ਗੁਰਮਤਿ ਸੰਗੀਤ ਰਚਨਾਕਾਰ ਪ੍ਰੋ. ਕਰਤਾਰ ਸਿੰਘ

*ਡਾ. ਗੁਰਨਾਮ ਸਿੰਘ

ਗੁਰਮਤਿ ਸੰਗੀਤ ਦੇ ਕਾਫਲੇ ਦੀ ਪਹਿਲੀ ਕਤਾਰ ਵਿਚ ਸ਼ੁਮਾਰ ਪ੍ਰੋ. ਕਰਤਾਰ ਸਿੰਘ ਗੁਰਮਤਿ ਸੰਗੀਤ ਦੀ ਅਗਲੀ ਪੀੜੀ ਲਈ ਇਕ ਆਦਰਸ਼ ਗੁਰਮਤਿ ਸੰਗੀਤਾਚਾਰੀਆ ਹਨ ਜਿਨ੍ਹਾਂ ਕੋਲ ਇਸ ਵਿਸ਼ੇ ਦਾ ਕਿਰਿਆਤਮਕ ਗਿਆਨ ਤੇ ਉਸ ਦੀ ਪੇਸ਼ਕਾਰੀ ਦਾ ਮੌਲਿਕ ਅੰਦਾਜ਼ ਹੈ। ਗੁਰਮਤਿ ਸੰਗੀਤ ਦੇ ਰਚਨਾਤਮਕ ਖੇਤਰ ਵਿਚ ਆਪ ਦਾ ਵਿਸ਼ੇਸ਼ ਯੋਗਦਾਨ ਹੈ। ਆਪ ਨੇ ਗੁਰਮਤਿ ਸੰਗੀਤ ਰਚਨਾਵਾਂ ਦਾ ਤਿੰਨ ਪੁਸਤਕਾਂ ਦੇ ਰੂਪ ਵਿਚ ਸੁਰਲਿਪੀ ਬੱਧ ਸੰਗ੍ਰਹਿ ਭੇਟ ਕੀਤੇ ਹਨ।

ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਦੀ ਤਰਾਂ ਪ੍ਰੋ. ਕਰਤਾਰ ਸਿੰਘ ਵੀ ਪਹਿਲਾਂ ਭਾਰਤੀ ਸੰਗੀਤ ਦੇ ਕੁਸ਼ਲ ਅਧਿਆਪਕ ਤੇ ਬਾਅਦ ਵਿਚ ਗੁਰਮਤਿ ਸੰਗੀਤ ਦੇ ਵਿਦਵਾਨ ਪ੍ਰਚਾਰਕ ਵਜੋਂ ਜਾਣੇ ਜਾਂਦੇ ਹਨ। ਦੋਹਾਂ ਨੇ ਹੀ ਸੰਗੀਤ ਅਧਿਆਪਨ ਦੀ ਸੇਵਾ ਨਿਵਰਤੀ ਉਪਰੰਤ ਆਪਣਾ ਜੀਵਨ ਗੁਰਮਤਿ ਸੰਗੀਤ ਨੂੰ ਸਮਰਪਿਤ ਕੀਤਾ ਅਤੇ ਮਹੱਤਵਪੂਰਨ ਗੁਰਮਤਿ ਸੰਗੀਤ ਲਿਖਤਾਂ ਪ੍ਰਦਾਨ ਕੀਤੀਆਂ। ਦੋਹਾਂ ਦੀ ਛਾਂ ਮਾਣਨ ਦਾ ਲੇਖਕ ਨੂੰ ਸੁਭਾਗ ਪ੍ਰਾਪਤ ਹੈ।

ਪ੍ਰੋ. ਕਰਤਾਰ ਸਿੰਘ ਦਾ ਜਨਮ 3 ਅਪ੍ਰੈਲ, 1928 ਨੂੰ ਸ. ਅਤਰ ਸਿੰਘ ਦੇ ਗ੍ਰਹਿ ਮਾਤਾ ਹਰਨਾਮ ਕੌਰ ਦੀ ਕੁਖੋਂ ਪਿੰਡ ਘੁਮਾਣ, ਜਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਪਿੰਡ ਤੋਂ ਸਕੂਲੀ ਪੜਾਈ ਪ੍ਰਾਪਤ ਕਰਦਿਆਂ ਆਪ ਨੂੰ ਸ਼ਬਦ ਅਤੇ ਸ਼ਬਦ ਕੀਰਤਨ ਸੁਣਨ ਦੀ ਚੇਟਕ ਲੱਗੀ। ਆਪ ਨੇ ਪੰਡਤ ਨੱਥੂ ਰਾਮ (ਤਰਨਤਾਰਨ ਟਕਸਾਲ ਵਾਲੇ), ਗਿਆਨੀ ਗੁਰਚਰਨ ਸਿੰਘ ਕੈਨੇਡੀਅਨ, ਭਾਈ ਸੁੰਦਰ ਸਿੰਘ (ਕਸੂਰ ਵਾਲੇ), ਭਾਈ ਦਲੀਪ ਸਿੰਘ, ਭਾਈ ਪੂਰਨ ਸਿੰਘ (ਤਰਨਤਾਰਨ), ਭਾਈ ਅਮੋਲਕ ਸਿੰਘ (ਲਾਹੌਰ) ਅਤੇ ਕਰਮਾ ਰਬਾਬੀ ਆਦਿ ਤੋਂ ਸੰਗੀਤ ਅਤੇ ਗੁਰਮਤਿ ਸੰਗੀਤ ਦੀ ਗੂੜ ਤਾਲੀਮ ਹਾਸਲ ਕੀਤੀ। ਇਸ ਤੋਂ ਇਲਾਵਾ ਆਪ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗਿਆਨੀ, ਉਸਤਾਦ ਜਸਵੰਤ ਸਿੰਘ ਭੰਵਰਾ ਦੀ ਅਗਵਾਈ ਹੇਠ 'ਸੰਗੀਤ ਪ੍ਰਭਾਕਰ' ਅਤੇ 'ਸੰਗੀਤ ਭਾਸਕਰ' ਗਾਇਨ-ਵਾਦਨ ਦੀ ਡਿਗਰੀ, ਸ੍ਰੀ ਬਲਵੰਤ ਰਾਇ ਜਸਵਾਲ ਦੀ ਸਰਪ੍ਰਸਤੀ ਹੇਠ ਪ੍ਰਯਾਗ ਸੰਗੀਤ ਸੰਗਤੀ, ਇਲਾਹਾਬਾਦ ਤੋਂ 'ਸੰਗੀਤ ਪ੍ਰਵੀਨ' ਅਤੇ 1967 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੰਗੀਤ ਦੀ ਮਾਸਟਰ ਡਿਗਰੀ ਹਾਸਲ ਕੀਤੀ। 

ਪ੍ਰੋ. ਕਰਤਾਰ ਸਿੰਘ ਗੁਰਮਤਿ ਸੰਗੀਤ ਦੀ ਵਿਹਾਰਕਤਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਆਪ ਨੇ ਦੇਸ਼ ਵੰਡ ਤੋਂ ਪਹਿਲਾਂ 1945 ਵਿਚ ਪਾਕਿਸਤਾਨ ਦੇ ਗੁਰਦੁਆਰਾ ਸਿੰਘ ਸਭਾ ਮੰਡੀ ਰੀਨਾਲਾ ਖੁਰਦ ਜਿਲ੍ਹਾ ਮਿੰਟਗੁਮਰੀ ਅਤੇ ਗੁਰਦੁਆਰਾ ਸਿੰਘ ਸਭਾ ਗੁਜਰਾਂਵਾਲਾ ਤੋਂੇ ਕੀਰਤਨ ਦੀ ਸੇਵਾ ਪ੍ਰਾਰੰਭ ਕੀਤੀ। ਵਰਤਮਾਨ ਸਮੇਂ ਵੀ ਆਪ ਗੁਰਮਤਿ ਸੰਗੀਤ ਦੀ ਵਿਹਾਰਕਤਾ ਨਾਲ ਨਿਰੰਤਰ ਜੁੜੇ ਹੋਏ ਹਨ। ਸ਼ਬਦ ਕੀਰਤਨ ਦੇ ਨਾਲ-ਨਾਲ ਆਪ ਨੇ ਸੰਗੀਤ ਅਧਿਆਪਨ ਦੇ ਕਾਰਜ ਨੂੰ ਅਪਣਾਇਆ ਅਤੇ ਅਨੇਕਾਂ ਵਿਦਿਆਰਥੀਆਂ ਨੂੰ ਸੰਗੀਤ ਤੇ ਗੁਰਮਤਿ ਸੰਗੀਤ ਨਾਲ ਜੋੜਿਆ। ਆਪ ਵਲੋਂ ਸ਼ਬਦ ਕੀਰਤਨ ਰਚਨਾਵਾਂ ਦੇ ਰੂਪ ਵਿਚ ਜੋ ਕਾਰਜ ਕੀਤਾ ਗਿਆ ਹੈ, ਉਸ ਪਿਛੇ ਆਪ ਦੇ ਜੀਵਨ ਦਾ ਸੰਗੀਤ ਪ੍ਰਤੀ ਲੰਬਾ ਤਜਰਬਾ ਸਪਸ਼ਟ ਪ੍ਰਤੱਖ ਹੁੰਦਾ ਹੈ। ਸੰਗੀਤ ਰਚਨਾ ਕਿਸੇ ਕਲਾਕਾਰ ਮਨ ਦੇ ਉੱਤਮ ਮੌਲਿਕ ਸੰਗੀਤਕ ਅਨੁਭਵ ਦੀ ਕਿਰਤ ਵਜੋਂ ਸੰਗੀਤਕ ਰੂਪ ਵਿਚ ਸਰੂਪਤ ਹੁੰਦੀ ਹੈ। ਸੰਗੀਤ ਰਚਨਾ ਸਾਧਾਰਣ ਅਨੁਭਵ ਤੋਂ ਪਰ੍ਹੇ ਦੀ ਅਵਸਥਾ ਤੇ ਅਕਹਿ ਪਲਾਂ ਦੀ ਦਾਸਤਾਂ ਹੈ। ਇਸੇ ਕਰਕੇ ਸੰਗੀਤ ਦੇ ਖੇਤਰ ਦਾ ਹਰ ਗਾਇਕ ਜਾਂ ਅਧਿਆਪਕ ਸੰਗੀਤ ਰਚਨਾਕਾਰ ਤਾਂ ਨਹੀਂ ਹੋ ਸਕਦਾ। ਗੁਰਮਤਿ ਸੰਗੀਤ ਵਿਚ ਸ਼ਬਦ ਰਚਨਾ ਸੰਗੀਤ ਦੀਆਂ ਦੂਸਰੀਆਂ ਪਰੰਪਰਾਵਾਂ ਨਾਲੋਂ ਹੋਰ ਵੀ ਕਠਿਨ ਕਾਰਜ ਹੈ। ਸ਼ਬਦ ਤੇ ਸੰਗੀਤ ਨੂੰ 'ਕੀਰਤਨ' ਹਿਤ ਰਚਨਾ ਵਜੋਂ ਪ੍ਰਸਤੁਤ ਕਰਨ ਲਈ ਜ਼ਰੂਰੀ ਹੈ ਮਨ, ਬਚ, ਕਰਮ ਕਰਕੇ 'ਸ਼ਬਦ' ਨਾਲ ਅਨੁਭਵ ਦੇ ਪੱਧਰ ਤੇ ਜੁੜਨਾ, ਕੀਰਤਨ ਰੂਪ ਵਿਚ ਸ਼ਬਦ ਨੂੰ ਸੰਗੀਤਕ ਕੈਨਵਸ ਉੱਤੇ ਸੰਪੂਰਣ ਕਰਨਾ, ਦੁਧਾਰੀ ਤਲਵਾਰ ਦੇ ਚਲਣ ਸਮਾਨ ਹੈ।

ਰਚਨਾਕਾਰ ਦੇ ਤੌਰ ਤੇ ਪ੍ਰੋ. ਕਰਤਾਰ ਸਿੰਘ ਦੀਆਂ ਹੁਣ ਤੱਕ ਤਿੰਨ ਪੁਸਤਕਾਂ ਉਪਲਬੱਧ ਹਨ ਜਿਨ੍ਹਾਂ ਵਿਚ 'ਗੁਰਬਾਣੀ ਸੰਗੀਤ ਦਰਪਣ' (1996), 'ਗੁਰੂ ਅੰਗਦ ਦੇਵ ਸੰਗੀਤ ਦਰਪਣ' (2004) ਅਤੇ 'ਗੁਰਮਤਿ ਸੰਗੀਤ ਦਰਪਣ' (ਭਾਗ ਪਹਿਲਾ (2003), ਭਾਗ ਦੂਜਾ (2006), ਭਾਗ ਤੀਜਾ (2010)) ਦੇ ਨਾਮ ਸ਼ਾਮਲ ਹਨ। ਇਹ ਸਾਰੀਆਂ ਪੁਸਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਪੁਸਤਕਾਂ ਵਿਚ ਗੁਰਮਤਿ ਸੰਗੀਤ ਦੇ 100 ਤੋਂ ਵੱਧ ਨਿਰਧਾਰਤ ਅਤੇ ਮਿਸ਼ਰਤ ਰਾਗਾਂ ਅਧੀਨ 1200 ਤੋਂ ਵੱਧ ਸ਼ਬਦ ਕੀਰਤਨ ਰਚਨਾਵਾਂ ਦਾ ਵਿਸ਼ਾਲ ਸੰਗ੍ਰਹਿ ਮੌਜੂਦ ਹੈ। ਇਹ ਸਾਰੀਆਂ ਸ਼ਬਦ ਕੀਰਤਨ ਰਚਨਾਵਾਂ ਵੱਖ-ਵੱਖ ਗਾਇਨ ਸ਼ੈਲੀਆਂ ਜਿਵੇਂ ਧਰੁਪਦ, ਧਮਾਰ, ਖਿਆਲ, ਪੜਤਾਲ, ਘੋੜੀਆਂ, ਅਲਾਹੁਣੀਆਂ ਆਦਿ ਵਿਚ ਸੁਰਲਿਪੀ ਬੱਧ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਹਿਤ ਆਪ ਵਲੋਂ ਵੱਖ-ਵੱਖ ਪ੍ਰਚਲਿਤ ਅਤੇ ਅਪ੍ਰਚਲਿਤ ਸਰਲ ਤੇ ਵਿਕਟ ਤਾਲਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਪੁਸਤਕਾਂ ਵਿਚ ਗੁਰਮਤਿ ਸੰਗੀਤ ਪ੍ਰਤੀ ਸੰਖੇਪਿਤ ਜਾਣਕਾਰੀ ਵੀ ਦਰਜ ਕੀਤੀ ਗਈ ਹੈ। ਇਹ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ  ਦੀ ਵੈਬਸਾਈਟ www.gurmatsangeetlibrary.wordpress.com 'ਤੇ ਅਪਲੋਡ ਵੀ ਕੀਤੀਆਂ ਗਈਆਂ ਹਨ।
 
ਵਰਤਮਾਨ ਸਮੇਂ ਗੁਰਮਤਿ ਸੰਗੀਤ ਅਕੈਡਮੀ, ਅਨੰਦਪੁਰ ਸਾਹਿਬ ਦੇ ਡਾਇਰੈਕਟਰ ਵਜੋਂ  ਕਾਰਜਰਤ ਪ੍ਰੋ. ਕਰਤਾਰ ਸਿੰਘ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਡਮੁੱਲੇ ਯੋਗਦਾਨ ਹਿਤ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਸੰਸਥਾਵਾਂ ਵਲੋਂ ਸਮੇਂ-ਸਮੇਂ ਤੇ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ ਹੈ।
 
ਗੁਰਮਤਿ ਸੰਗੀਤ ਦੇ ਖੇਤਰ ਵਿਚ ਪ੍ਰੋ. ਕਰਤਾਰ ਸਿੰਘ ਦਾ ਕਾਰਜ ਇਕ ਨਿਵੇਕਲੀ ਧਾਰਾ ਵਜੋਂ ਪਛਾਣਿਆ ਜਾਂਦਾ ਰਹੇਗਾ। ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਨਾਲ ਅੱਜ ਪ੍ਰੋ. ਕਰਤਾਰ ਸਿੰਘ ਤੋਂ ਅਸੀਂ ਹੋਰ ਗੁਰਮਤਿ ਸੰਗੀਤ ਰਚਨਾਵਾਂ ਦੀ ਆਸ ਰਖਦੇ ਹਾਂ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *