ਗੁਰਮਤਿ ਸੰਗੀਤ ਵਿੱਚ ਟਕਸਾਲ

*ਗੁਰਨਾਮ ਸਿੰਘ (ਡਾ.)

ਦੁਨਿਆਵੀ ਕਾਰ-ਵਿਹਾਰ ਚਲਾਉਣ ਦੀ ਸ਼ਕਤੀ ਜਾਂ ਮਾਧਿਅਮ ਟਕਸਾਲੀ ਮੁਦਰਾ ਹੀ ਹੈ। ਟੰਕਸ਼ਾਲਾ ਉਹ ਸਥਾਨ ਹੈ ਜਿਥੇ ਟਕੇ, ਸਿੱਕੇ ਆਦਿ ਘੜੇ ਘੜਾਏ ਜਾਂਦੇ ਹਨ। ਵੱਖ-ਵੱਖ ਕੋਸ਼ਾਂ ਵਿੱਚ ਵੀ ਟਕਸਾਲ ਦੇ ਏਹੋ ਅਰਥ ਹਨ। ਬਾਣੀ ਦੇ ਪ੍ਰਸੰਗ ਵਿੱਚ ਵੇਖੀਏ ਤਾਂ ਗੁਰਬਾਣੀ ਵਿੱਚ ‘ਟਕਸਾਲ’ ਸ਼ਬਦ ਦਾ ਪ੍ਰਯੋਗ ਭਾਵੇਂ ਬਹੁਤ ਘੱਟ ਪਰੰਤੂ ਮਹੱਤਵਪੂਰਨ ਅਰਥਾਂ ਵਿੱਚ ਕੀਤਾ ਗਿਆ ਹੈ। ਜਿਥੇ ਵੀ ‘ਟਕਸਾਲ’ ਦਾ ਪ੍ਰਯੋਗ ਹੋਇਆ ਉਸ ਨਾਲ ‘ਸ਼ਬਦ’ ਅਤੇ ‘ਸੱਚ’ ਦਾ ਪ੍ਰਯੋਗ ਵੀ ਹੋਇਆ ਹੈ। ‘ਸਚੀ ਟਕਸਾਲ’ ਵਿੱਚ ਇਲਾਹੀ ਸਤਿ ਦੇ ਗੁਰ ਸ਼ਬਦ ਦੀ ਘਾੜਤ ਦਾ ਮਾਰਗ ਗੁਰੂ ਨਾਨਕ ਪਾਤਸ਼ਾਹ ਨੇ ਜਪੁਜੀ ਦੀ ਅੰਤਿਮ ਅੱਠੀਤੀਵੀਂ ਪਉੜੀ ਵਿੱਚ ਭਲੀਭਾਂਤ ਦਰਸਾ ਹੀ ਦਿੱਤਾ ਹੈ:

ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥ (ਗੁ. ਗ੍ਰੰ. ਪੰਨਾ 8)

ਸ਼ਬਦ ਦੀ ਘਾੜਤ ਦਾ ਵਰਣਨ ਕਰਦਿਆਂ ਗੁਰੂ ਰਾਮਦਾਸ ਉਹਨਾਂ ਗੁਰਮੁਖਾਂ ਦੀ ਸੇਵਾ ਤੇ ਘਾਲ ਨੂੰ ਵਡਿਆਉਂਦੇ ਹਨ ਜਿੰਨਾਂ ‘ਗੁਰਮਤਿ’ ਦੀ ਇਸ ‘ਸਚੀ ਟਕਸਾਲ’ ਵਿੱਚ ‘ਸ਼ਬਦ ਦੀ ਘਾੜਤ’ ਘੜੀ।

ਗੁਰਮੁਖਿ ਸੇਵਾ ਘਾਲਿ ਜਿਨਿ ਘਾਲੀ॥
ਤਿਸੁ ਘੜੀਐ ਸਬਦੁ ਸਚੀ ਟਕਸਾਲੀ॥ (ਗੁ. ਗ੍ਰੰ. ਪੰਨਾ 1134)

ਗੁਰਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਇਹਨਾਂ ਬਚਨਾਂ ਨੂੰ ਹੀ ਆਪਣੇ ਸ਼ਬਦਾਂ ਵਿੱਚ ਹੋਰ ਸਪਸ਼ਟ ਕਰ ਰਹੇ ਹਨ ਆਪ ਨੇ ਗੁਰੂ ਦੇ ਸਚੇ ਸ਼ਬਦ ਦੀ ਸਚੀ ਟਕਸਾਲ ਦੇ ਮਾਰਗ ’ਤੇ ਚਲਣ ਦੀ ਭਰਪੂਰ ਪੈਰਵੀ ਕੀਤੀ ਅਤੇ ਇਸ ਟਕਸਾਲ ਤੋਂ ਬਾਹਰ ਘੜੀ ਜੀਵਨ ਘਾੜਤ ਕਾਰਨ ‘ਖੋਟੇਹਾਰਾ’ ਹੋ ਜਨਮ ਗੁਆਉਣ ਦੀ ਚੇਤਾਵਨੀ ਵੀ ਦਿੱਤੀ।

ਜੇ ਕੋ ਆਪੁ ਗਣਾਇ ਕੈ ਪਾਤਿਸਾਹਾਂ ਤੇ ਆਕੀ ਹੋਵੈ।
ਹੁਇ ਕਤਲਾਮੁ ਹਰਾਮਖੋਰੁ ਕਾਠੁ ਨ ਖਫਣੁ ਚਿਤਾ ਨ ਟੋਵੈ।
ਟਕਸਾਲਹੁ ਬਾਹਰਿ ਘੜੈ ਖੋਟੈਹਾਰਾ ਜਨਮੁ ਵਿਗੋਵੈ।
(ਵਾਰ 26, ਪਉੜੀ 32)

ਜਿਵੇਂ ਗੁਰਮਤਿ ਵਿੱਚ ਟਕਸਾਲ ਦਾ ਵਿਸ਼ੇਸ਼ ਮਹੱਤਵ ਹੈ ਉਸੇ ਤਰ੍ਹਾਂ ਗੁਰਮਤਿ ਸੰਗੀਤ ਵਿੱਚ ਟਕਸਾਲ ਦੀ ਸਾਰਥਕਤਾ ਅਤੇ ਸੰਦਰਭ ਵਿਸ਼ੇਸ਼ ਹੈ। ਗੁਰਮਤਿ ਅਨੁਸਾਰ ਜੀਵਨ ਦੀ ਘਾੜਤ ਲਈ ਟਕਸਾਲ ਅਤੇ ਟਕਸਾਲੀ ਪ੍ਰਕ੍ਰਿਆ ‘ਚੋਂ ਲੰਘਣਾ ਬੁਨਿਆਦੀ ਤੌਰ ’ਤੇ ਜ਼ਰੂਰੀ ਹੈ। ਇਸੇ ਲਈ ਬਾਣੀ ਵਿੱਚ ਥਾਂ-ਪੁਰ-ਥਾਂ ‘ਮਨਮੁਖ’ ਤੋਂ ‘ਗੁਰਮੁਖ’, ‘ਕੂੜਿਆਰ’ ਤੋਂ ‘ਸਚਿਆਰ’ ਅਤੇ ‘ਖੋਟੇ’ ਤੋਂ ‘ਖਰੇ’ ਹੋਣ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ।

ਗੁਰਮਤਿ ਦੀ ਇਹ ਖੂਬਸੂਰਤੀ ਹੈ ਕਿ ਗੁਰੂ-ਸਹਿਬਾਨ ਨੇ ਸਿਧਾਂਤ ਨੂੰ ਵਿਹਾਰਿਕ ਰੂਪ ਦਿੰਦਿਆਂ ਸੰਸਥਾਗਤ ਰੂਪ ਵਿੱਚ ਸਥਾਪਿਤ ਕੀਤਾ। ਦੂਸਰੀ ਉਦਾਸੀ ਸਮੇਂ ਕਰਤਾਰਪੁਰ ਬੰਨਣ ਤੇ ਸਿੱਖਾਂ ਦੇ ਕੇਂਦਰ ਵਜੋਂ ਇਸਦੀ ਸਥਾਪਨਾ ਸਬੰਧੀ ਭਾਈ ਵੀਰ ਲਿਖਦੇ ਹਨ “ਇਕ ਵੰਨਗੀ ਦੀ ਟਕਸਾਲ ‘ਕਰਤਾਰਪੁਰ’ ਬੰਨਕੇ ਸਤਿਗੁਰੂ ਜੀ ਫੇਰ ਉਦਾਸੀਆਂ ਦੀ ਤਿਆਰੀ ਕਰਨ ਲਗੇ। ਭਾਈ ਮਰਦਾਨਾ ਕੀਰਤਨ ਲਈ ਪਿਛੇ ਛੋੜਿਆ।” ਗੁਰਮਤਿ ਦੇ ਪਰਚਾਰ ਪਰਸਾਰ ਲਈ ਵੱਖ-ਵੱਖ ਗੁਰੂ ਸਹਿਬਾਨ ਨੇ ਵਿਸ਼ੇਸ਼ ਗੁਰਮਤਿ ਕੇਂਦਰਾਂ ਵਜੋਂ ਕਰਤਾਰਪੁਰ ਤੋਂ ਇਲਾਵਾ ਵੱਖ-ਵੱਖ ਗੁਰ-ਅਸਥਾਨ, ਮੰਜੀਆਂ, ਮਸੰਦਾਂ ਅਤੇ ਗੁਰਮਤਿ ਸਿਖਲਾਈ ਲਈ ਹੋਰ ਅਨੇਕ ਯਤਨ ਕੀਤੇ ਜਿੰਨਾਂ ਦਾ ਮਨੋਰਥ ਗੁਰਮਤਿ ਅਨੁਸਾਰ ਮਾਨਵੀ ਘਾੜਤ ਸੀ। ਇਸ ਮਹੱਤਵਪੂਰਨ ਵਿਸ਼ੇ ਦੇ ਵਿਸਥਾਰ ਤੋਂ ਗੁਰੇਜ਼ ਕਰਦਿਆਂ ਜੇ ਗੁਰਮਤਿ ਸੰਗੀਤ ਦੇ ਪ੍ਰਸੰਗ ਵਿੱਚ ਵਾਚੀਏ ਤਾਂ ਗੁਰਮਤਿ ਸੰਗੀਤ ਦੀ ਟਕਸਾਲੀ ਪਰੰਪਰਾ ਦਾ ਆਰੰਭ ਗੁਰੂ ਨਾਨਕ ਪਾਤਸ਼ਾਹ ਅਤੇ ਉਹਨਾਂ ਦੇ ਪਰਮ ਸੰਗੀ ਰਬਾਬੀ ਭਾਈ ਮਰਦਾਨਾ ਦੇ ਇਲਾਹੀ ਸ਼ਬਦ ਕੀਰਤਨ ਦੁਆਰਾ ਹੀ ਹੋ ਗਿਆ ਸੀ। ਬਾਣੀ ਦੀ ਇਲਾਹੀ ਆਮਦ, ਗੁਰੂ ਨਾਨਕ ਪਾਤਸ਼ਾਹ ਦਾ ਮਰਦਾਨੇ ਨੂੰ ਰਬਾਬ ਵਜਾਉਣ ਦਾ ਹੁਕਮ ਇਲਾਹੀ ਸ਼ਬਦ ਕੀਰਤਨ ਇਸ ਗੁਰਮੁਖੀ ਵਿਦਿਆ ਦਾ ਪ੍ਰਾਰੰਭ ਹੈ। ਜਿਸ ਵਿੱਚ ਭਾਈ ਮਰਦਾਨਾਂ ਜੋ ਰਾਗ ਵਿਦਿਆਂ ਦਾ ਪ੍ਰਬੀਨ ਗਿਆਤਾ ਅਤੇ ਰਬਾਬ ਵਾਦਕ ਸੀ, ਨੇ ਸਚੇ ਸ਼ਬਦ ਨੂੰ ਗਾਇਨ ਕਰਨ ਦੀ ਗੁਰਮਤਿ ਕਲਾ ਗੁਰੂ ਨਾਨਕ ਪਾਤਸ਼ਾਹ ਤੋਂ ਸਿਖੀ। ਗੁਰੂ ਨਾਨਕ ਪਾਤਸ਼ਾਹ ਦੀ ਇਸੇ ਘਾੜਤ ਕਾਰਨ ਭਾਈ ਮਰਦਾਨੇ ਨੇ ਖ਼ੁਦ ਵੀ ਕੀਰਤਨ ਕੀਤਾ ਅਤੇ ਰਬਾਬੀਆਂ ਦੀ ਇਕ ਵਿਸ਼ਾਲ ਘਰਾਣੇਦਾਰ ਪਰੰਪਰਾ ਵਿਕਸਿਤ ਕੀਤੀ। ਜਿਸ ਵਿੱਚ ਵੱਖ-ਵੱਖ ਗੁਰੂ ਸਾਹਿਬਾਨ ਦੇ ਕਾਲ ਵਿੱਚ ਭਾਈ ਦਾਲਾ, ਭਾਈ ਸਹਿਜ਼ਾਦ, ਭਾਈ ਬਲਵੰਡ, ਭਾਈ ਸੱਤਾ, ਭਾਈ ਬਾਬਕ ਅਤੇ ਹੋਰ ਰਬਾਬੀਆਂ ਨੇ ਗੁਰੂ ਨਾਨਕ ਵਰੋਸਈ ਕੀਰਤਨ ਦੀ ਦਾਤ ਨੂੰ ਵੰਡਿਆ।

ਸਿੱਖ ਇਤਿਹਾਸ ’ਤੇ ਝਾਤ ਮਾਰੀਏ ਤਾਂ ਗੁਰੂ ਨਾਨਕ ਪਾਤਸ਼ਾਹ ਤੇ ਸਮੂਹ ਗੁਰੂ ਸਹਿਬਾਨ ਦੀ ਬਾਣੀ ਦਾ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਇਕਤ੍ਰੀਕਰਨ ਕੀਤਾ। ਫਿਰ ਇਸ ਬਾਣੀ ਨੂੰ ਹੋਰ ਮਹਾਂਪੁਰਖਾਂ ਦੀ ਬਾਣੀ ਸੰਗ ਇੱਕ ਪ੍ਰਮਾਣਿਕ ਗ੍ਰੰਥ ਦੇ ਰੂਪ ਵਿੱਚ ਸੰਕਲਨ ਕਰ ਦਿੱਤਾ। ਗੁਰੂ ਅਰਜਨ ਕਾਲ ਵਿੱਚ ਭਾਈ ਸੱਤੇ ਬਲਵੰਡ ਦਾ ਗੁਰੂ ਘਰ ਨਾਲ ਰੁੱਸਕੇ ਕੀਰਤਨ ਤੋਂ ਇਨਕਾਰੀ ਹੋਣ ਕਰਕੇ ਗੁਰੂ ਅਰਜਨ ਪਾਤਸ਼ਾਹ ਨੇ ਸਾਧਾਰਨ ਸਿੱਖਾਂ ਨੂੰ ਕੀਰਤਨ ਦੀ ਸਿਖਲਾਈ ਲਈ ਉਤਸ਼ਾਹਿਤ ਕੀਤਾ।

ਸ੍ਰੀ ਗੁਰ ਉਠੇ ਤਹਾਂ ਤਬ ਆਏ। ਥੜ੍ਹੇ ਬੈਠਿ ਜਿਹ ਕਰ ਕਢਾਏ।
ਥੜ੍ਹੇ ਬੈਠਿ ਦੀਵਾਨ ਲਗਾਯੋ। ਨਿਜ ਸਿਖਨ ਕੋ ਬਚਨ ਸੁਨਾਯੋ॥
ਵਹਿ ਨਹੀ ਆਵੈਂ ਮਦ ਕੇ ਮਾਤੇ। ਤੁਮ ਹੀ ਪੜ੍ਹੋ ਰਾਗ ਬਿਖਯਾਤੇ
ਵਦਿਆ ਰਾਗ ਸਭੀ ਤੁਮ ਪਾਵੋ। ਤਿਨ ਕਾ ਤੁਮ ਸਭੁ ਨਾਮੁ ਗਵਾਵੋ॥482॥
(ਗੁ.ਬਿ.ਪਾ.6 ਅਧਿਆਇ 4)

ਗੁਰੂ ਦੇ ਸਚੇ ਸ਼ਬਦ ਦੀ ਸਚੀ ਟਕਸਾਲ ਦੀ ਇਸ ਪ੍ਰਮਾਣਿਕ ਬਾਣੀ ਦੇ ਸੰਚਾਰ ਦੀ ਪ੍ਰਾਮਣਿਕ ਵਿਧੀ ਵੀ ਗੁਰੂ ਸਹਿਬਾਨ ਨੇ ਗੁਰਮਤਿ ਅਨੁਸਾਰੀ ਪ੍ਰਦਾਨ ਕੀਤੀ। ਗੁਰਮੁਖੀ ਅਖਰਾਂ ਦਾ ਸਹੀ ਗਿਆਨ, ਬਾਣੀ ਬੋਧ ਲਈ ਸੰਥਿਆ, ਵਿਆਖਿਆ ਅਤੇ ਬਾਣੀ ਦੇ ਗਾਇਨ ਹਿਤ ਗੁਰਮਤਿ ਦੀ ਸੰਗੀਤ ਵਿਦਿਆ ਦਾ ਆਰੰਭ ਗੁਰੂ ਸਾਹਿਬਾਨ ਦੁਆਰਾ ਹੀ ਹੋਇਆ। ਗੁਰੂ ਕੀ ਕਾਸ਼ੀ ਤੋਂ ਹੀ ਗੁਰਮਤਿ ਦੀਆਂ ਟਕਸਾਲਾਂ ਦਾ ਪ੍ਰਾਰੰਭ ਹੋਇਆ ਹੈ। ਜਿਸ ਵਿੱਚ ਪ੍ਰਥਮ ਟਕਸਾਲ ਦਮਦਮੀ ਟਕਸਾਲ ਦੇ ਨਾਮ ਨਾਲ ਪ੍ਰਸਿੱਧ ਹੋਈ।

ਰਬਾਬੀਆਂ ਦੀ ਘਰਾਣੇਦਾਰ ਪਰੰਪਰਾ ਦੇ ਨਾਲ-ਨਾਲ ਗੁਰੂ ਵਰੋਸਾਏ ਇਹਨਾਂ ਕੀਰਤਨੀਆਂ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਆਪ ਗੁਰਸ਼ਬਦ, ਰਾਗ ਅਤੇ ਵੱਖ-ਵੱਖ ਸਾਜਾਂ ਦੀ ਸਿਖਲਾਈ ਪ੍ਰਦਾਨ ਕਰਵਾਈ। ਉਪਰੰਤ ਦਸਵੇਂ ਪਾਤਸ਼ਾਹ ਨੇ ਤਲਵੰਡੀ ਸਾਬੋ ਦੀ ਧਰਤ ਉੱਤੇ ਗੁਰੂ ਦੀ ਕਾਸ਼ੀ ਦੀ ਸਥਾਪਨਾ ਗੁਰਸਿਖਾਂ ਵਿੱਚ ਗੁਰਮਤਿ ਦੀ ਵਿਦਿਆ ਦੇ ਪਰਚਾਰ ਪਰਸਾਰ ਲਈ ਕੀਤੀ। ਗੁਰੂ ਸਾਹਿਬਾਨ ਦੇ ਕਾਲ ਤੋਂ ਹੀ ਗੁਰਮਤਿ ਸੰਗੀਤ ਦੇ ਪਰਚਾਰ ਪਸਾਰ ਦੇ ਅੰਤਰਗਤ ਸਿਖਲਾਈ ਦੀਆਂ ਕੁਝ ਵਿਧੀਆਂ ਪਰਤੱਖ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ। ਇਕ ਪਰੰਪਰਾ ਅਨੁਸਾਰ ਰਬਾਬੀ ਕੀਰਤਨੀਏ ਸੀਨ-ਬ-ਸੀਨਾ ਕਸਬੀ ਨਿਪੁੰਨਤਾ ਸਹਿਤ ਸਖਲਾਈ ਨੂੰ ਅਗਾਂਹ ਤੋਰਦੇ ਰਹੇ ਜਿਸ ਅਧੀਨ ਵੱਖ ਵੱਖ ਰਬਾਬੀ ਅਤੇ ਓਹਨਾਂ ਦੇ ਵੰਸ਼ਜ ਸੰਗੀਤ ਕਲਾ ਕੌਸ਼ਲ ਦੁਆਰਾ ਗੁਰਮਤਿ ਸੰਗੀਤ ਦੀ ਪਰਸਤੁਤੀ ਕਰਦੇ ਰਹੇ। ਇਹ ਪਰੰਪਰਾ ਮੁਗਲ ਦਰਬਾਬ ਦੇ ਸਮਕਾਲੀਨ ਗਾਇਕਾਂ ਨਾਲੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸੀ। ਸੰਗੀਤ ਜਗਤ ਵਿੱਚ ਗੁਰੂ ਘਰ ਦੇ ਇਹਨਾਂ ਰਬਾਬੀ ਸੰਗੀਤਕਾਰਾਂ ਦੀ ਪਛਾਣ ‘ਬਾਬੇ ਕੇ’ ਦੇ ਨਾਮ ਨਾਲ ਹੁੰਦੀ ਰਹੀ। ਦੂਸਰੇ ਪਾਸੇ ਮੁਗਲ ਦਰਬਾਰ ਦੇ ਸੰਗੀਤਕਾਰਾਂ ਨੂੰ ‘ਬਾਬਰ ਕੇ’ ਆਖਿਆ ਜਾਂਦਾ ਰਿਹਾ। ਗੁਰੂ ਨਾਨਕ ਦੇ ਸੰਗੀਤ ਦੁਆਰਾ ਵਰੋਸਾਏ ‘ਬਾਬੇ ਕੇ’ ਸੰਗੀਤਕਾਰ ਸਮਕਾਲੀ ਸਮਾਜ ਵਿਚ ਸਮਾਨਯੋਗ ਸਥਾਨ ਰਖਦੇ ਸਨ ਕਿਉਂ ਕਿ ਓਹ ਇਕ ਵਡੇਰੀ ਅਧਿਆਤਮਕ ਸੰਗੀਤ ਪਰੰਪਰਾ ਦੇ ਨਾਲ ਜੁੜੇ ਹੋਏ ਸਨ। ਰਬਾਬੀ ਕੀਰਤਨਕਾਰਾਂ ਦੀ ਇਹ ਪਰੰਪਰਾ ਗੁਰੂ ਸਾਹਿਬਾਨ ਤੋਂ ਬਾਅਦ ਹੁਣ ਤਕ ਪਰਚੱਲਤ ਹੈ। ਇਸ ਪਰੰਪਰਾ ਦੇ ਬਹੁਤੇ ਰਬਾਬੀ ਗਾਇਕ ਪਾਕਿਸਤਾਨ ਜਾ ਵਸੇ ਹਨ। ਭਾਈ ਲਾਲ ਅਤੇ ਭਾਈ ਚਾਂਦ ਦੇ ਵੰਸਸ਼ ਅੱਜ ਵੀ ਕੀਰਤਨ ਕਰ ਰਹੇ ਹਨ। ਇਹਨਾਂ ਸੰਗੀਤਕਾਰਾਂ ਕੋਲ ਗੁਰਮਤਿ ਸੰਗੀਤ ਦਾ ਇਕ ਵਿਸ਼ਾਲ ਖਜ਼ਾਨਾ ਮੌਜੂਦ ਹੈ। ਭਾਵੇਂ ਕਿ ਏਹ ਰਬਾਬੀ ਗਾਇਕ ਹੁਣ ਰਬਾਬ ਅਤੇ ਹੋਰ ਤੰਤੀ ਸਾਜ਼ਾਂ ਦਾ ਤਿਆਗ ਕਰ ਚੁੱਕੇ ਹਨ ਪਰ ਭਾਈ ਮਰਦਾਨੇ ਦੇ ਵੰਸ਼ਜ ਹੋਣ ਕਰਕੇ ਇਹਨਾਂ ਦੇ ਕੀਰਤਨ ਦਾ ਨਿਵੇਕਲਾ ਅੰਦਾਜ਼ ਗੁਰਮਤਿ ਸੰਗੀਤ ਦੀ ਅਨਮੋਲ ਵਿਰਾਸਤ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਸਧਾਰਨ ਸਿੱਖ ਸੰਗਤਾਂ ਦੁਆਰਾ ਨਿਸ਼ਕਾਮ ਕੀਰਤਨ ਦੀ ਚਲਾਈ ਪਰੰਪਰਾ ਵਿਚੋਂ ਅਨੇਕ ਕੀਰਤਨੀਏ ਪਰਸਿੱਧ ਹੋਏ। ਜਿਨ੍ਹਾਂ ਰਬਾਬੀ ਕੀਰਤਨੀਆਂ ਦੀ ਵਡੇਰੀ ਪਰੰਪਰਾ ਦੀ ਤੁਲਨਾ ਵਿਚ ਪਛਾਣਯੋਗ ਸਥਾਨ ਬਣਾਉਣ ਲਈ ਜਿਥੇ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਇਹ ਕੀਰਤਨੀਏ ਨਿਤਾਪ੍ਰਤੀ ਦੇ ਕੀਰਤਨ ਅਭਿਆਸ ਅਤੇ ਵਿਸ਼ਿਸ਼ਟ ਵਿਅਕਤੀ ਤੋਂ ਸਿਖਲਾਈ ਲੈ ਕੇ ਆਪਣੀ ਵਿਦਿਆ ਦਾ ਗਿਆਨ ਸੰਚਰਤ ਕਰਦੇ ਰਹੇ ਉੱਥੇ ਇਹ ਕੀਰਤਨੀਏ ਪੂਰਨ ਗੁਰਮਰਿਯਾਦਾ ਦੇ ਧਾਰਨੀ ਅਤੇ ਗੁਰਮਤਿ ਸੰਗੀਤ ਦੀ ਸਿਧਾਂਤਕਲਾ ਤੇ ਨਾਲ ਵਿਹਾਰਕ ਤੌਰ ’ਤੇ ਜੁੜੇ ਹੋਏ ਵੀ ਸਨ। ਇਹਨਾਂ ਵਿਚੋਂ ਪਰਸਿੱਧ ਕੀਰਤਨੀਏ ਭਾਈ ਦੀਪਾ, ਬੁਲਾ, ਨਾਰਾਇਣ ਦਾਸ, ਪਾਂਧਾ, ਉਗਰਸੈਨ, ਨਗੌਰੀ ਮਲ, ਭਾਈ ਰਾਮੂ, ਝਾਜੂ, ਮੁਕੰਦ, ਕੇਦਾਰਾ ਆਦਿ ਸਨ। ਗੁਰਮਤਿ ਸੰਗੀਤ ਦੀ ਸਿਖਲਾਈ ਦੀ ਇਸ ਪਰੰਪਰਾ ਵਿਚ ਜਿਥੇ ਰਬਾਬੀਆਂ ਦੀ ਘਰਾਣੇਦਾਰ ਪਰੰਪਰਾ ਹੈ ਉਥੇ ਨਿਸ਼ਕਾਮ ਕੀਰਤਨੀਆਂ ਦੀ ਟਕਸਾਲੀ ਪਰੰਪਰਾ ਵੀ ਮੌਜੂਦ ਹੈ। ਵਰਤਮਾਨ ਸਮੇਂ ਵਿੱਚ ਪਰਚੱਲਤ ਪੁਰਾਤਨ ਟਕਸਾਲਾਂ ਦੇ ਭਾਵੇਂ ਪੂਰਣ ਇਤਿਹਾਸਕ ਸਰੋਤ ਉਪਲਬਧ ਨਹੀਂ ਪਰੰਤੂ ਵੱਖ-ਵੱਖ ਸਥਾਨਾਂ ਉਤੇ ਇਹਨਾਂ ਦਾ ਪਰਚਲਨ ਇਸ ਤੱਥ ਦਾ ਸ਼ਾਖਸੀ ਹੈ ਕਿ ਇਸ ਟਕਸਾਲੀ ਕੀਰਤਨ ਪਰੰਪਰਾ ਦੇ ਬੀਜ ਗੁਰੂ ਦੇ ਕੁਲ ਗੁਰਮਤਿ ਸੰਗੀਤ ਪਰੰਪਰਾ ਵਿੱਚ ਹੀ ਵਿਦਮਾਨ ਹਨ।

ਭਾਰਤੀ ਸੰਗੀਤ ਵਿੱਚ ਸੰਗੀਤ ਸਿਖਲਾਈ ਦੀ ਘਰਾਣਾ ਪਰੰਪਰਾ ਵਿਕਸਿਤ ਹੋਈ ਜਿਸ ਦੁਆਰਾ ਸ਼ਾਸਤਰੀ ਗਾਇਨ ਵਾਦਨ ਦਾ ਪ੍ਰਚਾਰ, ਪ੍ਰਸਾਰ ਹੋਇਆ ਅਤੇ ਸੰਗੀਤ ਦੀ ਵਿਸ਼ਾਲ ਵਿਧੀ ਦਾ ਪੀੜ੍ਹੀ ਦਰ ਪੀੜ੍ਹੀ ਸੰਚਾਲਨ ਵੀ ਹੋਇਆ। ਭਾਰਤੀ ਸੰਗੀਤ ਵਿੱਚ ਨਿਰੰਤਰ ਰੂਪ ਵਿੱਚ ਤਿੰਨ ਪੀੜ੍ਹੀਆਂ ਤੋਂ ਮੌਲਿਕ ਤੇ ਸੁਤੰਤਰ ਰੂਪ ਵਿੱਚ ਪਛਾਨਣਯੋਗ ਸਰੂਪ ਵਿੱਚ ਪ੍ਰਚੱਲਤ ਵਿਦਿਆ ਦੇ ਸੰਗੀਤ ਕਲਾ ਦੇ ਖਾਨਦਾਨੀ ਜਾਂ ਸ਼ਿਸ਼ ਵੰਸ਼ ਸਮੂਹ ਨੂੰ ਕਿਸੇ ਘਰਾਣੇ ਦਾ ਨਾਮ ਦਿੱਤਾ ਜਾਂਦਾ ਹੈ। ਗੁਰਮਤਿ ਸੰਗੀਤ ਵਿੱਚ ਵੀ ਸ਼ਬਦ ਗੁਰੂ ਦੀ ਗੁਰਮਤਿ ਟਕਸਾਲ ਦੀ ਘਾੜਤ ਲਈ ਗੁਰਮਤਿ ਸੰਗੀਤਕਾਰ ਦੀ ਸ਼ਖਸ਼ੀਅਤ ਉਸਾਰੀ ਲਈ ਗੁਰਮਤਿ ਅਤੇ ਸੰਗੀਤ ਦੋਹਾਂ ਦੀ ਘੜਤ ਜ਼ਰੂਰੀ ਹੈ। ਇਤਿਹਾਸ ਦੇ ਪੰਨਿਆਂ ’ਤੇ ਉਹੀ ਗੁਰਮਤਿ ਸੰਗੀਤ ਟਕਸਾਲਾਂ ਜੀਊਦੀਆਂ ਰਹਿ ਸਕੀਆਂ ਹਨ ਜਿੰਨਾਂ ਨੇ ਇਸ ਨਿਰੰਤਰਤਾ, ਮੌਲਿਕਤਾ ਤੇ ਵੱਖਰਤਾ ਨੂੰ ਕਾਇਮ ਰੱਖਿਆ ਹੈ। ਗੁਰਮਤਿ ਸੰਗੀਤ ਦੀ ਟਕਸਾਲੀ ਸਿਖਲਾਈ ਲਈ ਦਮਦਮੀ ਟਕਸਾਲ, ਬੁੱਢਾ ਜੌਹੜ ਟਕਸਾਲ, ਦੌਧਰ ਟਕਸਾਲ, ਤਰਨਤਾਰਨ ਟਕਸਾਲ ਮਸਤੂਆਣਾ ਟਕਸਾਲ, ਹਰਗਨਾ ਟਕਸਾਲ, ਅਤੇ ਵਰਤਮਾਨ ਸਮੇਂ ਜੱਵਦੀ ਟਕਸਾਲ, ਗੁਰਮਤਿ ਸੰਗੀਤ ਟਕਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਿਨਾਂ ਸੈਂਟਰਲ ਯਤੀਮਖ਼ਾਨਾ, ਗੁਰਮਤਿ ਵਿਦਿਆਲਾ ਰਕਾਬਗੰਜ, ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ ਅਤੇ ਹੋਰ ਅਨੇਕ ਸੰਸਥਾਵਾਂ ਯਤਨਸ਼ੀਲ ਹਨ। ਗੁਰਮਤਿ ਸੰਗੀਤ ਦੀਆਂ ਇਹਨਾਂ ਵੱਖ-ਵੱਖ ਟਕਸਾਲਾਂ ਦੀ ਮੌਲਿਕਤਾ, ਕਾਰਜ ਵਿਧੀ ਅਤੇ ਯੋਗਦਾਨ ਸਬੰਧੀ ਅਸੀਂ ਆਉਣ ਵਾਲੇ ਗੁਰਮਤਿ ਸੰਗੀਤ ਨਿਬੰਧਾਂ ਵਿੱਚ ਚਰਚਾ ਜਾਰੀ ਰੱਖਾਂਗੇ ਤਾਂ ਜੋ ਸਿੱਖ ਪੰਥ ਦੀ ਇਸ ਮਹਾਨ ਧਰੋਹਰ ਨੂੰ ਸਹੀ ਪਰਸੰਗ ਤੇ ਦਿਸ਼ਾ ਵਿੱਚ ਪਛਾਣ ਸਕੀਏ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

Leave a Reply

Your email address will not be published. Required fields are marked *