*ਗੁਰਨਾਮ ਸਿੰਘ (ਡਾ.)
ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਨਾ ਦੇ ਨਾਲ ਅਧਿਐਨ ਅਤੇ ਅਧਿਆਪਨ ਵਿਚ ਇਕ ਵੱਡੀ ਚੁਣੌਤੀ ਇਸ ਵਿਚ ਪ੍ਰਚਲਿਤ ਤਕਨੀਕੀ ਸ਼ਬਦਾਵਲੀ ਦੀ ਭਾਲ, ਸੰਗ੍ਰਹਿ ਅਤੇ ਪ੍ਰਮਾਣਿਕ ਇਕਸਾਰਤਾ ਲਿਆਉਣਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਨੂੰ ਮਾਣ ਹੈ ਕਿ ਇਸ ਯੂਨੀਵਰਸਿਟੀ ਨੇ ਗੁਰਮਤਿ ਸੰਗੀਤ ਨੂੰ 1997 ਵਿਚ ਆਂਸ਼ਿਕ ਰੂਪ ਵਿਚ ਅਤੇ 2003 ਵਿਚ ਪੂਰਨ ਰੂਪ ਵਿਚ ਸਭ ਤੋਂ ਪਹਿਲਾਂ ਅਕਾਦਮਿਕ ਵਿਸ਼ੇ ਵਜੋਂ ਮਾਨਤਾ ਦਿਤੀ। ਇਸ ਲਈ ਇਸ ਵਿਸ਼ੇ ਦੇ ਅਕਾਦਮਿਕ ਅਨੁਸ਼ਾਸਨ ਸਬੰਧੀ ਵੱਖ-ਵੱਖ ਲੋੜਾਂ ਦੀ ਪੂਰਤੀ ਕਰਵਾਉਣਾ ਵੀ ਇਸੇ ਯੂਨੀਵਰਸਿਟੀ ਦਾ ਹੀ ਬੁਨਿਆਦੀ ਫਰਜ਼ ਸੀ। ਗੁਰਮਤਿ ਸੰਗੀਤ ਚੇਅਰ, ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਭਵਨ, ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ, ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ, ਗੁਰਮਤਿ ਸੰਗੀਤ ਉਤਸਵ, ਗੁਰਮਤਿ ਸੰਗੀਤ ਪ੍ਰਤਿਯੋਗਤਾ, ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਅਤੇ ਗੁਰਮਤਿ ਸੰਗੀਤ ਦੀਆਂ ਵੱਖ-ਵੱਖ ਆਡੀਓ ਵਿਜ਼ੂਅਲ ਪ੍ਰਕਾਸ਼ਨਾਵਾਂ ਦੇ ਸਿਲਸਿਲੇ ਦੁਆਰਾ ਇਸ ਅਕਾਦਮਿਕ ਸਥਾਪਨਾ ਦੇ ਅਹਿਮ ਕਾਰਜ ਨੂੰ ਕਰਦਿਆਂ ਪੰਜਾਬੀ ਯੂਨੀਵਰਸਿਟੀ ਨੇ ਇਕ ਹੋਰ ਇਤਿਹਾਸਕ ਅਕਾਦਮਿਕ ਹੰਭਲਾ ਮਾਰਨ ਦੀ ਪਹਿਲ ਕੀਤੀ ਜੋ ਗੁਰਮਤਿ ਸੰਗੀਤ ਦੀ ਤਕਨੀਕੀ ਸ਼ਬਦਾਵਲੀ ਦੇ ਵਿਸ਼ੇਸ਼ ਪ੍ਰਕਾਸ਼ਨ ਵਜੋਂ ਸਾਹਮਣੇ ਆਈ ਹੈ। ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਇਸ ਕਾਰਜ ਨੂੰ ਕਰਨ ਲਈ ਇਕ ਗੁਰਮਤਿ ਸੰਗੀਤ ਸਲਾਹਕਾਰ ਬੋਰਡ ਦਾ ਗਠਨ ਕਰਵਾਇਆ ਜਿਸ ਵਿਚ ਸਵਰਗੀ ਬੀਬੀ ਜਸਬੀਰ ਕੌਰ ਖਾਲਸਾ, ਸਿੰਘ ਬੰਧੂ ਸ. ਸੁਰਿੰਦਰ ਸਿੰਘ, ਪ੍ਰੋ. ਕਰਤਾਰ ਸਿੰਘ, ਡਾ. ਜਾਗੀਰ ਸਿੰਘ ਅਤੇ ਡਾ. ਜਸਬੀਰ ਸਿੰਘ ਸਾਬਰ ਵਰਗੇ ਵਿਦਵਾਨ ਸ਼ਾਮਲ ਕੀਤੇ ਗਏ। ਇਸ ਦੇ ਨਾਲ ਹੀ ਇਨ੍ਹਾਂ ਸਤਰਾਂ ਦੇ ਲੇਖਕ (ਡਾ. ਗੁਰਨਾਮ ਸਿੰਘ) ਨੂੰ ਇਸ ਕਾਰਜ ਦਾ ਚੀਫ ਐਡੀਟਰ ਥਾਪਦਿਆਂ ਡਾ. ਅੰਮ੍ਰਿਤਪਾਲ ਕੌਰ, ਡਾ. ਕੰਵਲਜੀਤ ਸਿੰਘ, ਡਾ. ਵਰਿੰਦਰ ਕੌਰ, ਅਮਨਜੋਤ ਕੌਰ, ਗੁਰਦੇਵ ਸਿੰਘ ਅਤੇ ਅਮਰਿੰਦਰ ਸਿੰਘ ਤੇ ਅਧਾਰਤ ਇਕ ਸੰਪਾਦਕੀ ਮੰਡਲ ਸਿਰਜਿਆ ਗਿਆ ਜਿਸਨੇ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਗੁਰਮਤਿ ਸੰਗੀਤ ਦੀ ਤਕਨੀਕੀ ਸ਼ਬਦਾਵਲੀ ਨੂੰ ਅੰਤਿਮ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ।
ਤਕਨੀਕੀ ਸ਼ਬਦਾਵਲੀ ਦਾ ਸੰਗ੍ਰਹਿ ਅਤੇ ਚੋਣ ਕਰਨ ਲਈ ਪੰਜਾਬੀ ਯੂਨੀਵਰਸਿਟੀ ਵਲੋਂ ਗੁਰਮਤਿ ਸੰਗੀਤ ਦੇ ਰਾਗਾਂ, ਤਾਲਾਂ, ਗਾਇਨ ਸ਼ੈਲੀਆਂ, ਸਾਜ਼ਾਂ ਆਦਿ ਸਬੰਧੀ ਵੱਖ-ਵੱਖ ਗੁਰਮਤਿ ਸੰਗੀਤ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ ਜਿਸ ਵਿਚ ਇਨ੍ਹਾਂ ਵਿਸ਼ਿਆਂ ਦੇ ਮਾਹਿਰ ਵਿਦਵਾਨਾਂ, ਸੰਗੀਤਕਾਰਾਂ, ਕੀਰਤਨਕਾਰਾਂ ਅਤੇ ਅਧਿਆਪਕਾਂ ਨੇ ਭਾਗ ਲਿਆ। ਉਪਰੰਤ ਗੁਰਮਤਿ ਸੰਗੀਤ ਸ਼ਬਦਾਵਲੀ ਦੇ ਇਕ ਵਿਸ਼ਾਲ ਸੰਗ੍ਰਹਿ ਵਿਚੋਂ ਵਿਦਵਾਨਾਂ ਨੇ ਮੰਥਨ ਕਰਦਿਆਂ ਗੁਰਮਤਿ ਸੰਗੀਤ ਉਪਯੋਗੀ ਸ਼ਬਦਾਂ ਦੀ ਚੋਣ ਲਈ ਵਿਸ਼ੇਸ਼ ਅਧਾਰ ਤਿਆਰ ਕੀਤਾ। ਇਸ ਕਾਰਜ ਲਈ ਇਸ ਵਿਸ਼ੇ ਸਬੰਧੀ ਵਿਭਿੰਨ ਪੁਸਤਕਾਂ, ਸੰਦਰਭ ਕੋਸ਼ਾਂ, ਸੰਦਰਭ ਗ੍ਰੰਥਾਂ ਦਾ ਵਿਸ਼ੇਸ਼ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ ਗੁਰੂ ਗ੍ਰੰਥ ਸਾਹਿਬ; ਗੁਰਮਤ ਮਾਰਤੰਡ ਅਤੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (ਭਾਈ ਕਾਹਨ ਸਿੰਘ ‘ਨਾਭਾ’); ਸਿੱਖ ਰਹਿਤ ਮਰਿਆਦਾ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ); ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ (ਭਾਈ ਵੀਰ ਸਿੰਘ); ਆਦਿ ਗ੍ਰੰਥ ਸ਼ਬਦ ਅਨੁਕ੍ਰਮਣਿਕਾ (ਡਾ. ਗੁਰਚਰਨ ਸਿੰਘ); ਇਨਸਾਈਕਲੋਪੀਡੀਆ ਆਫ ਸਿਖਇਜ਼ਮ (ਡਾ. ਹਰਬੰਸ ਸਿੰਘ); ਇਨਸਾਈਕਲੋਪੀਡੀਆ ਆਫ ਮਿਊਜ਼ਿਕ; ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ, ਸੁਰ ਸਿਮਰਣ ਸੰਗੀਤ ਆਦਿ, ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਪੰਜਾਬੀ-ਅੰਗ੍ਰੇਜ਼ੀ ਕੋਸ਼ ਅਤੇ ਅੰਗ੍ਰੇਜ਼ੀ-ਪੰਜਾਬੀ ਕੋਸ਼ ਦੇ ਨਾਮ ਵਿਸ਼ੇਸ਼ ਵਰਣਨਯੋਗ ਹਨ। ਇਨ੍ਹਾਂ ਤੋਂ ਇਲਾਵਾ ਉਸਤਾਦ ਵਿਦਵਾਨ ਕੀਰਤਨੀਆਂ ਅਤੇ ਸੰਗੀਤਕਾਰਾਂ ਦੇ ਪ੍ਰਮਾਣਿਕ ਅਤੇ ਟਕਸਾਲੀ ਸਿਧਾਂਤਕ ਤੇ ਵਿਹਾਰਕ ਗਿਆਨ ਦੇ ਭੰਡਾਰ ਦਾ ਸਮੇਂ-ਸਮੇਂ ਪੂਰਾ ਲਾਭ ਉਠਾਇਆ ਗਿਆ ਜਿਸ ਲਈ ਵੱਖ-ਵੱਖ ਆਰਕਾਈਵਲ ਰਿਕਾਰਡਿੰਗਜ਼ ਅਤੇ ਸੰਵਾਦ ਗੋਸ਼ਟੀਆਂ ਸਹਾਈ ਹੋਈਆਂ।
ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ ਵਿਚ ਸ਼ਾਮਿਲ ਸ਼ਬਦਾਂ ਦੀ ਚੋਣ ਸਬੰਧੀ ਵਿਦਵਾਨਾਂ ਦੀ ਰਾਇ ਸੀ ਕਿ ਇਹ ਸੁਖੈਨ, ਸੰਤੁਲਿਤ ਤੇ ਸਰਬਾਂਗੀ ਹੋਣੀ ਚਾਹੀਦੀ ਹੈ। ਸ਼ਬਦਾਵਲੀ ਦਾ ਮਨੋਰਥ ਗਿਆਨ ਸੰਚਾਰ ਕਰਨਾ ਹੈ ਅਤੇ ਕਠਿਨ ਤੇ ਬਿਖਮ ਸ਼ਬਦਾਂ ਤੋਂ ਗੁਰੇਜ਼ ਕੀਤਾ ਜਾਵੇ। ਇਸ ਲਈ ਆਮ ਬੋਲਚਾਲ ਦੀ ਸੰਗੀਤਕ ਭਾਸ਼ਾ ਤੋਂ ਗੁਰੇਜ਼ ਕਰਦਿਆਂ ਸਿਧਾਂਤਕ ਤੇ ਕਿਰਿਆਤਮਕ ਤੌਰ ’ਤੇ ਸਮਰੱਥ, ਸਪਸ਼ਟ ਉਨ੍ਹਾਂ ਸ਼ਬਦਾਂ ਦੀ ਚੋਣ ਕੀਤੀ ਗਈ ਜੋ ਸਬੰਧਤ ਸ਼ਬਦਾਵਲੀ ਦੇ ਅਰਥਾਂ ਤੇ ਭਾਵਾਂ ਨੂੰ ਉਜਾਗਰ ਕਰਨ ਦੇ ਵੱਧ ਤੋਂ ਵੱਧ ਯੋਗ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਯੋਗ ਸੰਗੀਤਕ ਸ਼ਬਦਾਵਲੀ ਅਤੇ ਭਾਰਤੀ ਸੰਗੀਤ ਵਿਚੋਂ ਗੁਰਮਤਿ ਸੰਗੀਤ ਵਿਚ ਰੂਪਾਂਤਰਿਤ ਹੋ ਚੁੱਕੀ ਸ਼ਬਦਾਵਲੀ ਨੂੰ ਗੁਰਮਤਿ ਪਰਿਪੇਖ ਵਿਚ ਚੁਣਿਆ ਗਿਆ।ਵਿਦਵਾਨਾਂ ਦੀ ਰਾਇ ਨਾਲ ਬਣਾਏ ਗਏ ਉਕਤ ਨਿਰਧਾਰਤ ਪੈਮਾਨੇ ਦੇ ਆਧਾਰ ‘ਤੇ ਜੋ ਸ਼ਬਦ ਪੂਰੇ ਨਹੀਂ ਉਤਰੇ, ਉਨ੍ਹਾਂ ਨੂੰ ਗੁਰਮਤਿ ਸੰਗੀਤ ਦੀ ਤਕਨੀਕੀ ਸ਼ਬਦਾਵਲੀ ਦਾ ਹਿੱਸਾ ਨਹੀਂ ਬਣਾਇਆ ਗਿਆ। ਪਰ ਇਹ ਪ੍ਰਕ੍ਰਿਆ ਕੋਈ ਸਹਿਜ ਨਹੀਂ ਰਹੀ ਇਸ ਦੇ ਲਈ ਇੱਕ-ਇੱਕ ਸ਼ਬਦ ਚੰਗੀ ਤਰ੍ਹਾਂ ਵਾਚਿਆ ਗਿਆ ਅਤੇ ਕਈ-ਕਈ ਇਕੱਤਰਤਾਵਾਂ ਬਾਅਦ ਸਾਰੇ ਹਾਜ਼ਰ ਵਿਦਵਾਨਾਂ ਦੀ ਰਾਇ ਅਨੁਸਾਰ ਸਬੰਧਤ ਸ਼ਬਦ ਨੂੰ ਇਸ ਤਕਨੀਕੀ ਸ਼ਬਦਾਵਲੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਗੁਰਮਤਿ ਸੰਗੀਤ ਦੀ ਤਕਨੀਕੀ ਸ਼ਬਦਾਵਲੀ ਦੇ ਇਸ ਸਚਿੱਤਰ ਪ੍ਰਕਾਸ਼ਨ ਵਿਚ ਵੱਖ-ਵੱਖ ਚਿੱਤਰਾਂ ਦੁਆਰਾ ਭਰਪੂਰ ਜਾਣਕਾਰੀ ਦਿਤੀ ਗਈ ਹੈ ਜਿਸ ਵਿਚ ਵੱਖ-ਵੱਖ ਸਾਜ਼ਾਂ ਦੇ ਵੱਖ-ਵੱਖ ਹਿੱਸਿਆਂ ਦੀ ਜਾਣਕਾਰੀ ਕਾਫੀ ਦਿਲਚਸਪ ਹੈ।
ਗੁਰਮਤਿ ਸੰਗੀਤ ਦੀ ਇਸ ਤਕਨੀਕੀ ਸ਼ਬਦਾਵਲੀ ਦਾ ਪ੍ਰਕਾਸ਼ਨ ਇਕੋ ਸੰਗ੍ਰਹਿ ਵਜੋਂ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਅੰਗ੍ਰੇਜ਼ੀ ਭਾਸ਼ਾ ਵਿਚ ਗੁਰਮਤਿ ਸੰਗੀਤ ਸ਼ਬਦਾਵਲੀ ਨੂੰ ਅੰਕਿਤ ਕਰਨ ਲਈ ਅੱਖਰਾਂ ਨਾਲ ਲੱਗਣ ਵਾਲੇ ਵਿਸ਼ੇਸ਼ ਚਿੰਨ (ਧੳਿਚਰਟਿਚਿਸ) ਅੰਕਿਤ ਕੀਤੇ ਗਏ ਹਨ ਤਾਂ ਜੋ ਗੈਰ ਪੰਜਾਬੀ ਭਾਸ਼ਾਈ ਪਾਠਕ ਇਸ ਤੋਂ ਭਰਪੂਰ ਲਾਭ ਲੈ ਸਕਣ। ਗੁਰਮਤਿ ਸੰਗੀਤ ਦੀ ਇਸ ਪ੍ਰਕਾਸ਼ਨਾ ਵਿਚ ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਦੇ ਅਮਨਦੀਪ ਸਿੰਘ, ਡਾ. ਹਰਮਿੰਦਰ ਕੌਰ, ਮਨਪ੍ਰੀਤ ਸਿੰਘ, ਰਣਬੀਰ ਸਿੰਘ, ਦਇਆ ਸਿੰਘ, ਅਰਵਿੰਦਰ ਸਿੰਘ, ਹਰਪ੍ਰੀਤ ਸਿੰਘ ਸਾਹਨੀ, ਡਾ. ਜਸਬੀਰ ਸਿੰਘ ਭਾਟੀਆ ਨੇ ਵਿਸ਼ੇਸ਼ ਤਕਨੀਕੀ ਸਹਿਯੋਗ ਦਿਤਾ ਹੈ।
ਪੰਜਾਬੀ ਯੂਨੀਵਰਸਿਟੀ ਵਲੋਂ ਸੰਪੂਰਣ ਕੀਤਾ ਗਿਆ ਇਹ ਪ੍ਰੋਜੈਕਟ ਡਾ. ਦਵਿੰਦਰ ਸਿੰਘ, ਡਾਇਰੈਕਟਰ ਯੋਜਨਾ ਤੇ ਨਿਰੀਖਣ ਦੇ ਵਿਸ਼ੇਸ਼ ਯਤਨਾਂ ਦੁਆਰਾ ਪ੍ਰਦਾਨ ਕੀਤੇ ਗਈ ਗ੍ਰਾਂਟ ਦੁਆਰਾ ਪ੍ਰਕਾਸ਼ਿਤ ਹੋ ਸਕਿਆ ਜਿਸ ਨੂੰ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਵੱਖ-ਵੱਖ ਵਿਦਵਾਨਾਂ, ਸੰਗੀਤਕਾਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ। ਮਿਤੀ 17 ਨਵੰਬਰ, 2012 ਦੇ ਟਾਈਮ ਆਫ ਇੰਡੀਆ ਨੇ ਆਪਣੇ ਮੁੱਖ ਪੰਨੇ ‘ਤੇ ਪੰਜਾਬੀ ਯੂਨੀਵਰਸਿਟੀ ਦੀ ਇਸ ਇਤਿਹਾਸਕ ਪ੍ਰਾਪਤੀ ਦੀ ਵਿਸ਼ੇਸ਼ ਸ਼ਲਾਘਾ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਨਿਊਜ਼ ਪੇਪਰਜ਼, ਮੈਗਜ਼ੀਨ ਅਤੇ ਦੇਸ਼ ਵਿਦੇਸ਼ ਤੋਂ ਵਿਦਵਾਨਾਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੇ ਇਸ ਪ੍ਰਕਾਸ਼ਨਾ ਦਾ ਭਰਪੂਰ ਸੁਆਗਤ ਕੀਤਾ।
ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਸਮਕਾਲੀ ਗੁਰਮਤਿ ਸੰਗੀਤ ਅਧਿਐਨ ਤੇ ਅਧਿਆਪਨ ਵਿਚ ਗੁਰਮਤਿ ਸੰਗੀਤ ਦੀ ਇਹ ਤਕਨੀਕੀ ਸ਼ਬਦਾਵਲੀ ਇਸ ਵਿਸ਼ੇ ਨੂੰ ਵਿਗਿਆਨਕ ਤਰੀਕੇ ਨਾਲ ਪ੍ਰਚਾਰਨ ਪ੍ਰਸਾਰਨ ਵਿਚ ਸਹਾਈ ਹੋਵੇਗੀ। ਨਿਸ਼ਚੇ ਹੀ ਵਿਸ਼ਵ ਭਰ ਵਿਚ ਗੁਰਮਤਿ ਸੰਗੀਤ ਦੇ ਖੇਤਰ ਵਿਚ ਕਾਰਜਸ਼ੀਲ ਵਿਦਿਆਰਥੀ, ਖੋਜਾਰਥੀ ਅਤੇ ਕੀਰਤਨੀਏ ਇਸ ਦਾ ਭਰਪੂਰ ਲਾਭ ਉਠਾਉਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਕਾਰਜ ਵਿਚ ਤਰੂਟੀਆਂ ਵੀ ਸਾਮਣੇ ਆਉਣਗੀਆਂ। ਉਮੀਦ ਕਰਦੇ ਹਾਂ ਅਗਲੇ ਐਡੀਸ਼ਨ ਤੱਕ ਆਪ ਜੀ ਸਾਨੂੰ ਗੁਰਮਤਿ ਸੰਗੀਤ ਦੀ ਤਕਨੀਕੀ ਸ਼ਬਦਾਵਲੀ ਸਬੰਧੀ ਲਿਖਤੀ ਰੂਪ ਵਿਚ ਸੁਝਾਅ ਜ਼ਰੂਰ ਭੇਜੋਗੇ ਤਾਂ ਜੋ ਅਸੀਂ ਇਸ ਕਾਰਜ ਨੂੰ ਹੋਰ ਸੁਚੱਜੇ ਰੂਪ ਵਿਚ ਸਮੂਹ ਗੁਰਮਤਿ ਸੰਗੀਤ ਪ੍ਰੇਮੀਆਂ ਤੱਕ ਪਹੁੰਚਦਾ ਕਰ ਸਕੀਏ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ