ਗੁਰਮਤਿ ਸੰਗੀਤ ਦੇ ਰਚਨਾਕਾਰ ਭਾਈ ਅਵਤਾਰ ਸਿੰਘ – ਗੁਰਚਰਨ ਸਿੰਘ

*ਗੁਰਨਾਮ ਸਿੰਘ (ਡਾ.)

ਗੁਰਮਤਿ ਸੰਗੀਤ ਪਰੰਪਰਾ ਵਿਚ ਪ੍ਰਸਿੱਧ ਕੀਰਤਨੀਏ ਭਾਈ ਅਵਤਾਰ ਸਿੰਘ - ਗੁਰਚਰਨ ਸਿੰਘ ਦੇ ਨਾਮ ਵਿਸ਼ੇਸ਼ ਹਨ। ਆਪ ਨੇ ਜਿਥੇ ਗੁਰਮਤਿ ਸੰਗੀਤ ਦੇ ਵਿਹਾਰਕ ਖਿਤੇ ਨੂੰ ਪ੍ਰਫੁੱਲਤ ਕੀਤਾ ਹੈ, ਉਥੇ ਗੁਰਮਤਿ ਸੰਗੀਤ ਦੇ ਸਿਧਾਂਤਕ ਪੱਖ ਨੂੰ ਉਜਾਗਰ ਕਰਨ ਹਿਤ ਵਿਸ਼ੇਸ ਤੇ ਮਹੱਤਵਪੂਰਣ ਯੋਗਦਾਨ ਪਾਇਆ ਹੈ। ਆਪ ਵਲੋਂ ਗੁਰਮਤਿ ਸੰਗੀਤ ਦੇ ਰਚਨਾਕਾਰ ਵਜੋਂ ਕੀਤਾ ਕਾਰਜ ਸ਼ਲਾਘਾਯੋਗ ਹੈ। ਆਪ ਨੂੰ ਆਪਣੇ ਪੂਰਵਜਾਂ ਦੁਆਰਾ ਪੀੜ੍ਹੀ-ਦਰ-ਪੀੜ੍ਹੀ ਪ੍ਰਾਪਤ ਗੁਰਮਤਿ ਸੰਗੀਤ ਦੀਆਂ ਸ਼ਬਦ ਰੀਤਾਂ ਦਾ ਵਿਸ਼ਾਲ ਖ਼ਜਾਨਾ ਪ੍ਰਾਪਤ ਸੀ ਜਿਸ ਨੂੰ ਬਾਅਦ ਵਿਚ ਆਪ ਦੁਆਰਾ ਗੁਰਮਤਿ ਸੰਗੀਤ ਦੀਆਂ ਅਗਲੇਰੀਆਂ ਪੀੜ੍ਹੀਆਂ ਨੂੰ ਸਪੁਰਦ ਕਰਨ ਹਿਤ ਪ੍ਰਕਾਸ਼ਿਤ ਕਰਵਾਇਆ ਗਿਆ। ਵਰ੍ਹਿਆਂ ਬਧੀ ਮਿਹਨਤ ਰਾਹੀਂ ਆਪ ਨੇ ਵਿਰਸੇ ਵਿਚ ਪ੍ਰਾਪਤ ਗੁਰਮਤਿ ਸੰਗੀਤ ਦੇ ਪਰੰਪਰਾਗਤ ਭੰਡਾਰ ਨੂੰ 'ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ' ਦੇ ਅੰਤਰਗਤ ਸੁਰਲਿਪੀ ਬੱਧ ਰੂਪ ਵਿਚ ਗੁਰਮਤਿ ਸੰਗੀਤ ਪ੍ਰੇਮੀਆਂ ਦੀ ਸੇਵਾ ਲਈ ਭੇਂਟ ਕੀਤਾ। 

ਗੁਰਮਤਿ ਸੰਗੀਤ ਰਚਨਾਕਾਰ ਭਾਈ ਅਵਤਾਰ ਸਿੰਘ ਦਾ ਜਨਮ 8 ਜਨਵਰੀ, 1926 ਨੂੰ ਅਤੇ ਭਾਈ ਗੁਰਚਰਨ ਸਿੰਘ ਦਾ ਜਨਮ 1915 ਵਿਚ ਮਾਤਾ ਰਣਜੋਧ ਕੌਰ ਦੀ ਕੁਖੋਂ ਭਾਈ ਜੁਆਲਾ ਸਿੰਘ ਦੇ ਗ੍ਰਹਿ ਪਿੰਡ ਸੈਦਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ। ਆਪ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਵਿਰਸੇ ਵਿਚ ਪ੍ਰਾਪਤ ਹੋਈ। ਆਪ ਦੇ ਪਿਤਾ ਭਾਈ ਜੁਆਲਾ ਸਿੰਘ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਸਨ ਜਿਨ੍ਹਾਂ ਨੇ ਲਗਭਗ ਛੇ ਦਹਾਕੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਗੁਰਬਾਣੀ ਦੀ ਮੁੱਢਲੀ ਸਿੱਖਿਆ ਆਪ ਨੇ ਪਿੰਡ ਦੀ ਧਰਮਸ਼ਾਲਾ ਤੋਂ ਹਾਸਲ ਕੀਤੀ। ਭਾਈ ਗੁਰਚਰਨ ਸਿੰਘ ਨੇ ਜੋੜੀ ਦੀ ਸਿੱਖਿਆ ਉਸਤਾਦ ਬਾਬਾ ਸ਼ਰਧਾ ਸਿੰਘ ਅਤੇ ਭਾਈ ਅਰਜਨ ਸਿੰਘ ਤਰੰਗੜ ਤੋਂ ਪ੍ਰਾਪਤ ਕੀਤੀ। ਭਾਈ ਗੁਰਚਰਨ ਸਿੰਘ ਪੰਥ ਪ੍ਰਸਿੱਧ ਵਿਦਵਾਨ ਰਾਗੀ ਰਹੇ ਹਨ। ਆਪ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ। ਫ਼ਾਰਸੀ ਵਿਦਿਆ ਤੇ ਕਵਿਤਾ ਰਚਨ ਦੀ ਵਿਦਿਆ ਖਾਲਸਾ ਕਾਲਜ ਪੜ੍ਹਦੇ ਸਮੇਂ ਪ੍ਰੋਫੈਸਰ ਮੋਹਨ ਸਿੰਘ ਪਾਸੋਂ ਪ੍ਰਾਪਤ ਕੀਤੀ। ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਹੁਰਾਂ ਨੇ ਸ਼ੁਰੂ-ਸ਼ੁਰੂ ਵਿਚ ਆਪਣੇ ਪਿਤਾ ਨਾਲ ਕੀਰਤਨ ਦੀ ਸੰਗਤ ਕੀਤੀ। 1946 ਤੋਂ ਆਪ ਨੇ ਕੀਰਤਨੀ ਜੱਥੇ ਦੇ ਰੂਪ ਵਿਚ ਸ਼ਬਦ ਕੀਰਤਨ ਦੀ ਸ਼ੁਰੂਆਤ ਕੀਤੀ। ਆਪ ਦਿੱਲੀ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਪਾਵਨ ਸਥਾਨ 'ਤੇ 1954 ਤੋਂ ਨਿਰੰਤਰ ਸੇਵਾ ਕਰਦੇ ਰਹੇ। ਜਿਥੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਹਿਤ ਆਪ ਨੇ ਦੇਸ਼ਾਂ ਵਿਦੇਸ਼ਾਂ ਦੇ ਕਈ ਦੌਰੇ ਕੀਤੇ, ਉਥੇ ਇਸ ਦੀ ਸਿਧਾਂਕਤਾ ਲਈ ਸ਼ਬਦ ਕੀਰਤਨ ਰਚਨਾਵਾਂ ਦਾ ਵਿਸ਼ਾਲ ਸੰਗ੍ਰਹਿ ਵੀ ਤਿਆਰ ਕੀਤਾ। ਆਪ ਦੀ ਪੁਸਤਕ 'ਗੁਰਬਾਣੀ ਪ੍ਰਾਚੀਨ ਰੀਤ ਰਤਨਾਵਲੀ' 1979 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤੀ ਗਈ। ਪੁਸਤਕ ਦੇ ਹਵਾਲੇ ਨਾਲ ਆਪ ਨੇ ਇਸ ਪੁਸਤਕ ਵਿਚ ਆਪਣੇ ਤਿੰਨ ਘਰਾਣਿਆਂ ਦੀਆਂ ਅਨਮੋਲ ਸ਼ਬਦ ਕੀਰਤਨ ਰਚਨਾਵਾਂ ਜੋ ਕਿ ਪੀੜ੍ਹੀ-ਦਰ-ਪੀੜ੍ਹੀ ਸਫ਼ਰ ਕਰ ਆਪ ਕੋਲ ਪਹੁੰਚੀਆਂ ਸਨ, ਦਰਜ ਕੀਤੀਆਂ ਹਨ। 

ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਹੁਰਾਂ ਦੀ ਪੁਸਤਕ ‘ਗੁਰਬਾਣੀ ਪ੍ਰਾਚੀਨ ਰੀਤ ਰਤਨਾਵਲੀ’ ਦੋ ਭਾਗਾਂ ਵਿਚ ਉਪਲਬੱਧ ਹੈ। ਇਸ ਪੁਸਤਕ ਵਿਚ 492 ਪ੍ਰਾਚੀਨ ਸ਼ਬਦ ਕੀਰਤਨ ਰਚਨਾਵਾਂ ਸੁਰਲਿਪੀ ਬੱਧ ਹਨ ਜੋ ਆਪ ਦੇ ਇਕ ਸਫ਼ਲ ਤੇ ਮਹਾਨ ਰਚਨਾਕਾਰ ਹੋਣ ਦਾ ਪ੍ਰਤੱਖ ਪ੍ਰਮਾਣ ਹਨ। ਪੁਸਤਕ ਦੇ ਹਵਾਲੇ ਨਾਲ ਆਪ ਨੇ ਇਸ ਦੀ ਰਚਨਾ ਦਾ ਮਨੋਰਥ ਗੁਰੂ ਦਰਬਾਰ ਵਿਚ ਪੁਰਾਤਨ ਰਾਗੀਆਂ ਤੇ ਰਬਾਬੀਆਂ ਦੁਆਰਾ ਗਾਈਆਂ ਜਾਣ ਵਾਲੀਆਂ ਸ਼ਬਦ ਰੀਤਾਂ ਨੂੰ ਗੁਰਮਤਿ ਸੰਗੀਤ ਦੇ ਭਵਿੱਖ ਹਿਤ ਸੁਰੱਖਿਅਤ ਕਰਨਾ ਹੈ। ਇਸ ਪੁਸਤਕ ਨੂੰ ਲਿਖਣ ਦੇ ਪ੍ਰੇਰਨਾ ਸਰੋਤ ਗਿਆਨੀ ਹਰਦਿਤ ਸਿੰਘ ਤੇ ਸ. ਗਿਆਨ ਸਿੰਘ ਐਬਟਾਬਾਦ ਬਣੇ। ‘ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ’ ਦੇ ਪਹਿਲੇ ਭਾਗ ਵਿਚ 252 ਸ਼ਬਦ ਕੀਰਤਨ ਰਚਨਾਵਾਂ 38 ਰਾਗਾਂ ਤੇ ਰਾਗ ਪ੍ਰਕਾਰਾਂ ਵਿਚ ਸੁਰਲਿਪੀ ਬੱਧ ਰੂਪ ਵਿਚ ਪ੍ਰਾਪਤ ਹੁੰਦੀਆਂ ਹਨ। ਇਸ ਦੇ ਦੂਸਰੇ ਭਾਗ ਵਿਚ 220 ਸ਼ਬਦ ਕੀਰਤਨ ਰਚਨਾਵਾਂ 61 ਰਾਗਾਂ ਤੇ ਰਾਗ ਪ੍ਰਕਾਰਾਂ ਵਿਚ ਸੁਰਲਿਪੀ ਬੱਧ ਹਨ। ਇਸ ਤੋਂ ਇਲਾਵਾ ਦੂਸਰੇ ਭਾਗ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵੱਖ-ਵੱਖ ਵਾਰਾਂ ਦੀਆਂ ਲਗਭਗ 19 ਪਉੜੀਆਂ ਤੇ ਧੁਨੀਆਂ ਦੀਆਂ ਸ਼ਬਦ ਕੀਰਤਨ ਰਚਨਾਵਾਂ ਵੀ ਅੰਕਿਤ ਹਨ। ਪੁਸਤਕ ਦੇ ਅੰਤਿਮ ਚਰਨ ਵਿਚ ਰਾਗ ਸੂਹੀ ਦੇ ਅੰਤਰਗਤ ਲਾਵਾਂ ਦੀ ਸੁਰਲਿਪੀ ਦਰਜ ਕੀਤੀ ਗਈ ਹੈ। ਪੁਸਤਕ ਵਿਚ ਦਰਜ ਸ਼ਬਦ ਕੀਰਤਨ ਰਚਨਾਵਾਂ ਨੂੰ ਧਰੁਪਦ, ਧਮਾਰ, ਖਿਆਲ, ਪੜਤਾਲ ਆਦਿ ਗਾਇਨ ਸ਼ੈਲੀਆਂ ਅਧੀਨ ਸੁਰਲਿਪੀ ਬੱਧ ਕੀਤਾ ਗਿਆ ਹੈ। ਬਹੁ ਗਿਣਤੀ ਸ਼ਬਦ ਕੀਰਤਨ ਰਚਨਾਵਾਂ ਧਰੁਪਦ ਅੰਗ ਤੋਂ ਸਥਾਈ, ਅੰਤਰਾ, ਸੰਚਾਰੀ, ਆਭੋਗ ਦੇ ਅੰਤਰਗਤ ਸੁਰਲਿਪੀ ਬੱਧ ਹਨ। ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਹਿਤ ਆਪ ਦੁਆਰਾ ਦਾਦਰਾ, ਰੂਪਕ, ਤਿੰਨ ਤਾਲ, ਛੋਟੀ ਤਿੰਨ ਤਾਲ, ਚਾਰ ਤਾਲ, ਆੜ੍ਹਾ ਚਾਰ ਤਾਲ, ਇਕ ਤਾਲ, ਝਪਤਾਲ, ਖਟਤਾਲ, ਸਿਖਰ ਤਾਲ, ਧਮਾਰ, ਸੂਲਫਾਕਤਾ, ਪੰਜ ਤਾਲ ਦੀ ਸਵਾਰੀ, ਅਸ਼ਟ ਤਾਲ, ਚੰਚਲ ਤਾਲ, ਜੈ ਤਾਲ, ਤਲਵਾੜਾ ਆਦਿ ਤਾਲਾਂ ਦਾ ਪ੍ਰਯੋਗ ਕੀਤਾ ਗਿਆ ਹੈ। ਆਪ ਦੁਆਰਾ ਰਚਿਤ ਸ਼ਬਦ ਕੀਰਤਨ ਰਚਨਾਵਾਂ ਦੇ ਵਿਸ਼ੇ ਸਰੋਤਾਂ ਵਿਚ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਦੀਆਂ ਵਾਰਾਂ ਦੀਆਂ ਰਚਨਾਵਾਂ ਆਦਿ ਸ਼ਾਮਲ ਹਨ। ਸੰਤਾਂ, ਭਗਤਾਂ ਵਿਚੋਂ ਭਗਤ ਕਬੀਰ, ਰਵਿਦਾਸ, ਨਾਮਦੇਵ, ਤ੍ਰਿਲੋਚਨ, ਭੀਖਣ, ਧੰਨਾ ਅਤੇ ਸ਼ੇਖ ਫਰੀਦ ਜੀ ਦੀਆਂ ਬਾਣੀ ਰਚਨਾਵਾਂ ਨੂੰ ਸੁਰਲਿਪੀ ਬੱਧ ਕੀਤਾ ਗਿਆ ਹੈ।

ਰਚਨਾਕਾਰ ਰਾਗੀ ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਦੁਆਰਾ ਸ਼ਬਦ ਕੀਰਤਨ ਰਚਨਾਵਾਂ ਹਿਤ ਭਾਤਖੰਡੇ ਸੁਰਲਿਪੀ ਨੂੰ ਪ੍ਰਯੋਗ ਕੀਤਾ ਗਿਆ ਹੈ। ਆਪ ਦੁਆਰਾ ਪ੍ਰਕਾਸ਼ਿਤ ਪੁਸਤਕ ਵਿਚ ਗੁਰਮਤਿ ਸੰਗੀਤ ਦੀ ਮੂਲ ਪਰੰਪਰਾ ਕਾਇਮ ਹੈ। ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀਆਂ ਪੁਰਾਤਨ ਰੀਤਾਂ ਸਬੰਧੀ ਇਹ ਆਪਣੀ ਕਿਸਮ ਦੀ ਪਹਿਲੀ ਰਚਨਾ ਹੈ। ਸ਼ਬਦ ਦੇ ਸਥਾਈ ਤੇ ਅੰਤਰਾ ਪਰੰਪਰਾਗਤ ਸ਼ੈਲੀ ਵਿਚ ਨਿਬੱਧ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕੀਤੀਆਂ ਗਈਆਂ ਵਾਰਾਂ ਦੀਆਂ ਧੁਨੀਆਂ ਵੀ ਇਨ੍ਹਾਂ ਕੀਰਤਨ ਰਚਨਾਵਾਂ ਦਾ ਅਹਿਮ ਹਿੱਸਾ ਬਣ ਦ੍ਰਿਸ਼ਟੀਗੋਚਰ ਹੁੰਦੀਆਂ ਹਨ।

ਗੁਰਮਤਿ ਸੰਗੀਤ ਦੇ ਖੇਤਰ ਵਿਚ ਕੀਤੇ ਸਿਧਾਂਤਕ ਤੇ ਵਿਹਾਰਕ ਕਾਰਜ ਸਦਕਾ ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਹੁਰਾਂ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਆਪ ਨੇ ਦੇਸ਼ ਵਿਦੇਸ਼ ਦੇ ਗੁਰਮਤਿ ਸੰਗੀਤ ਸੰਮੇਲਨਾਂ, ਕੀਰਤਨ ਦਰਬਾਰਾਂ ਵਿਚ ਆਪਣੀ ਸ਼ਮੂਲੀਅਤ ਦੁਆਰਾ ਵਿਸ਼ੇਸ ਨਾਮਣਾ ਖੱਟਿਆ ਹੈ। ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਦੁਆਰਾ ਆਪ ਦੀ 38 ਘੰਟਿਆਂ ਦੀ ਕੀਰਤਨ ਰਿਕਾਰਡਿੰਗ ਰਿਲੀਜ਼ ਕੀਤੀ ਗਈ ਹੈ। ਦੇਸ਼ ਵਿਦੇਸ਼ ਦੀਆਂ ਅਨੇਕ ਸੰਸਥਾਵਾਂ ਨੇ ਆਪ ਨੂੰ ਵਿਸ਼ੇਸ ਸਨਮਾਨਾਂ ਅਤੇ ਐਵਾਰਡਾਂ ਨਾਲ ਪੁਰਸਕਾਰਿਤ ਕੀਤਾ ਹੈ ਜਿਨ੍ਹਾਂ ਵਿਚੋਂ 1980 ਵਿਚ ਪੰਜਾਬੀ ਸਾਹਿਤ ਸਮਿਖਿਆ ਬੋਰਡ, ਜਲੰਧਰ ਦੁਆਰਾ ‘ਕੀਰਤਨ ਖੋਜ ਪੁਰਸਕਾਰ’; 1982 ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੁਆਰਾ ‘ਪ੍ਰਮੁੱਖ ਰਾਗੀ ਐਵਾਰਡ’; 1983 ਵਿਚ ਇੰਡੀਅਨ ਕੌਂਸਿਲ ਆਫ਼ ਸਿੱਖ ਅਫ਼ੇਅਰਜ਼ ਦੁਆਰਾ ‘ਗੁਰਮਤਿ ਸੰਗੀਤ ਸਨਮਾਨ’, 1984 ਵਿਚ ਪੰਜਾਬ ਸਰਕਾਰ ਦੁਆਰਾ ‘ਪਹਿਲਾ ਸ਼੍ਰੋਮਣੀ ਰਾਗੀ ਪੁਰਸਕਾਰ’; 1992 ਵਿਚ ਵਿਸਮਾਦ ਨਾਮ ਦੁਆਰਾ ‘ਪੁਰਾਤਨ ਕੀਰਤਨੀਆ ਐਵਾਰਡ’ ਅਤੇ 2004 ਵਿਚ ਪੰਜਾਬੀ ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੁਆਰਾ ‘ਸੰਗੀਤ ਪੁਰਸਕਾਰ’ ਵਿਸ਼ੇਸ਼ ਹਨ।

ਪੰਜਾਬੀ ਯੂਨੀਵਰਸਿਟੀ ਵਲੋਂ ਜਿਥੇ ਪ੍ਰਾਚੀਨ ਕੀਰਤਨ ਪ੍ਰਣਾਲੀ ਨਾਲ ਸਬੰਧਿਤ ਪੁਸਤਕ ‘ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ’ ਪ੍ਰਕਾਸ਼ਿਤ ਕੀਤੀ ਗਈ, ਉਥੇ 2005-06 ਵਿਚ ਪਹਿਲਾਂ ਭਾਈ ਅਵਤਾਰ ਸਿੰਘ ਨੂੰ ਅਤੇ ਫਿਰ 2008-09 ਵਿਚ ਭਾਈ ਗੁਰਚਰਨ ਸਿੰਘ ਨੂੰ ਗੁਰਮਤਿ ਸੰਗੀਤ ਚੇਅਰ ਵਲੋਂ ਸੀਨੀਅਰ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਗਈ ਅਤੇ ਇਸੇ ਪਰਿਵਾਰ ਦੇ ਵਿੱਤੀ ਸਹਿਯੋਗ ਨਾਲ ਭਾਈ ਜੁਆਲਾ ਸਿੰਘ ਦੀ ਯਾਦ ਵਿਚ ਆਡੀਟੋਰੀਅਮ (ਉਸਾਰੀ ਅਧੀਨ) ਤੋਂ ਇਲਾਵਾ ਸਿਮ੍ਰਤੀ ਸਮਾਰੋਹ ਵੀ ਕੀਤਾ ਜਾਂਦਾ ਹੈ। ਦੇਸ਼ ਵਿਦੇਸ਼ ਵਿਚ ਬੈਠੇ ਗੁਰਮਤਿ ਸੰਗੀਤ ਖੋਜਾਰਥੀਆਂ, ਵਿਦਿਆਰਥੀਆਂ ਅਤੇ ਪਾਠਕਾਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਵਲੋਂ ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਹੁਰਾਂ ਦੀਆਂ ਗੁਰਮਤਿ ਸੰਗੀਤ ਦੀ ਉਕਤ ਪ੍ਰਕਾਸ਼ਿਤ ਪੁਸਤਕ ਡਿਜ਼ੀਟਾਈਜ਼ਡ ਕਰਨ ਉਪਰੰਤ ਵੈਬਸਾਈਟ www.gurmatsangeetlibrary.wordpress.com ‘ਤੇ ਅਪਲੋਡ ਕੀਤੀ ਗਈ ਹੈ।

ਗੁਰਮਤਿ ਸੰਗੀਤ ਦੇ ਰਚਨਾਕਾਰ ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਦੁਆਰਾ ਕੀਤਾ ਕਾਰਜ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ, ਸਿੱਖਿਆਰਥੀਆਂ, ਅਧਿਆਪਕਾਂ, ਰਾਗੀਆਂ ਅਤੇ ਕੀਰਤਨਕਾਰਾਂ ਲਈ ਬਹੁਣ ਵਡਮੁੱਲਾ ਖਜ਼ਾਨਾ ਹੈ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *