*ਗੁਰਨਾਮ ਸਿੰਘ (ਡਾ.)
ਸ਼ਬਦ ਕੀਰਤਨ ਦੇ ਖੇਤਰ ਵਿਚ ਵੱਖ-ਵੱਖ ਗੁਰ ਅਸਥਾਨ ਸਿੱਖ ਪਰੰਪਰਾਵਾਂ ਦੇ ਪ੍ਰਚਾਰ ਪਸਾਰ ਲਈ ਵਿਸ਼ੇਸ਼ ਕੇਂਦਰਾਂ ਵਜੋਂ ਵੀ ਉਭਰੇ। ਕਈ ਪੀੜੀਆਂ ਤੱਕ ਨਿੰਰਤਰ ਸਿਖਲਾਈ ਦੀ ਪਰੰਪਰਾ ਨੂੰ ਟਕਸਾਲੀ ਵਿੱਦਿਆ ਦੇ ਕੇਂਦਰ ਵਜੋਂ ਸ਼ਬਦ ਕੀਰਤਨ ਟਕਸਾਲਾਂ ਵਜੋਂ ਸਰੂਪਤ ਕੀਤਾ।
ਗੁਰੂ ਘਰ ਦੀ ਕੀਰਤਨ ਪਰੰਪਰਾ ਵਿਚ ਤਰਨਤਾਰਨ ਟਕਸਾਲ ਦਾ ਵਿਸ਼ੇਸ਼ ਸਥਾਨ ਹੈ। ਜਿਸ ਟਕਸਾਲ ਦੇ ਕੀਰਤਨ ਦਾ ਵਿਸ਼ੇਸ਼ ਅੰਦਾਜ਼ ਹੈ। ਜੋ ਵਰਤਮਾਨ ਸਮੇਂ ਸ਼ਬਦ ਗਾਇਕੀ ਦੀ ਵਿਸ਼ਿਸ਼ਟਤਾ ਨੂੰ ਸਰੂਪਿਤ ਕਰਨ ਵਿਚ ਵਿਸ਼ੇਸ਼ ਰੂਪ ਵਿਚ ਸਹਾਈ ਹੋ ਰਿਹਾ ਹੈ। ਸਮਕਾਲੀ ਸੰਦਰਭ ਵਿਚ ਸ਼ਬਦ ਗਾਇਕੀ ਦੇ ਇਸ ਅੰਦਾਜ਼ ਨੂੰ ਅਸੀਂ ਸਵਰਗੀ ਭਾਈ ਬਖਸ਼ੀਸ਼ ਸਿੰਘ ਅਤੇ ਭਾਈ ਬਲਬੀਰ ਸਿੰਘ ਹੋਰਾਂ ਦੀ ਵਿਲੱਖਣ ਗਾਇਕੀ ਤੋਂ ਪਛਾਣ ਸਕਦੇ ਹਾਂ।
ਉਨੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਸੰਤ ਈਸ਼ਰ ਸਿੰਘ ਜੀ ਦੁਆਰਾ ਤਰਨਤਾਰਨ ਦੇ ਇਤਿਹਾਸਕ ਗੁਰ ਅਸਥਾਨ ਉਤੇ ਇਸ ਟਕਸਾਲ ਦੀ ਸਥਾਪਨਾ ਹੋਈ ਦਸੀ ਜਾਂਦੀ ਹੈ। ਵੱਖ-ਵੱਖ ਸਮੇਂ ਇਸ ਟਕਸਾਲ ਦੀ ਨਿਰੰਤਰਤਾ ਕਾਇਮ ਨਹੀਂ ਰਹਿ ਸਕੀ ਪਰੰਤੂ ਇਸ ਟਕਸਾਲ ਦਾ ਵਿਸ਼ੇਸ਼ ਯੋਗਦਾਨ ਗੁਰਮਤਿ ਸੰਗੀਤ ਦੇ ਇਤਿਹਾਸਕ ਵਿਕਾਸ ਦਾ ਵਿਸ਼ੇਸ਼ ਹਿੱਸਾ ਰਿਹਾ ਹੈ। ਮਾਸਟਰ ਨੱਥੂ ਰਾਮ ਆਪਣੇ ਸਮੇਂ ਦੇ ਪ੍ਰਸਿੱਧ ਉਸਤਾਦ ਗਾਇਕ ਸਨ। ਪੰਡਤ ਨੱਥੂ ਰਾਮ ਨੇ ਇਸ ਟਕਸਾਲ ਵਿਚ ਤਿੰਨ ਦਹਾਕੇ ਗਾਇਨ ਤੇ ਵਾਦਨ ਦੀ ਤਾਲੀਮ ਦਿੱਤੀ ਅਤੇ ਇਸ ਇਲਾਕੇ ਦੇ ਸੰਗੀਤ ਸਿਖਿਆਰਥੀਆਂ ਨੂੰ ਸ਼ਾਸਤਰੀ ਸੰਗੀਤ ਦੀ ਤਾਲੀਮ ਦਿੰਦਿਆਂ ਗੁਰੂ ਘਰ ਦੇ ਕੀਰਤਨ ਲਈ ਅਨੇਕ ਨਾਮਵਰ ਕੀਰਤਨੀਏ ਪ੍ਰਦਾਨ ਕੀਤੇ।
ਤਰਨਤਾਰਨ ਟਕਸਾਲ ਦੇ ਪ੍ਰਮੁੱਖ ਕੀਰਤਨੀਆਂ ਵਿਚ ਭਾਈ ਪੂਰਨ ਸਿੰਘ ਦਾ ਨਾਮ ਵਿਸ਼ੇਸ਼ ਹੈ ਜਿਨ੍ਹਾਂ ਦੀ ਬੁਲੰਦ, ਸੁਰੀਲੀ, ਸਪਸ਼ਟ ਤੇ ਗੰਭੀਰ ਗਾਇਕੀ ਨੂੰ ਵੀ ਬਜ਼ੁਰਗ ਕੀਰਤਨੀਏ ਯਾਦ ਕਰਦੇ ਹਨ। ਆਪ ਕੀਰਤਨ ਦੇ ਨਾਲ ਸ਼ਬਦ ਦੇ ਵਿਖਿਆਨ ਵਿਚ ਵੀ ਕਮਾਲ ਦੀ ਮੁਹਾਰਤ ਰਖਦੇ ਸਨ। ਐਲ.ਪੀ. ਦੇ ਰੂਪ ਵਿਚ ਆਪ ਦੀ ਕੁਝ ਰਿਕਾਰਡਿੰਗਜ਼ ਵੀ ਹੋਈਆਂ। ਭਾਈ ਪੂਰਨ ਸਿੰਘ ਅਤੇ ਭਾਈ ਰਣਧੀਰ ਸਿੰਘ ਇਸ ਟਕਸਾਲ ਦੇ ਨਾਮਵਰ ਕੀਰਤਨੀਏ ਹੋਏ ਹਨ। ਭਾਈ ਸੰਤੂ ਤਰਨਤਾਰਨ ਦੇ ਪ੍ਰਸਿੱਖ ਪਖਾਵਜੀ ਹੋਏ ਹਨ ਅਤੇ ਰਾਗੀ ਭਾਈ ਬਲਬੀਰ ਸਿੰਘ ਦੇ ਪਿਤਾ ਭਾਈ ਸੰਤਾ ਸਿੰਘ ਜੀ ਵੀ ਇਸ ਟਕਸਾਲ ਨਾਲ ਸਬੰਧਿਤ ਰਹੇ ਅਤੇ ਕਈ ਵਰ੍ਹੇ ਵਿਦਿਆਰਥੀਆਂ ਨੂੰ ਤਾਲੀਮ ਦਿੰਦੇ ਰਹੇ। ਮਾਸਟਰ ਪ੍ਰੇਮ ਸਿੰਘ ਪਤੰਗ ਦਾ ਨਾਮ ਵੀ ਇਸ ਟਕਸਾਲ ਦੇ ਉਸਤਾਦ ਕੀਰਤਨੀਆਂ ਵਿਚ ਆਉਂਦਾ ਹੈ ਜਿਨ੍ਹਾਂ ਅਗਾਂਹ ਵੀ ਕਈ ਵਿਦਿਆਰਥੀਆਂ ਨੂੰ ਟਕਸਾਲ ਦੀ ਤਾਲੀਮ ਦਿੱਤੀ। ਭਾਈ ਬਖਸ਼ੀਸ਼ ਸਿੰਘ ਦੇ ਪਿਤਾ ਭਾਈ ਕ੍ਰਿਪਾਲ ਸਿੰਘ ਜੀ ਇਸ ਟਕਸਾਲ ਨਾਲ ਸਬੰਧਿਤ ਰਹੇ ਅਤੇ ਆਪ ਦਾ ਭਰਾਤਾ ਭਾਈ ਗੁਰਦੀਪ ਸਿੰਘ ਤਰਤਾਰਨ ਟਕਸਾਲ ਦੇ ਤਬਲਾ ਵਾਦਕ ਰਹੇ ਹਨ। ਤਰਨਤਾਰਨ ਟਕਸਾਲ ਦੇ ਦੂਸਰੇ ਪ੍ਰਸਿੱਧ ਕੀਰਤਨੀਏ ਭਾਈ ਬਲਬੀਰ ਸਿੰਘ ਵਰਤਮਾਨ ਸਮੇਂ ਇਸ ਟਕਸਾਲ ਦੀ ਪ੍ਰਤਿਨਿਧਤਾ ਕਰ ਰਹੇ ਹਨ। ਰਾਗੀ ਭਾਈ ਬਲਬੀਰ ਸਿੰਘ ਦੇ ਭਰਾਤਾ ਭਾਈ ਚੱਤਰ ਸਿੰਘ ਗਾਇਕੀ ਵਿਚ ਅਤੇ ਜੋੜੀ ਵਿਚ ਸਾਥ ਵਾਦਨ ਦੀ ਵਿਸ਼ੇਸ਼ ਮੁਹਾਰਤ ਰਖਣ ਵਾਲੇ ਭਾਈ ਮਹਿੰਦਰ ਸਿੰਘ ਦਾ ਅੱਜ ਵੀ ਪ੍ਰਮੁੱਖ ਤਬਲਾ ਵਾਦਕਾਂ ਵਿਚ ਜ਼ਿਕਰ ਆਉਂਦਾ ਹੈ।
ਤਰਨਤਾਰਨ ਟਕਸਾਲ ਦੀ ਕੀਰਤਨ ਗਾਇਕੀ ਗੁਰਮਤਿ ਸੰਗੀਤ ਦੀ ਸ਼ਬਦ ਗਾਇਕੀ ਨੂੰ ਸਰੂਪਿਤ ਕਰਨ ਵਿਚ ਵਿਸ਼ੇਸ਼ ਸਹਾਈ ਹੁੰਦੀ ਹੈ। ਇਸ ਦੀ ਸਪਸ਼ਟ ਪਛਾਣ ਅਸੀਂ ਭਾਈ ਬਖਸ਼ੀਸ਼ ਸਿੰਘ ਅਤੇ ਭਾਈ ਬਲਬੀਰ ਸਿੰਘ ਦੀ ਗਾਇਕੀ ਤੋਂ ਕਰ ਸਕਦੇ ਹਾਂ। ਸ਼ਬਦ ਗਾਇਕੀ ਲਈ ਸ਼ਬਦ ਦੀ ਪ੍ਰਧਾਨਤਾ ਤੇ ਸ਼ਬਦ ਦਾ ਸਪਸ਼ਟ ਉਚਾਰਣ ਇਸ ਟਕਸਾਲ ਦੀ ਵਿਸ਼ੇਸ਼ਤਾ ਹੈ ਜਿਸ ਲਈ ਗੁਰਬਾਣੀ ਸੰਥਿਆ ਨੂੰ ਇਸ ਤਾਲੀਮ ਦਾ ਲਾਜ਼ਮੀ ਹਿੱਸਾ ਮੰਨਿਆ ਜਾਂਦਾ ਹੈ। ਅੱਖਰਾਂ ਦੇ ਉਚਾਰਣ ‘ਤੇ (ਮੁਹਾਰਨੀ) ਅਤੇ ਹਰ ਸ਼ਬਦ ਜੋੜ ਦੇ ਗਾਇਨ ਉਚਾਰਣ ਨੂੰ ਸਪਸ਼ਟ ਕਰਨਾ ਇਸ ਟਕਸਾਲ ਦੀ ਗਾਇਕੀ ਦਾ ਹਿੱਸਾ ਹੈ। ਰਾਗਦਾਰੀ ਦੀ ਪਕੇਰੀ ਪਕੜ੍ਹ ਇਸ ਟਕਸਾਲ ਦੀ ਵਿਸ਼ੇਸ਼ ਪਛਾਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਤੋਂ ਇਲਾਵਾ ਪੰਡਤ ਨੱਥੂ ਰਾਮ ਜੀ ਦੇ ਪ੍ਰਭਾਵ ਸਦਕਾ ਹਿੰਦੁਸਤਾਨੀ ਸੰਗੀਤ ਦੇ ਰਾਗਾਂ ਦਾ ਪ੍ਰਵਾਹ ਵੀ ਇਸ ਟਕਸਾਲ ਵਿਚ ਹੈ। ਤਾਲ ਤੇ ਲੈਅ ਲਈ ਜੋੜੀ ਉਤੇ ਪਖਾਵਜ ਦੀ ਬੁਨਿਆਦੀ ਤਾਲੀਮ ਵੀ ਇਸ ਟਕਸਾਲ ਦਾ ਹਿੱਸਾ ਰਹੀ। ਇਸ ਟਕਸਾਲ ਦੇ ਕੀਰਤਨੀਏ ਗਾਇਕੀ ਦੇ ਨਾਲ-ਨਾਲ ਤਾਲ ਦਾ ਕਿਰਿਆਤਮਕ ਅਭਿਆਸ ਵੀ ਕਰਦੇ ਰਹੇ ਅਤੇ ਖੁਦ ਅੱਡੇ ਤਬਲਾ ਵਾਦਕ ਵੀ ਰਹੇ। ਭਾਈ ਬਲਬੀਰ ਸਿੰਘ ਜਿੰਨ੍ਹੀ ਗਾਇਕੀ ਵਿਚ ਮੁਹਾਰਤ ਰਖਦੇ ਹਨ, ਉਨ੍ਹਾਂ ਨੂੰ ਤਬਲੇ ਦਾ ਸਬਕ ਵੀ ਉਨ੍ਹਾਂ ਹੀ ਯਾਦ ਹੈ। ਇਹੀ ਕਾਰਨ ਹੈ ਕਿ ਇਸ ਟਕਸਾਲ ਦੀਆਂ ਸ਼ਬਦ ਕੀਰਤਨ ਰਚਨਾਵਾਂ ਤਾਲ ਪੱਖੋਂ ਨਿਵੇਕਲੀ ਵਿਲੱਖਣਤਾ ਤੇ ਪਰਿਪੂਰਨਤਾ ਰਖਦੀਆਂ ਹਨ।
ਤਰਨਤਾਰਨ ਟਕਸਾਲ ਦੇ ਕੀਰਤਨੀਆਂ ਦੀ ਸੁਰੀਲੀ ਆਵਾਜ ਦਾ ਬੁਲੰਦ ਖੁੱਲਾ ਲਗਾਵ ਇਸ ਟਕਸਾਲ ਦੀ ਗਾਇਕੀ ਨੂੰ ਇਕ ਹੋਰ ਵਿਲੱਖਣਤਾ ਪ੍ਰਦਾਨ ਕਰਦਾ ਹੈ। ਕੰਠ ਸਾਧਨਾ ਇਸ ਟਕਸਾਲ ਦਾ ਵਿਸ਼ੇਸ਼ ਹਿੱਸਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦੇ ਗਾਇਨ ਦੇ ਨਾਲ ਸ੍ਰੀ ਦਸਮ ਗ੍ਰੰਥ ਤੇ ਸ੍ਰੀ ਸਰਬ ਲੋਹ ਗ੍ਰੰਥ ਦੀਆਂ ਬਾਣੀਆਂ ਨੂੰ ਇਸ ਟਕਸਾਲ ਦੇ ਕੀਰਤਨੀਆਂ ਨੇ ਬਾਖੂਬੀ ਗਾਇਆ ਹੈ। ਵਰਤਮਾਨ ਕੀਰਤਨਆਂ ਦੀ ਗਾਇਕੀ ਉਤੇ ਇਸ ਟਕਸਾਲ ਦੀ ਗਾਇਕੀ ਦਾ ਪ੍ਰਭਾਵ ਤਾਂ ਸਪਸ਼ਟ ਨਜ਼ਰੀ ਆਉਂਦਾ ਹੈ ਪਰੰਤੂ ਇਸ ਟਕਸਾਲ ਦੇ ਵਿਸ਼ੇਸ਼ ਅੰਦਾਜ਼ ਨੂੰ ਗਾਇਕੀ ਦੇ ਪੱਧਰ ਤੇ ਸੁਰੱਖਿਅਤ ਰੱਖਣ ਦੇ ਵਿਸ਼ੇਸ਼ ਉਪਰਾਲੇ ਨਹੀਂ ਹੋ ਰਹੇ। ਤਰਨਤਾਰਨ ਵਿਖੇ ਵੀ ਭਾਵੇਂ ਕੁਝ ਗੁਰਮਤਿ ਸੰਗੀਤ ਪ੍ਰੇਮੀ (ਭਾਈ ਜਸਪਾਲ ਸਿੰਘ ਆਦਿ) ਇਸ ਟਕਸਾਲ ਦੀ ਰੀਤ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਪਰੰਤੂ ਇਨ੍ਹਾਂ ਦੇ ਯਤਨਾਂ ਨੂੰ ਅੱਜੇ ਬੂਰ ਨਹੀਂ ਪੈ ਰਿਹਾ। ਜੇਕਰ ਤਰਨਤਾਰਨ ਟਕਸਾਲ ਦੀ ਸ਼ਬਦ ਗਾਇਕੀ ਨੂੰ ਕਾਇਮ ਰੱਖਣਾ ਹੈ ਤਾਂ ਜਰੂਰੀ ਹੈ ਕਿ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਦੀ ਅਗਵਾਈ ਵਿਚ ਮੁੜ ਟਕਸਾਲ ਦੀ ਪੁਨਰ ਸੁਰਜੀਤੀ ਕੀਤੀ ਜਾਵੇ ਤਾਂ ਜੋ ਇਸ ਟਕਸਾਲੀ ਗਾਇਕੀ ਦਾ ਪ੍ਰਵਾਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਕਾਇਮ ਰਹਿ ਸਕੇ।
ਗੁਰਮਤਿ ਸੰਗੀਤ ਦੀ ਇਕ ਹੋਰ ਟਕਸਾਲ ‘ਬੁੱਢਾ ਜੌਹੜ ਟਕਸਾਲ’ ਹੈ। ਪੰਜਾਬ ਤੋਂ ਦੂਰ ਇਸ ਟਕਸਾਲ ਦਾ ਇਸ ਖੇਤਰ ਵਿਚ ਵਿਸ਼ੇਸ਼ ਯੋਗਦਾਨ ਹੈ। ਬੁੱਢਾ ਜੋਹੜ ਅੱਜ ਤੋਂ ਦੋ ਸੌ ਸਾਲ ਪਹਿਲਾਂ ਗੁਰਮਤਿ ਸੰਗੀਤ ਦੇ ਕੇਂਦਰ ਵਜੋਂ ਪ੍ਰਸਿੱਧ ਹੋਇਆ। ਇਤਿਹਾਸ ਵਿਚ ਜਿਸ ਦਾ ਜ਼ਿਕਰ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਦੀ ਬਹਾਦਰੀ ਕਰਕੇ ਵਿਸ਼ੇਸ਼ ਹੈ। ਸ. ਸੁੱਖਾ ਸਿੰਘ ਪਿੰਡ ਕੰਬੋਮੜੀ ਅਤੇ ਸ. ਮਹਿਤਾਬ ਸਿੰਘ ਮੀਰਾਂਕੋਟ (ਅੰਮ੍ਰਿਤਸਰ) ਦੇ ਰਹਿਣ ਵਾਲੇ ਸਨ। ਇਨ੍ਹਾਂ ਨੇ ਸੰਨ 1740 ਵਿਚ ਮੱਸੇ ਰੰਗੜ ਦਾ ਸਿਰ ਕਲਮ ਕੀਤਾ ਸੀ ਜੋ ਕਿ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕਰ ਰਿਹਾ ਸੀ। ਬੁੱਢਾ ਜੋਹੜ ਦੇ ਇਸ ਪਵਿੱਤਰ ਸਥਾਨ ‘ਤੇ ਸਿੰਘਾਂ ਵਲੋਂ ਜਿਥੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਸੀ ਉਥੇ ਇਸ ਸਥਾਨ ਤੋਂ ਗੁਰਮਤਿ ਅਤੇ ਸ਼ਬਦ ਕੀਰਤਨ ਦਾ ਪ੍ਰਵਾਹ ਵੀ ਨਿਰੰਤਰ ਚਲਦਾ ਰਿਹਾ। ਇਸ ਸਥਾਨ ‘ਤੇ ਸੰਤ ਫਤਹਿ ਸਿੰਘ ਚੰਨਣ ਸਿੰਘ ਜੀ ਨੇ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਹੈ। ਗੁਰਮਤਿ ਸੰਗੀਤ ਦੇ ਪੱਖ ਤੋਂ ਵਾਚੀਏ ਤਾਂ ਵੱਖ-ਵੱਖ ਸਮੇਂ ਇਸ ਟਕਸਾਲ ਅਧੀਨ ਸਿੱਖ ਸੰਸਥਾਵਾਂ ਵਲੋਂ ਗੁਰਮਤਿ ਸੰਗੀਤ ਦਾ ਨਿਰੰਤਰ ਪ੍ਰਵਾਹ ਚਲ ਰਿਹਾ ਹੈ। ਇਸ ਸਥਾਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਸੰਤ ਫਤਹਿ ਸਿੰਘ ਚਨੰਣ ਸਿੰਘ ਸਿੱਖ ਮਿਸ਼ਨਰੀ ਕਾਲਜ’ ਅਤੇ ਸਥਾਨਕ ਸਥਾਪਿਤ ਟਰੱਸਟ ਵਲੋਂ ‘ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਗੁਰਮਤਿ ਸੰਗੀਤ ਵਿਦਿਆਲਿਆ’ ਚਲਾਇਆ ਜਾ ਰਿਹਾ ਹੈ। ਸਿੱਖ ਮਿਸ਼ਨਰੀ ਕਾਲਜ ਵਿਚ ਸਮੇਂ-ਸਮੇਂ ਪੰਥ ਦੇ ਪ੍ਰਸਿੱਧ ਸੰਗੀਤ ਵਿਦਵਾਨਾਂ ਨੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ। ਜਿਨ੍ਹਾਂ ਵਿਚ ਉਸਤਾਦ ਪ੍ਰੀਤਮ ਸਿੰਘ, ਭਾਈ ਗੋਪਾਲ ਸਿੰਘ ਅਤੇ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਨਾਮ ਪ੍ਰਮੁੱਖ ਹਨ। ਇਸ ਟਕਸਾਲ ਵਿਚੋਂ ਕਈ ਨਾਮੀ ਕੀਰਤਨੀਆਂ ਨੇ ਵਿਸ਼ਵ ਭਰ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ