*ਗੁਰਨਾਮ ਸਿੰਘ (ਡਾ.)
ਗੁਰਮਤਿ ਸੰਗੀਤ ਦੇ ਇਤਿਹਾਸ ਵਿਚ ਸੈਦਪੁਰ ਠੱਠਾ ਟਿੱਬਾ (ਕਪੂਰਥਲਾ) ਟਕਸਾਲ ਦੀ ਵਿਸ਼ੇਸ਼ ਭੂਮਿਕਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਤੋਂ ਹੀ ਗੁਰੂ ਘਰ ਦੀ ਵਿਸ਼ੇਸ਼ ਕੀਰਤਨ ਸ਼ੈਲੀ ਨਾਲ ਵਰੋਸਾਈ ਇਸ ਟਕਸਾਲ ਦੇ ਕੀਰਤਨੀਆਂ ਨੇ ਪੀੜ੍ਹੀ ਦਰ ਪੀੜ੍ਹੀ ਕੀਰਤਨ ਕੀਤਾ ਅਤੇ ਸੀਨਾ-ਬ-ਸੀਨਾ ਆਪਣੀ ਅਗਲੇਰੀ ਪੀੜ੍ਹੀ ਨੂੰ ਸਿਖਾਇਆ। ਇਸ ਘਰਾਣੇ ਦੇ ਧਰੁਵ ਭਾਈ ਜੁਆਲਾ ਸਿੰਘ ਸਨ ਜਿਨ੍ਹਾਂ ਜਿਥੇ ਆਪਣੇ ਪੂਰਵਜ਼ਾਂ ਦੀ ਕਲਾ ਨੂੰ ਫਲੀਭੂਤ ਕੀਤਾ, ਉਥੇ ਵੱਖ-ਵੱਖ ਹੋਰ ਉਸਤਾਦ ਕੀਰਤਨੀਆਂ ਦੀ ਵਿਦਿਆ ਨੂੰ ਆਪਣੀ ਅਣਥੱਕ ਮਿਹਨਤ ਤੇ ਲਗਨ ਨਾਲ ਨਿਰੰਤਰਤਾ ਪ੍ਰਦਾਨ ਕੀਤੀ।
ਸਵਰਗੀ ਭਾਈ ਅਵਤਾਰ ਸਿੰਘ ਜੀ ਵਲੋਂ ਸੈਦਪੁਰ ਠੱਠਾ ਟਿੱਬਾ ਕੀਰਤਨ ਟਕਸਾਲ ਦੀ ਚੌਥੀ ਪੀੜ੍ਹੀ ਤੋਂ ਉਪਲਬੱਧ ਰਿਕਾਰਡ ਅਨੁਸਾਰ ਭਾਈ ਕਪੂਰ ਸਿੰਘ (ਚੌਥੀ ਪੀੜ੍ਹੀ) ਅਤੇ ਭਾਈ ਰਾਏ ਸਿੰਘ (ਪੰਜਵੀਂ ਪੀੜ੍ਹੀ) ਦੇ ਕੀਰਤਨੀਏ ਹੋਏ। ਛੇਵੀਂ ਪੀੜ੍ਹੀ ਤੋਂ ਭਾਈ ਗੋਖਾ ਸਿੰਘ ਸਨ ਜਿਨ੍ਹਾਂ ਦੇ ਦੋ ਸਪੁੱਤਰ ਭਾਈ ਭਾਗ ਸਿੰਘ ਤੇ ਭਾਈ ਝੰਡਾ ਸਿੰਘ ਹੋਏ। ਇਨ੍ਹਾਂ ਦੋਵੇਂ ਸਪੁੱਤਰਾਂ ਵਿਚੋਂ ਭਾਈ ਭਾਗ ਸਿੰਘ (ਸੱਤਵੀਂ ਪੀੜ੍ਹੀ) ਦੇ ਮੰਨੇ ਗਏ ਹਨ ਜਿਨ੍ਹਾਂ ਦੇ ਪੰਜ ਸਪੁੱਤਰ ਭਾਈ ਮੋਹਰ ਸਿੰਘ, ਭਾਈ ਰਾਮ ਸਿੰਘ, ਭਾਈ ਗੁਲਾਬ ਸਿੰਘ, ਭਾਈ ਵਜੀਰ ਸਿੰਘ ਅਤੇ ਭਾਈ ਦਇਆ ਸਿੰਘ ਹੋਏ। ਅੱਠਵੀਂ ਪੀੜ੍ਹੀ ਵਿਚ ਭਾਈ ਮੋਹਰ ਸਿੰਘ ਜਿਨ੍ਹਾਂ ਨੂੰ ਭਾਈ ਟਹਿਲ ਸਿੰਘ ਵੀ ਕਿਹਾ ਜਾਂਦਾ ਹੈ, ਹੋਏ। ਨੌਵੀਂ ਪੀੜ੍ਹੀ ਦੇ ਭਾਈ ਦੇਵਾ ਸਿੰਘ ਜੋ ਕਿ ਭਾਈ ਮੋਹਰ ਸਿੰਘ ਦੇ ਸਪੁੱਤਰ ਸਨ, ਪਿੰਡ ਬਿਧੀਪੁਰ ਤੋਂ ਸੈਦਪੁਰ ਆਏ। ਦਸਵੀਂ ਪੀੜ੍ਹੀ ਦੇ ਭਾਈ ਨਰਾਇਣ ਸਿੰਘ; ਭਾਈ ਸਾਵਨ ਸਿੰਘ; ਭਾਈ ਜੁਆਲਾ ਸਿੰਘ, ਭਾਈ ਸੁੰਦਰ ਸਿੰਘ ਜੀ ਸਨ ਜੋ ਕਿ ਭਾਈ ਦੇਵਾ ਸਿੰਘ ਜੀ ਦੇ ਸਪੁੱਤਰ ਹੋਏ। ਗਿਆਰਵੀਂ ਪੀੜ੍ਹੀ ਵਿਚ ਭਾਈ ਹਰਨਾਮ ਸਿੰਘ; ਭਾਈ ਭਗਤ ਸਿੰਘ ਤੇ ਭਾਈ ਲਾਭ ਸਿੰਘ ਜੋ ਭਾਈ ਨਾਰਾਇਣ ਸਿੰਘ ਦੇ ਸਪੁੱਤਰ ਸਿੰਘ ਅਤੇ ਭਾਈ ਗੁਰਚਰਨ ਸਿੰਘ, ਭਾਈ ਅਵਤਾਰ ਸਿੰਘ ਤੇ ਭਾਈ ਗੁਰਦਿਆਲ ਸਿੰਘ ਜੋ ਕਿ ਭਾਈ ਜੁਆਲਾ ਸਿੰਘ ਦੇ ਸਪੁੱਤਰ ਸਨ, ਦੇ ਨਾਮ ਸ਼ਾਮਿਲ ਹਨ। ਇਸ ਘਰਾਣੇ ਦੀ ਗਿਆਰਵੀਂ ਪੀੜ੍ਹੀ ਵਿਚ ਸ. ਅਮਰਜੀਤ ਸਿੰਘ ਤੇ ਸ. ਹਰਦਿਆਲ ਸਿੰਘ (ਆਈ.ਏ.ਐਸ.) ਸਪੁੱਤਰ ਭਾਈ ਭਗਤ ਸਿੰਘ ਦੇ ਨਾਮ ਸ਼ਾਮਿਲ ਹਨ। ਸ. ਅਮਰਜੀਤ ਸਿੰਘ ਦੇ ਸਪੁੱਤਰ ਭਾਈ ਬਲਦੀਪ ਸਿੰਘ ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਬਾਰਵੀਂ ਪੀੜ੍ਹੀ ਵਜੋਂ ਕਾਰਜਸ਼ੀਲ ਹਨ। ਦਸਵੀਂ ਪੀੜ੍ਹੀ ਦੇ ਪ੍ਰਸਿਧ ਕੀਰਤਨੀਏ ਭਾਈ ਜੁਆਲਾ ਸਿੰਘ ਦੇ ਸਪੁੱਤਰ ਭਾਈ ਗੁਰਚਰਨ ਸਿੰਘ, ਭਾਈ ਅਵਤਾਰ ਸਿੰਘ, ਭਾਈ ਗੁਰਦਿਆਲ ਸਿੰਘ ਹਨ। ਭਾਈ ਕੁਲਤਾਰ ਸਿੰਘ ਬਾਰਵੀਂ ਪੀੜ੍ਹੀ ਵਿਚ ਕੀਰਤਨ ਕਰ ਰਹੇ ਹਨ।
ਭਾਈ ਜੁਆਲਾ ਸਿੰਘ ਜੀ ਦੀ ਸੁਰੀਲੀ ਆਵਾਜ਼ ਤੇ ਤੀਖਣ ਬਿਬੇਕ ਬੁਧ ਕਾਰਨ ਆਪ ਦੇ ਪਿਤਾ ਭਾਈ ਦੇਵਾ ਸਿੰਘ ਨੇ ਆਪ ਨੂੰ ਆਪਣੇ ਕੀਰਤਨ ਘਰਾਣੇ ਦੀ ਗਾਇਕੀ ਦੇ ਨਾਲ ਹੋਰ ਘਰਾਣਿਆਂ ਦੀ ਸੰਗੀਤ ਦਾਤ ਵੀ ਪ੍ਰਦਾਨ ਕਰਵਾਈ। ਇਨ੍ਹਾਂ ਘਰਾਣਿਆਂ ਵਿਚ ਭਾਈ ਸ਼ਰਧਾ ਸਿੰਘ, ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੇ ਕੀਰਤਨੀਏ ਭਾਈ ਵਸਵਾ ਸਿੰਘ, ਦੂਸਰਾ ਨਾਮ ਬਾਬਾ ਰੰਗੀ ਰਾਮ ਸਿੰਘ ਵੀ ਸੀ ਜੋ ਬਾਬਾ ਪੁਸ਼ਕਰ ਨਾਥ ਬੀਨਕਾਰ ਪਟਿਆਲਾ ਅਤੇ ਬਾਬਾ ਸੁਰ ਸਾਗਰ ਉਦਾਸੀ ਪਰੰਪਰਾ ਦੇ ਰਾਗੀ ਸ਼ਿਸ਼ ਸ਼ਾਮਲ ਸਨ। ਭਾਈ ਜੁਆਲਾ ਸਿੰਘ ਰੋੜੀ ਮੱਖਣ ਸਿੰਧ (ਪਾਕਿਸਤਾਨ) ਦੇ ਭਾਈ ਮਾਧੋ ਦਾਸ ਜੀ ਪਾਸੋਂ ਸੰਗੀਤ ਸਿੱਖਿਆ ਪ੍ਰਾਪਤ ਕੀਤੀ। ਇਸ ਤਰ੍ਹਾਂ ਠੱਠਾ ਟਿੱਬਾ ਕੀਰਤਨ ਟਕਸਾਲ ਤਿੰਨ ਵਿਭਿੰਨ ਘਰਾਣਿਆਂ ਦਾ ਸੁਮੇਲ ਹੈ। ਪੰਥ ਪ੍ਰਸਿਧ ਕੀਰਤਨੀਏ ਭਾਈ ਜੁਆਲਾ ਸਿੰਘ ਜੀ ਨੇ ਲਗਪਗ ਛੇ ਦਹਾਕੇ ਕੀਰਤਨ ਕੀਤਾ। ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਅਨੁਸਾਰ ਭਾਈ ਜੁਆਲਾ ਸਿੰਘ ਜੀ ਦੇ ਜਥੇ ਵਿਚ ਚਾਰ ਤਾਊਸ, ਦੋ ਜੋੜੀਆਂ ਹੁੰਦੀਆਂ ਸਨ ਅਤੇ ਜਥੇ ਵਿਚ ਉਸਤਾਦ ਬਾਬਾ ਸ਼ਰਧਾ ਸਿੰਘ ਜੀ (ਭਾਈ ਜੁਆਲਾ ਸਿੰਘ ਦੇ ਉਸਤਾਦ), ਬਾਬਾ ਰਾਮ ਸਿੰਘ, ਭਾਈ ਹੀਰਾ ਸਿੰਘ ਤਾਊਸ ਵਜਾਇਆ ਕਰਦੇ ਸਨ। ਇਸੇ ਤਰ੍ਹਾਂ ਭਾਈ ਹਰਨਾਮ ਸਿੰਘ ਜੀ ਟਿੱਬਾ ਅਤੇ ਭਾਈ ਟਹਿਲ ਸਿੰਘ ਬਾਣੀਆਂ ਜੀ ਤਬਲੇ ਜੋੜੀ ਦੀ ਸੇਵਾ ਕਰਦੇ ਸਨ।
ਭਾਈ ਜੁਆਲਾ ਸਿੰਘ ਜੀ ਦੇ ਸਪੁੱਤਰ ਭਾਈ ਗੁਰਚਰਨ ਸਿੰਘ ਅਤੇ ਭਾਈ ਅਵਤਾਰ ਸਿੰਘ ਇਸ ਘਰਾਣੇ ਦੀ ਗਾਇਕੀ ਦੇ ਪ੍ਰਤਿਨਿਧ ਕੀਰਤਨੀਏ ਹਨ ਜਿਨ੍ਹਾਂ ਆਪਣੀ ਕੀਰਤਨ ਗਾਇਕੀ ਵਿਚ ਪ੍ਰਾਚੀਨ ਰੀਤਾਂ ਦੇ ਗਾਇਨ ਦੁਆਰਾ ਕਈ ਦਹਾਕੇ ਸੇਵਾ ਕੀਤੀ। ਆਪ ਨੇ ਪ੍ਰਾਚੀਨ ਰੀਤਾਂ ਨੂੰ ਪੁਸਤਕ ਤੇ ਰਿਕਾਰਡਿੰਗ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾਕੇ ਇਸ ਘਰਾਣੇ ਦੇ ਇਨ੍ਹਾਂ ਸਤਿਕਾਰਯੋਗ ਕੀਰਤਨੀਆਂ ਨੇ ਪੰਥ ਨੂੰ ਵਡਮੁੱਲਾ ਯੋਗਦਾਨ ਦਿਤਾ।
ਭਾਈ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਦੇ ਪਾਵਨ ਸਥਾਨ ਉਤੇ 1954 ਤੋਂ ਨਿਰੰਤਰ ਸੇਵਾ ਕਰਦੇ ਰਹੇ। ਆਪ ਨੇ ਦੇਸ਼ ਵਿਦੇਸ਼ ਦੇ ਗੁਰਮਤਿ ਸੰਗੀਤ ਸੰਮੇਲਨਾਂ, ਕੀਰਤਨ ਦਰਬਾਰਾਂ ਵਿਚ ਆਪਣੀ ਸ਼ਮੂਲੀਅਤ ਦੁਆਰਾ ਵਿਸ਼ੇਸ ਨਾਮਣਾ ਖਟਿਆ ਹੈ। ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਦੁਆਰਾ ਆਪ ਜੀ ਦੀ 38 ਘੰਟਿਆਂ ਦੀ ਕੀਰਤਨ ਰਿਕਾਰਡਿੰਗ ਰਿਲੀਜ਼ ਕੀਤੀ ਗਈ ਹੈ। ਦੇਸ਼ ਵਿਦੇਸ਼ ਦੀਆਂ ਅਨੇਕ ਸੰਸਥਾਵਾਂ ਨੇ ਆਪ ਨੂੰ ਵਿਸ਼ੇਸ ਸਨਮਾਨਾਂ ਅਤੇ ਐਵਾਰਡਾਂ ਨਾਲ ਪੁਰਸਕਰਿਤ ਕੀਤਾ ਹੈ ਜਿਨ੍ਹਾਂ ਵਿਚੋਂ 1980 ਵਿਚ ਪੰਜਾਬੀ ਸਾਹਿਤ ਸਮਿਖਿਆ ਬੋਰਡ, ਜਲੰਧਰ ਦੁਆਰਾ ‘ਕੀਰਤਨ ਖੋਜ ਪੁਰਸਕਾਰ’; 1982 ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੁਆਰਾ ‘ਪ੍ਰਮੁਖ ਰਾਗੀ ਐਵਾਰਡ’; 1983 ਵਿਚ ਇੰਡੀਅਨ ਕੌਂਸਿਲ ਆਫ ਸਿੱਖ ਅਫੇਅਰਜ਼ ਦੁਆਰਾ ‘ਗੁਰਮਤਿ ਸੰਗੀਤ ਸਨਮਾਨ’, 1984 ਵਿਚ ਪੰਜਾਬ ਸਰਕਾਰ ਦੁਆਰਾ ‘ਪਹਿਲਾ ਸ਼੍ਰੋਮਣੀ ਰਾਗੀ ਪੁਰਸਕਾਰ’; 1992 ਵਿਚ ਵਿਸਮਾਦ ਨਾਮ ਦੁਆਰਾ ‘ਪੁਰਾਤਨ ਕੀਰਤਨੀਆ ਐਵਾਰਡ’ ਅਤੇ 2004 ਵਿਚ ਪੰਜਾਬੀ ਸੰਗੀਤ ਨਾਟਕ ਅਕੈਡਮੀ, ਚੰਡੀਗੜ ਦੁਆਰਾ ‘ਸੰਗੀਤ ਪੁਰਸਕਾਰ’ ਵਿਸ਼ੇਸ਼ ਹਨ।
ਗਿਆਨੀ ਗੁਰਚਰਨ ਸਿੰਘ ਪੰਥ ਪ੍ਰਸਿਧ ਵਿਦਵਾਨ ਰਾਗੀ ਹਨ ਜਿਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ ਅਤੇ ਫਾਰਸੀ ਵਿਦਿਆ ਤੇ ਕਵਿਤਾ ਰਚਨ ਦੀ ਵਿਦਿਆ ਖਾਲਸਾ ਕਾਲਜ ਪੜਦੇ ਸਮੇਂ ਪ੍ਰੋਫੈਸਰ ਮੋਹਨ ਸਿੰਘ ਜੀ ਮਾਹਰ ਪਾਸੋਂ ਪ੍ਰਾਪਤ ਕੀਤੀ। ਆਪ ਨੂੰ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ, ਪੰਜਾਬੀ ਸਾਹਿਤ ਸਮੀਖਿਆ ਬੋਰਡ, ਕੇਂਦਰੀ ਸਿੰਘ ਸਭਾ, ਪੰਜਾਬ ਸਿੰਧ ਬੈਂਕ, ਭਾਸ਼ਾ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਅਕੈਡਮੀ ਆਦਕ ਸੰਸਥਾਵਾਂ ਵਲੋਂ ਤੇ ਵਿਦੇਸ਼ਾਂ ਦੀਆਂ ਸਿੰਘ ਸਭਾਵਾਂ ਵਲੋਂ ਮਾਣ ਪਤਰ ਤੇ ਐਵਾਰਡ ਮਿਲੇ। ਗਿਆਨੀ ਗੁਰਚਰਨ ਸਿੰਘ ਰਾਗੀ ਕੀਰਤਨ ਵਿਚ ਕਥਾ ਵਿਆਖਨ ਦੀ ਸੇਵਾ ਵੀ ਬਾਖੂਬੀ ਕਰਦੇ ਰਹੇ ਅਤੇ 1992 ਤੋਂ ਗਿਆਨੀ ਗੁਰਚਰਨ ਸਿੰਘ ਰਾਗੀ ਦੀਆਂ ਅੱਠ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ।
ਠੱਠਾ ਟਿੱਬਾ ਘਰਾਣੇ ਵਿਚ ਗਾਇਨ ਦੇ ਨਾਲ ਤੰਤੀ ਸਾਜ਼ਾਂ ਦਾ ਵਿਸ਼ੇਸ਼ ਪ੍ਰਚਾਰ ਰਿਹਾ। ਤਾਊਸ ਸਾਜ਼ ਇਸ ਘਰਾਣੇ ਵਿਚ ਵਿਸ਼ੇਸ਼ ਰੂਪ ਵਿਚ ਪ੍ਰਚਲਿਤ ਰਿਹਾ। ਆਪਣੇ ਅੰਤਲੇ ਕਾਲ ਵਿਚ ਭਾਈ ਅਵਤਾਰ ਸਿੰਘ ਨੇ ਵੀ ਤਾਊਸ ਸਾਜ਼ ਨਾਲ ਕੀਰਤਨ ਕੀਤਾ ਜਿਸ ਨਾਲ ਤੰਤੀ ਸਾਜ਼ ਦੀ ਸਮਕਾਲੀ ਪਰੰਪਰਾ ਨੂੰ ਵਿਸ਼ੇਸ਼ ਹੁੰਗਾਰਾ ਤੇ ਹੁਲਾਰਾ ਮਿਲਿਆ। ਇਸ ਤੋਂ ਇਲਾਵਾ ਤਾਲ ਸਾਜ਼ ਵਜੋਂ ਜੋੜੀ ਵਾਦਨ ਦੀ ਵਿਸ਼ੇਸ਼ ਪਰੰਪਰਾ ਵੀ ਇਸ ਘਰਾਣੇ ਵਿਚ ਰਹੀ। ਭਾਈ ਗੁਰਚਰਨ ਸਿੰਘ ਨੇ ਜੋੜੀ ਵਾਦਨ ਦੀ ਸਿਖਿਆ ਭਾਈ ਅਰਜਨ ਸਿੰਘ ਤਰੰਗੜ ਪਾਸੋਂ ਪ੍ਰਾਪਤ ਕੀਤੀ। ਭਾਈ ਅਵਤਾਰ ਸਿੰਘ-ਭਾਈ ਗੁਰਚਰਨ ਸਿੰਘ ਦੇ ਰਾਗੀ ਜਥੇ ਦੇ ਤੀਸਰੇ ਸਾਥੀ ਭਾਈ ਸਵਰਨ ਸਿੰਘ ਕੀਰਤਨ ਸੰਗਤ ਨਾਲ ਜੋੜੀ ਵਾਦਨ ਵਿਚ ਵਿਸ਼ੇਸ਼ ਮੁਹਾਰਤ ਰਖਦੇ ਹਨ। ਪੁਰਾਤਨ ਰੀਤਾਂ ਦੇ ਨਾਲ ਭਾਈ ਸਵਰਨ ਸਿੰਘ ਨੇ ਹੀ ਜੋੜੀ (ਤਬਲੇ) ਦੀ ਸੇਵਾ ਕੀਤੀ ਅਤੇ ਅੱਜਕੱਲ ਆਪ ਭਾਈ ਕੁਲਤਾਰ ਸਿੰਘ ਜੀ ਨਾਲ ਜੋੜੀ ਦਾ ਵਾਦਨ ਕਰ ਰਹੇ ਹਨ। ਠੱਠਾ ਟਿੱਬਾ ਘਰਾਣੇ ਦੇ ਇਕ ਹੋਰ ਵਿਦਵਾਨ ਸੰਗੀਤਕਾਰ ਅਤੇ ਕੀਰਤਨੀਏ ਭਾਈ ਬਲਦੀਪ ਸਿੰਘ ਹਨ। ਆਪ ਕੋਲ ਜਿਥੇ ਆਪਣੇ ਘਰਾਣੇ ਦੀ ਅਨਮੋਲ ਗਾਇਕੀ, ਤੰਤੀ ਸਾਜ਼ ਵਾਦਨ ਅਤੇ ਜੋੜੀ ਵਾਦਨ ਦੀ ਮੁਹਾਰਤ ਹੈ, ਉਥੇ ਆਪ ਬਤੌਰ ਧਰੁਪਦ ਗਾਇਕ ਦੀ ਵਿਸ਼ੇਸ਼ਤਾ ਰਖਦੇ ਹਨ। ਆਪ ਨੇ ਉਸਤਾਦ ਰਹੀਮ ਫਹੀਮੁਦੀਨ ਡਾਗਰ ਅਤੇ ਉਸਤਾਦ ਐਮ.ਹਫੀਜ਼ ਖਾਨ ਕੋਲੋਂ ਧਰੁਪਦ ਗਾਇਕੀ ਦੀ ਵਿਧੀਵਤ ਸਿਖਿਆ ਵੀ ਲਈ ਹੈ। ਅਨੰਦ ਫਾਊਂਡੇਸ਼ਨ ਦੁਆਰਾ ਆਪ ਜਿਥੇ ਸੰਗੀਤ ਵਿਰਾਸਤ ਦੀ ਸੁਰੱਖਿਆ ਸੰਭਾਲ ਲਈ ਯਤਨਸ਼ੀਲ ਹਨ, ਉਥੇ ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨੇ ਆਪ ਨੂੰ ਇਸ ਖੇਤਰ ਵਿਚ ਉਘੇ ਯੋਗਦਾਨ ਕਰਕੇ ‘ਵਿਜ਼ਟਿੰਗ ਪ੍ਰੋਫੈਸਰ’ ਵੀ ਨਿਯੁਕਤ ਕੀਤਾ ਹੋਇਆ ਹੈ।
ਪੰਜਾਬੀ ਯੂਨੀਵਰਸਿਟੀ ਵਲੋਂ ਇਸ ਟਕਸਾਲ ਦੀ ਪ੍ਰਾਚੀਨ ਕੀਰਤਨ ਪ੍ਰਣਾਲੀ ਨਾਲ ਸਬੰਧਿਤ ਪੁਸਤਕ ‘ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ’ ਪ੍ਰਕਾਸ਼ਿਤ ਕੀਤੀ ਗਈ, ਉਥੇ 2005-06 ਵਿਚ ਪਹਿਲਾਂ ਭਾਈ ਅਵਤਾਰ ਸਿੰਘ ਨੂੰ ਅਤੇ 2008-09 ਵਿਚ ਭਾਈ ਗੁਰਚਰਨ ਸਿੰਘ ਨੂੰ ਗੁਰਮਤਿ ਸੰਗੀਤ ਚੇਅਰ ਵਲੋਂ ਸੀਨੀਅਰ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਗਈ ਅਤੇ ਇਸੇ ਪਰਿਵਾਰ ਦੇ ਵਿੱਤੀ ਸਹਿਯੋਗ ਨਾਲ ਭਾਈ ਜੁਆਲਾ ਸਿੰਘ ਦੀ ਯਾਦ ਵਿਚ ਆਡੀਟੋਰੀਅਮ ਵੀ ਉਸਾਰਨ ਤੋਂ ਇਲਾਵਾ ਸਿਮ੍ਰਤੀ ਸਮਾਰੋਹ ਵੀ ਕੀਤਾ ਜਾਂਦਾ ਹੈ। ਭਾਈ ਅਵਤਾਰ ਸਿੰਘ ਜੀ ਦੀ ਦਿਲੀ ਇੱਛਾ ਨੂੰ ਪੂਰਿਆਂ ਕਰਦਿਆਂ ਉਨ੍ਹਾਂ ਵਲੋਂ ਭੇਜੇ ਗਏ ਦਸਤਾਵੇਜ਼ ਦੇ ਅਧਾਰ ਤੇ ਸੈਦਪੂਰ ਠੱਠਾ ਟਿੱਬਾ ਘਰਾਣੇ ਦੀ ਗਿਆਰਾਂ ਪੀੜ੍ਹੀਆਂ ਦੀ ਕੀਰਤਨ ਸੇਵਾ ਨੂੰ ਮੁੱਖ ਰਖਦਿਆਂ ਪੰਜਾਬੀ ਯੂਨੀਵਰਸਿਟੀ ਵਲੋਂ 1 ਦਸੰਬਰ, 2006 ਨੂੰ “ਗੁਰਮਤਿ ਸੰਗੀਤ ਟਕਸਾਲ (ਸੈਦਪੁਰ ਠੱਠਾ ਟਿੱਬਾ)” ਵਜੋਂ ਮਾਨਤਾ ਵੀ ਪ੍ਰਦਾਨ ਕੀਤੀ ਗਈ।
ਠੱਠਾ ਟਿੱਬਾ ਘਰਾਣੇ ਦੀ ਕੀਰਤਨ ਗਾਇਕੀ ਦੀਆਂ ਪੁਰਾਤਨ ਰੀਤਾਂ ਦਾ ਭੰਡਾਰ ਜਿਥੇ ਗੁਰਮਤਿ ਸੰਗੀਤ ਲਈ ਵਿਸ਼ੇਸ਼ ਨਿਧੀ ਹੈ, ਉਥੇ ਇਸ ਘਰਾਣੇ ਦੀ ਕੀਰਤਨ ਸਿਖਲਾਈ ਗੁਰਮਤਿ ਸੰਗੀਤ ਦੇ ਉਸਤਾਦਾਂ ਤੇ ਸਿਖਿਆਰਥੀਆਂ ਲਈ ਵਿਸ਼ੇਸ਼ ਵਿਧੀ ਹੈ ਜਿਸ ਵਿਚ ਪਹਿਲਾਂ ਸ਼ਬਦ ਅਭਿਆਸ, ਸੁਰ ਅਭਿਆਸ, ਤਾਲੀਮ ਦੇ ਕੇ ਵਿਸ਼ੇਸ਼ ਤਾਲਾਂ ਤੇ ਲੈਅਕਾਰੀਆਂ ਅਭਿਆਸ, ਤੰਤੀ ਸਾਜ਼ਾਂ ਦਾ ਅਭਿਆਸ ਸ਼ਾਮਲ ਰਿਹਾ ਹੈ। ਇਸ ਕੀਰਤਨ ਘਰਾਣੇ ਦੇ ਵਾਰਸ ਭਾਈ ਸਵਰਨ ਸਿੰਘ, ਭਾਈ ਕੁਲਤਾਰ ਸਿੰਘ ਅਤੇ ਭਾਈ ਬਲਦੀਪ ਸਿੰਘ ਸਾਡੇ ਸਤਿਕਾਰ ਤੇ ਵਧਾਈ ਦੇ ਪਾਤਰ ਹਨ। ਉਮੀਦ ਕਰਦੇ ਹਾਂ ਇਸ ਕੀਰਤਨ ਘਰਾਣੇ ਦੀ ਗਾਇਕੀ ਵਿਹਾਰਕ ਰੂਪ ਵਿਚ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਵਾਹ ਅਧੀਨ ਰਹੇਗੀ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ