‘ਰਾਗ ਨਿਰਣਾਇਕ ਕਮੇਟੀ’ ਜਵੱਦੀ ਟਕਸਾਲ ਦੀ ਵਿਲੱਖਣ ਦੇਣ

ਗੁਰਨਾਮ ਸਿੰਘ (ਡਾ.)*

ਗੁਰਮਤਿ ਸੰਗੀਤ ਦੇ ਸਰਬਪੱਖੀ ਪਰਚਾਰ ਲਈ ਸਥਾਪਤ ਜਵੱਦੀ ਟਕਸਾਲ ਵਲੋਂ ‘ਰਾਗ ਨਿਰਣਾਇਕ ਕਮੇਟੀ’ ਦੀ ਸਥਾਪਨਾ ਇਕ ਇਤਿਹਾਸਕ ਪ੍ਰਾਪਤੀ ਹੈ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੇ ਆਰੰਭ ਸਮੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗਾਂ ਦੀ ਪਰਮਾਣਿਕਤਾ ਦੀ ਗੱਲ ਚਲੀ ਤਾਂ ਵਿਦਵਾਨ ਕੀਰਤਨੀਆਂ ਤੇ ਸ਼ਬਦ ਕੀਰਤਨ ਦੇ ਗਿਆਤਾ ਸੰਗੀਤਕਾਰਾਂ ਨਾਲ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਫੈਸਲਾ ਹੋਇਆ ਕਿਉਂ ਨਾ ਰਾਗ ਸਰੂਪਾਂ ਦੇ ਨਿਰਣੇ ਲਈ ਇਕ ਕਮੇਟੀ ਗਠਿਤ ਕੀਤੀ ਜਾਵੇ। ਇਸ ਕਮੇਟੀ ਦੇ ਮੁਖੀ ਸਵਰਗੀ ਪੰਡਤ ਦਲੀਪ ਚੰਦਰ ਵੇਦੀ ਅਤੇ ਮੁਖ ਸਲਾਹਾਕਾਰ ਪ੍ਰਿੰ. ਰਜਿੰਦਰ ਸਿੰਘ ਲਖਨਊ ਨੂੰ ਥਾਪਿਆ ਗਿਆ ਜੋ ਭਾਰਤੀ ਸ਼ਾਸਤਰੀ ਸੰਗੀਤ ਦੀ ਰਾਗ ਪੱਧਤੀ ਅਤੇ ਗੁਰੂ ਘਰ ਦੀ ਰਾਗ ਪੱਧਤੀ ਦੇ ਗਿਆਤਾ ਸਨ ਅਤੇ ਰਾਗਾਂ ਨੂੰ ਸੰਗੀਤ ਸ਼ਾਸਤਰ ਤੇ ਗੁਰਮਤਿ ਅਨੁਸਾਰ ਨਿਰਖਣ ਪਰਖਣ ਦੀ ਸਮਰੱਥਾ ਰਖਦੇ ਸਨ। ਇਸ ਲੜੀ ਵਿਚ ਗੁਰੂ ਘਰ ਦੇ ਉਨ੍ਹਾਂ ਵੱਖ ਟਕਸਾਲਾਂ ਤੇ ਘਰਾਣਿਆਂ ਨਾਲ ਸਬੰਧਿਤ ਪ੍ਰਮੁੱਖ ਕੀਰਤਨੀਆਂ ਨੂੰ ਵੀ ਜੋੜਿਆ ਗਿਆ ਜਿਨ੍ਹਾਂ ਕੋਲੋਂ ਰਾਗਾਂ ਸਬੰਧੀ ਜਾਣਕਾਰੀ ਮਿਲਣ ਦੀ ਆਸ ਸੀ। ਦਿਆਲ ਹਿਰਦੇ ਦੇ ਸੁਆਮੀ ਬਾਬਾ ਸੁੱਚਾ ਸਿੰਘ ਨੇ ਰਾਗ ਨਿਰਣਾਇਕ ਕਮੇਟੀ ਵਿਚ ਭਾਈ ਪ੍ਰਿਥੀਪਾਲ ਸਿੰਘ ਕੰਗ, ਇੰਦੌਰ; ਭਾਈ ਬਲਬੀਰ ਸਿੰਘ, ਅੰਮ੍ਰਿਤਸਰ; ਪ੍ਰੋ. ਕਰਤਾਰ ਸਿੰਘ, ਲੁਧਿਆਣਾ; ਪ੍ਰਿੰ. ਸ਼ਮਸ਼ੇਰ ਸਿੰਘ ਕਰੀਰ, ਪਟਿਆਲਾ; ਡਾ. ਅਜੀਤ ਸਿੰਘ ਪੈਂਟਲ, ਦਿੱਲੀ; ਪ੍ਰਿੰ. ਬਲਦੇਵ ਸਿੰਘ, ਦਿੱਲੀ; ਸ. ਸੁਰਿੰਦਰ ਸਿੰਘ; ਭਾਈ ਤੇਜਪਾਲ ਸਿੰਘ, ਦਿੱਲੀ; ਭਾਈ ਪਰਮਜੋਤ ਸਿੰਘ, ਮੁਲਾਂਪੁਰ; ਪ੍ਰੋ. ਚਰਨਜੀਤ ਸਿੰਘ, ਲੁਧਿਆਣਾ; ਪ੍ਰਿੰ. ਚੰਨਣ ਸਿੰਘ ਮਜਬੂਰ; ਪ੍ਰੋ. ਜਸਵੰਤ ਸਿੰਘ ਭੰਵਰਾ; ਭਾਈ ਚਰਨ ਸਿੰਘ ਮੋਦੀ, ਦਿੱਲੀ ਅਤੇ ਡਾ. ਗੁਰਨਾਮ ਸਿੰਘ (ਇਨ੍ਹਾਂ ਸਤਰਾਂ ਦੇ ਲੇਖਕ) ਨੂੰ ਸ਼ਾਮਲ ਕੀਤਾ।

ਰਾਗ ਨਿਰਣਾਇਕ ਕਮੇਟੀ ਦੇ ਪ੍ਰਮੁੱਖ ਮੈਂਬਰਾਂ ਦੀ ਰਾਇ ਅਨੁਸਾਰ ਪ੍ਰਚਲਿਤ ਰਾਗਾਂ ਨੂੰ ਸਰਬ ਸੰਮਤੀ ਨਾਲ ਪੂਰਨ ਸਵੀਕ੍ਰਿਤੀ ਦਿਤੀ ਗਈ। ਅਪ੍ਰਚਲਿਤ ਰਾਗਾਂ ਲਈ ਸੰਤ ਬਾਬਾ ਸੁੱਚਾ ਸਿੰਘ ਨਾਲ ਰਾਗ ਨਿਰਣਾਇਕ ਕਮੇਟੀ ਨੇ ਰਾਗ ਸਰੂਪ ਨਿਰਧਾਰਤ ਕਰਨ ਲਈ ਗੁਰਮਤਿ ਸਰੋਤਾਂ ਨੂੰ ਪਹਿਲ ਦਿਤੀ ਜਿਨ੍ਹਾਂ ਵਿਚ ਕੀਰਤਨੀਆਂ ਦੁਆਰਾ ਸਮੇਂ-ਸਮੇਂ ਸੁਣਾਈਆਂ ਗਈਆਂ ਟਕਸਾਲੀ ਪੁਰਾਤਨ ਸ਼ਬਦ ਕੀਰਤਨ ਰਚਨਾਵਾਂ ਤੋਂ ਪੰਡਤ ਤਾਰਾ ਸਿੰਘ ਨਰੋਤਮ ਦੇ ਗੁਰ ਗਿਰਾਰਥ ਕੋਸ਼, ਮਹੰਤ ਗੱਜਾ ਸਿੰਘ ਦੁਆਰਾ ਪ੍ਰਦਾਨ ਕੀਖਤੇ ਗਏ ਵੱਖ-ਵੱਖ ਰਾਗ ਸਰੂਪਾਂ ਲਈ ਭਾਈ ਕਾਨ੍ਹ ਸਿੰਘ ਦੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਗਿਆਨ ਸਿੰਘ ਐਬਟਾਬਾਦ ਦੀ ਪੁਸਤਕ ‘ਗੁਰਬਾਣੀ ਸੰਗੀਤ’, ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਦੀ ਪੁਸਤਕ ‘ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ’ ਅਤੇ ਪ੍ਰੋ. ਤਾਰਾ ਸਿੰਘ (ਸ੍ਰੀ ਗੁਰੂ ਗ੍ਰੰਥ ਰਾਗ ਰਤਨਾਵਲੀ), ਡਾ. ਗੁਰਨਾਮ ਸਿੰਘ (ਆਦਿ ਗ੍ਰੰਥ ਰਾਗ ਕੋਸ਼), ਪ੍ਰੋ. ਕਰਤਾਰ ਸਿੰਘ ਦੇ ਸੰਗ੍ਰਹਿ ਚੋਂ ਉਪਲਬੱਧ ਹੋਰ ਪੁਸਤਕਾਂ ਨੂੰ ਆਧਾਰ ਬਣਾਇਆ। ਸਵਰਗੀ ਡਾ. ਅਜੀਤ ਸਿੰਘ ਪੈਂਤਲ; ਸ. ਤੇਜਪਾਲ ਸਿੰਘ; ਸਵਰਗੀ ਭਾਈ ਅਵਤਾਰ ਸਿੰਘ ਆਦਿ ਨੇ ਰਾਗਾਂ ਸਬੰਧੀ ਖੁਲ੍ਹ ਕੇ ਵਿਚਾਰਾਂ ਕੀਤੀਆਂ। ਇਨ੍ਹਾਂ ਰਾਗ ਸਰੂਪਾਂ ਨੂੰ ਨਿੱਜੀ ਰਾਵਾਂ ਤੋਂ ਉਪਰ ਉਠਕੇ ਕਮੇਟੀ ਦੀ ਬਹੁ ਸਹਿਮਤੀ ਨਾਲ ਸਵੀਕਾਰਿਆ ਗਿਆ। ਉਪਰੰਤ 10 ਤੋਂ 13 ਅਕਤੂਬਰ ਤਕ 31 ਰਾਗਾਂ ਨੂੰ ਚਾਰ ਦਿਨ ਵਿੱਚ ਵੱਖ-ਵੱਖ 52 ਕੀਰਤਨੀਆਂ ਤੇ ਸੰਗੀਤਕਾਰਾਂ ਨੇ ਬੜੀ ਸ਼ਰਧਾ ਤੇ ਚਾਅ ਨਾਲ ਗਾਇਆ। ਇਨ੍ਹਾਂ ਕੀਰਤਨੀਆਂ ਵਿਚੋਂ ਭਾਈ ਤੇਜਪਾਲ ਸਿੰਘ – ਸੁਰਿੰਦਰ ਸਿੰਘ ‘ਸਿੰਘ ਬੰਧੂ’, ਭਾਈ ਬਲਬੀਰ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਹਰੀ ਸਿੰਘ (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ), ਡਾ. ਜਾਗੀਰ ਸਿੰਘ, ਲੇਖਕ (ਡਾ. ਗੁਰਨਾਮ ਸਿੰਘ), ਪ੍ਰੋ. ਕਰਤਾਰ ਸਿੰਘ, ਭਾਈ ਕੰਵਰਪਾਲ ਸਿੰਘ (ਦੇਹਰਾਦੂਨ), ਪ੍ਰੋ. ਪਰਮਜੋਤ ਸਿੰਘ, ਭਾਈ ਨਿਰੰਜਨ ਸਿੰਘ ‘ਜਵੱਦੀ’, ਭਾਈ ਇਕਾਬਲ ਸਿੰਘ, ਭਾਈ ਪ੍ਰਿਥੀਪਾਲ ਸਿੰਘ (ਇੰਦੌਰ), ਭਾਈ ਚਰਨਜੀਤ ਸਿੰਘ (ਲੁਧਿਆਣਾ), ਭਾਈ ਚੰਨਣ ਸਿੰਘ ਮਜਬੂਰ, ਭਾਈ ਮੋਹਣਪਾਲ ਸਿੰਘ, ਸੰਤ ਅਨੂਪ ਸਿੰਘ (ਊਨਾ), ਭਾਈ ਚਤਰ ਸਿੰਘ ਸਿੰਧੀ, ਬੀਬੀ ਗੀਤਾ ਕੌਰ ਪੈਂਤਲ, ਭਾਈ ਮਹਿੰਦਰ ਸਿੰਘ ਸਾਗਰ, ਭਾਈ ਹਰਜਿੰਦਰ ਸਿੰਘ (ਸ੍ਰੀਨਗਰ ਵਾਲੇ) ਆਦਿ ਪ੍ਰਮੁੱਖ ਸਨ। ਉਪਰੰਤ ਇਸ ਰਿਕਾਰਡਿੰਗ ਨੂੰ ਜਵੱਦੀ ਟਕਸਾਲ ਵਲੋਂ 16 ਆਡੀਓ ਕੈਸਟਾਂ ਦੇ ਰੂਪ ਵਿਚ ਸੰਗਤਾਂ ਨੂੰ ਭੇਟ ਕੀਤਾ ਗਿਆ। ਇਨ੍ਹਾਂ ਸਾਰੀਆਂ ਸ਼ਬਦ ਕੀਰਤਨ ਰਚਨਾਵਾਂ ਨੂੰ ਪ੍ਰੋ. ਕਰਤਾਰ ਸਿੰਘ, ਪ੍ਰੋ. ਪਰਮਜੋਤ ਸਿੰਘ, ਪ੍ਰਿੰ. ਸ਼ਮਸ਼ੇਰ ਸਿੰਘ ਕਰੀਰ ਤੇ ਬੀਬੀ ਜਸਬੀਰ ਕੌਰ ਖਾਲਸਾ ਦੇ ਉਦਮ ਨਾਲ ‘ਗੁਰ ਨਾਨਕ ਸੰਗੀਤ ਪੱਧਤੀ ਗੰ੍ਰਥ’ ਦੇ ਰੂਪ ਵਿਚ ਪ੍ਰਕਾਸ਼ਤ ਵੀ ਕੀਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਕਾਰਾਂ ਦੀ ਭਰਪੂਰ ਖੋਜ ਉਪਰੰਤ ਰਾਗ ਪ੍ਰਕਾਰਾਂ ਦੇ ਰਾਗ ਨਿਰਣੇ ਦਾ ਜਟਿਲ ਕਾਰਜ ਆਰੰਭ ਹੋਇਆ। ਉਪਰੰਤ 1992 ਵਿਚ 75 ਦੇ ਕਰੀਬ ਕੀਰਤਨੀਆਂ ਨੇ ਨਿਰੰਤਰ ਪੰਜ ਦਿਨਾਂ ਵਿਚ ਇਨ੍ਹਾਂ ਰਾਗ ਪ੍ਰਕਾਰਾਂ ਦਾ ਗਾਇਨ ਕੀਤਾ। ਇਨ੍ਹਾਂ ਕੀਰਤੀਆਂ ਵਿਚੋਂ ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ, ਭਾਈ ਬਲਬੀਰ ਸਿੰਘ, ਭਾਈ ਅਮਰੀਕ ਸਿੰਘ ਜ਼ਖਮੀ, ਭਾਈ ਦਿਲਬਾਗ ਸਿੰਘ-ਗੁਲਬਾਗ ਸਿੰਘ, ਡਾ. ਜਾਗੀਰ ਸਿੰਘ, ਪ੍ਰਿੰ. ਸ਼ਮਸ਼ੇਰ ਸਿੰਘ ਕਰੀਰ, ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ (ਲੇਖਕ), ਡਾ. ਅਜੀਤ ਸਿੰਘ ਪੈਂਤਲ, ਪ੍ਰਿੰ. ਬਲਦੇਵ ਸਿੰਘ, ਭਾਈ ਨਿਰਮਲ ਸਿੰਘ ਖਾਲਸਾ, ਬੀਬੀ ਜਸਵਿੰਦਰ ਕੌਰ, ਪ੍ਰੋ. ਹਰਚਰਨ ਸਿੰਘ, ਭਾਈ ਮਹਿੰਦਰ ਸਿੰਘ ‘ਠੁਮਰੀ’, ਡਾ. ਦਰਸ਼ਨ ਸਿੰਘ ਨਰੂਲਾ ਆਦਿ ਦੇ ਨਾਮ ਪ੍ਰਮੁੱਖ ਹਨ। ਇਸ ਰਿਕਾਰਡਿੰਗ ਨੂੰ ਭਾਈ ਸੋਹਣ ਸਿੰਘ ਤੇ ਪ੍ਰਿੰ. ਸੁਖਵੰਤ ਸਿੰਘ ਨੇ ਰਿਕਾਰਡਿੰਗਜ਼ ਦੇ ਰੂਪ ਵਿਚ ਵੱਖ-ਵੱਖ ਸੀਡੀਜ਼ ਸੰਗਤਾਂ ਨੂੰ ਭੇਟ ਕੀਤੀਆਂ ਹੈ।

ਰਾਗ ਨਿਰਣਾਇਕ ਕਮੇਟੀ ਵਲੋਂ ਸਥਾਪਤ ਸਰੂਪ ਬਹੁ ਸੰਮਤੀ ਪ੍ਰਵਾਣਿਤ ਰਾਗ ਸਰੂਪ ਹਨ ਭਾਵੇਂ ਕਿ ਕਈ ਰਾਗਾਂ ਦੇ ਸਰੂਪਾਂ ਬਾਰੇ ਲੇਖਕ ਸਮੇਤ ਹੋਰ ਵਿਦਵਾਨਾਂ ਤੇ ਕੀਰਤਨੀਆਂ ਦੀ ਨਿੱਜੀ ਰਾਇ ਵੀ ਹੋ ਸਕਦੀ ਹੈ। ਰਾਗ ਨਿਰੀਖਣ ਤੇ ਵਿਸ਼ਲੇਸ਼ਣ ਦੇ ਪੈਂਡਿਆਂ ਉਤੇ ਲੇਖਕ (ਡਾ. ਗੁਰਨਾਮ ਸਿੰਘ) ਸਮੇਤ ਪ੍ਰੋ. ਕਰਤਾਰ ਸਿੰਘ, ਪ੍ਰਿੰ. ਸ਼ਮਸ਼ੇਰ ਸਿੰਘ ਕਰੀਰ ਆਦਿ ਨੇ ਕਈ ਪੁਸਤਕ ਗ੍ਰੰਥਾਂ ਦੀ ਭਾਲ ਕੀਤੀ। ਮਕਸਦ ਇਹੋ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਸਰੂਪਾਂ ਨੂੰ ਸਮੁੱਚੇ ਵਿਸ਼ਵ ਦੇ ਸਨਮੁਖ ਸਥਾਪਤ ਤੇ ਉਜਾਗਰ ਕੀਤਾ ਜਾਵੇ। ਇਸ ਕਾਰਜ ਵਿਚ ਉਸਤਾਦ ਜਸਵੰਤ ਸਿੰਘ ਭੰਵਰਾ, ਭਾਈ ਬਲਬੀਰ ਸਿੰਘ, ਪ੍ਰਿੰ. ਚੰਨਣ ਸਿੰਘ ਮਜਬੂਰ, ਭਾਈ ਨਿਰਮਲ ਸਿੰਘ ਖਾਲਸਾ, ਪ੍ਰੋ. ਪਰਮਜੋਤ ਸਿੰਘ ਅਤੇ ਡਾ. ਜਾਗੀਰ ਸਿੰਘ ਹੋਰਾਂ ਨੇ ਨਿਰੰਤਰ ਵਿਚਾਰ ਚਰਚਾਵਾਂ ਕੀਤੀਆਂ।

ਉਪਰੰਤ ਰਾਗ ਨਿਰਣਾਇਕ ਕਮੇਟੀ ਦੇ ਇਨ੍ਹਾਂ ਰਾਗ ਸਰੂਪਾਂ ਨੂੰ ਜਵੱਦੀ ਟਕਸਾਲ ਵਲੋਂ ਸੰਤ ਬਾਬਾ ਸੁੱਚਾ ਸਿੰਘ ਜੀ ਉਪਰੰਤ ਅਤੇ ਵਰਤਮਾਨ ਸਮੇਂ ਸੰਤ ਬਾਬਾ ਅਮੀਰ ਸਿੰਘ ਦੀ ਅਗਵਾਈ ਵਿਚ ਨਿਰੰਤਰ ਪਰਚਾਰਿਆ ਜਾ ਰਿਹਾ ਹੈ। ਇਨ੍ਹਾਂ ਰਾਗ ਸਰੂਪਾਂ ਆਧਾਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਧਾਰਤ ਗਾਇਨ ਸ਼ੈਲੀਆਂ, ਪੜਤਾਲਾਂ, ਰਾਗਮਾਲਾ ਆਦਿ ਉਤੇ ਦਸ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਏ ਜਾ ਚੁੱਕੇ ਹਨ ।

1993-94 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਹੁੰਦਿਆਂ ਲੇਖਕ (ਡਾ. ਗੁਰਨਾਮ ਸਿੰਘ) ਵਲੋਂ ‘ਰਾਗ ਨਿਰਣਾਇਕ ਕਮੇਟੀ’ ਦੇ ਸਰੂਪਾਂ ਨੂੰ ਲਾਗੂ ਕੀਤਾ ਗਿਆ। ਇਸੇ ਤਰ੍ਹਾਂ 1997 ਵਿਚ ਪੰਜਾਬੀ ਯੂਨੀਵਰਸਿਟੀ ਦੇ ਡਿਪਲੋਮਾ ਇਨ ਗੁਰਮਤਿ ਸੰਗੀਤ ਅਤੇ 2004 ਵਿਚ ਐਮ.ਏ. ਗੁਰਮਤਿ ਸੰਗੀਤ, 2007 ਵਿਚ ਬੀ.ਏ. ਆਨਰਜ਼ ਸਕੂਲ ਇਨ ਗੁਰਮਤਿ ਸੰਗੀਤ ਵਿਚ ਇਨ੍ਹਾਂ ਸਰੂਪਾਂ ਨੂੰ ਵਿਸ਼ੇਸ਼ ਮਾਨਤਾ ਦਿਤੀ ਹੈ। ਪ੍ਰੋ. ਕਰਤਾਰ ਸਿੰਘ ਦੀ ਅਗਵਾਈ ਵਿਚ ਗੁਰਮਤਿ ਸੰਗੀਤ ਅਕੈਡਮੀ ਵੀ ਇਨ੍ਹਾਂ ਰਾਗ ਸਰੂਪਾਂ ਅਨੁਸਾਰ ਹੀ ਗੁਰਮਤਿ ਸੰਗੀਤ ਦੀ ਸਿਖਲਾਈ ਦੇ ਰਹੀ ਹੈ। ਪ੍ਰੋ. ਕਰਤਾਰ ਸਿੰਘ, ਲੇਖਕ ਡਾ. ਗੁਰਨਾਮ ਸਿੰਘ, ਪ੍ਰੋ. ਪਰਮਜੋਤ ਸਿੰਘ ਆਦਿ ਸਮੇਤ ਗੁਰਮਤਿ ਸੰਗੀਤ ਦੇ ਅਨੇਕ ਸ਼ਬਦ ਕੀਰਤਨ ਰਚਨਾਕਾਰ ਇਨ੍ਹਾਂ ਰਾਗ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਰਚਨਾਵਾਂ ਦੀ ਰਚਨਾ ਕਰ ਰਹੇ ਹਨ, ਗਾਇਨ ਕਰ ਰਹੇ ਹਨ। ਰਾਗ ਨਿਰਣਾਇਕ ਕਮੇਟੀ ਦੇ 31 ਮੁੱਖ ਰਾਗਾਂ, 31 ਰਾਗ ਪ੍ਰਕਾਰਾਂ ਅਨੁਸਾਰ 1999 ਵਿਚ ਲੇਖਕ ਡਾ. ਗੁਰਨਾਮ ਸਿੰਘ ਵਲੋਂ ਸੰਪੂਰਣ 62 ਰਾਗਾਂ ਦੀ ਰਿਕਾਰਡਿੰਗ ਰਿਲੀਜ਼ ਕੀਤੀ ਗਈ ਜੋ ਸਿੱਖ ਮਿਊਜ਼ੀਕਾਲੋਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ ਵਿਚ ਦਰਜ ਹਨ। ਪ੍ਰੋ. ਸੁਰਿੰਦਰ ਸਿੰਘ ਰਾਜ ਅਕੈਡਮੀ ਵਲੋਂ ਵੀ ਇਨ੍ਹਾਂ ਰਾਗ ਸਰੂਪਾਂ ਦੇ ਪ੍ਰਯੋਗ ਕਰਕੇ ਸੰਪੂਰਣ ਰਾਗਾਂ ਦੀ ਰਿਕਾਰਡਿੰਗ ਭੇਟ ਕੀਤੀ ਜਾ ਚੁੱਕੀ ਹੈ।

ਵਰਤਮਾਨ ਸਮੇਂ ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਤੀ ਵਿਚ ਰਾਗ ਨਿਰਣਾਇਕ ਕਮੇਟੀ ਦਾ ਬੁਨਿਆਦੀ ਮਹੱਤਵ ਰਿਹਾ ਹੈ। ਭਾਰਤੀ ਸੰਗੀਤ ਦੀ ਰਾਗ ਪਰੰਪਰਾ ਨਾਲ ਤੁਲਨਾਤਮਕ ਅਧਿਐਨ ਵਾਸਤੇ ਰਾਗ ਨਿਰਣਾਇਕ ਕਮੇਟੀ ਦੁਆਰਾ ਨਿਰਧਾਰਤ ਰਾਗ ਇਕ ਵੱਡੀ ਰਾਗ ਨਿਧੀ ਹੈ। ਪੰਜਾਬੀ ਵਿਚ ਡਾ. ਮਨਪ੍ਰੀਤ ਸਿੰਘ ਦੁਆਰਾ ਕੀਤੀ ਖੋਜ ਅਨੁਸਾਰ 31 ਮੁੱਖ ਰਾਗ ਤੇ 31 ਰਾਗ ਪ੍ਰਕਾਰਾਂ ਦੇ ਕੁਲ 137 ਸਰੂਪ ਉਪਲਬੱਧ ਹੁੰਦੇ ਹਨ। ਪ੍ਰਸੰਨਤਾ ਦਾ ਵਿਸ਼ਾ ਹੈ ਕਿ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਦੀ ਅਗਵਾਈ ਵਿਚ ਪ੍ਰਿੰ. ਸੁਖਵੰਤ ਸਿੰਘ ਨੇ ਰਾਗ ਨਿਰਣਾਇਕ ਕਮੇਟੀ ਦੀ ਸਮੁੱਚੀ ਖੋਜ ਨੂੰ ਪੁਸਤਕ ‘ਰਾਗ ਨਿਰਣੈ’ ਦੇ ਰੂਪ ਵਿਚ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕਰਵਾਇਆ ਹੈ। ਉਮੀਦ ਹੈ ਸਮੂਹ ਗੁਰਮਤਿ ਸੰਗੀਤ ਪ੍ਰੇਮੀ, ਵਿਦਵਾਨ ਸੰਗੀਤਕਾਰ ਤੇ ਕੀਰਤਨੀਆਂ ਦੀ ਖੋਜ ’ਤੇ ਅਧਾਰਤ ਇਸ ਸੰਗੀਤ ਸਰਮਾਏ ਨੂੰ ਪਰਚਾਰਨ ਤੇ ਪਰਸਾਰਨ ਵਿਚ ਆਪਣਾ ਯੋਗਦਾਨ ਦਿੰਦੇ ਰਹਿਣਗੇ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *