*ਗੁਰਨਾਮ ਸਿੰਘ (ਡਾ.)
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਸੰਗੀਤ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦਾ ਮਨੋਰਥ ਗੁਰਮਤਿ ਸੰਗੀਤ ਦੀ ਪ੍ਰਮਾਣਿਕ ਪ੍ਰੰਪਰਾਗਤ ਕੀਰਤਨ ਸ਼ੈਲੀ ਦੇ ਸ਼ੁੱਧ ਤੇ ਅਸਲ ਰੂਪ ਵਿੱਚ ਵਿਦਿਆਰਥੀਆਂ ਦੀ ਘਾੜਤ ਘੜਣਾ ਹੈ, ਤਾਂ ਜੋ ਉਹ ਟਕਸਾਲੀ ਕੀਰਤਨੀਏ ਬਣ ਸਕਣ। ਇਸ ਮੰਤਵ ਲਈ ਇਸ ਸੰਸਥਾ ਵਿਚ ਤੰਤੀ ਸਾਜ਼ਾਂ ਦੁਆਰਾ ਭਾਰਤੀ ਸੰਗੀਤ ਦੇ ਪ੍ਰਚਲਿਤ ਰਾਗਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖ ਰਾਗਾਂ ਤੇ ਮਿਸ਼ਰਤ ਰਾਗਾਂ ਦੀ ਕੀਰਤਨ ਸ਼ੈਲੀ ਵਿਚ ਵੱਖ-ਵੱਖ ਕੀਰਤਨ ਚਉਕੀਆਂ ਦੀ ਸਿਖਲਾਈ ਦਿਤੀ ਜਾਂਦੀ ਹੈ। ਗੁਰਮਤਿ ਸੰਗੀਤ ਅਕੈਡਮੀ ਦਾ ਉਦਘਾਟਨ ਮਿਤੀ 17 ਦਸੰਬਰ, 1999 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਉਸ ਸਮੇਂ ਦੇ ਪ੍ਰਧਾਨ ਬੀਬੀ ਜਗੀਰ ਕੌਰ (ਸ਼੍ਰੋ.ਗੁ.ਪ੍ਰ.ਕਮੇਟੀ) ਅੰਮ੍ਰਿਤਸਰ, ਡਾ. ਗੁਰਬਚਨ ਸਿੰਘ ਸਕੱਤਰ (ਸ਼੍ਰੋ.ਗੁ.ਪ੍ਰਬ.ਕਮੇਟੀ) ਸ੍ਰੀ ਅੰਮ੍ਰਿਤਸਰ ਆਦਿ ਪਤਵੰਤੀਆਂ ਸ਼ਖਸੀਅਤਾਂ ਨੇ ਕੀਤਾ। ਗਿਆਨੀ ਤਰਲੋਚਨ ਸਿੰਘ ਹੈਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਆਗੂ ਤੇ ਇਲਾਕੇ ਦੀਆਂ ਸਭਾ ਸੁਸਾਇਟੀਆਂ ਸ਼ਾਮਲ ਹੋਈਆਂ। ਗੁਰਮਤਿ ਸੰਗੀਤ ਅਕੈਡਮੀ ਦੀਆਂ ਕਲਾਸਾਂ ਦੀ ਆਰੰਭਤਾ 20 ਦਸੰਬਰ 1999 ਨੂੰ ਹੋਈ।
ਇਸ ਅਦਾਰੇ ਦੀ ਸਥਾਪਤੀ ਉਪਰੰਤ ਇਸ ਦੇ ਡਾਇਰੈਕਟਰ ਗੁਰਮਤਿ ਸੰਗੀਤ ਦੇ ਸਿਰਮੌਰ ਵਿਦਵਾਨ ਅਤੇ ਕੀਰਤਨੀਏ ਪ੍ਰੋ. ਕਰਤਾਰ ਸਿੰਘ ਜੀ ਨੂੰ ਥਾਪਿਆ ਗਿਆ ਜੋ ਬੜੀ ਤਨਦੇਹੀ ਨਾਲ ਸਮਰਪਿਤ ਹੋ ਕੇ ਇਹ ਸੇਵਾ ਕਰ ਰਹੇ ਹਨ। ਪ੍ਰੋ. ਕਰਤਾਰ ਸਿੰਘ ਜੀ ਕੋਲ ਸੰਗੀਤ ਵਿਸ਼ੇ ਵਿਚ ਕਾਲਜ ਅਧਿਆਪਨ ਦਾ ਜਿਥੇ ਲੰਮਾ ਤਜਰਬਾ ਸੀ, ਉਥੇ ਆਪ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ‘ਰਾਗ ਨਿਰਣਾਇਕ ਕਮੇਟੀ’ ਤੋਂ ਇਲਾਵਾ ਕੀਰਤਨ ਦੇ ਕਿਰਿਆਤਮਕ ਖੇਤਰ ਵਿਚ ਵੀ ਉਘਾ ਯੋਗਦਾਨ ਪਾਇਆ। ਕਾਲਜ ਦੇ ਵਿਦਿਆਰਥੀਆਂ ਨੂੰ ਗੁਰੂ ਘਰ ਦੀ ਰਾਗਾਤਮਕ ਕੀਰਤਨ ਪਰੰਪਰਾ ਨਾਲ ਜੋੜਨ ਵਿਚ ਆਪ ਦਾ ਨਿਵੇਕਲਾ ਯੋਗਦਾਨ ਰਿਹਾ। ਆਪ ਨੇ ਗੁਰਮਤਿ ਸੰਗੀਤ ਉਤੇ ਕਈ ਮਹੱਤਵਪੂਰਨ ਪੁਸਤਕਾਂ ਪ੍ਰਦਾਨ ਕੀਤੀਆਂ ਹਨ। ਆਪ ਦੀ ਪ੍ਰਾਪਤੀਆਂ ਕਰਕੇ ਹੀ ਆਪ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਰਾਸ਼ਟਰਪਤੀ ਐਵਾਰਡ, ਟੈਗੋਰ ਐਵਾਰਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਰਾਗੀ ਵਰਗੇ ਉਚਤਮ ਐਵਾਰਡ ਪ੍ਰਾਪਤ ਹੋ ਚੁਕੇ ਹਨ ਜੋ ਆਪ ਦੀ ਲਗਨ, ਸਿਰੜ ਤੇ ਇਸ ਖੇਤਰ ਵਿਚ ਸਾਧਨਾ ਦੀ ਤਸਦੀਕ ਕਰਦੇ ਹਨ। ਇਸੇ ਕਰਕੇ ਹੀ ਪੰਜਾਬੀ ਯੂਨੀਵਰਸਿਟੀ ਵਿਚ ਆਪ ਨੂੰ ਗੁਰਮਤਿ ਸੰਗੀਤ ਫੈਲੋਸ਼ਿਪ ਪ੍ਰਦਾਨ ਕੀਤੀ ਹੈ। ਅਜਿਹੇ ਕਰਮਯੋਗੀ ਨੂੰ ਗੁਰਮਤਿ ਸੰਗੀਤ ਅਕੈਡਮੀ ਦੀ ਵਾਗਡੋਰ ਸੰਭਾਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਲਾਘਾਯੋਗ ਉਪਰਾਲਾ ਕੀਤਾ, ਜੋ ਸਫਲ ਰਿਹਾ। ਸਚਮੁਚ ਹੀ ਇਸ ਸੰਸਥਾ ਦੀ ਸਥਾਪਤੀ ਤੋਂ ਪਹਿਲਾਂ ਕੋਈ ਸੰਸਥਾ ਗੁਰੂ ਘਰ ਦੀ ਰਾਗ ਪਰੰਪਰਾ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ ਨੂੰ ਪੂਰਨ ਰੂਪ ਵਿਚ ਸਮਰਪਿਤ ਨਹੀਂ ਸੀ।
ਗੁਰਮਤਿ ਸੰਗੀਤ ਅਕੈਡਮੀ ਦਾ ਪਾਠਕ੍ਰਮ ਬਾਕੀ ਮਿਸ਼ਨਰੀ ਕਾਲਜ ਨਾਲੋਂ ਵੱਖਰਾ ਬਣਾਇਆ ਗਿਆ ਕਿਉਂ ਜੋ ਇਸਦਾ ਮਨੋਰਥ ਅਤੇ ਕਾਰਜ ਪ੍ਰਕ੍ਰਿਆ ਅੱਲਗ ਸੀ। ਵਿਦਿਆਰਥੀ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਨਿਤਨੇਮ, ਸਵਰ ਸਾਧਨਾ, ਕੀਰਤਨ ਅਭਿਆਸ, ਬਾਣੀ ਕੰਠ ਕਰਨ, ਸੇਵਾ ਕਰਨੀ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਿਰੰਤਰ ਜੁਟੇ ਰਹਿੰਦੇ ਪਰ ਇਸਦੇ ਨਾਲ ਤੰਤੀ ਸਾਜ਼ ਦੁਆਰਾ ਸ਼ੁੱਧ ਰਾਗਾਤਮਕ ਪਰੰਪਰਾ ਦੀ ਉਸਾਰੀ ਦੀ ਬੁਨਿਆਦ ਉਚੇਚੇ ਤੌਰ ‘ਤੇ ਰਖੀ ਗਈ। ਪ੍ਰੋ. ਕਰਤਾਰ ਸਿੰਘ ਨੇ ਆਪਣੀ ਟੀਮ ਵਿਚ ਭਾਈ ਪਿਆਰਾ ਸਿੰਘ ਪਦਮ ਨੂੰ ਤੰਤੀ ਸਾਜ਼ਾਂ ਦੀ ਸਿਖਲਾਈ ਲਈ ਰਖਿਆ।
ਅਕੈਡਮੀ ਵਿਚ 10+2 ਪਾਸ ਵਿਦਿਆਰਥੀ ਦਾਖਲਾ ਲੈ ਕੇ ਕੀਰਤਨ ਗਾਇਨ (ਤੰਤੀ ਸਾਜ਼ਾਂ ਸਹਿਤ) ਤੇ ਤਬਲਾ ਵਾਦਨ ਵਿਚ ਸਿਖਿਆ ਲੈਂਦੇ ਹਨ। ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਹੁਣ ਤੱਕ ਚਾਰ ਸੈਸ਼ਨ ਤੰਤੀ ਸਾਜਾਂ ਦੁਆਰਾ ਕੀਰਤਨ ਸਿਖਲਾਈ ਪ੍ਰਾਪਤ ਕਰ ਚੁਕੇ ਹਨ ਜਿਨ੍ਹਾਂ ਵਿੱਚ 123 ਵਿਦਿਆਰਥੀ ਕੀਰਤਨ ਸਿਖਲਾਈ ਪ੍ਰਾਪਤ ਕਰਕੇ ਵੱਖ-ਵੱਖ ਇਤਿਹਾਸਿਕ ਤੇ ਹੋਰ ਗੁਰ ਅਸਥਾਨਾਂ ਤੇ ਤੰਤੀ ਸਾਜ਼ਾਂ ਦੁਆਰਾ ਦੇਸ਼ ਤੇ ਵਿਦੇਸ਼ਾਂ ਵਿੱਚ ਕੀਰਤਨ ਸੇਵਾ ਨਿਭਾ ਰਹੇ ਹਨ। ਕੁਝ ਵਿਦਿਆਰਥੀ ਸੰਗੀਤ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਹੇ ਹਨ। ਜਿਨ੍ਹਾਂ ਵਿਚੋਂ ਵੇਰਵਾ ਇਸ ਪ੍ਰਕਾਰ ਹੈ। ਭਾਈ ਹਰਪਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਚਾਣਕ ਸਿੰਘ ਹਜ਼ੂਰੀ ਰਾਗੀ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਭਾਈ ਗੁਲਜਾਰ ਸਿੰਘ, ਭਾਈ ਜਗਵਿੰਦਰ ਸਿੰਘ, ਭਾਈ ਰਾਜਵੀਰ ਸਿੰਘ, ਭਾਈ ਹਰਜੋਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਬੱਗਾ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਜਸਪਿੰਦਰ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਗੁਰਜੰਟ ਸਿੰਘ, ਭਾਈ ਸੁਖਜੀਤ ਸਿੰਘ, ਭਾਈ ਗੁਰਦਿੱਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਗੁਰਦਿਆਲ ਸਿੰਘ, ਦਿਲਬਰ ਸਿੰਘ ਦੇ ਰਾਗੀ ਜਥੇ ਵਿਸ਼ੇਸ਼ ਹਨ। ਇਸੇ ਤਰ੍ਹਾਂ ਦਿਲਰੁਬਾ ਵਾਦਕ ਤੇ ਤੰਤੀ ਸਾਜ਼ ਵਾਦਕ ਵਜੋਂ ਭਾਈ ਕੁਲਦੀਪ ਸਿੰਘ, ਭਾਈ ਰਵਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਭਾਈ ਨੋਨਿਹਾਲ ਸਿੰਘ, ਭਾਈ ਨਵਜਿੰਦਰ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਪਪਿੰਦਰ ਸਿੰਘ, ਭਾਈ ਹਰਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਦਲਜੀਤ ਸਿੰਘ ਵੱਖ-ਵੱਖ ਗੁਰ ਅਸਥਾਨਾਂ ਤੇ ਸੇਵਾ ਕਰ ਰਹੇ ਹਨ। ਸੰਗੀਤ ਅਧਿਆਪਕ ਵਜੋਂ ਸ. ਸੁਖਜਿੰਦਰ ਸਿੰਘ, ਸ. ਕਸ਼ਮੀਰ ਸਿੰਘ, ਸ. ਇਕਬਾਲ ਸਿੰਘ, ਸ. ਜਗਦੀਪ ਸਿੰਘ, ਸ. ਬਲਤੇਜ ਸਿੰਘ, ਸ. ਸੁਖਵਿੰਦਰ ਸਿੰਘ, ਸ. ਨਵਜਿੰਦਰ ਸਿੰਘ, ਸ. ਪਪਿੰਦਰ ਸਿੰਘ, ਸ. ਹਰਦੀਪ ਸਿੰਘ, ਸ. ਸਤਬੀਰ ਸਿੰਘ ਅਤੇ ਸ. ਸਤਿੰਦਰਪਾਲ ਸਿੰਘ ਨਿਰੰਤਰ ਸੇਵਾ ਕਰ ਰਹੇ ਹਨ।
ਫੀਲਡ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੇ ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਪੰਜਾਬ ਦੇ ਪ੍ਰਮੁੱਖ ਗੁਰ ਅਸਥਾਨਾਂ ਤੇ ਕੀਰਤਨ ਸੇਵਾ ਨਿਭਾਈ ਤੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਜਾ ਕੇ ਗੁਰਮਤਿ ਸੰਗੀਤ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਇਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਗੁਰਮਤਿ ਸੰਗੀਤ ਉਤਸਵ ਤੇ ਸ਼ਬਦ ਕੀਰਤਨ ਪ੍ਰਤਿਯੋਗਤਾਵਾਂ ਪਿਛਲੇ ਕੁੱਝ ਸਾਲਾਂ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਪ੍ਰਤਿਯੋਗਤਾਵਾਂ ਵਿਚ ਵਿਦਿਆਰਥੀ ਸਾਲ 2008 ਤੋਂ ਹਿਸਾ ਲੈਂਦੇ ਆ ਰਹੇ ਹਨ ਅਤੇ ਕਈ ਇਨਾਮ ਜਿਤੇ ਹਨ। ਸਾਲ 2000 ਤੋਂ ਅਕੈਡਮੀ ਦੇ ਵਿਦਿਆਰਥੀ ਵੱਖ-ਵੱਖ ਜੱਥਿਆਂ ਦੇ ਰੂਪ ਵਿੱਚ ਹੋਲਾ ਮਹੱਲਾ ਸਮੇਂ ਬਸੰਤ ਕੀਰਤਨ ਦਰਬਾਰ ਤੇ ਵਿਸਾਖੀ ਤੇ ਹੋਰ ਸਲਾਨਾਂ ਸਮਾਗਮਾਂ ਤੋਂ ਇਲਾਵਾ ਵੱਖ ਵੱਖ ਗੁਰੂ ਘਰਾਂ ਵਿਚ ਕੀਰਤਨ ਦੀ ਸੇਵਾ ਕਰਦੇ ਆ ਰਹੇ ਹਨ।
ਗੁਰਮਤਿ ਸੰਗੀਤ ਅਕੈਡਮੀ ਤੋਂ ਤਾਲੀਮ ਪ੍ਰਾਪਤ ਕੀਰਤਨੀਆਂ ਵਿਚ ਸ਼ੁੱਧ ਰਾਗਾਤਮਕ ਕੀਰਤਨ ਦੀ ਚੇਟਕ ਲਗਾਉਣ ਵਿਚ ਪ੍ਰੋ. ਕਰਤਾਰ ਸਿੰਘ ਸਫਲ ਰਹੇ ਹਨ। ਆਪ ਖੁਦ ਤਾਨਪੂਰੇ ਤੇ ਕੀਰਤਨ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਇਸ ਤੰਤੀ ਸਾਜ਼ ‘ਤੇ ਕੀਰਤਨ ਕਰਨ ਦੀ ਪ੍ਰੇਰਨਾ ਦਿੰਦੇ ਰਹੇ। ਆਪ ਦੁਆਰਾ ਤਿਆਰ ਕੀਤੇ ਜਥੇ ਤਾਨਪੂਰਾ ਤੇ ਹਰਮੋਨੀਅਮ ਦੋਵੇਂ ਸਾਜ਼ਾਂ ਤੇ ਕੀਰਤਨ ਕਰਦੇ ਹਨ। ਰਾਗਾਂ ਦੇ ਨਾਲ-ਨਾਲ ਇਨ੍ਹਾਂ ਨੂੰ ਸ਼ਬਦ ਕੀਰਤਨ ਗਾਇਕੀ ਲਈ ਵਿਸ਼ੇਸ਼ ਤਾਲਾਂ ਦਾ ਅਭਿਆਸ ਵੀ ਇਸੇ ਸੰਸਥਾ ਦੀ ਵਿਸ਼ੇਸ਼ਤਾ ਹੈ। ਵਿਦਿਆਰਥੀਆਂ ਨੂੰ ਭਿੰਨ-ਭਿੰਨ ਤਾਲਾਂ ਵਿਚ ਸਹਿਜਮਈ ਕੀਰਤਨ ਦੀ ਪ੍ਰੇਰਨਾ ਦਿਤੀ ਜਾਂਦੀ ਹੈ। ਸਮਕਾਲੀ ਲੋਕ ਪ੍ਰਿਯ ਕੀਰਤਨ ਦੇ ਪ੍ਰਵਾਹ ਵਿਚ ਕੇਵਲ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ ਇਨ੍ਹਾਂ ਵਿਦਿਆਰਥੀਆਂ ਨੂੰ ਕਠਿਨ ਵੀ ਲਗਦਾ ਹੋਵੇਗਾ ਪਰ ਅਸੀਂ ਸਾਰੇ ਸ਼ੁਭਚਿੰਤਨ ਇਨ੍ਹਾਂ ਵਿਦਿਆਰਥੀਆਂ ਤੋਂ ਇਹ ਆਸ ਕਰਦੇ ਹਾਂ ਕਿ ਇਹ ਕੀਰਤਨੀਏ ਆਪਣੀ ਪਰੰਪਰਾ ਨੂੰ ਕਾਇਮ ਰਖਦਿਆਂ ਤੰਤੀ ਸਾਜ਼ਾਂ ਤਾਨਪੂਰਿਆਂ ਨਾਲ ਕੀਰਤਨ ਕਰਦੇ ਰਹਿਣਗੇ ਤਾਂ ਜੋ ਇਸ ਅਕੈਡਮੀ ਦੀ ਸਥਾਪਨਾ ਦਾ ਉਦੇਸ਼ ਵੀ ਪੂਰਾ ਹੋ ਸਕੇ। ਇਨ੍ਹਾਂ ਦੀ ਪਛਾਣ ਵੀ ਸੁਰੱਖਿਅਤ ਹੋ ਸਕੇ ਅਤੇ ਪ੍ਰੋ. ਕਰਤਾਰ ਸਿੰਘ ਸਮੇਤ ਅਸੀਂ ਸਾਰੇ ਇਨ੍ਹਾਂ ‘ਤੇ ਮਾਣ ਕਰ ਸਕੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜਿਨ੍ਹਾਂ ਤੰਤੀ ਸਾਜ਼ਾਂ ਨੂੰ ਦਰਬਾਰ ਸਾਹਿਬ ਤੋਂ ਮੁੜ ਆਰੰਭ ਕਰਨ ਦੇ ਕਾਰਜ ਵਿਚ ਅਹਿਮ ਭੂਮਿਕਾ ਨਿਭਾਈ, ਹਮੇਸ਼ਾਂ ਤੰਤੀ ਸਾਜ਼ ਵਿਦਿਆਰਥੀਆਂ ਨੂੰ ਤਰਜੀਹ ਦਿੰਦੇ ਆ ਰਹੇ ਹਨ ਤੇ ਭਵਿੱਖ ਵਿਚ ਵੀ ਇਨ੍ਹਾਂ ਦੀ ਸਰਪਰਸਤੀ ਦੀ ਆਸ ਹੈ।
ਗੁਰਮਤਿ ਸੰਗੀਤ ਅਕੈਡਮੀ ਨੇ ਪ੍ਰੋ. ਕਰਤਾਰ ਸਿੰਘ ਜੀ ਦੀ ਅਗਵਾਈ ਵਿਚ ਆਪਣੇ ਸਥਾਪਨਾ ਮਨੋਰਥ ਦੀ ਪੂਰਤੀ ਲਈ ਸਾਰਥਕ ਯੋਗਦਾਨ ਪਾਇਆ ਹੈ। ਸਾਨੂੰ ਸਾਰਿਆਂ ਨੂੰ ਇਸ ਤੇ ਮਾਣ ਹੈ। ਗੁਰਮਤਿ ਸੰਗੀਤ ਅਕੈਡਮੀ ਨੌਜੁਆਨ ਸਿਖਿਆਰਥੀਆਂ ਨੂੰ ਪੂਰਨ ਗੁਰਮਤਿ ਦੇ ਮਾਹੌਲ ਵਿਚ ਅਨੁਸ਼ਾਸਿਤ ਕਰਕੇ ਸੰਗੀਤ ਦੀ ਤਾਲੀਮ ਦੇ ਰਹੀ ਹੈ। ਇਸ ਸੰਸਥਾ ਦੀ ਮੂਲ ਪ੍ਰਕ੍ਰਿਤੀ ਤੇ ਸਥਾਪਨਾ ਪਿਛੇ ਮੂਲ ਭਾਵਨਾ ਨੂੰ ਸਮਝਣ ਤੇ ਹੋਰ ਵਧੇਰੇ ਸਾਰਥਕ ਰੂਪ ਵਿਚ ਸਾਕਾਰ ਕਰਨ ਦੀ ਜ਼ਰੂਰਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅਕੈਡਮੀ ਨੂੰ ਹੋਰ ਵਿਸਥਾਰ ਦੇ ਸਕਦੀ ਹੈ ਤਾਂ ਜੋ ਇਥੋਂ ਗੁਰਮਤਿ ਸੰਗੀਤ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾ ਸਕੇ। ਗੁਰਮਤਿ ਸੰਗੀਤ ਦੇ ਐਡਵਾਂਸ ਕੋਰਸਾਂ ਨੂੰ ਸਟੱਡੀ ਲਈ ਇਸ ਅਦਾਰੇ ਤੋਂ ਸੇਵਾ ਲਈ ਜਾ ਸਕੇ। ਭਵਿੱਖ ਵਿਚ ਅਸੀਂ ਆਸ ਰਖਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੰਤੀ ਸਾਜ਼ ‘ਤੇ ਕੀਰਤਨ ਕਰਨ ਵਾਲੇ ਕੀਰਤਨੀਆਂ ਨੂੰ ਵਿਸ਼ੇਸ਼ ਉਤਸ਼ਾਹ ਤੇ ਰੁਤਬਾ ਦਿੰਦਿਆਂ ਇਸਨੂੰ ਸਹਿਯੋਗ ਤੇ ਸਰਪਰਸਤੀ ਦੇਵੇਗੀ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ