਬ ਵਿਖੇ ਸਭ ਤੋਂ ਪਹਿਲਾਂ ਤਿੰਨ ਪਹਿਰੇ ਦੀ ਕੀਰਤਨ ਚੌਕੀ ਹੁੰਦੀ ਹੈ ਜਿਸ ਵਿੱਚ ਕੀਰਤਨੀ ਜੱਥੇ ਜਿਆਦਾਤਰ ਆਸਾ ਰਾਗ ਹੀ ਗਾਉਂਦੇ ਹਨ, ਹਾਲਾਂਕਿ ਸਮਾਂ ਤੀਸਰੇ ਪਹਿਰ ਦਾ ਹੁੰਦਾ ਹੈ ਤਾਂ ਕੇਦਾਰਾ ਯਾ ਪਰਜ ਵੀ ਗਾਇਆ ਜਾ ਸਕਦਾ ਹੈ । ਉਸ ਤੋਂ ਬਾਅਦ ਆਸਾ ਦੀ ਵਾਰ ਦੀ ਕੀਰਤਨ ਚੌਕੀ, ਉਪਰੰਤ ਬਿਲਾਵਲ, ਅਤੇ ਆਨੰਦ ਸਾਹਿਬ ਦੀ ਕੀਰਤਨ ਚੌਕੀ ਤੋਂ ਪਹਿਲਾਂ ਵੀ ਇੱਕ ਚੌਕੀ ਹੁੰਦੀ ਹੈ । ਬਿਲਾਵਲ ਤੋਂ ਅਗਲੀ ਚੌਕੀ ਵਿੱਚ ਕੀਰਤਨੀਏ ਜਿਆਦਾਤਰ ਟੋਡੀ ਰਾਗ ਗਾਉਂਦੇ ਹਨ, ਆਸਾਵਰੀ ਅਤੇ ਦੇਵਗੰਧਾਰੀ ਵੀ ਗਾਇਆ ਜਾ ਸਕਦਾ ਹੈ । ਆਨੰਦ ਸਾਹਿਬ ਦੀ ਕੀਰਤਨ ਚੌਕੀ ਵਿੱਚ ਗੂਜਰੀ ਰਾਗ ਸਭ ਤੋਂ ਵੱਧ ਗਾਇਆ ਜਾਂਦਾ ਹੈ । ਉਸ ਤੋਂ ਬਾਅਦ ਸਾਰੰਗ ਦੀ ਕੀਰਤਨ ਚੌਕੀ, ਉਪਰੰਤ ਚਰਨ ਕਮਲ ਚੌਕੀ । ਇਹਨਾਂ ਚੌਕਿਆਂ ਵਿੱਚ ਸਾਰੰਗ ਅਤੇ ਤਿਲੰਗ ਰਾਗ ਗਾਇਆ ਜਾਂਦਾ ਹੈ । ਉਪਰੰਤ ਧਨਾਸਰੀ ਦੀ ਕੀਰਤਨ ਚੌਕੀ, ਜਿਸ ਵਿੱਚ ਆਰਤੀ ਅਤੇ ਉਪਰੰਤ ਅਰਦਾਸ ਵੀ ਹੁੰਦੀ ਹੈ । ਉਸ ਤੋਂ ਬਾਅਦ ਸੋਦਰ ਦੀ ਚੌਕੀ ਤੋਂ ਪਹਿਲਾਂ ਦੀ ਇੱਕ ਚੌਕੀ ਅਤੇ ਫੇਰ ਸੋਦਰ ਦੀ ਚੌਕੀ ਜਿੰਨਾਂ ਵਿੱਚ ਜਿਆਦਾਤਰ ਤੁਖਾਰੀ ਹੀ ਗਾਇਆ ਜਾਂਦਾ ਹੈ । ਸੋਦਰ ਉਪਰੰਤ ਆਰਤੀ ਦੀ ਕੀਰਤਨ ਚੌਕੀ, ਉਸ ਤੋਂ ਬਾਅਦ ਸੂਰਜ ਢਲਣ ਅਨੁਸਾਰ ਕਲਿਆਣ ਦੀ ਕੀਰਤਨ ਚੌਕੀ, ਅਤੇ ਫੇਰ ਕਾਨੜੇ ਦੀ ਕੀਰਤਨ ਚੌਕੀ, ਜਿਸ ਨੂੰ ਆਨੰਦ ਸਾਹਿਬ ਦੀ ਕੀਰਤਨ ਚੌਕੀ ਵੀ ਕਹਿਆ ਜਾਂਦਾ ਹੈ, ਉਪਰੰਤ ਅਰਦਾਸ ਅਤੇ ਸੁੱਖ-ਆਸਨ ਤੋਂ ਪਹਿਲਾਂ ‘ਸੰਤਜਨਾਮਿਲਹਰਿਜਸੁਗਇਉ॥‘ ਸ਼ਬਦ ਪੜ੍ਹ ਕੇ ਸਮਾਪਤੀ ਕੀਤੀ ਜਾਂਦੀ ਹੈ ।
ਹਾਲ ਹੀ ਵਿੱਚ ਡਾ. ਹਰਜਿੰਦਰ ਸਿੰਘ ਜੀ ਲਾਲੀ ਅਤੇ KirtanFi ਦੇ ਸਾਂਝੇ ਉਪਰਾਲੇ ਸਦਕਾ ਦੁਨੀਆ ਵਿੱਚ ਪਹਿਲਾ ਰਿਕਾਰਡ ਕੀਤਾ ਗਿਆ ਕੀਰਤਨ (The Sikh Gramophone Collection – Volume 1) ਸੰਗਤੀ ਰੂਪ ਵਿੱਚ ਸਾਂਝਾ ਕੀਤਾ ਗਿਆ, ਜਿਸ ਵਿੱਚ ਭਾਈ ਮੇਹਰੂ ਜੀ, ਭਾਈ ਉੱਤਮ ਸਿੰਘ ਜੀ ਹਕੀਮ ਅਤੇ ਭਾਈ ਰੂੜਾ ਜੀ ਦੀ ਕੀਰਤਨ ਰਿਕੋਰਡਿੰਗਸ ਮੌਜੂਦ ਹਨ । ਭਾਈ ਸਮੁੰਦ ਸਿੰਘ ਜੀ ਦੀਆਂ ਰਿਕੋਰਡਿੰਗਸ ਵੀ SaReGaMa Company ਕੋਲ ਮੌਜੂਦ ਹਨ । ਜ਼ਿਕਰਯੋਗ ਹੈ ਕੀ ਇਹ ਸਾਰੀਆਂ ਰਿਕੋਰਡਿੰਗਸ ਕਿਸੇ ਨਾ ਕਿਸੇ ਰਾਗ ਵਿੱਚ ਜਰੂਰ ਹਨ ।
ਅੱਜ ਤੋਂ ਕਰੀਬ ਦੋ ਸਾਲ ਪਹਿਲਾਂ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜੱਥੇਦਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ (ਜੱਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ) ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਐਲਾਨ ਕੀਤਾ ਕੀ ‘ਅੱਜ ਤੋਂ ਤਿੰਨ ਸਾਲਾਂ ਬਾਅਦ ਹਾਰਮੋਨੀਅਮ ਦਰਬਾਰ ਸਾਹਿਬ ਤੋਂ ਬਾਹਰ ਕੱਢਿਆ ਜਾਵੇਗਾ ਅਤੇ ਕੀਰਤਨ ਕੇਵਲ ਪੁਰਾਤਨ ਸ਼ੈਲੀ ਅਨੁਸਾਰ ਰਾਗਾਂ ਵਿੱਚ ਅਤੇ ਤੰਤੀ ਸਾਜਾਂ ਨਾਲ ਕੀਤਾ ਜਾਵੇਗਾ’ । ਹਾਲਾਂਕਿ ਹਾਰਮੋਨੀਅਮ ਨੂੰ ਬਾਹਰ ਕੱਢਣਾ ਹੀ ਹੱਲ ਨਹੀਂ ਹੈ ।
ਐਲਾਨ ਤੋਂ ਠੀਕ ਬਾਅਦ ਦਰਬਾਰ ਸਾਹਿਬ ਦੇ ਰਾਗੀ ਜੱਥਿਆਂ ਨੂੰ ਇਹ ਹਦਾਇਤ ਕੀਤੀ ਗਈ ਕੀ ਹਰ ਕੀਰਤਨ ਚੌਂਕੀ ਵਿੱਚ ਇਕ ਸ਼ਬਦ ਰਾਗ ਦਾ ਹੋਰ ਪੜ੍ਹਨਾ ਹੈ, ਭਾਵ ਉਸ ਕੀਰਤਨ ਚੌਂਕੀ ਦੇ ਨਿਰਧਾਰਿਤ ਰਾਗ ਦੇ ਸ਼ਬਦ ਤੋਂ ਅਲਾਵਾ ਇੱਕ ਸ਼ਬਦ ਕਿਸੇ ਹੋਰ ਰਾਗ ਵਿੱਚ । ਇਸ ਬਾਰੇ ਕੋਈ ਨੋਟਿਸ ਨਹੀਂ ਆਇਆ ਪਰ ਇਹ ਚੀਜ ਬ੍ਰੋਡਕਾਸਟ ਹਾਜਰੀਆਂ ਵਿੱਚ ਸਾਫ ਦਿੱਖ ਰਹੀ ਸੀ ਕਿ ਇਹ ਹਲਚਲ ਜੱਥੇਦਾਰ ਸਾਹਿਬ ਦੇ ਐਲਾਨ ਤੋਂ ਬਾਅਦ ਹੀ ਹੋਈ ਹੈ । ਅਕਸਰ ਜਿਆਦਾਤਰ ਕੀਰਤਨੀ ਜੱਥੇ ਤੰਤੀ ਸਾਜ ਵਾਦਕ (ਜੋ ਕਿ ਸਿਰਫ਼ ਬ੍ਰੋਡਕਾਸਟ ਹਾਜਰੀ ਵਿੱਚ ਹੀ ਹੁੰਦੇ ਹਨ) ਨੂੰ ਆਪਣਾ ਮਾਈਕ ਸਾਜ ਤੋਂ ਪਿੱਛੇ ਕਰਨ ਨੂੰ ਕਹਿ ਦਿੰਦੇ ਹਨ ਪਰ ਉਸ ਸਮੇਂ ਓਹਨਾਂ ਦੇ ਮਾਈਕ ਦੀ ਆਵਾਜ ਕੀਰਤਨੀ ਜੱਥੇ ਵਿੱਚ ਸਾਰਿਆਂ ਤੋਂ ਉੱਚੀ ਕਰ ਦਿੱਤੀ ਗਈ । ਬਿਲਾਵਲ, ਤਿੰਨ ਪਹਿਰਾ, ਅਤੇ ਸੋਦਰ ਦੀ ਚੌਂਕੀ ਵਿੱਚ ਇੱਕ-ਇੱਕ ਸ਼ਬਦ ਸਮੇਂ ਦੇ ਰਾਗ ਦਾ ਹੋਰ ਪੜ੍ਹਿਆ ਜਾਣ ਲੱਗਿਆ ।
ਅਫ਼ਸੋਸ ਇਹ ਸਿਲਸਿਲਾ ਕੁਝ ਹੀ ਸਮੇਂ ਚੱਲਿਆ । ਰਾਗੀ ਜੱਥੇ* ਓਹੀ ਇੱਕ ਚੌਂਕੀ ਦਾ ਸ਼ਬਦ ਪੜ੍ਹ ਕੇ ਅਤੀ-ਲਾਈਟ ਰੀਤਾਂ ਉੱਤੇ ਸ਼ਬਦ ਪੜ੍ਹਨ ਲੱਗ ਪਏ, ਜਿੰਨਾਂ ਨੂੰ ਗਾਉਣ ਦਾ ਅਤੇ ਤਾਲ ਦਾ ਤਰੀਕਾ ਰਾਗਾਂ ਨਾਲ ਘੱਟ ਅਤੇ ਬੋਲੀਵੂਡ ਨਾਲ ਜਿਆਦਾ ਮੇਲ ਖਾਂਦਾ ਹੈ ।
ਹਾਰਮੋਨੀਅਮ ਨੂੰ ਕੱਢਣ ਦਾ ਵਿਰੋਧ ਤਾਂ ਹੋਇਆ ਪਰ ਅਫ਼ਸੋਸ ਕੀਰਤਨੀਆਂ ਨੇ ਇਹ ਜਾਣਦੇ ਹੋਏ ਬੀ ਰਾਗਾਂ ਵਿੱਚ ਕੀਰਤਨ ਹਾਰਮੋਨੀਅਮ ਤੇ ਵੀ ਕੀਤਾ ਜਾ ਸਕਦਾ ਹੈ, ਇਸਦੀ ਕੋਈ ਜਰੂਰਤ ਨਹੀਂ ਸਮਝੀ, ਵਿਰੋਧ ਜਾਰੀ ਰੱਖਿਆ ਪਰ ਰਾਗਾਂ ਵਿੱਚ ਕੀਰਤਨ ਇੱਕ ਸ਼ਬਦ ਤੋਂ ਬਾਅਦ ਨਹੀਂ ਕੀਤਾ ।
ਆਸਾ ਕੀ ਵਾਰ ਅਤੇ ਸੋਦਰ ਦੀਆਂ ਪਉੜੀਆਂ ਕਦੋਂ ਕਹਿਰਵੇ ਵਿੱਚ ਬਦਲ ਗਈਆਂ, ਇਹ ਗੱਲ ਆਮ ਸੰਗਤ ਨੂੰ ਕਿਵੇਂ ਪਤਾ ਲੱਗ ਸਕਦੀ ਸੀ?
ਜੇ ਅਸੀਂ ਸੰਗਤ ਨੂੰ ਸ਼ਬਦ ਹੀ ਕਹਿਰਵਾ-ਦਾਦਰਾ ਵਿੱਚ ਸੁਣਾਵਾਂਗੇ ਤਾਂ ਓਹਨਾਂ ਨੂੰ ਜੈ-ਤਾਲ ਵਿੱਚ ਬਾਣੀ ਸੁਣਨ ਦਾ ਰੱਸ ਕਿਵੇਂ ਆਊਗਾ?
*ਦਰਬਾਰ ਸਾਹਿਬ ਵਿੱਚ ੧੦੦ ਤੋਂ ਵੱਧ ਕੀਰਤਨੀ ਜੱਥੇ ਹਨ, ਸਾਰੇ ਹੀ ਸਤਕਾਰਯੋਗ ਨੇ । ਅਤੇ ਇਹ ਟਿੱਪਣੀ ਕਿਸੇ ਖਾਸ ਰਾਗੀ ਜੱਥੇ ਬਾਰੇ ਨਹੀਂ ਕੀਤੀ ਗਈ । ਕੇਵਲ ੧੦% ਐਸੇ ਜੱਥੇ ਨੇ ਜੋ ਕੋਸ਼ਿਸ਼ ਕਰਦੇ ਨੇ ਕੀ ਕੀਰਤਨ ਰਾਗਾਂ ਵਿੱਚ ਅਤੇ ਤੰਤੀ-ਸਾਜਾਂ ਰਾਹੀਂ ਕੀਤਾ ਜਾਵੇ, ਜਿਵੇਂ ਕਿ ਭਾਈ ਭੁਪਿੰਦਰ ਸਿੰਘ ਜੀ, ਭਾਈ ਹਰਪਿੰਦਰ ਸਿੰਘ ਜੀ, ਡਾ. ਗੁਰਿੰਦਰ ਸਿੰਘ ਜੀ ਬਟਾਲਾ, ਭਾਈ ਅਨੂਪ ਸਿੰਘ ਜੀ, ਆਦਿ । ਜ਼ਿਕਰਯੋਗ ਹੈ ਕਿ ਇਹਨਾਂ ਵਿੱਚੋਂ ਜਿਆਦਾਤਰ ਕੀਰਤਨੀ ਪ੍ਰੋ. ਕਰਤਾਰ ਸਿੰਘ ਜੀ ਦੇ ਵਿਦਿਆਰਥੀ ਹਨ ।