ਗੁਰਮਤਿ ਸੰਗੀਤ ਦੇ ਰਚਨਾਕਾਰ ਪ੍ਰਿੰਸੀਪਲ ਦਿਆਲ ਸਿੰਘ

*ਡਾ. ਗੁਰਨਾਮ ਸਿੰਘ

ਗੁਰਮਤਿ ਸੰਗੀਤ ਪਰੰਪਰਾ ਵਿਚ ਪ੍ਰਿੰਸੀਪਲ ਦਿਆਲ ਸਿੰਘ ਦਾ ਨਾਮ ਸ਼ਬਦ ਕੀਰਤਨ ਰਚਨਾਕਾਰ ਵਜੋਂ ਵਿਸ਼ੇਸ਼ ਹੈ। ਆਪ ਵੀਹਵੀਂ ਸਦੀ ਦੇ ਪ੍ਰਮੁੱਖ ਗੁਰਮਤਿ ਸੰਗੀਤਾਚਾਰੀਆ, ਸੁਰਲਿਪੀਕਾਰ ਅਤੇ ਪ੍ਰਸਿੱਧ ਕੀਰਤਨੀਏ ਹੋਏ ਹਨ। ਆਪ ਨੇ ਸ. ਗਿਆਨ ਸਿੰਘ ਐਬਟਾਬਾਦ ਨਾਲ ਮਿਲਕੇ ਗੁਰੂ ਕਾਲ ਤੋਂ ਸੀਨਾ-ਬ-ਸੀਨਾ ਰਾਗੀਆਂ ਤੇ ਰਬਾਬੀਆਂ ਦੀਆਂ ਸ਼ਬਦ ਕੀਰਤਨ ਰਚਨਾਵਾਂ ਨੂੰ ਸੁਰਲਿਪੀਬੱਧ ਕਰਨ ਦਾ ਇਕ ਮਹਤੱਵਪੂਰਣ ਕਾਰਜ ਕੀਤਾ। ਇਸ ਤੋਂ ਇਲਾਵਾ ਆਪ ਨੇ ਨਿਜੀ ਤੌਰ ਤੇ ਵੀ ਮੌਲਿਕ ਸ਼ਬਦ ਕੀਰਤਨ ਰਚਨਾਵਾਂ ਨੂੰ ਸੰਗ੍ਰਹਿਤ ਕੀਤਾ। ਆਪ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਪੁਰਾਤਨ ਅਤੇ ਪ੍ਰਸਿੱਧ ਸੁਰਲਿਪੀਕਾਰ ਵਜੋਂ ਜਾਣਿਆ ਜਾਂਦਾ ਹੈ। 

ਪ੍ਰਿੰ. ਦਿਆਲ ਸਿੰਘ ਦਾ ਜਨਮ ਸ. ਉਜਾਗਰ ਸਿੰਘ ਦੇ ਗ੍ਰਹਿ ਮਾਤਾ ਬਚਨ ਕੌਰ ਦੇ ਕੁਖੋਂ ਪਿੰਡ ਬਡਲਾਂ ਸਿੰਘਾਂ ਜਿਲ੍ਹਾ ਮੇਰਠ (ਉਤਰ ਪ੍ਰਦੇਸ਼) ਵਿਖੇ ਹੋਇਆ। ਆਪ ਨੇ ਸਕੂਲੀ ਵਿਦਿਆ ਪੰਜਵੀਂ ਜਮਾਤ ਤੱਕ ਆਪਣੇ ਪਿੰਡ ਵਿਖੇ ਹੀ ਪ੍ਰਾਪਤ ਕੀਤੀ। ਗੁਰਮਤਿ ਸੰਗੀਤ ਦੀ ਸਿਖਿਆ ਪ੍ਰਾਪਤ ਕਰਨ ਹਿਤ ਆਪ ਨੇ 1946 ਵਿਚ ਗੁਰਮਤਿ ਸੰਗੀਤ ਵਿਦਿਆਲਾ, ਗੁਰਦੁਆਰਾ ਸ੍ਰੀ ਰਕਾਬਗੰਜ, ਦਿੱਲੀ ਵਿਖੇ ਦਾਖਲਾ ਲਿਆ। ਗੁਰਮਤਿ ਸੰਗੀਤ ਦੀ ਮੁੱਢਲੀ ਤੇ ਅਕਾਦਮਿਕ ਸਿਖਿਆ ਆਪ ਨੇ ਤਰਨਤਾਰਨ ਟਕਸਾਲ ਦੇ ਸੰਗੀਤਾਚਾਰੀਆ ਪੰਡਤ ਨੱਥੂ ਰਾਮ ਦੇ ਸ਼ਿਸ ਗਿਆਨੀ ਹਰਦਿਤ ਸਿੰਘ ਪਾਸੋਂ ਪ੍ਰਾਪਤ ਕੀਤੀ ਜੋ ਉਚ ਕੋਟੀ ਦੇ ਕੀਰਤਨੀਏ ਤੇ ਪ੍ਰਚਾਰਕ ਹੋਣ ਦੇ ਨਾਲ-ਨਾਲ ਗੁਰਮਤਿ ਵਿਦਿਆਲਿਆ, ਦਿੱਲੀ ਦੇ ਮੁਖੀ ਵੀ ਰਹੇ। ਪ੍ਰਿੰ. ਸਾਹਿਬ ਨੇ ਗੁਰਮਤਿ ਸੰਗੀਤ ਦੇ ਗਾਇਨ, ਵਾਦਨ ਦੇ ਨਾਲ-ਨਾਲ ਸ਼ਾਸਤਰੀ ਸੰਗੀਤ ਦੀ ਸਿਖਿਆ ਵੀ ਪ੍ਰਾਪਤ ਕੀਤੀ। ਵਿਦਿਆਲੇ ਵਿਚ ਰਹਿੰਦੇ ਹੀ ਆਪ ਨੇ ਗੁਰਮਤਿ ਸੰਗੀਤ ਦੇ ਤੰਤੀ ਸਾਜ਼ ਸਾਰੰਦਾ ਅਤੇ ਦਿਲਰੁਬਾ ਦੀ ਸਿਖਿਆ ਵੀ ਗ੍ਰਹਿਣ ਕੀਤੀ। ਆਪ 1952 ਵਿਚ ਬਾਬਾ ਮੋਹਨ ਸਿੰਘ ਅਲੀ ਬੇਗ ਵਾਲਿਆਂ ਨਾਲ ਕਾਨਪੁਰ ਵਿਖੇ ਸੰਗੀਤ ਦੀ ਸੰਗਤ ਕਰਦੇ ਰਹੇ। ਉਪਰਾਂਤ ਆਪ ਪੰਥ ਪ੍ਰਸਿੱਧ ਭਾਈ ਸਮੁੰਦ ਸਿੰਘ ਦੇ ਜੱਥੇ ਨਾਲ ਦਿਲਰੁਬਾ ਦੀ ਸੰਗਤ ਹਿਤ ਜੁੜੇ ਰਹੇ। 1959 ਤੋਂ 1964 ਤੱਕ ਆਪ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਜ਼ੂਰੀ ਰਾਗੀਆਂ ਨਾਲ ਦਿਲਰੁਬਾ ਦੀ ਸੰਗਤ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਉਪਰਾਂਤ ਆਪ ਨੇ ਸ. ਗਿਆਨ ਸਿੰਘ ਐਬਟਾਬਾਦ ਵਲੋਂ ਲਿਖੀ ਜਾ ਰਹੀ ਪੁਸਤਕ 'ਗੁਰਬਾਣੀ ਸੰਗੀਤ' ਵਿਚ ਸੁਰਲਿਪੀ ਕਾਰਜ ਕਰਨ ਹਿਤ ਵਡਮੁੱਲਾ ਯੋਗਦਾਨ ਪਾਇਆ। 1967 ਵਿਚ ਗੁਰਮਤਿ ਵਿਦਿਆਲਿਆ, ਗੁਰਦੁਆਰਾ ਰਕਾਬਗੰਜ ਸਾਹਿਬ, ਦਿੱਲੀ ਦੇ ਮੁੱਖੀ ਗਿਆਨੀ ਹਰਦਿਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਆਪ ਨੂੰ ਬਤੌਰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। 

ਪ੍ਰਿੰ. ਦਿਆਲ ਸਿੰਘ ਵਲੋਂ ਰਚਨਾਕਾਰ ਦੇ ਤੌਰ 'ਤੇ ਕੀਤਾ ਕਾਰਜ ਸ਼ਲਾਘਾਯੋਗ ਹੈ। ਆਪ ਵਲੋਂ ਰਚਿਤ ਪ੍ਰਥਮ ਪੁਸਤਕ 'ਗੁਰਮਤਿ ਸੰਗੀਤ ਸਾਗਰ (ਆਸਾ ਦੀ ਵਾਰ ਤੇ ਸ਼ਬਦ)' 1983 ਵਿਚ ਪ੍ਰਕਾਸ਼ਿਤ ਹੋਈ। ਇਸ ਤੋਂ ਬਾਅਦ 'ਗੁਰਮਤਿ ਸੰਗੀਤ ਸਾਗਰ' ਚਾਰ ਭਾਗਾਂ ਵਿਚ ਪ੍ਰਕਾਸ਼ਿਤ ਹੋਈ। ਇਨ੍ਹਾਂ ਪੁਸਤਕਾਂ ਵਿਚ ਆਪ ਨੇ ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੇ ਅਹਿਮ ਪੱਖਾਂ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਆਪ ਦੀ ਪਹਿਲੀ ਪੁਸਤਕ ਵਿਚ ਗੁਰਮਤਿ ਸੰਗੀਤ ਪਰੰਪਰਾ ਦੀ ਪਰੰਪਰਾਗਤ ਕੀਰਤਨ ਚੌਕੀ ਆਸਾ ਦੀ ਵਾਰ ਸੁਰਲਿਪੀ ਬੱਧ ਕੀਤੀ ਗਈ ਹੈ ਜਿਸ ਵਿਚ ਧਰੁਪਦ ਅਤੇ ਖਿਆਲ ਅੰਗ ਤੋਂ ਸ਼ਬਦ ਕੀਰਤਨ ਰਚਨਾਵਾਂ ਵੀ ਸ਼ਾਮਲ ਕੀਤੀਆਂ ਹਨ। ਪੁਸਤਕਾਂ ਦੇ ਹਵਾਲੇ ਨਾਲ ਆਪ ਨੇ ਆਪਣੀਆਂ ਸ਼ਬਦ ਕੀਰਤਨ ਰਚਨਾਵਾਂ ਵਿਚ ਨਵੀਨ ਤੇ ਮੌਲਿਕ ਸ਼ਬਦ ਰੀਤਾਂ ਤੋਂ ਇਲਾਵਾ ਸੀਨਾ-ਬ-ਸੀਨਾ ਚਲੀਆਂ ਆ ਰਹੀਆਂ ਪੁਰਾਤਨ ਸ਼ਬਦ ਕੀਰਤਨ ਰਚਨਾਵਾਂ ਨੂੰ ਵੀ ਸੁਰਲਿਪੀ ਬੱਧ ਕਰ ਸੁਲਝੀ ਹੋਈ ਤਰਤੀਬ ਅਨੁਸਾਰ ਪੇਸ਼ ਕੀਤਾ ਹੈ ਜਿਸ ਵਿਚ ਹਰ ਇਕ ਰਾਗ ਦਾ ਸ਼ਾਸਤਰ ਪੱਖੋਂ ਵਿਗਿਆਨਕ ਵਰਣਨ ਕਰਕੇ ਉਸ ਸਬੰਧੀ ਖੋਜ ਭਰਪੂਰ ਲੇਖ, ਸੁਰ ਵਿਸਤਾਰ, ਅਲਾਪ, ਤਾਨ ਤੇ ਤਬਲੇ ਦੀਆਂ ਤਾਲਾਂ ਦਾ ਵੇਰਵਾ ਵੀ ਦਰਜ ਕੀਤਾ ਗਿਆ ਹੈ। ਆਪ ਦੁਆਰਾ ਰਚਿਤ ਸ਼ਬਦ ਕੀਰਤਨ ਰਚਨਾਵਾਂ ਵਿਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਪ੍ਰਯੋਗ ਕੀਤਾ ਗਿਆ ਹੈ, ਉਥੇ ਆਪ ਨੇ ਉੱਤਰੀ ਅਤੇ ਦੱਖਣੀ ਸੰਗੀਤ ਪੱਧਤੀਆਂ ਵਿਚ ਪ੍ਰਚਲਿਤ ਤੇ ਅਪ੍ਰਚਲਿਤ ਰਾਗਾਂ ਨੂੰ ਵੀ ਪ੍ਰਯੋਗ ਵਿਚ ਲਿਆਉਂਦਾ ਹੈ। 
ਪ੍ਰਿੰ. ਦਿਆਲ ਸਿੰਘ ਦੁਆਰਾ ਸ਼ਬਦ ਕੀਰਤਨ ਰਚਨਾਵਾਂ ਦੇ ਖੇਤਰ ਵਿਚ ਵਿਸ਼ਾਲ ਕਾਰਜ ਕੀਤਾ ਗਿਆ। ਆਪ ਦੁਆਰਾ ਰਚਿਤ ਪੁਸਤਕ 'ਗੁਰਮਤਿ ਸੰਗੀਤ ਸਾਗਰ (ਆਸਾ ਦੀ ਵਾਰ ਤੇ ਸ਼ਬਦ)' ਇਸ ਖੇਤਰ ਵਿਚ ਆਪ ਦੀ ਪ੍ਰਥਮ ਪੁਸਤਕ ਹੈ। ਇਸ ਨੂੰ ਗੁਰੂ ਨਾਨਕ ਵਿਦਿਆ ਭੰਡਾਰ ਟਰੱਸਟ, ਨਵੀਂ ਦਿੱਲੀ ਵਲੋਂ 1983 ਵਿਚ ਪ੍ਰਕਾਸ਼ਿਤ ਕਰਵਾਇਆ ਗਿਆ। ਇਸ ਪੁਸਤਕ ਵਿਚ ਸੰਪੂਰਣ ਆਸਾ ਦੀ ਵਾਰ, ਛੰਤ, ਸ਼ਲੋਕ, ਪਉੜੀਆਂ ਅਤੇ ਸ਼ਬਦਾਂ ਨੂੰ 9 ਵੱਖ-ਵੱਖ ਤਾਲਾਂ ਵਿਚ ਸੁਰਲਿਪੀ ਬੱਧ ਕੀਤਾ ਗਿਆ ਹੈ। ਆਪ ਦੀ ਦੂਸਰੀ ਪੁਸਤਕ 'ਗੁਰਮਤਿ ਸੰਗੀਤ ਸਾਗਰ' ਵਿਸ਼ੇਸ਼ ਹੈ ਜੋ ਕਿ ਚਾਰ ਭਾਗਾਂ ਵਿਚ ਉਪਲਬੱਧ ਹੁੰਦੀ ਹੈ। 'ਗੁਰਮਤਿ ਸੰਗੀਤ ਸਾਗਰ' ਦਾ ਪਹਿਲਾ ਭਾਗ ਸੰਨ 1988 ਵਿਚ ਪ੍ਰਕਾਸ਼ਿਤ ਹੋਇਆ। ਇਸ ਪੁਸਤਕ ਵਿਚ ਦਰਜ 247 ਸ਼ਬਦ ਕੀਰਤਨ ਰਚਨਾਵਾਂ ਨੂੰ ਵੱਖ-ਵੱਖ 17 ਰਾਗਾਂ ਤੇ ਰਾਗ ਪ੍ਰਕਾਰਾਂ ਅਤੇ 18 ਤਾਲਾਂ ਵਿਚ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਪੁਸਤਕ ਵਿਚ ਧਰੁਪਦ ਅੰਗ ਤੋਂ 14, ਧਮਾਰ ਅੰਗ ਤੋਂ 6 ਅਤੇ ਪੜਤਾਲ ਗਾਇਨ ਸ਼ੈਲੀ ਅਧੀਨ 23 ਸ਼ਬਦ ਕੀਰਤਨ ਰਚਨਾਵਾਂ ਪ੍ਰਾਪਤ ਹੁੰਦੀਆਂ ਹਨ। ਆਪ ਦੁਆਰਾ ਰਚਿਤ ਪੁਸਤਕ 'ਗੁਰਮਤਿ ਸੰਗੀਤ ਸਾਗਰ' ਦਾ ਦੂਸਰਾ ਭਾਗ 1991 ਵਿਚ ਪ੍ਰਕਾਸ਼ਿਤ ਹੋਇਆ। ਇਸ ਪੁਸਤਕ ਵਿਚ ਆਪ ਦੁਆਰਾ 250 ਸ਼ਬਦ ਕੀਰਤਨ ਰਚਨਾਵਾਂ ਨੂੰ ਵੱਖ-ਵੱਖ 21 ਰਾਗਾਂ ਤੇ ਰਾਗ ਪ੍ਰਕਾਰਾਂ ਅਤੇ 19 ਤਾਲਾਂ ਵਿਚ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਪੁਸਤਕ ਵਿਚ ਧਰੁਪਦ ਅੰਗ ਤੋਂ 7, ਧਮਾਰ ਅੰਗ ਤੋਂ 6 ਅਤੇ ਪੜਤਾਲ ਗਾਇਨ ਸ਼ੈਲੀ ਦੇ ਅੰਤਰਗਤ 12 ਸ਼ਬਦ ਕੀਰਤਨ ਰਚਨਾਵਾਂ ਨੂੰ ਸੁਰਲਿਪੀ ਬੱਧ ਕੀਤਾ ਗਿਆ ਹੈ। 'ਗੁਰਮਤਿ ਸੰਗੀਤ ਸਾਗਰ' ਪੁਸਤਕ ਦਾ ਤੀਸਰਾ ਭਾਗ 1993 ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਆਪ ਵਲੋਂ 357 ਸ਼ਬਦ ਕੀਰਤਨ ਰਚਨਾਵਾਂ ਨੂੰ ਵੱਖ-ਵੱਖ 35 ਰਾਗਾਂ ਤੇ ਰਾਗ ਪ੍ਰਕਾਰਾਂ ਤੇ 19 ਤਾਲਾਂ ਵਿਚ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਵਿਚ ਧਰੁਪਦ ਅੰਗ ਅਤੇ ਧਮਾਰ ਅੰਗ ਤੋਂ 4 ਅਤੇ ਪੜਤਾਲ ਗਾਇਨ ਸ਼ੈਲੀ ਅਧੀਨ 11 ਸ਼ਬਦ ਕੀਰਤਨ ਰਚਨਾਵਾਂ ਨੂੰ ਸੁਰਲਿਪੀ ਬੱਧ ਰੂਪ ਵਿਚ ਦਰਜ ਕੀਤਾ ਗਿਆ ਹੈ। ਇਸ ਪੁਸਤਕ ਵਿਚ ਜੈਜਾਵੰਤੀ ਰਾਗ ਵਿਚ ਗੁਲਦਸਤਾ ਸ਼ੈਲੀ ਅਧੀਨ ਸ਼ਬਦ ਕੀਰਤਨ ਰਚਨਾ ਵੀ ਦਰਜ ਕੀਤੀ ਗਈ ਹੈ। ਲੋਕ ਗਾਇਨ ਸ਼ੈਲੀ ਅਲਾਹੁਣੀ ਨੂੰ ਸੁਰਲਿਪੀ ਬੱਧ ਕਰਕੇ ਇਸ ਪੁਸਤਕ ਦਾ ਹਿੱਸਾ ਬਣਾਇਆ ਗਿਆ ਹੈ। ਪੁਸਤਕ 'ਗੁਰਮਤਿ ਸੰਗੀਤ ਸਾਗਰ' ਦਾ ਅੰਤਿਮ ਤੇ ਚੌਥੇ ਭਾਗ 1996 ਵਿਚ ਪ੍ਰਕਾਸ਼ਿਤ ਹੋਇਆ। ਇਸ ਪੁਸਤਕ ਵਿਚ 290 ਸ਼ਬਦ ਕੀਰਤਨ ਰਚਨਾਵਾਂ ਨੂੰ 40 ਵੱਖ-ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿਚ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਵਿਚ ਧਰੁਪਦ ਅੰਗ ਤੋਂ 12, ਧਮਾਰ ਅੰਗ ਤੋਂ 1 ਅਤੇ ਪੜਤਾਲ ਗਾਇਨ ਸ਼ੈਲੀ ਅਧੀਨ 14 ਸ਼ਬਦ ਕੀਰਤਨ ਰਚਨਾਵਾਂ ਦਰਜ ਕੀਤੀਆਂ ਗਈਆਂ ਹਨ। 'ਗੁਰਮਤਿ ਸੰਗੀਤ ਸਾਗਰ' ਪੁਸਤਕ ਦੇ ਚਾਰੇ ਭਾਗਾਂ ਵਿਚ ਕੁਲ 1045 ਸ਼ਬਦ ਕੀਰਤਨ ਰਚਨਾਵਾਂ ਦਾ ਵਿਸ਼ਾਲ ਸੰਗ੍ਰਹਿ ਵੱਖ-ਵੱਖ 103 ਰਾਗਾਂ ਅਧੀਨ ਸੁਰਲਿਪੀ ਬੱਧ ਕੀਤਾ ਗਿਆ ਹੈ। ਆਪ ਨੇ ਇਨ੍ਹਾਂ ਰਚਨਾਵਾਂ ਵਿਚ ਜਿਥੇ ਧਰੁਪਦ, ਧਮਾਰ, ਖਿਆਲ, ਪੜਤਾਲ ਆਦਿ ਗਾਇਨ ਸ਼ੈਲੀ ਅੰਗ ਤੋਂ ਸ਼ਬਦ ਕੀਰਤਨ ਰਚਨਾਵਾਂ ਅੰਕਿਤ ਕੀਤੀਆਂ ਹਨ, ਉਥੇ ਆਪ ਵਲੋਂ ਠੁਮਰੀ ਤੇ ਗੁਲਦਸਤਾ ਗਾਇਨ ਸ਼ੈਲੀਆਂ ਅਧੀਨ ਸ਼ਬਦ ਕੀਰਤਨ ਰਚਨਾਵਾਂ ਵੀ ਰਚੀਆਂ ਗਈਆਂ ਹਨ। ਪ੍ਰਿੰ. ਦਿਆਲ ਸਿੰਘ ਦੁਆਰਾ ਰਚਿਤ ਇਕ ਹੋਰ ਪੁਸਤਕ 'ਗੁਰਮਤਿ ਸੰਗੀਤ ਸਿਖਿਆ' 1996 ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ 125 ਸ਼ਬਦ ਕੀਰਤਨ ਰਚਨਾਵਾਂ ਨੂੰ 31 ਰਾਗਾਂ ਤੇ ਰਾਗ ਪ੍ਰਕਾਰਾਂ ਵਿਚ 9 ਤਾਲਾਂ ਅਧੀਨ ਸੁਰਲਿਪੀ ਬੱਧ ਕੀਤਾ ਗਿਆ ਹੈ। 

ਪ੍ਰਿੰ. ਦਿਆਲ ਸਿੰਘ ਦੁਆਰਾ ਸ਼ਬਦ ਕੀਰਤਨ ਰਚਨਾਵਾਂ ਹਿਤ ਭਾਤਖੰਡੇ ਸੁਰਲਿਪੀ ਨੂੰ ਵਰਤੋਂ ਵਿਚ ਲਿਆਉਂਦਾ ਗਿਆ ਹੈ। ਆਪ ਦੀਆਂ ਸ਼ਬਦ ਕੀਰਤਨ ਰਚਨਾਵਾਂ ਲਈ ਵੱਖ-ਵੱਖ ਤਾਲਾਂ ਜਿਵੇਂ ਦਾਦਰਾ, ਕਹਿਰਵਾ, ਰੂਪਕ, ਤਿੰਨਤਾਲ, ਆੜਾ ਚਾਰਤਾਲ, ਇਕਤਾਲ, ਤਲਵਾੜਾ, ਦੀਪਚੰਦੀ, ਸੂਲਫਾਕਤਾ, ਝਪਤਾਲ, ਚਾਰਤਾਲ, ਭਾਨਮਤੀ, ਜਗਪਾਲ, ਜੈਤਾਲ, ਫਰੋਦਸਤ, ਧਮਾਰ, ਸਵਾਰੀ ਪੰਜਤਾਲ, ਛੋਟੀ ਤਿੰਨਤਾਲ, ਮਤਤਾਲ ਆਦਿ ਨੂੰ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਬਦ ਕੀਰਤਨ ਰਚਨਾਵਾਂ ਲਈ ਗੁਰੂ ਸਾਹਿਬਾਨ ਅਤੇ ਭਗਤ ਕਬੀਰ, ਨਾਮਦੇਵ, ਰਵਿਦਾਸ, ਬੇਣੀ, ਭੀਖਣ, ਤ੍ਰਿਲੋਚਨ, ਧੰਨਾ, ਰਾਮਾਨੰਦ, ਸ਼ੇਖ ਫਰੀਦ ਤੇ ਭਾਈ ਗੁਰਦਾਸ ਦੀਆਂ ਬਾਣੀ ਰਚਨਾਵਾਂ ਨੂੰ ਵਿਸ਼ੇ ਸਰੋਤ ਵਜੋਂ ਸ਼ਾਮਲ ਕੀਤਾ ਗਿਆ ਹੈ। 

ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਹਿਤ ਪ੍ਰਿੰ. ਦਿਆਲ ਸਿੰਘ ਵਲੋਂ ਦੇਸ਼ਾਂ ਵਿਦੇਸ਼ਾਂ ਦੇ ਕਈ ਦੌਰੇ ਕੀਤੇ ਗਏ। ਆਪ ਕੋਲੋਂ ਗੁਰਮਤਿ ਸੰਗੀਤ ਦੀ ਸਿਖਿਆ ਪ੍ਰਾਪਤ ਸੈਂਕੜੇ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਵਿਚ ਗੁਰਮਤਿ ਸੰਗੀਤ ਦੀ ਸੇਵਾ ਨਿਭਾ ਰਹੇ ਹਨ। ਆਪ ਨੂੰ ਵੱਖ-ਵੱਖ ਸਥਾਨਾਂ ਦੀਆਂ ਸੰਗਤਾਂ ਨੇ ਜਿਥੇ ਸ਼ਬਦ ਕੀਰਤਨ ਰਚਨਾਵਾਂ ਹਿਤ ਉਤਸ਼ਾਹਿਤ ਕੀਤਾ, ਉਥੇ ਉਨ੍ਹਾਂ ਵਲੋਂ ਆਪ ਨੂੰ ਭਰਪੂਰ ਸਹਿਯੋਗ ਵੀ ਦਿਤਾ ਗਿਆ। ਆਪ ਦੀ ਵਰ੍ਹਿਆਂ ਬੱਧੀ ਮਿਹਨਤ ਨੂੰ ਗੁਰਮਤਿ ਸੰਗੀਤ ਅਤੇ ਸੰਗੀਤ ਪ੍ਰੇਮੀਆਂ ਤੱਕ ਸੰਚਾਰਿਤ ਕਰਨ ਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਵਲੋਂ ਆਪ ਦੀਆਂ ਉਕਤ ਪ੍ਰਕਾਸ਼ਿਤ ਪੁਸਤਕਾਂ ਡਿਜ਼ੀਟਾਈਜ਼ਡ ਕਰਨ ਉਪਰੰਤ ਵੈਬਸਾਈਟ www.gurmatsangeetlibrary.wordpress.com ‘ਤੇ ਅਪਲੋਡ ਕੀਤੀਆਂ ਗਈਆਂ ਹਨ।

ਪ੍ਰਿੰ. ਦਿਆਲ ਸਿੰਘ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਆਪ ਦੁਆਰਾ ਗੁਰਮਤਿ ਸੰਗੀਤ ਦੀਆਂ ਸ਼ਬਦ ਕੀਰਤਨ ਰਚਨਾਵਾਂ ਦੇ ਸੰਦਰਭ ਵਿਚ ਕੀਤਾ ਕਾਰਜ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ, ਸਿਖਿਆਰਥੀਆਂ, ਜਿਗਿਆਸੂਆਂ ਅਤੇ ਅਧਿਆਪਕਾਂ ਲਈ ਲਾਹੇਵੰਦ ਸਿਧ ਹੋ ਰਿਹਾ ਹੈ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *