ਡਾ. ਗੁਰਨਾਮ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚ ਸੋਰਠਿ ਰਾਗ ਨੌਵੇਂ ਸਥਾਨ ‘ਤੇ ਅੰਕਿਤ ਹੈ। ਇਸ ਰਾਗ ਸਬੰਧੀ ਗੁਰੂ ਰਾਮਦਾਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 642 ‘ਤੇ ਉਚਾਰਦਿਆਂ ਇਸ ਸਬੰਧੀ ਫੁਰਮਾਇਆ ਹੈ ਕਿ ਸੋਰਠਿ ਸਰਲ, ਰਸੀਲਾ ਤੇ ਸੁਰੀਲਾ ਰਾਗ ਹੈ ਪਰ ਸਦਾ ਸੁਹਾਵਣਾ ਤਾਂ ਹੀ ਲਗੇਗਾ ਜੇ ਹਰੀ ਦੇ ਨਾਮ ਨੂੰ ਢੰਢੋਲੇਗਾ। ਇਸੇ ਤਰ੍ਹਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਇਸ ਰਾਗ ਸਬੰਧੀ ਫੁਰਮਾਉਂਦੇ ਹਨ ਕਿ ਸੋਰਠਿ ਰਾਗ ਨਾਲ ਉਹ ਰਸ ਪੀਣਾ ਚਾਹੀਦਾ ਹੈ ਜੋ ਕਦੀ ਵੀ ਫਿੱਕਾ ਭਾਵ ਬੇਸੁਆਦਾ ਨਹੀਂ ਹੁੰਦਾ। ਬਾਣੀ ਵਿਚ ਸੋਰਠਿ ਨੂੰ ਰਾਗ ਸਵੀਕਾਰਿਆ ਗਿਆ ਹੈ ਜਦੋਂ ਕਿ ਸੰਗੀਤ ਜਗਤ ਵਿਚ ਇਸ ਨੂੰ ਸੋਰਠੀ ਰਾਗਣੀ ਵੀ ਮੰਨਿਆ ਗਿਆ ਹੈ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਸੋਰਠਿ ਨੂੰ ਸੌਰਾਸਟ੍ਰ, ਕਾਠੀਆਵਾੜ ਇਲਾਕੇ ਦੀ ਰਾਗਣੀ ਵਜੋਂ ਸਵੀਕਾਰਿਆ ਹੈ। ਸੌਰਾਸਟ੍ਰ ਇਲਾਕੇ ਵਿਚ ਸੋਰਠਿ ਬੀਜਾ ਦੀ ਪ੍ਰੇਮ ਕਹਾਣੀ ਦੀ ਗਾਥਾ ਵੀ ਗਾਈ ਜਾਂਦੀ ਰਹੀ ਹੈ। ਇਹ ਰਾਗਣੀ ਵੀ ਇਸੇ ਇਲਾਕੇ ਨਾਲ ਸਬੰਧਿਤ ਦੱਸੀ ਗਈ ਹੈ। ਮਿਹਰਬਾਨ ਵਾਲੀ ਜਨਮ ਸਾਖੀ ਵਿਚ ਹੀ ਸੁਰਾਸ਼ਟ੍ਰ ਵਿਖੇ ਸੋਰਠਿ ਰਾਗ ਦੀ ਮਹੱਤਤਾ ਇਉਂ ਦਰਸਾਈ ਗਈ ਹੈ ਜਿਸ ਤੋਂ ਸੋਰਠਿ ਰਾਗ ਦੇ ਇਲਾਕਾਈ ਰਾਗ ਹੋਣ ਦੇ ਪ੍ਰਮਾਣ ਵੀ ਮਿਲਦੇ ਹਨ:
ਤਬ ਗੁਰੂ ਬਾਬੇ ਨਾਨਕ ਜੀ ਕਹਿ ਜਿ, ਮਰਦਾਨਿਆ, ਕਰੁ ਦਿਖਾ, ਸੋਰਠਿ ਰਾਗੁ। ਤਬ ਮਰਦਾਨੇ ਸੋਰਠਿ ਰਾਗ ਕਿਆ ਖੁਸ਼ੀ ਹੋਈ ਕਰਿ। ਮਰਦਾਨੇ ਜਿ ਸੋਰਠਿ ਅਲਾਪੀ ਅਰੁ ਬਾਬਾ ਜੀ ਖੁਸੀ ਭਇਆ। ਤਬ ਗੁਰੂ ਬਾਬੇ ਨਾਨਕ ਪਹਿ ਮਰਦਾਨੇ ਕਹਿਆ ਜਿ, ਰਾਗ ਤਾਂ ਸਭਿ ਭਲੇ ਹੈਨਿ ਪਣੁ ਜੀ ਸੋਰਠਿ ਰਾਗ ਸਭਨਾ ਰਾਗਾਂ ਮਹਿ ਖਰਾ ਸੋਹਾਵਣਾ ਰਾਗੁ ਹੈ। ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜਿ, ਮਰਦਾਨਿਆ, ਤੂੰ ਜਾਣਦਾ ਹੈਂ ਸੋਰਠਿ ਰਾਗ ਕਿਤੁ ਸੋਹਾਵਣਾ ਲਗਦਾ ਹੈ? ਕਹੈ, ਜੀ, ਨਾਹੀ ਜਾਣਦਾ ਜਿਊ ਹੈ, ਤਿਉਂ ਕਹਿ ਸੁਣਾਈਐ।ਤਬ ਗੁਰੂ ਬਾਬੇ ਨਾਨਕ ਜੀ ਬਾਣੀ ਬੋਲੀ (ਸਲੋਕੁ ਵੇਖੋ ਗੁਰੂ ਗ੍ਰੰਥ ਸਾਹਿਬ, ਪੰਨਾ 642) ਤਬ ਮਰਦਾਨਾ ਗੁਰੂ ਬਾਬੇ ਨਾਨਕ ਜੀ ਕੀ ਚਰਨੀਂ ਲਾਗਾ, ਕਹਣੇ ਲਾਗਾ, ਸੇ ਐਸੇ ਰਾਗ ਤੂੰ ਹੈ ਕਰਹਿ, ਤੁਮ ਹੀ ਤੇ ਐਸਾ ਰਾਗੁ ਹੋਇ ਜੀ, ਹੋਰੁ ਕਵਣੁ ਕਰਿ ਸਕੈ?
ਦਸਮ ਗ੍ਰੰਥ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗ ਵੱਖ-ਵੱਖ ਰਾਗਾਂ ਦੇ ਅੰਤਰਗਤ ਪਦੇ ਦਿਤੇ ਗਏ ਹਨ। ਇਨ੍ਹਾਂ ਪਦਿਆਂ ਦੇ ਗਾਇਨ ਵਿਚ ਰਾਗ ਸੋਰਠਿ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਦਸਮ ਗ੍ਰੰਥ ਵਾਂਗੂ ਗੁਰੂ ਕਾਲ ਦਾ ਇਕ ਹੋਰ ਮਹੱਤਵਪੂਰਨ ਗ੍ਰੰਥ ਸਰਬ ਲੋਹ ਗ੍ਰੰਥ ਹੈ ਜੋ ਕਾਵਿ ਅਤੇ ਸੰਗੀਤ ਦੀ ਉਤਮ ਕ੍ਰਿਤ ਹੈ, ਜਿਸ ਵਿਚ ਸੋਰਠਿ ਰਾਗ ਦਾ ਭਰਪੂਰ ਪ੍ਰਯੋਗ ਹੋਇਆ ਹੈ।
ਸੋਰਠਿ ਰਾਗ ਨੂੰ ਗੁਰੂ ਸਾਹਿਬਾਨ ਅਤੇ ਸੰਤਾਂ-ਭਗਤਾਂ ਨੇ ਆਪਣੀ ਬਾਣੀ ਦਾ ਹਿੱਸਾ ਬਣਾਇਆ ਹੈ। ਗੁਰੂ ਨਾਨਕ ਦੇਵ ਨੇ ਇਸ ਰਾਗ ਵਿਚ 12 ਪਦੇ, 4 ਅਸਟਪਦੀਆਂ; ਗੁਰੂ ਅਮਰਦਾਸ ਨੇ 12 ਪਦੇ, 3 ਅਸਟਪਦੀਆਂ; ਗੁਰੂ ਰਾਮਦਾਸ ਨੇ 9 ਪਦੇ, 1 ਵਾਰ; ਗੁਰੂ ਅਰਜਨ ਦੇਵ ਨੇ 9 ਪਦੇ, 3 ਅਸਟਪਦੀਆਂ; ਗੁਰੂ ਤੇਗ ਬਹਾਦਰ ਨੇ 12 ਪਦਿਆਂ ਦੀ ਰਚਨਾ ਕੀਤੀ ਹੈ। ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਕਬੀਰ ਦੇ 11, ਭਗਤ ਨਾਮਦੇਵ ਦੇ 3, ਭਗਤ ਰਵਿਦਾਸ ਦੇ 7 ਅਤੇ ਭਗਤ ਭੀਖਣ ਦੇ 3 ਪਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਅਧੀਨ ਅੰਕਿਤ ਮਿਲਦੇ ਹਨ।
ਰਾਗ ਸਬੰਧੀ ਆਪਣੀ ਇਨ੍ਹਾਂ ਲਿਖਤਾਂ ਵਿਚ ਜਿਵੇਂ ਅਸੀਂ ਪਹਿਲਾਂ ਵੀ ਵਰਨਣ ਕੀਤਾ ਹੈ ਕਿ ਗੁਰੂ ਸਾਹਿਬਾਨ ਨੇ ਭਾਰਤੀ ਰਾਗ ਧਿਆਨ ਪਰੰਪਰਾ ਵਾਂਗੂ ਬਾਣੀ ਵਿਚ ਰਾਗ ਦੇ ਮਹੱਤਵ ਨੂੰ ਦਰਸਾਉਂਦਿਆਂ ਬਾਣੀ ਅਨੁਸਾਰ ਰਾਗ ਧਿਆਨ ਸਿਰਲੇਖ ਸਿਰਜੇ ਹਨ। ਸੰਗੀਤ ਦਰਪਣ ਦੇ ਸਲੋਕ 86 ਵਿਚ ਅੰਕਿਤ ਸੋਰਠੀ (ਸੰਗੀਤ) ਦਾ ਧਿਆਨ ਇਸ ਪ੍ਰਕਾਰ ਹੈ, ਜਿਸਨੇ ਉੱਚੇ ਅਤੇ ਪੁਸ਼ਟ ਸਰੀਰ ਉੱਤੇ ਸੁੰਦਰ ਹਾਰ (ਗਹਿਣੇ) ਪਹਿਨ ਰਖੇ ਹਨ। ਜਿਸ ਦਾ ਚਿਤ, ਕੰਨ ਵਿਚ ਪਹਿਨੇ ਹੋਏ ਕਮਲ ਦੇ ਆਸ ਪਾਸ ਮੰਡਰਾ ਰਹੇ ਭੰਵਰੇ ਦੀ ਗੂੰਜਾਰ ਕਰਨ ਕਰਕੇ ਉਚਾਟ ਹੋ ਗਿਆ ਹੈ। ਜਿਸ ਦੀ ਬਾਂਹ ਸਥਿਰ ਹੋ ਗਈ ਹੈ ਅਤੇ ਜੋ ਆਪਣੇ ਪਿਆਰੇ ਕੋਲ ਜਾ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 642 ‘ਤੇ ਇਸ ਰਾਗ ਦੇ ਧਿਆਨ ਬਾਰੇ ਬਿਆਨ ਕਰਦਿਆਂ ਗੁਰੂ ਨਾਨਕ ਦੇਵ ਨੇ ਸੋਰਠਿ ਨੂੰ ਇਕ ਇਸਤਰੀ ਦੇ ਰੂਪ ਵਿਚ ਚਿਤਾਰਿਆ ਹੈ ਜਿਸ ਨੇ ਪਤੀ ਪਰਮੇਸ਼ਰ ਨੂੰ ਰਿਝਾਉਣਾ, ਮਨ ਵਿਚ ਵਸਾਉਣਾ, ਸੇਵਾ ਕਰਨੀ, ਮਨ ਦੀਆਂ ਬੁਰਾਈਆਂ ਦਾ ਖਾਤਮਾ ਕਰਨਾ, ਨਾਮ ਸ਼ਿੰਗਾਰ ਕਰਨਾ ਅਤੇ ਵਿਕਾਰਾਂ ਤੋਂ ਉਪਰ ਉਠਣਾ ਹੈ, ਅਜਿਹੀ ਇਸਤਰੀ ਨੂੰ ਹੀ ਪ੍ਰਭੂ ਪਿਆਰ ਦੀ ਬਖਸ਼ਿਸ਼ ਹੁੰਦੀ ਹੈ ਅਤੇ ਉਸ ਦੇ ਮਸਤਿਕ ਉਤੇ ਭਾਗਾਂ ਦਾ ਟਿੱਕਾ ਲਗਦਾ ਹੈ ਭਾਵ ਭਾਗ ਜਾਗਦੇ ਹਨ।
ਸੰਗੀਤ ਦਰਪਣ ਦੇ ਅੰਤਰਗਤ ਸੋਰਠਿ ਰਾਗ ਦੇ ਧਿਆਨ ਵਿਚ ਇਸਤਰੀ ਦੀ ਸੁੰਦਰਤਾ, ਸ਼ਿੰਗਾਰ, ਮਨ ਭੰਵਰੇ ਦੀ ਗੁੰਜਾਰ ਕਾਰਨ ਉਚਾਟ, ਪ੍ਰੀਤਮ ਨੂੰ ਮਿਲਣ ਲਈ ਜਾਣਾ ਆਦਿ ਵਰਗੇ ਵਰਣਨ ਅਤੇ ਗੁਰੂ ਨਾਨਕ ਬਾਣੀ ਦੇ ਸੋਰਠਿ ਸਬੰਧੀ ਸ਼ਲੋਕ ਵਿਚ ਪ੍ਰਭੂ ਪ੍ਰੇਮ ਦੇ ਪ੍ਰਸੰਗ ਵਿਚ ਜੀਵ ਰੂਪੀ ਇਸਤਰੀ ਪਤੀ ਪਰਮੇਸ਼ਰ ਨੂੰ ਰਿਝਾਉਣ ਲਈ ਉਪਦੇਸ਼ ਦੇ ਵਰਨਣ ਤੋਂ ਸਪਸ਼ਟ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਗਏ ਪ੍ਰਯੋਗ ਜਿਥੇ ਸੁਰਾਤਮਕ ਅਤੇ ਰਸਾਤਮਕ ਬੋਧ ਦੇ ਧਾਰਨੀ ਹਨ, ਉਥੇ ਇਸ ਦੇ ਭਾਵਾਤਮਕ ਧਿਆਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਗੋਂ ਸੁਚੇਤ ਰੂਪ ਵਿਚ ਭਾਰਤੀ ਸੰਗੀਤ ਅਧੀਨ ਪ੍ਰਚਲਿਤ ਰਾਗ ਧਿਆਨ ਰਾਗਾਂ ਦੇ ਧਿਆਨ ਸਬੰਧੀ ਅਜਿਹਾ ਪ੍ਰਯੋਗ ਗੁਰੂ ਨਾਨਕ ਬਾਣੀ ਦੀ ਵਿਲੱਖਣਤਾ ਹੈ ਜੋ ਇਸਦੇ ਰਾਗ ਪ੍ਰਬੰਧ ਦੀ ਵਿਗਿਆਨਕਤਾ ਦਾ ਇਕ ਅਨੂਪਮ ਨਮੂਨਾ ਹੈ। ਪ੍ਰਸਿੱਧ ਆਰਟਿਸਟ ਸ. ਦੇਵਿੰਦਰ ਸਿੰਘ ਨੇ ਸੋਰਠਿ ਰਾਗ ਨੂੰ ਆਪਣੀ ਵਿਸ਼ੇਸ਼ ਕਲਾ ਵਿਚ ਖੂਬ ਚਿਤਰਿਆ ਹੈ ਜਿਸ ਦਾ ਰੂਪ ਇਥੇ ਪੇਸ਼ ਕੀਤਾ ਜਾ ਰਿਹਾ ਹੈ। (ਪੇਟਿੰਗ ਨਾਲ ਭੇਜੀ ਜਾ ਰਹੀ ਹੈ)
ਸੋਰਠਿ ਰਾਗ ਗੰਭੀਰ, ਵੈਰਾਗਮਈ ਅਤੇ ਭਗਤੀ ਭਾਵ ਦੀਆਂ ਰਚਨਾਵਾਂ ਲਈ ਵਿਸ਼ੇਸ਼ ਰੂਪ ਵਿਚ ਢੁਕਵਾਂ ਹੈ। ਸੰਗੀਤ ਵਿਦਵਾਨ ਰਾਗ ਸੋਰਠਿ ਨੂੰ ਖਮਾਜ ਥਾਟ ਦਾ ਰਾਗ ਮੰਨਦੇ ਹਨ। ਇਸ ਰਾਗ ਦੇ ਸੁਰਾਤਮਕ ਸਰੂਪ ਵਿਚ ਦੋਵੇਂ ਨਿਸ਼ਾਦ ਅਤੇ ਬਾਕੀ ਸਭ ਸ਼ੁਧ ਸੁਰ ਪ੍ਰਯੋਗ ਹੁੰਦੇ ਹਨ। ਕੁਝ ਸੰਗੀਤਕਾਰ ਇਸ ਰਾਗ ਵਿਚ ਕੋਮਲ ਗੰਧਾਰ ਦੀ ਵਰਤੋਂ ਸ ਰੇ ਗ (ਕੋਮਲ), ਸ ਰੇ, ਮ ਪ ਧ ਸ (ਤਾਰ ਸਪਤਕ) ਇਸ ਢੰਗ ਨਾਲ ਕਰਦੇ ਹਨ। ਰਾਗ ਦੇ ਨਿਯਮ ਅਨੁਸਾਰ ਗੰਧਾਰ ਸ਼ੁੱਧ ਦੀ ਵਰਤੋਂ ਅਵਰੋਹ ਵਿਚ ਮ ਤੋਂ ਰੇ ਦੀ ਮੀਂਡ ਮ ਗ ਰੇ ਦੇ ਰੂਪ ਵਿਚ ਕਰਨੀ ਉਚਿਤ ਹੈ। ਇਸ ਰਾਗ ਦੇ ਆਰੋਹ ਵਿਚ ਗੰਧਾਰ ਅਤੇ ਧੈਵਤ ਸੁਰ ਵਰਜਿਤ ਕੀਤੇ ਜਾਂਦੇ ਹਨ ਅਤੇ ਅਵਰੋਹ ਵਿਚ ਗੰਧਾਰ ਗੁਪਤ ਰੂਪ ਨਾਲ ਪ੍ਰਯੋਗ ਹੁੰਦਾ ਹੈ। ਇਸ ਲਈ ਇਸ ਦੀ ਜਾਤੀ ਔੜਵ-ਸੰਪੂਰਨ ਹੈ। ਇਸ ਦਾ ਵਾਦੀ ਸੁਰ ਰਿਸ਼ਬ ਅਤੇ ਸੰਵਾਦੀ ਸੁਰ ਧੈਵਤ ਹੈ। ਪ੍ਰੋ. ਤਾਰਾ ਸਿੰਘ ਨੇ ਇਸ ਰਾਗ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਸੁਰ ਪੰਚਮ ਮੰਨਿਆ ਹੈ। ਇਸ ਰਾਗ ਦਾ ਗਾਇਨ ਸਮਾਂ ਰਾਤ ਦਾ ਦੂਸਰਾ ਪਹਿਰ ਹੈ। ਗਿਆਨ ਸਿੰਘ ਐਬਾਟਾਦ, ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਨੇ ਇਸ ਰਾਗ ਦਾ ਇਹ ਸਰੂਪ ਪ੍ਰਮਾਣਕ ਮੰਨਿਆ ਹੈ ਜਿਸ ਅਨੁਸਾਰ ਇਸ ਰਾਗ ਦਾ ਆਰੋਹ ਸ ਰੇ ਮ ਪ, ਨੀ ਸ (ਤਾਰ ਸਪਤਕ); ਅਵਰੋਹ ਸ (ਤਾਰ ਸਪਤਕ) ਰੇ(ਤਾਰ ਸਪਤਕ) ਨੀ (ਕੋਮਲ) ਧ ਪ, ਮ ਪ ਧ ਮ ਰੇ (ਸ਼ੁਧ ਗੰਧਾਰ ਦੀ ਮੀਂਡ ਯੁਕਤ ਰਿਸ਼ਬ) ਨੀ (ਮੰਦਰ ਸਪਤਕ) ਸ ਅਤੇ ਮੁੱਖ ਅੰਗ ਸ ਰੇ, ਮ ਪ, ਨੀ (ਕੋਮਲ) ਧ, ਪ, ਧ ਮ ਰੇ(ਸ਼ੁਧ ਗੰਧਾਰ ਦੀ ਮੀਂਡ ਯੁਕਤ ਰਿਸ਼ਬ), ਨੀ (ਮੰਦਰ ਸਪਤਕ) ਸ ਹੈ।
ਵੀਹਵੀਂ ਸਦੀ ਦੇ ਸ਼ਬਦ ਕੀਰਤਨ ਰਚਨਾਕਾਰਾਂ ਨੇ ਇਸ ਰਾਗ ਅਧੀਨ ਅਨੇਕਾਂ ਸੁਰਲਿਪੀਬੱਧ ਰਚਨਾਵਾਂ ਕੀਤੀਆਂ ਜਿਨ੍ਹਾਂ ਵਿਚੋਂ ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ, ਪ੍ਰੋ. ਤਾਰਾ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪਿੰ੍ਰਸੀਪਲ ਦਿਆਲ ਸਿੰਘ, ਡਾ. ਗੁਰਨਾਮ ਸਿੰਘ (ਲੇਖਕ), ਜਸਵੰਤ ਸਿੰਘ ਤੀਬਰ, ਡਾ. ਜਾਗੀਰ ਸਿੰਘ, ਪ੍ਰੋ. ਪਰਮਜੋਤ ਸਿੰਘ, ਸ. ਹਰਮਿੰਦਰ ਸਿੰਘ, ਸ. ਰਘੁਵੀਰ ਸਿੰਘ ਦੇ ਨਾਮ ਪ੍ਰਮੁੱਖ ਹਨ।
ਸੋਰਠਿ ਰਾਗ ਨੂੰ ਭਾਈ ਅਵਤਾਰ ਸਿੰਘ, ਭਾਈ ਬਖਸ਼ਿਸ਼ ਸਿੰਘ, ਭਾਈ ਧਰਮ ਸਿੰਘ ਜ਼ਖਮੀ, ਭਾਈ ਬਲਬੀਰ ਸਿੰਘ, ਡਾ. ਗੁਰਨਾਮ ਸਿੰਘ (ਲੇਖਕ), ਭਾਈ ਨਿਰਮਲ ਸਿੰਘ, ਪ੍ਰੋ. ਸੁਰਿੰਦਰ ਸਿੰਘ ਯੂ.ਕੇ., ਡਾ. ਜਾਗੀਰ ਸਿੰਘ, ਭਾਈ ਪ੍ਰਿਤਪਾਲ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰੋ. ਕੁਲਵੰਤ ਸਿੰਘ ਚੰਦਨ, ਭਾਈ ਸਰਬਜੀਤ ਸਿੰਘ ਰੰਗੀਲਾ, ਭਾਈ ਦੇਵਿੰਦਰ ਸਿੰਘ, ਭਾਈ ਅਮਰਜੀਤ ਸਿੰਘ ਤਾਨ, ਭਾਈ ਤਰਲੋਚਨ ਸਿੰਘ, ਡਾ. ਨਿਵੇਦਿਤਾ ਸਿੰਘ, ਸ. ਅਲੰਕਾਰ ਸਿੰਘ, ਬੀਬੀ ਸੁਰਿੰਦਰ ਕੌਰ – ਬੀਬੀ ਅਜੀਤ ਕੌਰ, ਬੀਬੀ ਗੁਰਪ੍ਰੀਤ ਕੌਰ – ਬੀਬੀ ਕੀਰਤ ਕੌਰ ਨੇ ਬਾਖੂਬੀ ਗਾਇਆ ਹੈ। ਇਸ ਰਾਗ ਦੀਆਂ ਸ਼ਬਦ ਕੀਰਤਨ ਰਚਨਾਵਾਂ ਅਸੀਂ www.gurmatsangeetpup.com, www.sikhrelics.com, www.jawadditaksal.org, www.sikhsangeet.com, www.vismaadnaad.org, www.youtube.com ਵੈਬਸਾਈਟਜ਼ ‘ਤੇ ਸੁਣ ਸਕਦੇ ਹਾਂ।
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ