ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਾਸਾਰ ਨੂੰ ਮੁੱਖ ਰੱਖ ਕੇ ਕੀਰਤਨ ਕਰਨ ਵਾਲੇ ਭਾਈ ਨਰਿੰਦਰ ਸਿੰਘ ਬਨਾਰਸ ਵਾਲੇ ਦਰਬਾਰ ਸਾਹਿਬ ਦੇ ਪ੍ਰਸਿੱਧ ਤੇ ਪ੍ਰਮੁੱਖ ਕੀਰਤਨਕਾਰ ਹਨ । ਭਾਈ ਸਾਹਿਬ ਦੀ ਪਹਿਚਾਣ ਬਨਾਰਸ ਵਾਲਿਆਂ ਤੋਂ ਇਲਾਵਾ ਤੰਤੀ ਸਾਜ਼ਾਂ ਵਿਚ ਕੀਰਤਨ ਕਰਨ ਵਾਲੇ ਰਾਗੀ ਵੱਜੋਂ ਵੀ ਕੀਤੀ ਜਾਂਦੀ ਹੈ । ਜਿਸ ਦਾ ਮੁੱਖ ਕਾਰਨ ਬਨਾਰਸ ਦੀ ਸੰਗਤ ਵੱਲੋਂ ਕੀਰਤਨ ਕਰਕੇ ਮਿਲਿਆ ਪ੍ਰੇਮ ਹੈ । ਭਾਈ ਸਾਹਿਬ ਨੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦੇ ਤੌਰ ਤੇ ਤਕਰੀਬਨ 26 ਸਾਲ ਤੱਕ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦੀ ਸੇਵਾ ਨਿਭਾਈ । ਇਸ ਸਮੇਂ ਦੌਰਾਨ ਭਾਈ ਸਾਹਿਬ ਨੇ ਗੁਰਮਤ ਸੰਗੀਤ ਦੀਆਂ ਵੱਖ – ਵੱਖ ਸ਼ੈਲੀਆਂ ਵਿਚ ਸ਼ਬਦ ਗਾਇਨ ਕੀਤੇ ਅਤੇ ਪੁਰਾਤਨ ਪਰੰਪਰਾ ਨੂੰ ਜੀਵਤ ਰੱਖਦੇ ਹੋਏ ਇਸ ਦਾ ਪ੍ਰਚਾਰ ਸਮੁੱਚੇ ਵਿਸ਼ਵ ਭਰ ਵਿਚ ਕੀਤਾ । ਭਾਈ ਸਾਹਿਬ ਨੇ ਦਰਬਾਰ ਸਾਹਿਬ ਕੀਰਤਨ ਕਰਨਾ ਉਸ ਸਮੇਂ ਤੋਂ ਸ਼ੁਰੂ ਕਰ ਦਿੱਤਾ ਸੀ, ਜਿਸ ਸਮੇਂ ਅਜੇ ਰੇਡੀਉ ਤੋਂ ਸਵੇਰੇ ਸ਼ਾਮ ਦਾ ਪ੍ਰਸਾਰਨ ਵੀ ਨਹੀਂ ਆਉਂਦਾ ਸੀ ।
ਹਜ਼ੂਰੀ ਰਾਗੀ ਦੇ ਤੌਰ ‘ ਤੇ ਭਾਈ ਸਾਹਿਬ 1993 ਈ. ਵਿਚ ਆਏ, ਪਰੰਤੂ ਇਸ ਤੋਂ ਪਹਿਲਾਂ ਭਾਈ ਸਾਹਿਬ ਦਰਬਾਰ ਸਾਹਿਬ ਵਿਚ ਨਿਸ਼ਕਾਮ ਹੀ ਕੀਰਤਨ ਦੀ ਹਾਜ਼ਰੀ ਭਰਦੇ ਰਹੇ । ਭਾਈ ਸਾਹਿਬ ਦਾ ਕੀਰਤਨ ਨਾਲ ਪ੍ਰੇਮ ਅਤੇ ਦਰਬਾਰ ਸਾਹਿਬ ਵਿਚ ਰਾਗਾਂ ਅਨੁਸਾਰ ਕੀਰਤਨ ਕਰਨ ਦਾ ਇਤਨਾ ਉਤਸ਼ਾਹ ਹੈ ਕਿ ਭਾਈ ਸਾਹਿਬ ਆਪਣੀ 2010 ਵਿਚ ਹੋਈ ਸੇਵਾ – ਮੁਕਤੀ ਤੋਂ ਬਾਅਦ ਵੀ ਹਰ ਮਹੀਨੇ ਕਦੇ – ਕਦੇ ਕੀਰਤਨ ਦੀ ਹਾਜ਼ਰੀ ਭਰਦੇ ਹਨ । ਭਾਈ ਨਰਿੰਦਰ ਸਿੰਘ ਜੀ ਇਕ ਅਜਿਹੇ ਸਿਖ ਪੰਥ ਦੇ ਕੀਰਤਨਕਾਰ ਹਨ, ਜਿਹਨਾਂ ਨੇ ਆਪਣੀ ਉਮਰ ਦੇ ਬੀਤੇ ਪਲਾਂ ਵਿਚ ਜਿੱਥੇ ਵੀ ਕੀਰਤਨ ਦੀ ਸੇਵਾ ਨਿਭਾਈ, ਉੱਥੇ ਉਹਨਾਂ ਨੇ ਹਮੇਸ਼ਾਂ ਰਾਗਾਂ ਅਨੁਸਾਰ ਜਾਂ ਪੁਰਾਤਨ ਰੀਤਾਂ ਅਨੁਸਾਰ ਹੀ ਕੀਰਤਨ ਕਰਨ ਨੂੰ ਪਹਿਲ ਦਿੱਤੀ ਹੈ । ਭਾਈ ਸਾਹਿਬ ਦਾ ਸਮੁੱਚਾ ਜੀਵਨ ਅਤੇ ਉਹਨਾਂ ਦੁਆਰਾ ਪਾਇਆ ਯੋਗਦਾਨ ਨਵੀਂ ਪੀੜੀ ਦੇ ਕੀਰਤਨਕਾਰਾਂ ਅਤੇ ਸੰਗੀਤ ਪ੍ਰੇਮੀਆਂ ਲਈ ਇਕ ਪ੍ਰੇਰਨਾ ਸਰੋਤ ਹੈ, ਜਿਸ ਤੋਂ ਕੋਈ ਵੀ ਲਾਭ ਉਠਾ ਸਕਦਾ ਹੈ । ਅਰੰਭਿਕ ਜੀਵਨ ਭਾਈ ਨਰਿੰਦਰ ਸਿੰਘ ਦਾ ਜਨਮ 12 ਜੂਨ 1949 ਈ. ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਮਾਈ ਵਿਖੇ ਹੋਇਆ । ਭਾਈ ਸਾਹਿਬ ਦੇ ਪਿਤਾ ਦਾ ਨਾਮ ਗਿਆਨੀ ਪੂਰਨ ਸਿੰਘ ਜੀ ਅਤੇ ਮਾਤਾ ਦਾ ਨਾਮ ਬੀਬੀ ਪੂਰਨ ਕੌਰ ਜੀ ਸੀ । ਭਾਈ ਸਾਹਿਬ ਦੇ ਪਿੰਡ ਨੂੰ ਬੱਗਾਪੁਰ – ਧਮਾਈ ਕਰਕੇ ਵੀ ਜਾਣਿਆ ਜਾਂਦਾ ਹੈ । ਭਾਈ ਨਰਿੰਦਰ ਸਿੰਘ ਦਾ ਇਕ ਪਰੰਪਰਿਕ ਕੀਰਤਨਕਾਰ ਦੇ ਰੂਪ ਵਿਚ ਹੋਣਾ, ਉਹਨਾਂ ਦੇ ਪਰਿਵਾਰਿਕ ਪਿਛੋਕੜ ਅਤੇ ਭਾਈ ਸਾਹਿਬ ਦੇ ਮਾਤਾ – ਪਿਤਾ ਦੇ ਸੰਸਕਾਰਾਂ ਉਪਰ ਨਿਰਧਾਰਿਤ ਕਰਦਾ ਹੈ । ਭਾਈ ਸਾਹਿਬ ਦੇ ਬਜ਼ੁਰਗਾਂ ਨਾਨਕਿਆਂ ਅਤੇ ਦਾਦਕਿਆਂ ਵਿਚ ਕੀਰਤਨ ਦੀ ਪਰੰਪਰਾ ਪੁਰਾਤਨ ਸਮੇਂ ਤੋਂ ਚਲਦੀ ਆ ਰਹੀ ਸੀ ਅਤੇ ਭਾਈ ਸਾਹਿਬ ਅਨੁਸਾਰ ਵੱਡ – ਵਡੇਰਿਆਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਸੀ ਕਿ ਭਾਈ ਸਾਹਿਬ ਦੇ ਪਰਿਵਾਰ ਵਿਚ ਕੀਰਤਨ ਕਈ ਪੀੜੀਆਂ ਤੱਕ ਚਲਦਾ ਰਹੇਗਾ । “ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ ਸਾਡੇ ਬਜ਼ੁਰਗਾਂ ਨੂੰ ਅਸ਼ੀਰਵਾਦ ਦੇਣਾ ਸੀ, ਇਸ ਕਰਕੇ ਹੀ ਉਹਨਾਂ ਤੋਂ ਕੀਰਤਨ ਸੁਣਕੇ ਬੜੇ ਖੁਸ਼ ਹੋਏ ਅਤੇ ਇਹ ਬਖਸ਼ਿਸ਼ ਕੀਤੀ ਕਿ ਕੀਰਤਨ ਤੁਹਾਡੀ ਪੀੜ੍ਹੀ ਵਿਚ ਰਹੇਗਾ ਅਤੇ ਕੀਰਤਨ ਬਖਸ਼ਿਸ਼ ਰੂਪ ਵਿਚ ਸਾਡੀ ਪੀੜ੍ਹੀ ਵਿਚ ਚਲ ਰਿਹਾ ਹੈ । ਭਾਈ ਸਾਹਿਬ ਦਾ ਪਰਿਵਾਰ ਰਾਮਗੜ੍ਹੀਆਂ ਵਿਚੋਂ ਹੈ ਅਤੇ ਇਹਨਾਂ ਦੇ ਬਜ਼ੁਰਗ ਪਹਿਲਾਂ ਕੀਰਤਨ ਵੀ ਕਰਦੇ ਰਹੇ ਪਰ ਨਾਲ ਦੇ ਨਾਲ ਉਹ ਸਾਜ਼ਾਂ ਨੂੰ ਤਿਆਰ ਕਰਨ ਦਾ ਕਿੱਤਾ ਵੀ ਕਰਦੇ ਰਹੇ । ਜਿਸ ਵਿਚ ਰਬਾਬ, ਤਾਊਸ, ਸਾਰੰਦਾ, ਅਤੇ ਸਿਤਾਰ ਸਾਜ਼ਾਂ ਨੂੰ ਤਿਆਰ ਕਰਦੇ ਸਨ । ਬਜ਼ੁਰਗਾਂ ਦਾ ਪਹਿਲਾਂ ਇਲਾਕਾ ਲਾਹੌਰ ਰਿਹਾ ਅਤੇ ਬਾਅਦ ਵਿਚ ਹਿਮਾਚਲ ਅਤੇ ਹੁਸ਼ਿਆਰਪੁਰ ਵੱਲ ਕਾਫੀ ਰਹੇ । ਭਾਈ ਸਾਹਿਬ ਦੇ ਪਿਤਾ ਗਿਆਨੀ ਪੂਰਨ ਸਿੰਘ ਇਕ ਵਿਦਵਾਨ ਅਤੇ ਸੰਗੀਤ ਦੀ ਕਲਾ ਪੱਖੋਂ ਸੂਝ ਰੱਖਣ ਵਾਲੇ ਸੁਰੀਲੇ ਕੀਰਤਨਕਾਰ ਢਾਡੀ ਅਤੇ ਟਕਸਾਲੀ ਪਾਠੀ ਵੀ ਰਹੇ । ਜਿਸ ਕਾਰਨ ਉਹਨਾਂ ਦਾ ਪ੍ਰਭਾਵ ਭਾਈ ਸਾਹਿਬ ਦੇ ਜੀਵਨ ਤੇ ਬਹੁਤ ਪਿਆ।
“ਮੇਰੇ ਪਿਤਾ ਜੀ ਟਕਸਾਲੀ ਪਾਠੀ ਵੀ ਸਨ ਤੇ ਕੀਰਤਨ ਵੀ ਬਹੁਤ ਵਧੀਆ ਕਰਦੇ ਸਨ, ਚੰਗੇ ਪਖਾਵਜੀ ਵੀ ਸਨ । ਚੰਗੇ – ਚੰਗੇ ਜਿਹੜੇ ਉਸ ਵੇਲੇ ਦੇ ਨਾਮਵਰ ਰਾਗੀ ਸਨ, ਕਿਉਂਕਿ ਮੈਨੂੰ ਯਾਦ ਹੈ ਉਸ ਵੇਲੇ ਮੈਂ ਛੋਟਾ ਜਿਹਾ ਹੁੰਦਾ ਸੀ ਅਤੇ ਸਾਡੇ ਮਿਹਨਪੁਰ ਦੇ ਇਕ ਸ਼ਕਤੀ ਰਾਮ ਜੀ ਸਨ ਅਤੇ ਉਹਨਾਂ ਦਾ ਲੜਕਾ ਕਿਸ਼ਨ ਸਿੰਘ ਢਾਡੀ ਹੁੰਦਾ ਸੀ । ਉਹ ਦਿਲਬਰ ਸਾਹਿਬ ਨਾਲ ਵੀ ਰਿਹਾ ਤੋਂ ਉਸ ਨੂੰ ਸੰਗੀਤ ਦਾ ਵੀ ਸ਼ੌਕ ਸੀ ਤੇ ਉਸ ਨੇ ਆ ਕੇ ਪਿਤਾ ਜੀ ਕੋਲੋਂ ਸਿਖਣਾ ਅਤੇ ਜਦੋਂ ਆਪਣੇ ਪਿਤਾ ਜੀ ਕੋਲੋਂ ਸਿੱਖੀਆਂ ਚੀਜ਼ਾਂ ਨਹੀਂ ਸੀ ਸਮਝ ਆਉਂਦੀਆਂ ਹੁੰਦੀਆਂ ਜਾਂ ਤਾਲ ਵਿਚ ਕਈ ਵਾਰ ਪੂਰੀਆਂ ਨਾ ਆਉਣੀਆਂ ਤਾਂ ਉਹ ਮੇਰੇ ਪਿਤਾ ਜੀ ਕੋਲ ਆ ਕੇ ਸਮਝਦੇ ਹੁੰਦੇ ਸਨ । ਭਾਈ ਨਰਿੰਦਰ ਸਿੰਘ ਜੀ ਦਾ ਛੋਟੀ ਉਮਰ ਤੋਂ ਹੀ ਬਾਣੀ ਨਾਲ ਬਹੁਤ ਪ੍ਰੇਮ ਸੀ ਅਤੇ ਉਹਨਾਂ ਦਾ ਬਚਪਨ ਕੇਵਲ ਖੇਡਾਂ ਤੱਕ ਹੀ ਸੀਮਿਤ ਨਹੀਂ ਸੀ, ਬਲਕਿ ਬਾਲ ਉਮਰੇ ਹੀ ਭਾਈ ਸਾਹਿਬ ਦੇ ਪਿਤਾ ਨੇ ਉਹਨਾਂ ਨੂੰ ਬਹੁਤ ਸਾਰੀਆਂ ਬਾਣੀਆਂ ਅਤੇ ਸ਼ਬਦ ਕੰਠ ਕਰਵਾ ਦਿੱਤੇ ਸਨ । “ਜਦੋਂ ਮੈਂ ਪਿਤਾ ਜੀ ਕੋਲ ਸੌਦਾ ਹੁੰਦਾ ਸੀ । ਤਾਂ ਪਿਤਾ ਜੀ ਨੇ ਜਦੋਂ ਉਠਣਾ ਤਾਂ ਉਹਨਾਂ ਨੇ ਸਵੇਰੇ ਉਠ ਕੇ ਪਹਿਲਾਂ ਬਾਣੀਆਂ ਪੜਾਉਣੀਆਂ, ਜਪੁ ਜੀ ਸਾਹਿਬ, ਜਾਪੁ ਸਾਹਿਬ, ਸਵੱਯੇ, ਚੌਪਈ ਸਾਹਿਬ ਅਤੇ ਅਨੰਦ ਸਾਹਿਬ । ਕਿਉਂਕਿ ਜਦੋਂ ਮੇਰੀ ਉਮਰ 4 ਕੁ ਸਾਲ ਦੀ ਸੀ ਤਾਂ ਉਸ ਸਮੇਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਬਾਣੀਆਂ ਪੜ੍ਹਦਾ ਹੁੰਦਾ ਸੀ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੇ ਪਿਤਾ ਜੀ ਨੇ ਮੈਨੂੰ ਉਸ ਸਮੇਂ ਨਿਤਨੇਮ ਦੀਆਂ ਜੋ ਸਾਰੀਆਂ ਬਾਣੀਆਂ ਸਨ, ਉਹ ਪੂਰੀ ਤਰ੍ਹਾਂ ਕੰਠ ਕਰਾ ਦਿੱਤੀਆਂ ਸਨ । ਭਾਈ ਨਰਿੰਦਰ ਸਿੰਘ ਜੀ ਦੇ ਪਰਿਵਾਰ ਵਿਚ ਇਕ ਭੈਣ ਅਤੇ ਇਕ ਭਰਾ ਸੀ । ਭਾਈ ਸਾਹਿਬ ਦਾ ਅਨੰਦ ਕਾਰਜ ਬੀਬੀ ਕੁਲਦੀਪ ਕੌਰ ਜੀ ਨਾਲ 1985 ਵਿਚ ਹੋਇਆ ਇਸ ਸਮੇਂ ਭਾਈ ਸਾਹਿਬ ਦੇ ਚਾਰ ਬੱਚੇ ਹਨ । ਜਿਹਨਾਂ ਵਿਚ ਸਾਰੇ ਹੀ ਕੀਰਤਨ ਕਰ ਲੈਂਦੇ ਹਨ ਅਤੇ ਪੜ੍ਹਾਈ ਕਰ ਰਹੇ ਹਨ । ਕੀਰਤਨ ਸਿਖਲਾਈ ਭਾਈ ਨਰਿੰਦਰ ਸਿੰਘ ਦੀ ਅਰੰਭਿਕ ਕੀਰਤਨ ਸਿਖਲਾਈ ਉਹਨਾਂ ਦੇ ਪਰਿਵਾਰ ਵਿਚੋਂ ਹੀ ਹੋਈ ਅਤੇ ਬਚਪਨ ਵਿਚ ਪਿਤਾ ਜੀ ਰਾਹੀਂ ਭਾਈ ਸਾਹਿਬ ਨੇ ਕੀਰਤਨ ਸਿੱਖ ਲਿਆ । ਭਾਈ ਸਾਹਿਬ ਨੂੰ ਪ੍ਰਾਇਮਰੀ ਜਮਾਤ ਦੌਰਾਨ ਹੀ ਬਹੁਤ ਸਾਰੇ ਸ਼ਬਦ ਆ ਚੁੱਕੇ ਸਨ । ਇਹ ਸਿਖਲਾਈ ਭਾਈ ਸਾਹਿਬ ਨੂੰ ਉਹਨਾਂ ਦੇ ਪਿਤਾ ਜੀ ਨੇ ਛੋਟੀ ਉਮਰੇ ਹੀ ਦੇਣੀ ਅਰੰਭ ਕਰ ਦਿੱਤੀ ਸੀ । “ਮੇਰੇ ਪਿਤਾ ਜੀ ਨੇ ਮੈਨੂੰ ਬਚਪਨ ਵਿਚ ਹੀ ਕਾਫੀ ਸ਼ਬਦ ਸਿਖਾ ਦਿੱਤੇ ਸੀ ਅਤੇ ਮੇਰੇ ਪਿਤਾ ਜੀ ਮੈਨੂੰ ਸਿਖਾਉਂਦੇ ਹੀ ਰਾਗਾਂ ਵਿਚ ਹੀ ਸੀ, ਨਾਲੇ ਉਸ ਸਮੇਂ ਦਾ ਕੁਝ ਝੁਕਾਉ ਵੀ ਰਾਗਾਂ ਵੱਲ ਸੀ ਵਧੇਰੇ । ਹੁਣ ਜਿੰਨਾ ਖੁੱਲ੍ਹਾ ਨਹੀਂ ਸੀ ਕੀਰਤਨ ਦਾ ਮਾਹੌਲ, ਜ਼ਿਆਦਾ ਰਾਗੀ ਰਾਗਾਂ ਨਾਲ ਹੀ ਕੀਰਤਨ ਕਰਦੇ ਸੀ । ਭਾਵੇਂ ਨਿਰਧਾਰਿਤ ਰਾਗਾਂ ਵਿਚ ਘੱਟ ਕਰਦੇ ਸੀ, ਪਰ ਕਰਦੇ ਰਾਗਾਂ ਵਿਚ ਸੀ । ਸਿਖਣ ਵਾਲੇ ਵੀ ਤਕਰੀਬਨ ਰਾਗਾਂ ਵਿਚ ਸਿੱਖਦੇ ਸੀ ਤੇ ਸਿਖਾਉਣ ਵਾਲੇ ਵੀ ਰਾਗਾਂ ਵਿਚ ਹੀ ਸਿਖਾਉਂਦੇ ਸੀ । ਇਸ ਤਰ੍ਹਾਂ ਮੈਨੂੰ ਮੇਰੇ ਮਾਤਾ – ਪਿਤਾ ਤੋਂ ਹੀ ਸੰਗੀਤ ਦੀ ਗੁੜਤੀ ਮਿਲੀ । ਕੇਵਲ ਦਾਦਕਿਆਂ ਦੇ ਪਰਿਵਾਰ ਵਿਚ ਹੀ ਨਹੀਂ, ਸਗੋਂ ਨਾਨਕਿਆਂ ਕੋਲ ਵੀ ਸੰਗੀਤ ਅਤੇ ਕੀਰਤਨ ਦਾ ਗਿਆਨ ਸੀ, ਜਿਸ ਸਦਕਾ ਭਾਈ ਸਾਹਿਬ ਨੂੰ ਦੋਹਾਂ ਤਰਫਾਂ ਤੋਂ ਗਿਆਨ ਹਾਸਿਲ ਹੋਇਆ । ਜੇਕਰ ਘਰੋਂ ਨਾਨਕੇ ਜਾਣਾ ਤਾਂ ਉੱਥੇ ਵੀ ਸੰਗੀਤਮਈ ਮਹੌਲ ਬਣਿਆ ਰਹਿੰਦਾ ਸੀ । ਨਾਨਾ ਜੀ ਜਿਸ ਸਮੇਂ ਕੀਰਤਨ ਦਰਬਾਰਾਂ ਵਿਚ ਜਾਂ ਰਾਗ ਦਰਬਾਰਾਂ ਵਿਚ ਹਾਜ਼ਰੀ ਭਰਨ ਜਾਂਦੇ ਸਨ ਤਾਂ ਭਾਈ ਨਰਿੰਦਰ ਸਿੰਘ ਨੂੰ ਵੀ ਨਾਲ ਹੀ ਲੈ ਜਾਂਦੇ ਸਨ । ਭਾਈ ਸਾਹਿਬ ਦੇ ਨਾਨਾ ਜੀ ਇਕ ਬਹੁਤ ਵਧੀਆ ਪਖਾਵਜੀ ਵੀ ਸਨ ਅਤੇ ਭਾਈ ਸਾਹਿਬ ਦੇ ਦੱਸਣ ਅਨੁਸਾਰ ਉਹਨਾਂ ਨੂੰ ਸੰਗੀਤ ਕਲਾ ਦਾ ਗੂੜ੍ਹ ਗਿਆਨ ਸੀ , ਜਿਸ ਕਾਰਨ ਉਹਨਾਂ ਦੀ ਸੰਗਤ ਭਾਈ ਸਾਹਿਬ ਨੂੰ ਬਚਪਨ ਵਿਚ ਬਹੁਤ ਮਿਲਦੀ ਰਹੀ ਅਤੇ ਉੱਥੇ ਭਾਈ ਸਾਹਿਬ ਸ਼ਬਦ ਦੀ ਹਾਜ਼ਰੀ ਵੀ ਲਗਾਉਂਦੇ ਸਨ । “ ਮੇਰੇ ਨਾਨਾ ਜੀ ਪਖਾਵਜ ਦੇ ਬਹੁਤ ਧਨੀ ਸਨ । ਪਹਿਲਾਂ ਵਿਆਹ ਦੇ ਸਮੇਂ ਬਰਾਤ ਦੋ – ਦੋ ਤਿੰਨ – ਤਿੰਨ ਦਿਨ ਰਹਿੰਦੀ ਸੀ । ਉਸ ਸਮੇਂ ਵਿਆਹ ਦੇ ਦੌਰਾਨ ਸਵੇਰੇ ਸ਼ਾਮ ਕੀਰਤਨ ਹੁੰਦਾ, ਦੁਪਹਿਰ ਸਮੇਂ ਪਾਠ ਵੀ ਯਾਦ ਹੁੰਦਾ ਅਕੀਦੇ ਅਨੁਸਾਰ, ਬਹੁਤ ਜਪ – ਤਪ ਹੁੰਦਾ ਤਾਂ ਕਿ ਵਿਆਹ ਦਾ ਕਾਰਜ ਵੀ ਪੂਰਾ ਹੋਵੇ । ਗੁਰੂ ਸਾਹਿਬ ਦਾ ਅਸ਼ੀਰਵਾਦ ਮਿਲੇ, ਇਸ ਗੱਲ ਨੂੰ ਮੁੱਖ ਰੱਖ ਕੇ ਕਰਦੇ ਹੁੰਦੇ ਸੀ । ਉਸ ਸਮੇਂ ਜਦੋਂ ਮੈਂ ਨਾਨਾ ਜੀ ਨਾਲ ਵਿਆਹ ਤੇ ਜਾਣਾ ਤਾਂ ਸ਼ਾਮ ਨੂੰ ਕੀਰਤਨ ਹੋਣਾ ਅਤੇ ਨਾਨਾ ਜੀ ਨੇ ਪਖਾਵਜ ਤੇ ਬੈਠਣਾ ਤਾਂ ਮੈਂ ਉੱਥੇ ਸ਼ਬਦ ਪੜਨਾ ।”
ਭਾਈ ਸਾਹਿਬ ਦੇ ਪਿਤਾ ਜੀ ਇਕ ਦੂਰ – ਅੰਦੇਸ਼ੀ ਵਿਅਕਤੀ ਵੀ ਸਨ , ਜਿਹਨਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਕੀਰਤਨ ਦੀ ਦਾਤ ਤਾਂ ਦਿੱਤੀ ਹੈ, ਪਰੰਤੂ ਨਾਲ ਦੇ ਨਾਲ ਸਕੂਲੀ ਪੜਾਈ ਲਈ ਵੀ ਪ੍ਰੇਰਦੇ ਰਹੇ । ਭਾਈ ਸਾਹਿਬ ਨੇ ਦਸਵੀਂ ਕਰਨ ਉਪਰੰਤ ਬਾਰਵੀਂ ਕਰਕੇ ਕਾਲਜ ਵਿਚ ਪੜਾਈ ਕੀਤੀ , ਪਰੰਤੂ ਭਾਈ ਸਾਹਿਬ ਨਾਲ ਨਾਲ ਆਪਣਾ ਅਭਿਆਸ ਵੀ ਕਰਦੇ ਰਹੇ । ਭਾਈ ਸਾਹਿਬ ਅਨੁਸਾਰ ਉਹਨਾਂ ਦੇ ਪਿਤਾ ਉਹਨਾਂ ਨੂੰ ਜ਼ਿੰਦਗੀ ਵਿਚ ਕਾਮਯਾਬੀ ਲਈ ਬਹੁਤ ਪ੍ਰੇਦੇ ਸਨ ਅਤੇ ਸਮੇਂ ਨੂੰ ਭਾਂਪ ਕੇ ਚੱਲਣ ਦੀ ਪ੍ਰੇਰਨਾ ਵੀ ਦਿੰਦੇ ਰਹਿੰਦੇ ਸਨ।ਪਿਤਾ ਜੀ ਨੇ ਕਿਹਾ ਹੁਣ ਮਾਡਰਨ ਯੁਗ ਹੈ, ਮਸ਼ੀਨਰੀ ਦਾ ਜ਼ਮਾਨਾ ਹੈ ਤੇ ਤੁਸੀਂ ਨਵੀਂ ਟਕਨਾਲੋਜੀ ਵਿਚ ਜਾਉ ਤਾਂ ਕਿ ਜ਼ਿੰਦਗੀ ਵਿਚ ਤੁਸੀਂ ਕਾਮਯਾਬ ਹੋ ਜਾਉ । ਫਿਰ ਮੈਂ ਇਕ ਡਿਗਰੀ ਆਉਂਦੀ ਹੈ ਅਲਾਇਡਟਰੇਡਸ ਦੀ, ਜਿਸ ਵਿਚ ਮਸ਼ੀਨਿੰਗ ਦਾ ਕੰਮ, ਡਰਿਲਿੰਗ ਦਾ ਕੰਮ ਆਦਿ ਆਉਂਦਾ ਹੈ ਹੋਰ ਕਈ ਪ੍ਰਕਾਰ ਨੇ ਉਸ ਦੇ, ਫਿਰ ਉਹ ਮੈਂ ਕੀਤਾ ਚਾਰ ਸਾਲ ਦਾ । ਕਿਉਂਕਿ ਲੁਧਿਆਣਾ ਟੈਕਨਾਲੋਜੀ ਦਾ ਸੈਂਟਰ ਹੈ , ਇਸ ਤੋਂ ਬਾਅਦ ਮੈਂ ਲੁਧਿਆਣੇ ਆ ਗਿਆ । ਲੁਧਿਆਣੇ ਫਿਰ ਮੈਂ ਕੰਮ ਵੀ ਕਰਦਾ ਰਿਹਾ ਤੇ ਨਾਲ ਪ੍ਰੋ. ਕਰਤਾਰ ਸਿੰਘ ਜੀ ਤੋਂ ਸਿੱਖਦਾ ਵੀ ਰਿਹਾ । ਮੇਰਾ ਪਿਤਾ ਜੀ ਤੋਂ ਕੁਨੈਕਸ਼ਨ ਟੁੱਟ ਗਿਆ ਸੀ ਲੁਧਿਆਣੇ ਆ ਕੇ , ਫਿਰ ਇੱਥੋਂ ਸਿਖਦਾ ਵੀ ਰਿਹਾ । ਇਹ ਸੰਨ 1976-77 ਦੀ ਗੱਲ ਏ ਤੇ ਉਦੋਂ ਤੋਂ ਹੁਣ ਤੱਕ ਮੈਂ ਪ੍ਰੋਫ਼ੈਸਰ ਕਰਤਾਰ ਸਿੰਘ ਜੀ ਤੋਂ ਸਿੱਖਦਾ ਹਾਂ । ਭਾਈ ਨਰਿੰਦਰ ਸਿੰਘ ਜੀ ਨੇ ਕੀਰਤਨ ਦੀ ਵਿਧੀ – ਪੂਰਕ ਸਿਖਿਆ ਪ੍ਰੋ. ਕਰਤਾਰ ਸਿੰਘ ਜੀ ਤੋਂ ਲੁਧਿਆਣੇ ਰਹਿੰਦਿਆਂ ਹਾਸਿਲ ਕੀਤੀ । ਪ੍ਰੋ. ਸਾਹਿਬ ਤੋਂ ਭਾਈ ਸਾਹਿਬ ਨੇ ਗੁਰਮਤਿ ਸੰਗੀਤ ਦੇ ਬਹੁਤ ਸਾਰੇ ਸ਼ੁੱਧ ਅਤੇ ਮਿਸ਼ਰਤ ਰਾਗਾਂ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਤਾਨਪੁਰੇ ਨਾਲ ਕੀਰਤਨ ਕਰਨ ਦੀ ਪਿਰਤ ਵੀ ਭਾਈ ਸਾਹਿਬ ਨੂੰ ਪ੍ਰੋ . ਸਾਹਿਬ ਤੋਂ ਪਈ ਅਤੇ ਉਸ ਤੋਂ ਬਾਅਦ ਭਾਈ ਸਾਹਿਬ ਨੇ ਤਾਨ ਤੇ ਕੀਰਤਨ ਕਰਨ ਦਾ ਆਪਣਾ ਪੱਕਾ ਨੇਮ ਹੀ ਬਣਾ ਲਿਆ । ਕੀਰਤਨ ਦੇ ਕਈ ਘਰਾਣੇਦਾਰ ਰਬਾਬੀ ਅੰਗ ਸਿੱਖਣ ਦਾ ਮੌਕਾ ਭਾਈ ਸਾਹਿਬ ਨੂੰ ਪੰਥ ਪ੍ਰਸਿੱਧ ਕੀਰਤਨੀਏ ਭਾਈ ਧਰਮ ਸਿੰਘ ਜ਼ਖਮੀ ਹੋਰਾਂ ਤੋਂ ਵੀ ਮਿਲਿਆ । ਭਾਈ ਸਾਹਿਬ ਦੇ ਪਿਤਾ ਜੀ ਦੀ ਮਿੱਤਰਤਾ ਭਾਈ ਧਰਮ ਸਿੰਘ ਜੀ ਨਾਲ ਕਾਫੀ ਸੀ ਅਤੇ ਉਹ ਚਾਹੁੰਦੇ ਸਨ ਕਿ ਕਿਸੇ ਵਿਦਵਾਨ ਕੀਰਤਨਕਾਰ ਦੀ ਸੰਗਤ ਵਿਚ ਆਪਣੇ ਪੁੱਤਰ ਨੂੰ ਰੱਖਿਆ ਜਾਵੇ, ਕਿਉਂਕਿ ਪੁਰਾਣੇ ਕੀਰਤਨਕਾਰਾਂ ਵਿਚ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਭਾਵੇਂ ਕਿੰਨਾ ਵੀ ਚਿਰ ਸੰਗੀਤ ਸਿਖ ਲਿਆ ਜਾਵੇ, ਪਰ ਜਿੰਨੀ ਦੇਰ ਕਿਸੇ ਯੋਗ ਉਸਤਾਦ ਗੁਰੂ ਦੀ ਸੰਗਤ ਵਿਚ ਰਹਿਣ ਦਾ ਮੌਕਾ ਨਹੀਂ ਮਿਲਦਾ, ਉਨੀ ਦੇਰ ਇਸ ਖੇਤਰ ਵਿਚ ਵਿਚਰਨ ਦਾ ਵਲ ਵੀ ਨਹੀਂ ਆਉਂਦਾ । ਭਾਈ ਹਰਜੋਤ ਸਿੰਘ ਜ਼ਖ਼ਮੀ ਵੀ ਇਸ ਬਾਰੇ ਆਪਣੇ ਵਿਚਾਰ ਦਿੰਦੇ ਹਨ।
ਚਾਹੀਦਾ ਹੈ ਅਤੇ ਸਿੱਖ ਕੇ ਫਿਰ ਕਿਸੇ ਚੰਗੇ ਜਥੇ ਨਾਲ 4-5 ਸਾਲ ਰਹੋ ਤਾਂ ਕਿ ਦੁਨੀਆਂ ਵਿਚ ਵਿਚਰਨਾ ਕਿਵੇਂ ਹੈ ? ਸਿੱਖ ਕੇ, ਜਥਾ ਬਣਾ ਕੇ ਤੁਰ ਪਉ , ਇਵੇਂ ਨਹੀਂ ਬਣਦੀ ਗੱਲ । ਕੀਰਤਨ ਦੇ ਖੇਤਰ ਦੀ ਸਮਝ ਆਉਣੀ ਵੀ ਜ਼ਰੂਰੀ ਹੈ । ”ਗਿਆਨੀ ਪੂਰਨ ਸਿੰਘ ਨੂੰ ਇਸ ਗੱਲ ਦਾ ਗਿਆਨ ਸੀ ਕਿ ਜਿੰਨੇ ਵਿਦਵਾਨ ਕੀਰਤਨਕਾਰ ਦੀ ਸੰਗਤ ਵਿਚ ਉਹਨਾਂ ਦਾ ਬੇਟਾ ਰਹੇਗਾ, ਸੰਗੀਤ ਵਿਚ ਉਸਦੀ ਪਕੜ ਵਧੇਰੇ ਹੋਏਗੀ । ਭਾਈ ਸਾਹਿਬ ਅਨੁਸਾਰ ਉਹਨਾਂ ਦੇ ਪਿਤਾ ਨੇ ਨਾਮਵਰ ਰਾਗੀ ਸਮਝਦੇ ਹੋਏ ਭਾਈ ਧਰਮ ਸਿੰਘ ਹੋਰਾਂ ਨਾਲ ਗੱਲ ਕੀਤੀ ਅਤੇ ਦਿੱਲੀ ਉਹਨਾਂ ਨਾਲ ਛੱਡ ਦਿੱਤਾ । ਭਾਈ ਨਰਿੰਦਰ ਸਿੰਘ ਭਾਈ ਧਰਮ ਸਿੰਘ ਜੀ ਨਾਲ ਵੀ ਕੁਝ ਸਮਾਂ ਫਿਰ ਕੀਰਤਨ ਸਿਖਦੇ ਅਤੇ ਕਰਦੇ ਰਹੇ । ਭਾਈ ਸਾਹਿਬ ਨੇ ਅਜਿਹੇ ਵਿਦਵਾਨ ਕੀਰਤਨਕਾਰਾਂ ਦੇ ਜੀਵਨ ਦੇ ਬਹੁਤ ਸਾਰੇ ਪੱਖ ਵੀ ਆਪਣੀ ਜੀਵਨੀ ਵਿਚ ਸਾਂਝੇ ਕੀਤੇ , ਜੋ ਕਿ ਇਕ ਕੀਰਤਨਕਾਰ ਨੂੰ ਗੁਰੂ ਦੇ ਆਸ਼ੇ ਅਨੁਕੂਲ ਕੀਰਤਨ ਵਿਚ ਪਰਪੱਕ ਬਣਾਉਣ ਲਈ ਸਹਾਇਕ ਹਨ । “ ਭਾਈ ਧਰਮ ਸਿੰਘ ਹੋਰਾਂ ਦੇ ਘਰ ਵੀ ਮੈਂ ਥੋੜੀ ਦੇਰ ਰਿਹਾ ਕਿ ਇਹ ਕਿਵੇਂ ਰਹਿੰਦੇ ਨੇ, ਕਿਵੇਂ ਵਿਚਰਦੇ ਨੇ । ਉਹ ਕਹਿੰਦੇ ਹੁੰਦੇ ਸੀ ਕਿ ਨਿਤਨੇਮ ਦਾ ਨਾਗਾ ਨਹੀਂ ਪਾਉਣਾ, ਸ਼ਬਦ ਪੜ੍ਹਦੇ ਰਹਿਣਾ, ਗੁਰਬਾਣੀ ਯਾਦ ਕਰਨੀ, ਇਸ ਤਰ੍ਹਾਂ ਦੀਆਂ ਕਈ ਗੱਲਾਂ ਉਹਨਾਂ ਤੋਂ ਮੈਂ ਸਿੱਖੀਆਂ ਵੀ ਸਨ । ਭਾਈ ਸਾਹਿਬ ਨੂੰ ਇਸ ਪ੍ਰਕਾਰ ਬਹੁਤ ਸਾਰੇ ਉਸਤਾਦਾਂ ਅਤੇ ਵਿਦਵਾਨ ਕੀਰਤਨਕਾਰਾਂ ਦੀ ਸੰਗਤ ਵਿਚ ਰਹਿ ਕੇ ਕੀਰਤਨ ਸਿੱਖਣ ਦਾ ਮੌਕਾ ਮਿਲਦਾ ਰਿਹਾ । ਭਾਈ ਸਾਹਿਬ ਦੇ ਸਮੇਂ ਦੌਰਾਨ ਹੋਰ ਵੀ ਬਹੁਤ ਸਾਰੇ ਕੀਰਤਨਕਾਰ, ਜੋ ਕਿ ਰਬਾਬੀਆਂ ਅਤੇ ਰਾਗੀਆਂ ਵਿਚੋਂ ਸਨ, ਵੱਖ – ਵੱਖ ਅਸਥਾਨਾਂ ਤੇ ਕੀਰਤਨ ਦੀ ਸੇਵਾ ਨਿਭਾ ਰਹੇ ਸਨ । ਇਹਨਾਂ ਦੇ ਕੀਰਤਨ ਬਾਰੇ ਭਾਈ ਸਾਹਿਬ ਅਪਣੇ ਵਿਚਾਰ ਦਿੰਦੇ ਹਨ । “ਉਸ ਸਮੇਂ ਭਾਈ ਅਮਰੀਕ ਸਿੰਘ, ਭਾਈ ਸ਼ੇਰ ਸਿੰਘ, ਇਹਨਾਂ ਨੂੰ ਬਾਣੀ ਬੜੀ ਯਾਦ ਸੀ । ਇਕ ਜੰਮੂ ਦੇ ਸੀ, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ, ਉਹ ਦਿਲਰੁਬਾ ਨਾਲ ਹੀ ਕੀਰਤਨ ਕਰਦੇ ਸੀ । ਇਕ ਭਾਈ ਮੁਨਸ਼ਾ ਸਿੰਘ ਸੀ ਮੋਗੇ ਦੇ, ਉਹ ਵੀ ਬਹੁਤ ਅੱਛਾ ਕੀਰਤਨ ਕਰਦੇ ਸੀ । ਭਾਈ ਬਹਾਦਰ ਸਿੰਘ ਸੀ, ਭਾਈ ਪਾਲ ਸਿੰਘ ਜੀ ਸੀ, ਜਿਹਨਾਂ ਨੂੰ ਭਾਈ ਜੱਸਾ ਭਾਈ ਪਾਲਾ ਕਹਿੰਦੇ ਹਨ । ਭਾਈ ਪਾਲ ਸਿੰਘ ਜੀ ਕਰਨਾਲ ਰਹਿੰਦੇ ਹੁੰਦੇ ਸੀ, ਮੈਂ ਉੱਥੇ ਕੀਰਤਨ ਵੀ ਕਰਦਾ ਰਿਹਾ ਨਾਲੇ ਉਹਨਾਂ ਨੂੰ ਸੁਣਦਾ ਵੀ ਸੀ, ਇਹ ਜਿਹੜੇ ਭਾਈ ਮੋਹਨਪਾਲ ਹਨ, ਉਹ ਇਹਨਾਂ ਦੇ ਹੀ ਲੜਕੇ ਹਨ । ਭਾਈ ਮੋਹਨਪਾਲ ਤੇ ਪਟਨੇ ਵਾਲੇ ਭਾਈ ਜੋਗਿੰਦਰ ਸਿੰਘ ਤੇ ਮਹਿੰਦਰ ਸਿੰਘ, ਜੋ ਕਿ ਬਹੁਤ ਅੱਛਾ ਕੀਰਤਨ ਕਰਦੇ ਸਨ, ਉਹ ਰਬਾਬੀ ਸਨ । ਇਹਨਾਂ ਨੂੰ ਪਟਨਾ ਸਾਹਿਬ ਵਾਲੇ ਕਹਿੰਦੇ ਸਨ ਤੇ ਰਬਾਬੀ ਢੰਗ ਨਾਲ ਕੀਰਤਨ ਕਰਦੇ ਸਨ । ਇਹਨਾਂ ਦਾ ਕੀਰਤਨ ਸੁਣਨ ਨੂੰ ਮਿਲਦਾ ਰਿਹਾ ।
ਕੀਰਤਨ ਸ਼ੈਲੀ ਦਰਬਾਰ ਸਾਹਿਬ ਦੇ ਵਰਤਮਾਨ ਕੀਰਤਨਕਾਰਾਂ ਵਿਚੋਂ ਭਾਈ ਨਰਿੰਦਰ ਸਿੰਘ ਜੀ ਦੇ ਕੀਰਤਨ ਵਿਚ ਰਾਗਾਂ ਦੇ ਸ਼ੁੱਧ ਸਰੂਪ ਅਨੁਸਾਰ ਗਾਇਨ ਪ੍ਰਤੱਖ ਸੁਣਨ ਨੂੰ ਮਿਲਦਾ ਹੈ । ਭਾਈ ਸਾਹਿਬ ਕੀਰਤਨ ਦੀ ਅਰੰਭਤਾ ਮੰਗਲਾਚਰਣ ਦੇ ਰੂਪ ਵਿਚ ਕਰਕੇ ਵੱਖ – ਵੱਖ ਸਮੇਂ ਦੇ ਰਾਗਾਂ ਵਿਚ ਸ਼ਬਦਾਂ ਦਾ ਗਾਇਨ ਕਰਦੇ ਹਨ । ਕੀਰਤਨ ਦੀ ਪੂਰੀ ਚੌਕੀ ਦੌਰਾਨ ਭਾਈ ਸਾਹਿਬ ਰੀਤਾਂ ਦਾ ਬਹੁਤ ਘੱਟ ਪ੍ਰਯੋਗ ਕਰਦੇ ਹਨ ਅਤੇ ਧਰੁਪਦ, ਖਿਆਲ, ਪੜਤਾਲ ਆਦਿ ਇਹਨਾਂ ਸ਼ੈਲੀਆਂ ਵਿਚ ਜ਼ਿਆਦਾਤਰ ਕੀਰਤਨ ਕਰਦੇ ਹਨ । ਭਾਈ ਸਾਹਿਬ ਨੂੰ ਬਾਣੀ ਬਹੁਤ ਕੰਠ ਹੈ ਅਤੇ ਉਹਨਾਂ ਦੇ ਬਾਰੇ ਇਹ ਖਿਆਲ ਵੀ ਸੰਗਤਾਂ ਵਿਚ ਬਹੁਤ ਚਰਚਿਤ ਹੁੰਦਾ ਹੈ ਕਿ ਜਿਸ ਸਮੇਂ ਭਾਈ ਸਾਹਿਬ ਬਿਲਾਵਲ ਦੀ ਚੌਂਕੀ ਕਰਦੇ ਹਨ ਤਾਂ ਜੋ ਹੁਕਮਨਾਮਾ ਸਾਹਿਬ ਦਰਬਾਰ ਸਾਹਿਬ ਦਾ ਆਉਂਦਾ ਹੈ, ਉਸੇ ਸ਼ਬਦ ਨੂੰ ਰਾਗ ਅਨੁਸਾਰ ਜਾਂ ਹਿੰਦੁਸਤਾਨੀ ਰਾਗ ਵਿਚ ਮੌਕੇ ਤੇ ਹੀ ਬੰਦਿਸ਼ ਬਣਾ ਕੇ ਗਾਇਨ ਕਰ ਸਕਦੇ ਹਨ । ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਰਚੀ ਬਾਣੀ ਅਨੁਸਾਰ ਅਤੇ ਰਾਗ ਮੁਕਤ ਜਾਂ ਹੋਰ ਬਾਣੀਆਂ ਨੂੰ ਬਾਹਰੀ ਸ਼ਾਸਤਰੀ ਰਾਗਾਂ ਵਿਚ ਗਾਇਨ ਕਰਨ ਦੇ ਹੱਕ ਵਿਚ ਹਨ । “ਜਿਹੜੇ ਸ਼ਬਦ ਨਿਰਧਾਰਿਤ ਰਾਗਾਂ ਵਿਚ ਹਨ, ਉਹਨਾਂ ਨੂੰ ਨਿਰਧਾਰਿਤ ਰਾਗਾਂ ਵਿਚ ਪੜ੍ਹ ਲਈਏ ਤੇ ਜੋ ਸ਼ਾਸਤਰੀ ਸੰਗੀਤ ਦੇ ਰਾਗ ਨੇ, ਉਹਨਾਂ ਵਿਚ ਵਾਰਾਂ ਦੇ ਵਧੀਕ ਸਲੋਕ , ਦਸਮ ਪਾਤਸ਼ਾਹ ਦੀ ਬਾਣੀ ਜਾਂ ਭਾਈ ਗੁਰਦਾਸ ਦੀਆਂ ਵਾਰਾਂ , ਇਸ ਤਰ੍ਹਾਂ ਅਸੀਂ ਪ੍ਰਯੋਗ ਕਰਦੇ ਹਾਂ । ਗੁਰਬਾਣੀ ਦੇ ਸ਼ਬਦ ਤੋਂ ਛੁੱਟ ਉਹਨਾਂ ਦੇ ਗਾਇਨ ਵਿਚ ਕੋਈ ਖ਼ਾਸ ਕਲਾਕਾਰੀ ਦਾ ਨਮੂਨਾ ਨਹੀਂ ਦੇਖਣ ਨੂੰ ਮਿਲਿਆ, ਪਰੰਤੂ ਰਾਗ ਦੀ ਸ਼ੁੱਧਤਾ ਤੇ ਸੰਖੇਪ ਵਿਚ ਵਿਸਥਾਰ ਭਾਈ ਸਾਹਿਬ ਆਪਣੇ ਕੀਰਤਨ ਦੌਰਾਨ ਕਰਦੇ ਹਨ । ਬਹੁਤ ਸਾਰੇ ਰਾਗ ਦਰਬਾਰਾਂ, ਕੀਰਤਨ ਦਰਬਾਰਾਂ ਅਤੇ ਸੰਗੀਤ ਸੰਮੇਲਨਾਂ ਤੇ ਸੰਗੀਤ ਉਤਸਵਾਂ ਵਿਚ ਰਾਗ ਅਧਾਰਿਤ ਕੀਰਤਨ ਕਰਨ ਲਈ ਭਾਈ ਸਾਹਿਬ ਦਾ ਜਥਾ ਪ੍ਰਮੁੱਖ ਰਿਹਾ ਹੈ ਅਤੇ ਇਹਨਾਂ ਕੀਰਤਨ ਸਮਾਗਮਾਂ ਵਿਚ ਭਾਈ ਸਾਹਿਬ ਹਮੇਸ਼ਾਂ ਤਾਨਪੁਰੇ ਨੂੰ ਹੀ ਪ੍ਰਧਾਨਤਾ ਦਿੰਦੇ ਰਹੇ ਹਨ ।
ਵਿਸ਼ੇਸ਼ ਸਨਮਾਨ ਭਾਈ ਨਰਿੰਦਰ ਸਿੰਘ ਜੀ ਨੂੰ ਵੱਖ – ਵੱਖ ਸੰਸਥਾਵਾਂ, ਯੂਨੀਵਰਸਿਟੀਆਂ, ਸੁਸਾਇਟੀਆਂ ਅਤੇ ਕੀਰਤਨ ਦਰਬਾਰਾਂ ਵਿਚੋਂ ਉਹਨਾਂ ਦੇ ਪਾਏ ਯੋਗਦਾਨ ਸਦਕਾ ਵਿਸ਼ੇਸ਼ ਸਨਮਾਨ ਹਾਸਿਲ ਹੋ ਚੁੱਕਾ ਹੈ । ਜਿਸ ਵਿਚ ਜਵੱਦੀ ਟਕਸਾਲ, ਸੰਗੀਤ ਨਾਟਕ ਅਕਾਦਮੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਹੁਤ ਸਾਰੀਆਂ ਮਨਾਈਆਂ ਜਾ ਚੁੱਕੀਆਂ ਸ਼ਤਾਬਦੀਆਂ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਕਈ ਵਿਦੇਸ਼ਾਂ ਵਿਚ ਵੀ ਸੰਗਤਾਂ ਦੇ ਬੁਲਾਵੇ ਤੇ ਭਾਈ ਸਾਹਿਬ ਗਏ ਹਨ । ਜਿਸ ਵਿਚ ਆਸਟਰੇਲੀਆ, ਵੈਨਕੂਅਰ ਅਤੇ ਅਮਰੀਕਾ ਆਦਿ ਦੇਸ਼ਾਂ ਦੀਆਂ ਸੰਗਤਾਂ ਨੇ ਵੀ ਭਾਈ ਸਾਹਿਬ ਨੂੰ ਸਨਮਾਨਿਤ ਕੀਤਾ ਹੈ । ਭਾਈ ਸਾਹਿਬ ਇਹਨਾਂ ਸਨਮਾਨਾਂ ਦੀ ਪ੍ਰਾਪਤੀ ਗੁਰੂ ਰਾਮਦਾਸ ਜੀ ਦੇ ਦਰਬਾਰ ਨੂੰ ਮੰਨਦੇ ਹਨ । ਭਾਈ ਸਾਹਿਬ ਦੇ ਜੀਵਨ ਵਿਚ ਅਤੀ ਨਿਮਰਤਾ ਅਤੇ ਸੇਵਾ ਭਾਵਨਾ ਦਾ ਵੀ ਇਕ ਉਤਮ ਗੁਣ ਦੇਖਣ ਨੂੰ ਮਿਲਦਾ ਹੈ ਅਤੇ ਕਈ – ਕਈ ਵਾਰ ਭਾਈ ਸਾਹਿਬ ਕੀਰਤਨ ਦੀ ਹਾਜ਼ਰੀ ਉਪਰੰਤ ਜੋੜਾ ਘਰ ਵਿਚ ਸੰਗਤਾਂ ਦੇ ਜੋੜਿਆਂ ਦੀ ਸੇਵਾ ਵੀ ਕਰ ਰਹੇ ਹੁੰਦੇ ਹਨ । ਅਜਿਹੀ ਨਿਮਰਤਾ ਅਤੇ ਸੇਵਾ ਦੇ ਪੁੰਨ ਨੇ ਹੀ ਭਾਈ ਸਾਹਿਬ ਨੂੰ ਰਾਗ ਵਿਦਿਆ ਅਤੇ ਕੀਰਤਨ ਦੀ ਇਕਾਗਰਤਾ ਵੱਲ ਹਮੇਸ਼ਾਂ ਕ੍ਰਿਤ ਰੱਖਿਆ ਹੈ । ਇਕ ਕੀਰਤਨਕਾਰ ਦੇ ਰੂਪ ਵਿਚ ਭਾਈ ਸਾਹਿਬ ਦਾ ਸਮੁੱਚਾ ਜੀਵਨ ਅਤੇ ਉਹਨਾਂ ਦੁਆਰਾ ਵਿਵਹਾਰਿਕ ਰੂਪ ਵਿਚ ਕੀਤਾ ਗਿਆ ਕਾਰਜ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇਗਾ ।
ਇਹ ਲੇਖ ਫੇਸਬੁਕ ਤੋਂ ਲਿਆ ਗਿਆ ਹੈ: