*ਗੁਰਨਾਮ ਸਿੰਘ(ਡਾ.)
ਗੁਰਮਤਿ ਸੰਗੀਤ ਦੀ ਸਿਖਲਾਈ ਤੇ ਪ੍ਰਚਾਰ ਪ੍ਰਸਾਰ ਲਈ ਟਕਸਾਲਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਨ੍ਹਾਂ ਟਕਸਾਲਾਂ ਵਿਚ ਗੁਰ ਸ਼ਬਦ ਕੀਰਤਨ ਸਿੱਖਣ ਵਾਲੇ ਟਕਸਾਲੀ ਗਾਇਕ ਤੇ ਵਾਦਕਾਂ ਨੂੰ ਵਰ੍ਹਿਆਂ ਬੱਧੀ ਗੁਰਮਤਿ ਅਨੁਸਾਰੀ ਇਕ ਨਿਸ਼ਚਿਤ ਦਿਸ਼ਾ ਅਤੇ ਵਿਸ਼ੇਸ਼ ਗੁਰਮਤਿ ਸੰਗੀਤ ਪਾਠ ਸਮੱਗਰੀ ਦੁਆਰਾ ਸਿਖਲਾਈ ਤੇ ਸਾਧਨਾ ਕਰਵਾਈ ਜਾਂਦੀ ਹੈ। ਸੰਗੀਤ ਵਿਚ ਪ੍ਰਬੀਨਤਾ ਦੇ ਨਾਲ ਨਾਲ ਬਾਣੀ, ਬਾਣੇ ਅਤੇ ਗੁਰਸਿੱਖੀ ਜੀਵਨ ਵਾਲੇ ਆਦਰਸ਼ ਕੀਰਤਨੀਆਂ ਦੀ ਘਾੜਤ, ਇਨ੍ਹਾਂ ਟਕਸਾਲਾਂ ਵਿਚ ਹੀ ਘੜੀ ਜਾਂਦੀ ਰਹੀ ਹੈ।
ਸਿੱਖ ਧਰਮ ਵਿਚ ਪਹਿਲੀ ਟਕਸਾਲ ਦਾ ਆਰੰਭ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੋਂ ਹੋਇਆ ਜਿਨ੍ਹਾਂ ਤਲਵੰਡੀ ਸਾਬੋ ਦੀ ਪਾਵਨ ਧਰਤ ਉਤੇ ਨੌਵੇਂ ਗੁਰੂ ਤੇਗ ਬਹਾਦਰ ਦੀ ਪਾਵਨ ਬਾਣੀ ਸਮੇਤ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦਾ ਪੁਨਰ ਸੰਕਲਨ ਕੀਤਾ। ਇਸੇ ਸਥਾਨ ਤੇ ਆਪ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸੰਪੂਰਨ ਪਾਠ ਅਤੇ ਅਰਥ ਬੋਧ ਵੀ ਕਰਵਾਏ। ਟਕਸਾਲੀ ਵਿਦਿਆ ਦਾ ਪਹਿਲਾ ਪਾਠ ਗ੍ਰਹਿਣ ਕਰਨ ਵਾਲੇ ਪਹਿਲੇ 48 ਸਿੰਘ ਮੰਨੇ ਗਏੇ ਹਨ ਜਿਨ੍ਹਾਂ ਵਿਚ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਵੀ ਸ਼ਾਮਿਲ ਸਨ। ਤਲਵੰਡੀ ਸਾਬੋ ਦਾ ਇਹ ਸਥਾਨ ਗੁਰੂ ਕੀ ਕਾਸ਼ੀ (ਇਹ ਹੈ ਪ੍ਰਗਟ ਹਮਾਰੀ ਕਾਸ਼ੀ) ਵਜੋਂ ਪ੍ਰਸਿੱਧ ਹੋਇਆ ਜੋ ਵਰਤਮਾਨ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਜੋਂ ਸਥਾਪਤ ਹੈ। ਗੁਰਮੁਖੀ ਦੇ ਅੱਖਰ ਬੋਧ ਅਤੇ ਲਿਖਣ ਪਰੰਪਰਾ ਵਿਕਸਤ ਕਰਨ ਦਾ ਆਰੰਭ ਵੀ ਇਸੇ ਸਥਾਨ ਤੇ ਕੀਤਾ ਗਿਆ। ਬਾਣੀ ਬੋਧ ਤੋਂ ਇਲਾਵਾ ਸ਼ਬਦ ਕੀਰਤਨ ਪ੍ਰਣਾਲੀ ਵੀ ਗੁਰੂ ਗੋਬਿੰਦ ਸਿੰਘ ਦੁਆਰਾ ਸਥਾਪਿਤ ਇਸ ਟਕਸਾਲੀ ਪਰੰਪਰਾ ਦਾ ਹਿੱਸਾ ਸੀ। ਦਸਮ ਪਾਤਸ਼ਾਹ ਨੇ ਇਸ ਟਕਸਾਲੀ ਪਰੰਪਰਾ ਦੇ ਪ੍ਰਚਲਨ ਲਈ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਸਾਹਿਬ ਅਤੇ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਵਿਖੇ ਹੀ ਇਹ ਕਾਰਜ ਅਗਾਂਹ ਤੋਰਨ ਦੀ ਸੇਵਾ ਸੌਂਪੀ। ਇਨ੍ਹਾਂ ਦੋਵੇਂ ਮਹਾਪੁਰਖਾਂ ਨੇ ਵਰ੍ਹਿਆਂ ਬੱਧੀ ਗੁਰੂ ਘਰ ਵਿਚ ਰਹਿ ਕੇ ਸੇਵਾ, ਸਿਖਿਆ, ਸਿਮਰਨ ਦੁਆਰਾ ਗੁਰਸਿਖ ਗੁਰਮਤਿ ਸ਼ਖਸੀਅਤ ਗ੍ਰਹਿਣ ਕੀਤੀ ਜੋ ਇਨ੍ਹਾਂ ਦੋਵੇਂ ਮਹਾਪੁਰਖਾਂ ਦੇ ਯੋਗਦਾਨ ਤੋਂ ਪ੍ਰਤੱਖ ਹੈ।
ਦਮਦਮੀ ਟਕਸਾਲ ਦੇ ਹਵਾਲੇ ਅਨੁਸਾਰ ਇਸ ਟਕਸਾਲ ਦੀ ਸਥਾਪਨਾ 1706 ਈ. ਨੂੰ ਦਸਮ ਪਾਤਸ਼ਾਹ ਨੇ ਆਪ ਕੀਤੀ ਅਤੇ ਬਾਬਾ ਦੀਪ ਸਿੰਘ ਨੂੰ ਇਸ ਟਕਸਾਲ ਦਾ ਮੁਖੀ ਥਾਪਿਆ। ਬਾਬਾ ਦੀਪ ਸਿੰਘ ਜਿਥੇ ਸਿੱਖ ਕੌਮ ਦੇ ਨਾਮਵਰ ਜੋਧੇ ਸਨ ਤੇ ਜਿਨ੍ਹਾਂ ਦਾ ਨਾਮ ਸਿੱਖ ਇਤਿਹਾਸ ਦੇ ਸ਼ਹੀਦਾਂ ਵਿਚ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ। ਆਪ ਬਾਣੀ ਦੇ ਅਨੁਭਵੀ ਗਿਆਤਾ ਅਤੇ ਵਿਆਖਿਆਕਾਰ ਹੋਣ ਦੇ ਨਾਲ ਕੀਰਤਨੀਏ ਵੀ ਸਨ। ਇਸ ਕਰਕੇ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਤੋਂ ਦਮਦਮੀ ਟਕਸਾਲ ਦੁਆਰਾ ਬਾਣੀ ਬੋਧ, ਬਾਣੀ ਵਿਆਖਿਆ ਅਤੇ ਗੁਰਮਤਿ ਸੰਗੀਤ ਦੀ ਟਕਸਾਲੀ ਪਰੰਪਰਾ ਦਾ ਆਰੰਭ ਕੀਤਾ। ਬਾਬਾ ਦੀਪ ਸਿੰਘ ਤੋਂ ਬਾਅਦ ਦਮਦਮੀ ਟਕਸਾਲ ਦੇ ਅਗਲੇਰੇ ਮੁਖੀ ਬਾਬਾ ਗੁਰਬਖਸ਼ ਸਿੰਘ ਸ਼ਹੀਦ ਨੇ ਦਮਦਮੀ ਟਕਸਾਲ ਵਿਖੇ ਰਹਿੰਦਿਆਂ ਬਾਬਾ ਦੀਪ ਸਿੰਘ ਜੀ ਦੁਆਰਾ ਚਲਾਏ ਪ੍ਰਬੰਧ ਦੀ ਅਗਵਾਈ ਕੀਤੀ। ਉਪਰੰਤ ਸਮੇਂ ਸਮੇਂ ਇਸ ਟਕਸਾਲ ਦੇ ਮੁਖੀ ਭਾਈ ਸੂਰਤ ਸਿੰਘ, ਭਾਈ ਗੁਰਦਾਸ ਸਿੰਘ, ਭਾਈ ਸੰਤ ਸਿੰਘ, ਸੰਤ ਦਇਆ ਸਿੰਘ, ਗਿਆਨੀ ਭਗਵਾਨ ਸਿੰਘ, ਸੰਤ ਹਰਨਾਮ ਸਿੰਘ, ਬਾਬਾ ਬਿਸ਼ਨ ਸਿੰਘ, ਗਿ: ਸੁੰਦਰ ਸਿੰਘ, ਗਿ: ਗੁਰਬਚਨ ਸਿੰਘ, ਗਿ: ਕਰਤਾਰ ਸਿੰਘ ਖਾਲਸਾ, ਗਿ: ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਬਾਬਾ ਠਾਕੁਰ ਸਿੰਘ ਖਾਲਸਾ ਭਿੰਡਰਾਂਵਾਲੇ ਰਹੇ ਅਤੇ ਵਰਤਮਾਨ ਸਮੇਂ ਦਮਦਮੀ ਟਕਸਾਲ ਦਾ ਸਮੁੱਚਾ ਪ੍ਰਬੰਧ ਗਿ: ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਅਗਵਾਈ ਵਿਚ ਚਲ ਰਿਹਾ ਹੈ।
ਦਮਦਮੀ ਟਕਸਾਲ ਦੇ ਇਨ੍ਹਾਂ ਸਾਰੇ ਸਤਿਕਾਰਯੋਗ ਮੁਖੀਆਂ ਨੇ ਆਪੋ ਆਪਣੇ ਸਮੇਂ ਜਿਥੇ ਭਰਪੂਰ ਸਿੱਖੀ ਦਾ ਪ੍ਰਚਾਰ ਕੀਤਾ, ਉਥੇ ਵਿਸ਼ਵ ਪੱਧਰ ਉਤੇ ਗੁਰਮਤਿ ਦੇ ਵਿਆਖਿਆਕਾਰ ਅਤੇ ਕੀਰਤਨੀਏ ਵੀ ਤਿਆਰ ਕੀਤੇ। ਅਠਾਰਵੀਂ ਸਦੀ ਵਿਚ ਭਾਈ ਤਾਰਾ ਸਿੰਘ, ਭਾਈ ਗੁਰਮੁਖ ਸਿੰਘ ਸਮੇਂ-ਸਮੇਂ ਦਮਦਮੀ ਟਕਸਾਲ ਦੇ ਮੋਢੀਆਂ ਵਿਚ ਰਹੇ। ਜਦੋਂ ਕਿ ਉਨੀਵੀਂ ਸਦੀ ਵਿਚ ਸੰਤ ਗੁਰਬਚਨ ਸਿੰਘ ਭਿੰਡਰਾਂਵਾਲੇ ਮੁਖੀ ਥਾਪੇ ਗਏ। ਵਿਸ਼ੇਸ਼ ਰੂਪ ਵਿਚ ਕੀਰਤਨ ਦੇ ਪ੍ਰਚਾਰ ਹਿਤ ਖੁਦ ਕੀਰਤਨ ਕਰਦਿਆਂ ਸੰਤ ਗਿਆਨੀ ਸੁੰਦਰ ਸਿੰਘ ਖਾਲਸਾ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਪਰੰਤ ਸੰਤ ਕਰਤਾਰ ਸਿੰਘ ਜੀ ਨੇ ਇਸ ਟਕਸਾਲ ਵਿਚ ਉਚੇਚਾ ਧਿਆਨ ਦੇ ਕੇ ਸੰਗੀਤ ਦੀ ਸਿਖਲਾਈ ਦੁਆਰਾ ਇਸ ਟਕਸਾਲ ਵਿਚ ਵਡਮੁੱਲਾ ਯੋਗਦਾਨ ਪਾਇਆ।
ਦਮਦਮੀ ਟਕਸਾਲ ਦੀ ਸਿਖਲਾਈ ਪਰੰਪਰਾ ਵਿਚ ਵਿਦਿਆਰਥੀਆਂ ਨੂੰ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਰਹਿਣੀ-ਬਹਿਣੀ ਤੋਂ ਇਲਾਵਾ ਬਾਣੀ ਦਾ ਸਰਬਪੱਖੀ ਗਿਆਨ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਆਪਣੇ ਜੀਵਨ ਵਿਚ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਸੰਪੂਰਨ ਆਸਾ ਜੀ ਦੀ ਵਾਰ, ਸੰਧਿਆ ਸਮੇਂ ਸੋਦਰ ਤੋਂ ਇਲਾਵਾ ਨਿਤਾ ਪ੍ਰਤੀ ਕੀਰਤਨ ਸੁਣਨ ਉਤੇ ਵਿਸ਼ੇਸ਼ ਬਲ ਦਿਤਾ ਜਾਂਦਾ ਹੈ। ਦਮਦਮੀ ਟਕਸਾਲ ਦੀ ਸਿਖਲਾਈ ਵਿਚ ਬਾਣੀ ਦਾ ਸ਼ੁੱਧ ਉਚਾਰਨ, ਕੀਰਤਨ ਦੀ ਮਰਿਆਦਾ, ਰਾਗਾਤਮਕ ਕੀਰਤਨ ਅਤੇ ਵੱਖ-ਵੱਖ ਸਾਜ਼ਾਂ ਦਾ ਵਾਦਨ ਵਿਸ਼ੇਸ਼ ਸਥਾਨ ਰਖਦੇ ਹਨ।
ਗਿਆਨੀ ਕਰਤਾਰ ਸਿੰਘ ਖਾਲਸਾ ਨੇ ਗੁਰਮਤਿ ਸੰਗੀਤ ਵਿਚ ਵਿਸ਼ੇਸ਼ ਦਿਲਚਸਪੀ ਰਖਦਿਆਂ ਗੁਰਮਤਿ ਸੰਗੀਤ ਦੀ ਸਿਖਲਾਈ ਗ੍ਰਹਿਣ ਕਰਨ ਵਾਲੇ ਟਕਸਾਲੀ ਸਿਖਿਆਰਥੀਆਂ ਲਈ ਕੁਝ ਵਿਸ਼ੇਸ਼ ਸਿਧਾਂਤ ਸਥਾਪਿਤ ਕੀਤੇ। ਉਨ੍ਹਾਂ ਦਮਦਮੀ ਟਕਸਾਲ ਦੇ ਕੀਰਤਨ ਵਿਦਿਆਲੇ ਵਿਚ ਸਿਖਿਆ ਦੇਣ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਸੰਥਿਆ ਨੂੰ ਲਾਜ਼ਮੀ ਬਣਾਇਆ। ਇਸ ਤੋਂ ਇਲਾਵਾ ਉਨ੍ਹਾਂ ਹਰ ਕੀਰਤਨੀਏ ਲਈ ਗਾਇਨ ਕੀਤੇ ਜਾਣ ਵਾਲੇ ਸ਼ਬਦ ਜ਼ਬਾਨੀ ਕੰਠ ਕਰਨੇ ਵੀ ਲਾਜ਼ਮੀ ਕੀਤੇ। ਉਨ੍ਹਾਂ ਟਕਸਾਲ ਦੇ ਕੀਰਤਨੀਆਂ ਲਈ ਹਥੀਂ ਸੇਵਾ ਨੂੰ ਵੀ ਇਸ ਵਿਦਿਆ ਦਾ ਇਕ ਅੰਗ ਬਣਾਇਆ ਤਾਂ ਜੋ ਬਾਣੀ ਕੇਵਲ ਥੋਥਾ ਗਾਇਨ ਨਾ ਰਹਿ ਕੇ ਵਿਹਾਰਕ ਰੂਪ ਵਿਚ ਵਿਦਿਆਰਥੀਆਂ ਦੇ ਜੀਵਨ ਦਾ ਹਿੱਸਾ ਬਣੇ। ਮਹਾਪੁਰਖਾਂ ਵਲੋਂ ਕੀਰਤਨ ਭੇਟਾ ਦੇ ਸਬੰਧ ਵਿਚ ਮਾਇਆ ਦੇ ਲੋਭ ਦਾ ਤਿਆਗ ਵੀ ਇਕ ਟਕਸਾਲੀ ਨਿਯਮ ਸੀ ਜਿਸ ਨੇ “ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ॥ ਛੋਡਿ ਮਾਇਆ ਕੇ ਧੰਧ ਸੁਆਉ” ਦੀ ਵਿਚਾਰਧਾਰਾ ਉਤੇ ਪਹਿਰਾ ਦਿਤਾ। ਸਿਖਿਆਰਥੀਆਂ ਵਿਚ ਸ਼ਬਦ ਕੀਰਤਨ ਰਚਨਾਵਾਂ ਦਾ ਆਪਸੀ ਆਦਾਨ ਪ੍ਰਦਾਨ ਇਸ ਟਕਸਾਲ ਦਾ ਇਕ ਹੋਰ ਵਿਸ਼ੇਸ਼ ਨਿਯਮ ਹੈ।
ਦਮਦਮੀ ਟਕਸਾਲ ਦੇ ਪ੍ਰਮੁਖ ਕੀਰਤਨੀਏ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਕਾਰਜ ਕਰ ਰਹੇ ਹਨ। ਜਿਨ੍ਹਾਂ ਵਿਚੋਂ ਭਾਈ ਭਗਵਾਨ ਸਿੰਘ ਰਾਗੀ (ਸਪੁੱਤਰ ਗਿਆਨੀ ਗੁਰਬਚਨ ਸਿੰਘ ਖਾਲਸਾ), ਭਾਈ ਗੁਰਸ਼ਰਨ ਸਿੰਘ, ਭਾਈ ਮੁਖਤਿਆਰ ਸਿੰਘ ‘ਮੁਖੀ’, ਭਾਈ ਰਾਮ ਸਿੰਘ, ਭਾਈ ਕਾਰਜ ਸਿੰਘ ਕੈਰੋਂ, ਭਾਈ ਗੁਰਜੀਤ ਸਿੰਘ ਕੈਰੋਂ, ਭਾਈ ਸੁਖਵਿੰਦਰ ਸਿੰਘ, ਭਾਈ ਰਖਬੀਰ ਸਿੰਘ ਭੰਗਵਾਂ, ਭਾਈ ਸਤਿੰਦਰਬੀਰ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਗੁਰਕ੍ਰਿਪਾਲ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਮਹਿੰਦਰ ਸਿੰਘ ਫਰੀਦ, ਭਾਈ ਰਣਜੀਤ ਸਿੰਘ ਯੂ.ਐਸ.ਏ., ਭਾਈ ਮਲਕੀਤ ਸਿੰਘ ਯੂ.ਕੇ., ਸਰਵਣ ਸਿੰਘ ਤੇ ਬਲਬੀਰ ਸਿੰਘ(ਬਰਿੰਘਮ, ਯੂ. ਕੇ.) ਭਾਈ ਬੱਗਾ ਸਿੰਘ ਰਾਗੀ, ਭਾਈ ਹਰਜੀਤ ਸਿੰਘ ਕੋਟਾ, ਭਾਈ ਪ੍ਰਿਥੀਪਾਲ ਸਿੰਘ, ਭਾਈ ਮਹਿਤਾਬ ਸਿੰਘ, ਬਾਈ ਦਿਲਬਾਗ ਸਿੰਘ, ਰਾਗੀ ਗੁਰਦੀਪ ਸਿੰਘ ‘ਕਵੀਸ਼ਰ’, ਭਾਈ ਮੱਖਣ ਸਿੰਘ, ਭਾਈ ਸੂਬਾ ਸਿੰਘ, ਭਾਈ ਦਲਜੀਤ ਸਿੰਘ ਲਹਿਣਾ, ਭਾਈ ਬਲਜੀਤ ਸਿੰਘ ਗੁਪਾਲਾ, ਭਾਈ ਸਰਵਣ ਸਿੰਘ, ਭਾਈ ਤਾਰ ਬਲਬੀਰ ਸਿੰਘ, ਭਾਈ ਹਰਪ੍ਰੀਤ ਸਿੰਘ ਆਦਿ ਵਿਸ਼ੇਸ਼ ਹਨ। (ਇਸ ਛੋਟੇ ਜਿਹੇ ਲੇਖ ਵਿਚ ਸਾਰੇ ਕੀਰਤਨੀਆਂ ਦੇ ਨਾਮ ਦੇਣੇ ਅਸੰਭਵ ਹਨ, ਇਸ ਲਈ ਵੱਖਰੇ ਤੌਰ ਤੇ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇਗੀ)
ਦਮਦਮੀ ਟਕਸਾਲ ਵਿਚ ਜਿਨ੍ਹਾਂ ਵਿਦਵਾਨ ਉਸਤਾਦ ਕੀਰਤਨੀਆਂ ਨੇ ਸੇਵਾ ਨਿਭਾਈ, ਉਨ੍ਹਾਂ ਵਿਚੋਂ ਭਾਈ ਸੋਹਣ ਸਿੰਘ (ਝਿੱਕਾ ਜਿਲ੍ਹਾ ਹੁਸ਼ਿਆਰਪੁਰ), ਭਾਈ ਬਲਦੇਵ ਸਿੰਘ (ਅੰਮ੍ਰਿਤਸਰ), ਉਸਤਾਦ ਜਸਵੰਤ ਸਿੰਘ ਤੀਬਰ (ਕੁਲਾਰ), ਭਾਈ ਪ੍ਰੀਤਮ ਸਿੰਘ ਜ਼ਖਮੀ, ਉਸਤਾਦ ਪੂਰਨ ਸਿੰਘ (ਕੁਹਾੜਕਾ) ਤੋਂ ਇਲਾਵਾ ਭਾਈ ਕੁਲਬੀਰ ਸਿੰਘ, ਭਾਈ ਜਸਬੀਰ ਸਿੰਘ ਅਤੇ ਵਰਤਮਾਨ ਸਮੇਂ ਭਾਈ ਜਸਪਾਲ ਸਿੰਘ ਜਵੱਦੀ ਸਿਖਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਤਾਲੀਮ ਦੇ ਰਹੇ ਹਨ।
ਗੁਰਮਤਿ ਸੰਗੀਤ ਦੇ ਖੇਤਰ ਵਿਚ ਦਮਦਮੀ ਟਕਸਾਲ ਦੀ ਇਕ ਹੋਰ ਪ੍ਰਾਪਤੀ ਉਸਤਾਦ ਜਸਵੰਤ ਸਿੰਘ ਦੀ ਪੁਰਾਤਨ ਰੀਤਾਂ ਤੇ ਅਧਾਰਿਤ ਪੁਸਤਕ ‘ਸੰਗੀਤ ਸਾਗਰ’ ਦੀ ਪੁਨਰ ਪ੍ਰਕਾਸ਼ਨਾ ਹੈ। ਇਸ ਪੁਸਤਕ ਦੇ ਸੰਪਾਦਕ ਗਿਆਨੀ ਜਤਿੰਦਰ ਸਿੰਘ ਹਨ। ਇਸ ਪੁਸਤਕ ਵਿਚ 109 ਰਾਗਾਂ ਵਿਚ 440 ਗੁਰਮਤਿ ਸੰਗੀਤ ਰਚਨਾਵਾਂ ਦਾ ਸੁਰਲਿਪੀਬੱਧ ਉਲੇਖ ਕੀਤਾ ਗਿਆ ਹੈ। ਭਾਈ ਜਸਵੰਤ ਸਿੰਘ ਤੀਬਰ ਰਾਗਦਾਰੀ ਤੋਂ ਇਲਾਵਾ ਤੰਤੀ ਸਾਜ਼ਾਂ ਦੇ ਮਾਹਿਰ ਉਸਤਾਦ ਸਨ ਜਿਨ੍ਹਾਂ ਨੇ ਵੱਖ-ਵੱਖ ਟਕਸਾਲਾਂ ਤੇ ਵਿਦਿਆਲਿਆਂ ਵਿਚ ਸੰਗੀਤ ਸਿਖਿਆ ਦਿਤੀ। ਆਪ ਦੇ ਅਨੇਕ ਸ਼ਾਗਿਰਦ ਦੇਸ਼ ਵਿਦੇਸ਼ਾਂ ਵਿਚ ਕਾਰਜ ਕਰ ਰਹੇ ਹਨ। ਟਕਸਾਲੀ ਵਿਦਿਆ ਦੇਣ ਲਈ ਪੰਥ ਵਿਚ ਬੁਨਿਆਦੀ ਤੌਰ ਤੇ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਦੀਆਂ ਦੋ ਟਕਸਾਲਾਂ ਹੀ ਮੁਖ ਰਹੀਆਂ ਹਨ। ਦਮਦਮੀ ਟਕਸਾਲ ਵਲੋਂ ਪ੍ਰਕਾਸ਼ਤ ਪੁਸਤਕ ‘ਸੰਗੀਤ ਸਾਗਰ’ ਵਿਚ ਕੀਰਤਨ ਦੀ ਦੌਧਰ ਟਕਸਾਲ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਦਮਦਮੀ ਟਕਸਾਲ ਵਲੋਂ ਸਮੇਂ ਸਮੇਂ ਹੋਰ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਰਾਗਾਤਮਕ ਕੀਰਤਨ ਦਰਬਾਰ ਵੀ ਆਯੋਜਿਤ ਕੀਤੇ ਜਾਂਦੇ ਹਨ। ਬਾਬਾ ਠਾਕੁਰ ਸਿੰਘ ਨੇ ਇਕ ਲਿਖਤ ਵਿਚ ਗੁਰਬਾਣੀ ਦੇ ਰਾਗਾਂ ਦੀ ਖੋਜ ਨੂੰ ਉਤਸ਼ਾਹਿਤ ਕਰਨ ਤੇ ਬੱਲ ਦਿਤਾ। ਉਨ੍ਹਾਂ ਬਾਬਾ ਸੁੱਚਾ ਸਿੰਘ, ਜਵੱਦੀ ਟਕਸਾਲ ਦੇ ਗੁਰਮਤਿ ਸੰਗੀਤ ਸਬੰਧੀ ਯਤਨਾਂ ਨੂੰ ਪੂਰਨ ਮਾਨਤਾ ਦਿਤੀ ਅਤੇ ਰਾਗਮਈ ਗੁਰਬਾਣੀ ਕੀਰਤਨ ਸਮਾਗਮ ਕਰਵਾਉਣ ਨੂੰ ਸਮੇਂ ਦੀ ਲੋੜ ਦਸਿਆ ਤਾਂ ਜੋ ਬਾਣੀ ਨੂੰ ਅਸੀਂ ਗੁਰੂ ਸਾਹਿਬਾਨ ਦੁਆਰਾ ਦਰਸਾਈ ਟਕਸਾਲੀ ਰੀਤ ਨਾਲ ਗਾਇਨ ਕਰ ਸਕੀਏ। ਵਰਤਮਾਨ ਸਮੇਂ ਗਿਆਨੀ ਹਰਨਾਮ ਸਿੰਘ ਦੀ ਅਗਵਾਈ ਵਿਚ ਦਮਦਮੀ ਟਕਸਾਲ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹੈ। ਦਮਦਮੀ ਟਕਸਾਲ ਸਾਰੀਆਂ ਟਕਸਾਲਾਂ ਵਿਚੋਂ ਪੁਰਾਤਨ ਟਕਸਾਲ ਹੈ ਜਿਸ ਨੇ ਕੁਝ ਵਰ੍ਹੇ ਪਹਿਲਾਂ ਇਸ ਟਕਸਾਲ ਦੀ ਤੀਸਰੀ ਸ਼ਤਾਬਦੀ ਬੜੀ ਧੁੰਮ-ਧਾਮ ਨਾਲ ਮਨਾਈ। ਭਵਿੱਖ ਵਿਚ ਇਸ ਟਕਸਾਲ ਤੋਂ ਗੁਰੂ ਮਤਿ ਅਨੁਸਾਰ ਗੁਰਮਤਿ ਸੰਗੀਤ ਪਰੰਪਰਾ ਦੀ ਪੁਨਰ ਸਥਾਪਤੀ ਲਈ ਸਾਨੂੰ ਸਭ ਨੂੰ ਬਹੁਤ ਆਸਾਂ ਹਨ। ਸਤਿਗੁਰ ਅੱਗੇ ਅਰਦਾਸ ਹੈ ਕਿ ਗੁਰਮਤਿ ਸੰਗੀਤ ਦੇ ਖੇਤਰ ਵਿਚ ਇਹ ਟਕਸਾਲ ਹੋਰ ਵੀ ਵੱਧ-ਚੜ੍ਹ ਕੇ ਹਿੱਸਾ ਲਏ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ