ਗੁਰਮਤਿ ਸੰਗੀਤ ਦੇ ਰਚਨਾਕਾਰ ਸੰਤ ਸਰਵਣ ਸਿੰਘ ਗੰਧਰਵ

*ਗੁਰਨਾਮ ਸਿੰਘ (ਡਾ.)

ਗੁਰਮਤਿ ਸੰਗੀਤ ਦੇ ਖੇਤਰ ਵਿਚ ਸੰਤ ਸਰਵਣ ਸਿੰਘ ਗੰਧਰਵ ਦਾ ਨਾਮ ਗੁਰਮਤਿ ਸੰਗੀਤ ਦੇ ਰਚਨਾਕਾਰ ਵਜੋਂ ਮਹਤੱਵਪੂਰਣ ਸਥਾਨ ਰਖਦਾ ਹੈ। ਆਪ ਵਲੋਂ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਿਹਾਰਕ ਤੇ ਸਿਧਾਂਤਕ ਤੌਰ ਤੇ ਕੀਤਾ  ਕਾਰਜ ਅਤਿ ਸ਼ਲਾਘਾਯੋਗ ਹੈ। ਆਪ ਦੇ ਇਸ ਕਾਰਜ ਨੂੰ ਵੱਖ-ਵੱਖ ਵਿਦਵਾਨਾਂ ਨੇ ਖੂਬ ਸਲਾਹਿਆ ਹੈ। ਆਪ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਰਤੀ ਸੰਗੀਤ ਵਿਚ ਪ੍ਰਚਲਿਤ ਰਾਗਾਂ, ਰਾਗ ਪ੍ਰਕਾਰਾਂ ਅਤੇ ਭਿੰਨ-ਭਿੰਨ ਰਾਗ ਸਰੂਪਾਂ ਦੇ ਅੰਤਰਗਤ ਸ਼ਬਦ ਦੀਆਂ ਅਨੇਕ ਸ਼ਬਦ ਕੀਰਤਨ ਰਚਨਾਵਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਰਚਨਾਵਾਂ ਦੀ ਵਿਲੱਖਣਤਾ ਜਿਥੇ ਰਾਗ, ਸਵਰ, ਸੌਂਦਰਯ ਅਤੇ ਤਾਲ ਸੁਹਜ ਹੈ, ਉਥੇ ਇਹ ਬੰਦਸ਼ਾਂ ਸ਼ਬਦ ਪ੍ਰਧਾਨ ਗੁਰਮਤਿ ਗਾਇਕੀ ਦੀ ਪ੍ਰੋੜਤਾ ਵੀ ਕਰਦੀਆਂ ਹਨ। ਅਜਿਹਾ ਹੀ ਕਾਰਜ ਮਹਾਨ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਨੇ ਵੀ ਆਰੰਭਿਆ ਸੀ। ਇਹ ਦੋਵੇਂ ਮਹਾਨ ਵਿਭੂਤੀਆਂ ਭਾਰਤੀ ਸੰਗੀਤ ਦੇ ਪ੍ਰਸਿੱਧ ਵਿਦਵਾਨ ਸ੍ਰੀ ਵਿਸ਼ਣੂ ਨਾਰਾਇਣ ਭਾਤਖੰਡੇ ਨਾਲੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸਗੋਂ ਇਨ੍ਹਾਂ ਦੀਆਂ ਰਚਨਾਵਾਂ ਦੀ ਮੌਲਿਕਤਾ ਇਨ੍ਹਾਂ ਨੂੰ ਸਮੁੱਚੇ ਭਾਰਤੀ ਸੰਗੀਤ ਵਿਚ ਵਿਲੱਖਣ ਸਥਾਨ ਦਿਵਾਉਂਦੀਆਂ ਹਨ।

ਸੰਤ ਸਰਵਣ ਸਿੰਘ ਦਾ ਜਨਮ ਸੰਨ 1926 ਵਿਚ ਮਾਤਾ ਸ਼ਾਮ ਕੌਰ ਦੀ ਕੁਖੋਂ ਪਿਤਾ ਅਮਰ ਸਿੰਘ ਚਾਨਾ ਦੇ ਗ੍ਰਹਿ ਪਿੰਡ ਭੁਲਰਾਈ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ। ਆਪ ਨੌਂ ਸਾਲਾਂ ਦੀ ਉਮਰ ਵਿਚ ਚੇਚਕ ਦੀ ਬਿਮਾਰੀ ਦਾ ਸ਼ਿਕਾਰ ਹੋਏ ਜਿਸ ਕਾਰਨ ਆਪ ਦੀਆਂ ਅੱਖਾਂ ਦੀ ਜੋਤੀ ਸਦਾ ਲਈ ਚਲੀ ਗਈ। ਬਾਲ ਸਰਵਣ ਸਿੰਘ ਦਾ ਅੱਖਾਂ ਵਿਹੂਣਾ ਹੋਣਾ ਅਤੇ ਬਚਪਨ ਵਿਚ ਹੀ ਮਾਤਾ ਦੇ ਪ੍ਰਲੋਕ ਸਿਧਾਰ ਜਾਣ ਕਰਕੇ ਪਿਤਾ ਅਮਰ ਸਿੰਘ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਿਤਾ ਵਲੋਂ ਆਪ ਦੀ ਪੜ੍ਹਾਈ ਲਈ ਅੰਮ੍ਰਿਤਸਰ ਅਤੇ ਹੋਰ ਕਈ ਸ਼ਹਿਰਾਂ ਵਿਚ ਯਤਨ ਕੀਤੇ ਗਏ ਪਰ ਹਰ ਪਾਸੇ ਨਿਰਾਸ਼ਤਾ ਦਾ ਸਾਮਣਾ ਕਰਨਾ ਪਿਆ। ਭੁਲਰਾਈ ਪਿੰਡ ਦੇ ਨਾਲ ਲਗਦੇ ਪਿੰਡ ਡੁਮੇਲੀ ਵਿਖੇ ਸੰਤ ਬਾਬਾ ਦਲੀਪ ਸਿੰਘ ਅਭੰਗ, ਨੇਤਰਹੀਨ ਅਤੇ ਅਨਾਥ ਬੱਚਿਆਂ ਨੂੰ ਗੁਰਬਾਣੀ ਪਾਠ ਅਤੇ ਸ਼ਬਦ ਕੀਰਤਨ ਦੀ ਸਿੱਖਿਆ ਦਿੰਦੇ ਸਨ। ਆਪ ਨੂੰ ਵੀ ਇਸ ਵਿਦਿਆਲੇ ਵਿਚ ਪੜ੍ਹਾਈ ਹਿਤ ਭੇਜਿਆ ਗਿਆ। ਵਿਦਿਆਲੇ ਦੇ ਮੁਖੀ ਬਾਬਾ ਦਲੀਪ ਸਿੰਘ ਨੇ ਆਪ ਦੀ ਮਿਹਨਤ, ਲਗਨ ਤੋਂ ਪ੍ਰਭਾਵਿਤ ਹੋ ਕੇ ਆਪ ਨੂੰ ਪਿੰਡ ਦੇ ਨਾਮੀ ਮੀਰਾਸੀ ਫਕੀਰੀਆ ਕੋਲੋਂ ਰਾਗ ਵਿਦਿਆ ਸਿਖਾਉਣੀ ਸ਼ੁਰੂ ਕਰਵਾਈ। ਉਪਰੰਤ ਆਪ ਨੇ ਸਾਹਨੀ ਪਿੰਡ ਦੇ ਮਾਸਟਰ ਦਲਬੀਰ ਸਿੰਘ ਕੋਲੋਂ ਚਾਰ ਸਾਲ ਦਿਲਰੁਬਾ ਸਾਜ਼ ਦੀ ਤਾਲੀਮ ਹਾਸਿਲ ਕੀਤੀ। ਬਾਅਦ ਵਿਚ ਭੀਸ਼ਮ ਗਿਰ ਬ੍ਰਹਮਚਾਰੀ, ਜੋ ਕਦੇ ਗੰਧਰਵ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹਿ ਚੁਕੇ ਸਨ, ਕੋਲੋਂ ਆਪ ਨੇ ਜਲ ਤਰੰਗ ਅਤੇ ਸਿਤਾਰ ਦੀ ਵਿਦਿਆ ਹਾਸਿਲ ਕੀਤੀ। ਸੰਗੀਤ ਪ੍ਰਤੀ ਆਪ ਦੇ ਰੁਝਾਨ ਨੂੰ ਵੇਖਦੇ ਹੋਏ ਬਾਬਾ ਦਲੀਪ ਸਿੰਘ ਨੇ ਆਪ ਨੂੰ ਸੰਗੀਤ ਦੀ ਉਚੇਰੀ ਵਿਦਿਆ ਲਈ ਪੰਡਿਤ ਵਿਸ਼ਣੂ ਦਿਗੰਬਰ ਪਲੂਸਕਰ ਕੋਲ ਗਵਾਲੀਅਰ ਭੇਜਿਆ। ਜਿਥੇ ਆਪ ਨੇ 1954 ਵਿਚ ਸਿਤਾਰ ਅਤੇ 1957 ਵਿਚ ਕੰਠ ਵਿਦਿਆ ਦੀ ਐਮ.ਏ. ਦੀ ਡਿਗਰੀ ਪਹਿਲੇ ਦਰਜੇ ਵਿਚ ਪਾਸ ਕੀਤੀ। ਕਿਹਾ ਜਾਂਦਾ ਹੈ ਕਿ ਪੰਡਤ ਰਵੀ ਸ਼ੰਕਰ ਕਿਸੇ ਵੀ ਵਿਦਿਆਰਥੀ ਨੂੰ ਘਰ ਸੰਗੀਤ ਵਿਦਿਆ ਨਹੀਂ ਸਿਖਾਉਂਦੇ ਸਨ, ਪਰ ਸੰਤ ਸਰਵਣ ਸਿੰਘ ਗੰਧਰਵ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। 

ਸੰਤ ਸਰਵਣ ਸਿੰਘ ਗੰਧਰਵ ਵਲੋਂ ਸੰਗੀਤ ਵਿਦਿਆ ਵਿਚ ਮੁਹਾਰਤ ਹਾਸਿਲ ਕਰਨ ਉਪਰੰਤ ਜਲੰਧਰ ਰੇਡੀਓ ਸਟੇਸ਼ਨ ਤੇ ਨੌਕਰੀ ਕੀਤੀ ਗਈ। ਬਾਅਦ ਵਿਚ ਬਾਬਾ ਦਲੀਪ ਸਿੰਘ ਦੇ ਕਹਿਣ ਤੇ ਆਪ ਡੁਮੇਲੀ ਡੇਰੇ ਵਿਖੇ ਅਪੰਗ, ਯਤੀਮ ਅਤੇ ਨੇਤਰਹੀਨ ਆਦਿ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਲਗ ਪਏ। ਆਪ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਅਤੇ ਗੁਰਮਤਿ ਦੀ ਵਿਧੀਪੂਰਵਕ ਤਾਲੀਮ ਦਿੰਦੇ ਸਨ। ਆਪ ਕੋਲੋਂ ਸਿੱਖਿਆ ਪ੍ਰਾਪਤ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਵਿਚ ਗੁਰਮਤਿ ਸੰਗੀਤ ਦੀ ਸੇਵਾ ਕਰ ਰਹੇ ਹਨ ਜਿਨ੍ਹਾਂ ਵਿਚ ਭਾਈ ਸੁਰਜਨ ਸਿੰਘ ਤੇ ਭਾਈ ਸੱਜਣ ਸਿੰਘ ਅਮਰੀਕਾ, ਭਾਈ ਦਇਆ ਸਿੰਘ ਕੈਨੇਡਾ, ਮਾਸਟਰ ਬਲਬੀਰ ਸਿੰਘ, ਭਾਈ ਬੰਤਾ ਸਿੰਘ (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ) ਆਦਿ ਦੇ ਨਾਮ ਪ੍ਰਮੁੱਖ ਹਨ।

ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਸੰਤ ਸਰਵਣ ਸਿੰਘ ਗੰਧਰਵ ਦੇਸ਼ ਵਿਦੇਸ਼ ਵਿਚ ਆਪਣੇ ਕੀਰਤਨ ਦੀ ਮਹਿਕ ਬਿਖੇਰਦੇ ਰਹੇ ਹਨ। 1970 ਵਿਚ ਆਪ ਪਹਿਲੀ ਵਾਰ ਆਪਣੇ ਸਾਥੀ ਗਿਆਨੀ ਦਇਆ ਸਿੰਘ, ਮਾਸਟਰ ਰਣਜੀਤ ਸਿੰਘ ਸਮੇਤ ਇੰਗਲੈਂਡ ਗਏ। ਫਿਰ ਆਪ ਨੇ 1973 ਵਿਚ ਅਮਰੀਕਾ ਅਤੇ 1974 ਵਿਚ ਕੈਨੇਡਾ ਆਦਿ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਆਪ ਨੇ ਦੇਸ਼ ਦੇ ਵੱਖ-ਵੱਖ ਪ੍ਰਦੇਸ਼ਾਂ ਜਿਵੇਂ ਮਹਾਰਾਸ਼ਟਰ, ਆਸਾਮ, ਰਾਜਸਥਾਨ, ਬੰਗਾਲ, ਕਸ਼ਮੀਰ ਆਦਿ ਵਿਚ ਵੀ ਗੁਰਮਤਿ ਸੰਗੀਤ ਦਾ ਪ੍ਰਚਾਰ ਕੀਤਾ।

ਸੰਤ ਸਰਵਣ ਸਿੰਘ ਸੁਰ ਰਚਨਾ ਦੇ ਮਹਾਨ ਗਿਆਤਾ ਸਨ। ਭਾਰਤੀ ਸੰਗੀਤ ਵਿਚ ਭਾਤਖੰਡੇ ਅਤੇ ਪਲੁਸਕਰ ਸੁਰਲਿਪੀ ਪ੍ਰਚਲਿਤ ਸੀ। ਗੁਰਮਤਿ ਸੰਗੀਤ ਪ੍ਰੇਮੀਆਂ ਦੀ ਸਹੂਲਤ ਹਿਤ ਆਪ ਨੇ ਭਾਤਖੰਡੇ ਸੁਰਲਿਪੀ ਨੂੰ ਹੀ ਆਪਣੀਆਂ ਸ਼ਬਦ ਕੀਰਤਨ ਰਚਨਾਵਾਂ ਹਿਤ ਪ੍ਰਯੋਗ ਕੀਤਾ। ਆਪ ਵਲੋਂ ਰਚਿਤ 'ਸੁਰ ਸਿਮਰਨ ਸੰਗੀਤ' ਪੁਸਤਕ ਸੱਤ ਭਾਗਾਂ ਵਿਚ ਉਪਲਬੱਧ ਹੁੰਦੀ ਹੈ। ਇਸ ਪੁਸਤਕ ਵਿਚ 41 ਸ਼ਬਦ ਕੀਰਤਨ ਰਚਨਾਵਾਂ ਨੂੰ 18 ਵੱਖ-ਵੱਖ ਰਾਗਾਂ ਅਤੇ ਰਾਗ ਪ੍ਰਕਾਰਾਂ ਅਧੀਨ ਦਰਜ ਕੀਤਾ ਗਿਆ ਹੈ। 'ਸੁਰ ਸਿਮਰਨ ਸੰਗੀਤ' ਦਾ ਦੂਜਾ ਭਾਗ 1978 ਵਿਚ ਪ੍ਰਕਾਸ਼ਿਤ ਹੋਇਆ। ਇਸ ਪੁਸਤਕ ਵਿਚ ਆਪ ਦੁਆਰਾ 36 ਸ਼ਬਦ ਕੀਰਤਨ ਰਚਨਾਵਾਂ ਨੂੰ 11 ਵੱਖ-ਵੱਖ ਰਾਗ ਤੇ ਰਾਗ ਪ੍ਰਕਾਰਾਂ ਅਧੀਨ ਅੰਕਿਤ ਕੀਤਾ ਗਿਆ ਹੈ। ਪੁਸਤਕ ਦੇ ਇਸ ਭਾਗ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਆਪ ਵਲੋਂ ਇਸ ਵਿਚ ਆਸਾ ਦੀ ਵਾਰ ਦੀ ਸੰਪੂਰਨ ਕੀਰਤਨ ਚੌਕੀ ਨੂੰ ਆਸਾ, ਭੈਰਵ, ਸਿੰਧੜਾ, ਭੈਰਵੀ ਰਾਗਾਂ ਅਧੀਨ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 'ਵਡੀ ਹੁ ਵਡਾ ਅਪਾਰ ਤੇਰਾ ਮਰਤਬਾ' ਪਉੜੀ ਅਤੇ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦੀ ਸੁਰ ਰਚਨਾ ਨੂੰ ਵੀ ਦਰਜ ਕੀਤਾ ਗਿਆ ਹੈ। 'ਸੁਰ ਸਿਮਰਨ ਸੰਗੀਤ' ਦਾ ਤੀਜਾ ਭਾਗ 1983 ਵਿਚ ਪ੍ਰਕਾਸ਼ਿਤ ਹੋਇਆ। ਇਸ ਭਾਗ ਵਿਚ ਆਪ ਵਲੋਂ 107 ਸ਼ਬਦ ਕੀਰਤਨ ਰਚਨਾਵਾਂ ਨੂੰ 26 ਵੱਖ-ਵੱਖ ਰਾਗ ਅਤੇ ਰਾਗ ਪ੍ਰਕਾਰਾਂ ਅਧੀਨ ਦਰਜ ਕੀਤਾ ਗਿਆ ਹੈ। ਇਨ੍ਹਾਂ ਰਚਨਾਵਾਂ ਲਈ ਆਪ ਵਲੋਂ ਵੱਖ-ਵੱਖ 16 ਤਾਲਾਂ ਦਾ ਪ੍ਰਯੋਗ ਕੀਤਾ ਗਿਆ ਹੈ। 1985 ਵਿਚ ਪ੍ਰਕਾਸ਼ਿਤ ਹੋਏ 'ਸੁਰ ਸਿਮਰਨ ਸੰਗੀਤ' ਦੇ ਚੌਥੇ ਭਾਗ ਵਿਚ 197 ਸ਼ਬਦ ਕੀਰਤਨ ਰਚਨਾਵਾਂ ਨੂੰ ਵੱਖ-ਵੱਖ 83 ਰਾਗਾਂ ਅਧੀਨ ਸੁਰਲਿਪੀ ਬੱਧ ਕੀਤਾ ਗਿਆ ਹੈ ਜਿਨ੍ਹਾਂ ਵਿਚ ਧਰੁਪਦ ਅੰਗ ਦੀਆਂ 19 ਅਤੇ ਧਮਾਰ ਅੰਗ ਦੀਆਂ 3 ਸ਼ਬਦ ਕੀਰਤਨ ਰਚਨਾਵਾਂ ਵੀ ਦਰਜ ਹਨ। ਇਸ ਲੜੀ ਅਧੀਨ ਇਸ ਪੁਸਤਕ ਦੇ ਪੰਜਵਾਂ ਭਾਗ 1987 ਵਿਚ ਪ੍ਰਕਾਸ਼ਿਤ ਹੋਇਆ। ਇਸ ਭਾਗ ਵਿਚ ਵੱਖ-ਵੱਖ ਪ੍ਰਚਲਿਤ ਅਤੇ ਅਪ੍ਰਚਲਿਤ 114 ਰਾਗਾਂ ਅਤੇ 15 ਤਾਲਾਂ ਸਹਿਤ 261 ਸ਼ਬਦ ਕੀਰਤਨ ਰਚਨਾਵਾਂ ਦਰਜ ਹਨ ਜਿਨ੍ਹਾਂ ਵਿਚ 15 ਸ਼ਬਦ ਕੀਰਤਨ ਰਚਨਾਵਾਂ ਪੜਤਾਲ ਗਾਇਨ ਸ਼ੈਲੀ ਅਧੀਨ ਦਰਜ ਹਨ। ਇਸ ਤੋਂ ਇਲਾਵਾ ਧਰੁਪਦ ਅੰਗ ਦੀਆਂ 18, ਧਮਾਰ ਅੰਗ ਦੀਆਂ 5 ਅਤੇ ਖਿਆਲ ਅੰਗ ਦੀਆ 20 ਸ਼ਬਦ ਕੀਰਤਨ ਰਚਨਾਵਾਂ ਵੀ ਇਸ ਪੁਸਤਕ ਵਿਚ ਅੰਕਿਤ ਹਨ। 'ਸੁਰ ਸਿਮਰਨ ਸੰਗੀਤ' ਦਾ ਛੇਵਾਂ ਭਾਗ ਜੋ 1990 ਵਿਚ ਪ੍ਰਕਾਸ਼ਿਤ ਹੋਇਆ, ਵਿਚ 100 ਰਾਗਾਂ ਅਧੀਨ 321 ਸ਼ਬਦ ਕੀਰਤਨ ਰਚਨਾਵਾਂ ਵੱਖ-ਵੱਖ 16 ਤਾਲਾਂ ਦੇ ਅੰਤਰਗਤ ਦਰਜ ਹਨ। ਇਨ੍ਹਾਂ ਵਿਚ 12 ਸ਼ਬਦ ਕੀਰਤਨ ਰਚਨਾਵਾਂ ਧਰੁਪਦ ਅੰਗ ਅਨੁਸਾਰੀ ਸੁਰਲਿਪੀ ਬੱਧ ਹਨ। ਪੁਸਤਕ ਦੇ ਸਤਵਾਂ ਅਤੇ ਅੰਤਿਮ ਭਾਗ ਜੋ ਕਿ 1994 ਵਿਚ ਪ੍ਰਕਾਸ਼ਿਤ ਹੋਇਆ, ਵਿਚ 38 ਰਾਗਾਂ ਵਿਚ 67 ਸ਼ਬਦ ਕੀਰਤਨ ਰਚਨਾਵਾਂ ਨੂੰ 8 ਵੱਖ-ਵੱਖ ਤਾਲਾਂ ਅਧੀਨ ਸੁਰਲਿਪੀ ਬੱਧ ਕੀਤਾ ਗਿਆ ਹੈ। ਉਕਤ ਸ਼ਬਦ ਕੀਰਤਨ ਰਚਨਾਵਾਂ ਹਿਤ ਆਪ ਵਲੋਂ ਦਾਦਰਾ, ਕਹਿਰਵਾ, ਢਾਈਆ, ਝੂਮਰਾ, ਇਕਤਾਲ, ਚਾਰਤਾਲ, ਦੀਪਚੰਦੀ, ਸੂਲਫਾਕਤਾ, ਗਜਝੰਪਾ ਆਦਿ ਤਾਲਾਂ ਨੂੰ ਪ੍ਰਯੋਗ ਕੀਤਾ ਗਿਆ ਹੈ। ਆਪ ਵਲੋਂ ਸ਼ਬਦ ਕੀਰਤਨ ਰਚਨਾਵਾਂ ਲਿਖਣ ਦਾ ਮਨੋਰਥ ਇਹੀ ਸੀ ਕਿ ਸ਼ਬਦ ਕੀਰਤਨ ਸਿਖਣ ਦੇ ਚਾਹਵਾਨ ਉਨ੍ਹਾਂ ਨੂੰ ਸੁਖੈਨ ਢੰਗ ਨਾਲ ਘਰ ਬੈਠੇ ਹੀ ਸਿੱਖ ਸਕਣ। ਆਪ ਨੇ ਸਧਾਰਣ ਸਿਖ ਸੰਗਤ ਲਈ ਸੰਗਤੀ ਤੌਰ 'ਤੇ ਤਿੰਨ ਸੁਰਾਂ ਤੋਂ ਆਸਾ ਦੀ ਵਾਰ ਗਾਇਨ ਕਰਨ ਦਾ ਰੂਪ ਵੀ ਦਿਤਾ। 

'ਸੁਰ ਸਿਮਰਨ ਸੰਗੀਤ' ਪੁਸਤਕ ਸੰਗ੍ਰਹਿ ਵਿਚ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਵਿਹਾਰਕ ਅਤੇ ਸਿਧਾਂਤਕ ਪੱਖ ਦੀ ਵਿਸਥਾਰਕ ਜਾਣਕਾਰੀ ਦਰਜ ਹੈ। ਇਸ ਪੁਸਤਕ ਸੰਗ੍ਰਹਿ ਵਿਚ ਸੰਗੀਤ ਦੇ ਵੱਖ-ਵੱਖ ਵਿਸ਼ਿਆਂ ਜਿਵੇਂ ਨਾਦ, ਸ਼ਰੁਤੀ, ਸੁਰ, ਸਪਤਕ, ਥਾਟ, ਮੂਰਛਨਾ, ਲੈਅਕਾਰੀਆਂ (ਆੜ, ਕੁਆੜ, ਬਿਆੜ ਆਦਿ), ਤਾਲ ਦਾ ਮਹੱਤਵ, ਜਾਤੀਆਂ-ਉਪਜਾਤੀਆਂ, ਸੰਧੀਪ੍ਰਕਾਸ਼ ਰਾਗ, ਜਨਕ ਰਾਗ, ਜਨਯ ਰਾਗ, ਸਮਾਂ ਸਿਧਾਂਤ ਆਦਿ ਬਾਰੇ ਬਹੁਤ ਸੁੱਚਜੇ ਢੰਗ ਰਾਹੀਂ ਜਾਣਕਾਰੀ ਦਿਤੀ ਗਈ ਹੈ। ਉਕਤ ਪੁਸਤਕ ਦਾ ਚੌਥਾ ਭਾਗ ਰਾਗ-ਤਾਲ ਉਤੇ ਕੇਂਦਰਿਤ ਹੈ। ਇਸ ਵਿਚ ਤਬਲੇ ਤੇ ਜੋੜੀ ਦੀ ਜਾਣਕਾਰੀ, ਇਸ ਨੂੰ ਸਿਖਣ ਦਾ ਢੰਗ ਅਤੇ ਵੱਖ-ਵੱਖ 47 ਤਾਲਾਂ ਬਾਰੇ ਠੇਕਿਆਂ ਸਹਿਤ ਜਾਣਕਾਰੀ ਦਿਤੀ ਗਈ ਹੈ। ਪੰਜਵੇਂ ਭਾਗ ਵਿਚ ਨਿਬੱਧ ਗਾਨ, ਮਾਰਗੀ ਤੇ ਦੇਸੀ ਸੰਗੀਤ, ਗਾਇਨ ਸ਼ੈਲੀਆਂ, ਗੁਰਮਤਿ ਸੰਗੀਤ ਪੱਧਤੀ, ਕਰਨਾਟਕੀ ਸੰਗੀਤ ਪੱਧਤੀ, ਗਾਇਨ ਦੇ ਢੰਗ, ਕਾਕੂ ਭੇਦ, ਤਾਨ, ਗਮਕ ਆਦਿ ਸੰਗੀਤ ਵਿਸ਼ਿਆਂ ਬਾਰੇ ਮਹੱਤਵਪੂਰਣ ਜਾਣਕਾਰੀ ਅੰਕਿਤ ਹੈ।
 
ਦੇਸ਼ ਵਿਦੇਸ਼ ਵਿਚ ਬੈਠੇ ਗੁਰਮਤਿ ਸੰਗੀਤ ਖੋਜਾਰਥੀਆਂ, ਵਿਦਿਆਰਥੀਆਂ ਅਤੇ ਪਾਠਕਾਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਵਲੋਂ ਸੰਤ ਸਰਵਣ ਸਿੰਘ ਗੰਧਰਵ ਦੀ ਉਕਤ ਪੁਸਤਕ ਡਿਜ਼ੀਟਾਈਜ਼ਡ ਕਰਨ ਉਪਰੰਤ ਵੈਬਸਾਈਟ www.gurmatsangeetlibrary.wordpress.com 'ਤੇ ਅਪਲੋਡ ਕੀਤੀ ਗਈ ਹੈ।

ਗੁਰਮਤਿ ਸੰਗੀਤ ਦੇ ਖੇਤਰ ਵਿਚ ਸੰਤ ਸਰਵਣ ਸਿੰਘ ਗੰਧਰਵ ਦੁਆਰਾ ਕੀਤਾ ਕਾਰਜ ਜਿਥੇ ਉਨ੍ਹਾਂ ਦੇ ਮਹਾਨ ਸੰਗੀਤਾਚਾਰੀਆ ਹੋਣ ਦਾ ਪ੍ਰਤੱਖ ਪ੍ਰਮਾਣ ਹੈ, ਉਥੇ ਇਹ ਕਾਰਜ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ, ਸਿਖਿਆਰਥੀਆਂ ਅਤੇ ਅਧਿਆਪਕਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਵਜੋਂ ਵਿਦਮਾਨ ਰਹੇਗਾ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *