ਗੁਰਮਤਿ ਸੰਗੀਤ ਦੇ ਰਚਨਾਕਾਰ ਪ੍ਰੋ. ਤਾਰਾ ਸਿੰਘ

*ਡਾ. ਗੁਰਨਾਮ ਸਿੰਘ



ਗੁਰਮਤਿ ਸੰਗੀਤ ਰਚਨਾਕਾਰ ਪ੍ਰੋਫੈਸਰ ਤਾਰਾ ਸਿੰਘ ਜੀ ਦਾ ਨਾਮ ਗੁਰਮਤਿ ਸੰਗੀਤ ਦੇ ਖੇਤਰ ਵਿਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਆਪ ਨੂੰ ਅੱਜ ਗੁਰਮਤਿ ਸੰਗੀਤ ਦੇ ਮਹਾਨ ਅਚਾਰੀਆ ਦੇ ਤੌਰ ਤੇ ਜਾਣਿਆ ਜਾਂਦਾ ਹੈ। ਆਪ ਨੇ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਅਕਾਦਮਿਕ ਖੇਤਰ ਵਿਚ ਕਿਰਿਆਤਮਕ ਅਤੇ ਸਿਧਾਂਤਕ ਪੱਧਰ 'ਤੇ ਮਹਾਨ ਯੋਗਦਾਨ ਪਾਇਆ ਹੈ। ਆਪ ਦੁਆਰਾ ਸਿਖਲਾਈ ਪ੍ਰਾਪਤ ਕੀਤੇ ਵਿਦਿਆਰਥੀਆਂ ਵਿਚੋਂ ਬਹੁਤੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਉੱਘੇ ਸੰਗੀਤ ਅਧਿਆਪਕ ਹਨ ਅਤੇ ਆਪ ਦੁਆਰਾ ਰਚਿਆ ਸੰਗੀਤ ਤੇ ਗੁਰਮਤਿ ਸੰਗੀਤ ਸਾਹਿਤ ਅੱਜ ਵੀ ਸੰਗੀਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ। 

ਪ੍ਰੋ. ਤਾਰਾ ਸਿੰਘ ਦਾ ਜਨਮ 18 ਸਤੰਬਰ, 1919 ਨੂੰ ਪਿਤਾ ਬਾਰਾ ਸਿੰਘ ਦੇ ਗ੍ਰਹਿ ਪਿੰਡ ਸਿੱਧੂਪੁਰ ਖੁਰਦ ਜਿਲ੍ਹਾ ਰੋਪੜ ਵਿਖੇ ਮਾਤਾ ਰਾਇ ਕੌਰ ਦੀ ਕੁਖੋਂ ਹੋਇਆ। ਆਪ ਨੇ ਮੁਢਲੀ ਸਿੱਖਿਆ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹੀ ਪ੍ਰਾਪਤ ਕੀਤੀ। ਉਪਰੰਤ ਗੁਰਮਤਿ ਸੰਗੀਤ ਦੀ ਸਿਖਲਾਈ ਪ੍ਰ੍ਰਸਿਧ ਕੀਰਤਨੀਏ ਭਾਈ ਸੰਪੂਰਨ ਸਿੰਘ, ਜੋ ਪੰਡਤ ਦਲੀਪ ਚੰਦਰ ਬੇਦੀ ਦੇ ਗੁਰੂ ਭਾਈ ਤੇ ਤਲਵੰਡੀ ਘਰਾਣੇ ਦੇ ਪ੍ਰਸਿਧ ਗਾਇਕ ਭਾਈ ਉੱਤਮ ਸਿੰਘ ਦੇ ਸ਼ਿਸ਼ ਸਨ, ਤੋਂ ਪ੍ਰਾਪਤ ਕੀਤੀ। ਪ੍ਰੋਫੈਸਰ ਸਾਹਿਬ ਨੇ ਸ੍ਰੀ ਨਿਤਯਾ ਨੰਦ ਚੋਪੜਾ, ਸ੍ਰੀ ਐਨ.ਐਨ.ਘੋਸ਼, ਉਸਤਾਦ ਬਾਸੂ ਖ਼ਾਂ ਅਤੇ ਪੰਡਤ ਵਿਸ਼ਣੂ ਦਿਗੰਬਰ ਪਲੁਸਕਰ ਦੇ ਸ਼ਿਸ਼ ਪੰਡਤ ਐਲ.ਡੀ.ਭਾਗਵਤ ਤੋਂ ਸ਼ਾਸਤਰੀ ਸੰਗੀਤ ਦੇ ਗਾਇਨ ਅਤੇ ਵਾਦਨ ਦੀ ਸਿੱਖਿਆ ਲਈ।

ਪ੍ਰੋ. ਤਾਰਾ ਸਿੰਘ ਦਾ ਪੰਜਾਬ ਵਿਚ ਸੰਗੀਤ ਵਿਸ਼ੇ ਦਾ ਆਰੰਭ ਕਰਨ ਵਿਚ ਬਤੌਰ ਅਧਿਆਪਕ, ਬਤੌਰ ਲੇਖਕ ਬੁਨਿਆਦੀ ਯੋਗਦਾਨ ਰਿਹਾ ਹੈ। ਆਪ ਨੇ ਲਗਭਗ 30 ਸਾਲ ਪੰਜਾਬ ਦੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਸੰਗੀਤ ਸਿੱਖਿਆ ਦਿਤੀ। ਆਪ ਕਈ ਸਾਲ ਸਰਕਾਰੀ ਕਾਲਜ ਪਟਿਆਲਾ (ਲੜਕੀਆਂ) ਦੇ ਪੋਸਟ ਗਰੈਜੁਏਟ ਸੰਗੀਤ ਵਿਭਾਗ ਦੇ ਮੁਖੀ ਰਹੇ। ਆਪ ਨੇ ਸੰਗੀਤ ਸਬੰਧੀ ਜਿਥੇ ਮੌਲਿਕ ਪੁਸਤਕਾਂ ਦੀ ਰਚਨਾ ਕੀਤੀ, ਉਥੇ ਪ੍ਰਸਿੱਧ ਸੰਗੀਤਕਾਰਾਂ ਦੁਆਰਾ ਰਚਿਤ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ। ਸਰਲ ਪੰਜਾਬੀ ਭਾਸ਼ਾ ਵਿਚ ਅਤੇ ਵਿਗਿਆਨਕ ਲੀਹਾਂ ਉਤੇ ਰਚੀਆਂ ਇਹ ਪੁਸਤਕਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਲਾਹੇਵੰਦ ਹਨ। ਸੰਗੀਤ ਦੇ ਪਾਠਕ੍ਰਮਾਂ ਨਾਲ ਸਬੰਧਤ ਆਪ ਦੀਆਂ ਕੁਝ ਪੁਸਤਕਾਂ ਇਸ ਪ੍ਰਕਾਰ ਹਨ: ਵਾਦਨ - ਅੱਠਵੀਂ ਸ਼੍ਰੇਣੀ ਲਈ - ਪੰਜਾਬ ਸਕੂਲ ਸਿੱਖਿਆ ਬੋਰਡ, ਵਾਦਨ ਕਲਾ - ਬੀ.ਏ. ਲਈ - ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸਿਤਾਰ ਤਰੰਗਣੀ - ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਸੰਗੀਤ ਸ਼ਾਸਤਰ - ਭਾਗ ਪਹਿਲਾ (ਮਹੇਸ਼ ਨਰਾਇਣ ਸਕਸੇਨਾ) ਅਨੁਵਾਦ ਪੰਜਾਬੀ ਯੂਨੀਵਰਸਿਟੀ, ਸੰਗੀਤ ਸ਼ਾਸਤਰ - ਭਾਗ ਦੂਜਾ (ਮਹੇਸ਼ ਨਰਾਇਣ ਸਕਸੇਨਾ) ਅਨੁਵਾਦ ਪੰਜਾਬੀ ਯੂਨੀਵਰਸਿਟੀ, ਪੰਜਾਬ ਦੇ ਪ੍ਰਸਿੱਧ ਸੰਗੀਤਕਾਰ - ਭਾਸ਼ਾ ਵਿਭਾਗ, ਪੰਜਾਬ, ਰਵਾਇਤੀ ਅਤੇ ਆਧੁਨਿਕ ਸੰਗੀਤ ਸਾਜ਼, ਭਾਸ਼ਾ ਵਿਭਾਗ ਪੰਜਾਬ। ਆਪ ਨੇ ਪੰਜਾਬ ਦੀ ਸੰਗੀਤ ਪਰੰਪਰਾ ਵਿਚ ਗਾਇਨ ਅਤੇ ਵਾਦਨ ਦੀਆਂ ਲਗਭਗ 5000 ਮੌਲਿਕ ਬੰਦਸ਼ਾਂ ਦੀ ਰਚਨਾ ਕੀਤੀ ਹੈ। ਇਸ ਵਿਸ਼ਾਲ ਸੰਖਿਆ ਵਿਚ ਗੁਰਬਾਣੀ ਦੇ ਸ਼ਬਦ ਗਾਇਨ ਦੀਆਂ, ਦਸਮ ਗ੍ਰੰਥ ਦੀਆਂ, ਸ਼ਾਸਤਰੀ ਗਾਇਨ ਦੀਆਂ ਅਤੇ ਵਾਦਨ ਸੰਗੀਤ ਦੀਆਂ ਬੰਦਸ਼ਾਂ ਸ਼ਾਮਲ ਹਨ। ਉੱਤਰ ਭਾਰਤੀ ਸੰਗੀਤਕਾਰਾਂ ਵਲੋਂ ਗਾਇਨ ਕੀਤੇ ਜਾ ਰਹੇ ਖਿਆਲਾਂ ਅਤੇ ਟਪਿਆਂ ਦਾ ਅਧਿਐਨ ਕਰਕੇ ਉਨ੍ਹਾਂ ਦੇ ਪੰਜਾਬੀ ਸਰੂਪ ਨੂੰ ਸੰਭਾਲਿਆ ਅਤੇ ਹਿੰਦੁਸਤਾਨੀ ਸੰਗੀਤ ਵਿਚ ਪੰਜਾਬ ਦੀ ਸੰਗੀਤ ਦੀ ਅਹਿਮ ਭੂਮਿਕਾ ਨੂੰ ਪ੍ਰਕਾਸ਼ਿਤ ਕੀਤਾ। ਸੰਗੀਤ ਦੇ ਰਾਗਾਤਮਕ ਗਾਇਨ ਹਿਤ ਆਪ ਨੇ ਅਨੇਕ ਮੌਲਿਕ ਬੰਦਸ਼ਾਂ ਦੀ ਰਚਨਾ ਵੀ ਕੀਤੀ। ਇਹਨਾਂ ਬੰਦਸ਼ਾਂ ਵਿਚ ਧਰੁਪਦ, ਧਮਾਰ, ਵਿਲੰਬਿਤ ਅਤੇ ਦਰੁਤ ਖਿਆਲ, ਚਤੁਰੰਗ, ਤਰਾਨਾ ਅਤੇ ਤਿਰਵਟ ਸ਼ੈਲੀਆਂ ਸ਼ਾਮਲ ਹਨ। ਰਚੀਆਂ ਗਈਆਂ ਬੰਦਸ਼ਾਂ ਵਿਚ ਗਾਇਨ ਸ਼ੈਲੀਆਂ ਦੀ ਇਹ ਵਿਵਿਧਤਾ ਅਤੇ ਇਹਨਾਂ ਦੀ ਸੁੰਦਰਤਾ ਆਪ ਦੀ ਕਲਾ ਕੌਸ਼ਲਤਾ ਦਾ ਪਰਮਾਣ ਹਨ। ਇਹ ਬੰਦਸ਼ਾਂ ਕਾਵਿਕ ਪਖੋਂ ਵੀ ਉੱਚ ਪਾਇ ਦੀਆਂ ਹਨ। ਭਾਰਤੀ ਸੰਗੀਤ ਦੇ ਖੇਤਰ ਵਿਚ ਆਪ ਦੇ ਯੋਗਦਾਨ ਤੋਂ ਪ੍ਰਭਾਵਿਤ ਹੋ ਕੇ ਪ੍ਰਸਿੱਧ ਸੰਗੀਤਕਾਰ ਸ੍ਰੀ ਨਾਰਾਇਣ ਰਾਓ ਵਿਆਸ ਕਿਹਾ ਕਰਦੇ ਸਨ, "ਪ੍ਰੋ. ਸਾਹਿਬ ਸੰਗੀਤ ਜਗਤ ਕੇ ਪ੍ਰਸਿੱਧ ਅਚਾਰੀਆ ਹੈਂ, ਮੈਂ ਇਨਕੋ ਸੰਗੀਤ ਪਰ ਅਥਾਰਟੀ ਮਾਨਤਾ ਹੂੰ, ਭਾਰਤੀ ਸੰਗੀਤ ਔਰ ਗੁਰਬਾਣੀ ਸੰਗੀਤ ਪਰ ਆਪਨੇ ਬਹੁਤ ਲਾਜਵਾਬ ਔਰ ਮੌਲਿਕ ਕਾਮ ਕੀਆ ਹੈ । ਹਮ ਸਭਕੋ ਇਨਕੇ ਉਪਰ ਅਬ ਭੀ ਬਹੁਤ ਸੀ ਆਸਾਏਂ ਹੈ।" 

ਪ੍ਰੋ. ਤਾਰਾ ਸਿੰਘ ਨੇ ਆਪਣੇ ਸੰਗੀਤਕ ਸਫ਼ਰ ਵਿਚ ਅਨੇਕਾਂ ਵਿਦਿਆਰਥਿਆਂ ਨੂੰ ਗੁਰਮਤਿ ਸੰਗੀਤ ਅਤੇ ਸੰਗੀਤ ਨਾਲ ਜੋੜਿਆ। ਆਪ ਦੇ ਵਿਦਿਆਰਥੀਆਂ ਵਿਚ ਨਿੱਕੇ-ਨਿੱਕੇ ਬਾਲਾਂ ਤੋਂ ਲੈ ਕੇ ਪ੍ਰੋੜ ਸੰਗੀਤਕਾਰ ਵੀ ਸ਼ਿਸ਼ ਰਹੇ। ਆਪ ਦੇ ਕੁਝ ਪ੍ਰਮੁਖ ਸ਼ਿਸ਼ਾਂ ਦੇ ਨਾਮਾਂ ਵਿਚੋਂ ਡਾ. ਗੁਰਨਾਮ ਸਿੰਘ(ਇਨ੍ਹਾਂ ਸਤਰਾਂ ਦੇ ਲੇਖਕ), ਡਾ. ਬਚਿੱਤਰ ਸਿੰਘ, ਸ੍ਰੀਮਤੀ ਤਰਲੋਚਨ ਕੌਰ, ਸ੍ਰੀਮਤੀ ਹਰਿੰਦਰ ਕੌਰ, ਡਾ. ਨਿਵੇਦਿਤਾ ਸਿੰਘ, ਡਾ. ਅਲੰਕਾਰ ਸਿੰਘ, ਡਾ. ਜਬਰਜੰਗ ਸਿੰਘ, ਸ੍ਰੀ ਕੇਸਰ ਨਾਥ, ਸ. ਬਲਜੀਤ ਸਿੰਘ, ਸ. ਪਰਮਜੀਤ ਸਿੰਘ, ਸ੍ਰੀ ਗਮਦੂਰ, ਸ੍ਰੀ ਪਰਮਿੰਦਰ ਗੁਰੀ ਆਦਿ ਦੇ ਨਾਮ ਵਰਣਨਯੋਗ ਹਨ। ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿਚ ਕਾਰਜਸ਼ੀਲ ਸੰਗੀਤ ਦੇ ਅਧਿਆਪਕਾਂ ਵਿਚੋਂ ਬਹੁਗਿਣਤੀ ਆਪ ਦੇ ਵਿਦਿਆਰਥੀ ਰਹੇ ਹਨ।

ਵਰਤਮਾਨ ਸਮੇਂ ਗੁਰਮਤਿ ਸੰਗੀਤ ਜਿਨ੍ਹਾਂ ਬੁਲੰਦੀਆਂ ਨੂੰ ਛੁਹ ਰਿਹਾ ਹੈ, ਉਸ ਵਿਚ ਪ੍ਰੋਫੈਸਰ ਤਾਰਾ ਸਿੰਘ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਗੁਰਮਤਿ ਸੰਗੀਤ ਨੂੰ ਅਕਾਦਮਿਕ ਪੱਧਰ ਦੇ ਯੋਗ ਬਣਾਉਣ ਦਾ ਆਰਂੰਭ ਪ੍ਰੋਫੈਸਰ ਸਾਹਿਬ ਦੀਆਂ ਲਿਖਤਾਂ ਅਤੇ ਆਪਣੇ ਵਿਦਿਆਰਥੀਆਂ ਨੂੰ ਦਿੱਤੀ ਗੁਰਮਤਿ ਸੰਗੀਤ ਸਿਖਲਾਈ ਨਾਲ ਹੀ ਹੋਇਆ। ਆਪ ਨੇ ਗੁਰਮਤਿ ਸੰਗੀਤ ਅਤੇ ਭਾਰਤੀ ਸ਼ਾਸਤਰੀ ਸੰਗੀਤ ਦਾ ਤੁਲਨਾਤਮਕ ਅਧਿਐਨ ਕਰਕੇ ਗੁਰਮਤਿ ਸੰਗੀਤ ਦੇ ਵਿਲੱਖਣ ਮੁਹਾਂਦਰੇ ਨੂੰ ਉਜਾਗਰ ਕੀਤਾ। ਇਸ ਦੇ ਨਾਲ-ਨਾਲ ਆਪ ਨੇ ਅਕਾਦਮਿਕ ਪੱਧਰ ਉਤੇ ਕੰਮ ਆਉਣ ਵਾਲੇ ਸਾਹਿਤ ਦੀ ਸਿਰਜਨਾ ਕੀਤੀ। ਗੁਰਮਤਿ ਸੰਗੀਤ ਦੇ ਸਿਧਾਂਤ ਨੂੰ ਕਿਰਿਆਤਮਕ ਰੂਪ ਵਿਚ ਵਿਦਿਆਰਥੀਆਂ ਨੂੰ ਸਿਖਾਇਆ ਅਤੇ ਇਸ ਨੂੰ ਸਫਲ ਢੰਗ ਨਾਲ ਪ੍ਰਦਰਸ਼ਤ ਤੇ ਪ੍ਰਚਾਰਿਤ ਵੀ ਕੀਤਾ।

ਪ੍ਰੋ. ਤਾਰਾ ਸਿੰਘ ਨੇ ਪਹਿਲੀ ਵਾਰ ਗੁਰਮਤਿ ਸੰਗੀਤ ਦਾ ਡੂੰਘਾ ਅਧਿਐਨ ਕਰਕੇ ਇਸ ਦੇ ਮੌਲਿਕ ਨਿਯਮਾਂ ਨੂੰ ਉਜਾਗਰ ਕੀਤਾ। ਆਪ ਗੁਰਮਤਿ ਸੰਗੀਤ ਨੂੰ ਇਕ ਵਿਲੱਖਣ ਸੰਗੀਤ ਪੱਧਤੀ ਮੰਨਦੇ ਸਨ। ਇਸ ਸਬੰਧੀ ਆਪ ਨੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਡੂੰਘਾ ਅਧਿਐਨ ਕੀਤਾ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਭਾਰਤੀ ਸੰਗੀਤ ਦੀ ਮੱਧਕਾਲੀਨ ਪਰੰਪਰਾ ਦਾ ਵੀ ਵਿਸ਼ੇਸ਼ ਅਧਿਐਨ ਕਰਕੇ ਗੁਰਮਤਿ ਸੰਗੀਤ ਨੂੰ ਇਕ ਮੌਲਿਕ ਵਿਧਾ ਵਜੋਂ ਸਥਾਪਿਤ ਕਰਨ ਦਾ ਯਤਨ ਕੀਤਾ।ਆਪ ਨੇ ਆਪਣੀਆਂ ਪੁਸਤਕਾਂ ਵਿਚ ਸੁਰਲਿਪੀਆਂ ਤਿਆਰ ਕਰਨ ਸਮੇਂ ਗੁਰਮਤਿ ਸੰਗੀਤ ਦੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਅਪਨਾਉਣ ਦੀ ਕੋਸ਼ਿਸ਼ ਕੀਤੀ।

ਗੁਰਮਤਿ ਸੰਗੀਤ ਦੇ ਮਹਾਨ ਰਚਨਾਕਾਰ ਪ੍ਰੋ. ਤਾਰਾ ਸਿੰਘ ਵਲੋਂ ਗੁਰਮਤਿ ਸੰਗੀਤ ਦੇ ਅੰਤਰਗਤ ਵਿਸ਼ਾਲ ਸੁਰਲਿਪੀ ਬੱਧ ਕਾਰਜ ਕੀਤਾ ਗਿਆ ਹੈ। ਆਪ ਦੀ ਪ੍ਰਥਮ ਗੁਰਮਤਿ ਸੰਗੀਤ ਰਚਨਾਵਲੀਆਂ ਦੀ ਪੁਸਤਕ ‘ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ’ 1977 ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਦੇ ਅੰਤਰਗਤ 125 ਸ਼ਬਦ ਕੀਰਤਨ ਰਚਨਾਵਾਂ ਨੂੰ ਵੱਖ-ਵੱਖ 26 ਰਾਗਾਂ ਵਿਚ ਤਾਲ ਬੱਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 1979 ਵਿਚ ਆਪ ਵਲੋਂ ਰਚੀ ਪੁਸਤਕ ‘ਗੁਰੂ ਅਮਰਦਾਸ ਰਾਗ ਰਤਨਾਵਲੀ’ ਵਿਚ ਗੁਰਮਤਿ ਸੰਗੀਤ ਦੀਆਂ 29 ਸ਼ਬਦ ਕੀਰਤਨ ਰਚਨਾਵਾਂ ਨਿਰਧਾਰਤ 24 ਰਾਗਾਂ ਅਧੀਨ ਸੁਰਲਿਪੀ ਬੱਧ ਹਨ। ਸੰਨ 1991 ਵਿਚ ਗੁਰਮਤਿ ਸੰਗੀਤ ਦੀ ਵਿਲੱਖਣ ਗਾਇਨ ਸ਼ੈਲੀ ‘ਪੜਤਾਲ’ ’ਤੇ ਆਪ ਦੀ ਪੁਸਤਕ 'ਪੜਤਾਲ ਗਾਇਕੀ' ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਨਿਰਧਾਰਤ 14 ਰਾਗਾਂ ਅਧੀਨ 55 ਪੜਤਾਲਾਂ ਰਚੀਆਂ ਗਈਆਂ। ਇਸੇ ਤਰ੍ਹਾਂ 1991 ਵਿਚ ਹੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ’ ਪ੍ਰਕਾਸ਼ਿਤ ਹੋਈ। ਇਸ ਪੁਸਤਕ ਦੇ ਅੰਤਰਗਤ ਕੁਲ 65 ਰਾਗਾਂ ਅਧੀਨ 66 ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ। ਗੁਰਮਤਿ ਸੰਗੀਤ ਦੀ ਇਸੇ ਲੜੀ ਵਿਚ ਆਪ ਦੀ ਪੁਸਤਕ ‘ਭਗਤ ਰਾਗ ਰਤਨਾਵਲੀ’ 1992 ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਨਿਰਧਾਰਤ 31 ਰਾਗਾਂ ਦੇ ਅੰਤਰਗਤ 90 ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ। ਸੰਨ 1993 ਵਿਚ ਆਪ ਦੀ ਪੁਸਤਕ 'ਸ੍ਰੀ ਗੁਰੂ ਅੰਗਦ ਦੇਵ ਰਾਗ ਰਤਨਾਵਲੀ' ਪ੍ਰਕਾਸ਼ਿਤ ਹੋਈ ਜਿਸ ਵਿਚ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਪੁਸਤਕ ਵਿਚ 11 ਰਾਗਾਂ ਵਿਚ ਕੁਲ 62 ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ। ਸੰਨ 1994 ਵਿਚ ਆਪ ਦੀ ਇਕ ਹੋਰ ਪੁਸਤਕ ‘ਗੁਰੂ ਗੋਬਿੰਦ ਸਿੰਘ ਰਾਗ ਰਤਨਾਵਲੀ’ ਪ੍ਰਕਾਸ਼ਿਤ ਹੋਈ ਜਿਸ ਵਿਚ ਦਸਮ ਗੁਰੂ ਦੀ ਬਾਣੀ ਨੂੰ 38 ਰਾਗਾਂ ਦੇ ਅੰਤਰਗਤ 50 ਸ਼ਬਦ ਕੀਰਤਨ ਰਚਨਾਵਾਂ ਵਿਚ ਸੁਰਲਿਪੀ ਬੱਧ ਕੀਤਾ ਗਿਆ ਹੈ। ਸੰਨ 1995 ਵਿਚ ਆਪ ਦੀ ਪੁਸਤਕ ‘ਗੁਰੂ ਰਾਮਦਾਸ ਰਾਗ ਰਤਨਾਵਲੀ’ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਗੁਰੂ ਰਾਮਦਾਸ ਜੀ ਨਾਲ ਸਬੰਧਤ ਬਾਣੀ ਨੂੰ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਪੁਸਤਕ ਵਿਚ 74 ਰਾਗਾਂ ਅਧੀਨ 293 ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ। ਆਪ ਜੀ ਦੁਆਰਾ ਇਨ੍ਹਾਂ ਪੁਸਤਕਾਂ ਦੀਆਂ ਸ਼ਬਦ ਕੀਰਤਨ ਰਚਨਾਵਾਂ ਹਿਤ ਵੱਖ-ਵੱਖ 16 ਤਾਲਾਂ ਨੂੰ ਪ੍ਰਯੋਗ ਕੀਤਾ ਗਿਆ ਹੈ। ਪ੍ਰੋ. ਸਾਹਿਬ ਦੇ ਕਾਰਜ ਦੀ ਵਿਸ਼ੇਸ਼ਤਾ ਰਹੀ ਹੈ ਕਿ ਇਸ ਕਾਰਜ ਹਿਤ ਆਪ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਦਾ ਪੂਰਨ ਅਨੁਸਰਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਪ ਦੇ ਅਪ੍ਰਕਾਸ਼ਿਤ ਖਰੜੇ 'ਗੁਰੂ ਨਾਨਕ ਰਾਗ ਰਤਨਾਵਲੀ', 'ਕਬੀਰ ਰਾਗ ਰਤਨਾਵੀ' ਆਦਿ ਵੀ ੳਪਲੱਬਧ ਹਨ ਜਿਨ੍ਹਾਂ ਵਿਚ ਗੁਰਮਤਿ ਸੰਗੀਤ ਦੀਆਂ ਅਨਮੋਲ ਸ਼ਬਦ ਕੀਰਤਨ ਰਚਨਾਵਾਂ ਦਰਜ ਹਨ। ਸਾਧਨਾਂ ਦੀ ਅਣਹੋਂਦ ਕਾਰਨ ਇਨ੍ਹਾਂ ਨੂੰ ਪ੍ਰਕਾਸ਼ਿਤ ਨਹੀਂ ਕਰਵਾਇਆ ਜਾ ਸਕਿਆ। ਉਕਤ ਕਾਰਜ ਤੋਂ ਆਪ ਵਲੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਕੀਤੀ ਸਖਤ ਤੇ ਕਰੜੀ ਸਾਧਨਾ ਦੇ ਪ੍ਰਤੱਖ ਦੀਦਾਰ ਹੋ ਜਾਂਦੇ ਹਨ।

ਦੇਸ਼ ਵਿਦੇਸ਼ ਵਿਚ ਬੈਠੇ ਗੁਰਮਤਿ ਸੰਗੀਤ ਖੋਜਾਰਥੀਆਂ, ਵਿਦਿਆਰਥੀਆਂ ਅਤੇ ਪਾਠਕਾਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਵਲੋਂ ਪ੍ਰੋ. ਤਾਰਾ ਸਿੰਘ ਦੀਆਂ ਗੁਰਮਤਿ ਸੰਗੀਤ ਦੀਆਂ ਉਕਤ ਪ੍ਰਕਾਸ਼ਿਤ ਪੁਸਤਕਾਂ ਡਿਜ਼ੀਟਾਈਜ਼ਡ ਕਰਨ ਉਪਰੰਤ ਵੈਬਸਾਈਟ https://gurmatsangeetlibrary.wordpress.com/ 'ਤੇ ਅਪਲੋਡ ਕੀਤੀਆਂ ਗਈਆਂ ਹਨ।

ਪ੍ਰੋਫੈਸਰ ਤਾਰਾ ਸਿੰਘ ਵਲੋਂ ਆਪਣੀਆਂ ਸ਼ਬਦ ਕੀਰਤਨ ਰਚਨਾਵਾਂ ਵਿਚ ਪ੍ਰਯੁਕਤ ਇਨ੍ਹਾਂ ਸਿਧਾਤਾਂ ਨੂੰ ਕੇਵਲ ਪੁਸਤਕਾਂ ਵਿਚ ਹੀ ਵਰਣਿਤ ਨਹੀਂ ਕੀਤਾ ਸਗੋਂ ਵਿਹਾਰਕ ਪੱਧਰ 'ਤੇ ਆਪਣੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਕੇ ਗੁਰਮਤਿ ਸੰਗੀਤ ਦੇ ਟਕਸਾਲੀ ਸਰੂਪ ਨੂੰ ਸਟੇਜਾਂ ਉਤੇ ਵੀ ਸਫਲਤਾ ਪੂਰਵਕ ਪ੍ਰਦਸ਼ਿਤ ਕੀਤਾ। ਗੁਰਮਤਿ ਸੰਗੀਤ ਦੀ ਅਕਾਦਮਿਕ ਪੱਧਰ ਉਤੇ ਸਥਾਪਨਾ ਹੋਣਾ ਪ੍ਰੋਫੈਸਰ ਤਾਰਾ ਸਿੰਘ ਹੋਰਾਂ ਦੁਆਰਾ ਉਲੀਕੇ ਇਕ ਨਕਸ਼ੇ ਦੇ ਆਧਾਰ ਤੇ ਇਕ ਇਮਾਰਤ ਦੇ ਉਸਰਣ ਵਾਂਗ ਹੈ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *