*ਗੁਰਨਾਮ ਸਿੰਘ (ਡਾ.)
ਪੰਜਾਬ ਦੀ ਧਰਤੀ ਤੋਂ ਦੂਰ ਸਫਲਤਾ ਨਾਲ ਸਿੱਖੀ ਪ੍ਰਚਾਰ ਦੇ ਮਨੋਰਥ ਨਾਲ ਗੁਰਮਤਿ ਅਤੇ ਸੰਗੀਤ ਦੀ ਵਿਦਿਆ ਦਾ ਪਸਾਰਾ ਕਰਨ ਵਾਲੀ ਸੰਸਥਾ ਗੁਰਮਤਿ ਸੰਗੀਤ ਬਾਲ ਵਿਦਿਆਲਾ ਰਿਸ਼ੀਕੇਸ਼ ਦੀ ਸਥਾਪਨਾ 1960 ਵਿਚ ਹੋਈ। ਇਸ ਸੰਸਥਾ ਨੇ ਇਸ ਖਿੱਤੇ ਵਿਚੋਂ ਸਿੱਖ ਅਤੇ ਗੈਰ ਸਿੱਖ ਸਿਖਿਆਰਥੀਆਂ ਨੂੰ ਸਿੱਖੀ ਨਾਲ ਜੋੜ ਬਾਣੀ ਬਾਣੇ ਦੇ ਧਾਰਣੀ ਬਣਾਇਆ ਅਤੇ ਉਨ੍ਹਾਂ ਕੀਰਤਨ ਦੀ ਦਾਤ ਪ੍ਰਦਾਨ ਕਰ ਦੇਸ਼ ਵਿਦੇਸ਼ ਲਈ ਕੀਰਤਨੀਆਂ ਦੀ ਇਕ ਵੱਡੀ ਫਸਲ ਤਿਆਰ ਕੀਤੀ। ਇਸੇ ਕਰਕੇ ਇਸ ਸੰਸਥਾ ਦਾ ਗੁਰਮਤਿ ਸੰਗੀਤ ਵਿਚ ਜ਼ਿਕਰ ਕਰਨਾ ਬਣਦਾ ਹੈ।
ਵਿਦਿਆਲੇ ਦੇ ਪ੍ਰਬੰਧਕਾਂ ਵਲੋਂ ਦਿਤੀ ਜਾਣਕਾਰੀ ਅਨੁਸਾਰ ਰਿਸ਼ੀਕੇਸ਼ ਦੇ ਇਸ ਇਲਾਕੇ ਵਿਚ ਮੁਗਲ ਕਾਲ ਤੋਂ ਹੀ ਸਿੱਖ ਵਸੇ ਹੋਏ ਹਨ, ਜੋ ਵਧੇਰੇ ਪਹਾੜੀ ਖੰਦਕਾਂ ਵਿਚ ਨਿਵਾਸ ਕਰਦੇ ਸਨ। ਕਿਹਾ ਜਾਂਦਾ ਹੈ ਕਿ ਇਹ ਇਸਲਾਮੀ ਕਟੱੜਤਾ ਤੇ ਜ਼ੁਲਮ ਦੇ ਵਿਰੁਧ ਆਪਣੇ ਸਿੱਖੀ ਸਰੂਪ ਦੀ ਸੰਭਾਲ ਹਰ ਤਰ੍ਹਾਂ ਨਾਲ ਕਰ ਰਹੇ ਸਨ। ਸਿੱਖਾਂ ਦੀ ਇਸ ਵਿਰਲੀ ਤੇ ਟਾਵੀਂ-ਟਾਵੀਂ ਵਸੋਂ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਕਰਨ ਲਈ ਗੁ. ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਬੀੜਾ ਚੁੱਕਿਆ। ਇਨ੍ਹਾਂ ਸਿੱਖ ਪਰਿਵਾਰਾਂ ਵਿਚੋਂ ਕੁਝ ਪਰਿਵਾਰ ਐਸੇ ਵੀ ਸਨ ਜੋ ਮੁਗਲ ਕਾਲ ਵਿੱਚ ਸਿੱਖੀ ਸਰੂਪ ਨੂੰ ਸੁਰੱਖਿਅਤ ਰਖਣ ਲਈ ਪਹਾੜਾਂ ਤੇ ਜੰਗਲਾਂ ਵਿਚ ਵਸਣ ਲੱਗੇ। ਵਣਜਾਰਾ ਸਿੱਖ ਦਾ ਕੁਝ ਹਿੱਸਾ ਵੀ ਇਨ੍ਹਾਂ ਦੀ ਗਿਣਤੀ ਵਿਚ ਆਉਂਦਾ ਹੈ। ਇਨ੍ਹਾਂ ਦੀ ਗਰੀਬੀ, ਅਨਪੜ੍ਹਤਾ ਤੇ ਬੇਬਸੀ ਨੂੰ ਵਿਦਿਆ ਦੁਆਰਾ ਰੁਸ਼ਨਾਉਣ ਦੇ ਕਾਰਜ ਲਈ ਟਰੱਸਟ ਨੇ ਹੰਭਲਾ ਮਾਰਿਆ ਅਤੇ 1976 ਵਿਚ ਰਿਸ਼ੀਕੇਸ਼ ਵਿਖੇ ਇਕ ਗੁਰਮਤਿ ਸੰਗੀਤ ਬਾਲ ਵਿਦਿਆਲੇ ਦੀ ਸਥਾਪਨਾ ਕੀਤੀ ਜਿਸ ਦੇ ਮੁਖ ਟਰੱਸਟੀ ਸ. ਗੁਰਬਖਸ਼ ਸਿੰਘ ਬਿੰਦਰਾ ਸਨ। ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁੱਢਲੇ ਮੈਂਬਰ, ਬਾਬਾ ਗੁਰਮੱਖ ਸਿੰਘ ਲੁਧਿਆਣੇ ਵਾਲਿਆਂ ਦਾ ਅਤੇ ਗਿਆਨੀ ਭਗਤ ਸਿੰਘ, ਜੀ. ਐੱਸ. ਦਾ ਇਸ ਸਬੰਧੀ ਵਿਸ਼ੇਸ਼ ਸਹਿਯੋਗ ਰਿਹਾ। ਗੁਰਮਤਿ ਸੰਗੀਤ ਬਾਲ ਵਿਦਿਆਲੇ ਵਿਚ ਸਵਰਗੀ ਭਾਈ ਸਾਧੂ ਸਿੰਘ ਦੇਹਰਾਦੂਨ ਦਾ ਵਿਸ਼ੇਸ਼ ਯੋਗਦਾਨ ਵੀ ਰਿਹਾ। ਭਾਈ ਸਾਹਿਬ ਦੀ ਪਾਵਨ ਸੋਚ ਸੀ ਕਿ ਇਸ ਇਲਾਕੇ ਦੇ ਗਰੀਬ ਵਿਦਿਆਰਥੀਆਂ ਨੂੰ ਸਿੱਖੀ ਦੇ ਨਾਲ-ਨਾਲ ਅਸੀਂ ਸੰਗੀਤ ਅਤੇ ਗੁਰਮਤਿ ਵਿਚ ਪਰਿਪਕ ਕਰੀਏ। ਇਸ ਲਈ ਉਨ੍ਹਾਂ ਖੁਦ ਇਸ ਵਿਦਿਆਲੇ ਵਿਚ ਸੇਵਾ ਕੀਤੀ ਅਤੇ ਦੂਸਰੇ ਅਧਿਆਪਕਾਂ ਨੂੰ ਇਸ ਸੇਵਾ ਦਾ ਮਹੱਤਵ ਸਮਝਾਉਂਦਿਆਂ ਹਮੇਸ਼ਾ ਸ਼ਬਦ ਅਤੇ ਸੰਗੀਤ ਦੀ ਦਾਤ ਵੰਡਣ ਦੀ ਪ੍ਰੇਰਨਾ ਕੀਤੀ। ਭਾਈ ਸਾਧੂ ਸਿੰਘ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਕੀਰਤਨੀਏ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨੇ ਵੀ ਇਸ ਵਿਦਿਆਲੇ ਵਿਚ ਬਤੌਰ ਸੰਗੀਤ ਅਧਿਆਪਕ ਕੁਝ ਸਮਾਂ ਸੇਵਾ ਲਈ। ਗੁਰੂ ਕਿਰਪਾ ਦੁਆਰਾ ਭਾਈ ਨਿਰਮਲ ਸਿੰਘ ਜਿਥੇ ਸੁਰੀਲੇ ਅਤੇ ਗੁਣੀ ਕੀਰਤਨੀਏ ਹਨ, ਉਥੇ ਆਪ ਵਿਦਵਾਨ ਲੇਖਕ ਅਤੇ ਅੱਛੇ ਅਧਿਆਪਕ ਵੀ ਹਨ। ਇਨ੍ਹਾਂ ਨੇ ਖੁਦ ਮਿਸ਼ਨਰੀ ਕਾਲਜ ਅਤੇ ਵੱਖ-ਵੱਖ ਉਸਤਾਦਾਂ ਕੋਲੋਂ ਸੰਗੀਤ ਦੀ ਤਾਲੀਮ ਪ੍ਰਾਪਤ ਕੀਤੀ ਹੈ। ਇਸ ਲਈ ਭਾਈ ਨਿਰਮਲ ਸਿੰਘ ਨੇ ਇਸ ਵਿਦਿਆਲੇ ਦੇ ਸੰਗੀਤ ਪਾਠਕ੍ਰਮਾਂ ਦੀ ਸੁਚੱਜੀ ਵਿਉਂਤ ਬਣਾਈ ਤਾਂ ਜੋ ਵਿਦਿਆਰਥੀ ਇਕ ਅਨੁਸ਼ਾਸਨ ਵਿਚ ਰਹਿ ਕੇ ਪੌੜੀ ਦਰ ਪੌੜੀ ਇਸ ਖੇਤਰ ਦੀ ਤਾਲੀਮ ਪ੍ਰਾਪਤ ਕਰ ਸਕਣ। ਗੁਰਮਤਿ ਸੰਗੀਤਾਚਾਰੀਆ ਪ੍ਰਿੰ. ਦਿਆਲ ਸਿੰਘ ਦੇ ਪਰਮ ਸ਼ਿਸ਼ ਭਾਈ ਕੰਵਰਪਾਲ ਸਿੰਘ ਵੀ ਇਸ ਵਿਦਿਆਲੇ ਵਿਚ ਅਧਿਆਪਕ ਦੀ ਸੇਵਾ ਨਿਭਾਉਂਦੇ ਰਹੇ ਹਨ ਅਤੇ ਹੁਣ ਵੀ ਸਮੇਂ ਸਮੇਂ ਆਪਣੀਆਂ ਸੇਵਾਵਾਂ ਅਰਪਿਤ ਕਰਦੇ ਆ ਰਹੇ ਹਨ। ਇਸ ਵਿਦਵਾਨ ਕੀਰਤਨੀਏ ਪਾਸ ਪ੍ਰਿੰ. ਦਿਆਲ ਸਿੰਘ ਦੀ ਕੀਰਤਨ ਸ਼ੈਲੀ ਦਾ ਅਨਮੋਲ ਭੰਡਾਰ ਮੌਜੂਦ ਹੈ ਜਿਸ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰਦਿਆਂ ਆਪ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੇਰਨਾ ਸਰੋਤ ਹਨ। ਭਾਈ ਕੰਵਰਪਾਲ ਸਿੰਘ, ਭਾਈ ਰਾਇ ਸਿੰਘ ਅਜਿਹੇ ਕੀਰਤਨੀਏ ਹਨ ਜੋ ਪੰਜਾਬ ਤੋਂ ਬਾਹਰਲੇ ਖੇਤਰ ਦੇ ਅਗਾਮੀ ਕੀਰਤਨੀਆਂ ਲਈ ਇਕ ਸਫਲ ਉਦਾਹਰਣ ਹਨ ਜਿੰਨ੍ਹਾਂ ਨੇ ਬਹੁਤ ਮੁਸ਼ਕਲਾਂ ਵਿਚ ਕੀਰਤਨ ਦੀ ਤਾਲੀਮ ਵੀ ਲਈ ਅਤੇ ਇਸ ਨੂੰ ਅਗਾਂਹ ਪ੍ਰਚਾਰਨ, ਪ੍ਰਸਾਰਨ ਦਾ ਜ਼ਿੰਮੇਵਾਰੀ ਵੀ ਸਮਝੀ। ਇਨ੍ਹਾਂ ਪ੍ਰਮੁੱਖ ਕੀਰਤਨੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਗੁਰਮਤਿ ਸੰਗੀਤ ਬਾਲ ਵਿਦਿਆਲਾ, ਰਿਸ਼ੀਕੇਸ਼ ਦੀ ਇਸ ਸੰਸਥਾ ਵਿਚ ਪਿੰ੍ਰ. ਪਿਆਰਾ ਸਿੰਘ, ਸ੍ਰੀ ਪੰਕਜ ਜੀ, ਭਾਈ ਮੋਹਨ ਸਿੰਘ, ਭਾਈ ਸੁਨੀਲ ਸਿੰਘ, ਭਾਈ ਬਿਨੋਦ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਭਰਤ ਸਿੰਘ, ਭਾਈ ਕੰਵਰ ਸਿੰਘ, ਭਾਈ ਪ੍ਰਦੀਪ ਸਿੰਘ ਆਦਿ ਇਸ ਸੰਸਥਾ ਦੇ ਅਧਿਆਪਕਾਂ ਵਿਚ ਸ਼ੁਮਾਰ ਰਹੇ।
ਸੰਸਥਾ ਵਿਚ ਜ਼ਿਆਦਾਤਰ ਬੱਚੇ ਗੈਰ-ਸਿੱਖ ਪਰਿਵਾਰਾਂ ਅਤੇ ਉਤਰਾ-ਖੰਡ ਇਲਾਕੇ ਦੇ ਹੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਜਾਣਕਾਰੀ ਵੀ ਨਹੀਂ ਰਖਦੇ। ਗੁਰਮਤਿ ਵਿਦਿਆਲੇ ਵਿਚੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਚੰਗੇ ਗ੍ਰੰਥੀ, ਕਥਾ ਵਾਚਕ, ਕੀਰਤਨੀਏ ਬਣ ਕੇ ਗੁਰੂ ਘਰ ਅਤੇ ਗੁਰੂ ਸੰਗਤਾਂ ਦੀ ਸੇਵਾ ਦੇ ਸਮਰੱਥ ਹੋ ਸਕੇ ਹਨ। ਵਿਦਿਆਰਥੀਆਂ ਦੀ ਸਿਖਿਆ ਵਾਸਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਂਦੀ। ਗੁਰਮਤਿ ਸੰਗੀਤ ਬਾਲ ਵਿਦਿਆਲੇ ਵਿਚ ਵਿਦਿਆਰਥੀਆਂ ਨੂੰ ਗੁਰਮਤਿ ਅਨੁਸਾਰੀ ਨਿਸ਼ਚਿਤ ਤਾਲੀਮ ਦਿੱਤੀ ਜਾਂਦੀ ਹੈ। ਅੰਮ੍ਰਿਤ ਵੇਲੇ ਜਾਗਕੇ; ਗੁਰੂ ਘਰ ਦੀ ਸੇਵਾ ਸੰਭਾਲ ਤੋਂ ਬਾਅਦ ਨਿਤਨੇਮ ਉਪਰੰਤ ਸਾਰਾ ਦਿਨ ਵੱਖ-ਵੱਖ ਕਲਾਸਾਂ ਵਿਚ ਗੁਰਬਾਣੀ ਸਿੱਖ ਇਤਿਹਾਸ ਅਤੇ ਗੁਰਮਤਿ ਸੰਗੀਤ ਦੀ ਗਾਇਨ ਤੇ ਸਾਜ਼ਾਂ ਦੇ ਵਾਦਨ ਵਿਚ ਤਾਲੀਮ ਦਿੱਤੀ ਜਾਂਦੀ ਹੈ। ਇਸ ਲਈ ਪਹਿਲੇ ਸਾਲ ਵਿਚ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਪੜ੍ਹਨ-ਲਿਖਣ ਦਾ ਗਿਆਨ ਦਿੱਤਾ ਜਾਂਦਾ ਹੈ ਜਿਸ ਉਪਰੰਤ ਗੁਰਬਾਣੀ ਪਾਠ, ਸੰਥਿਆ ਅਤੇ ਗੁਰਬਾਣੀ ਸੰਗੀਤ ਸਿਖਿਆ ਪ੍ਰਾਰੰਭ ਹੁੰਦੀ ਹੈ। ਇਸ ਦਿਸ਼ਾ ਵਿਚ ਪੂਰਾ ਚਾਰ ਸਾਲਾ ਕੋਰਸ ਲਾਗੂ ਕੀਤਾ ਗਿਆ ਹੈ।
ਭਾਈ ਰਾਇ ਸਿੰਘ ਜੋ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਹਨ ਨੇ ਇਸੇ ਹੀ ਵਿਦਿਆਲੇ ਤੋਂ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਇਸ ਤੋਂ ਬਿਨਾਂ ਭਾਈ ਜਰਨੈਲ ਸਿੰਘ ਮਹਿਕ, ਭਾਈ ਮਨਜੀਤ ਸਿੰਘ ਰਾਜਾ, ਭਾਈ ਮੋਹਤਮ ਸਿੰਘ, ਭਾਈ ਮੇਘ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਪ੍ਰਦੀਪ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਪ੍ਰੀਤਮ ਸਿੰਘ, ਭਾਈ ਸੋਮ ਸਿੰਘ, ਭਾਈ ਬਲਜੀਤ ਸਿੰਘ, ਭਾਈ ਕਰਮ ਸਿੰਘ, ਭਾਈ ਸੁਨੀਲ ਸਿੰਘ ਆਦਿ ਕੀਰਤਨੀਏ ਸਿੰਘ ਵਿਦੇਸ਼ਾਂ ਵਿਚ ਸੇਵਾ ਨਿਭਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਭਾਈ ਕਲਿਆਣ ਸਿੰਘ ਪਾਉਂਟਾ ਸਾਹਿਬ ਵਿਖੇ, ਭਾਈ ਅੰਗਪਾਲ ਸਿੰਘ ਸਹਾਰਨਪੁਰ ਵਿਖੇ, ਭਾਈ ਭਗਤ ਸਿੰਘ ਕਾਨਪੁਰ ਵਿਖੇ, ਭਾਈ ਸਤਵਿੰਦਰ ਸਿੰਘ ਲਖਨਊ ਵਿਖੇ, ਭਾਈ ਨਿਗੇਂਦਰ ਸਿੰਘ, ਭਾਈ ਰਕਮ ਸਿੰਘ, ਭਾਈ ਸਤੀਸ਼ ਸਿੰਘ ਕਾਨਪੁਰ, ਭਾਈ ਨਰੇਸ਼ ਸਿੰਘ ਬੜੌਦਾ, ਭਾਈ ਸ਼ੇਰ ਸਿੰਘ ਕਾਨਪੁਰ, ਭਾਈ ਨਿਰਮਲ ਸਿੰਘ ਦੇਹਰਾਦੂਨ, ਭਾਈ ਗੁਰਮੀਤ ਸਿੰਘ ਦਿੱਲੀ, ਭਾਈ ਨਰਿੰਦਰ ਸਿੰਘ ਦੇਹਰਾਦੂਨ ਅਤੇ ਭਾਈ ਕੁਲਵੰਤ ਸਿੰਘ, ਅਮਰਜੀਤ ਸਿੰਘ, ਰਵਿੰਦਰ ਸਿੰਘ, ਮਗਨ ਸਿੰਘ, ਮਦਨਜੀਤ ਸਿੰਘ, ਕਰਤਾਰ ਸਿੰਘ, ਜਾਗੀਰ ਸਿੰਘ, ਪ੍ਰੇਮ ਸਿੰਘ ਆਦਿ ਕੀਰਤਨੀਏ ਵੀ ਇਸੇ ਗੁਰਮਤਿ ਵਿਦਿਆਲੇ ਤੋਂ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਗੁਰੂ ਸਥਾਨਾਂ ਤੇ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਇਸੇ ਵਿਦਿਆਲੇ ਤੋਂ ਹੀ ਭਾਈ ਲਲਿਤ ਸਿੰਘ ਆਰੰਭ ਤੋਂ ਹੀ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਦੇ ਨਾਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ।
ਵਰਤਮਾਨ ਸਮੇਂ ਸ. ਨਰਿੰਦਰਜੀਤ ਸਿੰਘ ਬਿੰਦਰਾ ਸਥਾਨਕ ਟਰੱਸਟੀ ਅਤੇ ਉਪ-ਚੇਅਰਮੈਨ ਸਿਦਕ ਦਿਲੀ ਅਤੇ ਭਾਵਨਾ ਨਾਲ ਸੇਵਾ ਵਿਚ ਨਿਰੰਤਰ ਯਤਨਸ਼ੀਲ ਹਨ। ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ, ਸ. ਮਦਨ ਸਿੰਘ ਲੁਧਿਆਣਾ, ਸ. ਜਨਕ ਸਿੰਘ ਦਿੱਲੀ ਅਤੇ ਸ. ਰਵਿੰਦਰ ਸਿੰਘ ਲਖਨਊ, ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪ੍ਰਬੰਧ ਕਰ ਰਹੇ ਹਨ, ਉੱਥੇ ਸਿੱਖੀ ਪ੍ਰਚਾਰ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਪਿਛਲੇ ਕੁਝ ਸਾਲਾਂ ਵਿੱਚ ਸਚਖੰਡ ਸ਼੍ਰੀ ਹੇਮਕੁੰਟ ਸਾਹਿਬ ਤੋਂ 1 ਜੂਨ ਤੋਂ 5 ਅਕਤੂਬਰ ਤੱਕ, ਹਰ ਸਾਲ ਐਮ. ਐਚ. ਵਨ ਚੈਨਲ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੀ ਹੋ ਰਿਹਾ ਹੈ, ਜਿਸ ਵਿੱਚ ਵਿਦਿਆਲੇ ਤੋਂ ਸਿੱਖਿਅਤ ਰਾਗੀ ਜੱਥੇ ਹੀ ਕੀਰਤਨ ਦੀ ਹਾਜ਼ਰੀ ਭਰਦੇ ਹਨ।
ਹੁਣ ਤੱਕ 32 ਸੈਸ਼ਨਾਂ ਵਿਚ ਲਗਭਗ 8,500 ਵਿਦਿਆਰਥੀ ਗੁਰਮਤਿ ਸਿੱਖਿਆ ਪ੍ਰਾਪਤ ਕਰਕੇ ਸਮਾਜ ਵਿਚ ਚੰਗੇ ਸਤਿਕਾਰ ਵਾਲਾ ਜੀਵਨ ਬਸਰ ਕਰਨ ਦੇ ਯੋਗ ਬਣ ਚੁੱਕੇ ਹਨ। ਇਸ ਵਿਦਿਆਲੇ ਦੇ ਵਿਦਿਆਰਥੀਆਂ ਵਿਚ ਸੇਵਾ, ਨਿਤਨੇਮ, ਸਿਮਰਨ ਅਤੇ ਗੁਰ ਸਿੱਖੀ ਜੀਵਨ ਦੀ ਝਲਕ ਮਿਲਦੀ ਹੈ। ਦੇਸ਼ ਵਿਦੇਸ਼ ਵਿਚ ਸੇਵਾ ਕਰ ਰਹੇ ਇਹ ਵਿਦਿਆਰਥੀ ਗੁਰੂ ਘਰਾਂ ਵਿਚ ਹਰ ਤਰ੍ਹਾਂ ਨਾਲ ਸੇਵਾ ਸੰਭਾਲ ਕਰਨ ਦੇ ਸਮਰਥ ਹਨ। ਵਿਦੇਸ਼ਾਂ ਵਿਚ ਇਸ ਸ਼੍ਰੇਣੀ ਦੇ ਕੀਰਤਨੀਏ ਅਤੇ ਪ੍ਰਚਾਰਕ ਵਿਸ਼ੇਸ਼ ਤੌਰ ਤੇ ਸਫਲ ਮੰਨੇ ਜਾ ਰਹੇ ਹਨ। ਇਨ੍ਹਾਂ ਦਾ ਆਪਸੀ ਇਤਫਾਕ ਅਤੇ ਭਾਈਚਾਰਾ ਇਨ੍ਹਾਂ ਦੀ ਗੁਣਾਤਮਕ ਸਾਂਝ ਤੇ ਸੋਚ ਨੂੰ ਹੋਰ ਅਗਾਂਹ ਲੈ ਜਾ ਰਿਹਾ ਹੈ। ਪੰਜਾਬ ਤੋਂ ਬਾਹਰਲੇ ਸਿੱਖੀ ਵਿਚ ਪ੍ਰਵੇਸ਼ ਕਰ ਰਹੇ ਨੌਜੁਆਨਾਂ ਲਈ ਗੁਰਮਤਿ ਪ੍ਰਚਾਰ ਅਤੇ ਕੀਰਤਨ ਇਕ ਆਕਰਸ਼ਕ ਕਿੱਤਾ ਵੀ ਹੈ। ਸਿੱਖੀ ਦੇ ਗੂੜ ਗਿਆਨ ਤੋਂ ਪਰੇ ਪੰਜਾਬ ਦੇ ਨੌਜੁਆਨਾਂ ਲਈ ਇਕ ਸਫਲ ਉਦਾਹਰਣ ਹਨ।
ਗੁਰਮਤਿ ਸੰਗੀਤ ਬਾਲ ਵਿਦਿਆਲਾ, ਰਿਸ਼ੀਕੇਸ਼ ਦੇ ਟਰੱਸਟੀਆਂ ਦੀ ਸੋਚ ਨੂੰ ਹੋਰ ਵਿਸਥਾਰ ਦੇਣ ਦੀ ਲੋੜ ਹੈ ਤਾਂ ਜੋ ਅਸੀਂ ਪੰਜਾਬ ਤੋਂ ਬਾਹਰ ਵਸਦੇ ਸਿੱਖੀ ਨਾਲ ਪਿਆਰ ਰੱਖਣ ਵਾਲੇ ਜਾਂ ਸਿੱਖੀ ਵਿਚ ਪ੍ਰਵੇਸ਼ ਕਰਨ ਵਾਲੇ ਭਾਈਚਾਰੇ ਨਾਲ ਇਕ ਸਦੀਵੀਂ ਸਾਂਝ ਬਣਾ ਕੇ ਉਨ੍ਹਾਂ ਨੂੰ ਧਾਰਮਿਕ, ਆਰਥਕ, ਸਮਾਜਿਕ ਤੌਰ ਤੇ ਸਮਰੱਥ ਬਣਾ ਸਕੀਏ। ਇਸ ਵਿਚ ਕੋਈ ਸ਼ਕ ਨਹੀਂ ਕਿ ਗੁਰਮਤਿ ਸੰਗੀਤ ਨੂੰ ਇਸ ਦਿਸ਼ਾ ਵਿਚ ਸ਼ਕਤੀਸ਼ਾਲੀ ਮਾਧਿਅਮ ਦੇ ਤੌਰ ਤੇ ਪ੍ਰਯੋਗ ਕੀਤਾ ਜਾ ਸਕਦਾ ਹੈ। ਉਮੀਦ ਕਰਦੇ ਹਾਂ ਵੱਖ-ਵੱਖ ਸੰਸਥਾਵਾਂ ਦੇ ਪ੍ਰਬੰਧਕ ਅਤੇ ਇਨ੍ਹਾਂ ਸੰਸਥਾਵਾਂ ਨੂੰ ਦਾਨ ਦੇਣ ਵਾਲੇ ਸੱਜਣ ਸੁੰਦਰ-ਸੁੰਦਰ ਗੁਰੂ ਘਰਾਂ ਦੇ ਨਿਰਮਾਣ ਦੇ ਨਾਲ-ਨਾਲ ਸਿੱਖੀ ਪ੍ਰਚਾਰ ਦੇ ਇਸ ਵਿਧੀ ਵੱਲ ਵੀ ਧਿਆਨ ਦੇਣਗੇ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ