*ਗੁਰਨਾਮ ਸਿੰਘ (ਡਾ.)
ਗੁਰਮਤਿ ਸੰਗੀਤ ਦੇ ਵਿਕਾਸ ਵਿਚ ਸ਼ਬਦ ਕੀਰਤਨ ਰਚਨਾਕਾਰਾਂ ਦਾ ਵਿਸ਼ੇਸ਼ ਯੋਗਦਾਨ ਹੈ। ਵੱਖ-ਵੱਖ ਉੱਦਮੀ ਅਤੇ ਵਿਦਵਾਨ ਗੁਰਮਤਿ ਸੰਗੀਤਕਾਰਾਂ ਦੇ ਮਨ ਵਿਚ ਇਹ ਉਤਸ਼ਾਹ ਸੀ ਕਿ ਉਹ ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤੇ ਕੀਰਤਨ ਖਜ਼ਾਨੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੁਰੱਖਿਅਤ ਰਖ ਸਕਣ ਅਤੇ ਸਿਖਲਾਈ ਦਾ ਵੀ ਕੋਈ ਵਿਉਂਤਬੱਧ ਤਰੀਕਾ ਹੋ ਸਕੇ। ਇਸ ਮੰਤਵ ਦੀ ਪੂਰਤੀ ਲਈ ਸ਼ਬਦ ਕੀਰਤਨ ਰਚਨਾਕਾਰਾਂ ਦੁਆਰਾ ਸ਼ਬਦ ਕੀਰਤਨ ਨੂੰ ਸੁਰਲਿਪੀ ਬੱਧ ਕਰਨ ਦੀ ਪਰੰਪਰਾ ਸ਼ੁਰੂ ਹੋਈ। ਇਹ ਪਰੰਪਰਾ ਭਾਰਤੀ ਸੰਗੀਤ ਵਿਚ ਸੁਰਲਿਪੀ ਬੱਧ ਕਰਨ ਦੀ ਪਰੰਪਰਾ ਦੇ ਸਮਾਨੰਤਰ ਹੀ ਆਰੰਭ ਹੋਈ। ਕਿਉਂ ਜੋ ਗੁਰਮਤਿ ਸੰਗੀਤ ਦੇ ਆਰੰਭਲੇ ਰਚਨਾਕਾਰਾਂ ਨੇ ਜੋ ਸੁਰਲਿਪੀ ਪ੍ਰਯੋਗ ਕੀਤੀ, ਉਹ ਪੰਡਤ ਵਿਸ਼ਣੂ ਨਾਰਾਇਣ ਭਾਤਖੰਡ ਜਾਂ ਪੰਡਤ ਵਿਸ਼ਣੂਸ ਦਿਗੰਬਰ ਪਲੂਸਕਰ ਦੀ ਸੁਰਲਿਪੀ ਨਾ ਹੋ ਕੇ ਇਨ੍ਹਾਂ ਵਿਦਵਾਨਾਂ ਦੁਆਰਾ ਮੌਲਿਕ ਸਰੂਪ ਰਖਦੀ ਸੀ। ਭਾਵੇਂ ਕਿ ਇਨ੍ਹਾਂ ਵਿਦਵਾਨਾਂ ਦੀਆਂ ਇਹ ਸੁਰਲਿਪੀ ਪੱਧਤੀਆਂ ਪ੍ਰਚਾਰ ਵਿਚ ਨਹੀਂ ਆਈਆਂ ਪਰ ਸੁਰਲਿਪੀ ਦੇ ਵਿਕਾਸ ਦਾ ਹਿੱਸਾ ਜ਼ਰੂਰ ਹਨ।
ਗੁਰਮਤਿ ਸੰਗੀਤ ਵਿਚ ਸ਼ਬਦ ਕੀਰਤਨ ਰਚਨਾਵਾਂ ਦਾ ਸੁਰਲਿਪੀ ਬੱਧ ਕਾਰਜ ਵੀਹਵੀਂ ਸਦੀ ਦੇ ਦੂਜੇ ਦਹਾਕੇ ਤੋਂ ਸ਼ੁਰੂ ਹੋਇਆ। ਇਸ ਦੇ ਆਰੰਭਲੇ ਸ਼ਬਦ ਕੀਰਤਨ ਰਚਨਾਕਾਰ ਮਾਸਟਰ ਸੁੰਦਰ ਸਿੰਘ, ਰਾਗੀ ਭਾਈ ਪ੍ਰੇਮ ਸਿੰਘ, ਰਵੇਲ ਸਿੰਘ ਕੰਵਰ, ਮਾਸਟਰ ਸੁੰਦਰ ਸਿੰਘ ਸੀ ਜੋ ਕਿ ਵੀਹਵੀਂ ਸਦੀ ਦੇ ਅਰਧ ਤੱਕ ਨਿਰੰਤਰ ਗਤੀਸ਼ੀਲ ਰਹੇ।
ਗੁਰਮਤਿ ਸੰਗੀਤ ਦੇ ਆਰੰਭਲੇ ਰਚਨਾਕਾਰਾਂ ਦੀ ਲੜੀ ਵਿੱਚ ਮਾਸਟਰ ਸੁੰਦਰ ਸਿੰਘ ਦਾ ਨਾਮ ਸਰਬ ਪ੍ਰਥਮ ਉਜਾਗਰ ਹੁੰਦਾ ਹੈ। ਗੁਰਮਤਿ ਸੰਗੀਤ ਦੀਆਂ ਸ਼ਬਦ ਕੀਰਤਨ ਰਚਨਾਵਾਂ ਦੇ ਖੇਤਰ ਵਿੱਚ ਆਪ ਦੀ ਲਿਖਤ ਪੁਸਤਕ ‘ਗੁਰਮਤ ਸੰਗੀਤ’ ਵਿਸ਼ੇਸ਼ ਹੈ। ਇਸ ਪੁਸਤਕ ਵਿਚ ਆਪ ਵਲੋਂ ਸ਼ਬਦ ਕੀਰਤਨ ਰਚਨਾਵਾਂ ਦਾ ਸੰਗ੍ਰਹਿ ਕੀਤਾ ਗਿਆ ਹੈ। 1913 ਵਿਚ ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ ਤੋਂ ਪ੍ਰਕਾਸ਼ਤ ਇਸ ਪੁਸਤਕ ਵਿਚ ਮਾਸਟਰ ਸੁੰਦਰ ਸਿੰਘ ਵਲੋਂ ਮੌਲਿਕ ਸੁਰਲਿਪੀ ਜੋ ਗੁਰਮਤਿ ਸੰਗੀਤ ਦੇ ਖੇਤਰ ਵਿਚ ਪਹਿਲੀ ਵਾਰ ਕਿਸੇ ਵਿਦਵਾਨ ਵਲੋਂ ਅਪਣਾਈ ਗਈ, ਵਿਦਮਾਨ ਹੈ। ਪੁਸਤਕ ਦਾ ਮਨੋਰਥ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿਖਿਆ ਘਰ ਬੈਠੇ ਮੁਹੱਈਆ ਕਰਵਾਉਣਾ ਸੀ। ਰਚਨਾਕਾਰ ਦੁਆਰਾ ਆਪਣੀ ਉਕਤ ਕ੍ਰਿਤ ਵਿਚ ਸੰਗੀਤ ਦੀ ਮੁਢਲੀ ਜਾਣਕਾਰੀ, ਰਾਗ ਅਤੇ ਹਾਰਮੋਨੀਅਮ ਬਾਰੇ ਵਿਸ਼ੇਸ਼ ਜਾਣਕਾਰੀ, ਸੁਰਾਂ ਨੂੰ ਨਕਸ਼ੇ ਅਨੁਸਾਰ ਦਰਸਾਉਣਾ, ਵੱਖ-ਵੱਖ ਗਿਆਰਾਂ ਤਾਲਾਂ (ਤਿੰਨ ਤਾਲ, ਚਾਰ ਤਾਲ, ਆੜਾ ਚਾਰ ਤਾਲ, ਧਮਾਰ, ਤਾਲ ਅਸਵਾਰੀ, ਝਪਤਾਲ, ਦਾਦਰਾ, ਪਸਤੋ, ਸੂਲਫਾਖਤਾ, ਪਟ, ਗਿੱਧਾ ਤਾਲ ਆਦਿ) ਬਾਰੇ ਵਿਸ਼ੇਸ਼ ਜਾਣਕਾਰੀ ਤੋਂ ਇਲਾਵਾ ਇਨ੍ਹਾਂ ਤਾਲਾਂ ਨੂੰ ਸਿਖਾਉਣ ਦੀ ਵਿਸ਼ੇਸ਼ ਵਿਧੀ ਵੀ ਦਰਸਾਈ ਗਈ ਹੈ। ਗੁਰਮਤਿ ਸੰਗੀਤ ਦੇ ਖੇਤਰ ਵਿੱਚ ਮਾਸਟਰ ਸੁੰਦਰ ਸਿੰਘ ਦੀ ਇਹ ਕ੍ਰਿਤ ਆਪਣੇ ਆਪ ਵਿੱਚ ਵਿਸ਼ੇਸ਼ ਮਹੱਤਤਾ ਰਖਦੀ ਹੈ ਕਿਉਂ ਜੋ ਇਹ ਗੁਰਮਤਿ ਸੰਗੀਤ ਪਰੰਪਰਾ ਦੀ ਮੁਢਲੀ ਪੁਸਤਕ ਹੈ। ਵਰਤਮਾਨ ਸਮੇਂ ਇਹ ਪੁਸਤਕ ਚੀਫ਼ ਖਾਲਸਾ ਦੀਵਾਨ, ਅੰਮ੍ਰਿਤਸਰ ਵਲੋਂ 1958 ਵਿਚ ਪ੍ਰਕਾਸ਼ਿਤ ਪੁਸਤਕ ਸੰਗ੍ਰਹਿ ‘ਗੁਰਮਤਿ ਸੰਗੀਤ ਪਰ ਹੁਣ ਤਕ ਮਿਲੀ ਖੋਜ’ ਦੇ ਅੰਤਰਗਤ ਭਾਗ ਤੀਜੇ ਦੇ ਰੂਪ ਵਿਚ ਪ੍ਰਾਪਤ ਹੁੰਦੀ ਹੈ। ਰਚਨਾਕਾਰ ਮਾਸਟਰ ਸੁੰਦਰ ਸਿੰਘ ਦੁਆਰਾ ਕੀਤਾ ਇਹ ਕਾਰਜ ਭਾਵੇਂ ਗੁਰਮਤਿ ਸੰਗੀਤ ਸਿਧਾਂਤ ਦਾ ਅਨੁਸਰਣ ਨਹੀਂ ਕਰਦਾ ਪਰੰਤੂ ਗੁਰਮਤਿ ਸੰਗੀਤ ਪਰੰਪਰਾ ਦੇ ਮੁਢਲੇ ਕਾਰਜ ਵਜੋਂ ਇਹ ਵਿਸ਼ੇਸ਼ ਤੇ ਮਹੱਤਵਪੂਰਣ ਹੈ।
ਗੁਰਮਤਿ ਸੰਗੀਤ ਦੇ ਆਰੰਭਲੇ ਰਚਨਾਕਾਰਾਂ ਦੀ ਲੜੀ ਵਿਚ ਅਗਲਾ ਨਾਮ ਰਾਗੀ ਭਾਈ ਪ੍ਰੇਮ ਸਿੰਘ ਦਾ ਆਉਂਦਾ ਹੈ। ਮਾਸਟਰ ਸੁੰਦਰ ਸਿੰਘ ਤੋਂ ਬਾਅਦ ਰਾਗੀ ਭਾਈ ਪ੍ਰੇਮ ਸਿੰਘ ਦਾ ਗੁਰਮਤਿ ਸੰਗੀਤ ਦੀਆਂ ਸ਼ਬਦ ਕੀਰਤਨ ਰਚਨਾਵਾਂ ਦੇ ਸੰਦਰਭ ਵਿਚ ਵਿਸ਼ੇਸ਼ ਅਤੇ ਅਹਿਮ ਯੋਗਦਾਨ ਰਿਹਾ ਹੈ। ‘ਗੁਰਮਤਿ ਸੰਗੀਤ ਪਰ ਹੁਣ ਤਕ ਮਿਲੀ ਖੋਜ’ ਦੇ ਹਵਾਲੇ ਨਾਲ ਭਾਈ ਪ੍ਰੇਮ ਸਿੰਘ ਪਟਿਆਲਾ ਰਿਆਸਤ ਦੇ ਉਘੇ ਕਵੀ ਅਤੇ ਰਾਗੀ ਸਨ ਜਿਸ ਤੋਂ ਆਪ ਦੀ ਸੰਗੀਤ ਦੇ ਸੰਦਰਭ ਵਿਚ ਵਿਦਵਤਾ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ। ਸਿੱਖ ਸੰਗਤਾਂ ਵਿਚ ਭਾਈ ਪ੍ਰੇਮ ਸਿੰਘ ਨੂੰ ਰਾਗੀ ਦੀ ਪਦਵੀ ਨਾਲ ਸਤਿਕਾਰਿਆ ਜਾਂਦਾ ਰਿਹਾ ਹੈ। ਰਾਗੀ ਜੀ ਦੁਆਰਾ ਰਚਿਤ ਪੁਸਤਕ ‘ਗੁਰਮਤਿ ਸੰਗੀਤ ਰਤਨ ਭੰਡਾਰ’ ਗੁਰਮਤਿ ਸੰਗੀਤ ਦੀ ਸਿਧਾਂਕਤਾ ਪਖੋਂ ਅਹਿਮ ਹੈ। ਇਹ ਪੁਸਤਕ ਪਹਿਲੀ ਵਾਰ 1922 ਵਿਚ ਸਿੰਘ ਸਾਹਿਬ ਮਹਾਰਾਜ ਸਿੰਘ ਦੇ ਸਾਹਿਬਜਾਦੇ ਬਾਬਾ ਰਘੁਵੀਰ ਸਿੰਘ ਦੇ ਉਦੱਮ ਸਦਕਾ ਗੁਰਮਤਿ ਸੰਗੀਤ ਪ੍ਰੈਸ, ਅੰਮ੍ਰਿਤਸਰ ਰਾਹੀਂ ਪ੍ਰਕਾਸ਼ਤ ਹੋਈ। ਦੂਜੀ ਵਾਰ ਆਪ ਦੀ ਇਹ ਪੁਸਤਕ ਚੀਫ਼ ਖਾਲਸਾ ਦੀਵਾਨ, ਅੰਮ੍ਰਿਤਸਰ ਦੁਆਰਾ 1958 ਵਿਚ ‘ਗੁਰਮਤਿ ਸੰਗੀਤ ਪਰ ਹੁਣ ਤਕ ਮਿਲੀ ਖੋਜ’ ਪੁਸਤਕ ਸੰਗ੍ਰਹਿ ਦੇ ਅੰਤਰਗਤ ਪ੍ਰਕਾਸ਼ਿਤ ਹੋਈ। 108 ਪੰਨਿਆਂ ਦੀ ਇਸ ਪੁਸਤਕ ਵਿਚ ਦਿਤੀਆਂ ਗਈਆਂ 35 ਸ਼ਬਦ ਕੀਰਤਨ ਰਚਨਾਵਾਂ ਗੁਰਮਤਿ ਸੰਗੀਤ ਦੇ ਨਿਰਧਾਰਿਤ 31 ਮੁੱਖ ਅਤੇ 4 ਰਾਗ ਪ੍ਰਕਾਰਾਂ, ਕੁਲ 35 ਰਾਗਾਂ ਅਧੀਨ ਸੁਰਲਿਪੀ ਬੱਧ ਕੀਤੀਆਂ ਗਈਆਂ ਹਨ। ਇਹ ਸੁਰਲਿਪੀ ਬੱਧ ਕਾਰਜ ਵੱਖ-ਵੱਖ 10 ਤਾਲਾਂ ਦੇ ਅੰਤਰਗਤ ਤਾਲਬੱਧ ਕੀਤਾ ਗਿਆ ਹੈ। ਸ਼ਬਦ ਕੀਰਤਨ ਰਚਨਾਕਾਰ ਭਾਈ ਪ੍ਰੇਮ ਸਿੰਘ ਦਾ ਸੁਰਲਿਪੀ ਬੱਧ ਕਾਰਜ ਇਸ ਕਰਕੇ ਵੀ ਵਿਸ਼ੇਸ਼ ਹੈ ਕਿ ਆਪ ਦੁਆਰਾ ਰਚਿਤ ਸ਼ਬਦ ਕੀਰਤਨ ਰਚਨਾਵਾਂ ਮੌਲਿਕ ਸੁਰਲਿਪੀ ਦੇ ਅੰਤਰਗਤ ਤਾਲਬੱਧ ਕੀਤਾ ਗਿਆ ਹੈ। ਗੁਰਮਤਿ ਸੰਗੀਤ ਪਰੰਪਰਾ ਦੀ ਸਿਧਾਂਕਤਾ ਦੇ ਨਜਰੀਏ ਤੋਂ ਰਚਨਾਕਾਰ ਰਾਗੀ ਪ੍ਰੇਮ ਸਿੰਘ ਦੀ ਇਹ ਪੁਸਤਕ ਇਕ ਮੌਲਿਕ ਤੇ ਨਿਵੇਕਲੀ ਪ੍ਰਾਪਤੀ ਹੈ। ਇਸ ਵਿਚ ਗੁਰਮਤਿ ਸੰਗੀਤ ਅਤੇ ਸੰਗੀਤ ਦੇ ਬਹੁ ਪੱਖੀ ਵਿਸ਼ਿਆਂ ਨੂੰ ਪਹਿਲੀ ਵਾਰ ਛੋਹਿਆ ਗਿਆ ਹੈ। ਇਸ ਪੁਸਤਕ ਵਿਚ ਰਚਨਾਕਾਰ ਦੁਆਰਾ 22 ਤਾਲਾਂ ਬਾਰੇ, ਸੁਰਾਂ ਦੀ ਉਤਪਤੀ ਅਤੇ ਉਨ੍ਹਾਂ ਬਾਰੇ ਵਿਸ਼ੇਸ਼ ਵਿਧੀਵਤ ਭਰਪੂਰ ਜਾਣਕਾਰੀ, ਮੂਰਛਨਾ, ਗ੍ਰਾਮ, ਜਾਤੀਆਂ, ਰਾਗ-ਰਾਗਣੀਆਂ ਆਦਿ ਬਾਰੇ ਵਿਸ਼ੇਸ਼ ਜਾਣਕਾਰੀ ਦਰਜ ਕੀਤੀ ਗਈ ਹੈ। ਗੁਰਮਤਿ ਸੰਗੀਤ ਦੀ ਪਰੰਪਰਾ ਦੇ ਸੁਰਲਿਪੀ ਬੱਧ ਕਾਰਜਾਂ ਦੀ ਲੜੀ ਵਿਚ ਪੁਸਤਕ ‘ਗੁਰਮਤਿ ਸੰਗੀਤ ਰਤਨ ਭੰਡਾਰ’ ਨਿਰਧਾਰਤ ਰਾਗਾਂ ਦੀ ਧਾਰਾ ਦੇ ਅੰਤਰਗਤ ਰਚਿਤ ਹੈ। ਗੁਰਮਤਿ ਸੰਗੀਤ ਦੇ ਆਰੰਭਲੇ ਕਾਰਜਾਂ ਵਿਚ ਇਸ ਪੁਸਤਕ ਦਾ ਮਹੱਤਵਪੂਰਣ ਅਤੇ ਵਡਮੁੱਲਾ ਸਥਾਨ ਹੈ।
ਗੁਰਮਤਿ ਸੰਗੀਤ ਦੇ ਆਰੰਭਲੇ ਰਚਨਾਕਾਰਾਂ ਦੀ ਲੜੀ ਵਿਚ ਸ. ਰਵੇਲ ਸਿੰਘ ਕੰਵਰ ਦਾ ਨਾਮ ਵੀ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਹੈ। ਆਪ ਵਲੋਂ ਦੋ ਪੁਸਤਕਾਂ ‘ਗੁਰਮਤਿ ਸੰਗੀਤ ਦਰਸ਼ਨ’ ਅਤੇ ‘ਗੁਰਮਤਿ ਸੰਗੀਤ ਪ੍ਰਭਾਕਰ’ ਜੋ ਕਿ 1954 ਵਿਚ ਪ੍ਰਕਾਸ਼ਿਤ ਹੋਈ, ਵਿਸ਼ੇਸ਼ ਹਨ। ਇਨ੍ਹਾਂ ਪੁਸਤਕਾਂ ਵਿਚੋਂ ‘ਗੁਰਮਤਿ ਸੰਗੀਤ ਦਰਸ਼ਨ’ ਪ੍ਰਾਪਤ ਨਹੀਂ ਹੁੰਦੀ ਪਰੰਤੂ ਇਸ ਦੇ ਹਵਾਲੇ ‘ਸੰਗੀਤ ਪ੍ਰਭਾਕਰ’ ਵਿਚ ਪ੍ਰਾਪਤ ਹੁੰਦੇ ਹਨ। ਸ. ਰਵੇਲ ਸਿੰਘ ਦੇ ਨਿਜੀ ਜੀਵਨ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰੰਤੂ ਆਪ ਵਲੋਂ ਸ਼ਬਦ ਕੀਰਤਨ ਰਚਨਾਕਾਰ ਦੇ ਤੌਰ ‘ਤੇ ਕੀਤਾ ਕਾਰਜ ਸ਼ਲਾਘਾਯੋਗ ਹੈ। ਆਪ ਦੀ ਰਚਿਤ ਪੁਸਤਕਾਂ ਵਿਚ ਦਰਜ ਸ਼ਬਦ ਕੀਰਤਨ ਰਚਨਾਵਾਂ ਨਿਰਧਾਰਤ ਰਾਗਾਂ ਦੀ ਧਾਰਾ ਦੇ ਅਨੁਸਾਰੀ ਸੁਰਲਿਪੀ ਬੱਧ ਹਨ।
ਗੁਰਮਤਿ ਸੰਗੀਤ ਦੇ ਆਰੰਭਲੇ ਰਚਨਾਕਾਰਾਂ ਦੀ ਲੜੀ ਵਿਚ ਅਗਲਾ ਨਾਮ ਮਾਸਟਰ ਸੁੰਦਰ ਸਿੰਘ ਦਾ ਆਉਂਦਾ ਹੈ। ਪਾਠਕਾਂ ਦੇ ਧਿਆਨ ਹਿਤ ਕਿ ਮਾਸਟਰ ਸੁੰਦਰ ਸਿੰਘ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਮਾਸਟਰ ਸੁੰਦਰ ਸਿੰਘ ਤੋਂ ਵੱਖਰੇ ਹਨ। ਇਨ੍ਹਾਂ ਦੋਨਾਂ ਦੀਆਂ ਲਿਖਤਾਂ ਵੀ ਵੱਖਰੀਆਂ ਹਨ। ਦੋਨਾਂ ਰਚਨਾਕਾਰਾਂ ਵਲੋਂ ਸ਼ਬਦ ਕੀਰਤਨ ਰਚਨਾਵਾਂ ਲਈ ਵੱਖੋ-ਵੱਖਰੀ ਮੌਲਿਕ ਸੁਰਲਿਪੀ ਦਾ ਪ੍ਰਯੋਗ ਕੀਤਾ ਗਿਆ ਹੈ। ਵੀਹਵੀਂ ਸਦੀ ਦੇ ਛੇਵੇਂ ਦਹਾਕੇ ਦੇ ਮਾਸਟਰ ਸੁੰਦਰ ਸਿੰਘ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਉਪਲਬੱਧ ਨਹੀਂ ਹੁੰਦੀ। ਪਰੰਤੂ ਇਸ ਰਚਨਾਕਾਰ ਦਾ ਕਾਰਜ ਗੁਰਮਤਿ ਸੰਗੀਤ ਦੇ ਮੁਢਲੇ ਕਾਰਜਾਂ ਦੇ ਰੂਪ ਵਿਚ ਵਿਸ਼ੇਸ਼ ਹੈ। ਆਪ ਦੁਆਰਾ ਰਚਿਤ ਪੁਸਤਕ ‘ਹਾਰਮੋਨੀਅਮ ਟੀਚਰ’ ਵਿਚ ਜੋੜੀ ਤੇ ਸਾਜ਼ਾਂ ਦੀ ਜਾਣਕਾਰੀ, ਵੱਖ-ਵੱਖ ਟਿਊਨਾਂ ‘ਤੇ ਸ਼ਬਦ ਗਾਉਣ ਦੀ ਪ੍ਰਕ੍ਰਿਆ ਅਤੇ ਸਰਗਮਾਂ ਆਦਿ ਬਾਰੇ ਜਾਣਕਾਰੀ ਦਿਤੀ ਗਈ ਹੈ। ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਗੁਰਬਾਣੀ ਦੇ ਦਸ ਸ਼ਬਦ, ਦੂਜੇ ਭਾਗ ਵਿਚ ਦਸ ਪੁਰਾਤਨ ਹਿੰਦੀ ਗਾਣੇ ਅਤੇ ਤੀਜੇ ਭਾਗ ਵਿਚ ਦਸ ਭਜਨ ਸੁਰਲਿਪੀ ਬੱਧ ਕੀਤੇ ਗਏ ਹਨ। ਸ਼ਬਦਾਂ ਦੀਆਂ ਰਚਨਾਵਾਂ ਲਈ ਮੌਲਿਕ ਸੁਰਲਿਪੀ ਦਾ ਪ੍ਰਯੋਗ ਕੀਤਾ ਗਿਆ ਹੈ। ਜੇਕਰ ਮਾਸਟਰ ਸੁੰਦਰ ਸਿੰਘ ਦੇ ਪੂਰੇ ਕਾਰਜ ‘ਤੇ ਝਾਤ ਮਾਰੀਏ ਤਾਂ ਇਹ ਕਾਰਜ ਗੁਰਮਤਿ ਸੰਗੀਤ ਦੇ ਸਿਧਾਂਤ ਦਾ ਅਨੁਸਰਣ ਤਾਂ ਨਹੀਂ ਕਰਦਾ ਪਰੰਤੂ ਇਹ ਗੁਰਮਤਿ ਸੰਗੀਤ ਦੀ ਵਿਹਾਰਕਤਾ ਦੇ ਮੁਢਲੇ ਕਾਰਜ ਵਜੋਂ ਸ਼ਲਾਘਾਯੋਗ ਹੈ।
ਗੁਰਮਤਿ ਸੰਗੀਤ ਦੇ ਇਨ੍ਹਾਂ ਆਰੰਭਲੇ ਰਚਨਾਕਾਰਾਂ ਦੇ ਕਾਰਜ ਦੀ ਇਕ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਨ੍ਹਾਂ ਸਭ ਨੇ ਆਪਣੀ ਸ਼ਬਦ ਕੀਰਤਨ ਰਚਨਾਵਾਂ ਲਈ ਮੌਲਿਕ ਸੁਰਲਿਪੀ ਦਾ ਪ੍ਰਯੋਗ ਕੀਤਾ ਹੈ ਜੋ ਕਿ ਗੁਰਮਤਿ ਸੰਗੀਤ ਪਰੰਪਰਾ ਦੀ ਵਿਸ਼ੇਸ਼ ਪ੍ਰਾਪਤੀ ਹੈ। ਭਾਰਤੀ ਸੰਗੀਤ ਵਿਚ ਪ੍ਰਚਲਿਤ ਸੁਰਲਿਪੀ ਪੱਧਤੀ ਜਿਵੇਂ ਭਾਤਖੰਡੇ ਸੁਰਲਿਪੀ ਜਾਂ ਵਿਸ਼ਣੂ ਦਿਗੰਬਰ ਪਲੁਸਕਰ ਸੁਰਲਿਪੀ ਪੱਧਤੀ ਦਾ ਗੁਰਮਤਿ ਸੰਗੀਤ ਦੇ ਇਹਨਾਂ ਆਰੰਭਲੇ ਰਚਨਾਕਾਰਾਂ ਨੇ ਬਿਲਕੁਲ ਵੀ ਪ੍ਰਯੋਗ ਨਹੀਂ ਕੀਤਾ ਸਗੋਂ ਆਪਣੀਆਂ ਰਚਨਾਵਾਂ ਮੌਲਿਕ ਸੁਰਲਿਪੀ ਵਿਚ ਤਾਲਬੱਧ ਕੀਤੀਆਂ। ਇਹ ਕਾਰਜ ਜਿਥੇ ਗੁਰਮਤਿ ਸੰਗੀਤ ਦੇ ਖਜਾਨੇ ਨੂੰ ਅਮੀਰ ਕਰਦਾ ਹੈ ਉਥੇ ਸੰਗੀਤ ਜਗਤ ਦੇ ਖਜਾਨੇ ਲਈ ਗੁਰਮਤਿ ਸੰਗੀਤ ਦੀ ਵਿਸ਼ੇਸ਼ ਦੇਣ ਹੈ। ਗੁਰਮਤਿ ਸੰਗੀਤ ਦੇ ਇਨ੍ਹਾਂ ਆਰੰਭਲੇ ਰਚਨਾਕਾਰਾਂ ਦਾ ਕਾਰਜ ਅਗਾਮੀ ਪੀੜ੍ਹੀਆਂ ਲਈ ਇਕ ਵਿਸ਼ੇਸ਼ ਉਦਾਹਰਣ ਬਣਿਆ। ਵਿਸ਼ੇਸ਼ ਕਰਕੇ ਸੁਰਲਿਪੀ ਪਰੰਪਰਾ ਦੇ ਸੰਦਰਭ ਵਿਚ ਇਸ ਕਾਰਜ ਨੂੰ ਪਛਾਣਨ, ਪ੍ਰਚਾਰਨ ਦੀ ਜ਼ਰੂਰਤ ਹੈ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ