ਗੁਰਮਤਿ ਸੰਗੀਤ ਦੀ ਦੌਧਰ ਟਕਸਾਲ

ਗੁਰਨਾਮ ਸਿੰਘ (ਡਾ.)*

ਇਤਿਹਾਸਕ ਤੌਰ ਤੇ ਵਾਚੀਏ ਤਾਂ ਗੁਰੂ ਗੋਬਿੰਦ ਸਿੰਘ ਨੇ ਤਲਵੰਡੀ ਸਾਬੋ ਦੀ ਪਾਵਨ ਧਰਤ ਤੋਂ ਦਮਦਮੀ ਟਕਸਾਲ ਦਾ ਆਰੰਭ ਕੀਤਾ। ਗੁਰਮਤਿ ਸਿਧਾਂਤ, ਮਰਿਆਦਾ ਤੇ ਵਿਰਾਸਤ ਦੇ ਪ੍ਰਚਾਰ ਪ੍ਰਸਾਰ ਲਈ ਆਰੰਭਿਕ ਤੌਰ ਤੇ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਦੀ ਅਗਵਾਈ ਵਿਚ ਦੋ ਟਕਸਾਲਾਂ ਵਿਕਸਤ ਹੋਈਆਂ। ਇਸ ਮਹੱਤਵਪੂਰਨ ਕਾਰਜ ਵਿਚ ਇਨ੍ਹਾਂ ਟਕਸਾਲਾਂ ਤੋਂ ਬਿਨਾਂ ਹੋਰ ਸੰਤ ਮਹਾਪੁਰਖਾਂ, ਵਿਦਵਾਨਾਂ ਅਤੇ ਸੰਸਥਾਵਾਂ ਨੇ ਭਰਪੂਰ ਯੋਗਦਾਨ ਪਾਇਆ ਹੈ। ਦਮਦਮੀ ਟਕਸਾਲ ਜਥਾਂ ਭਿੰਡਰਾਂ, ਮਹਿਤਾ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਇਕ ਪੁਸਤਕ ਵਿਚ ਗੁਰਮਤਿ ਕੀਰਤਨ ਦੀ ਦੌਧਰ ਟਕਸਾਲ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਮਾਲਵੇ ਦੀ ਧਰਤ ‘ਤੇ ਮੋਗੇ ਜਿਲ੍ਹੇ ਵਿਚ ਵਸਿਆ ਪਿੰਡ ਦੌਧਰ ਵਿਖੇ ਨਿਰਮਲੇ ਸੰਤ ਸੁਧਾ ਸਿੰਘ ਜੀ ਦਾ ਇਕ ਵੱਡਾ ਡੇਰਾ ਸੀ। ਸੇਵਾ ਸਿਮਰਨ ਤੇ ਸ਼ਬਦ ਕੀਰਤਨ ਨਾਲ ਗੂੜੀ ਪ੍ਰੀਤ ਰੱਖਣ ਵਾਲੇ ਸੰਤ ਸੁਧਾ ਸਿੰਘ ਨੇ ਆਪਣੇ ਇਸ ਡੇਰੇ ਵਿਚ ਪਿੰਡ ਸੰਘੇੜੇ ਦੇ ਉਸਤਾਦ ਕਾਬਲ ਸਿੰਘ ਨੂੰ ਸੰਗੀਤ ਸਿਖਿਆ ਦੇਣ ਹਿਤ ਰੱਖਿਆ। ਸ਼ੁਰੂਆਤੀ ਦੌਰ ਵਿਚ ਭਾਵੇਂ ਵਿਦਿਆਰਥੀਆਂ ਦੀ ਗਿਣਤੀ ਘਟ ਸੀ, ਪਰ ਉਨ੍ਹਾਂ ਵਿਚ ਕਈ ਹੋਣਹਾਰ ਵਿਦਿਆਰਥੀ ਵੀ ਸਨ, ਜਿਨ੍ਹਾਂ ਵਿਚੋਂ ਭਾਈ ਬੀਰ ਸਿੰਘ ਇਕ ਸੀ ਜੋ ਬਾਅਦ ਵਿਚ ਇਸ ਟਕਸਾਲ ਦੇ ਮੁਖੀ ਵੀ ਰਹੇ। ਬਾਬਾ ਜੀ ਨੇ ਉਸਤਾਦ ਕਾਬਲ ਸਿੰਘ ਤੋਂ ਬਾਅਦ ਭਾਈ ਗੁਰਮੁਖ ਸਿੰਘ ਜੋ ਇਕ ਨਾਮੀ ਉਸਤਾਦ ਸਨ, ਨੂੰ ਟਕਸਾਲ ਵਿਖੇ ਲੈ ਕੇ ਆਏ। ਉਨ੍ਹਾਂ ਨੇ ਰਬਾਬੀ ਭਾਈ ਚਾਂਦ ਜੋ ਗੁਰੂ ਕਾਲ ਦੇ ਰਬਾਬੀ ਭਾਈ ਸੱਤਾ ਬਲਵੰਡ ਦੀ 15ਵੀਂ ਪੀੜ੍ਹੀ ਵਿਚੋਂ ਸਨ, ਤੋਂ ਗੁਰਮਤਿ ਸੰਗੀਤ ਦੀ ਸਿਖਿਆ ਪ੍ਰਾਪਤ ਕੀਤੀ ਸੀ। ਭਾਈ ਗੁਰਮੁਖ ਸਿੰਘ ਸ਼ਬਦ ਕੀਰਤਨ ਤੋਂ ਇਲਾਵਾ ਵਿਭਿੰਨ ਤੰਤੀ ਸਾਜ਼ਾਂ ਅਤੇ ਤਬਲਾ ਤੇ ਪਖਾਵਜ ਦੇ ਧਨੀ ਸਨ। ਭਾਈ ਗੁਰਮੁਖ ਸਿੰਘ ਨੇ ਇਸ ਟਕਸਾਲ ਵਿਚ ਰਹਿ ਕੇ ਲੰਬਾ ਸਮਾਂ ਵਿਦਿਆਰਥੀਆਂ ਨੂੰ ਕੀਰਤਨ ਦੀ ਦਾਤ ਬਖਸ਼ੀ ਅਤੇ ਉਨ੍ਹਾਂ ਨੂੰ ਗੁਰੂ ਕਾਲ ਤੋਂ ਸੀਨਾ-ਬ-ਸੀਨਾ ਚਲੀਆਂ ਆ ਰਹੀਆਂ ਰਬਾਬੀ ਬੰਦਿਸ਼ਾਂ ਵਿਰਸੇ ਦੇ ਰੂਪ ਵਿਚ ਪ੍ਰਦਾਨ ਕੀਤੀਆਂ।

ਦੌਧਰ ਟਕਸਾਲ ਦੇ ਦੂਜੇ ਮੁਖੀ ਬੀਰ ਸਿੰਘ ਜੋ ਕਿ ਇਸ ਟਕਸਾਲ ਦੇ ਪਹਿਲੇ ਵਿਦਿਆਰਥੀ ਵੀ ਸਨ, ਨੇ 40 ਸਾਲ ਇਸ ਟਕਸਾਲ ਵਿਖੇ ਸੇਵਾ ਨਿਭਾਈ। ਜਿਥੇ ਆਪ ਨੇ ਇਸ ਟਕਸਾਲ ਦੇ ਪ੍ਰਬੰਧਕੀ ਕਾਰਜ ਨੂੰ ਬੜੀ ਕੁਸ਼ਲਤਾ ਨਾਲ ਨਿਭਾਇਆ, ਉਥੇ ਗੁਰਮਤਿ ਸੰਗੀਤ ਖੇਤਰ ਵਿਚ ਵੀ ਵਿਸ਼ੇਸ਼ ਸੇਵਾਵਾਂ ਦਿਤੀਆਂ। ਆਪ ਬਹੁਤ ਹੀ ਸੁਰੀਲੇ ਕੀਰਤਨੀਏ ਸਨ। ਆਪ ਤੰਤੀ ਸਾਜ਼ ਸਾਰੰਦੇ ਨਾਲ ਕੀਰਤਨ ਕਰਿਆ ਕਰਦੇ ਸਨ। ਆਪ ਦੇ ਉਸਤਾਦ ਨੇਤਰਹੀਣ ਹੋਣ ਕਰਕੇ ਆਪ ਦੇ ਮਨ ਵਿਚ ਨੇਤਰਹੀਣ ਵਿਦਿਆਰਥੀਆਂ ਪ੍ਰਤੀ ਬਹੁਤ ਲਗਾਵ ਸੀ। ਆਪਣੀ ਦਿਲੀ ਇੱਛਾ ਨੂੰ ਸਾਕਾਰ ਕਰਨ ਹਿਤ ਆਪ ਨੇ ਦੂਰ-ਦੂਰ ਤੋਂ ਨੇਤਰਹੀਣ ਵਿਦਿਆਰਥੀ ਲਿਆ ਕੇ ਟਕਸਾਲ ਵਿਚ ਸ਼ਾਮਲ ਕੀਤੇ ਅਤੇ ਉਨ੍ਹਾਂ ਨੂੰ ਕੀਰਤਨ ਦੀ ਵਡਮੁੱਲੀ ਪਰੰਪਰਾ ਨਾਲ ਜੋੜਿਆ। ਵਿਦਿਆਰਥੀਆਂ ਦੀਆਂ ਆਪ ਕਲਾਸਾਂ ਲਗਾਕੇ ਉਨ੍ਹਾਂ ਨੂੰ ਗੁਰਮਤਿ ਸੰਗੀਤ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਸਨ।

ਦੌਧਰ ਪਿੰਡ ਦੇ ਹੀ ਜੰਮਪਲ ਭਾਈ ਮੰਗਲ ਸਿੰਘ ਇਸ ਟਕਸਾਲ ਦੇ ਤੀਜੇ ਮੁਖੀ ਹੋਏ। ਆਪ ਨੇ ਦੌਧਰ ਟਕਸਾਲ ਵਿਚ ਚਲ ਰਹੇ ਗੁਰਮਤਿ ਸੰਗੀਤ ਦੇ ਪ੍ਰਵਾਹ ਨੂੰ ਕਾਇਮ ਰਖਦਿਆਂ ਇਸ ਖੇਤਰ ਦੇ ਕਈ ਉਚ ਕੋਟੀ ਵਿਦਵਾਨ ਉਸਤਾਦਾਂ ਨੂੰ ਟਕਸਾਲ ਵਿਖੇ ਲਿਆਂਦਾ ਜਿਨ੍ਹਾਂ ਵਿਚ ਭਾਈ ਖੁਸ਼ਹਾਲ ਸਿੰਘ, ਭਾਈ ਜੈਮਲ ਸਿੰਘ, ਭਾਈ ਉਜਾਗਰ ਸਿੰਘ ‘ਰਣੀਏ’ ਵਿਸ਼ੇਸ਼ ਹਨ।
ਦੌਧਰ ਟਕਸਾਲ ਦੇ ਚੌਥੇ ਮੁਖੀ ਬਾਬਾ ਸੰਤਾ ਸਿੰਘ ਜੀ ਹੋਏ ਜਿਨ੍ਹਾਂ ਨੇ ਟਕਸਾਲ ਵਿਖੇ ਤਕਰੀਬਨ 38 ਸਾਲ ਸੇਵਾ ਨਿਭਾਈ। ਸੰਗੀਤ ਦੇ ਗਿਆਨ ਤੋਂ ਸਖਣੇ ਹੋਣ ਕਰਕੇ ਬਾਬਾ ਸੰਤਾ ਸਿੰਘ ਨੇ ਸੰਗੀਤ ਵਿਦਿਆਲੇ ਦੀ ਪੱਗ ਉਸਤਾਦ ਉਜਾਗਰ ਸਿੰਘ ਨੂੰ ਦਿਤੀ ਜੋ ਭਾਈ ਬੀਰ ਸਿੰਘ ਦੇ ਸ਼ਗਿਰਦ ਸਨ। ਆਪਣੇ ਵਿਸ਼ੇ ਦੇ ਮਾਹਿਰ ਉਸਤਾਦ ਉਜਾਗਰ ਸਿੰਘ ਨੇ ਟਕਸਾਲ ਦੀ ਸੰਗੀਤਕ ਪਰੰਪਰਾ ਨੂੰ ਕਾਇਮ ਰਖਦਿਆਂ ਹੋਇਆਂ ਅਨੇਕ ਵਿਦਿਆਰਥੀ ਗੁਰਮਤਿ ਸੰਗੀਤ ਨੂੰ ਦਿਤੇ ਜਿਨ੍ਹਾਂ ਵਿਚ ਭਾਈ ਗੁਰਦਿਆਲ ਸਿੰਘ ਰਣੀਏ, ਭਾਈ ਏਕਮਾ ਸਿੰਘ, ਰਾਗੀ ਆਤਮਾ ਸਿੰਘ ਅਤੇ ਰਾਗੀ ਬਚਿਤ ਸਿੰਘ ਵਿਸ਼ੇਸ਼ ਹਨ।

ਸੰਤ ਸੁਭਾਅ ਦੇ ਮਾਲਕ ਸੰਤ ਬਾਬਾ ਉਜਾਗਰ ਸਿੰਘ ਦੌਧਰ ਟਕਸਾਲ ਦੇ ਪੰਜਵੇਂ ਮੁਖੀ ਹੋਏ। ਸਮੇਂ ਦੇ ਨਾਜੁਕ ਹਾਲਾਤਾਂ ਕਾਰਨ ਉਹ ਟਕਸਾਲ ਤੇ ਆਪਣਾ ਧਿਆਨ ਕੇਂਦਰਿਤ ਨਾ ਕਰ ਸਕੇ ਜਿਸ ਕਾਰਨ ਦੌਧਰ ਟਕਸਾਲ ਦੇ ਸੰਗੀਤਕ ਪ੍ਰਵਾਹ ਵਿਚ ਵੀ ਥੋੜਾ ਝੁਕਾਅ ਆਇਆ। ਬਾਬਾ ਉਜਾਗਰ ਸਿੰਘ ਤੋਂ ਬਾਅਦ ਬਾਬਾ ਲਖਵੀਰ ਸਿੰਘ ਨੇ ਇਸ ਟਕਸਾਲ ਦੀ ਬਾਗਡੋਰ ਸੰਭਾਲੀ। ਵਰਤਮਾਨ ਸਮੇਂ ਵੀ ਆਪ ਵਲੋਂ ਟਕਸਾਲ ਦੇ ਨਿਰੰਤਰ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਆਪ ਵਲੋਂ ਇਸ ਟਕਸਾਲ ਦੀ ਇਕ ਸੁੰਦਰ ਇਮਾਰਤ ਵੀ ਬਣਾਈ ਜਾ ਰਹੀ ਹੈ।

ਦੌਧਰ ਟਕਸਾਲ ਦੇ ਵਿਦਿਆਰਥੀ ਸੰਤ ਸਰਵਣ ਸਿੰਘ ਗੰਧਰਵ ਜਿਨ੍ਹਾਂ ਨੇ ਬਾਅਦ ਵਿਚ ਡੁਮੇਲੀ ਵਿਖੇ ਗੁਰਮਤਿ ਸੰਗੀਤ ਟਕਸਾਲ ਸਥਾਪਤ ਕੀਤੀ, ਵੀ ਰਹੇ। ਆਪ ਅਨੇਕਾਂ ਵੱਖ-ਵੱਖ ਸਾਜ਼ਾਂ ਦੇ ਗਿਆਤਾ ਸਨ ਜਿਨ੍ਹਾਂ ਵਿਚ ਸਿਤਾਰ, ਪਿਆਨੋ, ਹਾਰਮੋਨੀਅਮ, ਵਾਇਲਨ, ਦੋ ਤਾਰਾ, ਤਬਲਾ ਆਦਿ ਵਿਸ਼ੇਸ਼ ਸਨ। ਆਪ ਦੀ ‘ਸੁਰ ਸਿਮਰਣ ਸੰਗੀਤ’ ਗੁਰਮਤਿ ਸੰਗੀਤ ਜਗਤ ਨੂੰ ਵਿਸ਼ੇਸ਼ ਦੇਣ ਹੈ ਜਿਸ ਦੇ ਸੱਤ ਭਾਗਾਂ ਵਿਚ ਗੁਰਮਤਿ ਸੰਗੀਤ ਦੇ ਸਿਧਾਂਤਕ ਤੇ ਵਿਹਾਰਕ ਪੱਖਾਂ ਸਬੰਧੀ ਵਿਸਤ੍ਰਿਤ ਜਾਣਕਾਰੀ ਦਿਤੀ ਗਈ ਹੈ। ਇਸ ਟਕਸਾਲ ਦੇ ਹੀ ਇਕ ਹੋਰ ਵਿਦਿਆਰਥੀ ਉਸਤਾਦ ਜਸਵੰਤ ਸਿੰਘ ਤੀਬਰ ਨੇ ਦੌਧਰ ਟਕਸਾਲ ਵਿਚ ਰਹਿੰਦੇ ਹੋਏ ਤਾਊਸ ਤੇ ਸਾਰੰਦੇ ਦੀ ਸਿਖਿੱਆ ਗ੍ਰਹਿਣ ਕੀਤੀ। ਇਸ ਤੋਂ ਇਲਾਵਾ ਆਪ ਹਾਰਮੋਨੀਅਮ, ਵਾਇਲਨ, ਦੋ ਤਾਰਾ, ਤਬਲਾ ਆਦਿ ਅਨੇਕਾਂ ਸਾਜ਼ਾਂ ਦੀ ਜਾਣਕਾਰੀ ਰਖਦੇ ਸਨ। ਆਪ ਨੇ ਵੱਖ-ਵੱਖ ਸਥਾਨਾਂ ਤੇ ਭ੍ਰਮਣ ਕਰਦਿਆਂ ਦੌਧਰ ਟਕਸਾਲ ਦੀ ਸੰਗੀਤਕ ਪੁਸ਼ਪ ਨੂੰ ਬਿਖੇਰਿਆ। ਆਪ ਦੀ ਸ਼ਬਦ ਰਚਨਾਵਾਂ ਦੀ ਵੱਡਮੁੱਲੀ ਪੁਸਤਕ ‘ਸੰਗੀਤ ਸਾਗਰ’, ਜਿਸ ਵਿਚ 19 ਰਾਗਾਂ ਦੀ ਤਕਰੀਬਨ 441 ਸ਼ਬਦ ਕੀਰਤਨ ਰਚਨਾਵਾਂ ਦਰਜ ਹਨ, ਆਪਣੇ ਆਪ ਵਿਚ ਇਕ ਵਿਲੱਖਣ ਪੁਸਤਕ ਹੈ। ਇਸ ਪੁਸਤਕ ਨੂੰ ਦੌਧਰ ਟਕਸਾਲ ਦਾ ਸਰਮਾਇਆ ਵੀ ਕਿਹਾ ਜਾ ਸਕਦਾ ਹੈ। ਉਸਤਾਦ ਜਸਵੰਤ ਸਿੰਘ ਤੀਬਰ ਕੋਲੋਂ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਉਸਤਾਦ ਸੁਰਜੀਤ ਸਿੰਘ ਨੇ ਆਪਣੇ ਜੀਵਨ ਦਾ ਵਡੇਰਾ ਸਮਾਂ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਹਿਤ ਗੁਜਾਰਿਆ। ਆਪ ਵਲੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਤਿੰਨ ਪੁਸਤਕਾਂ ‘ਗੁਰਮਤਿ ਸੰਗੀਤ ਪੱਧਤੀ ਵਿਚ ਗਉੜੀ ਦੇ ਪ੍ਰਕਾਰ’, ‘ਰਾਗ ਮਾਲਾ ਰਤਨਾਕਰ’ ਅਤੇ ‘ਦਸਮ ਗੁਰੂ ਗਿਰਾ ਛੰਦ’ ਰਚੀਆਂ ਗਈਆਂ।

ਉਕਤ ਤੋਂ ਇਲਾਵਾ ਦੌਧਰ ਟਕਸਾਲ ਵਿਚ ਸਮੇਂ-ਸਮੇਂ ਹੋਰ ਕਈ ਉਚ ਕੋਟੀ ਦੇ ਸੰਗੀਤ ਵਿਦਵਾਨ ਗੁਰਮਤਿ ਸੰਗੀਤ ਦੀ ਤਾਲੀਮ ਵੀ ਦਿੰਦੇ ਰਹੇ ਜਿਨ੍ਹਾਂ ਵਿਚ ਮਹੰਤ ਗੱਜਾ ਸਿੰਘ, ਰਾਗੀ ਹੀਰਾ ਸਿੰਘ, ਭਾਈ ਦੱਲ ਸਿੰਘ, ਭਾਈ ਸੁੱਚਾ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਪ੍ਰੀਤਮ ਸਿੰਘ, ਭਾਈ ਰਾਜਿੰਦਰ ਸਿੰਘ, ਭਾਈ ਅਮਰੀਕ ਸਿੰਘ, ਸੰਤ ਸਰਵਣ ਸਿੰਘ ਗੰਧਰਵ, ਬਾਬਾ ਹਰਮੋਹਨ ਸਿੰਘ ਗਗੜਾ, ਉਸਤਾਦ ਜੈਮਲ ਸਿੰਘ, ਉਸਤਾਦ ਜਸਵੰਤ ਸਿੰਘ ਤੀਬਰ, ਉਸਤਾਦ ਸੁਰਜੀਤ ਸਿੰਘ ਆਦਿ ਵਿਸ਼ੇਸ਼ ਹਨ।
ਦੌਧਰ ਟਕਸਾਲ ਦੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਲੰਬੇਰੀ ਹੈ। ਇਨ੍ਹਾਂ ਵਿਚ ਪ੍ਰਮੁੱਖ ਦੇ ਨਾਮ ਭਾਈ ਖੁਸ਼ਹਾਲ ਸਿੰਘ, ਰਾਗੀ ਕੇਹਰ ਸਿੰਘ, ਰਾਗੀ ਜਗਤ ਸਿੰਘ, ਭਾਈ ਗੁਰਦਿਆਲ ਸਿੰਘ ਰਣੀਏ, ਰਾਗੀ ਸੁਖਦੇਵ ਸਿੰਘ ਰਣੀਏ, ਭਾਈ ਗੁਰਦਿਆਲ ਸਿੰਘ ਸਲ੍ਹੀਣੀ, ਰਾਗੀ ਨਿਹਾਲ ਸਿੰਘ, ਰਾਗੀ ਏਕਮਾ ਸਿੰਘ, ਰਾਗੀ ਆਤਮਾ ਸਿੰਘ, ਬਾਬਾ ਭਾਗ ਸਿੰਘ (ਨਾਨਕਸਰ, ਕਲੇਰਾਂ), ਬੀਬੀ ਹਰਜੋਧ ਕੌਰ (ਬੜੂ ਸਾਹਿਬ), ਡਾ. ਪੂਰਵੀ, ਭਾਈ ਗੁਰਮੀਤ ਸਿੰਘ, ਭਾਈ ਮਨੋਹਰ ਸਿੰਘ ਵਿਸ਼ੇਸ਼ ਹਨ।

ਵਰਤਮਾਨ ਸਮੇਂ ਦੌਧਰ ਟਕਸਾਲ ਦੇ ਉਸਤਾਦ ਵਿਦਵਾਨ ਕੀਰਤਨੀਏ ਪ੍ਰੋ. ਰਣਜੀਤ ਸਿੰਘ, ਲਾਸ ਐਂਜਲਸ, ਅਮਰੀਕਾ ਅਤੇ ਸ. ਹਰਕੀਰਤ ਸਿੰਘ ਸੁਪੱਤਰ ਸ. ਜਸਵੰਤ ਸਿੰਘ ਤੀਬਰ, ਸਰੇ, ਕੈਨੇਡਾ ਵਿਖੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹਨ। ਦੌਧਰ ਟਕਸਾਲ ਦੀ ਵਿਸ਼ਾਲ ਗੁਰਮਤਿ ਸੰਗੀਤ ਸਮੱਗਰੀ ਦੇ ਭੰਡਾਰ ਵਿਚੋਂ ਕੁਝ ਭਾਵੇਂ ਪੁਸਤਕ ‘ਸੰਗੀਤ ਸਾਗਰ’ ਦੁਆਰਾ ਪ੍ਰਕਾਸ਼ਤ ਹੋਇਆ ਹੈ ਫਿਰ ਵੀ ਵੱਖ-ਵੱਖ ਕੀਰਤਨੀਆਂ ਕੋਲੋਂ ਇਸ ਸ਼ਬਦ ਕੀਰਤਨ ਰਚਨਾਵਾਂ ਦਾ ਇਹ ਸਰਮਾਇਆ ਇਕੱਤਰ ਕਰਕੇ ਪ੍ਰਕਾਸ਼ਿਤ ਕਰਨ ਦੀ ਜ਼ਰੂਰਤ ਹੈ। ਗੁਰਮਤਿ ਸੰਗੀਤ ਚੇਅਰ ਨੇ ਇਕ ਖੋਜਾਰਥੀ ਦਇਆ ਸਿੰਘ ਨੂੰ ਵਿਸ਼ੇਸ਼ ਰੂਪ ਵਿਚ ਜੂਨੀਅਰ ਫੈਲੋਸ਼ਿਪ ਦੇ ਕੇ ਦੌਧਰ ਟਕਸਾਲ ਉਤੇ ਪੀ-ਐਚ.ਡੀ. ਕਰਨ ਲਈ ਰਜਿਸਟਰਡ ਵੀ ਕੀਤਾ ਹੈ। ਇਸ ਲਈ ਇਸ ਸੰਗ੍ਰਹਿ ਕਾਰਜ ਲਈ ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ ਆਪਣੀਆਂ ਸੇਵਾਵਾਂ ਅਰਪਿਤ ਕਰ ਰਿਹਾ ਹੈ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *