ਗੁਰਨਾਮ ਸਿੰਘ *(ਡਾ.)
ਗੁਰਮਤਿ ਸੰਗੀਤ ਵਿਭਾਗ ਵਿਸ਼ਵ ਭਰ ਵਿਚ ਯੂਨੀਵਰਸਿਟੀ ਪੱਧਰ ‘ਤੇ ਗੁਰਮਤਿ ਸੰਗੀਤ ਦੇ ਅਧਿਆਪਨ ਲਈ ਸਥਾਪਤ ਪਹਿਲਾ ਅਦਾਰਾ ਹੈ ਜੋ 2005 ਵਿਚ ਪੰਜਾਬੀ ਯੂਨੀਵਰਸਿਟੀ ਵਿਖੇ ਆਰੰਭ ਕੀਤਾ ਗਿਆ। ਇਸ ਅਦਾਰੇ ਦਾ ਮਨੋਰਥ ਨਵੀਂ ਪੀੜ੍ਹੀ ਨੂੰ ਵਿਭਿੰਨ ਸੰਗੀਤ ਪਰੰਪਰਾਵਾਂ ਦੇ ਪਰਿਪੇਖ ਵਿਚ ਗੁਰਮਤਿ ਸੰਗੀਤ ਦੀ ਮੌਲਿਕ, ਸ਼ੁੱਧ ਤੇ ਪ੍ਰਮਾਣਿਕ ਸਿਖਲਾਈ ਪ੍ਰਦਾਨ ਕਰਨਾ ਸੀ। ਆਪਣੇ ਮਨੋਰਥ ਦੀ ਪੂਰਤੀ ਹਿਤ ਵਿਭਾਗ ਨਿਰੰਤਰ ਗਤੀਸ਼ੀਲ ਹੈ।
ਗੁਰਮਤਿ ਸੰਗੀਤ ਵਿਭਾਗ ਦਾ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਦਾ ਪੁਨਰ ਪ੍ਰਚਲਨ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ ਕਿਉਂ ਜੋ ਵਿਭਾਗ ਵਲੋਂ ਲੇਖਕ (ਡਾ. ਗੁਰਨਾਮ ਸਿੰਘ) ਦੀ ਅਗਵਾਈ ਵਿਚ ਸ੍ਰੀ ਦਰਬਾਰ ਸਾਹਿਬ ਤੋਂ ਤੰਤੀ ਸਾਜ਼ਾਂ ਦਾ ਕੀਰਤਨ ਪੁਨਰ ਪ੍ਰਾਰੰਭ ਕਰਵਾਇਆ ਗਿਆ ਅਤੇ ਇਸੇ ਮੰਤਵ ਦੀ ਪੂਰਤੀ ਲਈ ਨਿਰੰਤਰ ਸਿਖਲਾਈ ਪ੍ਰੋਗਰਾਮ ਲਗਾਏ ਜਾ ਰਹੇ ਹਨ। 2006 ਵਿਚ ਲੇਖਕ ਅਤੇ ਵਿਭਾਗ ਦੀ ਫੈਕਲਟੀ ਵਲੋਂ ਦਰਬਾਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਸ਼ਬਦ ਕੀਰਤਨ ਕੀਤਾ ਗਿਆ ਅਤੇ ਉਪਰੰਤ ਹੁਣ ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਰੰਤਰ ਹੋਣ ਵਾਲੇ ਕੀਰਤਨ ਵਿਚ ਕੀਰਤਨੀਆਂ ਦੇ ਨਾਲ ਇਕ ਤੰਤੀ ਸਾਜ਼ ਵਾਦਕ ਨੂੰ ਬਿਠਾਇਆ ਜਾਣਾ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਵਿਖੇ ਵਿਸ਼ੇਸ਼ ਕੀਰਤਨਕਾਰ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਿਯੁਕਤ ਕੀਤੇ ਜਾਣ ਵਾਲੇ ਤੰਤੀ ਸਾਜ਼ ਵਾਦਕਾਂ ਅਤੇ ਕੀਰਤਨੀਆਂ ਨੂੰ ਸਿੱਖਲਾਈ ਦਿੱਤੀ ਜਾਂਦੀ ਹੈ।
ਗੁਰਮਤਿ ਸੰਗੀਤ ਵਿਭਾਗ ਵਲੋਂ ਪੋਸਟ ਗ੍ਰੈਜੂਏਟ ਪੱਧਰ ‘ਤੇ ਐਮ.ਏ. ਗੁਰਮਤਿ ਸੰਗੀਤ ਦਾ ਆਰੰਭ 2004 ਵਿਚ ਹੋਇਆ। ਇਸੇ ਲੜੀ ਵਿਚ ਵਿਭਾਗ ਵਲੋਂ ਅੰਡਰ ਗ੍ਰੈਜੂਏਟ ਪੱਧਰ ਤੇ 2007 ਵਿਚ ਬੀ.ਏ. ਆਨਰਜ਼ ਸਕੂਲ ਇਨ ਗੁਰਮਤਿ ਸੰਗੀਤ ਦੀ ਸ਼ੁਰੂਆਤ ਕੀਤੀ ਗਈ। ਮੌਜੂਦਾ ਸਮੇਂ ਵਿਭਾਗ ਵਲੋਂ ਰੈਗੂਲਰ ਬੀ.ਏ. ਅਤੇ ਐਮ.ਏ. ਤੋਂ ਇਲਾਵਾ ਪੀ-ਐਚ.ਡੀ. ਪੱਧਰ ਦੀ ਉਚੇਰੀ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਹੁਣ ਤੱਕ ਵਿਭਾਗ ਵਿਚੋਂ ਐਮ.ਏ. ਪੱਧਰ ਦੇ ਵਿਦਿਆਰਥੀਆਂ ਦੇ 07 ਬੈਚ ਅਤੇ ਬੀ.ਏ. ਦੇ 03 ਬੈਚ ਪਾਸ-ਆਉਟ ਹੋ ਚੁੱਕੇ ਹਨ। ਦੇਸ਼ ਦੇ ਉੱਚ ਪੱਧਰੀ ਸੰਸਥਾਵਾਂ ਵਿਚ ਕਾਰਜਰਤ ਅਧਿਆਪਕ ਅਤੇ ਕਈ ਪ੍ਰਸਿਧ ਕਲਾਕਾਰ ਗੁਰਮਤਿ ਸੰਗੀਤ ਵਿਭਾਗ ਤੋਂ ਪੀ-ਐਚ.ਡੀ. ਦੀ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ ਅਤੇ ਕਈ ਹੋਰ ਇਨਰੋਲਡ ਵੀ ਹਨ। ਇਨ੍ਹਾਂ ਤੋਂ ਇਲਾਵਾ ਪੀ-ਐਚ.ਡੀ. ਦੀ ਸਿੱਖਿਆ ਲਈ ਵਿਦੇਸ਼ ਤੋਂ ਜੈਨ ਪਰੋਟੋਪੋਪਸ ਅਤੇ ਨਿਰੰਜਨ ਕੌਰ ਖਾਲਸਾ ਵੀ ਵਿਭਾਗ ਨਾਲ ਜੁੜੇ ਹੋਏ ਹਨ। ਗੁਰਮਤਿ ਸੰਗੀਤ ਵਿਭਾਗ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ 200 ਦੇ ਕਰੀਬ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਬਤੌਰ ਅਧਿਆਪਕ ਗੁਰਮਤਿ ਸੰਗੀਤ ਦੀ ਸਿਖਲਾਈ ਦੇ ਰਹੇ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸੰਗੀਤ ਦੀ ਪੀੜ੍ਹੀ-ਦਰ-ਪੀੜ੍ਹੀ ਚਲੀ ਆ ਰਹੀ ਸ਼ਬਦ ਕੀਰਤਨ ਪਰੰਪਰਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਗੁਰਮਤਿ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਡਿਸਟੈਂਸ ਐਜੂਕੇਸ਼ਨ ਵਿਭਾਗ ਵਲੋਂ ਗੁਰਮਤਿ ਸੰਗੀਤ ਪ੍ਰਵੇਸ਼ਿਕਾ (ਗਾਇਨ), ਗੁਰਮਤਿ ਸੰਗੀਤ ਪ੍ਰਵੇਸ਼ਿਕਾ (ਤੰਤੀ ਸਾਜ਼ ਵਾਦਨ), ਗੁਰਮਤਿ ਸੰਗੀਤ ਪ੍ਰਵੇਸ਼ਿਕਾ (ਤਾਲ ਸਾਜ਼ ਵਾਦਨ), ਡਿਪਲੋਮਾ ਇਨ ਗੁਰਮਤਿ ਸੰਗੀਤ, ਬੀ.ਏ. ਗੁਰਮਤਿ ਸੰਗੀਤ ਵਿਸ਼ੇ ਸਹਿਤ, ਐਮ.ਏ ਗੁਰਮਤਿ ਸੰਗੀਤ (ਗਾਇਨ), ਐਮ.ਏ. ਗੁਰਮਤਿ ਸੰਗੀਤ (ਤੰਤੀ ਸਾਜ਼ ਵਾਦਨ) ਅਤੇ ਐਮ.ਏ. ਗੁਰਮਤਿ ਸੰਗੀਤ (ਤਬਲਾ) ਦੇ ਕੋਰਸ ਕਰਵਾਏ ਜਾ ਰਹੇ ਹਨ।
ਗੁਰਮਤਿ ਸੰਗੀਤ ਵਿਭਾਗ ਵਿਚ ਸਮੇਂ-ਸਮੇਂ ਦੇਸ਼ ਵਿਦੇਸ਼ ਦੇ ਉਚ ਕੋਟੀ ਕਲਾਕਾਰਾਂ ਵਲੋਂ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਰਹੀ ਹੈ। ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਦੀ ਸਿਖਲਾਈ ਲਈ ਨਿਰੰਤਰ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਅਜੈ ਚੱਕਰਵਰਤੀ ਵਲੋਂ ਪਟਿਆਲਾ ਘਰਾਣਾ ਵਰਕਸ਼ਾਪ, ਰਿਸ਼ੀ ਰੰਜਨ ਵਲੋਂ ਰਬਾਬ ਵਰਕਸ਼ਾਪ, ਭਾਈ ਲਾਲ ਤੇ ਭਾਈ ਚਾਂਦ ਵਲੋਂ ਵਿਸ਼ੇਸ਼ ਸਿਖਲਾਈ ਵਰਕਸ਼ਾਪ, ਗੁਲਫਾਮ ਅਹਿਮਦ ਖਾਨ ਵਲੋਂ ਰਬਾਬ ਵਰਕਸ਼ਾਪ ਪ੍ਰਮੁੱਖ ਹਨ। ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਵੱਖ-ਵੱਖ ਗੁਰਮਤਿ ਸੰਗੀਤ ਦੇ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿਸਾ ਲੈਂਦੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬਾਨ, ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਵਿਭਾਗਾਂ ਵਲੋਂ ਕਰਵਾਏ ਜਾਣ ਵਾਲੇ ਕੀਰਤਨ ਸਮਾਗਮਾਂ ਵਿਚ ਵੀ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਕੀਰਤਨ ਦੀ ਪੇਸ਼ਕਾਰੀ ਦਿਤੀ ਜਾਂਦੀ ਹੈ। ਰਾਸ਼ਟਰੀ ਅਤੇ ਰਾਜ ਪੱਧਰ ਤੇ ਹੋਣ ਵਾਲੇ ਯੂਥ ਫੈਸਟੀਵਲਾਂ ਅਤੇ ਹੋਰ ਪ੍ਰਤਿਯੋਗਤਾਵਾਂ ਵਿਚ ਸ਼ਬਦ ਗਾਇਨ ਅਤੇ ਧਾਰਮਿਕ ਮੁਕਾਬਲਿਆਂ ਵਿਚ ਵੀ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀ ਮੋਹਰੀ ਰਹਿੰਦੇ ਹਨ।
ਗੁਰਮਤਿ ਸੰਗੀਤ ਵਿਭਾਗ ਵਲੋਂ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਗੁਰਮਤਿ ਸੰਗੀਤ ਨਾਲ ਜੋੜਨ ਲਈ ਹਰ ਵਰ੍ਹੇ ਗੁਰਮਤਿ ਸੰਗੀਤ ਦੇ ਗਾਇਨ, ਤੰਤੀ ਸਾਜ਼ ਵਾਦਨ ਅਤੇ ਤਾਲ ਸਾਜ਼ ਵਾਦਨ ਵਿਚ ਸੀਨੀਅਰ ਅਤੇ ਜੂਨੀਅਰ ਗਰੁੱਪਾਂ ਵਿਚ ਗੁਰਮਤਿ ਸੰਗੀਤ ਪ੍ਰਤਿਯੋਗਤਾ ਆਯੋਜਿਤ ਕੀਤੀ ਜਾਂਦੀ ਹੈ ਜਿਸ ਵਿਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਗੁਰਮਤਿ ਸੰਗੀਤ ਪ੍ਰੇਮੀ ਗੁਰਮਤਿ ਸੰਗੀਤ ਦੀਆਂ ਪ੍ਰਸਤੁਤੀਆਂ ਦਿੰਦੇ ਹਨ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਤੋਂ ਇਲਾਵਾ ਸਰਟੀਫਿਕੇਟਾਂ ਅਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਗੁਰਮਤਿ ਸੰਗੀਤ ਵਿਭਾਗ ਵਲੋਂ ਗੁਰਮਤਿ ਸੰਗੀਤ ਦੀਆਂ ਸਰੋਤ ਪੁਸਤਕਾਂ, ਪਾਠ ਪੁਸਤਕਾਂ ਅਤੇ ਪ੍ਰਮੁੱਖ ਕੀਰਤਨੀਆਂ ਦੇ ਮੋਨੋਗ੍ਰਾਫ ਸਬੰਧੀ ਵੱਖ-ਵੱਖ ਲੇਖਕਾਂ ਤੋਂ ਪੁਸਤਕਾਂ ਲਿਖਵਾਉਣ ਦਾ ਕਾਰਜ ਛੋਹਿਆ ਗਿਆ ਹੈ। ਇਸ ਦਿਸ਼ਾ ਵਿਚ ਹੀ ਚਾਲੂ ਸਾਲ ਦੇ ਅੰਤਰਗਤ ਵਿਭਾਗ ਦੀ ਇਕ ਮਹੱਤਵਪੂਰਨ ਪ੍ਰਾਪਤੀ ‘ਗੁਰਮਤਿ ਸੰਗੀਤ ਸ਼ਬਦਾਵਲੀ’ ਦੀ ਪ੍ਰਕਾਸ਼ਨਾ ਹੈ। ਜਿਸ ਦੀ ਪੂਰੀ ਪ੍ਰਕ੍ਰਿਆ ਗੁਰਮਤਿ ਸੰਗੀਤ ਪਰੰਪਰਾ-103 ਅੰਤਰਗਤ ਪਾਠਕਾਂ ਦੇ ਰੂ-ਬ-ਰੂ ਕੀਤਾ ਜਾ ਚੁੱਕਾ ਹੈ। ਗੁਰਮਤਿ ਸੰਗੀਤ ਦੇ ਖੇਤਰ ਵਿੱਚ ਵਿਭਾਗ ਵਲੋਂ ਇਕੱ ਵਿਲੱਖਣ, ਮੌਲਿਕ ਤੇ ਮੋਹਰੀ ਕਾਰਜ ਕੀਤਾ ਗਿਆ ਹੈ।
ਗੁਰਮਤਿ ਸੰਗੀਤ ਵਿਭਾਗ ਦੇ ਪਹਿਲੇ ਮੁਖੀ ਹੋਣ ਦਾ ਮਾਣ ਲੇਖਕ (ਡਾ. ਗੁਰਨਾਮ ਸਿੰਘ) ਨੂੰ ਹੀ ਪ੍ਰਾਪਤ ਹੈ। ਪ੍ਰਸਿੱਧ ਗੁਰਮਤਿ ਸੰਗੀਤਾਚਾਰੀਆ ਡਾ. ਜਾਗੀਰ ਸਿੰਘ ਵੀ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਵਰਤਮਾਨ ਸਮੇਂ ਵੀ ਆਪ ਵਿਭਾਗ ਨਾਲ ਨਿਰੰਤਰ ਜੁੜੇ ਹੋਏ ਹਨ। ਮੌਜੂਦਾ ਸਮੇਂ ਲੇਖਕ ਹੀ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਿਹਾ ਹੈ। ਵਿਭਾਗ ਦੀ ਫੈਕਲਟੀ ਵਿਚ ਡਾ. ਕੰਵਲਜੀਤ ਸਿੰਘ, ਡਾ. ਵਰਿੰਦਰ ਕੌਰ ਅਤੇ ਸ. ਅਮਨਦੀਪ ਸਿੰਘ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਵਿਸ਼ੇ ਦੇ ਮਾਹਿਰ ਅਧਿਆਪਕ ਵਿਭਾਗ ਵਿਖੇ ਵਿਜ਼ਟਿੰਗ ਫੈਕਲਟੀ ਵਜੋਂ ਅਧਿਆਪਨ ਕਰਵਾ ਰਹੇ ਹਨ।
ਗੁਰਮਤਿ ਸੰਗੀਤ ਵਿਭਾਗ ਵਲੋਂ ਗੁਰਮਤਿ ਸੰਗੀਤ ਕੀਰਤਨ ਰੈਪਟਰੀ ਸਥਾਪਤ ਕਰਨ ਦੀ ਯੋਜਨਾ ਵਿਉਂਤੀ ਜਾ ਰਹੀ ਹੈ ਜਿਸ ਅਧੀਨ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਧਾਰਮਿਕ ਸੰਸਥਾਵਾਂ ਵਿਖੇ ਆਪਣੀ ਪੇਸ਼ਕਾਰੀ ਦੇਣ ਦਾ ਮੌਕਾ ਦਿਤਾ ਜਾਵੇਗਾ ਜਿਸ ਨਾਲ ਵਿਦਿਆਰਥੀਆਂ ਦਾ ਭਵਿੱਖ ਸੁਰਖਿਅਤ ਹੋਣ ਦੇ ਨਾਲ-ਨਾਲ ਗੁਰਮਤਿ ਸੰਗੀਤ ਦਾ ਪ੍ਰਚਾਰ ਅਤੇ ਪ੍ਰਸਾਰ ਦੇ ਉਦੇਸ਼ ਦੀ ਵੀ ਪੂਰਤੀ ਹੋਵੇਗੀ।
ਜਲਦ ਹੀ ਪੰਜਾਬੀ ਯੂਨੀਵਰਸਿਟੀ ਵਲੋਂ ‘ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਕੋਰਸ’ ਕੀਤਾ ਜਾਣਾ ਹੈ ਜਿਸ ਨਾਲ ਵਿਦੇਸ਼ਾਂ ਵਿਚ ਵਸ ਰਹੇ ਗੁਰਮਤਿ ਸੰਗੀਤ ਦੇ ਖੋਜਾਰਥੀਆਂ, ਸਿੱਖਿਆਰਥੀਆਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਪੋਸਟ ਗ੍ਰੈਜੂਏਟ ਪੱਧਰ ਤੱਕ ਦੀ ਗੁਰਮਤਿ ਸੰਗੀਤ ਦੀ ਆਨ ਲਾਈਨ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਇਸ ਤਰ੍ਹਾਂ ਗੁਰਮਤਿ ਸੰਗੀਤ ਵਿਭਾਗ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹੈ।
ਗੁਰਮਤਿ ਸੰਗੀਤ ਵਿਭਾਗ ਵਲੋਂ ਹੋਣ ਵਾਲੀਆਂ ਸਮੂਹ ਗਤੀਵਿਧੀਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਮੇਸ਼ਾ ਅਗਵਾਈ ਤੇ ਪੂਰਨ ਸਹਿਯੋਗ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਗੁਰਮਤਿ ਸੰਗੀਤ ਵਿਭਾਗ ਵਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ, ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਵਿਚ ਸਵਰਗੀ ਬੀਬੀ ਜਸਬੀਰ ਕੌਰ ਖਾਲਸਾ, ਸਿੰਘ ਬੰਧੂ ਸ. ਸੁਰਿੰਦਰ ਸਿੰਘ, ਪ੍ਰੋ. ਕਰਤਾਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ