ਸ਼ਬਦ ਕੀਰਤਨ ਦੀ ਹਰਗਨਾ ਟਕਸਾਲ

*ਗੁਰਨਾਮ ਸਿੰਘ (ਡਾ.)

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਪਾਵਨ ਧਰਤੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੇੜੇ ਲਗਭਗ 16 ਕਿਲੋਮੀਟਰ ਦੂਰ ਪਿੰਡ ਹਰਗਨਾ ਨੂੰ ਗੁਰਮਤਿ ਸੰਗੀਤ ਵਿੱਚ ਵਿਸ਼ੇਸ਼ ਸਥਾਨ ਪਰਾਪਤ ਹੈ। ਇਸ ਪਿੰਡ ਵਿਚ ਤਲਵੰਡੀ ਘਰਾਣੇ ਦੇ ਉਸਤਾਦ ਭਾਈ ਸੰਪੂਰਣ ਸਿੰਘ ਨੇ ਟਕਸਾਲ ਸਥਾਪਤ ਕਰਕੇ ਸੰਗੀਤ ਜਗਤ ਨੂੰ ਅਜਿਹੇ ਮਹਾਨ ਸੰਗੀਤਕਾਰ ਪ੍ਰਦਾਨ ਕੀਤੇ ਜਿੰਨ੍ਹਾ ਸੰਗੀਤ ਇਤਿਹਾਸ ਵਿਚ ਵਿਸ਼ੇਸ਼ ਛਾਪ ਛੱਡੀ। ਉਸਤਾਦ ਸੰਪੂਰਣ ਸਿੰਘ ਨੇ ਤਲਵੰਡੀ ਘਰਾਣੇ ਦੇ 19ਵੀਂ ਸਦੀ ਵਿੱਚ ਹੋਏ ਪ੍ਰਮੁੱਖ ਉਸਤਾਦ ਗਾਇਕ ਭਾਈ ਉੱਤਮ ਸਿੰਘ ਜੀ ਤੋਂ ਪਰਾਪਤ ਕੀਤੀ ਜਿਨ੍ਹਾਂ ਕੋਲ ਤਲਵੰਡੀ ਘਰਾਣੇ ਦਾ ਧਰੁਪਦ ਅਤੇ ਦਿਲੀ ਘਰਾਣੇ ਦੇ ਉਸਤਾਦ ਤਾਨਰਸ ਖਾਂ ਦੀ ਤਾਲੀਮ ਦਾ ਬੇਮਿਸਾਲ ਖਜ਼ਾਨਾ ਮੌਜੂਦ ਸੀ। ਇਸ ਤੋਂ ਇਲਾਵਾ ਆਪ ਕੋਲ ਗੁਰਮਤਿ ਸੰਗੀਤ ਦੀ ਸੀਨਾ-ਬ- ਸੀਨਾ ਰਚਨਾਵਾਂ ਦਾ ਭੰਡਾਰ ਵੀ ਮੌਜੂਦ ਸੀ। ਕਿਹਾ ਜਾਂਦਾ ਹੈ ਕਿ ਉਸਤਾਦ ਸੰਪੂਰਣ ਸਿੰਘ ਕੋਲ ਆਪਣੇ ਉਸਤਾਦ ਜੀ ਅਤੇ ਦਿੱਲੀ ਦੇ ਘਰਾਣੇ ਦੇ ਉਸਤਾਦ ਤਾਨਰਸ ਖਾਂ ਦੀ ਤਾਲੀਮ ਦਾ ਬੇਮਿਸਾਲ ਖਜ਼ਾਨਾ ਮੌਜੂਦ ਸੀ। ਇਸ ਤੋਂ ਇਲਾਵਾ ਆਪ ਕੋਲ ਗੁਰਮਤਿ ਸੰਗੀਤ ਦੀਆਂ ਸੀਨਾ-ਬ-ਸੀਨਾ ਰਚਨਾਵਾਂ ਦਾ ਭੰਡਾਰ ਵੀ ਮੌਜੂਦ ਸੀ ਜਿਸ ਨਾਲ ਉਨ੍ਹਾਂ ਸਿੱਖ ਜਗਤ ਦੇ ਸੰਗੀਤਕਾਰਾਂ ਨੂੰ ਵਿਸ਼ੇਸ਼ ਰੂਪ ਵਿਚ ਮਾਲਾਮਾਲ ਕੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਪਿਆਰੇ ਸ਼ਿਸ਼ ਸੰਪੂਰਣ ਸਿੰਘ ਦੀ ਇਸ ਟਕਸਾਲ ਦਾ ਆਰੰਭ ਉਸਤਾਦ ਉੱਤਮ ਸਿੰਘ ਦੀ ਅਰਦਾਸ ਦੁਆਰਾ ਹੀ ਹੋਇਆ। ਉਸਤਾਦ ਉੱਤਮ ਸਿੰਘ ਤਰਨਤਾਰਨ ਟਕਸਾਲ ਅਤੇ ਕੇਂਦਰੀ ਖਾਲਸਾ ਯਤੀਮਖਾਨਾ ਵੀ ਸਿੱਖਿਆ ਦਿੰਦੇ ਰਹੇ।

ਹਰਗਨਾ ਵਿਖੇ ਉਸਤਾਦ ਸੰਪੂਰਣ ਸਿੰਘ ਇਸ ਇਲਾਕੇ ਦੇ ਹੋਣਹਾਰ ਪੇਂਡੂ ਗਰੀਬ ਵਿਦਿਆਰਥੀਆਂ ਨੂੰ ਆਪ ਕੋਲ ਰੱਖ ਕੇ ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੇ ਗਾਇਨ, ਤੰਤੀ ਸਾਜ਼ ਵਾਦਨ, ਤਬਲੇ ਅਤੇ ਜੋੜੀ ਵਾਦਨ ਦੀ ਸਿੱਖਿਆ ਦਿਤੀ। ਹੋਰ ਅਨੇਕ ਸ਼ਗਿਰਦਾਂ ਤੋਂ ਇਲਾਵਾ ਆਪ ਦੇ ਤਿੰਨ ਸ਼ਗਿਰਦਾਂ ਦੀ ਤ੍ਰੈ-ਮੁਰਤੀ ਸੰਗੀਤ ਜਗਤ ਵਿਚ ਵਧੇਰੇ ਪ੍ਰਸਿੱਧ ਹੋਈ। ਇਹ ਸੰਗੀਤਕਾਰ ਸਨ : ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ, ਪੰਜਾਬ ਦੇ ਸੰਗੀਤਕਾਰ – ਸੰਗੀਤ ਨਿਰਦੇਸ਼ਕ ਉਸਤਾਦ ਜਸਵੰਤ ਸਿੰਘ ਭੰਵਰਾ ਅਤੇ ਉਸਤਾਦ ਵਾਦਕ ਸਾਗਰ ਮਸਤਾਨ ਜੀ। ਇਨਾਂ ਤਿੰਨੇ ਸੰਗੀਤਕਾਰਾਂ ਨੇ ਆਪਣੀ ਸਾਧਨਾ ਦੁਆਰਾ ਸੰਗੀਤ ਜਗਤ ਨੂੰ ਇਕ ਵਿਸ਼ਾਲ ਸ਼ਿਸ਼ ਮੰਡਲ ਦੇ ਕੇ ਹਰਗਨਾ ਟਕਸਾਲ ਨੂੰ ਸਦਾ ਲਈ ਅਮਰ ਕਰ ਦਿਤਾ।

ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ (1919-1988) ਨੇ ਪੰਜਾਬ ਵਿਚ ਅਕਾਦਮਿਕ ਰੂਪ ਵਿਚ ਸੰਗੀਤ ਵਿਸ਼ੇ ਨੂੰ ਸਥਾਪਿਤ ਕੀਤਾ ਅਤੇ ਗੁਰਮਤਿ ਸੰਗੀਤ ਨੂੰ ਇਕ ਵੱਖਰੀ ਪਰੰਪਰਾ ਵਜੋਂ ਪਛਾਣਨ ਲਈ ਸਿਧਾਂਤਕ ਤੇ ਵਿਹਾਰਕ ਰੂਪ ਵਿਚ ਆਪਣੀਆਂ ਸੰਗੀਤ ਲਿਖਤਾਂ ਦੁਆਰਾ ਆਰੰਭ ਕੀਤਾ। ਆਪ 1971 ਤਕ ਸਰਕਾਰੀ ਕਾਲਜ ਵੂਮੈਨ, ਪਟਿਆਲਾ ਵਿਖੇ ਸੰਗੀਤ ਵਿਭਾਗ ਦੇ ਮੁਖੀ ਰਹੇ। ਸੰਗੀਤ ਸਬੰਧੀ ਪੰਜਾਬੀ ਭਾਸ਼ਾ ਵਿਚ ਪੁਸਤਕਾਂ ਦਾ ਆਰੰਭ ਵੀ ਆਪ ਦੁਆਰਾ ਹੀ ਹੋਇਆ। ਪੰਜਾਬ ਵਿਚ ਸੰਗੀਤ ਵਿਸ਼ੇ ਦੇ ਅਨੇਕ ਅਧਿਆਪਕ ਆਪ ਕੋਲ ਸੰਗੀਤ ਦੀ ਤਾਲੀਮ ਲੈ ਕੇ ਇਸ ਵਿਸ਼ੇ ਦੇ ਪ੍ਰਚਾਰ ਪ੍ਰਸਾਰ ਵਿਚ ਯੋਗਦਾਨ ਪਾ ਰਹੇ ਹਨ। ਆਪ ਦਾ ਸਭ ਤੋਂ ਵਡੇਰਾ ਯੋਗਦਾਨ ਸੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਸਬੰਧੀ ਖੋਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਿਰਧਾਰਤ ਰਾਗਾਂ ਤੇ ਬਾਣੀ ਦੇ ਸੰਗੀਤ ਵਿਧਾਨ ਅਨੁਸਾਰ ਸੁਰਲਿਪੀ ਬੱਧ ਕਰਨਾ ਹੈ।

ਆਪਦੀਆਂ ਪੁਸਤਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ ਤੋਂ ਬਿਨਾਂ ਲਗਪਗ ਸਾਰੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਨੂੰ ਆਪ ਨੇ ਵੱਖੋ-ਵੱਖਰੀਆਂ ਪੁਸਤਕਾਂ ਵਿਚ ਸੁਰਲਿਪੀਬੱਧ ਕੀਤਾ ਹੈ। ਸੰਗੀਤ ਜਗਤ ਵਿਚ ਆਪ ਦੀ ਸੋਚ ਨੂੰ ਸਾਕਾਰ ਕਰਦਿਆਂ ਲੇਖਕ (ਡਾ. ਗੁਰਨਾਮ ਸਿੰਘ) ਤੇ ਹੋਰ ਸ਼ਿਸ਼ ਮੰਡਲ ਦੇ ਸਹਿਯੋਗ ਨਾਲ ਇਸ ਵੇਲੇ ਗੁਰਮਤਿ ਸੰਗੀਤ ਦਾ ਵਿਸ਼ਾ ਪੰਜਾਬੀ ਯੂਨੀਵਰਸਿਟੀ ਵਿਚ ਲਾਗੂ ਹੋ ਚੁੱਕਾ ਹੈ ਅਤੇ ਨਾਲ ਹੀ ਗੁਰਮਤਿ ਸੰਗੀਤ ਚੇਅਰ, ਗੁਰਮਤਿ ਸੰਗੀਤ ਵਿਭਾਗ, ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਤੇ ਗੁਰਮਤਿ ਸੰਗੀਤ ਭਵਨ ਸਮੂਰਤ ਹੋ ਚੁੱਕਾ ਹੈ। ਆਪ ਦੇ ਪ੍ਰਮੁੱਖ ਸ਼ਿਸ਼ਾਂ ਵਿਚੋਂ ਲੇਖਕ ਡਾ. ਗੁਰਨਾਮ ਸਿੰਘ, ਡਾ. ਬਚਿੱਤਰ ਸਿੰਘ, ਸ੍ਰੀ ਕੇਸਰਨਾਥ ਕੇਸਰ. ਡਾ. ਨਿਵੇਦਿਤਾ ਸਿੰਘ, ਸ. ਜਬਰਜੰਗ ਸਿੰਘ, ਡਾ. ਸ੍ਰੀਮਤੀ ਮਾਲਾ ਕਪੂਰ, ਬੀਬੀ ਨਰਿੰਦਰ ਕੌਰ, ਸ. ਅਲੰਕਾਰ ਸਿੰਘ ਆਦਿ ਦੇ ਨਾਮ ਵਿਸ਼ੇਸ਼ ਹਨ।

ਉਸਤਾਦ ਜਸਵੰਤ ਸਿੰਘ ਭੰਵਰਾ ਨੇ ਪੰਜਾਬ ਦੀ ਸੰਗੀਤ ਪਰੰਪਰਾ ਵਿਚ ਆਪਣਾ ਇਕ ਵਿਸ਼ੇਸ਼ ਮੁਕਾਮ ਬਣਾਇਆ ਅਤੇ ਪੰਜਾਬੀ ਸੁਗਮ ਗਾਇਕੀ ਨੂੰ ਨਵਾਂ ਆਧਾਰ ਦਿਤਾ। ਅੱਧੀ ਸਦੀ ਤੱਕ ਪੰਜਾਬ ਵਿਚ ਬਹੁਤੇ ਗਾਇਕ ਆਪ ਦੀ ਸ਼ਾਗਿਰਦੀ, ਆਪ ਦੇ ਸੰਗੀਤ ਤੇ ਅਸੀਸ ਦੁਆਰਾ ਮਕਬੂਲ ਹੋਏ। ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਦੇ ਸੰਗੀਤ ਨਿਰਦੇਸ਼ਕ ਵਜੋਂ ਆਪ ਨੇ ਪੰਜ ਦਹਾਕਿਆਂ ਤੋਂ ਵੱਧ ਕਾਰਜ ਕੀਤਾ। ਪੰਜਾਬੀ ਗਾਇਕੀ ਦੇ ਖੇਤਰ ਵਿਚ ਆਪ ਦੇ ਸ਼ਾਗਿਰਦਾਂ ਵਿਚ ਸੁਰਿੰਦਰ ਛਿੰਦਾ, ਲਾਭ ਜੰਜੂਆ, ਹਰਚਰਨ ਗਰੇਵਾਲ, ਰਜਿੰਦਰ ਰਾਜਨ, ਪਰਮਿਲਾ ਪੰਮੀ, ਮਨਮੋਹਨ ਵਾਰਿਸ ਆਦਿ ਦੇ ਨਾਮ ਪ੍ਰਮੁੱਖ ਹਨ। ਇਸੇ ਤਰ੍ਹਾਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਉਸਤਾਦ ਜਸਵੰਤ ਸਿੰਘ ਭੰਵਰਾ ਦਾ ਵਿਸ਼ੇਸ਼ ਯੋਗਦਾਨ ਹੈ। ਜਦੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਸਰਪਰਸਤ ਸੰਤ ਬਾਬਾ ਸੁੱਚਾ ਸਿੰਘ ਦੀ ਪਾਰਖੂ ਅੱਖ ਨੇ ਇਸ ਸੰਗੀਤ ਵਿਸ਼ੇਸ਼ਗ ਨੂੰ ਰਾਗ ਨਿਰਣਾਇਕ ਕਮੇਟੀ ਅਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ, ਰਿਕਾਰਡਿੰਗਜ਼ ਅਤੇ ਹੋਰ ਸੰਗੀਤ ਕਾਰਜਾਂ ਦੀ ਸੌਂਪਣਾ ਕੀਤੀ। ਉਸਤਾਦ ਜਸਵੰਤ ਸਿੰਘ ਭੰਵਰਾ ਨੇ ਰਾਗ ਨਿਰਣਾਇਕ ਕਮੇਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੱਖ-ਵੱਖ ਰਾਗਾਂ ਦੀਆਂ ਜਵੱਦੀ ਟਕਸਾਲ ਵਲੋਂ ਰਿਕਾਰਡਿੰਗਜ਼ ਵਿਚ ਮਹਤੱਵਪੂਰਨ ਯੋਗਦਾਨ ਪਾਇਆ। ਗੁਰਮਤਿ ਸੰਗੀਤ ਦੇ ਖੇਤਰ ਵਿਚ ਆਪ ਦੇ ਪ੍ਰਮੁੱਖ ਸ਼ਾਗਿਰਦਾਂ ਵਿਚ ਪ੍ਰੋ. ਕਰਤਾਰ ਸਿੰਘ, ਪ੍ਰੋ. ਦਰਸ਼ਨ ਸਿੰਘ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਭਾਈ ਨਿਰੰਜਨ ਸਿੰਘ ਜਵੱਦੀ, ਬੀਬੀ ਬਲਜੀਤ ਕੌਰ ਆਦਿ ਦੇ ਨਾਮ ਵਿਸ਼ੇਸ਼ ਹਨ।

ਹਰਗਨਾ ਟਕਸਾਲ ਦੇ ਤੀਸਰੇ ਪ੍ਰਮੁਖ ਸੰਗੀਤਕਾਰ ਸ੍ਰੀ ਸਾਗਰ ਮਸਤਾਨ ਹੋਏ ਜੋ ਗਾਇਨ ਦੇ ਨਾਲ ਜੋੜੀ ਦੇ ਪੰਜਾਬ ਬਾਜ ਦੇ ਮਾਹਰ ਸਨ। ਆਪ ਪੰਜਾਬ ਦੇ ਬਾਜ ਨੂੰ ਦਾਯੇਂ ਦੇ ਬੋਲਾਂ ਨੂੰ ਡੁੱਗੀ ਤੋਂ ਡੁੱਗੀ ਦੁਆਰਾ ਨਿਕਾਸ ਕਰਕੇ ਇਕ ਨਵੀਨ ਸ਼ੈਲੀ ਨੂੰ ਪ੍ਰਚਲਿਤ ਕੀਤਾ। ਗਾਇਨ ਦੇ ਖੇਤਰ ਵਿਚ ਪ੍ਰਸਿੱਧ ਗਾਇਕ ਸਵ. ਗਮਦੂਰ ਅਲੀ, ਸਰਦੂਲ ਸਿਕੰਦਰ ਅਤੇ ਭਰਪੂਰ ਅਲੀ ਤੋਂ ਇਲਾਵਾ ਆਪ ਦੇ ਖਾਨਦਾਨ ਦੇ ਅਨੇਕ ਗਾਇਕ ਸੰਗੀਤ ਅਤੇ ਕੀਰਤਨ ਦੇ ਖੇਤਰ ਵਿਚ ਨਾਮਣਾ ਖੱਟ ਰਹੇ ਹਨ। ਸਰਦੂਲ ਸਿਕੰਦਰ ਨੇ ਗਾਇਕੀ ਦੁਆਰਾ ਅਤੇ ਭਰਪੂਰ ਅਲੀ ਨੇ ਆਪਣੇ ਜੋੜੀ ਦੀ ਵਿਸ਼ੇਸ਼ ਵਾਦਨ ਪਰੰਪਰਾ ਨੂੰ ਬਾਖੂਬੀ ਸੰਭਾਲਿਆ ਹੈ। ਆਪ ਦੇ ਪ੍ਰਮੁੱਖ ਸ਼ਿਸ਼ ਵਿਚ ਇਨਾਂ ਦੇ ਨਾਮ ਵਿਸ਼ੇਸ਼ ਹਨ।

ਹਰਗਨਾ ਟਕਸਾਲ ਉਕਤ ਤਿੰਨ ਪ੍ਰਮੁੱਖ ਸੰਗੀਤਕਾਰਾਂ ਤੋਂ ਇਲਾਵਾ ਉਸਤਾਦ ਸੰਪੂਰਣ ਸਿੰਘ ਦੀ ਸੰਗੀਤ ਛੋਹ ਦੁਆਰਾ ਅਨੇਕ ਕੀਰਤਨੀਆਂ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਸੇਵਾ ਕੀਤੀ। ਜਿਨ੍ਹਾਂ ਵਿਚੋਂ ਜਸਵੰਤ ਸਿੰਘ, ਲੁਧਿਆਣਾ; ਧੰਨਾ ਸਿੰਘ, ਭਾਈ ਮਹਿੰਦਰ ਸਿੰਘ; ਛੋਟੀਆਂ ਬਾਰਾਂ; ਭਾਈ ਸੋਹਣ ਸਿੰਘ, ਲੁਧਿਆਣਾ; ਭਾਈ ਅਜੀਤ ਸਿੰਘ ‘ਸੂਰਮਾ ਰਾਗੀ’ ਅਤੇ ਭਾਈ ਬਲਦੇਵ ਸਿੰਘ ਫਤਹਿਗੜ੍ਹ ਸਾਹਿਬ ਆਦਿ ਪ੍ਰਮੁਖ ਹਨ।

ਵਰਤਮਾਨ ਸਮੇਂ ਹਰਗਨਾ ਟਕਸਾਲ ਦਾ ਨਾਮ ਭਾਵੇਂ ਸੰਗੀਤ ਜਗਤ ਵਿਚ ਵਿਸ਼ੇਸ਼ ਹੈ ਅਤੇ ਇਸ ਟਕਸਾਲ ਦੀ ਪਨੀਰੀ ਵਿਚੋਂ ਸੰਗੀਤ ਦੀ ਵੱਡੀ ਇਕ ਫਸਲ ਤਿਆਰ ਹੋਈ ਹੈ ਪਰੰਤੂ ਹਰਗਨਾ ਵਿਖੇ ਇਸ ਟਕਸਾਲ ਦੀ ਨਿਰੰਤਰਾ ਕਾਇਮ ਨਹੀਂ ਰਹਿ ਸਕੀ। ਜਿਸ ਦੁਆਰਾ ਕੀਤਾ ਗਿਆ ਕਾਰਜ ਸੰਗੀਤ ਤੇ ਗੁਰਮਤਿ ਸੰਗੀਤ ਦੇ ਇਤਿਹਾਸ ਵਿਚ ਅੰਕਿਤ ਰਹੇਗਾ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *