ਡਾ. ਗੁਰਨਾਮ ਸਿੰਘ
ਸੂਹੀ ਗੁਰਮਤਿ ਸੰਗੀਤ ਦਾ ਪ੍ਰਮੁੱਖ ਤੇ ਮਹੱਤਵਪੂਰਨ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਤਰਤੀਬ ਵਿਚ ਇਹ ਰਾਗ ਪੰਦਰਵੇਂ ਸਥਾਨ ਪੰਨਾ 728 ‘ਤੇ ਆਉਂਦਾ ਹੈ। ਭਾਰਤੀ ਸੰਗੀਤ ਦੇ ਅੰਤਰਗਤ ਰਾਗ ਸੂਹੀ ਇਕ ਅਪ੍ਰਚਲਿਤ ਰਾਗ ਹੇੈ ਜਿਸ ਦਾ ਵਰਨਣ ਭਾਰਤੀ ਸੰਗੀਤ ਗ੍ਰੰਥਾਂ ਵਿਚ ਉਪਲਬੱਧ ਨਹੀਂ ਹੈ। ਸ਼ਬਦ ਕੀਰਤਨ ਵਿਚ ਇਸ ਦਾ ਪ੍ਰਯੋਗ ਬਾਣੀ ਦੇ ਲੋਕ ਗਾਇਨ ਰੂਪਾਂ ਲਈ ਵਿਸ਼ੇਸ਼ ਰੂਪ ਵਿਚ ਕੀਤਾ ਗਿਆ ਹੈ। ਸਿੱਖ ਧਰਮ ਦੀਆਂ ਰਹੁ ਰੀਤਾਂ ਵਿਚ ਅਨੰਦ ਕਾਰਜ ਦੀ ਰਸਮ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਚਾਰ ਲਾਵਾਂ ਰਾਗ ਦਾ ਗਾਇਨ ਇਸੇ ਰਾਗ ਦੇ ਅੰਤਰਗਤ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਦੋ ਮਹੱਤਵਪੂਰਨ ਬਾਣੀ ਰਚਨਾਵਾਂ ‘ਕੁਚੱਜੀ’ ਅਤੇ ‘ਸੁਚੱਜੀ’ ਦੇ ਸਿਰਲੇਖ ਅਧੀਨ ਪੰਨਾ 762 ‘ਤੇ ਇਸੇ ਰਾਗ ਅਧੀਨ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦੇ ਅੰਤਰਗਤ ਰਾਗ ਸੂਹੀ ਕਾਫ਼ੀ ਅਤੇ ਸੂਹੀ ਲਲਿਤ ਨਾਮਕ ਦੋ ਹੋਰ ਮੌਲਿਕ ਤੇ ਵੱਖਰੇ ਰਾਗ ਪ੍ਰਾਪਤ ਹੁੰਦੇ ਹਨ। ਰਾਗ ਸੂਹੀ ਕਾਫ਼ੀ ਦੇ ਅੰਤਰਗਤ ਗੁਰੂ ਨਾਨਕ ਦੇਵ ਅਤੇ ਗੁਰੂ ਅਰਜਨ ਦੇਵ ਦੀ ਬਾਣੀ ਦਰਜ ਹੈ ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਸੂਹੀ ਲਲਿਤ ਅਧੀਨ ਤਿੰਨ ਸ਼ਬਦ ਦਰਜ ਹਨ।
ਸੂਹੀ ਰਾਗ ਦੇ ਅੰਤਰਗਤ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਹੈ ਜਿਸ ਦੇ ਅੰਤਰਗਤ ਇਸ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌ ਪਦੇ, ਦੋ ਅਸਟਪਦੀਆਂ, ਕੁਚੱਜੀ, ਸੁਚੱਜੀ; ਸ੍ਰੀ ਗੁਰੂ ਅਮਰਦਾਸ ਜੀ ਦੀਆਂ ਚਾਰ ਅਸਟਪਦੀਆਂ, ਸੱਤ ਛੰਤ ਤੇ ਵਾਰ; ਸ੍ਰੀ ਗੁਰੂ ਰਾਮਦਾਸ ਜੀ ਦੇ ਪੰਦਰਾਂ ਪਦੇ, ਦੋ ਅਸਟਪਦੀਆਂ, ਛੇ ਛੰਤ; ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਠਵੰਜਾ ਪਦੇ, ਪੰਜ ਅਸਟਪਦੀਆਂ, ਗਿਆਰਾਂ ਛੰਤ ਅਤੇ ਭਗਤ ਕਬੀਰ ਦੇ ਚਾਰ, ਭਗਤ ਰਵਿਦਾਸ ਦੇ ਤਿੰਨ, ਬਾਬਾ ਸ਼ੇਖ ਫਰੀਦ ਜੀ ਦਾ ਇਕ ਸ਼ਬਦ ਇਸ ਰਾਗ ਦੇ ਅੰਤਰਗਤ ਦਰਜ ਹੈ।
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਦਿਨ ਦੇ ਤੀਜੇ ਪਹਿਰ ਚਰਨ ਕਮਲ ਦੀ ਚੌਕੀ ਦਾ ਪ੍ਰਾਰੰਭ ਹੁੰਦਾ ਹੈ ਅਤੇ ਚਰਨ ਕਮਲ ਦੀਆਂ ਤਿੰਨ ਕੀਰਤਨ ਚੌਕੀਆਂ ਤੀਸਰੇ ਪਹਿਰ ਦੇ ਰਾਗਾਂ ਵਿਚ ਸ਼ਬਦ ਕੀਰਤਨ ਦੇ ਗਾਇਨ ਦੁਆਰਾ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਰਾਗ ਸੂਹੀ ਦਾ ਪ੍ਰਯੋਗ ਵਿਸ਼ੇਸ਼ ਹੈ। ਸਿੱਖ ਰਹੁਰੀਤਾਂ ਅਨੁਸਾਰ ਲੜਕੇ ਅਤੇ ਲੜਕੀ ਦੇ ਅਨੰਦ ਕਾਰਜ ਦੀ ਰਸਮ ਵੇਲੇ ਰਾਗੀ ਸਾਹਿਬਾਨ ਦੁਆਰਾ ਰਾਗ ਸੂਹੀ ਵਿਚ ਚਾਰ ਲਾਵਾਂ ਅਤੇ ਵਿਭਿੰਨ ਅਨੰਦ ਮੰਗਲ ਦੇ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ।
ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਉਲੇਖ ਪ੍ਰਾਪਤ ਨਹੀਂ ਹੁੰਦਾ। ਭਾਰਤੀ ਸੰਗੀਤ ਦੇ ਕੁਝ ਵਿਦਵਾਨ ਰਾਗ ਸੂਹੀ ਨੂੰ ਹੀ ਰਾਗ ਸੂਹੀ ਕਹਿੰਦੇ ਹਨ। ਗੁਰਮਤਿ ਸੰਗੀਤ ਪਰੰਪਰਾ ਵਿਚ ਰਾਗ ਸੂਹੀ ਹਿੰਦੁਸਤਾਨੀ ਸੰਗੀਤ ਵਿਚ ਪ੍ਰਚਲਿਤ ਰਾਗ ਸੂਹਾ ਤੋਂ ਭਿੰਨ ਮੰਨਿਆ ਜਾਂਦਾ ਹੈ। ਭਾਰਤੀ ਸੰਗੀਤ ਵਿਚ ਸੂਹੀ ਇਕ ਅਪ੍ਰਚਲਿਤ ਰਾਗ ਹੈ।
ਭਾਈ ਕਾਨ੍ਹ ਸਿੰਘ ਨਾਭਾ ਆਪਣੇ ਗ੍ਰੰਥ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਲਿਖਦੇ ਹਨ ਕਿ ਸੂਹੀ ਇਕ ਰਾਗਣੀ ਹੈ ਜਿਸ ਨੂੰ ਸੂਹਾ ਭੀ ਆਖਦੇ ਹਨ। ਇਹ ਕਾਫੀ ਠਾਠ ਦੀ ਸ਼ਾੜਵ ਰਾਗਿਣੀ ਹੈ। ਇਸ ਵਿਚ ਧੈਵਤ ਵਰਜਿਤ ਹੈ। ਗੰਧਾਰ, ਨਿਸ਼ਾਦ ਕੋਮਲ ਤੇ ਬਾਕੀ ਸੁਰ ਸ਼ੁੱਧ ਹਨ। ਵਾਦੀ ਮਧਿਅਮ ਤੇ ਸੰਵਾਦੀ ਸ਼ੜਜ ਹੈ। ਗਾਉਣ ਦਾ ਸਮਾਂ ਦੋ ਘੜੀ ਦਿਨ ਚੜ੍ਹੇ ਹੈ। ਇਸ ਵਿਆਖਿਆ ਤੋਂ ਉਪਰੰਤ ਉਨ੍ਹਾਂ ਨੇ ਆਰੋਹ ਅਵਰੋਹ ਇੰਜ ਬਿਆਨ ਕੀਤਾ ਹੈ: ਆਰੋਹ : ਸ਼ੜਜ ਰਿਸ਼ਭ ਗੰਧਾਰ (ਕੋਮਲ) ਮਧਿਅਮ ਪੰਚਮ ਨਿਸ਼ਾਦ (ਕੋਮਲ) ਸ਼ੜਮ (ਤਾਰ ਸਪਤਕ), ਅਵਰੋਹ: ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਮਧਿਅਮ ਪੰਚਮ, ਗ (ਕੋਮਲ) ਰਿਸ਼ਭ ਸ਼ੜਜ।
ਸੂਹੀ ਰਾਗ (ਥਾਟ ਕਾਫੀ) ਦਾ ਇਕ ਹੋਰ ਸਰੂਪ ਵੀ ਪ੍ਰਚਾਰ ਵਿਚ ਹੈ ਜਿਸ ਵਿਚ ਇਸ ਦੀ ਜਾਤੀ ਔੜਵ-ਸ਼ਾੜਵ ਹੈ, ਵਾਦੀ ਮਧਿਅਮ, ਸੰਵਾਦੀ ਸ਼ੜਜ ਹੈ। ਸਮਾਂ ਦਿਨ ਦਾ ਦੂਜਾ ਪਹਿਰ ਹੈ। ਸੁਰ ਗੰਧਾਰ, ਨਿਸ਼ਾਦ ਕੋਮਲ, ਵਰਜਿਤ ਸੁਰ ਧੈਵਤ, ਆਰੋਹ ਵਿਚ ਰਿਸ਼ਭ ਦਾ ਅਲਪ ਪ੍ਰਯੋਗ ਹੁੰਦਾ ਹੈ। ਇਸ ਦੇ ਸੁਰ ਨਿਸ਼ਾਦ (ਕੋਮਲ) ਪੰਚਮ, ਮਧਿਅਮ ਪੰਚਮ ਸ਼ੜਜ (ਤਾਰ ਸਪਤਕ), ਨਿਸ਼ਾਦ (ਕੋਮਲ) ਪੰਚਮ ਮਧਿਅਮ ਪੰਚਮ ਇਕ ਮਾਤਰਾ ਵਿਚ ਮਧਿਅਮ ਗੰਧਾਰ (ਕੋਮਲ) ਮਧਿਅਮ, ਰਿਸ਼ਭ ਸ਼ੜਜ।
ਗੁਰਮਤਿ ਸੰਗੀਤ ਆਚਾਰੀਆ ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ, ਗਿਆਨ ਸਿੰਘ ਐਬਟਾਬਾਦ, ਡਾ. ਗੁਰਨਾਮ ਸਿੰਘ, ਡਾ. ਜੀ.ਐਸ.ਮਨਸੁਖਾਨੀ, ਰਾਗ ਨਿਰਣਾਇਕ ਕਮੇਟੀ ਨੇ ਸੂਹੀ ਦਾ ਸਰੂਪ ਇਸ ਤਰ੍ਹਾਂ ਪ੍ਰਵਾਨ ਕੀਤਾ ਹੈ। ਰਾਗ ਸੂਹੀ ਬਿਲਾਵਲ ਥਾਟ ਤੋਂ ਉਤਪੰਨ ਰਾਗ ਹੈ, ਇਸ ਦੀ ਜਾਤੀ ਸੰਪੂਰਨ ਹੈ। ਇਸ ਵਿਚ ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ। ਇਸ ਦਾ ਵਾਦੀ ਸੁਰ ਪੰਚਮ, ਸੰਵਾਦੀ ਸੁਰ ਸ਼ੜਜ ਹੈ। ਆਰੋਹ : ਸ਼ੜਜ ਰਿਸ਼ਭ ਗੰਧਾਰ ਮਧਿਅਮ ਪੰਚਮ, ਨਿਸ਼ਾਦ ਧੈਵਤ ਨਿਸ਼ਾਦ ਸ਼ੜਜ ; ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਧੈਵਤ ਪੰਚਮ, ਮਧਿਅਮ ਗੰਧਾਰ, ਰਿਸ਼ਭ ਗੰਧਾਰ ਰਿਸ਼ਭ ਸ਼ੜਜ; ਮੁੱਖ ਅੰਗ : ਸ਼ੜਜ ਨਿਸ਼ਾਦ (ਮੰਦਰ ਸਪਤਕ) ਪੰਚਮ, ਮਧਿਅਮ ਗੰਧਾਰ ਰਿਸ਼ਭ ਗੰਧਾਰ, ਮਧਿਅਮ ਗੰਧਾਰ ਰਿਸ਼ਭ ਸ਼ੜਜ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੇ ਰਾਗ ਪ੍ਰਬੰਧ ਵਿਚ ਰਾਗ ਸੂਹੀ ਦੇ ਅਧੀਨ ਰਾਗ ਸੂਹੀ ਤੇ ਰਾਗ ਕਾਫੀ ਦੇ ਸੁਮੇਲ ਤੋਂ ਉਤਪੰਨ ਰਾਗ ਸੂਹੀ ਕਾਫ਼ੀ ਪੰਨਾ 751 ਉਪਰ ਅੰਕਿਤ ਹੈ। ਰਾਗ ਸੂਹੀ ਵਾਂਗ ਹੀ ਰਾਗ ਸੂਹੀ ਕਾਫ਼ੀ ਵੀ ਇਕ ਅਪ੍ਰਚਲਿਤ ਰਾਗ ਹੈ। ਜਿਸ ਦਾ ਉਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਭਾਰਤੀ ਸੰਗੀਤ ਦੇ ਹੋਰ ਕਿਸੇ ਗ੍ਰੰਥ ਵਿਚ ਨਹੀਂ ਮਿਲਦਾ। ਇਸ ਰਾਗ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪਦੇ ਅਤੇ ਅਸ਼ਟਪਦੀ ਸ਼ੈਲੀ ਵਿਚ ਅੰਕਿਤ ਹੈ।
ਸੂਹੀ ਰਾਗ ਦੇ ਤਿੰਨ ਸਰੂਪ ਪ੍ਰਚਾਰ ਨਵਿਚ ਹਨ, ਜੋ ਨਿਮਨਲਿਖਤ ਹਨ:
- ਰਾਗ ਸੂਹੀ ਕਾਫ਼ੀ ਦਾ ਪਹਿਲਾ ਸਰੂਪ ਥਾਟ ਕਾਫ਼ੀ ਦੇ ਅਧੀਨ ਮੰਨਿਆ ਜਾਂਦਾ ਹੈ। ਇਸ ਰਾਗ ਵਿਚ ਗੰਧਾਰ ਅਤੇ ਨਿਸ਼ਾਦ ਕੋਮਲ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ। ਧੈਵਤ ਸੁਰ ਵਰਜਿਤ ਹੈ। ਜਾਤੀ ਸ਼ਾੜਵ ਮੰਨੀ ਗਈ ਹੈ। ਵਾਦੀ ਮਧਿਅਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਸਰਾ ਪਹਿਰ ਹੈ। ਆਰੋਹ : ਸ਼ੜਜ ਰਿਸ਼ਭ ਗੰਧਾਰ (ਕੋਮਲ) ਮਧਿਅਮ, ਪੰਚਮ ਨਿਸ਼ਾਦ (ਕੋਮਲ) ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਪੰਚਮ ਮਧਿਅਮ ਗੰਧਾਰ (ਕੋਮਲ) ਰਿਸ਼ਭ ਸ਼ੜਜ; ਮੁੱਖ ਅੰਗ : ਨਿਸ਼ਾਦ (ਕੋਮਲ) ਪੰਚਮ, ਮਧਿਅਮ ਪੰਚਮ ਗੰਧਾਰ (ਕੋਮਲ), ਰਿਸ਼ਭ ਸ਼ੜਜ।
- ਇਸ ਰਾਗ ਸਰੂਪ ਦਾ ਥਾਟ ਕਾਫ਼ੀ ਹੈ। ਸੁਰ ਗੰਧਾਰ ਨਿਸ਼ਾਦ ਕੋਮਲ ਅਤੇ ਬਾਕੀ ਸ਼ੁੱਧ ਹਨ। ਆਰੋਹ ਵਿਚ ਧੈਵਤ ਵਰਜਿਤ ਹੈ। ਜਾਤੀ ਸ਼ਾੜਜ ਸੰਪੂਰਨ ਹੈ। ਇਸ ਦਾ ਵਾਦੀ ਸੁਰ ਮਧਿਅਮ ਤੇ ਸੰਵਾਦੀ ਸੁਰ ਸ਼ੜਜ ਹੈ। ਇਸ ਰਾਗ ਨੂੰ ਦਿਨ ਦੇ ਦੂਸਰੇ ਪਹਿਰ ਗਾਇਨ ਕੀਤਾ ਜਾਂਦਾ ਹੈ। ਆਰੋਹ : ਸ਼ੜਜ ਰਿਸ਼ਭ ਗੰਧਾਰ (ਕੋਮਲ), ਮਧਿਅਮ ਪੰਚਮ ਨਿਸ਼ਾਦ (ਕੋਮਲ) ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਧੈਵਤ ਪੰਚਮ, ਮਧਿਅਮ ਗੰਧਾਰ (ਕੋਮਲ), ਰਿਸ਼ਭ ਸ਼ੜਜ।
- ਰਾਗ ਨਿਰਣਾਇਕ ਕਮੇਟੀ ਨੇ ਇਸ ਰਾਗ ਦਾ ਨਿਮਨਲਿਖਤ ਸਰੂਪ ਪ੍ਰਵਾਨਿਆ ਹੈ:
ਰਾਗ ਸੂਹੀ ਕਾਫ਼ੀ ਨੂੰ ਥਾਟ ਕਾਫ਼ੀ ਦੇ ਅੰਤਰਗਤ ਮੰਨਿਆ ਜਾਂਦਾ ਹੈ। ਇਸ ਰਾਗ ਵਿਚ ਦੋਵੇਂ ਗੰਧਾਰ ਅਤੇ ਦੋਵੇਂ ਨਿਸ਼ਾਦ ਪ੍ਰਯੋਗ ਕੀਤੇ ਜਾਂਦੇ ਹਨ। ਵਰਜਿਤ ਸੁਰ ਕੋਈ ਨਹੀਂ ਹੈ। ਜਾਤੀ ਸੰਪੂਰਨ-ਸੰਪੂਰਨ ਹੈ। ਵਾਦੀ ਸੁਰ ਪੰਚਮ ਤੇ ਸੰਵਾਦੀ ਸੁਰ ਸ਼ੜਜ ਹੈ। ਇਸ ਰਾਗ ਨੂੰ ਦਿਨ ਦੇ ਦੂਸਰੇ ਪਹਿਰ ਵਿਚ ਗਾਇਨ ਕੀਤਾ ਜਾਂਦਾ ਹੈ। ਆਰੋਹ : ਸ਼ੜਜ ਰਿਸ਼ਭ ਗੰਧਾਰ ਮਧਿਅਮ ਪੰਚਮ, ਨਿਸ਼ਾਦ ਧੈਵਤ ਨਿਸ਼ਾਦ ਸ਼ੜਜ (ਤਾਰ ਸਪਤਕ); ਅਵਰੋਹ : ਸ਼ੜਜ (ਤਾਰ ਸਪਤਕ) ਨਿਸ਼ਾਦ (ਕੋਮਲ) ਧੈੜਤ ਪੰਚਮ, ਮਧਿਅਮ ਪੰਚਮ ਗੰਧਾਰ (ਕੋਮਲ) – ਰਿਸ਼ਭ ਸ਼ੜਜ; ਮੁੱਖ ਅੰਗ : ਸ਼ੜਜ ਰਿਸ਼ਭ ਗੰਧਾਰ ਮਧਿਅਮ ਪੰਚਮ, ਮਧਿਅਮ ਪੰਚਮ ਗੰਧਾਰ (ਕੋਮਲ) – ਰਿਸ਼ਭ, ਸ਼ੜਜ।ਸੂਹੀ ਕਾਫ਼ੀ ਤੋਂ ਇਲਾਵਾ ਸੂਹੀ ਤੇ ਲਲਿਤ ਦੇ ਸੁਰਾਤਮਕ ਸੁਮੇਲ ਤੋਂ ਇਕ ਹੋਰ ਰਾਗ ਸੂਹੀ ਲਲਿਤ ਅਧੀਨ ਭਗਤ ਕਬੀਰ ਅਤੇ ਸ਼ੇਖ ਫਰੀਦ ਦੀ ਬਾਣੀ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਤਿੰਨ ਵੱਖ-ਵੱਖ ਸਿਰਲੇਖਾਂ ਤਹਿਤ ਸੂਹੀ ਲਲਿਤ ਪ੍ਰਾਪਤ ਹੁੰਦਾ ਹੈ। ‘ਸੂਹੀ ਲਲਿਤ ਕਬੀਰ ਜੀਉ’, ‘ਸੂਹੀ ਕਬੀਰ ਜੀਉ ਲਲਿਤ’, ‘ਸੂਹੀ ਲਲਿਤ ਸ਼ੇਖ ਫਰੀਦ’। ਗੁਰਮਤਿ ਸੰਗੀਤ ਦੇ ਵਿਦਵਾਨਾਂ ਨੇ ਉਕਤ ਵੱਖ-ਵੱਖ ਸਿਰਲੇਖਾਂ ਨੂੰ ਆਪੋ-ਆਪਣੇ ਦ੍ਰਿਸ਼ਟੀਕੋਣ ਤੋਂ ਦੇਖਦਿਆਂ ‘ਸੂਹੀ ਲਲਿਤ ਕਬੀਰ ਜੀਉ’ ਸਿਰਲੇਖ ਤੋਂ ਇਸ ਰਾਗ ਨੂੰ ਸੂਹੀ ਰਾਗ ਦੇ ਪ੍ਰਵਾਹ ਅਧੀਨ ਲਲਿਤ ਨੂੰ ਸੁਤੰਤਰ ਰਾਗ ਵਜੋਂ ਪ੍ਰਵਾਨਿਤ ਕੀਤਾ ਹੈ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ‘ਤੇ ਲਲਿਤ ਰਾਗ ਦੇ ਅੰਤਰਗਤ ਸੂਹੀ ਲਲਿਤ ਨੂੰ ਇਕ ਰਾਗ ਵਜੋਂ ਸਵੀਕਾਰਿਆ ਗਿਆ ਹੈ। ਪਰੰਤੂ ਵਿਦਵਾਨਾਂ ਵਿਚ ਇਸ ਨੂੰ ਸੁਤੰਤਰ ਰਾਗ ਮੰਨਣ ਸਬੰਧੀ ਕਾਫੀ ਮਤਭੇਦ ਪਾਏ ਜਾਂਦੇ ਹਨ।ਇਕ ਮੱਤ ਅਨੁਸਾਰ ਸੂਹੀ ਲਲਿਤ ਨੂੰ ਸੂਹੀ ਦੇ ਇਕ ਪ੍ਰਕਾਰ ਵਜੋਂ ਅੰਕਿਤ ਕੀਤਾ ਗਿਆ ਹੈ ਅਤੇ ਦੂਸਰੇ ਮੱਤ ਅਨੁਸਾਰ ਰਾਗ ਸੂਹੀ ਅਧੀਨ ਲਲਿਤ ਨੂੰ ਸੁਤੰਤਰ ਰਾਗ ਵਜੋਂ ਅੰਕਿਤ ਕੀਤਾ ਗਿਆ ਹੈ। ਉਪਰੋਕਤ ਦੇ ਸੰਦਰਭ ਵਿਚ ਵੇਖੀਏ ਤਾਂ ਸੂਹੀ ਲਲਿਤ ਰਾਗ ਗੁਰਮਤਿ ਸੰਗੀਤ ਦਾ ਮੌਲਿਕ ਰਾਗ ਹੈ। ਸਮਕਾਲੀ ਗੁਰਮਤਿ ਸੰਗੀਤ ਵਿਚ ਇਸ ਰਾਗ ਦੇ ਦੋ ਸਰੂਪ ਗੁਰਮਤਿ ਸੰਗੀਤ ਆਚਾਰੀਆਂ ਅਤੇ ਸਿੱਖ ਕੀਰਤਨੀਆਂ ਵਿਚ ਪ੍ਰਚਲਿਤ ਰਹੇ ਹਨ। ਪਹਿਲੇ ਸਰੂਪ ਅਧੀਨ ਇਸ ਦੀ ਜਾਤੀ ਸੰਪੂਰਨ-ਵਕਰ ਸ਼ਾੜਵ ਮੰਨੀ ਗਈ ਹੈ। ਇਸ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸ਼ੜਜ ਮੰਨਿਆ ਗਿਆ ਹੈ। ਇਸ ਨੂੰ ਥਾਟ-ਉਪਥਾਟ ਪੱਧਤੀ ਅਧੀਨ ਪੁਰਵੀ ਬਿਲਾਵਲ ਉਪਥਾਟ ਦੇ ਅੰਤਰਗਤ ਰਖਿਆ ਗਿਆ ਹੈ। ਇਸ ਦਾ ਗਾਇਨ ਸਮਾਂ ਰਾਗ ਦਾ ਚੌਥਾ ਪਹਿਰ ਮੰਨਿਆ ਗਿਆ ਹੈ। ਇਸ ਦਾ ਸਰੂਪ ਸ਼ੜਜ ਨਿਸ਼ਾਦ ਗੰਧਾਰ, ਰਿਸ਼ਭ (ਕੋਮਲ) ਗੰਧਾਰ ਧੈਵਤ ਮਧਿਅਮ (ਤੀਵਰ) ਮਧਿਅਮ ਗੰਧਾਰ, ਰਿਸ਼ਭ (ਕੋਮਲ, ਤਾਰ ਸਪਤਕ) ਨਿਸ਼ਾਦ ਧੈਵਤ (ਕੋਮਲ) ਮਧਿਅਮ (ਤੀਵਰ) ਮਧਿਅਮ ਗੰਧਾਰ ਸੁਰਾਂ ਤੋਂ ਪ੍ਰਤੱਖ ਹੁੰਦਾ ਹੈ। ਦੂਸਰੇ ਸਰੂਪ ਅਧੀਨ ਇਸ ਰਾਗ ਦੀ ਜਾਤੀ ਸੰਪੂਰਨ-ਸ਼ਾੜਵ ਮੰਨੀ ਗਈ ਹੈ। ਇਸ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸੁਰ ਸ਼ੜਜ ਮੰਨਿਆ ਗਿਆ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ। ਇਸ ਦਾ ਸਰੂਪ ਪੰਚਮ ਨਿਸ਼ਾਦ ਧੈਵਤ, ਨਿਸ਼ਾਦ ਸ਼ੜਜ (ਤਾਰ ਸਪਤਕ) ਰਿਸ਼ਭ (ਤਾਰ ਸਪਤਕ) ਨਿਸ਼ਾਦ ਧੈਵਤ (ਕੋਮਲ) ਮਧਿਅਮ (ਤੀਵਰ) ਮਧਿਅਮ (ਸ਼ੁੱਧ) ਗੰਧਾਰ ਰਿਸ਼ਭ (ਕੋਮਲ) ਸ਼ੜਜ ਸੁਰਾਂ ਤੋਂ ਮੰਨਿਆ ਜਾਂਦਾ ਹੈ।
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ