*ਗੁਰਨਾਮ ਸਿੰਘ (ਡਾ.)
ਵਿਦਿਅਕ ਖੇਤਰ ਵਿਚ ਚੀਫ਼ ਖਾਲਸਾ ਦੀਵਾਨ ਦੇ ਬਹੁ ਦਿਸ਼ਾਵੀ ਕਾਰਜਾਂ ਦੇ ਨਾਲ-ਨਾਲ ਗੁਰਮਤਿ ਸੰਗੀਤ ਸਬੰਧੀ ਇਸ ਸੰਸਥਾ ਦਾ ਯੋਗਦਾਨ ਵਿਸ਼ੇਸ਼ ਰਿਹਾ ਹੈ। ਚੀਫ਼ ਖਾਲਸਾ ਦੀਵਾਨ ਦੇ ਗੁਰਮਤਿ ਸੰਗੀਤ ਸਬੰਧੀ ਕੀਤੇ ਉਪਰਾਲਿਆਂ ‘ਤੇ ਝਾਤ ਮਾਰੀਏ ਤਾਂ ਪੁਸਤਕ ‘ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ’ ਇਸ ਸਬੰਧ ਵਿਚ ਮਹੱਤਵਪੂਰਨ ਸਰੋਤ ਹੈ ਜਿਸ ਵਿਚ ਇਸੇ ਵਿਸ਼ੇ ਦੀ ਸਾਰਥਕਤਾ ਦਰਸਾਉਂਦਿਆਂ ਗੁਰਮਤਿ ਸੰਗੀਤ ਸਬੰਧੀ ਸਿਧਾਂਤਕ ਤੇ ਕਿਰਿਆਤਮਕ ਰਚਨਾਵਾਂ ਤੇ ਸਮੱਗਰੀ ਦਾ ਸੰਗ੍ਰਹਿ ਕੀਤਾ ਗਿਆ।
ਚੀਫ਼ ਖਾਲਸਾ ਦੀਵਾਨ ਨੇ ਜਿਥੇ ਵਿਦਿਅਕ ਕਾਨਫਰੰਸਾਂ ਦੌਰਾਨ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਅਤੇ ਭਾਗ ਲੈਣ ਵਾਲੇ ਰਾਗੀ ਜਥਿਆਂ ਵਿਚੋਂ ਪਹਿਲੇ ਤਿੰਨ ਜਥਿਆਂ ਨੂੰ ਸਨਮਾਨਤ ਕੀਤਾ ਗਿਆ। ਇਨ੍ਹਾਂ ਕੀਰਤਨ ਸਮਾਗਮਾਂ ਵਿਚ ਪਹਿਲਾਂ ਕੀਰਤਨ ਦੀ ਪ੍ਰਮਾਣਿਕਤਾ ਸਬੰਧੀ ਉਚ ਸ਼ਖਸੀਅਤਾਂ ਵਲੋਂ ਵਿਸ਼ੇਸ਼ ਲੈਕਚਰ ਕਰਵਾਏ ਗਏ। 24ਵੀਂ ਕਾਨਫਰੰਸ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਬਦ ਅੱਜ ਵੀ ਕੀਰਤਨੀਆਂ ਲਈ ਵਿਸ਼ੇਸ਼ ਹਨ:
“ਖਾਲਸਾ ਜੀ, ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਵਿਚ ਚੰਗੇ ਵਿਦਵਾਨ ਕੀਰਤਨੀਏ ਪੈਦਾ ਹੋ ਗਏ ਹਨ ਜੋ ਪਰੇਮ-ਮਈ ਕੀਰਤਨ ਕਰਦੇ ਹਨ, ਪਰੰਤੂ ਕਈ ਥਾਵਾਂ ਤੇ ਇਹ ਦੇਖਣ ਵਿਚ ਆਇਆ ਹੈ ਕਿ ਰਾਗੀ ਤੇ ਰਬਾਬੀ ਸਿਨੇਮਾ ਅਤੇ ਨਾਟਕਾਂ ਦੀਆਂ ਚੰਚਲ ਧਾਰਨਾਂ ਬਹੁਤੀਆਂ ਵਰਤਦੇ ਹਨ। ਜਿਸ ਤੋਂ ਉਹ ਭਾਵ ਤੇ ਅਸਰ ਨਹੀਂ ਹੋ ਰਿਹਾ ਜੋ ਕੀਰਤਨ ਤੋਂ ਹੋਣਾ ਚਾਹੀਦਾ। ਚੀਫ਼ ਖਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਨੇ ਰਾਗ ਦੀ ਉਸ ਮਰਯਾਦਾ ਨੂੰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਥਾਪੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਣੀਤ ਕੀਤੀ ਹੈ, ਫਿਰ ਪ੍ਰਚਲਤ ਕਰਨ ਦਾ ਸ਼ਲਾਘਾਯੋਗ ਉੱਦਮ ਆਰੰਭਿਆ ਹੈ। ਜਿਹੜੇ ਰਾਗੀ ਇਸ ਕੀਰਤਨ ਦਰਬਾਰ ਵਿਚ ਹਿੱਸਾ ਲੈਣ ਵਾਲੇ ਹਨ ਉਹਨਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਬਾਣੀ ਦਾ ਸ਼ੁੱਧ ਤੇ ਸਪਸ਼ਟ ਉਚਾਰਨ ਹੋਵੇ। ‘ਸਪਸ਼ਟ’ ਤੋਂ ਭਾਵ ਇਹ ਹੈ ਕਿ ਜਿਹੜੀ ਤੁਕ ਉਚਾਰਨ ਕੀਤੀ ਜਾਵੇ ਸਰੋਤੇ ਉਸ ਨੂੰ ਚੰਗੀ ਤਰ੍ਹਾਂ ਸੁਣ ਸਕਣ, ਉਹਨਾਂ ਨੂੰ ਪਤਾ ਲਗ ਜਾਇ ਕਿ ਕਿਹੜੀ ਪੰਗਤੀ ਪੜ੍ਹੀ ਜਾ ਰਹੀ ਹੈ, ਕਿਉਂਕਿ ਕਈ ਵਾਰ ਵੇਖਿਆ ਗਿਆ ਹੈ ਕਿ ਇਹ ਪਤਾ ਹੀ ਨਹੀਂ ਲਗਾ ਕਿ ਰਾਗੀ ਕਿਹੜੀ ਤੁਕ ਉਚਾਰਨ ਕਰ ਰਿਹਾ ਹੈ। ਕਈ ਰਾਗੀ ਗਾਉਣ ਲੱਗਿਆਂ ਮੂੰਹ ਵਿੰਗਾ-ਟੇਡਾ ਕਰ ਲੈਂਦੇ ਹਨ। ਜੋ ਨਹੀਂ ਕਰਨਾ ਚਾਹੀਦਾ। ਕਈ ਵੇਰਾਂ ਹੱਥਾਂ ਨੂੰ ਹਿਲਾਉਣ ਤੇ ਬਹੁਤ ਜ਼ੋਰ ਦਿਤਾ ਜਾਂਦਾ ਹੈ। ਸ੍ਰੀ ਗੁਰੂ ਜੀ ਦੀ ਬਾਣੀ ਦੇ ਕੀਰਤਨ ਵਿਚ ਇਹ ਗੱਲ ਨਹੀਂ ਸੋਭਦੀ, ਲੋੜ ਅਨੁਸਾਰ ਕੁਝ ਦੱਸਣ ਲਈ ਹੱਥ ਹਿਲਾਇਆ ਜਾਂ ਟਕੋਰ ਲਗਾਈ ਜਾਣੀ ਚਾਹੀਦੀ ਹੈ ਪਰ ਲੋੜ ਤੋਂ ਵਧੀਕ ਨਹੀਂ। ਕੀਰਤਨ ਕਰਨ ਲੱਗਿਆਂ ਸੁਰ, ਤਾਲ ਅਤੇ ਲੈਅ ਆਦਿਕ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਕੀਰਤਨ ਦਾ ਇਕ ਜ਼ਰੂਰੀ ਅੰਗ ਹੁੰਦਾ ਹੈ ਕਿ ਕੀਰਤਨ ਦਾ ਸੰਗਤਾਂ ‘ਤੇ ਕੀ ਪ੍ਰਭਾਵ ਪਿਆ। “ਕੀਰਤਨ ਉਸੇ ਰਾਗੀ ਦਾ ਚੰਗਾ ਸਮਝਣਾ ਚਾਹੀਦਾ ਹੈ ਜਿਸ ਦਾ ਸਰੋਤਿਆਂ ਤੇ ਚੰਗਾ ਅਸਰ ਪਿਆ ਹੋਵੇ। ਅਸਰਹੀਨ ਕੀਰਤਨ ਕਰਨ ਵਾਲਾ ਰਾਗੀ ਯੋਗ ਨਹੀਂ ਸਮਝਣਾ ਚਾਹੀਦਾ।”
ਚੀਫ਼ ਖਾਲਸਾ ਦੀਵਾਨ ਦੇ ਸਮਾਗਮਾਂ ਵਿਚ ਨਿਰਣਾਇਕ ਦੀ ਭੂਮਿਕਾ ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਸ. ਸੁਜਾਨ ਸਿੰਘ, ਭਾਈ ਨਰਿੰਦਰ ਸਿੰਘ ਆਦਿ ਵਰਗੇ ਵਿਦਵਾਨ ਤੇ ਸੰਗੀਤਕਾਰ ਨਿਭਾਉਂਦੇ ਰਹੇ। ਇਸ ਦੀ ਸ਼ਰੇਸ਼ਠਤਾ ਦਾ ਅਨੁਮਾਨ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਕੀਰਤਨ ਸਮਾਗਮਾਂ ਵਿਚੋਂ ਇਨ੍ਹਾਂ ਪਹਿਲੇ ਸਥਾਨਾਂ ਤੇ ਸਨਮਾਨਤ ਹੋਣ ਵਾਲੇ ਕੀਰਤਨੀਏ ਪ੍ਰੋ. ਤੇਜਇੰਦਰ ਸਿੰਘ ਲਾਹੌਰ, ਭਾਈ ਸਮੁੰਦ ਸਿੰਘ, ਭਾਈ ਪਿਆਰਾ ਸਿੰਘ, ਪ੍ਰੋ. ਸੁੰਦਰ ਸਿੰਘ, ਭਾਈ ਹਰਨਾਮ ਸਿੰਘ ਜਗਵੰਤ ਸਿੰਘ, ਬੀਬੀ ਜੁਗਿੰਦਰ ਕੌਰ, ਭਾਈ ਸ਼ੁਧ ਸਿੰਘ ਪ੍ਰਧਾਨ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਪ੍ਰਤਾਪ ਸਿੰਘ, ਗਿਆਨੀ ਹਰਿਭਜਨ ਸਿੰਘ ਰਤਨ, ਭਾਈ ਰਵੇਲ ਸਿੰਘ ਆਦਿ ਸਨ ਅਤੇ ਇਸੇ ਤਰ੍ਹਾਂ ਉਸ ਸਮੇਂ ਉਚਕੋਟੀ ਦੇ ਕੀਰਤਨੀਆਂ ਨੂੰ ਵੱਖ-ਵੱਖ ਐਵਾਰਡਾਂ ਨਾਲ ਵੀ ਸਨਮਾਨਤ ਕੀਤਾ ਜਾਂਦਾ ਰਿਹਾ।
ਉਕਤ ਯਤਨ ਤੋਂ ਇਲਾਵਾ ਗੁਰਮਤਿ ਸੰਗੀਤ ਦੇ ਸ. ਹਰਬੰਸ ਸਿੰਘ ਅਟਾਰੀ ਨੇ ਭਾਈ ਸੁੰਦਰ ਸਿੰਘ ਮਜੀਠੀਆ, ਭਾਈ ਵੀਰ ਸਿੰਘ, ਸ. ਤ੍ਰਿਲੋਚਨ ਸਿੰਘ ਤੇ ਭਾਈ ਅਰਜਨ ਸਿੰਘ ਬਾਗੜੀਆਂ ਦੇ ਯਤਨਾਂ ਦੁਆਰਾ ਸੰਸਥਾਗਤ ਪ੍ਰਚਾਰ ਲਈ 1904 ਵਿਚ ਸੈਂਟਰਲ ਯਤੀਮਖਾਨਾ ਦੀ ਸਥਾਪਨਾ ਕਰਦਿਆਂ ਯਤੀਮ ਬੱਚਿਆਂ ਦੀ ਸੰਭਾਲ ਤੇ ਵਿਦਿਆ ਪ੍ਰਦਾਨ ਕਰਨ ਦੇ ਮਨੋਰਥ ਨੂੰ ਗੁਰਮਤਿ ਤੇ ਸੰਗੀਤ ਦੀ ਸਿਖਿਆ ਦੁਆਰਾ ਪੂਰਨ ਕਰਨ ਦੇ ਮਨੋਰਥ ਮਿਥੇ ਗਏ।
1904 ਤੋਂ 1927 ਤੱਕ ਇਹ ਯਤੀਮਖਾਨਾ ਰੇਲਵੇ ਸਟੇਸ਼ਨ ਦੇ ਕੋਲ ਨਹਿਰੀ ਵਿਭਾਗ ਦੇ ਸਾਹਮਣੇ ਇਕ ਕਿਰਾਏ ਦੇ ਮਕਾਨ ਤੱਕ ਕਾਰਜ ਕਰਦਾ ਰਿਹਾ ਅਤੇ 1927 ਈ. ਵਿਚ ਯਤੀਮਖਾਨਾ ਪੁਤਲੀ ਘਰ ਵਿਖੇ ਇਸ ਦਾ ਨਿਰਮਾਣ ਆਰੰਭ ਹੋਇਆ।
1935 ਵਿਚ ਇਸੇ ਸਥਾਨ ‘ਤੇ ਹੀ ਇਕ ‘ਸੂਰਮਾ ਸਿੰਘ ਆਸ਼ਰਮ’ ਦੀ ਸਥਾਪਨਾ ਕੀਤੀ ਗਈ। ਭਾਈ ਵੀਰ ਸਿੰਘ ਜੀ ਦੇ ਯਤਨਾਂ ਨਾਲ ਇਥੇ ਹੀ ਚੀਫ਼ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ‘ਗੁਰਮਤਿ ਵਿਦਿਆਲੇ’ ਦੀ ਸਥਾਪਨਾ ਹੋਈ। ਇਸ ਆਸ਼ਰਮ ਤੇ ਵਿਦਿਆਲੇ ਦਾ ਮਨੋਰਥ ਤਾਲੀਮ ਯਾਫਤਾ ਕੀਰਤਨੀਏ, ਗੰ੍ਰਥੀ ਸਿੰਘ ਤੇ ਪ੍ਰਚਾਰਕ ਤਿਆਰ ਕਰਨਾ ਸੀ। ਇਸੇ ਤਰ੍ਹਾਂ ਚੀਫ਼ ਖਾਲਸਾ ਦੀਵਾਨ ਵਲੋਂ ਹੀ ਭਾਈ ਹੀਰਾ ਸਿੰਘ ਸੰਗੀਤ ਵਿਦਿਆਲੇ ਦੀ ਸਥਾਪਨਾ ਵੀ ਕੀਤੀ ਗਈ।
ਇਨ੍ਹਾਂ ਵਿਦਿਆਲਿਆਂ ਵਿਚੋਂ ਸ਼ਾਸਤਰੀ ਸੰਗੀਤ ਦੇ ਖੇਤਰ ਵਿਚ ਜਿਨ੍ਹਾਂ ਪ੍ਰਸਿੱਧ ਸੰਗੀਤਕਾਰ ਸ਼ਖਸੀਅਤਾਂ ਨੇ ਤਾਲੀਮ ਲਈ ਉਨ੍ਹਾਂ ਵਿਚੋਂ ਸੈਂਟਰਲ ਯਤੀਮਖਾਨਾ ਵਿਖੇ ਵੱਖ ਉਸਤਾਦ ਸੰਗੀਤਕਾਰਾਂ ਨੇ ਸਿਖਿਆਰਥੀਆਂ ਨੂੰ ਵਿਸ਼ੇਸ ਰੂਪ ਵਿਚ ਤਾਲੀਮ ਵੀ ਦਿਤੀ ਜਿਨ੍ਹਾਂ ਵਿਚੋਂ ਉਸਤਾਦ ਮਹਿਤਾਬ ਸਿੰਘ 1904 ਤੋਂ 1616 ਤੱਕ। ਇਸੇ ਤਰ੍ਹਾਂ ਉਸਤਾਦ ਉੱਤਮ ਸਿੰਘ ਜਿਨ੍ਹਾਂ ਕੋਲ ਤਲਵੰਡੀ ਤੇ ਦਿੱਲੀ ਘਰਾਣੇ ਦੀ ਧਰੁਪਦ ਤੇ ਖ਼ਿਆਲ ਦੀ ਤਾਲੀਮ ਸੀ, ਵੀ ਇਸੇ ਸੰਸਥਾ ਵਿਚ ਸਿਖਲਾਈ ਦਿੰਦੇ ਰਹੇ। ਉਪਰੰਤ ਭਾਈ ਸਾਈਂ ਦਿਤਾ(1914 ਤੋਂ 1932) ਦਾ ਇਸ ਸੰਸਥਾ ਵਿਚ ਬਤੌਰ ਉਸਤਾਦ ਵਿਸ਼ੇਸ਼ ਯੋਗਦਾਨ ਰਿਹਾ। ਭਾਈ ਸਾਈਂ ਦਿਤਾ ਖੁਦ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਦੇ ਸਨ। ਹਜ਼ੂਰੀ ਕੀਰਤਨੀਏ ਹੋਣ ਕਰਕੇ ਸੈਂਟਰਲ ਯਤੀਮਖਾਨਾ ਵਿਚੋਂ ਪ੍ਰਮੁੱਖ ਕੀਰਤਨੀਆਂ ਦੇ ਕੀਰਤਨ ਦਾ ਵਿਸ਼ੇਸ਼ ਪ੍ਰਭਾਵ ਰਿਹਾ। ਇਸੇ ਤਰ੍ਹਾਂ ਕੀਰਤਨ ਦੇ ਖੇਤਰ ਵਿਚ ਜਿਨ੍ਹਾਂ ਕੀਰਤਨੀਆਂ ਨੇ ਵਿਸ਼ੇਸ਼ ਨਾਮਣਾ ਖੱਟਿਆ ਉਨ੍ਹਾਂ ਵਿਚ ਭਾਈ ਸੰਤਾ ਸਿੰਘ 18 ਸਾਲਾਂ ਦੀ ਉਮਰ ਵਿਚ ਹੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਰਤਨ ਕਰਨ ਲਗ ਪਏ। ਆਪ ਸਾਂਈ ਦਿਤਾ ਜੀ ਦੇ ਹੋਣਹਾਰ ਸ਼ਗਿਰਦਾਂ ਵਿਚੋਂ ਇਕ ਸਨ। ਆਪਣੇ ਜੀਵਨ ਦੇ ਅੰਤਲੇ ਸਮੇਂ (1966 ਈ.) ਤੱਕ ਆਪ ਨੇ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਵਿਖੇ ਆਪਣੀ ਵਿਸ਼ੇਸ਼ ਸ਼ੈਲੀ ਤੇ ਅੰਦਾਜ਼ ਵਿਚ ਕੀਰਤਨ ਦੀ ਸੇਵਾ ਕੀਤੀ। ਇਸੇ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਕੋਮਲ ਵਿਦਵਾਨ ਉਸਤਾਦ ਕੀਰਤਨੀਏ ਤੇ ਉਚ ਕੋਟੀ ਦੇ ਕਵੀ ਵੀ ਇਸੇ ਸੰਸਥਾ ਵਿਚੋਂ ਉਗਮੇ ਜਿਨ੍ਹਾ ਨੇ ਬਾਅਦ ਵਿਚ ਅਨੇਕਾਂ ਕੀਰਤਨੀਏ ਗੁਰਮਤਿ ਸੰਗੀਤ ਨੂੰ ਪ੍ਰਦਾਨ ਕੀਤੇ ਜਿਨ੍ਹਾਂ ਵਿਚ ਪ੍ਰਿੰ. ਚੰਨਣ ਸਿੰਘ ਮਜਬੂਰ ਦਾ ਨਾਮ ਵਿਸ਼ੇਸ਼ ਹੈ। ‘ਆਸਾ ਦੀ ਵਾਰ’ ਦੀ ਵਿਸ਼ੇਸ਼ ਰਿਕਾਰਡਿੰਗ ਕਰਕੇ ਜਾਣੇ ਜਾਣ ਵਾਲੇ ਪੰਥ ਪ੍ਰਸਿਧ ਕੀਰਤਨੀਏ ਭਾਈ ਸੁਰਜਨ ਸਿੰਘ (1911 ਈ.) ਵੀ ਭਾਈ ਸੰਤਾ ਸਿੰਘ ਦੇ ਸਹਿਪਾਠੀ ਸਨ। ਪ੍ਰਸਿਧ ਕੀਰਤਨੀਏ ਭਾਈ ਗੋਪਾਲ ਸਿੰਘ ਰਾਗੀ ਵੀ ਇਸੇ ਵਿਦਿਆਲੇ ਤੋਂ ਕੀਰਤਨ ਸਿਖੇ। ਵਰਤਮਾਨ ਸਮੇਂ ਇਸ ਸੰਸਥਾ ਦੇ ਪ੍ਰਤਿਨਿਧ ਸਿਖਿਆਰਥੀ ਅਤੇ ਪ੍ਰਸਿਧ ਕੀਰਤਨੀਏ ਵਜੋਂ ਭਾਈ ਗੁਰਮੇਜ ਸਿੰਘ ਗੁਰਮਤਿ ਸੰਗੀਤ ਦੀ ਵਿਸ਼ੇਸ਼ ਸੇਵਾ ਕਰ ਰਹੇ ਹਨ। ਬਾਣੀ ਪ੍ਰਤਿ ਅਥਾਹ ਲਗਾਓ ਕਾਰਨ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਰੇਲ ਲਿਪੀ ਵਿਚ ਤਿਆਰ ਕੀਤਾ ਹੈ। ਆਪ ਦੇ ਕੀਰਤਨ ਤੇ ਜੀਵਨ ਵਿਚ ਸ਼ਬਦ ਦੀ ਪ੍ਰਧਾਨਤਾ ਇਸੇ ਸੰਸਥਾ ਦੀ ਦੇਣ ਹੈ। ਇਨ੍ਹਾਂ ਤੋਂ ਇਲਾਵਾ ਭਾਈ ਸੰਤਾ ਸਿੰਘ, ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਸੁਅਰਨ ਸਿੰਘ, ਭਾਈ ਧਿਆਨ ਸਿੰਘ, ਭਾਈ ਬਲਵੰਤ ਸਿੰਘ, ਭਾਈ ਦੀਦਾਰ ਸਿੰਘ, ਭਾਈ ਚੰਨਣ ਸਿੰਘ, ਭਾਈ ਵਰਿਆਮ ਸਿੰਘ, ਭਾਈ ਜੀਵਨ ਸਿੰਘ, ਭਾਈ ਖਜ਼ਾਨ ਸਿੰਘ, ਭਾਈ ਗੁਰਚਰਨ ਸਿੰਘ ਆਦਿ ਅਤੇ ਹੋਰ ਅਨੇਕ ਕੀਰਤਨੀਏ ਇਸ ਸੰਸਥਾ ਦਾ ਸਿੱਖ ਕੀਰਤਨ ਨੂੰ ਵਿਸ਼ੇਸ਼ ਯੋਗਦਾਨ ਹਨ।
ਗੁਰਮਤਿ ਸੰਗੀਤ ਵਿਚ ਇਸ ਯੋਗਦਾਨ ਲਈ ਚੀਫ਼ ਖਾਲਸਾ ਦੀਵਾਨ ਨਾਲ ਸਬੰਧਿਤ ਸਮੂਹ ਸੰਸਥਾਵਾਂ, ਸਰਪਰਸਤ, ਦਾਨੀ, ਉਸਤਾਦ ਅਤੇ ਸਿਖਿਆਰਥੀ ਵਧਾਈ ਤੇ ਪ੍ਰਸ਼ੰਸਾ ਦੇ ਪਾਤਰ ਹਨ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ