ਗੁਰਮਤਿ ਸੰਗੀਤ ਵਿਚ ਰਾਗ ਨਟ ਨਾਰਾਇਣ ਤੇ ਨਟ

*ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 31 ਮੁੱਖ ਰਾਗਾਂ ਦੀ ਤਰਤੀਬ ਅਧੀਨ ਨਟ ਰਾਗ ਨਾਰਾਇਣ ਨੂੰ ਉਨੀਵੇਂ ਸਥਾਨ ’ਤੇ ਰੱਖਿਆ ਗਿਆ ਹੈ। ਰਾਗ ਨਟ-ਨਾਰਾਇਣ ਭਾਰਤੀ ਸੰਗੀਤ ਦਾ ਪੁਰਾਤਨ ਤੇ ਅਪ੍ਰਚਲਿਤ ਰਾਗ ਹੈ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥ ਸੰਗੀਤ ਦਰਪਣ ਵਿਚ ਇਸ ਰਾਗ ਦਾ ਉਲੇਖ ਪ੍ਰਾਪਤ ਹੁੰਦਾ ਹੈ। ਭਾਰਤੀ ਸੰਗੀਤ ਵਿਚ ਮੱਧ ਕਾਲ ਵਿਚ ਪ੍ਰਚਲਿਤ ਰਾਗ-ਰਾਗਣੀ ਵਰਗੀਕਰਨ ਪੱਧਤੀ ਵਿਚ ਇਸ ਰਾਗ ਨੂੰ ਮੁੱਖ ਛੇ ਰਾਗਾਂ ਵਿਚ ਰੱਖਿਆ ਗਿਆ ਹੈ। ਰਾਗਾਰਾਣਵ ਮੱਤ ਵਿਚ ਇਸ ਨੂੰ ਨਟ ਰਾਗ ਦੀ ਰਾਗਣੀ ਮੰਨਿਆ ਗਿਆ ਹੈ ਅਤੇ ਭਰਤ ਮੱਤ ਵਿਚ ਇਸ ਰਾਗ ਨੂੰ ਦੀਪਕ ਰਾਗ ਦਾ ਪੁੱਤਰ ਮੰਨਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਮਾਲਾ ਦੇ ਅੰਤਰਗਤ ਨਟ-ਨਾਰਾਇਣ ਰਾਗ ਨੂੰ ਮੇਘ ਰਾਗ ਦਾ ਪੁੱਤਰ ਕਿਹਾ ਗਿਆ ਹੈ।

ਰਾਗ ਨਟ ਨਾਰਾਇਣ ਦੇ ਅੰਤਰਗਤ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਰਾਗ ਨਟ ਵੀ ਅੰਕਿਤ ਕੀਤਾ ਗਿਆ ਹੈ। ਇਸ ਰਾਗ ਦੇ ਸੰਯੋਗ ਤੋਂ ਭਾਰਤੀ ਸੰਗੀਤ ਵਿਚ ਕਈ ਰਾਗ ਪ੍ਰਕਾਰ ਹੋਂਦ ਵਿਚ ਆਏ ਜਿਵੇਂ ਨਟ ਕੇਦਾਰ, ਨਟ ਸਾਰੰਗ, ਨਟ ਮਲਾਰ, ਨਟ ਭੈਰਵ ਆਦਿ। ਨਟ ਦੇ ਇਹ ਪ੍ਰਕਾਰ ਮੱਧਕਾਲ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਪ੍ਰਚਲਿਤ ਹਨ ਜੋ ਕਿ ਨਟ ਦੇ ਪ੍ਰਕਾਰ ਹੁੰਦੇ ਹੋਏ ਵੀ ਵੱਖੋ-ਵੱਖਰੇ ਨਿਵੇਕਲੇ ਸਰੂਪ ਦੇ ਧਾਰਨੀ ਹਨ ਪਰੰਤੂ ਬਾਣੀ ਅੰਤਰਗਤ ਇਹਨਾਂ ਦਾ ਪ੍ਰਯੋਗ ਨਹੀਂ ਹੈ। ਗੁਰੂ ਕਾਲ ਦੇ ਸਮਕਾਲੀ ਭਾਰਤੀ ਸੰਗੀਤ ਗ੍ਰੰਥ ਸੰਗੀਤ ਦਰਪਣ ਵਿਚ ਇਸ ਰਾਗ ਦਾ ਉਲੇਖ ਮਿਲਦਾ ਹੈ। ਸਮਕਾਲੀ ਭਾਰਤੀ ਰਾਗ ਪਰੰਪਰਾ ਵਿਚ ਰਾਗ ਨਟ ਇਕ ਪ੍ਰਚਲਿਤ ਰਾਗ ਹੈ। ਭਾਰਤੀ ਸੰਗੀਤ ਦੇ ਵਿਭਿੰਨ ਗ੍ਰੰਥਾਂ ਵਿਚ ਇਸ ਰਾਗ ਦਾ ਉਲੇਖ ਮਿਲਦਾ ਹੈ। ਰਾਗ ਕੋਸ਼ ਅਤੇ ਰਾਗ ਵਿਆਕਰਣ ਇਸ ਰਾਗ ਦਾ ਸਰੂਪ ਅੰਕਿਤ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਵਿਚ ਰਾਗ ਨਟ ਨਾਰਾਇਣ ਨੂੰ ਉਨੀਵੇਂ ਸਥਾਨ ਤੇ ਰੱਖਿਆ ਗਿਆ ਹੈ ਜਿਸ ਦਾ ਆਰੰਭ ਪੰਨਾ 975 ਤੋਂ ਹੁੰਦਾ ਹੈ। ਇਸ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ ਦੇ ਇਕ ਪਦਾ ਤੇ ਪੜਤਾਲ; ਗੁਰੂ ਅਰਜਨ ਦੇਵ ਜੀ ਦੇ ਦੋ ਪਦੇ ਦਰਜ ਹਨ। ਜਦੋਂਕਿ ਨਟ ਰਾਗ ਦੇ ਅੰਤਰਗਤ ਗੁਰੂ ਰਾਮਦਾਸ ਜੀ ਦੇ ਪੰਜ ਪਦੇ, ਛੇ ਅਸ਼ਟਪਦੀਆਂ ਤੇ ਦੋ ਪੜਤਾਲਾਂ ਅਤੇ ਗੁਰੂ ਅਰਜਨ ਦੇਵ ਜੀ ਦੇ ਸਤ ਪਦੇ ਤੇ ਇਕ ਪੜਤਾਲ ਦਰਜ ਹੈ।

ਰਾਗ ਨਟ-ਨਾਰਾਇਣ ਦੇ ਖਮਾਜ ਥਾਟ ਸਰੂਪ ਸਬੰਧੀ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਆਚਾਰੀਆਂ ਦੇ ਵੱਖ-ਵੱਖ ਮੱਤ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਹ ਰਾਗ ਬਿਲਾਵਲ ਅਤੇ ਕਲਿਆਣ ਰਾਗ ਦੇ ਮਿਸ਼ਰਣ ਤੋਂ ਬਣਿਆ ਹੈ। ਇਸ ਦਾ ਥਾਟ ਖਮਾਜ ਹੈ ਅਤੇ ਇਸ ਵਿਚ ਵਾਦੀ ਰਿਸ਼ਭ, ਨਿਸ਼ਾਦ ਕੋਮਲ ਅਤੇ ਬਾਕੀ ਸੁਰ ਸ਼ੁੱਧ ਹੁੰਦੇ ਹਨ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਇਸ ਦਾ ਆਰੋਹ ਸ਼ੜਜ ਰਿਸ਼ਭ ਮਧਿਅਮ ਪੰਚਮ ਧੈਵਤ ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ) ਨੀ(ਕੋਮਲ) ਧੈਵਤ ਪੰਚਮ ਮਧਿਅਮ ਰਿਸ਼ਭ ਸ਼ੜਜ ਮੰਨਿਆ ਜਾਂਦਾ ਹੈ। ਮਹਾਨ ਵਿਦਵਾਨ ਪੰਡਤ ਅਹੋਬਲ ਨੇ ਇਸ ਰਾਗ ਦੇ ਅਵਰੋਹ ਵਿਚ ਗੰਧਾਰ ਸੁਰ ਵਰਜਿਤ ਕਰਕੇ ਇਸ ਨੂੰ ਸੰਪੂਰਨ ਸ਼ਾੜਵ ਜਾਤੀ ਦਾ ਰਾਗ ਮੰਨਿਆ ਹੈ।

ਨਟ ਨਾਰਾਇਣ ਰਾਗ ਨੂੰ ਬਿਲਾਵਲ ਥਾਟ ਦੇ ਅੰਤਰਗਤ ਮੰਨਦਿਆਂ ਵੀ ਇਸ ਦੇ ਸਰੂਪ ਅਤੇ ਚਲਨ ਵਿਚ ਵਿਦਵਾਨਾਂ ਨੇ ਭੇਦ ਮੰਨਿਆ ਹੈ। ਕੁਝ ਵਿਦਵਾਨ ਇਸ ਨੂੰ ਸ਼ਾੜਵ-ਵਕਰ ਸੰਪੂਰਨ ਜਾਤੀ ਦਾ ਰਾਗ ਅਤੇ ਕੁਝ ਸੰਪੂਰਨ ਔੜਵ ਜਾਤੀ ਦਾ ਰਾਗ ਮੰਨਦੇ ਹਨ। ਇਸੇ ਪ੍ਰਕਾਰ ਕੁਝ ਵਿਦਵਾਨਾਂ ਨੇ ਇਸ ਦਾ ਵਾਦੀ ਸੁਰ ਮਧਿਅਮ ਤੇ ਸੰਵਾਦੀ ਸੁਰ ਸ਼ੜਜ ਅਤੇ ਕੁਝ ਨੇ ਵਾਦੀ ਪੰਚਮ ਅਤੇ ਸੰਵਾਦੀ ਸੁਰ ਰਿਸ਼ਭ ਮੰਨਿਆ ਹੈ।

ਗੁਰਮਤਿ ਸੰਗੀਤ ਪਰੰਪਰਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦਾ ਸਰੂਪ ਨਿਰਧਾਰਿਤ ਕਰਨ ਵਾਲੀ ਰਾਗ ਨਿਰਣਾਇਕ ਕਮੇਟੀ ਨੇ ਨਿਮਨਲਿਖਤ ਸਰੂਪ ਨੂੰ ਸਵੀਕਾਰਿਆ ਹੈ, ਇਸ ਵਿਚ ਵਾਦੀ ਪੰਚਮ, ਸੰਵਾਦੀ ਰਿਸ਼ਭ ਨੂੰ ਮੰਨਿਆ ਹੈ। ਇਸ ਰਾਗ ਨੂੰ ਬਿਲਾਵਲ ਥਾਟ ਦੇ ਅੰਤਰਗਤ ਹੀ ਰੱਖਿਆ ਗਿਆ ਹੈ। ਨਟ-ਨਾਰਾਇਣ ਰਾਗ ਵਿਚ ਦੋਵੇਂ ਮਧਿਅਮ ਅਤੇ ਧੈਵਤ ਤੇ ਗੰਧਾਰ ਦਾ ਅਵਰੋਹ ਵਿਚ ਅਲਪ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੀ ਜਾਤੀ ਸੰਪੂਰਨ-ਸ਼ਾੜਵ ਮੰਨੀ ਗਈ ਹੈ। ਇਸ ਦੇ ਅਵਰੋਹ ਵਿਚ ਨਿਸ਼ਾਦ ਸੁਰ ਵਰਜਿਤ ਕੀਤਾ ਗਿਆ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਦੂਜਾ ਪਹਿਰ ਹੈ। ਇਸ ਆਰੋਹ ਸ਼ੜਜ ਮਧਿਅਮ ਗੰਧਾਰ ਮਧਿਅਮ ਰਿਸ਼ਭ, ਮਧਿਅਮ(ਤੀਵਰ) ਪੰਚਮ ਧੈਵਤ ਨਿਸ਼ਾਦ ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ) ਧੈਵਤ ਪੰਚਮ ਮਧਿਅਮ(ਤੀਵਰ) ਧੈਵਤ ਪੰਚਮ, ਗੰਧਾਰ ਮਧਿਅਮ ਰਿਸ਼ਭ ਸ਼ੜਜ ਮੰਨਿਆ ਹੈ।

ਰਾਗ ਨਟ ਨਾਰਾਇਣ ਦੇ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਪ੍ਰਬੰਧ ਵਿਚ ਨਟ ਰਾਗ ਇਕ ਪ੍ਰਕਾਰ ਵਜੋਂ ਅੰਕਿਤ ਹੈ। ਇਹ ਭਾਰਤੀ ਸੰਗੀਤ ਦਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਸੰਗੀਤਕਾਰ ਇਸ ਰਾਗ ਨੂੰ ਰਾਗਾਂਗ ਰਾਗ ਮੰਨਦੇ ਹਨ ਕਿਉਂਕਿ ਇਸ ਰਾਗ ਦੇ ਸੁਮੇਲ ਤੋਂ ਕਈ ਹੋਰ ਰਾਗ ਪ੍ਰਕਾਰ ਹੋਂਦ ਵਿਚ ਆਏ ਜਿਵੇਂ ਕਿ ਨਟ ਬਿਲਾਵਲ, ਛਾਇਆ ਨਟ, ਹਮੀਰ ਨਟ, ਕੇਦਾਰ ਨਟ ਆਦਿ।

ਆਧੁਨਿਕ ਰਾਗ ਥਾਟ ਵਰਗੀਕਰਣ ਪੱਧਤੀ ਅਨੁਸਾਰ ਵਿਦਵਾਨਾਂ ਨੇ ਰਾਗ ਨਟ ਦੀ ਰਚਨਾ ਬਿਲਾਵਲ ਥਾਟ ਦੇ ਅੰਤਰਗਤ ਮੰਨੀ ਹੈ। ਇਸ ਰਾਗ ਦੇ ਕਈ ਸਰੂਪ ਪ੍ਰਚਾਰ ਵਿਚ ਹਨ ਜੋ ਨਿਮਨਲਿਖਤ ਹਨ:

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਰਾਗ ਨਟ ਬਿਲਾਵਲ ਥਾਟ ਦਾ ਸੰਪੂਰਨ ਜਾਤੀ ਦਾ ਸ਼ਾੜਵ ਰਾਗ ਹੈ। ਇਸ ਦਾ ਵਾਦੀ ਮਧਿਅਮ ਅਤੇ ਰਿਸ਼ਭ ਸੰਵਾਦੀ ਹੈ। ਇਸ ਵਿਚ ਗੰਧਾਰ ਅਤੇ ਧੈਵਤ ਕੋਮਲ ਲਗਦੇ ਹਨ, ਗਾਉਣ ਦਾ ਸਮਾਂ ਦਿਨ ਦਾ ਚੌਥਾ ਪਹਿਰ ਹੈ।

ਰਾਗ ਨਟ ਦੇ ਇਕ ਪ੍ਰਕਾਰ ਨੂੰ ਕਾਫ਼ੀ ਥਾਟ ਦੇ ਅੰਤਰਗਤ ਮੰਨਦਿਆਂ ਹੋਇਆਂ ਇਸ ਦੀ ਜਾਤੀ ਸੰਪੂਰਨ-ਔੜਵ ਮੰਨੀ ਹੈ। ਇਸ ਰਾਗ ਦੇ ਅਵਰੋਹ ਵਿਚ ਗੰਧਾਰ ਅਤੇ ਧੈਵਤ ਵਰਜਿਤ ਕੀਤੇ ਜਾਂਦੇ ਹਨ। ਇਸ ਵਿਚ ਗੰਧਾਰ ਕੋਮਲ, ਅਤੇ ਦੋਵੇਂ ਨਿਸ਼ਾਦ ਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਇਸ ਦਾ ਗਾਇਨ ਸਮਾਂ ਰਾਤ ਦਾ ਦੂਸਰਾ ਪਹਿਰ ਹੈ।

ਦੱਖਣੀ ਭਾਰਤੀ ਸੰਗੀਤ ਪੱਧਤੀ ਵਿਚ ਰਾਗ ਨਟ ਵਿਚ ਗ੍ਰਹਿ, ਅੰਸ਼; ਨਿਆਸ ਸ਼ੜਜ ਹੈ। ਇਹ ਸੰਪੂਰਨ ਹੋ ਕੇ ਅੰਤਿਮ ਪਹਿਰ ਰਾਤ ਨੁੰ ਗਾਇਆ ਜਾਂਦਾ ਹੈ। ਇਸ ਮੱਤ ਅਨੁਸਾਰ ਇਹ ਰਾਗ ਬਿਲਾਵਲ ਥਾਟ ਤੋਂ ਉਤਪੰਨ ਹੈ। ਇਸ ਦੇ ਅਵਰੋਹ ਵਿਚ ਧੈਵਤ ਅਤੇ ਗੰਧਾਰ ਸੁਰ ਵਰਜਿਤ ਕੀਤੇ ਜਾਂਦੇ ਹਨ। ਇਸ ਦੀ ਜਾਤੀ ਸੰਪੂਰਨ-ਔੜਵ ਮੰਨੀ ਗਈ ਹੈ। ਇਸ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸੁਰ ਸ਼ੜਜ ਹੈ। ਇਸ ਦਾ ਗਾਇਨ ਸਮਾਂ ਰਾਤ ਦਾ ਦੂਜਾ ਪਹਿਰ ਹੈ।

ਰਾਗ ਨਿਰਣਾਇਕ ਕਮੇਟੀ ਦੁਆਰਾ ਗੁਰਮਤਿ ਸੰਗੀਤ ਵਿਚ ਰਾਗ ਨਟ ਨੂੰ ਬਿਲਾਵਲ ਥਾਟ ਦੇ ਅੰਤਰਗਤ ਰਖਿਆ ਗਿਆ ਹੈ। ਇਸ ਵਿਚ ਸਾਰੇ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਹਨ ਤੇ ਵਰਜਿਤ ਸੁਰ ਕੋਈ ਨਹੀਂ ਮੰਨਿਆ ਜਾਂਦਾ। ਇਸ ਲਈ ਇਸ ਦੀ ਜਾਤੀ ਸੰਪੂਰਨ-ਵਕਰ ਸੰਪੂਰਨ ਮੰਨੀ ਜਾਂਦੀ ਹੈ। ਇਸ ਦਾ ਵਾਦੀ ਸੁਰ ਮਧਿਅਮ ਅਤੇ ਸੰਵਾਦੀ ਸੁਰ ਸ਼ੜਜ ਹੈ। ਇਸ ਰਾਗ ਨੂੰ ਰਾਤ ਦੇ ਦੂਜੇ ਪਹਿਰ ਗਾਇਆ ਵਜਾਇਆ ਜਾਂਦਾ ਹੈ। ਇਸ ਦਾ ਆਰੋਹ ਸ਼ੜਜ ਗੰਧਾਰ ਮਧਿਅਮ, ਪੰਚਮ ਗੰਧਾਰ ਮਧਿਅਮ, ਰਿਸ਼ਭ ਗੰਧਾਰ ਮਧਿਅਮ ਧੈਵਤ, ਧੈਵਤ ਨਿਸ਼ਾਦ ਸ਼ੜਜ(ਤਾਰ ਸਪਤਕ) ਅਤੇ ਅਵਰੋਹ ਸ਼ੜਜ(ਤਾਰ ਸਪਤਕ) ਧੈਵਤ ਨਿਸ਼ਾਦ ਪੰਚਮ, ਮਧਿਅਮ ਗੰਧਾਰ, ਸ਼ੜਜ ਰਿਸ਼ਭ ਸ਼ੜਜ ਪ੍ਰਵਾਨਿਤ ਕੀਤਾ ਗਿਆ ਹੈ।

ਵੀਹਵੀਂ ਸਦੀ ਦੀਆਂ ਸਬਦ ਕੀਰਤਨ ਰਚਨਾਵਾਂ ਦੇ ਸੰਦਰਭ ਵਿਚ ਵਾਚੀਏ ਤਾਂ ਇਹਨਾਂ ਰਾਗਾਂ ਵਿਚ ਸ. ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਪ੍ਰੋ. ਤਾਰਾ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਪ੍ਰਿੰਸੀਪਲ ਦਿਆਲ ਸਿੰਘ, ਡਾ. ਜਗੀਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ (ਲੇਖਕ), ਉਸਤਾਦ ਸੁਰਜੀਤ ਸਿੰਘ, ਜਸਵੰਤ ਸਿੰਘ ਤੀਬਰ, ਪ੍ਰੋ. ਪਰਮਜੋਤ ਸਿੰਘ, ਸ. ਹਰਮਿੰਦਰ ਸਿੰਘ ਆਦਿ ਨੇ ਸੰਗੀਤਕਾਰਾਂ ਨੇ ਕੀਰਤਨ ਰਚਨਾਵਾਂ ਨੂੰ ਸੁਰਲਿਪੀ-ਬੱਧ ਕੀਤਾ।

ਉਕਤ ਰਾਗਾਂ ਨੂੰ ਗੁਰਮਤਿ ਸੰਗੀਤ ਪਰੰਪਰਾ ਦੇ ਸੰਗੀਤਕਾਰ ਤੇ ਕੀਰਤਨਕਾਰਾਂ ਨੇ ਆਪਣੇ-ਆਪਣੇ ਅੰਦਾਜ ਵਿੱਚ ਬਾਖੂਬੀ ਗਾਇਆ ਹੈ, ਜਿਹਨਾਂ ਦੀ ਰਿਕਾਰਡਿੰਗ ਅਸੀਂ www.gurmatsangeetpup.com,www.sikh-relics.com, www.vismaadnaad.org ਅਤੇ www.jawadditaksal.org ਵੈਬ ਸਾਈਟਸ ‘ਤੇ ਸੁਣ ਸਕਦੇ ਹਾਂ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਵਿਭਾਗ – ਗੁਰਮਤਿ ਸੰਗੀਤ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

Leave a Reply

Your email address will not be published. Required fields are marked *