ਡਾ.ਗੁਰਨਾਮ ਸਿੰਘ ਕ੍ਰਿਤ ਪੰਜਾਬੀ ਭਾਸ਼ਾਈ ਸੰਗੀਤ ਪੁਸਤਕਾਂ :ਵਿਸ਼ਾ-ਵਸਤੂ, ਸਾਰਥਕਤਾ ਅਤੇ ਸੰਭਾਵਨਾਵਾਂ

*ਡਾ.ਰਿਸ਼ਪਾਲ ਸਿੰਘ


ਸੰਗੀਤ ਖੇਤਰ ਵਿੱਚ ਗੁਰਮਤਿ ਸੰਗੀਤ ਚੇਅਰ ਦੇ ਬਾਨੀ ਡਾ. ਗੁਰਨਾਮ ਸਿੰਘ ਦਾ ਨਾਮ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਆਪ ਦਾ ਜਨਮ ਸਰਦਾਰ ਉੱਤਮ ਸਿਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ 17 ਅਪਰੈਲ 1959 ਨੂੰ ਪਿੰਡ ਮਾਤ ਖੇੜਾ, ਤਹਿ. ਬਿਲਾਸਪੁਰ, ਜਿਲ੍ਹਾ ਰਾਮਪੁਰ (ਉੱਤਰ ਪ੍ਰਦੇਸ) ਵਿਖੇ ਹੋਇਆ। ਆਪ ਨੂੰ ਸੰਗੀਤ ਦੀ ਗੁੜ੍ਹਤੀ ਵਿਰਾਸਤ ਵਿੱਚੋਂ ਹੀ ਮਿਲੀ ਕਿਉਂਕਿ ਆਪ ਦੇ ਪਿਤਾ ਇਕ ਉੱਤਮ ਕੀਰਤਨਕਾਰ ਸਨ। ਆਪ ਦੀ ਆਰੰਭਿਕ ਸਿੱਖਿਆ ਆਪਣੇ ਪਿਤਾ ਪਾਸੋਂ ਹੀ ਆਰੰਭ ਹੋਈ। ਸਮੇਂ-ਸਮੇਂ ਆਪ ਨੇ ਸੰਗੀਤ ਦੀ ਵਿਧੀਵਤ ਤਾਲੀਮ ਸੰਗੀਤਾਚਾਰੀਆ ਪ੍ਰੋਫੈਸਰ ਤਾਰਾ ਸਿੰਘ, ਉਸਤਾਦ ਸੋਹਣ ਸਿੰਘ ਅਤੇ ਉਸਤਾਦ ਬਾਕੁਰ ਹੁਸੈਨ ਪਾਸੋਂ ਗ੍ਰਹਿਣ ਕੀਤੀ। ਵਿਭਿੰਨ ਘਰਾਣਿਆਂ ਦੀ ਸੰਗੀਤਕ ਤਾਲੀਮ ਹਾਸਿਲ ਕਰਨ ਉਪਰੰਤ ਸੰਗੀਤ ਦੇ ਸਿਧਾਂਤਕ ਅਤੇ ਕਿਰਿਆਤਮਕ ਖੇਤਰ ਦੀ ਸਾਂਭ-ਸੰਭਾਲ ਲਈ ਕੀਤੇ ਗਏ ਆਪ ਦੇ ਅਣਥੱਕ ਯਤਨ ਸੰਗੀਤ ਖੇਤਰ ਲਈ ਮੀਲ ਪੱਥਰ ਸਾਬਤ ਹੋਏ। ਆਪ ਸੰਗੀਤ ਦੇ ਕਿਰਿਆਤਮਕ ਅਤੇ ਸਿਧਾਂਤਕ ਖੇਤਰ ਦੇ ਪਰਪੱਕ ਵਿਦਵਾਨ ਹਨ।ਆਪ ਨੇ ਗੁਰਮਤਿ ਸੰਗੀਤ ਵਿੱਚ ਤੰਤੀ ਸਾਜ਼ਾਂ ਨੂੰ ਮੁੜ ਸੁਰਜੀਤ ਕੀਤਾ ਅਤੇ ਇਸ ਵਿਧਾ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ। ਸਿਧਾਂਤਕ ਦ੍ਰਿਸਟੀ ਤੋਂ ਆਪ ਨੇ ਸੰਗੀਤ ਕਲਾ ਨਾਲ ਸਬੰਧਤ ਲਗਭਗ 65 ਖੋਜ ਪੱਤਰ ਅਤੇ 41 ਪੁਸਤਕਾਂ (ਬਤੌਰ ਲੇਖਕ ਅਤੇ ਸੰਪਾਦਕ) ਪ੍ਰਕਾਸ਼ਿਤ ਕੀਤੀਆਂ। ਆਪ ਸਮੇਂ-ਸਮੇਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੇ ਮੁੱਖੀ ਅਤੇ ਡੀਨ (ਆਰਟਸ ਐਂਡ ਕਲਚਰ ਫੈਕਲਟੀ) ਰਹਿ ਚੁੱਕੇ ਹਨ। ਵਰਤਮਾਨ ਸਮੇਂ ਆਪ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਵਜੋਂ ਕਾਰਜਰਤ ਹਨ। ਗੁਰਮਤਿ ਸੰਗੀਤ ਦੀ ਇਕ ਸੁਤੰਤਰ ਵਿਸ਼ੇ ਵਜੋਂ ਸਥਾਪਤੀ ਦਾ ਸਿਹਰਾ ਆਪ ਨੂੰ ਹੀ ਜਾਂਦਾ ਹੈ। ਆਪ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਿਤ 31 ਮੁੱਖ ਰਾਗ ਅਤੇ 31 ਰਾਗ ਪ੍ਰਕਾਰਾਂ ਨੂੰ ਆਪਣੀ ਆਵਾਜ਼ ਦੇ ਕੇ ਇਕ ਸੁਘੜ ਕੀਰਤਨਕਾਰ ਹੋਣ ਦਾ ਪ੍ਰਮਾਣ ਦਿਤਾ। ਗੁਰਮਤਿ ਸੰਗੀਤ ਖੇਤਰ ਵਿੱਚ ਦਿਤੀਆਂ ਗਈਆਂ ਸੇਵਾਵਾਂ ਸਦਕਾ ਆਪ ਨੂੰ 1992 ਵਿੱਚ ਗੁਰਮਤਿ ਸੰਗੀਤ ਅਵਾਰਡ, 2001 ਵਿੱਚ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼ਿਰੋਮਣੀ ਰਾਗੀ ਅਵਾਰਡ, 2003 ਵਿੱਚ ਸੰਗੀਤ ਨਾਟਕ ਅਕਾਦਮੀ ਵੱਲੋਂ ਸੀਨੀਅਰ ਫੈਲੋਸ਼ਿਪ, 2006 ਵਿੱਚ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸੰਗੀਤ ਅਵਾਰਡ, 2010 ਵਿੱਚ ਪੰਜਾਬ ਸਰਕਾਰ ਦੁਆਰਾ ਸੰਗੀਤ ਖੇਤਰ ਵਿੱਚ ਦਿਤੀਆਂ ਗਈਆਂ ਵੱਡਮੁਲੀਆਂ ਸੇਵਾਵਾਂ ਲਈ ਸਟੇਟ ਅਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ। ਡਾ. ਗੁਰਨਾਮ ਸਿਘ ਸੰਗੀਤ ਖੇਤਰ ਦੇ ਅਜਿਹੇ ਵਿਦਵਾਨ ਹਨ ਜਿਹਨਾਂ ਨੇ ਸੰਗੀਤ ਦੇ ਹਰ ਪੱਖ (ਸ਼ਾਸਤਰੀ ਸੰਗੀਤ, ਲੋਕ ਸੰਗੀਤ ਅਤੇ ਗੁਰਮਤਿ ਸੰਗੀਤ) ਨਾਮ ਸਬੰਧਿਤ ਵਿਸ਼ਾਗਤ ਅਤੇ ਖੋਜ-ਪੂਰਨ ਪੁਸਤਕਾਂ ਸੰਗੀਤ ਪਾਠਕਾਂ ਦੀ ਝੋਲੀ ਪਾਈਆਂ। ਪੰਜਾਬੀ ਭਾਸ਼ਾਈ ਸੰਗੀਤ ਪੁਸਤਕਾਂ ਦੀ ਰਚਨਾ ਵਿੱਚ ਪ੍ਰੋਫੈਸਰ ਤਾਰਾ ਜੀ ਹੁਰਾਂ ਦੇ ਨਾਮ ਤੋਂ ਬਾਅਦ ਆਪ ਦਾ ਨਾਮ ਸਤਿਕਾਰ ਵਜੋਂ ਲਿਆ ਜਾਂਦਾ ਹੈ।ਆਪ ਨੇ ਪੰਜਾਬੀ ਭਾਸ਼ਾ ਵਿੱਚ ਸੰਗੀਤ ਦੀਆਂ ਵਿਭਿੰਨ ਵਿਧਾਵਾਂ ਨਾਲ ਸਬੰਧਿਤ ਲਗਭਗ 15 ਪੁਸਤਕਾਂ ਦੀ ਰਚਨਾ ਕੀਤੀ ਜਿਹਨਾਂ ਦੇ ਵਿਵੇਚਨਾਤਮਕ ਅਧਿਐਨ ਦੀ ਕੋਸ਼ਿਸ਼ ਹੈ।

ਪੰਜਾਬੀ ਸੰਗੀਤਕਾਰ ਡਾ. ਗੁਰਨਾਮ ਸਿੰਘ ਦੀ ਕ੍ਰਿਤ ਹੈ ਜਿਸ ਦਾ ਪ੍ਰਕਾਸ਼ਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ 1989 ਵਿੱਚ ਕੀਤਾ ਗਿਆ । ਹੱਥਲੀ ਪੁਸਤਕ ਵਿੱਚ ਲੇਖਕ ਨੇ ਭਾਰਤੀ ਸੰਗੀਤ ਵਿੱਚ ਪੰਜਾਬੀ ਸੰਗੀਤਕਾਰਾਂ ਦੇ ਯੋਗਦਾਨ ਤੋਂ ਜਾਣੂੰ ਕਰਵਾਇਆ ਹੈ। ਪੁਸਤਕ ਦੀ ਅਰੰਭਤਾ ਵਿੱਚ ਲੇਖਕ ਨੇ ਪੰਜਾਬ ਦੇ ਨਾਮਕਰਨ, ਪੰਜਾਬੀ ਸੱਭਿਅਤਾ ਅਤੇ ਪੰਜਾਬੀਆਂ ਦੀ ਜੁਝਾਰੂ ਪ੍ਰਵਿਰਤੀ ਦਾ ਜਿਕਰ ਕਰਦਿਆਂ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਹਮਲਾਵਰਾਂ ਦੇ ਹਮਲਿਆਂ ਕਾਰਨ ਪ੍ਰਭਾਵਿਤ ਪੰਜਾਬੀ ਆਪਣੇ ਸੰਗੀਤ ਨੂੰ ਸਾਂਭਣ ਵਿੱਚ ਕੁਝ ਹੱਦ ਤੱਕ ਸਫਲ ਨਹੀਂ ਰਹੇ। ਲੇਖਕ ਨੇ ਪੰਜਾਬੀਆਂ ਦੀ ਜੁਝਾਰੂ ਪ੍ਰਵਿਰਤੀ ਦੇ ਨਾਲ-ਨਾਲ ਸੰਗੀਤ ਜਿਹੀ ਕੋਮਲ ਕਲਾ ਨੂੰ ਸਾਂਭਣ ਲਈ ਕੀਤੇ ਗਏ ਉਪਰਾਲਿਆਂ ਦਾ ਜਿਕਰ ਕੀਤਾ ਹੈ। ਸੰਗੀਤ ਦੇ ਸਿਧਾਂਤਿਕ ਪੱਖ ਵਿੱਚ ਅਜਿਹੇ ਅਣਗੌਲੇ ਵਿਸ਼ਿਆਂ ਨੂੰ ਉਜਾਗਰ ਕਰਨਾ ਲੇਖਕ ਦਾ ਸ਼ਲਾਘਾਯੋਗ ਉਪਰਾਲਾ ਹੈ। ਲੇਖਕ ਨੇ ਗੁਰਮਤਿ ਸੰਗੀਤ ਦੀ ਸੰਗੀਤਕ ਮਹੱਤਤਾ ਦਸਣ ਦੇ ਨਾਲ-ਨਾਲ ਪੁਸਤਕ ਵਿੱਚ ਭਾਰਤੀ ਸੰਗੀਤ ਦੀਆਂ ਧਰੁਪਦ, ਧਮਾਰ, ਖਿਆਲ, ਟੱਪਾ, ਠੁਮਰੀ, ਕਾਫੀ, ਦਾਦਰਾ, ਗਜਲ ਅਤੇ ਕੱਵਾਲੀ ਗਾਇਨ ਸ਼ੈਲੀਆਂ ਦੇ ਇਤਿਹਾਸ ਅਤੇ ਵਿਕਾਸ ਤੋਂ ਵੀ ਜਾਣੂੰ ਕਰਵਾਇਆ ਹੈ । ਇਹ ਪੁਸਤਕ ਮੂਲ ਰੂਪ ਵਿੱਚ ਪੰਜਾਬੀ ਸੰਗੀਤਕਾਰਾਂ ਦੇ ਜੀਵਨ ਉੱਪਰ ਝਾਤ ਦਾ ਮਹੱਤਵਪੂਰਨ ਉਪਰਾਲਾ ਹੈ। ਪੁਸਤਕ ਵਿੱਚ ਪੰਜਾਬੀ ਸੰਗੀਤਕਾਰਾਂ ਨੂੰ ਤਿੰਨ ਸ਼੍ਰੇਣੀਆਂ (ਗਾਇਕਾਂ, ਵਾਦਕਾਂ ਅਤੇ ਸੰਗੀਤਾਚਾਰੀਆ) ਅਨੁਸਾਰ ਵੰਡਿਆ ਹੈ। ਸਭ ਤੋਂ ਪਹਿਲਾਂ ਭਾਈ ਮਰਦਾਨਾ, ਭਾਈ ਸ਼ਹਿਨਾਜ, ਭਾਈ ਸੱਤਾ ਬਲਵੰਡ, ਸਾਦੂ ਅਤੇ ਬਾਦੂ ਨਾਮੀ ਸੰਗੀਤਕਾਰਾਂ ਦੇ ਜੀਵਨ ਤੋਂ ਪਰਿਚਿਤ ਕਰਵਾਇਆ ਹੈ। ਇਸ ਪੁਸਤਕ ਵਿੱਚ 24 ਸ਼ਾਸਤਰੀ ਗਾਇਕਾਂ ( ਉਸਤਾਦ ਬੰਨੇ ਖਾਂ ਪੰਜਾਬੀ, ਉਸਤਾਦ ਅਲੀ ਬਖਸ਼, ਸੁਆਮੀ ਹਰਿਵੱਲਭ, ਨਾਥ ਜੀ ਬਟਾਲੇ ਵਾਲੇ, ਪੰਡਿਤ ਗੁੱਜਰ ਰਾਮ ਵਾਸੂਦੇਵ ਰਾਗੀ, ਉਸਤਾਦ ਨੀਆਂ ਜਾਨ, ਹਕੀਮ ਚਾਨਣ ਰਾਮ, ਉਸਤਾਦ ਪਿਆਰੇ ਖਾਂ, ਉਸਤਾਦ ਸੇਂਦੇ ਖਾਂ, ਭਗਤ ਮੰਗਤ ਰਾਮ, ਉਸਤਾਦ ਆਸ਼ਿਕ ਅਲੀ, ਗੁਲਾਮ ਮੁਹੰਮਦ ਖਾਂ, ਉਸਤਾਦ ਬੜੇ ਗੁਲਾਮ ਅਲੀ ਖਾਂ ਸਾਹਿਬ, ਉਸਤਾਦ ਬਰਕਤ ਅਲੀ, ਭਗਵਾਨ ਦਾਸ ਸੈਣੀ, ਮਾਸਟਰ ਰਤਨ, ਨੀਆਂ ਤੁਵੱਕਲ ਖਾਂ, ਉਸਤਾਦ ਅਬਦੁਲ ਰਹਿਮਾਨ, ਪਦਮ ਸ਼੍ਰੀ ਸੋਹਣ ਸਿੰਘ, ਉਸਤਾਦ ਨਜਾਕਤ ਅਲੀ ਸਲਾਮਤ ਅਲੀ, ਉਸਤਾਦ ਬਾਕੁਰ ਹੁਸੈਨ, ਉਸਤਾਦ ਮੁਨੱਵਰ ਅਲੀ, ਉਸਤਾਦ ਤਿਰਲੋਚਣ ਸਿੰਘ, ਸਿੰਘ ਬੰਧੂ ) ਦੇ ਜੀਵਨ ਸਬੰਧੀ ਮਹੱਤਵਪੂਰਨ ਪਹਿਲੂਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ, ਇਹਨਾਂ ਦੀ ਭਾਰਤੀ ਸੰਗੀਤ ਨੂੰ ਕੀ ਦੇਣ ਹੈ ਇਸ ਸਬੰਧੀ ਚਰਚਾ ਕੀਤੀ ਹੈ। ਚਾਰ ਸ਼ਾਸਤਰੀ ਵਾਦਕਾਂ ਵਿੱਚ ਭਾਈ ਮਹਿਬੂਬ ਅਲੀ, ਭਾਈ ਹਰਨਾਮ ਸਿੰਘ, ਮਹੰਤ ਗੱਜਾ ਸਿੰਘ, ਉਸਤਾਦ ਮੁਹੰਮਦ ਸਰੀਫ ਦੀ ਭਾਰਤੀ ਸੰਗੀਤ ਨੂੰ ਦਿਤੇ ਯੋਗਦਾਨ ਤੋਂ ਜਾਣੂੰ ਕਰਵਾਇਆ ਹੈ। ਚਾਰ ਤਬਲਾ ਵਾਦਕਾਂ ਵਿੱਚ ਉਸਤਾਦ ਮਲੰਗ ਖਾਂ, ੳੋਸਤਾਦ ਬਹਾਦਰ ਸਿੰਘ, ਉਸਤਾਦ ਕਾਦਰ ਬਖਸ਼, ਉਸਤਾਦ ਲਛਮਣ ਦਾਸ ਅਤੇ ਚਾਰ ਸੰਗੀਤਾਚਾਰੀਆ ਵਿੱਚ ਪੰਨਾ ਲਾਲ ਗੁਸਾਈ, ਪੰਡਿਤ ਦਲੀਪ ਚੰਦਰ ਬੇਦੀ, ਪੰਡਿਤ ਹਰੀਸ਼ ਚੰਦਰ ਬਾਲੀ ਅਤੇ ਪ੍ਰੋ. ਤਾਰਾ ਸਿੰਘ ਦੇ ਜੀਵਨ ਦੀ ਰੌਚਕ ਜਾਣਕਾਰੀ ਮੁਹੱਈਆ ਕਰਵਾਈ ਹੈ।

ਪੁਸਤਕ ਵਿੱਚ ਕੁੱਝ ਅਜਿਹੇ ਵਿਦਵਾਨ ਕਲਾਕਾਰਾਂ ਦਾ ਪਰਿਚੈ ਪ੍ਰਾਪਤ ਹੰਦਾ ਹੈ ਜੋ ਪੰਜਾਬੀ ਸੰਗੀਤ ਦੀ ਮੂਲ ਵਿਰਾਸਤ ਨਾਲ ਤਾਂ ਜੁੜੇ ਰਹੇ ਪਰੰਤੂ ਇਤਿਹਾਸਕ ਪਛਾਣ ਤੋਂ ਵਾਂਝੇ ਰਹੇ ਹਨ। ਲੇਖਕ ਨੇ ਪੰਜਾਬੀ ਸੰਗੀਤ ਵਿਰਾਸਤ ਨੂੰ ਸੰਗੀਤ ਵਿੱਚ ਆ ਰਹੇ ਬਦਲਾਵਾਂ ਤੋਂ ਬਚਣ ਦੇ ਉਪਾਅ ਸੁਝਾਏ ਹਨ। ਸਮੁੱਚੀ ਪੁਸਤਕ ਉੱਪਰ ਝਾਤ ਮਾਰੀਏ ਤਾਂ ਮਹਿਸੂਸ ਹੰਦਾ ਹੈ ਕਿ ਲੇਖਕ ਨੇ ਜਿੱਥੇ ਸੰਗੀਤ ਦੀ ਇਤਿਹਾਸਕ ਪਛਾਣ ਤੋਂ ਵਾਂਝੇ ਕੁਝ ਪੰਜਾਬੀ ਸੰਗੀਤਕਾਰਾਂ ਨੂੰ ਆਪਣੀ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ, ਉੱਥੇ ਕੁਝ ਵਿਦਵਾਨ ਸੰਗੀਤਕਾਰਾਂ ਨੂੰ ਅੱਖੋਂ ਉਹਲੇ ਵੀ ਕੀਤਾ ਹੈ ਜਿਵੇਂ ਸੋਮਦੱਤ ਬੱਟੂ, ਸ਼ਰੁਤੀ ਰਤਨ ਸ਼ਰਮਾ, ਪ੍ਰੋ. ਹਰੀਦੇਵ, ਬਿਹਾਰੀ ਲਾਲ ਮਲੇਰਕੋਟਲਾ, ਬਲਦੇਵ ਰਾਜ ਵਰਮਾ, ਬਲਦੇਵ ਸ਼ਰਨ ਨਾਰੰਗ, ਪਦਮ ਸ਼੍ਰੀ ਰਤਨ ਲਾਲ ਦੀਪਕ, ਪੰਡਿਤ ਯਸ਼ਪਾਲ, ਮਹਿੰਦਰ ਸਿੰਘ ਠੁਮਰੀ ਅਤੇ ਸ਼੍ਰੀ ਕਾਲੇ ਰਾਮ ਜੀ, ਜਦਕਿ ਇਹ ਸੰਗੀਤ ਕਲਾਕਾਰ ਪੁਸਤਕ ਦੇ ਰਚਨਾ-ਕਾਲ ਸਮੇਂ ਸੰਗੀਤ ਦੇ ਖੇਤਰ ਵਿੱਚ ਪੰਜਾਬ ਦੀ ਰਹਿਨੁਮਾਈ ਕਰ ਰਹੇ ਹਨ, ਜੇਕਰ ਇਹਨਾਂ ਸੰਗੀਤਕਾਰਾਂ ਦੀ ਜਾਣ-ਪਹਿਚਾਣ ਵੀ ਸੰਗੀਤ ਦੇ ਵਿਦਿਆਰਥੀਆਂ ਨਾਲ ਕਰਵਾ ਦਿੱਤੀ ਜਾਂਦੀ ਤਾਂ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਸੱਚ ਹੋ ਨਿਬੜਦੀ, ਹੋ ਸਕਦਾ ਹੈ ਕਿ ਇਹ ਲੇਖਕ ਦਾ ਅਗਲੇਰਾ ਕਾਰਜ ਵੀ ਹੋਵੇ।

ਸੰਗੀਤ ਨਿਬੰਧਾਵਲੀ ਪੁਸਤਕ ਦਾ ਪ੍ਰਕਾਸ਼ਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ 1991 ਵਿੱਚ ਕੀਤਾ ਗਿਆ। ਇਸ ਪੁਸਤਕ ਵਿੱਚ ਲੇਖਕ ਨੇ ਭਾਰਤੀ ਸੰਗੀਤ ਦੇ ਵਿਦਿਆਰਥੀਆਂ ਲਈ ਪ੍ਰਚਲਿਤ, ਲੋੜੀਂਦੇ ਅਤੇ ਅਣਗੌਲੇ ਵਿਸ਼ਿਆਂ ਸਬੰਧੀ ਸਮੱਗਰੀ ਨੂੰ ਇੱਕਠਾ ਕਰਕੇ ਪੁਸਤਕ ਦੇ ਰੂਪ ਵਿੱਚ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿੱਚ ਲੇਖਕ ਨੇ ਹਿੰਦੁਸਤਾਨੀ ਸੰਗੀਤ ਪੱਧਤੀ ਅਤੇ ਕਰਨਾਟਕੀ ਸੰਗੀਤ ਪੱਧਤੀ ਦੀਆਂ ਸਮਾਨਤਾਵਾਂ, ਵਿਭਿੰਨਤਾਵਾਂ, ਦੋਵਾਂ ਪੱਧਤੀਆਂ ਵਿੱਚਲੇ ਤਾਲਾਂ ਦਾ ਵੱਖਰੇਵਾਂ ਅਤੇ ਦੋਵਾਂ ਪੱਧਤੀਆਂ ਦੇ ਥਾਟਾਂ ਦੇ ਵੱਖਰੇਵੇਂ ਨੂੰ ਸਰਲ ਰੂਪ ਵਿੱਚ ਸਪਸ਼ਟ ਕੀਤਾ ਹੈ। ਲੇਖਕ ਨੇ ਪੁਸਤਕ ਵਿੱਚ ਭਾਰਤੀ ਸੰਗੀਤ ਦੀਆਂ ਧਰੁਪਦ, ਧਮਾਰ, ਖਿਆਲ, ਠੁਮਰੀ, ਟੱਪਾ, ਚਤੁਰੰਗ, ਸ਼ਬਦ, ਭਜਨ, ਗਜਲ ਗਾਇਨ ਸ਼ੈਲੀਆਂ ਦੇ ਕ੍ਰਮਿਕ ਵਿਕਾਸ ਤੋਂ ਜਾਣੂੰ ਕਰਵਾਇਆ ਹੈ, ਇਸਦੇ ਨਾਲ-ਨਾਲ ਬਹੁਤ ਸਾਰੇ ਲਕਸ਼ਣ ਗੀਤ, ਧਰੁਪਦ, ਧਮਾਰ, ਖਿਆਲ ਅਤੇ ਤਰਾਨਾ ਆਦਿ ਗਾਇਨ ਸੈਲੀਆਂ ਦੀਆਂ ਸਵਰਲਿਪੀਆਂ ਪ੍ਰਸਤੁਤ ਕੀਤੀਆਂ ਗਈਆਂ ਹਨ ਜੋ ਸੰਗੀਤ ਦੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹਨ। ਸੰਗੀਤ ਦੀ ਮੁਢੱਲੀ ਸਿੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਥਾਟ, ਰਾਗ, ਸਮਾਂ ਸਿਧਾਂਤ ਅਤੇ ਕੰਠ ਸਾਧਨਾ ਆਦਿ ਵਿਸ਼ਿਆਂ ਉੱਪਰ ਆਪਣੇ ਵਿਚਾਰ ਪੇਸ ਕੀਤੇ ਹਨ। ਇਸ ਪੁਸਤਕ ਵਿੱਚ ਲੇਖਕ ਨੇ ਭਾਰਤੀ ਸੰਗੀਤ ਦੇ ਸਾਰੇ ਸਾਜਾਂ ਨੂੰ ਤੱਤ ਵਾਦਿਅ, ਸੁਸ਼ਿਰ ਵਾਦਿਅ, ਘਨ ਵਾਦਿਅ ਅਤੇ ਅਵਨੱਧ ਵਾਦਿਅ ਅਨੁਸਾਰ ਵੰਡਿਆ ਹੈ। ਲੇਖਕ ਨੇ ਭਾਰਤੀ ਸੰਗੀਤ ਦੇ ਅਤੀਤ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਔਕੜਾਂ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਸਿਆ ਹੈ ਕਿ ਸੰਗੀਤ ਨੂੰ ਭਵਿੱਖ ਵਿੱਚ ਕਿਸ ਦ੍ਰਿਸ਼ਟੀ ਨਾਲ ਵਾਚਿਆ ਜਾਵੇਗਾ। ਪੁਸਤਕ ਵਿੱਚ ਭਾਰਤੀ ਸੰਗੀਤ ਅਤੇ ਫਿਲਮੀ ਸੰਗੀਤ ਦਾ ਸਬੰਧ, ਪੰਜਾਬ ਦਾ ਭਾਰਤੀ ਸੰਗੀਤ ਨੂੰ ਯੋਗਦਾਨ, ਲਲਿਤ ਕਲਾਵਾਂ ਵਿੱਚ ਨ੍ਰਿਤ ਦਾ ਸਥਾਨ, ਕੱਥਕ ਦਾ ਸਥਾਨ, ਪੰਜਾਬ, ਹਿਮਾਚਲ ਅਤੇ ਰਾਜਸਥਾਨ ਦੇ ਲੋਕ ਨਾਚ ਆਦਿ ਨਾਮੀ ਵਿਸ਼ਿਆਂ ਨੂੰ ਉਜਾਗਰ ਕੀਤਾ ਹੈ। ਸੰਗੀਤ ਵਿੱਚ ਗ੍ਰੰਥਕਾਰਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਰਤ, ਮਤੰਗ, ਸ਼ਾਰੰਗਦੇਵ, ਪੰਡਿਤ ਲੋਚਨ, ਪੁੰਡਰੀਕ ਵਿੱਠਲ, ਰਾਮਾਮਾਤਿਆ, ਦਮੋਦਰ ਅਤੇ ਸ਼੍ਰੀ ਨਿਵਾਸ ਹੁਰਾਂ ਦੇ ਜੀਵਨ ਤੋਂ ਜਾਣੂੰ ਕਰਵਾਇਆ ਹੈ।

ਪੁਸਤਕ ਦੇ ਸਿਰਲੇਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੁੱਚੀ ਸਮੱਗਰੀ ਨਿਬੰਧਾਤਮਕ ਰੂਪ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਦੀ ਰਚਨਾ ਕਰਦੇ ਸਮੇਂ ਭਾਰਤੀ ਸੰਗੀਤ ਦੇ ਹਰ ਖੇਤਰ ਨਾਲ ਸਬੰਧਿਤ ਨਿਬੰਧ ਸ਼ਮਿਲ ਕੀਤੇ ਗਏ ਹਨ। ਪੁਸਤਕ ਦੀ ਭਾਸ਼ਾ ਬਹੁਤ ਹੀ ਸਰਲ ਅਤੇ ਸਮਝਣਯੋਗ ਹੈ । ਇਸ ਪੁਸਤਕ ਦੀ ਮੂਲ ਵਿਸ਼ੇਸ਼ਤਾ ਇਹ ਹੈ ਕਿ ਇਸ ਪੁਸਤਕ ਵਿੱਚ ਪ੍ਰਾਚੀਨ ਧਰੁਪਦ ਅਤੇ ਧਮਾਰ ਗਾਇਨ ਸ਼ੈਲੀਆਂ ਦੀਆਂ ਕੁਝ ਸਵਰਲਿਪੀਆਂ ਉਦਾਹਰਣ ਸਵਰੂਪ ਮਿਲਦੀਆਂ ਹਨ ਜੋ ਸੰਗੀਤ ਦੇ ਵਿਦਿਆਰਥੀਆਂ ਲਈ ਬਹੁਤ ਹੀ ਅਹਿਮ ਸੋਮਾ ਹਨ।

ਪੰਜਾਬੀ ਭਾਸ਼ਾਈ ਸ਼ਾਸਤਰੀ ਗਾਇਨ ਬੰਦਿਸ਼ਾਂ ਪੁਸਤਕ ਦਾ ਪ੍ਰਕਾਸ਼ਨ 1999 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਹੋਇਆ। ਇਹ ਪੁਸਤਕ ਸੰਗੀਤ ਜਗਤ ਤੇ ਪੰਜਾਬੀ ਕਾਵਿ ਜਗਤ ਲਈ ਇੱਕ ਨਿਵੇਕਲੀ ਪੁਸਤਕ ਹੈ। ਲੇਖਕ ਨੇ ਵਿਭਿੰਨ ਸਰੋਤਾਂ ਅਤੇ ਕਲਾਕਾਰਾਂ, ਰਚਨਾਕਾਰਾਂ ਤੋਂ ਪੰਜਾਬੀ ਬੰਦਿਸ਼ਾਂ ਗ੍ਰਹਿਣ ਕਰਨ ਉਪਰੰਤ ਉਨ੍ਹਾਂ ਨੂੰ ਸਵਰਲਿਪੀਬੱਧ ਕਰਕੇ ਪੁਸਤਕ ਦੇ ਰੂਪ ਵਿੱਚ ਪਰੋਸਿਆ ਹੈ।

ਇਸ ਪੁਸਤਕ ਵਿੱਚ ਸ਼ਾਸਤਰੀ ਸੰਗੀਤ ਦੀ ਪੰਜਾਬੀ ਭਾਸ਼ਾਈ ਸਮੱਗਰੀ ਦਾ ਸੰਕਲਨ ਕੀਤਾ ਗਿਆ ਹੈ। ਇਸ ਪੁਸਤਕ ਦੇ ਆਰੰਭ ਵਿੱਚ ਪੰਜਾਬ ਦੀ ਸੰਗੀਤ ਪਰੰਪਰਾ ਦੀ ਹਿੰਦੋਸਤਾਨੀ ਸੰਗੀਤ ਨੂੰ ਦੇਣ ਤੋਂ ਜਾਣੂੰ ਕਰਵਾਉਦਿਆਂ ਗਾਇਨ ਰਚਨਾਵਾਂ ਅਤੇ ਬੰਦਿਸ਼ ਕਾਵਿ ਦੀ ਜਾਣਕਾਰੀ ਦਿੱਤੀ ਹੈ। ਪੁਸਤਕ ਦਾ ਮੂਲ ਆਧਾਰ ਖਿਆਲ ਗਾਇਨ ਨੂੰ ਹੀ ਬਣਾਇਆ ਗਿਆ ਹੈ ਜਿਸ ਵਿੱਚ ਸਦਾਰੰਗ, ਅਦਾਰੰਗ, ਮਨਰੰਗ, ਗੁਲਾਮ ਨਬੀ ਸ਼ੋਰੀ, ਕਾਲੇ ਖਾਂ, ਨਾਥ ਜੀ ਬਟਾਲੇ ਵਾਲੇ ਕਲਾਕਾਰਾਂ ਦੀਆਂ ਬੰਦਿਸ਼ਾਂ ਲਿੱਪੀਬੱਧ ਕੀਤੀਆਂ ਗਈਆਂ ਹਨ। ਇਸ ਪੁਸਤਕ ਵਿੱਚ ਰਾਗ ਯਮਨ, ਹਮੀਰ, ਕੇਦਾਰ, ਭੀਮਪਲਾਸੀ, ਸ਼ੰਕਰਾ, ਰਾਮਕਲੀ, ਪੂਰੀਆ, ਪੂਰੀਆ ਧਨਾਸਰੀ, ਦੇਸੀ, ਭੈਰਵ, ਬਿਹਾਗ ਆਦਿ ਦੇ ਸਥਾਈ ਅੰਤਰੇ ਪੰਜਾਬੀ ਭਾਸ਼ਾ ਵਿੱਚ ਵਿਦਮਾਨ ਹਨ। ਪੰਜਾਬੀ ਭਾਸ਼ਾਈ ਸ਼ਾਸਤਰੀ ਗਾਇਨ ਬੰਦਿਸ਼ਾਂ ਦੇ ਰੂਪ ਵਿੱਚ ਕੁੱਲ 139 ਪੰਜਾਬੀ ਭਾਸ਼ਾਈ ਸ਼ਾਸਤਰੀ ਗਾਇਨ ਬੰਦਿਸ਼ਾਂ ਵੱਖ-ਵੱਖ ਰਾਗਾਂ ਰਾਗ ਬਿਹਾਗ, ਦੇਸਕਾਰ, ਸ਼ੰਕਰਾ, ਰਾਗ, ਬੈਰਾੜੀ, ਭੈਰਵ, ਰਾਮਕਲੀ, ਜੋਗੀਆ, ਖਮਾਜ, ਦੇਸ, ਗਾਰਾ, ਸੋਰਠਿ, ਬਾਗੇਸਰੀ, ਯਮਨ, ਭੂਪਾਲੀ, ਗੋਂਡ, ਸਾਰੰਗ, ਹਮੀਰ, ਕੇਦਾਰ, ਸ਼ੁੱਧ ਕਲਿਆਣ, ਮਾਲਕੋਂਸ, ਬ੍ਰਿੰਦਾਵਨੀ, ਸਾਰੰਗ, ਸੁਧ ਸਾਰੰਗ, ਜੋਗ, ਸਿਵਰੰਜਨੀ, ਮਲਾਰ, ਧਨਾਸਰੀ, ਭੀਮਪਲਾਸੀ, ਮੀਆਂ ਕੀ ਤੋੜੀ, ਤੋੜੀ, ਗੁਜਰੀ ਤੋੜੀ, ਆਸਾਵਰੀ, ਪੂਰੀਆ, ਸੋਹਣੀ, ਪਰਜ, ਪੂਰੀਆ ਧਨਾਸਰੀ, ਭੈਰਵੀ (ਟੱਪੇ), ਜੋਗਕੋਂਸ, ਲਲਿਤ, ਕੋਂਸੀ ਕਾਨੜਾ, ਬਾਗੇਸਰੀ, ਕਾਨ੍ਹੜਾ, ਨਟ, ਮਲਹਾਰ, ਸਰਪਰਦਾ ਬਿਲਾਵਲ, ਮਧੂਵੰਤੀ, ਭਟਿਆਰ, ਝਿੰਝੋਟੀ ਵਿੱਚ ਦਰਜ ਹਨ ।

ਪੰਜਾਬੀ ਭਾਸ਼ਾਈ ਸ਼ਾਸ਼ਤਰੀ ਗਾਇਨ ਬੰਦਿਸ਼ਾਂ ਪੁਸਤਕ ਵਿੱਚਲੀਆਂ ਸਾਰੀਆਂ ਬੰਦਿਸ਼ਾਂ ਪੰਜਾਬੀ ਭਾਸ਼ਾ ਵਿੱਚ ਹੀ ਦਰਜ ਹਨ। ਇਹ ਪੁਸਤਕ ਸ਼ਾਸਤਰੀ ਗਾਇਨ ਬੰਦਿਸ਼ਾਂ ਦੇ ਪੰਜਾਬੀ ਕਾਵਿ ਦੀ ਵਿਲੱਖਣ ਪੁਸਤਕ ਹੈ। ਇਸ ਤੋਂ ਪੰਜਾਬੀ ਸੰਗੀਤ ਦੀ ਹਿੰਦੋਸਤਾਨੀ ਸੰਗੀਤ ਨੂੰ ਦੇਣ ਦਾ ਅਹਿਸਾਸ ਵੀ ਹੁੰਦਾ ਹੈ ਜੋ ਕਿ ਆਪਣੇ ਨਾਮ ਦੀ ਸਾਰਥਕਤਾ ਸਿੱਧ ਕਰਦੀ ਹੈ। ਇਹ ਪੁਸਤਕ ਪੰਜਾਬੀ ਭਾਸ਼ਾ ਵਿੱਚ ਸ਼ਾਸਤਰੀ ਗਾਇਨ ਬੰਦਿਸ਼ਾਂ ਦੇ ਸੰਗ੍ਰਹਿ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਪੁਸਤਕ ਹੈ ਜਿਸ ਵਿੱਚ ਕੁਝ ਰਾਗਾਂ ਦੀਆਂ ਘਰਾਣੇਦਾਰ ਬੰਦਿਸ਼ਾਂ ਵਿਦਮਾਨ ਹਨ। ਇਸ ਪੁਸਤਕ ਦੀ ਭਾਸ਼ਾ ਸ਼ੈਲੀ ਸੁੰਦਰ ਅਤੇ ਸਰਲ ਹੈ। ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ ਕਿ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੀਆਂ ਸ਼ਾਸ਼ਤਰੀ ਗਾਇਨ ਬੰਦਿਸ਼ਾਂ ਵਿੱਚ ਪ੍ਰਚਲਿਤ ਪੰਜਾਬੀ ਕਾਵਿ ਵਾਲੀਆਂ ਸੰਗੀਤ ਰਚਨਾਵਾਂ ਵਿੱਚ ਪ੍ਰਯੁਕਤ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ, ਪੰਜਾਬ ਦੀ ਨਿੱਗਰ ਸ਼ਾਸਤਰੀ ਸੰਗੀਤ ਪਰੰਪਰਾ ਦਾ ਪ੍ਰਮਾਣ ਹੈ।

ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਪੁਸਤਕ ਦੀ ਰਚਨਾ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲਾਂ, ਲੁਧਿਆਣਾ ਦੇ ਵਿਸਮਾਦ ਨਾਦ ਅਦਾਰੇ ਵਲੋਂ ਕੀਤੀ ਗਈ। ਹੱਥਲੀ ਪੁਸਤਕ ਦੇ ਆਰੰਭ ਵਿੱਚ ਅਦੁਤੀ ਗੁਰਮਤਿ ਸੰਗੀਤ ਸੰਮੇਲਨ : ਉਦੇਸ਼ ਅਤੇ ਮਹੱਤਵ ਨਾਮੀ ਲੇਖ ਰਾਹੀਂ ਗੁਰਮਤਿ ਸੰਗੀਤ ਦੇ ਮਹਾਨ ਪ੍ਰਚਾਰਕ ਸੰਤ ਬਾਬਾ ਸੁੱਚਾ ਸਿੰਘ ਨੇ ਗੁਰਮਤਿ ਸੰਗੀਤ ਸੰਮੇਲਨ ਦੇ ਉਦੇਸ਼ ਅਤੇ ਮਹੱਤਵ ਤੋਂ ਜਾਣੂੰ ਕਰਵਾਇਆ ਹੈ।

ਅਦੁੱਤੀ ਗੁਰਮਤਿ ਸੰਗੀਤ ਸੰਮੇਲਨ : ਸਿਮਰਤੀ ਗ੍ਰੰਥ ਪੁਸਤਕ ਗੁਰਮਤਿ ਸੰਗੀਤ ਦੀ ਮਹੱਤਵਪੂਰਨ ਹੈ ਜੋ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਵਿੱਖੇ ਗੁਰਮਤਿ ਸੰਗੀਤ ਸਬੰਧੀ ਲਏੇ ਗਏ ਨਿਰਣਿਆਂ ਦਾ ਕਲੱਮਬੱਧ ਰੂਪ ਹੈ। ਇਸ ਪੁਸਤਕ ਦੀ ਰਚਨਾ ਵਿੱਚ ਗੁਰਮਤਿ ਸੰਗੀਤ ਦੇ ਰਾਗਾਂ ਦਾ ਸਰੂਪ ਨਿਸ਼ਚਤ ਕਰਨ ਵਾਲੇ ਵਿਦਵਾਨ ਲੇਖਕਾਂ ਦਾ ਸਹਿਯੋਗ ਸਰਾਹੁਣਯੋਗ ਹੈ। ਪੁਸਤਕ ਵਿੱਚ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਵੱਖ-ਵੱਖ ਲੇਖਕਾਂ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਨੂੰ ਕਲਮਬੱਧ ਕੀਤਾ ਗਿਆ ਹੈ। ਰਾਗ ਨਿਰਣਾਇਕ ਕਮੇਟੀ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਸੁਭਾਅ ਅਤੇ ਸਰੂਪ ਬਾਰੇ ਵਿਸਥਾਰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਅਜਿਹੀਆਂ ਮਹੱਤਵਪੂਰਨ ਰਚਨਾਵਾਂ ਗੁਰਮਤਿ ਸੰਗੀਤ ਦੇ ਸੁਤੰਤਰ ਵਿਸ਼ੇ ਵਜੋਂ ਸਥਾਪਤੀ ਵਿੱਚ ਸਹਾਈ ਹੋਈਆਂ। ਪੁਸਤਕ ਵਿੱਚਲੀਆਂ ਰਾਗੀ ਰਬਾਬੀ ਕੀਰਤਨਕਾਰਾਂ ਦੀਆਂ ਤਸਵੀਰਾਂ ਅਤੇ ਸਬੰਧਤ ਜਾਣਕਾਰੀ ਇਸਨੂੰ ਹੋਰ ਵੀ ਲੋੜੀਂਦਾ ਬਣਾਉਂਦੀ ਹੈ।

ਆਦਿ ਗ੍ਰੰਥ ਰਾਗ ਕੋਸ਼ ਪੁਸਤਕ ਗੁਰਮਤਿ ਸੰਗੀਤ ਦੇ ਵਿਧੀਵੱਤ ਵਿਧਾਨ ਨਾਲ ਸਬੰਧਿਤ ਨਿਵੇਕਲਾ ਉਪਰਾਲਾ ਹੈ।ਲੇਖਕ ਨੇ ਗੁਰਮਤਿ ਸੰਗੀਤ ਨਾਲ ਸਬੰਧਿਤ ਮੁੱਢਲ਼ੀ ਵੱਡਮੁੱਲੀ ਜਾਣਕਾਰੀ ਦੇਣ ਦੇ ਨਾਲ-ਨਾਲ ਗੁਰਬਾਣੀ ਦੇ ਰਾਗਾਂ ਵਿੱਚ ਪ੍ਰਯੋਗ ਹੱਣ ਵਾਲੇ ਸਵਰ ਲਿਪੀ ਸੰਕੇਤਾਂ ਤੋਂ ਵੀ ਜਾਣੂੰ ਕਰਵਾਇਆ ਹੈ। ਲੇਖਕ ਨੇ ਰਾਗ ਸ਼੍ਰੀ, ਮਾਝ, ਗਉੜੀ, ਬੈਰਾਗਣਿ, ਗਉੜੀ ਦੀਪਕੀ, ਗਉੜੀ ਪੂਰਬੀ ਦੀਪਕੀ, ਗਉੜੀ ਪੂਰਬੀ, ਗਉੜੀ ਮਾਝ, ਗਉੜੀ ਸੋਰਠਿ, ਆਸਾ, ਆਸਾ ਕਾਫੀ, ਆਸਾਵਰੀ, ਗੁਜਰੀ, ਦੇਵਗੰਧਾਰੀ, ਦੇਵਗੰਧਾਰ, ਬਿਹਾਗੜਾ, ਵਡਹੰਸ ਦੱਖਣੀ, ਸੋਰਠਿ, ਧਨਾਸਰੀ, ਜੈਤਸਰੀ, ਬੈਰਾੜੀ, ਬੈਰਾਗੀ, ਗੋਂਡ, ਬਿਲਾਵਲ ਗੋਂਡ, ਰਾਮਕਲੀ, ਰਾਮਕਲੀ ਦੱਖਣੀ, ਨਟ ਨਰਾਇਣ, ਨਟ, ਮਾਲੀ ਗਉੜਾ, ਮਾਰੂ, ਮਾਰੂ ਕਾਫੀ, ਮਾਰੂ ਦੱਖਣੀ, ਤੁਖਾਰੀ, ਕੇਦਾਰਾ, ਭੈਰਉ ਬਸੰਤ, ਬਸੰਤ, ਹਿੰਡੋਲ, ਸਾਰੰਗ, ਮਲਾਰ, ਕਾਨੜਾ, ਕਲਿਆਣ, ਕਲਿਆਣ ਭੋਪਾਲੀ, ਪ੍ਰਭਾਤੀ, ਦੱਖਣੀ, ਪ੍ਰਭਾਤੀ ਵਿਭਾਸ, ਅਤੇ ਜੈਜਾਵੰਤੀ ਨੂੰ ਸਵਰਲਿਪੀਬੱਧ ਕਰਨ ਦਾ ਮਹੱਤਵਪੂਰਨ ਕਾਰਜ ਕੀਤਾ ਹੈ। ਪ੍ਰਚਲਿਤ ਮੱਤ ਅਨੁਸਾਰ ਪ੍ਰਮੁੱਖ 31 ਰਾਗਾਂ ਅਧੀਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 29 ਰਾਗ ਹੋਰ ਵੀ ਅੰਕਿਤ ਹਨ। ਜਿਹੜੇ ਭਾਰਤੀ ਸੰਗੀਤ ਸ਼ਾਸਤਰ ਅਨੁਸਾਰ ਨਿਵੇਕਲੀ ਸੁਤੰਤਰ ਅਤੇ ਪਛਾਣਯੋਗ ਹੋਂਦ ਰੱਖਦੇ ਹਨ, ਦਾ ਸੰਪੂਰਨ ਵੇਰਵਾ (ਸਵਰਲਿਪੀ ਸਹਿਤ) ਇੱਕ ਪੁਸਤਕ ਨੂੰ ਹੋਰ ਵੀ ਮਹੱਤਵਪੂਰਨ ਬਣਾਉਣਾ ਹੈ।

ਆਦਿ ਗ੍ਰੰਥ ਰਾਗ ਕੋਸ਼ ਪੁਸਤਕ ਸਿਰਲੇਖ ਉਪਰ ਨਜ਼ਰ ਮਾਰੀਏ ਤਾਂ ਇਹ ਪੁਸਤਕ ਦੇ ਸਿਰਲੇਖ ਤੋਂ ਸਪਸ਼ਟ ਹੈ ਕਿ ਇਸ ਪੁਸਤਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੀ ਸੰਪੂਰਨ ਰਾਗਾਤਮਕ ਸਮਗਰੀ ਦਾ ਵੇਰਵਾ ਮਿਲਦਾ ਹੈ।ਆਦਿ ਗ੍ਰੰਥ ਰਾਗ ਕੋਸ਼ ਪੁਸਤਕ ਨੂੰ ਗੁਰਮਤਿ ਸੰਗੀਤ ਸਬੰਧੀ ਵਿਧੀਵੱਤ ਅਤੇ ਵਿਗਿਆਨਿਕ ਜਾਣਕਾਰੀ ਲਈ ਇਕ ਸੰਦਰਭ ਗ੍ਰੰਥ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਗਿਆ ਹੈ। ਲੇਖਕ ਅਨੁਸਾਰ ਉਪਰੋਕਤ ਵਰਣਿਤ 29 ਰਾਗ ਪ੍ਰਕਾਰਾਂ ਵਿੱਚੋਂ 20 ਰਾਗ ਗੁਰਮਤਿ ਸੰਗੀਤ ਪੱਧਤੀ ਦੇ ਮੌਲਿਕ ਰਾਗ ਹਨ ਜਿਹੜੇ ਭਾਰਤੀ ਸੰਗੀਤ ਦੇ ਕਿਸੇ ਗ੍ਰੰਥ ਜਾਂ ਘਰਾਣੇਦਾਰ ਸੰਗੀਤਕਾਰਾਂ ਕੋਲੋਂ ਵੀ ਉਪਲੱਬਧ ਨਹੀਂ ਹੁੰਦੇ, ਅਜਿਹੇ ਰਾਗਾਂ ਦੇ ਸ਼ਬਦਾਂ ਨੂੰ ਸਵਰਲਿਪੀ ਕਰਨਾ ਲੇਖਕ ਦਾ ਮਹੱਤਵਪੂਰਨ ਅਤੇ ਸਰਾਹੁਣਯੋਗ ਉਪਰਾਲਾ ਹੈ।
ਗੁਰਮਤਿ ਸੰਗੀਤ ਪਰਬੰਧ ਅਤੇ ਪਾਸਾਰ ਪੁਸਤਕ ਦਾ ਪ੍ਰਕਾਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ 2000 ਵਿੱਚ ਕੀਤਾ ਗਿਆ । ਇਸ ਪੁਸਤਕ ਵਿੱਚ ਲੇਖਕ ਨੇ ਪ੍ਰਾਚੀਨ ਸੰਗੀਤ ਅਤੇ ਸੱਭਿਆਚਾਰ ਦੇ ਪੁਨਰ ਉਥਾਨ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੁਰਮਤਿ ਸੰਗੀਤ ਪਰਬੰਧ ਅਤੇ ਪਾਸਾਰ ਪੁਸਤਕ ਦੇ ਮੁੱਖ ਬੰਧ ਵਿੱਚ ਲੇਖਕ ਨੇ ਗੁਰਮਤਿ ਸੰਗੀਤ ਦੇ ਇਹਿਤਹਾਸਿਕ ਪਿਛੋਕੜ ਤੋਂ ਜਾਣੂ ਕਰਵਾਉਂਦੇ ਹੋਏ ਵੱਖ-ਵੱਖ ਸਮੇਂ ਗੁਰਮਤਿ ਸੰਗੀਤ ਉਪਰ ਹੋਰਨਾਂ ਗਾਇਨ ਸ਼ੈਲੀਆਂ ਦੇ ਪ੍ਰਭਾਵ ਤੋਂ ਜਾਣੂੰ ਕਰਵਾਇਆ ਹੈ। ਲੇਖਕ ਨੇ ਗੁਰਮਤਿ ਸੰਗੀਤ ਸਬੰਧੀ ਲਿਖਿਤ ਰੂਪ ਵਿੱਚ ਬੁਨਿਆਦੀ ਕਾਰਜ ਦਾ ਆਰੰਭ 20ਵੀ ਸਦੀ ਦੇ ਚੌਥੇ ਦਹਾਕੇ ਵਿੱਚ ਮੰਨਿਆ ਹੈ। ਇਸ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਵਿਸ਼ੇ ਸਿਧਾਂਤਿਕ, ਵਿਵਹਾਰਿਕ, ਇਤਿਹਾਸਕ ਦ੍ਰਿਸ਼ਟੀਕੋਣ ਦੇ ਧਾਰਨੀ ਹਨ। ਲੇਖਕ ਨੇ ਗੁਰਮਤਿ ਸੰਗੀਤ ਦੇ ਪ੍ਰਬੰਧ ਅਤੇ ਪਾਸਾਰ ਨੂੰ ਮੁੱਖ ਰੱਖਦੇ ਹੋਏ ਗੁਰਮਤਿ ਸੰਗੀਤ ਦੇ ਰਾਗ ਪ੍ਰਬੰਧ, ਗਾਇਨ ਰੂਪ ਪ੍ਰਮੁੱਖ ਸਾਜ, ਪ੍ਰਮੁੱਖ ਕੀਰਤਨਕਾਰ ਅਤੇ ਕੀਰਤਨ ਸ੍ਰੇਣੀਆਂ ਨਾਲ ਲਗਵੀਂ ਵੱਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਅਧਿਆਇ ਪਹਿਲਾ ਗੁਰਮਤਿ ਸੰਗੀਤ ਪਰਬੰਧ ਸਿਧਾਂਤਿਕ ਪਰਿਪੇਖ ਵਿੱਚ ਗੁਰਮਤਿ ਸੰਗੀਤ ਦੀ ਉਤਪਤੀ ਅਤੇ ਮੂਲ ਸਿਧਾਂਤ ਦੀ ਚਰਚਾ ਦੇ ਨਾਲ-ਨਾਲ ਗੁਰਮਤਿ ਸੰਗੀਤ ਪਰਬੰਧ, ਰਾਗ ਪ੍ਰਬੰਧ, ਗਾਇਨ ਰੂਪ (ਅੰਕ, ਰਹਾਉ, ਘਰਿ ਜਾਤਿ, ਧੁਨੀ) ਅਤੇ ਗੁਰਮਤਿ ਸੰਗੀਤ ਸ਼ਬਦ ਗਾਇਨ ਪ੍ਰਕਿਆ ਤੋਂ ਜਾਣੂੰ ਕਰਵਾਇਆ ਗਿਆ ਹੈ। ਅਧਿਆਇ ਦੂਜਾ ਵਿੱਚ ਗੁਰਮਤਿ ਸੰਗੀਤ ਦੇ ਇਤਿਹਾਸਿਕ ਪਰਿਪੇਖ ਤੋਂ ਜਾਣੂ ਕਰਵਾਉਂਦੇ ਹੋਏ ਵੈਦਿਕ ਕਾਲ, ਉਪਨਿਸ਼ਦ, ਰਮਾਇਣ ਅਤੇ ਮਹਾਂਭਾਰਤ ਕਾਲ, ਜੈਨ ਅਤੇ ਬੁੱਧ ਧਰਮ ਵਿੱਚ ਸੰਗੀਤ, ਸਿੱਧ ਅਤੇ ਨਾਥ ਪਰੰਪਰਾ, ਵੈਸ਼ਣਵ ਮਤ, ਸੋਮਵਤ ਸੰਗੀਤ, ਸੂਫੀ ਪਰੰਪਰਾ ਵਿੱਚ ਸੰਗੀਤ, ਭਗਤੀ ਲਹਿਰ, ਵੱਲਭ ਸੰਪਰਦਾਇ, ਸਿੱਖ ਧਰਮ ਅਤੇ ਸੰਗੀਤ, ਗੁਰਮਤਿ ਸੰਗੀਤ ਦੀ ਉਤਪਤੀ ਅਤੇ ਵਿਕਾਸ ਵਿੱਚ ਗੁਰੂ ਸਾਹਿਬਾਨਾਂ ਦੇ ਯੋਗਦਾਨ ਦੀ ਚਰਚਾ ਕੀਤੀ ਗਈ ਹੈ। ਅਧਿਆਇ ਤੀਜਾ ਵਿੱਚ ਸ਼ਬਦ-ਕੀਰਤਨ ਅਤੇ ਕੀਰਤਨ ਚੌਂਕੀਆਂ ਦੇ ਨਾਲ-ਨਾਲ ਮਾਨਵੀ ਸੰਸਕਾਰਾਂ ਨਾਲ ਸਬੰਧਿਤ ਜਨਮ, ਮਰਨ, ਕੁੜਮਾਈ, ਮਿਲਣੀ ਸਮੇਂ ਦੀ ਕੀਰਤਨ ਪਰੰਪਰਾ, ਆਨੰਦ ਕਾਰਜ ਕੀਰਤਨ ਪਰੰਪਰਾ, ਮੌਤ, ਰੁੱਤਾਂ, ਗੁਰਮਤਿ ਸੰਗੀਤ ਦਾ ਲੋਕ ਗਾਇਨ ਪ੍ਰਵਾਹ ਆਦਿ ਵਿੱਚ ਕੀਰਤਨ ਪਰੰਪਰਾ ਦੀ ਜਾਣ-ਪਹਿਚਾਣ ਕਰਵਾਈ ਹੈ ।ਅਧਿਆਇ ਚੌਥਾ ਵਿੱਚ ਭਾਰਤੀ ਸੰਗੀਤ ਦੇ ਸਿਧਾਂਤ ਅਨੁਸਾਰ ਰਾਗ ਵਰਗੀਕਰਣ, ਗੁਰਮਤਿ ਸੰਗੀਤ ਦਾ ਸਿਧਾਂਤਿਕ ਪਰਿਪੇਖ, ਸ਼ੁੱਧ, ਛਾਇਆਲਗ, ਸੰਕੀਰਣ, ਸਨਾਤਨੀ, ਦੇਸੀ ਅਤੇ ਮੋਸਸੀ ਰਾਗਾਂ ਦਾ ਵਰਨਣ ਹੈ। ਰਾਗ ਧਿਆਨ ਅਨੁਸਾਰ ਹਰ ਇੱਕ ਰਾਗ ਦਾ ਰਾਗ ਪਰਿਚੈ, ਸ੍ਰੀ ਦਸਮ ਗ੍ਰੰਥ ਵਿੱਚ ਪ੍ਰਯੁਕਤ ਰਾਗ ਸ੍ਰੀ ਸਰਬਲੋਹ ਗ੍ਰੰਥ ਵਿੱਚ ਪ੍ਰਯੁਕਤ ਰਾਗਾਂ ਦਾ ਵੇਰਵਾ ਦਿੱਤਾ ਗਿਆ ਹੈ। ਅਧਿਆਇ ਪੰਜਵਾਂ ਵਿੱਚ ਗੁਰਮਤਿ ਸੰਗੀਤ ਦੇ ਸਾਸਤਰੀ ਅੰਗ ਦੇ ਗਾਇਨ ਰੂਪਾਂ, ਅਸਟਪਦੀ, ਹੌਲੀ, ਪੜਤਾਲ ਅਤੇ ਲੋਕ ਗਾਇਨ ਰੂਪ (ਛੰਤ, ਅਲਾਹੁਣੀ, ਮੁੰਦਾਵਣੀ, ਘੋੜੀਆਂ, ਅੰਜੁਲੀ, ਵਾਰ ਆਦਿ ਸਬੰਧੀ ਵਿਸਤਾਰਪੂਰਵਕ ਸਪਸ਼ਟੀਕਰਨ ਦਿਤਾ ਹੈ। ਅਧਿਆਇ ਛੇਵਾਂ ਵਿੱਚ ਗੁਰਮਤਿ ਸੰਗੀਤ ਦੇ ਪ੍ਰਮੁੱਖ ਸਾਜਾਂ (ਰਬਾਬ, ਸਰੰਦਾ, ਤਾਊਸ ਇਸਰਾਜ, ਦਿਲਰੁਬਾ, ਤਾਨਪੁਰਾ, ਤਬਲਾ, ਮਿਰਦੰਗ, ਢੋਲਕ, ਚਿਮਟਾ, ਖੜਤਾਲ, ਹਾਰਮੋਨੀਅਮ) ਦੀ ਮਹੱਤਵਪੁਰਨ ਜਾਣਕਾਰੀ ਦਿੱਤੀ ਹੈ। ਅਧਿਆਇ ਸੱਤਵਾਂ ਵਿੱਚ ਗੁਰਮਤਿ ਸੰਗੀਤ ਦੇ ਪ੍ਰਮੁੱਖ ਸਿੱਖਿਆ ਕੇਂਦਰਾਂ ਅਤੇ ਟਕਸਾਲਾਂ ਕੀਰਤਨ ਸੰਸਥਾਵਾਂ (ਦਮਦਮਾ ਸਾਹਿਬ ਕੀ ਟਕਸਾਲ) ਬੁੱਢਾ ਜੋੜ ਟਕਸਾਲ, ਮਸਤੂਆਣਾ ਟਕਸਾਲ, ਸੇਵਾ ਪੰਥੀ ਟਕਸਾਲ, ਤਰਨਤਾਰਨ ਟਕਸਾਲ, ਡੁਮੇਲੀ ਕੀ ਟਕਸਾਲ, ਸਿੱਖ ਮਿਸ਼ਨਰੀ ਕਾਲਜ, ਕਲੇਰਾਂ ਵਾਲੀ ਟਕਸਾਲ, ਰਕਾਬਗੰਜ ਟਕਸਾਲ, ਸੂਰਮਾ ਆਸ਼ਰਮ, ਜਵੱਦੀ ਕਲਾਂ ਟਕਸਾਲ ਆਦਿ ਦੇ ਇਤਿਹਾਸਿਕ ਵਿਕਾਸ ਅਤੇ ਸੰਗੀਤਕ ਦੇਣ ਤੋਂ ਜਾਣੂੰ ਕਰਵਾਇਆ ਹੈ। ਅਧਿਆਇ ਅੱਠਵਾਂ ਵਿੱਚ ਗੁਰਮਤਿ ਸੰਗੀਤ ਦੇ ਪ੍ਰਮੁੱਖ ਕੀਰਤਨਕਾਰਾਂ ਭਾਈ ਮਰਦਾਨਾ, ਭਾਈ ਸ਼ਹਿਜਾਦ, ਭਾਈ ਸਾਦੂ ਬਾਦੂ, ਭਾਈ ਦੀਪ, ਭਾਈ ਪਾਥਾਂ, ਭਾਈ ਬੂਲਾ, ਭਾਈ ਸੱਤਾ ਅਤੇ ਬਲਵੰਡ, ਭਾਈ ਬਾਬਕ, ਭਾਈ ਅਬਦੁੱਲਾ, ਮਸੰਦ ਗੁਰਬਖਸ਼, ਬਾਬਾ ਸਾਮ ਸਿੰਘ ਜੀ, ਭਾਈ ਸੰਤਾ ਸਿੰਘ, ਭਾਈ ਹੀਰਾ ਸਿੰਘ, ਮਹੰਤਾ ਗੱਜਾ ਸਿੰਘ, ਭਾਈ ਚਾਂਦ, ਭਾਈ ਜਵਾਲਾ ਜੀ, ਭਾਈ ਸਮੁੰਦ ਸਿੰਘ ਜੀ, ਭਾਈ ਗਿਆਨ ਸਿੰਘ ਐਬਟਾਬਾਦ, ਸੰਤ ਸਰਵਣ ਸਿੰਘ ਗੰਧਰਵ, ਭਾਈ ਅਵਤਾਰ ਸਿੰਘ ਅਤੇ ਗੁਰਬਚਨ ਸਿੰਘ, ਪ੍ਰੋ: ਤਾਰਾ ਸਿੰਘ ਆਦਿ ਮਹਾਨ ਕੀਰਤਨਕਾਰਾਂ ਦੇ ਜੀਵਨ ਉੱਪਰ ਪੰਛੀ ਝਾਤ ਪਾਈ ਹੈ। ਨੌਵੇਂ ਭਾਗ ਵਿੱਚ ਗੁਰਮਤਿ ਸੰਗੀਤ ਦੇ ਸੁਰਲਿਪੀਬੱਧਕਾਰਾਂ ਭਾਈ ਪ੍ਰੇਮ ਸਿੰਘ ਰਾਗੀ, ਮਾਸਟਰ ਸੁੰਦਰ ਸਿੰਘ, ਮਾਸਟਰ ਮੋਹਨ ਸਿੰਘ, ਸ੍ਰ: ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ, ਗੁਰਬਚਨ ਸਿੰਘ, ਪ੍ਰੋ: ਤਾਰਾ ਸਿੰਘ, ਉਸਤਾਦ ਜਸਵੰਤ ਸਿੰਘ ਭੰਵਰਾ, ਪ੍ਰਿੰਸੀਪਲ ਦਿਆਲ ਸਿੰਘ ਆਦਿ ਤੋਂ ਇਲਾਵਾ ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ ਦੇ ਸੁਰਲਿਪੀਕਾਰਾਂ ਤੋਂ ਜਾਣੂ ਕਰਵਾਇਆ ਹੈ। ਪੁਸਤਕ ਵਿੱਚ ਬਹੁਤ ਸਾਰੇ ਸ਼ਬਦਾਂ ਨੂੰ ਮੰਗਲਾਚਰਣ ਅਤੇ ਆਨੰਦ ਸਾਹਿਤ ਰਾਗਾਂ ਦੀਆਂ ਸਵਰ ਲਿੱਪੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

ਇਸ ਪੁਸਤਕ ਵਿੱਚ ਗੁਰਮਤਿ ਸੰਗੀਤ ਦੇ ਹਰ ਇੱਕ ਪੱਖ ਤੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ।ਇਹ ਪੁਸਤਕ ਗੁਰਮਤਿ ਸੰਗੀਤ ਦੇ ਹਰ ਵਿਸ਼ੇ ਨਾਲ ਸਬੰਧਿਤ ਇੱਕ ਪੂਰਨ ਪੁਸਤਕ ਹੈ।ਇਸ ਪੁਸਤਕ ਵਿੱਚ ਗੁਰਮਤਿ ਸੰਗੀਤ ਦੇ ਨਾਲ-ਨਾਲ ਭਾਰਤੀ ਸੰਗੀਤ ਦੇ ਅਣਗੌਲਿਆਂ ਵਿਸ਼ਿਆਂ ਉੱਪਰ ਵੀ ਚਰਚਾ ਕੀਤੀ ਗਈ ਹੈ। ਗੁਰਮਤਿ ਸੰਗੀਤ ਪ੍ਰਬੰਧ ਅਤੇ ਪਾਸਾਰ ਪੁਸਤਕ ਨੰ ਵਿਵੇਚਨਾਤਮਕ ਅਧਿਐਨ ਤੋਂ ਬਾਅਦ ਇਹ ਪ੍ਰਤੀਤ ਹੁੰਦਾ ਹੈ ਕਿ ਇਸ ਪੁਸਤਕ ਦੀ ਰਚਨਾ ਕਰਦੇ ਸਮੇਂ ਲੇਖਕ ਨੇ ਵਿਦਵਾਨੀ ਭਾਸ਼ਾ ਦੀ ਵਰਤੋਂ ਕੀਤੀ ਜਿਸਨੂੰ ਵਿਦਵਾਨ ਲੋਕ ਤਾਂ ਬਹੁਤ ਅਸਾਨੀ ਨਾਲ ਸਮਝ ਸਕਦੇ ਹਨ ਪਰੰਤੂ ਇੱਕ ਆਮ ਵਿਅਕਤੀ ਲਈ ਸੁਖਾਲਾ ਨਹੀਂ ਹੈ। ਇਸ ਪੁਸਤਕ ਦੀ ਵਿਸ਼ੇਸ਼ਤਾ ਵੀ ਹੈ ਅਤੇ ਆਲੋਚਨਾ ਵੀ। ਗੁਰਮਤਿ ਸੰਗੀਤ ਦਾ ਸਮੁੱਚਾ ਪ੍ਰਬੰਧ ਅਤੇ ਪਾਸਾਰ ਕਾਰਨ ਇਹ ਪੁਸਤਕ ਆਪਣੇ ਸਿਰਲੇਖ ਨਾਲ ਨਿਆਂ ਕਰਦੀ ਹੈ।

ਗੁਰ ਸ਼ਬਦ ਰਾਗ ਰਤਨਾਕਰ ਪੁਸਤਕ ਦੇ ਰਚਨਹਾਰ ਡਾ. ਗੁਰਨਾਮ ਸਿੰਘ ਆਰੰਭ ਤੋਂ ਹੀ ਗੁਰਮਤਿ ਸੰਗੀਤ ਪਰੰਪਰਾ ਦੇ ਵਿਕਾਸ ਵਿਚ ਤੱਤਪਰ ਹਨ। ਆਪ ਨੇ ਆਪਣੇ ਉਸਤਾਦ ਪ੍ਰੋਫੈਸਰ ਤਾਰਾ ਸਿੰਘ ਹੁਰਾਂ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਵਿਚਲੀ ਰਾਗਾਤਮਕ ਬਾਣੀ ਨੂੰ ਲਿਪੀਬੱਧ ਕਰਨ ਦਾ ਜੋ ਉਪਰਾਲਾ ਉਲੀਕਿਆ ਉਹ ਸ਼ਲਾਘਾਯੋਗ ਹੈ। ਇਹ ਪੁਸਤਕ ਵੀ ਉਸ ਉਪਰਾਲੇ ਦੇ ਮੂਲ ਅੰਸ਼ ਵਜੋਂ ਪ੍ਰਕਾਸ਼ਿਤ ਹੋਈ ਹੱਥਲੀ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਮੁਖ 31 ਰਾਗਾਂ ਦੇ ਵੇਰਵੇ ਅਤੇ ਬੰਦਸ਼ਾਂ ਦਾ ਸੰਗ੍ਰਹਿ ਹੈ। ਲੇਖਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗਾਂ ਰਾਗ ਸ਼੍ਰੀ, ਮਾਝ, ਗਉੜੀ, ਆਸਾ, ਗੁਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ ਤਿਲੰਗ, ਬਿਲਾਵਲ, ਗੋਂਡ, ਰਾਮਕਲੀ, ਨਟ, ਨਟਾਇਣ, ਮਾਲੀ, ਗਉੜਾ, ਮਾਰੂ, ਤੁਖਾਰੀ, ਕੁੰਦਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜ੍ਹਾ, ਕਲਿਆਣ, ਪ੍ਰਭਾਤੀ ਅਤੇ ਜੈਜਾਵੰਤੀ ਦੇ ਚੋਣਵੇਂ ਸ਼ਬਦਾਂ ਨੂੰ ਲਿਪੀਬੱਧ ਕੀਤਾ ਗਿਆ ਹੈ।

ਗੁਰ ਸ਼ਬਦ ਰਤਨਾਕਰ ਪੁਸਤਕ ਦਾ ਮੂਲ ਮਨੋਰਥ ਸਰੋਤਿਆਂ ਨੂੰ ਰਾਗਦਾਰੀ ਸੰਗੀਤ ਵੱਲ ਆਕਰਸ਼ਿਤ ਕਰਨ ਦਾ ਯਤਨ ਕਰਨਾ ਹੈ। ਇਸ ਕਾਰਜ ਵਿੱਚ ਪੁਰਾਤਨਤਾ ਅਤੇ ਨਵੀਨਤਾ ਦੇ ਸੁਮੇਲ ਵੱਲੋਂ ਚਾਰ ਤਾਲ ਅਤੇ ਇੱਕ ਤਾਲ ਵਿਚ ਧਰੁਪਦ ਅਤੇ ਖਿਆਲ ਗਾਇਕੀ ਨੂੰ ਸਾਂਝੇ ਅਰਥਾਂ ਵਿਚ ਨਵੀਨ ਪੀੜ੍ਹੀ ਸਾਹਮਣੇ ਲਿਆਉਣ ਦਾ ਯਤਨ ਹੈ। ਇਸ ਤੋਂ ਵਿਦਿਆਰਥੀ ਸਹਿਜੇ ਹੀ ਲਾਭ ਪ੍ਰਾਪਤ ਕਰ ਸਕਦਾ ਹੈ। ਗੁਰਮਤਿ ਸੰਗੀਤ ਦੇ ਸਿਧਾਂਤ ਨੂੰ ਧਿਆਨ ਵਿਚ ਰੱਖਦੇ ਹੋਏ ‘ਰਹਾਉ’ ਵਾਲੀ ਪੰਕਤੀ ਨੂੰ ਸਥਾਈ ਬਣਾਕੇ ਹਰ ਸ਼ਬਦ ਨੂੰ ਲਿਪੀਬੱਧ ਕੀਤਾ ਗਿਆ ਹੈ ਜਿਸ ਤੋਂ ਲੇਖਕ ਦੇ ਸੰਗੀਤ ਦੀ ਸੂਝ-ਬੁਝ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਗੁਰੂ ਅਰਜਨ ਬਾਣੀ ਰਾਗ ਰਤਨਾਕਰ ਪੁਸਤਕ ਗੁਰਮਤਿ ਪ੍ਰਕਾਸ਼ਨ, ਪਟਿਆਲਾ ਪਾਸੋਂ 2012 ਵਿੱਚ ਕਰਵਾਇਆ। ਲੇਖਕ ਨੇ ਹੱਥਲੀ ਪੁਸਤਕ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਨੂੰ ਸਵਰਲਿਪੀਬੱਧ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਸੰਗੀਤ ਪਰੰਪਰਾ ਦੇ ਸਿਧਾਂਤਿਕ ਅਤੇ ਵਿਵਹਾਰਿਕ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ 30 ਰਾਗਾਂ ਅਤੇ 14 ਪ੍ਰਕਾਰਾਂ ਵਿੱਚ ਬਾਣੀ ਦੀ ਰਚਨਾ ਕੀਤੀ । ਲੇਖਕ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਬਾਣੀ ਵਿੱਚ ਵੱਖ-ਵੱਖ ਰਾਗਾਂ ਦੇ 46 ਸ਼ਬਦਾਂ ਨੂੰ ਸਵਰਬੱਧ ਕੀਤਾ ਹੈ। ਲੇਖਕ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਪ੍ਰਯੋਗ ਕੀਤੇ ਰਾਗ ਸਿਰੀ, ਮਾਝ, ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਬੈਰਾਗਣਿ, ਗਉੜੀ ਪੂਰਬੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ, ਆਸਾ ਕਾਫੀ, ਆਸਾਵਰੀ, ਗੁਜਰੀ, ਦੇਵਗੰਧਾਰੀ, ਦੇਵਗੰਧਾਰ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾਗੀ, ਤਿਲੰਗ, ਸੂਹੀ, ਕਾਫੀ ਬਿਲਾਵਲ, ਬਿਲਾਵਲ ਮੰਗਲ, ਗੋਂਡ, ਰਾਮਕਲੀ, ਨਟ ਨਰਾਇਣ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਰਾ, ਭੈਰਉ, ਬਸੰਤ, ਬਸੰਤ, ਹਿੰਡੋਲ, ਸਾਰੰਗ, ਮਲਹਾਰ, ਕਾਨੜਾ, ਕਲਿਆਣ ਪ੍ਰਭਾਤੀ, ਪ੍ਰਭਾਤੀ ਬਿਭਾਸ ਅਤੇ ਬਿਭਾਸ ਪ੍ਰਭਾਤੀ ਵਿੱਚ ਸ਼ਬਦਾਂ ਨੂੰ ਵੱਖ-ਵੱਖ ਤਾਲਾਂ ਵਿਚ ਲਿਪੀਬਧ ਕਰਨ ਦਾ ਯਤਨ ਕੀਤਾ ਹੈ।

ਲੇਖਕ ਨੇ ਪੁਸਤਕ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਸਮੁੱਚੀ ਬਾਣੀ ਨੂੰ ਅਧਾਰ ਨਹੀਂ ਬਣਾਇਆ ਸਗੋਂ ਚੁਣਵੇਂ ਸ਼ਬਦਾਂ ਦੀਆਂ ਰੀਤਾਂ ਨੂੰ ਲਿਪੀਬੱਧ ਕੀਤਾ ਹੈ। ਪੁਸਤਕ ਦੀ ਅਰੰਭਤਾ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੇ ਗਏ ਸੰਗੀਤਕ ਵਿਕਾਸ ਤੋਂ ਵੀ ਜਾਣੂ ਕਰਵਾਇਆ ਗਿਆ ਹੈ। ਪੁਸਤਕ ਵਿੱਚ ਪ੍ਰਕਾਸ਼ਿਤ ਬੰਦਸ਼ਾਂ ਸੁਖਾਲੀਆਂ ਅਤੇ ਸਮਝਣਯੋਗ ਹਨ ਜਿਹਨਾਂ ਨੂੰ ਸਮਝਕੇ ਸੰਗੀਤ ਦਾ ਵਿਦਿਆਰਥੀ ਲਾਹਾ ਲੈ ਸਕਦਾ ਹੈ। ਇਹ ਪੁਸਤਕ ਸੰਗੀਤ ਦੇ ਪਾਠਕਾਂ ਲਈ ਮਹੱਤਵਪੂਰਨ ਸਾਬਿਤ ਹੋਵੇਗੀ। ਵਰਤਮਾਨ ਸਮੇਂ ਅਜਿਹੇ ਕਾਰਜ ਅਤੀ ਲੋੜੀਦੇ ਹਨ ਗੁਰਮਤਿ ਸੰਗੀਤ ਵਿਭਿੰਨ ਪਰਿਪੇਖ ਪੁਸਤਕ ਯੂ.ਜੀ. ਸੀ. ਰਾਹੀਂ ਕਰਵਾਏ ਗਏ ਸੈਮੀਨਾਰ ਦੀ ਰਿਪੋਰਟ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਈ ਹੈ ਜਿਸਨੂੰ ਇਸ ਸੰਪਾਦਿਤ ਕਰਨ ਦਾ ਸਿਹਰਾ ਡਾ. ਗੁਰਨਾਮ ਸਿੰਘ ਹੁਰਾਂ ਨੂੰ ਜਾਂਦਾ ਹੈ।

ਇਹ ਪੁਸਤਕ ਕਿਸੇ ਲੇਖਕ ਦੀ ਨਿੱਜੀ ਰਚਨਾ ਨਹੀਂ ਹੈ। ਇਹ ਪੁਸਤਕ ਸੈਮੀਨਾਰ ਵਿੱਚ ਵੱਖ-ਵੱਖ ਲੇਖਕਾਂ ਦੁਆਰਾ ਪ੍ਰਗਟਾਏ ਵਿਚਾਰਾਂ ਦਾ ਪ੍ਰਕਾਸ਼ਿਤ ਸੰਗ੍ਰਹਿ ਹੈ। ਸੈਮੀਨਾਰ ਵਿੱਚ ਗੁਰਮਤਿ ਸੰਗੀਤ ਨਾਲ ਸਬੰਧਿਤ ਸਿਧਾਂਤਿਕ ਅਤੇ ਵਿਵਹਾਰਿਕ ਪ੍ਰਸਤੁਤੀਆਂ ਹੋਈਆਂ ਜਿਸ ਵਿੱਚ ਭਾਰਤੀ ਸੰਗੀਤ ਦੇ ਉੱਘੇ ਸ਼ਾਸਤਰੀਆਂ ਅਤੇ ਅਤੇ ਗੁਰਮਤਿ ਸੰਗੀਤ ਦੇ ਮਹਾਨ ਵਿਦਵਾਨਾਂ ਨੇ ਸ਼ਿਰਕਤ ਕੀਤੀ। ਪੁਸਤਕ ਨੂੰ ਸਿਧਾਂਤਿਕ ਅਤੇ ਵਿਵਹਾਰਿਕ ਭਾਗਾਂ ਵਿੱਚ ਵੰਡਿਆ ਗਿਆ ਹੈ। ਆਰੰਭ ਵਿੱਚ ਡਾ. ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ । ਸਿਧਾਂਤਿਕ ਪੱਖ ਵਿੱਚ ਡਾ: ਅਜੀਤ ਸਿੰਘ ਪੈਂਤਲ ਨੇ ਗੁਰਮਤਿ ਸੰਗੀਤ ਵਿੱਚ ਰਾਗ, ਸਾਜ ਅਤੇ ਤਾਲ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਹੈ। ਅਗਲੇਰੇ ਭਾਗ ਵਿੱਚ ਡਾ. ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਦੇ ਸ਼ਾਸਤਰ ਅਤੇ ਵਿਵਹਾਰਕ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਗ ਪ੍ਰਬੰਧ, ਗੁਰਮਤਿ ਸੰਗੀਤ ਦੇ ਪ੍ਰਮੱਖ ਲਛਣ ਅਤੇ ਗੁਰਮਤਿ ਸੰਗੀਤ ਦੀ ਸਿਖਿਆ ਸਬੰਧੀ ਮੁੱਖ ਨੁਕਤਿਆਂ ਨੂੰ ਸੰਗੀਤ ਪ੍ਰੇਮੀਆਂ ਅਤੇ ਸਿਖਿਅਕਾਂ ਨਾਲ ਸਾਂਝੇ ਕੀਤਾ ਹੈ। ਸੁਰਿੰਦਰ ਸਿੰਘ ‘ਸਿੰਘ ਬੰਧੂ’ ਦੁਆਰਾ ਪ੍ਰਧਾਨਗੀ ਭਾਸ਼ਣ ਦੇ ਰੂਪ ਵਿੱਚ ਗੁਰਮਤਿ ਸੰਗੀਤ ਸਬੰਧੀ ਮਹੱਤਵਪੂਰਨ ਸੁਝਾਅ ਦਿੱਤੇ ਗਏ ਹਨ। ਇਸ ਪੁਸਤਕ ਦੇ ਸਿਧਾਂਤਿਕ ਪੱਖ ਵਿੱਚ ਕੀਰਤਨ ਵਿਰਸਾ, ਵਰਤਮਾਨ ਕੀਰਤਨ ਪ੍ਰੰਪਰਾ ਅਤੇ ਕੀਰਤਨੀਆਂ ਦਾ ਪਿਛੋਕੜ ਨਾਲ ਲਗਵੀਂ ਮਹੱਤਵਪੂਰਨ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ। ਡਾ. ਦਰਸ਼ਨ ਸਿੰਘ ਨਰੂਲਾ ਨੇ ਗੁਰਮਤਿ ਸੰਗੀਤ ਦੇ ਇਤਿਹਾਸਿਕ ਵਿਕਾਸ ਨਾਮੀ ਖੋਜ ਪੱਤਰ ਰਾਹੀਂ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਹਨ। ਸੈਮੀਨਾਰ ਵਿੱਚ ਬਾਬਾ ਫਰੀਦ, ਭਗਤ ਕਬੀਰ, ਤ੍ਰਿਲੋਚਨ, ਨਾਮਦੇਵ, ਸਧਨਾ ਭਗਤ, ਰਵੀਦਾਸ, ਸ੍ਰੀ ਰਾਮਾਨੰਦ, ਭਗਤ ਪੀਪਾ, ਧੰਨਾ ਭਗਤ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਹਿਬਾਨ ਦੀ ਬਾਣੀ, ਆਦਿ ਗ੍ਰੰਥ, ਦਸਮ ਗ੍ਰੰਥ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਸੰਗੀਤਕ ਦ੍ਰਿਸ਼ਟੀਕੋਣ ਤੋਂ ਇਸੇ ਲੜੀ ਵਿੱਚ ਪਰੋਇਆ ਹੈ। ਪ੍ਰੋ: ਨਰੂਲਾ ਨੇ ਪ੍ਰਮੁੱਖ ਗੁਰਬਾਣੀ ਕੀਰਤਨਕਾਰਾਂ ਜਿਵੇਂ ਭਾਈ ਮਰਦਾਨਾ, ਭਾਈ ਮਨਸਾ ਸਿੰਘ, ਭਾਈ ਚਾਂਦ, ਭਾਈ ਮੋਤੀ, ਭਾਈ ਲਾਲ ਅੰਮ੍ਰਿਤਸਰੀ ਆਦਿ ਦੀ ਸੰਗੀਤਕ ਦੇਣ ਤੋਂ ਜਾਣੂੰ ਕਰਵਾਇਆ ਹੈ। ਪ੍ਰਿੰਸੀਪਲ ਸਤਬੀਰ ਸਿੰਘ ਨੇ ‘ਰਤਨ ਰਸਨਾ ਆਲਾਪ’ ਨਾਮਕ ਵਿਸ਼ੇ ਉਪਰ ਗੁਰਮਤਿ ਸੰਗੀਤ ਸਬੰਧੀ ਮਹੱਤਵਪੂਰਨ ਤੱਥ ਪੇਸ਼ ਕੀਤੇ ਹਨ।ਪ੍ਰਿੰਸੀਪਲ ਸਾਹਿਬ ਨੇ ਗੁਰਬਾਣੀ ਕੀਰਤਨ ਨੂੰ ਦੱਸੇ ਹੋਏ ਰਾਗਾਂ ਦੇ ਚਾਰ ਅੰਗਾਂ ਤਹਿਤ ਕੀਰਤਨ ਕਰਨ ਦੀ ਅਪੀਲ ਕੀਤੀ। ਕੁਲਵੰਤ ਸਿੰਘ ਗਰੇਵਾਲ ਨੇ ਗੁਰਮਤਿ ਸੰਗੀਤ ਦੇ ਸੋਂਦਰਯ ਬੋਧ ਨਾਮਕ ਵਿਸ਼ੇ ਉਪਰ ਆਪਣੇ ਵੱਡਮੁਲੇ ਵਿਚਾਰ ਪ੍ਰਗਟਾਏ ਹਨ। ਵਿਵਹਾਰਿਕ ਸ਼ੈਸ਼ਨ ਉਪਰ ਨਜਰ ਮਾਈਏ ਤਾਂ ਇਹ ਸ਼ੈਸ਼ਨ ਗਾਇਨ ਤੇ ਅਧਾਰਿਤ ਰਿਹਾ ਹੈ। ਇਸ ਸ਼ੈਸ਼ਨ ਵਿੱਚ ਵਿਦਿਆਰਥੀਆਂ ਦੇ ਗਾਇਨ ਤੋਂ ਬਾਅਦ ਡਾ. ਹਰਜਸ ਕੌਰ, ਡਾ. ਜਸਬੀਰ ਕੌਰ, ਸ਼ਮਸ਼ਾਦ ਅਲੀ, ਹਰਿੰਦਰ ਕੌਰ, ਬਚਿੱਤਰ ਸਿੰਘ, ਡਾ. ਨਿਵੇਦਿਤਾ ਉੱਪਲ, ਪ੍ਰੋ. ਰਣਜੀਤ ਸਿੰਘ, ਡਾ. ਰਣਜੀਤ ਸਿੰਘ, ਡਾ. ਦਰਸ਼ਨ ਸਿੰਘ ਨਰੂਲਾ ਅਤੇ ਡਾ. ਗੁਰਨਾਮ ਸਿੰਘ ਦੁਆਰਾ ਗਾਇਨ ਕੀਤੀਆਂ ਗੁਰਮਤਿ ਸੰਗੀਤ ਦੀਆਂ ਬੰਦਿਸ਼ਾਂ ਪ੍ਰਸਤੁਤ ਹਨ। ਅੰਤ ਵਿੱਚ ਡਾ. ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਦਾ ਸਿੱਖ ਸੰਗੀਤ ਵਿੱਚ ਮਹੱਤਵ ਅਤੇ ਗੁਰਮਤਿ ਸੰਗੀਤ ਸਮਰਥਾਵਾਂ ਅਤੇ ਸੰਭਾਵਨਾਵਾਂ ਬਾਰੇ ਸਮਾਪਨ ਰੂਪ ਵਿੱਚ ਆਪਣੇ ਵਿਚਾਰਾਂ ਦਾ ਪ੍ਰਗਟਾਅ ਕੀਤਾ ਹੈ।

ਗੁਰਮਤਿ ਸੰਗੀਤ ਵਿਭਿੰਨ ਪਰਿਪੇਖ ਪੁਸਤਕ ਯੂ.ਜੀ.ਸੀ ਵਲੋਂ ਕਰਵਾਏ ਗਏ ਸਾਲਾਨਾ ਸੈਮੀਨਾਰ ਵਿੱਚ ਸੰਗੀਤ ਦੇ ਉੱਘੇ ਵਿਦਵਾਨਾਂ, ਅਨੁਭਵੀ ਚਿੰਤਕਾਂ ਅਤੇ ਸੰਗੀਤ ਸ਼ਾਸਤਰੀਆਂ ਦੁਆਰਾ ਗੁਰਮਤਿ ਸੰਗੀਤ ਦੇ ਵਿਭਿੰਨ ਵਿਸ਼ਿਆਂ ਉੱਪਰ ਪ੍ਰਗਟਾਏ ਵਿਚਾਰਾਂ ਦਾ ਸੰਗ੍ਰਹਿ ਹੈ ਜਿਸ ਤੋਂ ਗੁਰਬਾਣੀ ਸੰਗੀਤ ਦੇ ਅਣਮੁੱਲੇ ਵਿਸ਼ਿਆਂ ਨਾਲ ਸਬੰਧਿਤ ਜਾਣਕਾਰੀ ਹਾਸਿਲ ਹੁੰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਹ ਉਪਰਾਲਾ ਸਰਾਹੁਣਯੋਗ ਹੈ ਭਵਿੱਖ ਵਿਚੱਲੇ ਸੈਮੀਨਾਰ, ਕਾਨਫਰੰਸ਼ ਅਤੇ ਗੋਸ਼ਟੀਆਂ ਨੂੰ ਪ੍ਰਕਾਸ਼ਿਤ ਰੂਪ ਦੇਣਾ ਸੰਗੀਤ ਵਿਸ਼ੇ ਲਈ ਹੋਰ ਵੀ ਸਾਰਥਕ ਹੋਵੇਗਾ।

ਪਦਮ ਸ੍ਰੀ ਉਸਤਾਦ ਸੋਹਣ ਸਿੰਘ ਸਿਮਰਤੀ ਗ੍ਰੰਥ ਦਾ ਸੰਪਾਦਨ ਪੰਜਾਬੀ ਯੂਨੀਵਰਸਿਟੀ ਦੇ ੳੇੁਸਤਾਦ ਸੋਹਣ ਸਿੰਘ ਦੀ ਅਭੁੱਲ ਯਾਦ ਨੂੰ ਸਪਰਪਿਤ ਕਰਦਿਆਂ 1988 ਵਿੱਚ ਪ੍ਰਕਾਸ਼ਿਤ ਕਰਵਾਇਆ ਗਿਆ । ਇਸ ਪੁਸਤਕ ਦੇ ਸੰਪਾਦਕ ਡਾ: ਗੁਰਨਾਮ ਸਿੰਘ ਹਨ। ਇਸ ਪੁਸਤਕ ਵਿੱਚ ਵਿਭਿੰਗ ਖੇਤਰਾਂ ਦੇ ਵਿਦਵਾਨ, ਪ੍ਰੋ: ਸੋਹਣ ਸਿੰਘ ਜੀ ਦੇ ਨਜ਼ਦੀਕੀਆਂ ਜਾਂ ਆਪ ਦੇ ਅੰਮ੍ਰਿਤ ਰੂਪੀ ਸੰਗੀਤ ਆਨੰਦ ਦੇ ਅਨੁਭਵੀਆਂ ਨੇ ਇਹ ਸਿਮਰਤੀ ਗ੍ਰੰਥ ਉਸਤਾਦ ਸੋਹਣ ਸਿੰਘ ਜੀ ਨੂੰ ਸਮਰਪਿਤ ਕਰਦੇ ਹੋਏ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਉਸਤਾਦ ਸੋਹਣ ਸਬੰਧੀ ਪ੍ਰਗਟ ਕੀਤੇ ਹਨ। ਇਸ ਪੁਸਤਕ ਵਿੱਚ ਡਾ: ਭਗਤ ਸਿੰਘ ਨੇ ਉਸਤਾਦ ਸੋਹਣ ਸਿੰਘ ਨੂੰ ਸ੍ਰੋਮਣੀ ਸੰਗੀਤਕਾਰ ਦੱਸਿਆ ਹੈ। ਡਾ: ਐਸ.ਐਸ. ਜੋਹਲ ਨੇ ੳੇੁਸਤਾਦ ਜੀ ਨੂੰ ਬਹੁਰੰਗੀ ਸਖਸ਼ੀਅਤ ਦੇ ਮਾਲਕ ਦੇ ਰੂਪ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਸਤਾਦ ਸੋਹਣ ਸਿੰਘ ਪੰਜਾਬੀ, ਪੰਜਾਬੀਅਤ ਲਈ ਬਹੁਤ ਹੀ ਮਾਨਯੋਗ ਸਨ। ਇਹਨ੍ਹਾਂ ਤੋਂ ਬਿਨ੍ਹਾਂ ਪ੍ਰੋ: ਤਾਰਾ ਸਿੰਘ. ਸ੍ਰ: ਗੁਰਨਾਮ ਸਿੰਘ, ਸ੍ਰ: ਬੀਰਦਵਿੰਦਰ ਸਿੰਘ, ਬਲਵੀਰ ਸਿੰਘ ਕਲਸੀ, ਜੋਗਿੰਦਰ ਸਿੰਘ ਬਾਵਰਾ ਨੇ ਆਪਣੇ ਗੁਰੂ ਜੀ ਸਬੰਧੀ ਵਿਚਾਰ ਪ੍ਰਗਟ ਕੀਤੇ ਹਨ। ਇਸ ਤੋਂ ਬਿਨ੍ਹਾਂ ਸ਼ਮਸ਼ੇਰ ਸਿੰਘ ਕਰੀਰ, ਦਰਸ਼ਨ ਸਿੰਘ ਨਰੂਲਾ, ਸ੍ਰ: ਕੁਲਵੰਤ ਸਿੰਘ ਗਰੇਵਾਲ, ਸ੍ਰ: ਸ਼ਾਮ ਸਿੰਘ, ਡਾ: ਜਾਗੀਰ ਸਿੰਘ, ਡਾ : ਨਰੂਲਾ, ਸ੍ਰ; ਹਿੰਮਤ ਸਿੰਘ, ਸ੍ਰ: ਸ਼ਮਸ਼ੇਰ ਸਿੰਘ ਸੰਧੂ, ਸ੍ਰ: ਹਰਪਾਲ ਸਿੰਘ ਸਪੁੱਤਰ ਸੋਹਣ ਸਿੰਘ ਨੇ ਆਪਣੇ ਜੀਵਨ ਪੱਲਾਂ ਦੀਆਂ ਕੁਝ ਝਲਕੀਆਂ ਪਾਠਕਾਂ ਸਾਹਮਣੇ ਪੇਸ਼ ਕੀਤੀਆਂ ਹਨ। ਇਹਨਾਂ ਲੇਖਾਂ ਅਤੇ ਵਿਦਵਾਨਾ ਤੋਂ ਬਿਨ੍ਹਾਂ ਸ੍ਰ: ਗੁਰਨੇਕ ਸਿੰਘ, ਕਵਲਇੰਦਰ ਸਿੰਘ ਕਵਲ, ਸ੍ਰੀਮਤੀ ਜਗਜੀਤ ਕੌਰ ਹੋਰਾਂ ਨੇ ਉਸਤਾਦ ਸੋਹਣ ਸਿੰਘ ਨੂੰ ਭੇਟਾਂ ਦੇ ਫੁੱਲ ਪੇਸ਼ ਕੀਤੇ ਹਨ।

ਇਸ ਪੁਸਤਕ ਵਿੱਚ ਭਿੰਨ-ਭਿੰਨ ਲੇਖਕਾਂ ਨੇ ਪਦਮ ਸ੍ਰੀ ਉਸਤਾਦ ਸੋਹਣ ਸਿੰਘ ਸਬੰਧੀ ਆਪਣੀਆਂ ਯਾਦਾਂ ਅਤੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਹਨ੍ਹਾਂ ਸਭ ਦੀਆਂ ਭਾਵਨਾਵਾਂ ਨੂੰ ਇੱਕ ਪੁਸਤਕ ਦਾ ਰੂਪ ਦੇ ਕੇ ਪੰਜਾਬੀ ਸੰਗੀਤਕਾਰ ਦੀ ਯਾਦ ਨੂੰ ਹੋਰ ਵੀ ਤਾਜਾ ਕੀਤਾ ਹੈ। ਇਹ ਪੰਜਾਬੀ ਯੂਨੀਵਰਸਿਟੀ ਦਾ ਅਹਿਮ ਕਾਰਜ ਹੈ।

ਪੰਜਾਬੀ ਲੋਕ ਸੰਗੀਤ ਵਿਰਾਸਤ ਪੁਸਤਕ ਦੇ ਦੋ ਭਾਗ ਪ੍ਰਕਾਸ਼ਿਤ ਹੋਏ ਜਿਹਨਾਂ ਦਾ ਪ੍ਰਕਾਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ 2005 ਵਿੱਚ ਕੀਤਾ ਗਿਆ। ਇਸ ਪੁਸਤਕ ਦੀ ਰਚਨਾ ਦਾ ਮੂਲ ਮੰਤਵ ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਸਾਂਭ-ਸੰਭਾਲ ਅਤੇ ਪੰਜਾਬੀ ਲੋਕ ਸੰਗੀਤ ਦੀਆਂ ਵਿਖਿਆਤ ਲੋਕ ਗਾਇਨ ਵਿਧਾਵਾਂ ਤੋਂ ਪਰਿਚਿਤ ਕਰਵਾਉਣਾ ਹੈ।
ਪੰਜਾਬੀ ਲੋਕ ਸੰਗੀਤ ਵਿਰਾਸਤ ਭਾਗ ਪਹਿਲਾ ਪੰਜਾਬੀ ਲੋਕ ਸੰਗੀਤ ਦੀ ਬਹੁਤ ਹੀ ਮਹੱਤਵਪੂਰਨ ਪੁਸਤਕ ਹੈ। ਲੇਖਕ ਨੇ ਪੁਸਤਕ ਦੇ ਆਰੰਭ ਵਿੱਚ ਪੰਜਾਬੀ ਲੋਕ ਸੰਗੀਤ ਦਾ ਪਿਛੋਕੜ ਦਸਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਲੋਕ ਸੰਗੀਤ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਸਬੰਧੀ ਉਪਰਾਲਿਆਂ ਦਾ ਜਿਕਰ ਕੀਤਾ ਹੈ।ਪੰਜਾਬੀ ਲੋਕ ਸੰਗੀਤ ਵਿਰਾਸਤ ਭਾਗ ਪਹਿਲਾ ਵਿੱਚ ਲੇਖਕ ਨੇ 21ਵੀਂ ਸਦੀ ਤੱਕ ਦੇ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਸਫਰ ਦਾ ਸੰਖੇਪ ਰੂਪ ਵਿੱਚ ਵਰਨਣ ਕੀਤਾ ਹੈ। ਜਿਸ ਤੋਂ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਪੀੜ੍ਹੀ-ਦਰ-ਪੀੜ੍ਹੀ ਵਿਕਾਸ ਦੀ ਜਾਣਕਾਰੀ ਮਿਲਦੀ ਹੈ। ਲੇਖਕ ਨੇ ਪੰਜਾਬੀ ਲੋਕ ਸੰਗੀਤ ਦੀਆਂ ਗਾਇਨ ਕਲਾਵਾਂ ਵਿੱਚੋਂ ਕਵੀਸ਼ਰੀ ਗਾਇਨ ਸ਼ੈਲੀ ਦਾ ਇਤਿਹਾਸ, ਸ਼ਗਿਰਦੀ ਅਤੇ ਸਿਖਲਾਈ, ਗਾਇਨ-ਪ੍ਰਕਿਰਿਆ, ਗੁਣ ਅਤੇ ਲੱਛਣ, ਗਾਇਨ ਦੀ ਤਰਜ, ਸਿਰਜਨ ਕਲਾ ਅਤੇ ਬਹੁਤ ਸਾਰੇ ਪੁਰਾਤਨ ਕਵੀਸ਼ਰਾਂ ਤੋਂ ਜਾਣੂੰ ਕਰਵਾਇਆ ਹੈ । ਬਹੁਤ ਸਾਰੇ ਪ੍ਰਮੁੱਖ ਅਤੇ ਪ੍ਰਚਿੱਲਤ 24 ਕਵੀਸਰੀ ਗਾਇਨਾਂ ਰੂਪਾਂ ਜਿਵੇਂ ਕੌਲ੍ਹਾਂ, ਸ਼ਹੀਦ ਊਧਮ ਸਿੰਘ, ਦਹੂਦ, ਕੱਬਿਤ ਆਦਿ ਨੂੰ ਸੁਰਲਿੱਪੀਬੱਧ ਕੀਤਾ ਗਿਆ ਹੈ ਜੋ ਇਸ ਪੁਸਤਕ ਨੂੰ ਹੋਰ ਵੀ ਲੋੜੀਂਦਾ ਬਣਾਉਂਦਾ ਹੈ। ਅਗਲੇਰੇ ਅਧਿਆਇ ਵਿੱਚ ਢਾਡੀ ਕਲਾ ਦਾ ਇਹਿਤਾਸ, ਮੂਲ ਸਾਜ, ਸ਼ਗਿਰਦੀ ਅਤੇ ਸਿਖਲਾਈ, ਢਾਡੀ ਕਲਾ ਵਿੱਚ ਸਾਜਾਂ ਦੀ ਮਹੱਤਤਾ, ਢਾਡੀ ਪਰੰਪਰਾ ਦੀ ਰੀਤ, ਗਾਇਨ-ਪ੍ਰਕਿਰਿਆ, ਗਾਇਨ ਦੀ ਸਿਰਜਨਾ ਦਾ ਵਿਸਤਾਰ ਸਹਿਤ ਵਰਨਣ ਕੀਤਾ ਗਿਆ ਹੈ। ਲੇਖਕ ਨੇ ਵੱਖ-ਵੱਖ ਧੁਨਾਂ ਨੂੰ) ਕਹਿਰਵਾ ਤਾਲ ਵਿੱਚ ਢਾਡੀ ਪੱਖ ਤੋਂ ਸਪੱਸ਼ਟ ਕੀਤਾ ਹੈ (ਜਿਵੇਂ ਕਿ ਹੀਰ ਦੀ ਧੁਨ (ਤਾਲ ਕਹਿਰਵਾ) ਮਿਰਜੇ ਦੀ ਧੁਨ (ਤਾਲ ਕਹਿਰਵਾ । 16 ਢਾਡੀ ਰਚਨਾਵਾਂ ਦੀਆਂ ਸਵਰਲਿਪੀਆਂ ਪੁਸਤਕ ਦਾ ਸਿੰਗਾਰ ਹਨ ਜੋ ਪੁਸਤਕ ਨੂੰ ਹੋਰ ਵੀ ਮੁੱਲਵਾਨ ਬਣਾਉਂਦੀਆਂ ਹਨ।ਅਧਿਆਇ ਵਿੱਚ ਤੂੰਬੇ ਤਾਰੇ ਅਤੇ ਤੂੰਬੀ ਦੀ ਗਾਇਕੀ, ਮੁੱਖ ਕਲਾਕਾਰ ਦੇ ਗਾਇਨ ਦੀਆਂ ਸਵਰਲਿੱਪੀਆਂ, ਗਾਇਕੀ ਸਰੂਪ ਅਤੇ ਸੰਗੀਤ ਵਿਧਾਨ, ਪਿਛੋਕੜ, ਮੁੱਖ ਕਲਾਕਾਰ, ਗਇਨ ਪ੍ਰਕਿਰਿਆ, ਧੁਨ ਅਤੇ ਤਾਲ ਸਹਿਤ 17 ਰਚਨਾਵਾਂ ਨੂੰ ਲਿੱਪੀਬੱਧ ਕੀਤਾ ਗਿਆ ਹੈ। ਪੁਸਤਕ ਦਾ ਅਗਲਾ ਅਧਿਆਇ ਪੰਜਾਬ ਦੇ ਪੁਆਧੀ ਅਖਾੜਿਆਂ ਨਾਲ ਸਬੰਧਿਤ ਹੈ ਜਿਸ ਵਿੱਚ ਪੁਆਧੀ ਅਖਾੜਿਆਂ ਵਿੱਚ ਲਾਗ, ਮੰਗਲਾਚਰਨ, ਪ੍ਰਸੰਗ, ਗਾਇਨ,ਪ੍ਰਸੰਗ ਦੀ ਵਿਆਖਿਆ ਦੁਆਰਾ ਚਿਤਰਨ, ਉਕਤ ਪੜਾਵਾਂ ਦੀ ਆਰੰਭਤਾ, ਅੰਤਰੀਵੀਂ, ਪਿੱਠਵਰਤੀ ਗਾਇਨ, ਵਾਦਨ ਅਤੇ ਉਕਤ ਪ੍ਰਕਿਰਿਆ ਅਨੁਸਾਰ ਨਾਚ ਆਦਿ ਪ੍ਰਮੁੱਖ ਤੱਤਾਂ ਦੀ ਚਰਚਾ ਹੈ। ਲੇਖਕ ਨੇ 15 ਪੁਆਧੀ ਅਖਾੜਿਆਂ ਨੂੰ ਸੰਗੀਤਕ ਰੂਪਾਂਤਰਣ ਤਹਿਤ ਲਿਪੀਬੱਧ ਕੀਤਾ ਗਿਆ ਹੈ। ਗੁੱਗਾ ਗਾਇਕੀ ਦੀ ਸੰਗੀਤ ਵਿਰਾਸਤ, ਗਾਇਨ ਦਾ ਸਮਾਂ, ਕਲਾਕਾਰ, ਸ਼ਗਿਰਦੀ, ਸਿਖਲਾਈ ਸਬੰਧੀ ਚਰਚਾ ਕਰਨ ਦੇ ਨਾਲ ਗੁੱਗਾ ਗਾਇਕੀ ਦੀਆਂ ਕੁਝੱ ਸਵਰਲਿੱਪੀਆਂ ਪ੍ਰਕਾਸ਼ਿਤ ਕੀਤੀਆਂ ਹਨ। ਇਸ ਅਧਿਆਇ ਵਿੱਚ ਪੰਜਾਬੀ ਲੋਕ ਸੰਗੀਤ ਦੇ ਮਹੱਤਵਪੂਰਨ ਸਾਜਾਂ ਡੱਫਲੀ, ਘੜਾ, ਗਾਗਰ, ਬੁਗਦੂ, ਚਿਮਟਾ, ਖੜਤਾਲ, ਘੂੰਗਰੂ, ਸੱਪ, ਕਾਟੋ, ਕਿਰਲ ਆਦਿ ਦਾ ਵਿਸਤਾਰ ਸਹਿਤ ਵਰਨਣ ਕੀਤਾ ਹੈ।ਇਸ ਪੁਸਤਕ ਵਿੱਚ ਪ੍ਰਸਿੱਧ ਪੰਜਾਬੀ ਸਰੋਤ ਕਲਾਕਾਰਾਂ ਦੇ ਨਾਮਾਂ ਦੀ ਸੂਚੀ ਬਣਾਕੇ ਜਾਣ-ਪਹਿਚਾਣ ਕਰਵਾਈ ਗਈ ਹੈ।

ਪੰਜਾਬੀ ਲੋਕ ਸੰਗੀਤ ਵਿਰਾਸਤ ਭਾਗ ਦੂਜਾ ਦੀ ਰਚਨਾ ਵੀ ਡਾ. ਗੁਰਨਾਮ ਸਿੰਘ ਦੁਆਰਾ ਕੀਤੀ ਗਈ ਹੈ। ਇਸ ਪੁਸਤਕ ਦਾ ਪ੍ਰਕਾਸ਼ਨ ਪੰਜਾਬੀ ਯੂਨੀਵਰਸਿਟੀ ਰਾਹੀਂ 2005 ਵਿੱਚ ਪੰਜਾਬੀ ਸੱਭਿਆਚਾਰ ਦੀ ਸਾਂਭ-ਸੰਭਾਲ ਨੂੰ ਮੁੱਖ ਰੱਖਕੇ ਕੀਤੀ ਗਈ ਹੈ। ਇਸ ਪੁਸਤਕ ਵਿੱਚ ਲੇਖਕ ਨੇ ਪੰਜਾਬੀ ਲੋਕ-ਸੰਗੀਤ ਵਿਰਾਸਤ ਦੇ ਵਿਸ਼ਾਲ ਰੂਪ ਦੇ ਸੰਗ੍ਰਹਿ ਨੂੰ ਸੰਕਲਿਤ ਕਰਨ ਦਾ ਯਤਨ ਕੀਤਾ ਹੈ।

ਇਸ ਸਿਰਲੇਖ ਅਧੀਨ ਛਪਿਆ ਭਾਗ ਪਹਿਲਾ ਵਿੱਚ ਜਿੱਥੇ ਕਵੀਸ਼ਰੀ, ਢਾਡੀ, ਗੁੱਗਾ ਗਾਇਕੀ ਅਤੇ ਪੁਆਧੀ ਅਖਾੜਿਆਂ ਬਾਰੇ ਜਾਣਕਾਰੀ ਮਿਲਦੀ ਹੈ, ਉੱਥੇ ਪੰਜਾਬੀ ਲੋਕ ਸੰਗੀਤ ਵਿਰਾਸਤ ਭਾਗ ਦੂਜਾ ਵਿੱਚ ਲੇਖਕ ਨੇ ਪੰਜਾਬਣਾਂ ਦੇ ਲੋਕ ਗੀਤ ਭਾਵ ਪੰਜਾਬੀ ਔਰਤਾਂ ਦੇ ਲੋਕ ਗੀਤ, ਲੋਕ-ਗੀਤਾਂ ਦੀ ਵੰਡ, ਜੰਮਣ-ਮਰਨ ਦੇ ਗੀਤ, ਸਾਹੇ-ਸਿੱਠਣੀਆਂ, ਪਿਓ-ਧੀ ਦੇ ਗੀਤ, ਵਿਆਹ ਦੇ ਗੀਤ, ਘੋੜੀਆਂ, ਵੈਣ, ਕੀਰਨੇ ਅਲਹੁਣੀਆਂ ਆਦਿ ਇਸਤਰੀ ਗੀਤਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਇਸ ਪੁਸਤਕ ਵਿੱਚ ਔਰਤਾਂ ਦੇ 71 ਲੋਕ ਗੀਤਾਂ ਦੀਆਂ ਸਵਰਲਿੱਪੀਆਂ ਵੱਖ-ਵੱਖ ਤਾਲਾਂ ਵਿੱਚ ਪ੍ਰਸਤੁਤ ਕੀਤੀਆਂ ਗਈਆਂ ਹਨ ਜੋ ਕਿ ਪੰਜਾਬੀ ਲੋਕ ਸੰਗੀਤ ਦਾ ਮਹੱਤਵਪੂਰਨ ਸੋਮਾ ਹਨ। ਇਸ ਤੋਂ ਬਾਅਦ ਪੰਜਾਬੀ ਲੋਕ ਨਾਚਾਂ ਦੀਆਂ ਚੋਣਵੀਆਂ ਵੰਨਗੀਆਂ ਜਿਵੇ ਝੂੰਮਰ, ਸੰਮੀ ਦੇ ਪ੍ਰਮੁੱਖ ਗੀਤ, ਭੰਗੜੇ ਦੀਆਂ ਮੁੱਖ ਬੋਲੀਆਂ, ਲੋਕ ਗੀਤ, ਗਿੱਧੇ ਦੀਆਂ ਕੁਝ ਬੋਲੀਆਂ, ਮਰਦਾਂ ਦਾ ਗਿੱਧਾ, ਗਿੱਧੇ ਦਾ ਸਵਰੂਪ, ਸੰਗੀਤ ਵਿਧਾਨ ਅਤੇ ਲਿਖਿਤ ਸਵਰਲਿਪੀਆਂ ਆਦਿ ਪ੍ਰਮੁੱਖ ਨਾਚਾਂ ਦੀਆਂ ਭਿੰਨ-ਭਿੰਨ ਸਵਰਲਿੱਪੀਆਂ ਇਸ ਪੁਸਤਕ ਦਾ ਸਿੰਗਾਰ ਹਨ।ਇਹਨਾਂ ਵੱਖ-ਵੱਖ ਵੰਨਗੀਆਂ ਨੂੰ ਤਸਵੀਰਾਂ ਰਾਹੀਂ ਸਪੱਸ਼ਟ ਕਰਨਾ ਪੁਸਤਕ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ ।ਬੀਨ ਵਾਲੇ ਨਚਾਰਾਂ ਦਾ ਨਾਚ ਅਤੇ ਸਰੂਪ, ਸੰਗੀਤ ਵਿਧਾਨ ਅਤੇ ਸੰਗੀਤ ਰੂਪਾਤਰਣ ਕੀਤਾ ਗਿਆ ਹੈ । ਪੁਸਤਕ ਵਿੱਚ ਪੰਜਾਬੀ ਲੋਕ ਸੰਗੀਤ ਦੇ ਪ੍ਰਮੁੱਖ ਸੁਰ ਸਾਜਾਂ ਅਤੇ ਉਨ੍ਹਾਂ ਦੀ ਸਰੂਪਗਤ ਸਮੱਗਰੀ ਦੀ ਜਾਣਕਾਰੀ ਦਿੱਤੀ ਗਈ ਹੈ।ਬੀਨ, ਅਲਗੋਜੇ, ਸਾਰੰਗੀ, ਕਿੰਗ, ਤੂੰਬਾ ਤਾਰਾ ਅਤੇ ਤੂੰਬੀ ਆਦਿ ਸਾਜਾਂ ਦਾ ਇਤਿਹਾਸ ਅਤੇ ਅਤੇ ਸਾਜ ਬਣਤਰ ਨੂੰ ਤਸਵੀਰਾਂ ਸਹਿਤ ਸਪਸ਼ਟ ਕੀਤਾ ਹੈ। ਪੰਜਾਬੀ ਲੋਕ-ਸੰਗੀਤ ਨਾਲ ਸਬੰਧਿਤ ਪ੍ਰਮੁੱਖ ਤਾਲ ਸਾਜਾਂ (ਢੋਲਕ, ਢੋਲਕੀ, ਢੱਡ, ਡੋਰੀ, ਨਗਾਰਾ, ਢੱਕ, ਢਮਕੀ, ਖੰਜਰੀ, ਡੱਫਲੀ, ਘੜਾ, ਬੁਘਦੂ, ਚਿਮਟਾ, ਖੜਤਾਲ ਘੁੰਗਰੂ, ਸੱਪ, ਕਾਟੋ, ਕਿਰਲ) ਦਾ ਸਰੂਪ,ਇਤਿਹਾਸ ਅਤੇ ਵਾਦਨ ਵਿਧੀ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ ਹੈ।
ਇਹ ਪੁਸਤਕ ਪੰਜਾਬੀ ਲੋਕ ਸੰਗੀਤ ਦਾ ਅਹਿਮ ਸੋਮਾ ਹੈ।ਇਸ ਪੁਸਤਕ ਦੀ ਭਾਸ਼ਾ ਸ਼ੈਲੀ ਨਿਰੋਲ ਪੰਜਾਬੀ ਹੈ। ਇਸ ਪੁਸਤਕ ਵਿੱਚ ਪੰਜਾਬੀ ਲੋਕ-ਸੰਗੀਤ ਦੇ ਗਾਇਨ, ਵਾਦਨ, ਨ੍ਰਿਤ ਦਾ ਵਰਨਣ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਪ੍ਰਾਂਤ ਦੇ ਲੋਕ ਸੰਗੀਤ ਦੇ ਮਹੱਤਵਪੂਰਨ ਅੰਗ ਹਨ। ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਦੋਵੇਂ ਭਾਗ ਪੰਜਾਬੀ ਲੋਕ ਸੰਗੀਤ ਅਤੇ ਪੰਜਾਬੀ ਸੱਭਿਆਚਾਰ ਦੀ ਮੋਲਿਕ ਨੁਹਾਰ ਪੇਸ਼ ਕਰਨ ਦਾ ਉਪਰਾਲਾ ਹਨ।

ਪੰਜਾਬੀ ਲੋਕ ਸਾਜ਼ ਪੁਸਤਕ ਸੰਗੀਤ ਜਗਤ ਦੇ ਉੱਘੇ ਵਿਦਵਾਨ ਲੇਖਕ ਡਾ. ਗੁਰਨਾਮ ਸਿੰਘ ਦੀ ਕ੍ਰਿਤ ਹੈ ਜਿਸਨੂੰ 2008 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕਰਵਾਇਆ। ਲੇਖਕ ਨੇ ਹੱਥਲੀ ਪੁਸਤਕ ਵਿੱਚ ਪੰਜਾਬੀ ਲੋਕ ਸੰਗੀਤ ਪਰੰਪਰਾ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪੰਜਾਬੀ ਲੋਕ ਸੰਗੀਤਕ ਸਾਜ਼ਾਂ ਨਾਲ ਸਬੰਧਿਤ ਸਮੱਗਰੀ ਨੂੰ ਪ੍ਰਕਾਸ਼ਿਤ ਕੀਤਾ ਹੈ। ਲੇਖਕ ਨੇ ਪੰਜਾਬੀ ਲੋਕ ਸੰਗੀਤ ਦੇ ਸਾਜ਼ਾਂ ਨੂੰ ਤੱਤ ਸਾਜ਼ (ਸਾਰੰਗੀ, ਕਿੰਗ, ਤੂੰਬਾ ਤਾਰਾ, ਤੂੰਬੀ, ਇਕਤਾਰੀਆ, ਬੁਗਦੂ); ਬਿੱਤ ਸਾਜ਼ (ਢੱਡ, ਢੋਲ, ਢੋਲਕੀ, ਨਗਾਰਾ, ਡੱਫ, ਟਮਕੀ, ਡੱਫਲੀ); ਘਨ ਸਾਜ਼ (ਖੰਜਰੀ, ਸੱਪ, ਕਾਂਟੋ, ਕਿਰਲਾ, ਖੜਤਾਲ ਚਿਮਟਾ, ਛੈਣੇ, ਘੁੰਗਰੂ, ਡੰਡੀਆਂ, ਗੜਵਾ); ਮੁਖਰ ਸਾਜ਼ (ਘੜਾ ਅਤੇ ਗਾਗਰ); ਸੁਖਰ ਸਾਜ਼ (ਵੰਝਲੀ, ਅਲਗੋਜ਼ੇ,ਬੀਨ, ਬੀਨ ਵਾਜਾ, ਹਾਰਮੋਨਿਅਮ) ਆਦਿ ਸਾਜ਼ਾਂ ਨੂੰ ਵਿਭਿੰਨ ਸ਼੍ਰੇਣੀਆਂ ਵਿੱਚ ਰੱਖਦੇ ਹਰ ਸਾਜ਼ ਦੀ ਬਣਤਰ, ਦਿੱਖ ਅਤੇ ਵਾਦਨ ਵਿਧੀ ਤੋਂ ਜਾਣੂ ਕਰਵਾਇਆ ਹੈ।

ਪੰਜਾਬੀ ਲੋਕ ਸਾਜ਼ ਪੁਸਤਕ ਦੇ ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਪੁਸਤਕ ਵਿੱਚਲੀ ਸਮੱਗਰੀ ਪੰਜਾਬੀ ਲੋਕ ਸੰਗੀਤਕ ਸਾਜ਼ਾਂ ਤੇ ਅਧਾਰਿਤ ਹੈ। ਲੇਖਕ ਨੇ ਪੁਸਤਕ ਵਿੱਚ ਪੰਜਾਬੀ ਲੋਕ ਸੰਗੀਤ ਦੇ ਵਿਭਿੰਨ ਸਾਜਾਂ ਨੂੰ ਬਣਤਰ ਅਤੇ ਵਾਦਨ ਵਿਧੀ ਦੇ ਢੰਗ ਤੋਂ ਪ੍ਰਕਾਸ਼ਿਤ ਕੀਤਾ ਹੈ। ਸਾਜ਼ਾਂ ਦੇ ਚਿੱਤਰ ਇਸ ਪੁਸਤਕ ਨੂੰ ਹੋਰ ਵੀ ਲੁਭਾਵਣਾ ਬਣਾਉਂਦੇ ਹਨ।ਪੁਸਤਕ ਦੀ ਭਾਸ਼ਾ ਸ਼ੈਲੀ ਸਰਲ ਅਤੇ ਸਮਝਣ ਯੋਗ ਹੈ।ਹੱਥਲੀ ਪੁਸਤਕ ਆਪਣੇ ਨਾਮ ਦੀ ਸਾਰਥਕਤਾ ਸਿੱਧ ਕਰਦੀ ਹੈ।


*ਅਸਿਸਟੈਂਟ ਪ੍ਰੋਫ਼ੈਸਰ ਸੰਗੀਤ, ਗੁਰੂ ਨਾਨਕ ਕਾਲਜ, ਬੁਢਲਾਡਾ

Leave a Reply

Your email address will not be published. Required fields are marked *