*ਗੁਰਨਾਮ ਸਿੰਘ (ਡਾ.)
ਗੁਰਮਤਿ ਸੰਗੀਤ ਦੇ ਖੇਤਰ ਵਿਚ ਵੱਖ-ਵੱਖ ਕੀਰਤਨ ਟਕਸਾਲਾਂ ਨੇ ਸਮੇਂ-ਸਮੇਂ ਯੋਗਦਾਨ ਪਾਇਆ ਹੈ ਇਨ੍ਹਾਂ ਵਿਚੋਂ ਕਲੇਰਾਂ, ਸੇਵਾਪੰਥੀ, ਸਿੰਘਾਂ ਤੇ ਡੁਮੇਲੀ ਕੀਰਤਨ ਟਕਸਾਲਾਂ ਵੱਖ ਵੱਖ ਸਥਾਨਾਂ ’ਤੇ ਸਥਾਪਤ ਹਨ। ਵੱਖ-ਵੱਖ ਸੰਤ ਮਹਾਪੁਰਖਾਂ ਅਤੇ ਹੋਰ ਪੰਥਕ ਸ਼ਖਸੀਅਤਾਂ ਨੇ ਗੁਰਬਾਣੀ ਦੀ ਸੰਥਿਆ, ਵਿਆਖਿਆ ਪ੍ਰਣਾਲੀ, ਸ਼ਬਦ ਕੀਰਤਨ ਅਤੇ ਵੱਖ-ਵੱਖ ਸਾਜ਼ਾਂ ਦੀ ਸਿਖਲਾਈ ਪਰੰਪਰਾ ਨੂੰ ਸੰਸਥਾਗਤ ਰੂਪ ਵਿਚ ਵਿਕਸਤ ਕੀਤਾ। ਇਨ੍ਹਾਂ ਸਾਰਿਆਂ ਦਾ ਮਨੋਰਥ ਜਿਥੇ ਜਨ ਸਾਧਾਰਣ ਨੂੰ ਸਿੱਖੀ ਪਰੰਪਰਾ ਨਾਲ ਜੋੜਨਾ ਸੀ, ਉਥੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇਕ ਸੁਸਿਖਿਅਤ ਪ੍ਰਚਾਰਕ ਸ਼੍ਰੇਣੀ ਤਿਆਰ ਕਰਨਾ ਵੀ ਸੀ। ਆਪੋ ਆਪਣੇ ਅਨੁਸ਼ਾਸਨ ਅਤੇ ਵਿਧੀ ਵਿਧਾਨ ਦੁਆਰਾ ਇਨ੍ਹਾਂ ਸਾਰੀਆਂ ਸ਼ਖਸੀਅਤਾਂ ਨੇ ਵੱਖ-ਵੱਖ ਸਥਾਨਾਂ ’ਤੇ ਸਿਖਲਾਈ ਦੀ ਪਰੰਪਰਾ ਚਲਾਈ ਜੋ ਟਕਸਾਲੀ ਪਰੰਪਰਾ ਤੋਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਪ੍ਰਭਾਵਿਤ ਸੀ। ਇਸੇ ਕਰਕੇ ਇਨ੍ਹਾਂ ਸਥਾਨਾਂ ਤੋਂ ਸਿਖੇ ਹੋਏ ਸਿਖਿਆਰਥੀ ਆਪਣੀ ਪ੍ਰਮਾਣਿਕਤਾ ਦਰਸਾਉਣ ਲਈ ਇਨ੍ਹਾਂ ਟਕਸਾਲਾਂ ਦੇ ਵਿਦਿਆਰਥੀਆਂ ਵਜੋਂ ਪਰਿਚੈ ਦਿੰਦੇ ਰਹੇ। ਗੁਰਮਤਿ ਸੰਗੀਤ ਦੇ ਇਤਿਹਾਸਕ ਵਿਕਾਸ ਵਿਚ ਵੀ ਅਸੀਂ ਇਨ੍ਹਾਂ ਕੀਰਤਨ ਸਿਖਲਾਈ ਸਥਾਨਾਂ ਤੇ ਸੰਸਥਾਵਾਂ ਨੂੰ ਇਸੇ ਸੰਦਰਭ ਵਿਚ ਪਛਾਣਦੇ ਹਾਂ।
ਕਲੇਰਾਂ ਟਕਸਾਲ
ਸੰਤ ਬਾਬਾ ਨੰਦ ਸਿੰਘ ਜੀ ਦੀ ਅਗਵਾਈ ਵਿਚ ਨਾਮ ਸਿਮਰਨ ਤੇ ਬਾਣੀ ਪ੍ਰਵਾਹ ਦੇ ਨਾਲ-ਨਾਲ ਗੁਰੂ ਨਾਨਕ ਦੇ ਦਰੋਂ ਘਰੋਂ ਵਰੋਸਾਈ ਕੀਰਤਨ ਪਰੰਪਰਾ ਦੀ ਸਿਖਲਾਈ ਵੀ ਜ਼ਾਰੀ ਰਹੀ। ਪੰਥ ਪ੍ਰਸਿੱਧ ਕੀਰਤਨੀਏ ਸੰਤ ਸੁਜਾਨ ਸਿੰਘ ਜੀ ਇਸ ਟਕਸਾਲ ਨਾਲ ਸਬੰਧਿਤ ਰਹੇ। ਇਨ੍ਹਾਂ ਤੋਂ ਇਲਾਵਾ ਰਬਾਬੀ ਭਾਈ ਰਹੀਮ ਬਖ਼ਸ਼, ਕਰੀਮ ਬਖ਼ਸ਼ ਅਤੇ ਅਲੀ ਬਖ਼ਸ਼ ਤੋਂ ਇਲਾਵਾ ਪ੍ਰਸਿੱਧ ਤਬਲਾ ਵਾਦਕ ਭਾਈ ਨਸੀਰਾ ਵੀ ਇਸ ਟਕਸਾਲ ਨਾਲ ਸਬੰਧਤ ਰਹੇ। ਪ੍ਰਸਿੱਧ ਕੀਰਤਨਕਾਰ ਪ੍ਰੋ. ਦਰਸ਼ਨ ਸਿੰਘ, ਸਾਬਕਾ ਜਥੇਦਾਰ; ਭਾਈ ਹਰਬੰਸ ਸਿੰਘ ਜਗਾਦਰੀ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਦਵਿੰਦਰ ਸਿੰਘ ਸੋਢੀ ਆਦਿ ਇਸੇ ਟਕਸਾਲ ਦੇ ਵਰੋਸਾਏ ਕੀਰਤਨੀਏ ਹਨ।
ਭਾਈ ਕੇਹਰ ਸਿੰਘ ਇਸ ਟਕਸਾਲ ਦੇ ਸਮਕਾਲੀ ਉਸਤਾਦ ਕੀਰਤਨੀਆਂ ਵਿਚੋਂ ਪ੍ਰਮੁੱਖ ਹਨ। ਵਰਤਮਾਨ ਸਮੇਂ ਬਾਬਾ ਲੱਖਾ ਸਿੰਘ, ਬਾਬਾ ਘਾਲਾ ਸਿੰਘ ਦੀ ਅਗਵਾਈ ਵਿਚ ਇਸ ਟਕਸਾਲ ਦੀ ਕੀਰਤਨ ਪਰੰਪਰਾ ਦੀ ਸਿਖਲਾਈ ਦੇ ਪ੍ਰਵਾਹ ਨਾਨਕਸਰ ਕਲੇਰਾਂ ਵਿਖੇ ਨਿਰੰਤਰ ਚਲ ਰਹੇ ਹਨ ਜਿਥੇ ਸਮੇਂ-ਸਮੇਂ ਵੱਖ-ਵੱਖ ਉਸਤਾਦ ਕੀਰਤਨੀਏ ਕੀਰਤਨ ਦੀ ਸਿਖਲਾਈ ਦਿੰਦੇ ਆ ਰਹੇ ਹਨ। (ਇਥੇ ਸਾਰਿਆਂ ਦੇ ਨਾਮ ਦੇਣੇ ਸੰਭਵ ਨਹੀਂ)
ਸੇਵਾਪੰਥੀ ਟਕਸਾਲ
ਭਾਈ ਕਨ੍ਹਈਆ ਜੀ ਦੁਆਰਾ ਗੁਰੂ ਘਰ ਦੀ ਸੇਵਾ ਸੰਭਾਲ ਅਤੇ ਅਨਿਨ ਸ਼ਰਧਾ ਸਾਡੇ ਇਤਿਹਾਸ ਦਾ ਵਿਸ਼ੇਸ਼ ਹਿੱਸਾ ਹੈ ਜਿਨ੍ਹਾਂ ਨੇ ਗੁਰਮਰਿਆਦਾ ਨੂੰ ਆਪਣੇ ਜੀਵਨ ਦਾ ਅਨਿੱਖੜ ਅੰਗ ਬਣਾਇਆ ਉਥੇ ਸਿੱਖੀ ਦੇ ਪਰਚਾਰ ਲਈ ਵਿਵਹਾਰਕ ਯੋਗਦਾਨ ਵੀ ਪਾਇਆ। ਗੁਜਰਾਤ (ਪਾਕਿਸਤਾਨ) ਦੇ ਇਕ ਪਿੰਡ ਸੋਧਰੇ ਦੇ ਭਾਈ ਘਨ੍ਹਈਆ ਜੀ ਤੋਂ ਸੇਵਾਪੰਥੀ ਟਕਸਾਲ ਦਾ ਆਰੰਭ ਹੋਇਆ। ਇਹਨਾਂ ਤੋਂ ਬਾਅਦ ਭਾਈ ਸੇਵਾ ਰਾਮ ਜੀ, ਸੰਤੋਖ ਜੀ ਅੱਡਣ ਸ਼ਾਹ, ਛੱਲਾ ਜੀ, ਭਾਈ ਜਗਤਾ ਜੀ, ਹਜ਼ਾਰ ਰਾਮ ਜੀ ਸਮੇਂ ਸਮੇਂ ਇਸ ਟਕਸਾਲ ਦੀ ਸੇਵਾ ਕਰਦੇ ਰਹੇ। ਹਿੰਦੁਸਤਾਨ, ਪਾਕਿਸਤਾਨ ਦੀ ਵੰਡ ਤੋਂ ਬਾਅਦ ਭਾਈ ਗੁਲਾਬ ਸਿੰਘ ਜੀ ਨੇ ਟਿਕਾਣਾ ਭਾਈ ਜਗਤਾ ਜੋ ਗੋਨਿਆਣਾ ਮੰਡੀ ਬਠਿੰਡਾ ਵਿਚ 1935 ਵਿਚ ਸਥਾਪਤ ਕੀਤਾ। 1950 ਤੋਂ ਬਾਅਦ ਕੁਝ ਸਮਾਂ ਭਾਈ ਆਸਾ ਸਿੰਘ ਨੇ ਸੇਵਾ ਨਿਭਾਈ। ਸੰਨ 1973 ਤੋਂ ਵਰਤਮਾਨ ਸਮੇਂ ਤਕ ਮਹੰਤ ਤੀਰਥ ਸਿੰਘ ਜੀ ਸੇਵਾ ਪੰਥੀ ਟਕਸਾਲ ਦੇ ਸਰਪਰਸਤ ਹਨ ਜਿਨ੍ਹਾਂ ਦੁਆਰਾ ਅਨੇਕ ਸਕੂਲ, ਕਾਲਜ ਅਤੇ ਹਸਪਤਾਲ ਸੇਵਾ ਪੰਥੀ ਦੇ ਨਾਮ ਤੇ ਚਲਾਏ ਜਾ ਰਹੇ ਹਨ। ਸੇਵਾਪੰਥੀ ਟਕਸਾਲ ਵਿਚ ਟਕਸਾਲ ਦੀ ਮਰਿਆਦਾ ਅਨੁਸਾਰ ਪਰੰਪਰਾਗਤ ਕੀਰਤਨ ਦੀ ਸਿੱਖਿਆ ਥਾਂ ਥਾਂ ਨਿਰੰਤਰ ਦਿੱਤੀ ਜਾ ਰਹੀ ਹੈ। ਵਿਭਿੰਨ ਰਾਗੀ ਜੱਥੇ ਗੋਨਿਆਣਾ ਟਕਸਾਲ ਵਿਚ ਗੁਰਬਾਣੀ ਸੰਗੀਤ ਦੀ ਸਿਖਲਾਈ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਗੁਰਮਤਿ ਸੰਗੀਤ ਦਾ ਪਰਚਾਰ ਕਰ ਰਹੇ ਹਨ। ਰਾਗੀ ਹਰਭਜਨ ਸਿੰਘ ਨੇਤਰਹੀਣ ਕਈ ਸਾਲਾਂ ਤਕ ਇਥੇ ਗੁਰਬਾਣੀ ਸੰਗੀਤ ਦੀ ਸਿੱਖਿਆ ਦਿੰਦੇ ਰਹੇ। ਤਬਲਾ ਵਾਦਕ ਹਰਭਜਨ ਸਿੰਘ ਖੁਡੀਆ ਵੀ ਕੁਝ ਸਮਾਂ ਇਥੇ ਰਹੇ। ਵਰਤਮਾਨ ਸਮੇਂ ਇਹ ਟਕਸਾਲ ਯਮੁਨਾਨਗਰ ਤੇ ਗੋਨਿਆਣਾ ਮੰਡੀ ਵਿਖੇ ਗੁਰਮਤਿ ਸੰਗੀਤ ਵਿਦਿਆ ਦੁਆਰਾ ਆਪਣਾ ਯੋਗਦਾਨ ਪਾ ਰਹੀ ਹੈ।
ਸਿੰਘਾਂ ਵਾਲੀ ਟਕਸਾਲ
ਪਿੰਡ ਸਿੰਘਾਂ ਮੋਗਾ- ਕੋਟਕਪੂਰਾ ਸੜਕ ’ਤੇ ਸਥਿਤ ਹੈ। ਇਸ ਟਕਸਾਲ ਦੀ ਸਥਾਪਨਾ ਭਾਈ ਸੁੰਦਰ ਸਿੰਘ ਅਤੇ ਭਾਈ ਗੁਰਬਚਨ ਸਿੰਘ ਵਲੋਂ ਕੀਤੀ ਗਈ ਜਿਨ੍ਹਾਂ ਰਾਗੀ ਪ੍ਰਤਾਪ ਸਿੰਘ, ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਇਸ ਇਲਾਕੇ ਵਿਚ ਕੀਰਤਨ ਸਿਖਲਾਈ ਦੇ ਪ੍ਰਵਾਹ ਚਲਾਉਣ ਲਈ ਪ੍ਰੇਰਨਾ ਕੀਤੀ। ਰਾਗੀ ਰਾਮ ਸਿੰਘ, ਭਾਈ ਜਗਤ ਸਿੰਘ, ਭਾਈ ਧਰਮ ਸਿੰਘ, ਭਾਈ ਰਤਨ ਸਿੰਘ ਅਤੇ ਭਾਈ ਹਰਨੇਕ ਸਿੰਘ ਇਸ ਟਕਸਾਲ ਵਿਚ ਕੀਰਤਨ ਦੀ ਸਿਖਲਾਈ ਕਰਵਾਉਂਦੇ ਰਹੇ।
1916 ਤੋਂ 1947 ਤੱਕ ਰਾਗੀ ਰਾਮ ਸਿੰਘ ਨੇ ਸਿੰਘਾਂ ਵਾਲੀ ਟਕਸਾਲ ਵਿਚ ਵਿਦਿਆਰਥੀਆਂ ਨੂੰ ਗੁਰਮਤਿ ਤੇ ਸੰਗੀਤ ਨਾਲ ਜੋੜਿਆ। ਉਨ੍ਹਾਂ ਤੋਂ ਬਾਅਦ ਭਾਈ ਜਗਤ ਸਿੰਘ ਨੇ ਇਸ ਟਕਸਾਲ ਵਿਖੇ ਤਕਰੀਬਨ ਤਿੰਨ ਸਾਲ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿਖਲਾਈ ਦਿਤੀ। ਰਾਗੀ ਪ੍ਰਤਾਪ ਸਿੰਘ ਤੇ ਭਾਈ ਰਾਮ ਸਿੰਘ ਦੇ ਸ਼ਾਗਿਰਦ ਰਾਗੀ ਪ੍ਰੀਤਮ ਸਿੰਘ ਨੇ ਇਸ ਟਕਸਾਲ ਵਿਖੇ ਲੰਬਾ ਸਮਾਂ ਵਿਦਿਆਰਥੀਆਂ ਨੂੰ ਸ਼ਬਦ ਕੀਰਤਨ ਦੀ ਸਿਖਲਾਈ ਦਿਤੀ। ਆਪ ਤੰਤੀ ਸਾਜ਼ ਦਿਲਰੁਬਾ ਨਾਲ ਕੀਰਤਨ ਕਰਦੇ ਸਨ ਅਤੇ ਵਿਦਿਆਰਥੀਆਂ ਨੂੰ ਵੀ ਤੰਤੀ ਸਾਜ਼ਾਂ ਨਾਲ ਗੁਰਮਤਿ ਸੰਗੀਤ ਦੀ ਸਿੱਖਿਆ ਦਿੰਦੇ ਰਹੇ। ਆਪ ਨੇ 1950 ਤੋਂ 1971 ਤੱਕ ਇਸ ਟਕਸਾਲ ਵਿਖੇ ਆਪਣੀਆਂ ਸੇਵਾਵਾਂ ਦਿਤੀਆਂ। ਰਾਗੀ ਪ੍ਰੀਤਮ ਸਿੰਘ ਤੋਂ ਬਾਅਦ ਭਾਈ ਜੁਗਰਾਜ ਸਿੰਘ ਨੇ 1975 ਤੋਂ 1985 ਤੱਕ ਗੁਰਮਤਿ ਸੰਗੀਤ ਦੀ ਸਿੱਖਲਾਈ ਦਿਤੀ। ਆਪ ਪਹਿਲਾਂ ਇਸ ਟਕਸਾਲ ਦੇ ਵਿਦਿਆਰਥੀ ਵੀ ਰਹਿ ਚੁੱਕੇ ਸਨ। ਵਰਤਮਾਨ ਸਮੇਂ ਇਸ ਟਕਸਾਲ ਵਿਚ ਭਾਈ ਰਣਜੀਤ ਸਿੰਘ ਬੁੱਢਾ ਜੋਹੜ(ਰਾਜਸਥਾਨ) ਵਾਲੇ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਆਪ ਨੇ ਭਾਈ ਨਿਰਮਲ ਸਿੰਘ ਖਾਲਸਾ ਤੋਂ ਸੰਨ 1980 ਤੋਂ 1982 ਵਿਚ ਬੁੱਢਾ ਜੋਹੜ ਦੀ ਟਕਸਾਲ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ।
ਡੁਮੇਲੀ ਟਕਸਾਲ
ਗੁਰਮਤਿ ਸੰਗੀਤ ਦੇ ਪ੍ਰਸਿੱਧ ਸੰਗੀਤਾਚਾਰੀਆ ਸੰਤ ਸਰਵਣ ਸਿੰਘ ਗੰਧਰਵ ਨੇ 1900 ਦੇ ਕਰੀਬ ਡੁਮੇਲੀ ਦੇ ਸਥਾਨ ‘ਤੇ ਇਕ ਟਕਸਾਲ ਵਜੋਂ ਕੀਰਤਨ ਦੀ ਸਿਖਲਾਈ ਦਾ ਆਰੰਭ ਕੀਤਾ। ਆਪਨੇ ਕੀਰਤਨ ਦੀ ਸਿੱਖਿਆ ਦੌਧਰ ਟਕਸਾਲ ਅਤੇ ਵੱਖ-ਵੱਖ ਉਸਤਾਦਾਂ ਤੋਂ ਪ੍ਰਾਪਤ ਕੀਤੀ ਸੀ। ਗੰਧਰਵ ਸਾਹਿਬ ਸੰਗੀਤ ਦੇ ਕਈ ਸਾਜ਼ ਵਜਾਉਣ ਵਿਚ ਮਾਹਰ ਸਨ। ਇਨ੍ਹਾਂ ਨੇ ਕਈ ਸਿਖਿਆਰਥੀਆਂ ਨੂੰ ਕੀਰਤਨ ਦੀ ਸਿੱਖਿਆ ਦਿਤੀ ਅਤੇ ‘ਸੁਰ ਸਿਮਰਨ ਸੰਗੀਤ’ ਨਾਮਕ ਸ਼ਬਦ ਕੀਰਤਨ ਰਚਨਾਵਾਂ ਦਾ ਇਕ ਵਿਸ਼ਾਲ ਸੰਗ੍ਰਹਿ ਸੱਤ ਭਾਗਾਂ ਵਿਚ ਪ੍ਰਕਾਸ਼ਿਤ ਕਰਵਾਇਆ। ਵਰਤਮਾਨ ਸਮੇਂ ਬਾਬਾ ਪ੍ਰੀਤਮ ਸਿੰਘ ਦੀ ਅਗਵਾਈ ਵਿਚ ਇਸ ਟਕਸਾਲ ਵਿਖੇ ਕੀਰਤਨ ਦੀ ਸਿਖਲਾਈ ਨਿਰੰਤਰ ਦਿੱਤੀ ਜਾ ਰਹੀ ਹੈ।
ਗੁਰਮਤਿ ਸੰਗੀਤ ਦੀਆਂ ਵੱਖ-ਵੱਖ ਕੀਰਤਨ ਟਕਸਾਲਾਂ ਸਬੰਧੀ ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਵਲੋਂ ਨਿਰੰਤਰ ਖੋਜ ਕਾਰਜ ਜਾਰੀ ਹੈ। ਵਿਭਾਗ ਦੇ ਖੋਜਾਰਥੀ ਮਨਜੀਤ ਸਿੰਘ (ਅਸਿਸਟੈਂਟ ਪ੍ਰੋਫੈਸਰ, ਗੁਰਮਤਿ ਸੰਗੀਤ, ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ) ਗੁਰਮਤਿ ਸੰਗੀਤ ਦੀਆਂ ਟਕਸਾਲਾਂ ਉਤੇ ਖੋਜ ਕਰ ਰਹੇ ਹਨ। ਇਸੇ ਤਰ੍ਹਾਂ ਵੱਖ-ਵੱਖ ਕੀਰਤਨ ਟਕਸਾਲਾਂ ਸਬੰਧੀ ਖੋਜ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਖੋਜ ਕੇਵਲ ਇਤਿਹਾਸਕ ਵੇਰਵਿਆਂ ਤੱਕ ਸੀਮਤ ਨਹੀਂ ਸਗੋਂ ਇਸ ਵਿਚ ਇਨ੍ਹਾਂ ਟਕਸਾਲਾਂ ਦੀਆਂ ਸ਼ਬਦ ਕੀਰਤਨ ਰਚਨਾਵਾਂ ਦੇ ਸੰਗ੍ਰਹਿ ਤਿਆਰ ਕਰਨ ਅਤੇ ਇਨ੍ਹਾਂ ਦੇ ਵਿਸ਼ਲੇਸ਼ਣ ਤੋਂ ਸ਼ਬਦ ਗਾਇਕੀ ਦੀ ਪਰੰਪਰਾ ਨੂੰ ਪਛਾਨਣ ਦਾ ਕਾਰਜ ਜਾਰੀ ਹੈ। ਸਾਰੀਆਂ ਟਕਸਾਲਾਂ ਦੇ ਸਾਰੇ ਸਿਖਿਆਰਥੀਆਂ, ਉਸਤਾਦ ਅਧਿਆਪਕਾਂ ਸਬੰਧੀ ਸਾਰੇ ਵੇਰਵੇ ਇਨ੍ਹਾਂ ਸੰਖੇਪ ਰਚਨਾਵਾਂ ਵਿਚ ਦੇਣੇ ਸੰਭਵ ਨਹੀਂ ਸਨ, ਇਸ ਲਈ ਜਿਨ੍ਹਾਂ ਦਾ ਜ਼ਿਕਰ ਨਹੀਂ ਕਰ ਸਕੇ ਅਸੀਂ ਉਨ੍ਹਾਂ ਸਾਰਿਆਂ ਤੋਂ ਖਿਮਾਂ ਦੇ ਜਾਚਕ ਹਾਂ।
ਉਕਤ ਵਰਣਿਤ ਕੀਰਤਨ ਟਕਸਾਲਾਂ ਤੋਂ ਇਲਾਵਾ ਸਿੱਖ ਪੰਥ ਵਿਚ ਕਈ ਸੰਸਥਾਵਾਂ ਗੁਰਮਤਿ ਸੰਗੀਤ ਦਾ ਨਿਰੰਤਰ ਪ੍ਰਚਾਰ ਪ੍ਰਸਾਰ ਕਰ ਰਹੀਆਂ ਹਨ। ਜਿਨ੍ਹਾਂ ਵਿਚੋਂ ਸੈਂਟਰਲ ਯਤੀਮਖਾਨਾ ਚੀਫ ਖਾਲਸਾ ਦੀਵਾਨ, ਗੁਰਮਤਿ ਵਿਦਿਆਲਾ ਰਕਾਬਗੰਜ, ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਗੁਰੂ ਕਾਂਸੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ, ਗੁਰਮਤਿ ਸੰਗੀਤ ਅਕਾਦਮੀ ਅਨੰਦਪੁਰ ਸਾਹਿਬ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਇਸ ਖੇਤਰ ਵਿਚ ਪ੍ਰਮੁੱਖ ਹਨ। ਗੁਰਮਤਿ ਸੰਗੀਤ ਦੀ ਸਿਖਲਾਈ ਪਰੰਪਰਾ ਦੇ ਸੰਦਰਭ ਵਿਚ ਇਨ੍ਹਾਂ ਸੰਸਥਾਵਾਂ ਦੇ ਯੋਗਦਾਨ ਨੂੰ ਅਸੀਂ ਅਗਲੀਆਂ ਰਚਨਾਵਾਂ ਵਿਚ ਪੇਸ਼ ਕਰਦੇ ਰਹਾਂਗੇ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ