ਸ਼ਬਦ ਕੀਰਤਨ ਦੀ ਮਸਤੂਆਣਾ ਟਕਸਾਲ

*ਗੁਰਨਾਮ ਸਿੰਘ (ਡਾ.)

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਲਵੰਡੀ ਸਾਬੋ ਵਿਖੇ ਗੁਰੂ ਕੀ ਕਾਂਸ਼ੀ ਦੀ ਸਥਾਪਨਾ ਨਾਲ ਟਕਸਾਲ ਪਰੰਪਰਾ ਦਾ ਸਿਲਸਿਲਾ ਆਰੰਭ ਹੋਇਆ। ਇਨ੍ਹਾਂ ਟਕਸਾਲਾਂ ਅਧੀਨ ਗੁਰਮਤਿ ਸੰਗੀਤ ਦੀ ਪਾਠ ਕਥਾ ਤੇ ਕੀਰਤਨ ਪ੍ਰਣਾਲੀ ਦੀ ਵਿਦਿਆ ਸਿਧਾਂਤਕ ਤੇ ਵਿਵਹਾਰਕ ਰੂਪ ਵਿਚ ਦ੍ਰਿੜਾਈ ਜਾਂਦੀ ਰਹੀ। ਟਕਸਾਲ ਦੀ ਮਰਿਆਦਤ ਕੁਠਾਲੀ ਵਿਚੋਂ ਅਨੇਕ ਗੁਣੀ, ਪਾਠੀ, ਕਥਾ ਵਾਦਕ, ਪ੍ਰਚਾਰਕ ਤੇ ਉੱਘੇ ਕੀਰਤਨੀਏ ਇਸ ਸੇਵਾ ਨੂੰ ਸਮਰਪਿਤ ਹੋਏ। ਇਨ੍ਹਾਂ ਟਕਸਾਲਾਂ ਨੇ ਗੁਰਮਤਿ ਦੀ ਗੁਰੂ ਮੁਖੀ ਵਿਦਿਆ ਨੂੰ ਜਿੱਥੇ ਜੀਵੰਤ ਪਰੰਪਰਾ ਵਜੋਂ ਸੰਭਾਲਿਆ ਉੱਥੇ ਨਵੀਆਂ ਪੀੜੀਆਂ ਵਿਚ ਇਸ ਦਾ ਸੰਚਾਰ ਵੀ ਕੀਤਾ। ਵਰਤਮਾਨ ਸਮੇਂ ਗੁਰਮਤਿ ਦੀ ਇਕ ਟਕਸਾਲੀ ਵਿੱਦਿਆ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵਿਦਿਆਲਿਆ, ਅਕੈਡਮੀਆਂ ਤੇ ਕਾਲਜਾਂ ਵਿਚ ਦਿੱਤੀ ਜਾਣ ਲੱਗ ਪਈ ਹੈ। ਨਵੀਂ ਪੀੜ੍ਹੀ ਦੇ ਰਾਗੀ, ਗ੍ਰੰਥੀ ਤੇ ਕਥਾ ਵਾਚਕ ਇਨ੍ਹਾਂ ਸੰਸਥਾਵਾਂ ਦੀ ਉਪਜ ਹਨ।

ਗੁਰੂ ਕਾਲ ਤੋਂ ਬਾਅਦ 19ਵੀਂ-20ਵੀਂ ਸਦੀ ਦੇ ਹੁਣ ਤੱਕ ਅਨੇਕ ਇਨ੍ਹਾਂ ਟਕਸਾਲੀ ਕੀਰਤਨਕਾਰਾਂ, ਪ੍ਰਚਾਰਕਾਂ ਤੇ ਪਾਠੀਆਂ ਦੀਆਂ ਕਈ ਪੀੜ੍ਹੀਆਂ ਦੇਸ ਵਿਦੇਸਾਂ ਵਿਚ ਗੁਰਮਤਿ ਦਾ ਪ੍ਰਚਾਰ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਟਕਸਾਲਾਂ ਦੀ ਸਿਖਲਾਈ ਵਿਧੀ ਗੁਰਮੁਖੀ ਭਾਵ ਗੁਰੂ ਮੁੱਖ ਅਧਾਰਤ ਗੁਰੂ ਸ਼ਿਸ਼ ਪਰੰਪਰਾ ਹੀ ਰਹੀ ਤੇ ਮੌਖਿਕ ਵਿਧੀ ਦੁਆਰਾ ਹੀ ਇਹ ਵਿੱਦਿਆ ਵਧੇਰੇ ਪ੍ਰਚਾਰ ਅਧੀਨ ਰਹੀ। ਇਹ ਟਕਸਾਲੀ ਸਮੱਗਰੀ ਸਾਡੀ ਕੌਮ ਦਾ ਵਿਰਾਸਤੀ ਸਰਮਾਇਆ ਸੀ ਜਿਸ ਦਾ ਸੰਗ੍ਰਹਿ ਤੇ ਸੰਭਾਲ ਕੀਤੀ ਜਾਣੀ ਚਾਹੀਦੀ ਸੀ।

ਵਰਤਮਾਨ ਸਮੇਂ ਗੁਰਮਤਿ ਸੰਗੀਤ ਦੀ ਇਹ ਇਲਾਹੀ ਵਿਦਿਆ ਗੁਰਦੁਆਰਿਆਂ, ਟਕਸਾਲਾਂ, ਵਿਦਿਆਲਿਆਂ ਤੱਕ ਸੀਮਤ ਨਾ ਰਹਿ ਕੇ ਸੰਸਥਾਗਤ ਅਕਾਦਮਿਕ ਸੰਸਥਾਵਾਂ ਦਾ ਹਿੱਸਾ ਬਣ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਨੇ ਸੰਗੀਤ ਵਿਸ਼ੇ ਵਿਚ ਭਾਵੇਂ ਗੁਰਮਤਿ ਸੰਗੀਤ ਨੂੰ ਅਲਪ ਸਥਾਨ ਹੀ ਦਿੱਤਾ ਗਿਆ ਹੈ। ਫਿਰ ਵੀ ਅਜੋਕੇ ਸਮੇਂ ਵਿਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਗੁਰਮਤਿ ਸੰਗੀਤ ਵਿਸ਼ਾ ਲਾਗੂ ਹੋ ਚੁੱਕਾ ਹੈ। ਇਸ ਵਿਸ਼ੇ ਵਿਚ ਪੋਸਟ ਗਰੈਜੂਏਸ਼ਨ ਤੇ ਪੀਐੱਚ.ਡੀ. ਤੱਕ ਖੋਜ ਕਾਰਜ ਕਰਵਾਏ ਜਾ ਰਹੇ ਹਨ। ਬਹੁਤ ਸਾਰੇ ਖੋਜਾਰਥੀ ਗੁਰਮਤਿ ਸੰਗੀਤ ਵਿਭਾਗ ਵਿਚ ਗੁਰਮਤਿ ਸੰਗੀਤ ਦੇ ਵੱਖ-ਵੱਖ ਵਿਸ਼ਿਆਂ ਤੇ ਖੋਜ ਕਰ ਰਹੇ ਹਨ।

ਵਰਤਮਾਨ ਸੰਦਰਭ ਵਿਚ ਗੁਰਮਤਿ ਸੰਗੀਤ ਦੀ ਇਸ ਟਕਸਾਲੀ ਮੌਖਿਕ ਗੁਰਮਤਿ ਸੰਗੀਤ ਵਿਦਿਆ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਤਾਂ ਜੋ ਰਾਗ, ਗਾਇਨ ਸ਼ੈਲੀਆਂ ਤੇ ਸ਼ਬਦ ਗਾਇਕੀ ਦੇ ਪ੍ਰਸੰਗ ਵਿਚ ਗੁਰਮਤਿ ਸੰਗੀਤ ਦੇ ਮੂਲ, ਮੌਲਿਕ ਤੇ ਪਰਮਾਣਿਕ ਨਕਸ਼ ਤਲਾਸ਼ੇ ਜਾ ਸਕਣ। ਇੱਥੇ ਇਹ ਵਰਣਨਯੋਗ ਹੈ ਕਿ ਗੁਰਮਤਿ ਸੰਗੀਤ ਦੀਆਂ ਟਕਸਾਲੀ ਰਚਨਾਵਾਂ ਵੱਖ ਵੱਖ ਟਕਸਾਲਾਂ ਦੇ ਕੀਰਤਨੀਆਂ ਵਿਚ ਪ੍ਰਚਾਰ ਅਧੀਨ, ਜੋ ਗੁਰੂ ਕਾਲ ਦੀ ਗੁਰਮਤਿ ਸੰਗੀਤ ਪ੍ਰਣਾਲੀ ਤੋਂ ਪ੍ਰਚਲਿਤ ਹਨ। ਇਸੇ ਲਈ ਇਨ੍ਹਾਂ ਟਕਸਾਲਾਂ ਦੀ ਕੀਰਤਨ ਸਮੱਗਰੀ ਪੰਥਕ ਵਿਰਾਸਤ ਹੈ ਨਾ ਕਿ ਕਿਸੇ ਇਕ ਖਾਨਦਾਨ ਜਾਂ ਟਕਸਾਲ ਦੀ।

ਸੰਤ ਬਾਬਾ ਅਤਰ ਸਿੰਘ ਜੀ ਦੁਆਰਾ ਵਰੋਸਾਈ, ਮਸਤੂਆਣਾ ਟਕਸਾਲ ਗੁਰਮਤਿ ਵਿਦਿਆ ਦੇ ਪ੍ਰਚਾਰ ਪਸਾਰ ਦਾ ਵਿਸ਼ਾਲ ਕੇਂਦਰ ਰਹੀ ਹੈ ਜਿਸ ਵਿਚ ਕਈ ਉਸਤਾਦਾਂ ਨੇ ਆਪਣੇ ਕਈ ਸ਼ਾਗਿਰਦਾਂ ਦੀਆਂ ਪੀੜੀਆਂ ਨੂੰ ਸਿਖਾਇਆ। ਅੱਜ ਇਹ ਕੀਰਤਨੀਏ ਕਈ ਪੀੜ੍ਹੀਆਂ ਤੋਂ ਇਸ ਟਕਸਾਲ ਦੇ ਕੀਰਤਨੀਆਂ ਵਜੋਂ ਸੇਵਾ ਕਰ ਰਹੇ ਹਨ। ਅੱਜ ਵੀ ਇਸ ਟਕਸਾਲ ਦੇ ਕੀਰਤਨੀਏ ਮਸਤੂਆਣਾ ਟਕਸਾਲ ਦੀ ਇਹ ਵਿਦਿਆ ਸਿੱਖ-ਸਿੱਖਾ ਰਹੇ ਹਨ।

ਗੁਰਮਤਿ ਸੰਗੀਤ ਦੀਆਂ ਵਿਭਿੰਨ ਟਕਸਾਲਾਂ ਵਿਚੋਂ ਕੀਰਤਨ ਦੀ ਇਕ ਹੋਰ ਵਿਸ਼ਾਲ ਟਕਸਾਲ ਸੰਤ ਬਾਬਾ ਅਤਰ ਸਿੰਘ ਦੁਆਰਾ ਮਸਤੂਆਣਾ ਸਾਹਿਬ ਵਿਖੇ ਸਥਾਪਤ ਕੀਤੀ ਗਈ। ਸੰਤ ਬਾਬਾ ਅਤਰ ਸਿੰਘ ਨੇ 1901 ਵਿਚ ਪਿੰਡ ਬਹਾਦਰਪੁਰ ਦੇ ਮਸਤੂ ਜੱਟ ਦੀ ਜ਼ਮੀਨ ਨੂੰ ਗੁਰਬਾਣੀ ਤੇ ਗੁਰਮਤਿ ਪ੍ਰਵਾਹ ਦਾ ਕੇਂਦਰ ਬਣਾਇਆ, ਜਿਸ ਨੂੰ ਅਸੀਂ ਸਾਰੇ ਮਸਤੂਆਣਾ ਸਾਹਿਬ ਨਾਮ ਨਾਲ ਜਾਣਦੇ ਹਾਂ। ਇਥੇ ਹੀ 1901 ਵਿਚ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਸੰਤ ਅਤਰ ਸਿੰਘ ਇਸ ਸਥਾਨ ‘ਤੇ ਆਉਣ ਤੋਂ ਪਹਿਲਾਂ ਪੋਠੋਹਾਰ ਵਿਖੇ ਹੀ ਸ਼ਬਦ ਕੀਰਤਨ ਦੁਆਰਾ ਪ੍ਰਚਾਰ ਕਰਦੇ ਰਹੇ। ਰਾਗੀ ਕੇਹਰ ਸਿੰਘ ਜੋ ਰਾਗਦਾਰੀ ਦੇ ਕੀਰਤਨ ਵਿਚ ਨਿਪੁੰਨ ਗੁਣੀਜਨ ਸਨ, ਆਪ ਨਾਲ ਮਸਤੂਆਣਾ ਸਾਹਿਬ ਵਿਖੇ ਆਏ। ਲੋਕ ਸੰਗੀਤ ਵਿਚ ਭਿੱਜੇ ਮਨਾਂ ਵਿਚ ਸ਼ਬਦ ਤੇ ਬਾਣੀ ਵਸਾਉਣ ਲਈ ਬਾਬਾ ਜੀ ਨੇ ਜਿਥੇ ਲੋਕ ਧਾਰਨਾਵਾਂ ਦੇ ਕੀਰਤਨ ਨੂੰ ਪ੍ਰਚਾਰਿਆ, ਉਥੇ ਉਨ੍ਹਾਂ ਆਪਣੇ ਵਿਦਿਆਲੇ ਦੇ ਵਿਦਿਆਰਥੀਆਂ ਨੂੰ ਵੀ ਕੀਰਤਨ ਵੱਲ ਪ੍ਰੇਰਿਆ। ਸੰਤਾਂ ਦੀ ਪ੍ਰੇਰਨਾ ਨਾਲ ਹੀ ਢਾਡੀ ਕੇਹਰ ਸਿੰਘ (ਬਹਾਦਰਪੁਰ) ਅੰਮ੍ਰਿਤ ਪਾਨ ਕਰਕੇ ਗੁਰੂ-ਘਰ ਦੇ ਕੀਰਤਨੀਏ ਬਣੇ ਅਤੇ ਉਮਰ ਭਰ ਆਪ ਸਾਰੰਗੀ ਸਾਜ਼ ਨਾਲ ਕੀਰਤਨ ਕਰਦੇ ਰਹੇ।

ਮਸਤੂਆਣਾ ਟਕਸਾਲ ਬੁੰਗਾ ਦਮਦਮਾ ਸਾਹਿਬ ਤੋਂ ਵੀ ਗੁਰਮਤਿ ਤੇ ਕੀਰਤਨ ਸਿੱਖਿਆ ਦਾ ਪ੍ਰਵਾਹ ਚਲਾਉਂਦਾ ਰਿਹਾ। ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰੂ ਦਰਬਾਰਾਂ ਲਈ ਕੀਰਤਨੀਏ ਇਸ ਟਕਸਾਲ ਵਿਚੋਂ ਗੁਰਮਤਿ ਸੰਗੀਤ ਦੀ ਸਿਖਿਆ ਪ੍ਰਾਪਤ ਕਰਦੇ ਰਹੇ। ਇਸ ਟਕਸਾਲ ਦੀ ਜ਼ਿਆਦਾ ਪ੍ਰਸਿੱਧਤਾ ਰਾਗੀ ਜਸਵੰਤ ਸਿੰਘ ਤੀਬਰ ਦੇ ਯੋਗਦਾਨ ਨਾਲ ਹੋਈ, ਜਿਨ੍ਹਾਂ ਨੂੰ ਸੰਤ ਤੇਜਾ ਸਿੰਘ ਨੇ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਨਾਨਕਸਰ ਚੀਮਾ ਵਿਖੇ 1959 ਤੋਂ 1961 ਈ: ਤੱਕ ਕੀਰਤਨ ਸੇਵਾ ਕਰਨ ਦਾ ਅਵਸਰ ਦਿੱਤਾ। ਉਪਰੰਤ ਸੰਤ ਬਾਬਾ ਕਿਸ਼ਨ ਸਿੰਘ ਅਤੇ ਸੰਤ ਨਾਹਰ ਸਿੰਘ ਦੇ ਸਮੇਂ 1962 ਤੋਂ 1964 ਈ:, 1967-1968 ਅਤੇ ਫਿਰ 1973 ਤੋਂ 1976 ਈ: ਤੱਕ ਮਸਤੂਆਣਾ ਸਾਹਿਬ ਵਿਖੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੰਦੇ ਰਹੇ। ਜਸਵੰਤ ਸਿੰਘ ਤੀਬਰ ਗੁਰਮਤਿ ਸੰਗੀਤ ਦੇ ਮਹਾਨ ਉਸਤਾਦ ਸਨ। ਆਪ ਦੇ ਚਾਰ ਸ਼ਾਗਿਰਦ ਭਾਈ ਕਰਮ ਸਿੰਘ ਨਿਹੰਗ ਅਤੇ ਭਾਈ ਜਰਨੈਲ ਸਿੰਘ ਲੌਂਗੋਵਾਲ ਗੁਰਦੁਆਰਾ ਬੁੰਗਾ ਮਸਤੂਆਣਾ (ਦਮਦਮਾ ਸਾਹਿਬ), ਉਸਤਾਦ ਸੁਰਜੀਤ ਸਿੰਘ ਨਾਨਕਸਰ ਚੀਮਾ ਵਿਖੇ ਅਤੇ ਭਾਈ ਲਾਲ ਸਿੰਘ ਧਨੌਲਾ (ਉਸਤਾਦ) ਮਸਤੂਆਣਾ ਸਾਹਿਬ ਵਿਖੇ ਕੀਰਤਨ ਸਿਖਲਾਈ ਦੀ ਸੇਵਾ ਕਰਕੇ ਉਸਤਾਦਾਂ ਵਜੋਂ ਪ੍ਰਸਿੱਧ ਹੋਏ। ਆਪ ਗੁਰਮਤਿ ਸੰਗੀਤ ਤੇ ਭਾਰਤੀ ਸੰਗੀਤ ਰਾਗ ਪਰੰਪਰਾ ਅਨੁਸਾਰ ਕੀਰਤਨ ਦੀ ਦਾਤ ਵੰਡ ਰਹੇ ਹਨ। ਮਸਤੂਆਣਾ ਸਾਹਿਬ ਵਿਖੇ ਆਪ ਨੇ ਲੰਮਾ ਸਮਾਂ ਕਈ ਵਾਰੀ ਸੇਵਾ ਕੀਤੀ। ਮਸਤੂਆਣਾ ਸਾਹਿਬ ਵਿਖੇ ਆਪ ਪਾਸੋਂ ਰਾਗੀ ਭਾਈ ਪ੍ਰੀਤਮ ਸਿੰਘ ਸਾਰੋਂ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਜੀਤ ਸਿੰਘ ਸਤਰ, ਰਾਗੀ ਮੁਖਤਿਆਰ ਸਿੰਘ ਮੁਖੀ, ਭਾਈ ਕੁਲਤਾਰ ਸਿੰਘ ਚੰਡੀਗੜ੍ਹ, ਪ੍ਰੋ: ਭਾਗ ਸਿੰਘ ਦੇਹਰਾਦੂਨ, ਰਾਗੀ ਭਾਈ ਜਰਨੈਲ ਸਿੰਘ ਲੌਂਗੋਵਾਲ, ਭਾਈ ਨਿਰੰਜਣ ਸਿੰਘ ਜਵੱਦੀ ਕਲਾਂ, ਪ੍ਰੋ. ਕਰਮ ਸਿੰਘ ਰਸੀਆ, ਸ: ਮਨਜੀਤ ਸਿੰਘ ਸਾਗਰ (ਟਰਾਂਸਪੋਰਟਰ) ਧਨੌਲਾ, ਭਾਈ ਜਗੀਰ ਸਿੰਘ ‘ਸ਼ਾਂਤ’, ਭਾਈ ਪਿਆਰਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਨਾਨਕਿਆਣਾ ਸਾਹਿਬ, ਭਾਈ ਜਗਤ ਸਿੰਘ ਧੂਰੀ, ਮਾਸਟਰ ਹਰਮਿੰਦਰ ਸਿੰਘ ਧੂਰੀ ਆਦਿ ਹੋਰ ਬਹੁਤ ਸਾਰੇ ਵਿਦਿਆਰਥੀਆਂ ਨੇ ਕੀਰਤਨ ਸਿੱਖਿਆ ਪ੍ਰਾਪਤ ਕੀਤੀ। ਇਨ੍ਹਾਂ ਤੋਂ ਇਲਾਵਾ ਰਾਗੀ ਸੰਤੋਖ ਸਿੰਘ, ਰਾਗੀ ਭਾਈ ਕੁਲਵੰਤ ਸਿੰਘ, ਸਵਰਗਵਾਸੀ ਰਾਗੀ ਭਾਈ ਅਮਰੀਕ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਆਦਿ ਵੀ ਆਪ ਦੇ ਪ੍ਰਸਿੱਧ ਸ਼ਾਗਿਰਦ ਸਨ।

ਉਸਤਾਦ ਜਸਵੰਤ ਸਿੰਘ ਤੀਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਮੁੱਖ ਸ਼ਾਗਿਰਦ ਉਸਤਾਦ ਰਾਗੀ ਭਾਈ ਲਾਲ ਸਿੰਘ ਧਨੌਲਾ ਜਿਨ੍ਹਾਂ ਨੇ ਸੰਤ ਬਾਬਾ ਆਸਾ ਸਿੰਘ ਦੇ ਹੁਕਮ ਨਾਲ 1982-83 ਤੋਂ ਲੈ ਕੇ 2000 ਤੱਕ ਲੰਮਾ ਸਮਾਂ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਵਿਖੇ ਕੀਰਤਨ ਦੀ ਸਿੱਖਿਆ ਆਰੰਭ ਕੀਤੀ। ਅੱਜਕਲ ਰਾਗੀ ਅਵਤਾਰ ਸਿੰਘ ਹੰਸ ਗੁਰਮਤਿ ਸੰਗੀਤ ਦੀ ਇਸ ਟਕਸਾਲ ਦੀ ਵਿੱਦਿਆ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਦੇ ਰਹੇ ਹਨ। ਸੰਖੇਪ ਰੂਪ ਵਿਚ ਗੁਰਮਤਿ ਸੰਗੀਤ ਦੀ ਮਸਤੂਆਣਾ ਟਕਸਾਲ ਦੇ ਵਰਣਨ ਦਾ ਮਨੋਰਥ ਇਹ ਹੈ ਕਿ ਗੁਰਮਤਿ ਸੰਗੀਤ ਦੀਆਂ ਇਨ੍ਹਾਂ ਟਕਸਾਲਾਂ ਨੇ ਅਨੇਕ ਉਸਤਾਦ ਕੀਰਤਨੀਏ ਸੰਗੀਤ ਜਗਤ ਨੂੰ ਦਿੱਤੇ ਹਨ। ਇਸ ਟਕਸਾਲ ਨਾਲ ਸਬੰਧਿਤ ਕੀਰਤਨੀਏ ਤੇ ਅਧਿਆਪਕ ਭਾਈ ਮੁਖਤਿਆਰ ਸਿੰਘ ‘ਮੁਖੀ’, ਭਾਈ ਪਿਆਰਾ ਸਿੰਘ, ਮਹੰਤ ਸੁਰਜੀਤ ਸਿੰਘ, ਭਾਈ ਦਿਆਲ ਸਿੰਘ, ਭਾਈ ਅਵਤਾਰ ਸਿੰਘ ਹੰਸ, ਰਾਗੀ ਜਰਨੈਲ ਸਿੰਘ ਲੌਂਗੋਵਾਲ, ਰਾਗੀ ਲਾਲ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਗੁਰਜੰਟ ਸਿੰਘ ਰਾਹੀ, ਸ. ਕਰਮ ਸਿੰਘ ਰਸੀਆ, ਸ. ਗੁਰਜਿੰਦਰ ਸਿੰਘ ਰਸੀਆ ਇਸ ਟਕਸਾਲ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ।

ਮਸਤੂਆਣਾ ਟਕਸਾਲ ਦੀ ਕੀਰਤਨ ਸਮੱਗਰੀ ਨੂੰ ਲੇਖਕ (ਡਾ. ਗੁਰਨਾਮ ਸਿੰਘ) ਦੀ ਦੇਖ-ਰੇਖ ਵਿਚ ਡਾ. ਜਬਰਜੰਗ ਸਿੰਘ ਪਟਿਆਲਾ ਨੇ ਕੀਤਾ ਅਤੇ ਗੁਰਮਤਿ ਫਾਉਂਡੇਸ਼ਨ ਵਲੋਂ ਵਿਸ਼ੇਸ਼ ਰੂਪ ਵਿਚ ‘ਮਸਤੂਆਣਾ ਟਕਸਾਲ ਦੀਅ ਸ਼ਬਦ ਕੀਰਤਨ ਰਚਨਾਵਾਂ’ ਵਜੋਂ ਪ੍ਰਕਾਸ਼ਿਤ ਕਰਵਾਇਆ ਗਿਆ ਹੈ। ਸੰਗੀਤ ਰਚਨਾਵਾਂ ਦੀ ਇਹ ਵਿਰਾਸਤ ਇਸ ਟਕਸਾਲ ਦੀ ਪੁਨਰ ਸੁਰਜੀਤੀ ਲਈ ਜਿਥੇ ਵਿਸ਼ੇਸ਼ ਹੈ ਓਥੇ ਹੋਰ ਕੀਰਤਨ ਟਕਸਾਲਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਮਿਸਾਲ ਹੈ।

* ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *