*ਗੁਰਨਾਮ ਸਿੰਘ (ਡਾ.)
ਗੁਰਮਤਿ ਸੰਗੀਤ ਦੇ ਸ਼ਬਦ ਕੀਰਤਨ ਰਚਨਾਕਾਰ ਰਾਗੀ ਜਸਵੰਤ ਸਿੰਘ ਤੀਬਰ ਗੁਰਮਤਿ ਸੰਗੀਤ ਪਰੰਪਰਾ ਦੇ ਪ੍ਰਸਿੱਧ ਵਿਦਵਾਨ ਕੀਰਤਨੀਏ ਅਤੇ ਸੁਰਲਿਪੀਕਾਰ ਹੋਏ ਹਨ। ਆਪ ਹਮੇਸ਼ਾ ਗੁਰਮਤਿ ਸੰਗੀਤ ਦੀ ਵਿਹਾਰਕਤਾ ਅਤੇ ਸਿਧਾਂਤਕਤਾ ਪ੍ਰਤੀ ਕਾਰਜਸ਼ੀਲ ਰਹੇ। ਇਕ ਕੀਰਤਨੀਏ ਦੇ ਤੌਰ ’ਤੇ ਆਪ ਨੇ ਗੁਰਮਤਿ ਸੰਗੀਤ ਦਾ ਪ੍ਰਚਾਰ ਪ੍ਰਸਾਰ ਦੇਸ਼ਾਂ ਵਿਦੇਸ਼ਾਂ ਵਿਚ ਕੀਤਾ। ਗੁਰਮਤਿ ਸੰਗੀਤ ਦੀ ਭਵਿੱਖਤ ਪੀੜ੍ਹੀ ਲਈ ਆਪ ਨੇ ‘ਸੰਗੀਤ ਸਾਗਰ’ ਪੁਸਤਕ ਦੀ ਰਚਨਾ ਕਰਕੇ ਇਸ ਦੀ ਸਿਧਾਂਤਕਤਾ ਹਿਤ ਅਹਿਮ ਭੂਮਿਕਾ ਨਿਭਾਈ। ਇਸ ਪੁਸਤਕ ਵਿਚ ਦਰਜ ਸ਼ਬਦ ਕੀਰਤਨ ਰਚਨਾਵਾਂ ਆਪ ਦੀ ਵਿਦਵਤਾ ਦੀ ਮਿਸਾਲ ਹਨ। ਆਪ ਜੀਵਨ ਭਰ ਗੁਰਮਤਿ ਸੰਗੀਤ ਦੀ ਪ੍ਰਫੁਲੱਤਾ ਪ੍ਰਤੀ ਨਿਰੰਤਰ ਕਾਰਜਸ਼ੀਲ ਰਹੇ ਹਨ।
ਸ਼ਬਦ ਕੀਰਤਨ ਰਚਨਾਕਾਰ ਰਾਗੀ ਜਸਵੰਤ ਸਿੰਘ ਤੀਬਰ ਦਾ ਜਨਮ 10 ਜੁਲਾਈ, 1913 ਵਿਚ ਪਿੰਡ ਕੁਲਾਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਦੇ ਪਿਤਾ ਸ. ਕੇਹਰ ਸਿੰਘ ਅਤੇ ਮਾਤਾ ਰਾਜ ਕੌਰ ਗੁਰਸਿੱਖ ਪਰਿਵਾਰ ਨਾਲ ਸਬੰਧ ਰਖਦੇ ਸਨ। ਬਚਪਨ ਵਿਚ ਚੇਚਕ ਦੀ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਆਪ ਦੀਆਂ ਅੱਖਾਂ ਦੀ ਜੋਤ ਹਮੇਸ਼ਾ ਲਈ ਚਲੀ ਗਈ। ਅਦਿੱਖ ਜੀਵਨ ਕਾਰਨ ਆਪ ਸਕੂਲੀ ਪੜ੍ਹਾਈ ਪ੍ਰਾਪਤ ਕਰਨ ਵਿਚ ਸਫ਼ਲ ਨਹੀਂ ਹੋ ਸਕੇ। ਬਾਲ ਜਸਵੰਤ ਸਿੰਘ ਦੇ ਭਵਿੱਖ ਪ੍ਰਤੀ ਚਿੰਤਤ ਮਾਤਾ-ਪਿਤਾ ਨੇ ਆਪ ਨੂੰ ਗੁਰਬਾਣੀ ਦੀ ਸੰਥਿਆ ਦਿਵਾਉਣ ਲਈ ਪਿੰਡ ਕੁਲਾਰ ਦੇ ਗ੍ਰੰਥੀ ਭਾਈ ਪੂਰਨ ਸਿੰਘ ਕੋਲ ਭੇਜ ਦਿੱਤਾ। ਇਥੇ ਆਪ ਨੇ ਨਿਤਨੇਮ ਦੀਆਂ ਪੰਜ ਬਾਣੀਆਂ ਅਤੇ ਹੋਰ ਪ੍ਰਚਲਿਤ ਬਾਣੀਆਂ ਦੇ ਕਈ ਸ਼ਬਦ ਕੰਠ ਕੀਤੇ।
ਰਾਗੀ ਜਸਵੰਤ ਸਿੰਘ ਤੀਬਰ ਬਚਪਨ ਤੋਂ ਭਰ ਜਵਾਨੀ ਦੀ ਉਮਰ ਤੱਕ ਗੁਰਮਤਿ ਸੰਗੀਤ ਅਤੇ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਦੇ ਰਹੇ। ਆਪ ਨੇ ਇਕ ਸਦੀ ਤੋਂ ਚਲਦੀ ਆ ਰਹੀ ਗੁਰਮਤਿ ਸੰਗੀਤ ਪਰੰਪਰਾ ਦੀ ਪ੍ਰਸਿੱਧ 'ਦੋਧਰ ਟਕਸਾਲ' ਵਿਖੇ ਰਹਿ ਕੇ ਤਕਰੀਬਨ ਪੰਦਰਾਂ ਸਾਲ (1924 ਤੋਂ 1939 ਤੱਕ) ਨਿਰੰਤਰ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਆਪ ਨੇ ਦੋਧਰ ਵਿਖੇ ਰਹਿ ਕੇ ਸਾਰੰਦਾ, ਤਾਊਸ, ਦੋ ਤਾਰਾ, ਵਾਇਲਨ, ਜਲਤਰੰਗ, ਹਰਮੋਨੀਅਮ ਆਦਿ ਅਨੇਕਾ ਸਾਜ਼ਾਂ ਨੂੰ ਵੀ ਸਿੱਖਿਆ। ਕੁਝ ਸਮਾਂ ਆਪ ਨੇ ਪੰਡਤ ਨੱਥੂ ਰਾਮ ਕੋਲੋਂ ਤਰਨਤਾਰਨ ਜਾ ਕੇ ਰਾਗ ਵਿਦਿਆ ਦੀ ਸਿੱਖਿਆ ਪ੍ਰਾਪਤ ਕੀਤੀ। ਸ਼ਾਸਤਰੀ ਸੰਗੀਤ ਦੀ ਸਿੱਖਿਆ ਆਪ ਨੇ ਉਸਤਾਦ ਝੰਡੇ ਖਾਨ ਤੋਂ ਪ੍ਰਾਪਤ ਕੀਤੀ। ਸੰਗੀਤ ਪ੍ਰਤੀ ਆਪ ਦੀ ਚੇਟਕ ਆਪ ਨੂੰ ਕਲਕੱਤੇ ਲੈ ਗਈ ਜਿਥੇ ਆਪ ਨੇ ਉਸਤਾਦ ਸ਼ਾਮ ਸਿੰਘ ਗੰਗੋਲੀ ਤੋਂ ਸਿਤਾਰ ਵਾਦਨ ਅਤੇ ਉਸਤਾਦ ਕਰਾਮਤਉਲ੍ਹਾ ਖਾਂ ਤੋਂ ਫਰੂਖਾਬਾਦ ਘਰਾਣੇ ਦੀ ਗਾਇਕੀ ਸਿੱਖੀ। ਪੰਜਾਬ ਪਰਤਦਿਆਂ ਆਪ ਨੇ ੳੇੁਸਤਾਦ ਲਛੱਮਣ ਸਿੰਘ ਗੰਧਰਵ ਤੋਂ ਹਿੰਦੁਸਤਾਨੀ ਤੇ ਕਰਨਾਟਕੀ ਸੰਗੀਤ ਪੱਧਤੀਆਂ ਦਾ ਅਧਿਐਨ ਕੀਤਾ। ਉਪਰੰਤ ਆਪਣੇ ਜੀਵਨ ਨੂੰ ਰੁਸ਼ਨਾਉਣ ਹਿਤ ਆਪ ਨੇ ਸ਼ਬਦ ਕੀਰਤਨ ਨੂੰ ਜੀਵਨ ਦਾ ਅਨਿੱਖੜ ਅੰਗ ਬਣਾਇਆ।
ਰਚਨਾਕਾਰ ਰਾਗੀ ਜਸਵੰਤ ਸਿੰਘ ਤੀਬਰ ਨੇ ਸੰਨ 1940 ਤੋਂ 1983 ਤੱਕ ਸ਼ਬਦ ਕੀਰਤਨ ਕਰਨ ਅਤੇ ਸਿਖਾਉਣ ਦਾ ਕਾਰਜ ਕੀਤਾ। ਆਪ ਨੇ ਦੇਸ਼ ਵਿਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਜਾ ਕੇ ਅਨੇਕਾਂ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਨਾਲ ਜੋੜਿਆ। ਪੇਸ਼ੇਵਰ ਰਾਗੀ ਸਿੰਘਾਂ ਲਈ ਆਪ ਨੇ ਰਾਗੀ ਕਲਾਸ ਸ਼ੁਰੂ ਕੀਤੀ ਅਤੇ ਇਸ ਦੇ ਅੰਤਰਗਤ ਕੀਰਤਨ ਦੀ ਸਿਖਲਾਈ ਦਿੱਤੀ। ਸਭ ਤੋਂ ਪਹਿਲਾਂ ‘ਦੋਧਰ ਟਕਸਾਲ’ ਦੇ ਮੁਖੀ ਸੰਤ ਮੰਗਲ ਸਿੰਘ ਦੀ ਪ੍ਰੇਰਨਾ ਦੁਆਰਾ ਪਿੰਡ ਭਸੀਨ, ਮਿੰਟਗੁਮਰੀ ਵਿਖੇ ਸੰਗੀਤ ਵਿਦਿਆਲਾ ਸਥਾਪਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿਖਿਆ ਦੇਣੀ ਪ੍ਰਾਰੰਭ ਕੀਤੀ। ਉਪਰੰਤ ਦੇਸ਼ ਵਿਦੇਸ਼ ਦੇ ਸ਼ਹਿਰਾਂ ਤੇ ਗੁਰਦੁਆਰਿਆਂ ਜਿਵੇਂ ਗੁਰੂ ਨਾਨਕ ਮਹਾ ਵਿਦਿਆਲਾ, ਪਿੰਡ ਮਾਨਪੁਰ ਖੰਟ, ਜ਼ਿਲ੍ਹਾ ਰੋਪੜ; ਗੁਰਦੁਆਰਾ ਦੂਖਨਿਵਾਰਨ ਸਾਹਿਬ, ਪਟਿਆਲਾ; ਗੁਰਦੁਆਰਾ ਚੂਹੜਕਾਣਾ, ਜ਼ਿਲ੍ਹਾ ਸੇਖੁਪੁਰਾ; ਆਪਣੇ ਨੇੜਲੇ ਪਿੰਡ ਹੇਰਾਂ ਦਾ ਗੁਰਦੁਆਰਾ ਸਾਹਿਬ; ਗੁਰਦੁਆਰਾ ਫਲਾਈ ਸਾਹਿਬ, ਲੁਧਿਆਣਾ; ਗੁਰਦੁਆਰਾ ਬੜੀ ਸੰਗਤ, ਕਲਕੱਤਾ; ਬ੍ਰਹਮ ਗਿਆਨੀ ਸੰਤ ਅੱਤਰ ਸਿੰਘ ਮਸਤੂਆਣਾ ਦੇ ਜਨਮ ਅਸਥਾਨ ਚੀਮਾ; ਪਿੰਡ ਮੁਲਾਂਪੁਰ ਦੇ ਇਤਿਹਾਸਕ ਗੁਰਦੁਆਰੇ ਆਦਿ ਵਿਖੇ ਸ਼ਬਦ ਕੀਰਤਨ ਸਿਖਾਉਣ ਦੀ ਸੇਵਾ ਕੀਤੀ। ਦਮਦਮੀ ਟਕਸਾਲ ਦੇ ਤੇਰਵੇਂ ਮੁੱਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਪਿੰਡ ਮਹਿਤਾ, ਅੰਮ੍ਰਿਤਸਰ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਚਲ ਰਹੀ ਰਾਗੀ ਕਲਾਸ ਦਾ ਸਾਰਾ ਪ੍ਰਬੰਧ ਤਕਰੀਬਨ ਤਿੰਨ ਸਾਲ ਆਪ ਨੂੰ ਸੌਂਪੀ ਰੱਖਿਆ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਆਪ ਦਾ ਬੜਾ ਸਤਿਕਾਰ ਕਰਦੇ ਸਨ ਅਤੇ ਕਈ ਵਾਰ ਆਪ ਨਾਲ ਰਾਗ ਸਿਧਾਂਤ ਬਾਰੇ ਵਿਚਾਰ ਗੋਸ਼ਟੀ ਵੀ ਕਰਦੇ ਰਹਿੰਦੇ ਸਨ। ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਹਿਤ ਆਪ ਨੇ ਦੇਸ਼ ਵਿਦੇਸ਼ ਦੇ ਕਈ ਦੌਰੇ ਕੀਤੇ। 1980 ਅਤੇ 1982 ਵਿਚ ਆਪ ਸਿੰਗਾਪੁਰ ਅਤੇ 1982 ਵਿਚ ਹੀ ਕੈਲਗਰੀ (ਕੈਨੇਡਾ) ਆਦਿ ਵਿਖੇ ਗਏ। ਆਪ ਲੋੜਵੰਦ ਵਿਦਿਆਰਥੀਆਂ ਨੂੰ ਬਿਨਾ ਫੀਸ ਗੁਰਮਤਿ ਸੰਗੀਤ ਦੀ ਸਿੱਖਿਆ ਦਿੰਦੇ ਰਹੇ। ਆਪ ਦੇ ਤਕਰੀਬਨ 2000 ਤੋਂ ਵੱਧ ਵਿਦਿਆਰਥੀ ਹਨ ਜੋ ਦੇਸ਼ਾਂ ਵਿਦੇਸ਼ਾਂ ਵਿਚ ਗੁਰਮਤਿ ਸੰਗੀਤ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਵਿਦਿਆਰਥੀਆਂ ਨੂੰ ਸ਼ਬਦ ਕੀਰਤਨ ਦੀ ਸਿੱਖਿਆ ਦੇਣ ਪ੍ਰਤੀ ਆਪ ਹਮੇਸ਼ਾ ਪਰਮਾਤਮਾ ਦੇ ਸ਼ੁਕਰਗੁਜ਼ਾਰ ਰਹੇ। ਕੀਰਤਨ ਦੀ ਸਿੱਖਿਆ ਦੇਣੀ ਆਪ ਨੂੰ ਇੰਝ ਜਾਪਦਾ ਸੀ ਜਿਵੇਂ ਪਰਮਾਤਮਾ ਨੇ ਸਿਰਫ ਇਸੇ ਕੰਮ ਲਈ ਆਪ ਨੂੰ ਸੰਸਾਰ ਵਿਚ ਭੇਜਿਆ ਹੋਵੇ।
ਰਾਗੀ ਜਸਵੰਤ ਸਿੰਘ ਤੀਬਰ ਨੇ ਵਕਤ ਦੀ ਲੋੜ ਮਹਿਸੂਸ ਕਰਦਿਆਂ ‘ਸੰਗੀਤ ਸਾਗਰ’ ਨਾਮਕ ਪੁਸਤਕ ਦੀ ਰਚਨਾ ਕੀਤੀ। ਇਸ ਪੁਸਤਕ ਨੂੰ ਆਪ ਦੇ ਪਰਿਵਾਰ ਵਾਲਿਆਂ ਨੇ ਦਮਦਮੀ ਟਕਸਾਲ, ਪਿੰਡ ਮਹਿਤਾ, ਅੰਮ੍ਰਿਤਸਰ ਦੁਆਰਾ ਸੰਨ 1986 ਵਿਚ ਪ੍ਰਕਾਸ਼ਿਤ ਕਰਵਾਇਆ। ਇਸ ਪੁਸਤਕ ਵਿਚ ਵਿਦਿਆਲੇ ਦੇ ਨਿਯਮ, ਵਿਦਿਆਲੇ ਦੇ ਸਾਬਕਾ ਪ੍ਰਿੰਸੀਪਲਾਂ ਦੇ ਨਾਮ, ਗੁਰਮਤਿ ਸੰਗੀਤ ਦੀ ਦੋਧਰ ਟਕਸਾਲ ਬਾਰੇ ਵਿਸ਼ੇਸ਼ ਜਾਣਕਾਰੀ, ਪੁਸਤਕ ਵਿਚ ਵਰਤੀ ਗਈ ਸੁਰਲਿਪੀ ਦੇ ਚਿੰਨ੍ਹ, ਤਾਲਾਂ ਦੇ ਬੋਲ, ਆਰਤੀ, ਲਾਵਾਂ ਤੋਂ ਇਲਾਵਾ ਭਾਰਤੀ ਅਤੇ ਗੁਰਮਤਿ ਸੰਗੀਤ ਦੇ 100 ਤੋਂ ਵੱਧ ਰਾਗਾਂ ਵਿਚ 440 ਸ਼ਬਦ ਕੀਰਤਨ ਰਚਨਾਵਾਂ ਦਰਜ ਕੀਤੀਆਂ ਗਈਆਂ। ਇਸ ਪੁਸਤਕ ਵਿਚ ਆਪ ਦੁਆਰਾ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਤੇ ਛੇ ਸੰਤਾਂ ਭਗਤਾਂ ਜਿਨ੍ਹਾਂ ਵਿਚ ਭਗਤ ਨਾਮਦੇਵ, ਭਗਤ ਕਬੀਰ, ਸ਼ੇਖ ਫਰੀਦ, ਭਗਤ ਪੀਪਾ, ਭਗਤ ਰਾਮਾਨੰਦ ਅਤੇ ਭਗਤ ਰਵਿਦਾਸ ਜੀ ਦੀਆਂ ਬਾਣੀ ਰਚਨਾਵਾਂ ਨੂੰ ਸੁਰਲਿਪੀਬੱਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਈ ਗੁਰਦਾਸ ਅਤੇ ਭਾਈ ਨੰਦਲਾਲ ਦੀਆਂ ਰਚਨਾਵਾਂ ਵੀ ਇਨ੍ਹਾਂ ਦੀ ਸੁਰਲਿਪੀ ਦਾ ਵਿਸ਼ਾ ਰਹੀਆਂ ਹਨ। ਇਸ ਪੁਸਤਕ ਵਿਚ ਧਰੁਪਦ ਅੰਗ ਤੋਂ 14 ਅਤੇ ਧਮਾਰ ਅੰਗ ਤੋਂ 15 ਸ਼ਬਦ ਕੀਰਤਨ ਰਚਨਾਵਾਂ ਸੁਰਲਿਪੀ ਬੱਧ ਮਿਲਦੀਆਂ ਹਨ। ਇਸੇ ਤਰ੍ਹਾਂ ਗੁਰਮਤਿ ਸੰਗੀਤ ਦੀ ਪੜਤਾਲ ਗਾਇਨ ਸ਼ੈਲੀ ਦੀਆਂ ਦੋ ਸ਼ਬਦ ਕੀਰਤਨ ਰਚਨਾਵਾਂ ਵੀ ਪ੍ਰਾਪਤ ਹੁੰਦੀਆਂ ਹਨ। ਇਸ ਪੁਸਤਕ ਵਿਚ ਗੁਰਮਤਿ ਸੰਗੀਤ ਵਿਧਾਨ ਅਨੁਸਾਰੀ 32 ਸ਼ਬਦ ਕੀਰਤਨ ਰਚਨਾਵਾਂ ਵੱਖ-ਵੱਖ 12 ਰਾਗ ਤੇ ਰਾਗ ਪ੍ਰਕਾਰਾਂ (ਰਾਗ ਆਸਾ, ਨਟ, ਸਾਰੰਗ, ਧਨਾਸਰੀ, ਕਲਿਆਣ, ਕੇਦਾਰਾ, ਭੈਰਉ, ਗਉੜੀ, ਕਾਨੜਾ, ਟੋਡੀ, ਜੈਤਸਰੀ ਅਤੇ ਸਿਰੀ ਰਾਗ) ਅਧੀਨ ਸੁਰਲਿਪੀ ਬੱਧ ਕੀਤੀਆਂ ਗਈਆਂ ਹਨ। ਗੁਰਮਤਿ ਸੰਗੀਤ ਦੇ ਨਿਰਧਾਰਿਤ ਰਾਗਾਂ ਦੀ ਧਾਰਾ ਅਧੀਨ ਇਸ ਪੁਸਤਕ ਵਿਚ 56 ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ। ਗੁਰਮਤਿ ਸੰਗੀਤ ਦੀ ਸ਼ਬਦ ਰੀਤ ਧਾਰਾ ਅਧੀਨ 372 ਸ਼ਬਦ ਕੀਰਤਨ ਰਚਨਾਵਾਂ ਸੁਰਲਿਪੀ ਬੱਧ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਹਿਤ ਆਪ ਵਲੋਂ ਛੋਟਾ ਕਹਿਰਵਾ, ਵੱਡਾ ਕਹਿਰਵਾ, ਦਾਦਰਾ, ਰੂਪਕ, ਤਿੰਨ ਤਾਲ, ਇੱਕ ਤਾਲ, ਝਪਤਾਲ, ਸੂਲਫ਼ਾਕ, ਸੂਲਫਾਕ ਊਂਟਾ ਦੀਪਚੰਦੀ, ਕੈਦ ਫਰੋਦਸਤ, ਜੈ ਮੰਗਲ, ਗਣੇਸ਼, ਸਾਰ ਤਾਲ, ਮਤ ਤਾਲ, ਧਮਾਰ ਤਾਲ, ਫਰੋਦਸਤ ਚਾਰ ਤਾਲ ਇੰਦਰ, ਸ਼ਿਖਰ, ਗਜਝੰਪਾ, ਗਜ਼ਲੀਲਾ, ਆਡਾ ਚੌਤਾਲ, ਅਸ਼ਟਮੰਗਲ, ਸਵਾਰੀ ਪੰਜਤਾਲ, ਪੰਜਾਬੀ ਠੇਕਾ, ਤਲਵਾੜਾ ਆਦਿ ਵਿਕਟ ਅਤੇ ਸਰਲ ਤਾਲਾਂ ਦਾ ਪ੍ਰਯੋਗ ਕੀਤਾ ਗਿਆ ਹੈ। ‘ਸੰਗੀਤ ਸਾਗਰ’ ਪੁਸਤਕ ਵਿਚ ਦਰਜ ਸ਼ਬਦ ਕੀਰਤਨ ਰਚਨਾਵਾਂ ਹਿਤ ਤੀਬਰ ਸਾਹਿਬ ਵਲੋਂ ਭਾਤਖੰਡੇ ਸੁਰਲਿਪੀ ਦਾ ਪ੍ਰਯੋਗ ਕੀਤਾ ਗਿਆ ਹੈ।
ਦੇਸ਼ ਵਿਦੇਸ਼ ਵਿਚ ਬੈਠੇ ਗੁਰਮਤਿ ਸੰਗੀਤ ਖੋਜਾਰਥੀਆਂ, ਵਿਦਿਆਰਥੀਆਂ ਅਤੇ ਪਾਠਕਾਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਵਲੋਂ ਰਾਗੀ ਜਸਵੰਤ ਸਿੰਘ ਤੀਬਰ ਹੁਰਾਂ ਦੀ ਉਕਤ ਪ੍ਰਕਾਸ਼ਿਤ ਪੁਸਤਕ ਡਿਜ਼ੀਟਾਈਜ਼ਡ ਕਰਨ ਉਪਰੰਤ ਵੈਬਸਾਈਟ www.gurmatsangeetlibrary.wordpress.com ’ਤੇ ਅਪਲੋਡ ਕੀਤੀ ਗਈ ਹੈ।
ਰਾਗੀ ਜਸਵੰਤ ਸਿੰਘ ਤੀਬਰ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਆਪ ਦੁਆਰਾ ਅਨੇਕਾ ਗੁਰਮਤਿ ਸੰਗੀਤ ਦੇ ਸੂਝਵਾਨ ਵਿਦਿਆਰਥੀ ਤਿਆਰ ਕੀਤੇ ਗਏ ਹਨ। ਗੁਰਮਤਿ ਸੰਗੀਤ ਦੇ ਅਕਾਦਮਿਕ ਪੱਧਰ ਨੂੰ ਮਜਬੂਤ ਕਰਨ ਹਿਤ ਆਪ ਨੇ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਆਪ ਵਲੋਂ ਗੁਰਮਤਿ ਸੰਗੀਤ ਦੀ ਅਕਾਦਮਿਕਤਾ ਦੀ ਆਰੰਭਤਾ ਲਈ ਕੀਤੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ