*ਗੁਰਨਾਮ ਸਿੰਘ (ਡਾ.)
ਡਾ. ਜਾਗੀਰ ਸਿੰਘ ਗੁਰਮਤਿ ਸੰਗੀਤ ਦੇ ਖੇਤਰ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਕਾਰਜਸ਼ੀਲ ਨਾਮਾਵਰ ਸ਼ਖਸੀਅਤ ਹਨ। ਆਪ ਨੇ ਆਪਣੀਆਂ ਖੋਜ ਭਰਪੂਰ ਲਿਖਤਾਂ, ਕੀਰਤਨ ਦੀਆਂ ਵਿਸ਼ੇਸ਼ ਆਡੀਓ ਵੀਡੀਓ ਰਿਕਾਰਡਿੰਗਜ਼ ਅਤੇ ਵਿਵਹਾਰਕ ਰੂਪ ਵਿਚ ਕੀਰਤਨ ਦੀ ਨਿਰੰਤਰ ਸੇਵਾ ਦੁਆਰਾ, ਅੰਤਰ ਰਾਸ਼ਟਰੀ ਪੱਧਰ ਉਤੇ ਮਹਤੱਵਪੂਰਨ ਪ੍ਰਾਪਤੀਆਂ ਕੀਤੀਆਂ ਹਨ।
ਡਾ. ਜਾਗੀਰ ਸਿੰਘ ਨੂੰ ਸੰਗੀਤ ਤੇ ਗੁਰਮਤਿ ਸੰਗੀਤ ਦੀ ਸਿੱਖਿਆ ਵਿਰਾਸਤ ਵਿਚੋਂ ਪ੍ਰਾਪਤ ਹੋਈ। ਆਪ ਨੇ ਸ਼ਬਦ ਕੀਰਤਨ ਦੀ ਸਿਖਲਾਈ ਆਪਣੇ ਪਿਤਾ ਸ਼ਰੋਮਣੀ ਰਾਗੀ ਭਾਈ ਉਤਮ ਸਿੰਘ ਪਾਸੋਂ ਪ੍ਰਾਪਤ ਕੀਤੀ ਅਤੇ ਭਾਈ ਬਖਸ਼ੀਸ਼ ਸਿੰਘ ਨਾਲ ਤਿੰਨ ਸਾਲ ਬਤੌਰ ਸਹਾਇਕ ਰਾਗੀ ਕੀਰਤਨ ਕਰਦਿਆਂ ਵੀ ਕਾਫੀ ਕੁੱਝ ਸਿੱਖਿਆ। ਇਨ੍ਹਾਂ ਤੋਂ ਇਲਾਵਾ ਆਪ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਆਗਰਾ ਘਰਾਣੇ ਦੇ ਪ੍ਰਸਿੱਧ ਗਾਇਕ ਪੰਡਤ ਯਸ਼ਪਾਲ ਜੀ ਪਾਸੋਂ ਪ੍ਰਾਪਤ ਕੀਤੀ। ਆਪ ਨੇ ਪੰਜਾਬੀ, ਸੰਗੀਤ ਅਤੇ ਧਰਮ ਅਧਿਐਨ ਵਿਚ ਐਮ.ਏ. ਕਰਨ ਤੋਂ ਇਲਾਵਾ "ਗੁਰੂ ਸਾਹਿਬਾਨ ਦੀ ਬਾਣੀ ਅਤੇ ਸੰਗੀਤ ਦੇ ਅੰਤਰ ਸਬੰਧ" ਵਿਸ਼ੇ ਉਤੇ ਪੀ-ਐਚ.ਡੀ. ਕਰਕੇ ਗੁਰਬਾਣੀ ਅਤੇ ਸੰਗੀਤ ਦੇ ਆਪਸੀ ਗਹਿਰੇ ਰਿਸ਼ਤੇ ਨੂੰ ਗੁਰਮਤਿ ਸੰਗੀਤ ਵਲੋਂ ਸਮਝਣ ਦਾ ਰਾਹ ਆਸਾਨ ਕੀਤਾ। ਉਚ ਵਿਦਿਆ ਪ੍ਰਾਪਤ ਹੋਣ ਦੇ ਨਾਤੇ ਆਪ ਗੁਰੂ ਘਰ ਦੇ ਕੀਰਤਨੀਆਂ ਲਈ ਇਕ ਆਦਰਸ਼ ਵਜੋਂ ਉਜਾਗਰ ਹੋਏ। ਆਪ ਨੇ ਆਪਣੀ ਅਕਾਦਮਿਕ ਸੇਵਾ ਦਾ ਆਰੰਭ ਗੁਰੂ ਗੋਬਿੰਦ ਕਾਲਜ, ਚੰਡੀਗੜ੍ਹ ਤੋਂ ਬਤੌਰ ਲੈਕਚਰਾਰ ਕੀਤਾ ਅਤੇ ਆਪ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਡਿਪਟੀ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਰਹੇ ਹਨ।
ਗੁਰਮਤਿ ਸੰਗੀਤ ਦੇ ਖੇਤਰ ਵਿਚ ਡਾ. ਜਾਗੀਰ ਸਿੰਘ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਆਪ ਨੂੰ 2003 ਵਿਚ ਸੰਗੀਤ ਨਾਟਕ ਅਕੈਡਮੀ, ਦਿੱਲੀ ਵਲੋਂ ਨੈਸ਼ਨਲ ਐਵਾਰਡ ਰਾਸ਼ਟਰਪਤੀ ਦੁਆਰਾ ਅਨੇਕ ਮਾਣ ਸਨਮਾਨ ਪਰਾਪਤ ਹੋਏ ਹਨ ਜਿਨ੍ਹਾਂ ਵਿਚ 1989 ਵਿਚ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਰਾਗੀ ਐਵਾਰਡ; ਅਤੇ 2002 ਵਿਚ ਜਵੱਦੀ ਟਕਸਾਲ, ਲੁਧਿਆਣਾ ਵਲੋਂ ਗੁਰਮਤਿ ਸੰਗੀਤ ਆਦਿ ਵਿਸ਼ੇਸ਼ ਹਨ।
ਉਕਤ ਪ੍ਰਾਪਤੀਆਂ ਤੋਂ ਇਲਾਵਾ ਡਾ. ਜਾਗੀਰ ਸਿੰਘ ਇਕ ਪ੍ਰਬੁੱਧ ਗੁਰਮਤਿ ਸੰਗੀਤ ਸ਼ਬਦ ਕੀਰਤਨ ਰਚਨਾਕਾਰ ਹਨ। ਕੀਰਤਨ ਦੇ ਰੂਪ ਵਿਚ ਆਪ ਦੀਆਂ ਵਿਸ਼ੇਸ਼ ਰਿਕਾਰਡਿੰਗਜ਼ ਤਾਂ ਸੰਗੀਤ ਜਗਤ ਵਿਚ ਮੌਜੂਦ ਹਨ ਹੀ, ਆਪ ਨੇ ਪੁਸਤਕ 'ਫਰੀਦ ਬਾਣੀ ਸੰਗੀਤਕ ਪਰਿਪੇਖ' ਵਿਚ ਰਾਗ ਆਸਾ, ਸੂਹੀ, ਸੂਹੀ ਲਲਿਤ, ਚੰਦਰ ਕੋਂਸ, ਮਲਾਰ, ਬੈਰਾਗੀ, ਸਾਰੰਗ, ਕਲਿਆਣ, ਸੋਰਠਿ, ਮਾਲਕੋਂਸ, ਤੁਖਾਰੀ, ਤਿਲੰਗ, ਕੀਰਵਾਨੀ ਰਾਗਾਂ ਵਿਚ ਫਰੀਦ ਜੀ ਦੀ ਬਾਣੀ ਨੂੰ ਸੁਰਲਿਪੀ ਬੱਧ ਕੀਤਾ ਹੈ ਜਿਹੜਾ ਇਸ ਦਿਸ਼ਾ ਵਿਚ ਨਿਵੇਕਲਾ ਕਾਰਜ ਹੈ। ਇਸ ਤਰ੍ਹਾਂ ਆਪ ਨੇ ਗੁਰਮਤਿ ਸੰਗੀਤ ਤੇ ਭਾਰਤੀ ਸੰਗੀਤ ਦੇ ਰਾਗਾਤਮਕ ਧਰਾਤਲ ਵਿਚ ਫਰੀਦ ਬਾਣੀ ਦੇ ਸੰਗੀਤਕ ਪਰਿਪੇਖ ਨੂੰ ਪਛਾਣਨ ਤੇ ਪੁਨਰ ਪ੍ਰਤਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਹਾਉ, ਅੰਕ ਅਤੇ ਸ਼ਬਦ ਕੀਰਤਨ ਸ਼ੈਲੀ ਦੀ ਪਾਲਣਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰਧਾਰਤ ਪਰੰਪਰਾ ਦੀਆਂ ਅਨੁਸਾਰੀ ਵੀ ਹਨ। ਇਨ੍ਹਾਂ ਵਿਚ ਸ਼ਬਦ ਕੀਰਤਨ ਅੰਗ ਨੂੰ ਕਾਇਮ ਰਖਣ ਦਾ ਪੂਰਨ ਯਤਨ ਕੀਤਾ ਗਿਆ ਹੈ।
ਡਾ. ਜਾਗੀਰ ਸਿੰਘ "ਅੰਮ੍ਰਿਤ ਕੀਰਤਨ ਟਰਸਟ" ਦੇ ਚੇਅਰਮੈਨ ਵਜੋਂ ਗੁਰਮਤਿ ਸੰਗੀਤ ਤੇ ਸੰਗੀਤ ਦੀ ਨਿਰੰਤਰ ਸੇਵਾ ਕਰ ਰਹੇ ਹਨ। 1989 ਤੋਂ ਮਾਸਕ ਪਤ੍ਰਿਕਾ "ਅੰਮ੍ਰਿਤ ਕੀਰਤਨ" ਦਾ ਬਤੌਰ ਸੰਪਾਦਨ ਨਿਰੰਤਰ ਪ੍ਰਕਾਸ਼ਨ, ਇਸ ਖੇਤਰ ਵਿਚ ਆਪ ਦੀ ਵਿਸ਼ੇਸ਼ ਪ੍ਰਤਿਬੱਧਤਾ ਦਾ ਪ੍ਰਤਖ ਪ੍ਰਮਾਣ ਹੈ ਜਿਸ ਵਿਚ ਆਪ ਜੀ ਦੀਆਂ ਗੁਰਮਤਿ ਸੰਗੀਤ ਸ਼ਬਦ ਕੀਰਤਨ ਰਚਨਾਵਾਂ ਪ੍ਰਕਾਸ਼ਤ ਹੁੰਦੀਆਂ ਹਨ।
ਡਾ. ਜਾਗੀਰ ਸਿੰਘ ਗੁਰਮਤਿ ਸੰਗੀਤ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵਜੋਂ ਸੇਵਾ ਨਿਵਰਿਤ ਹੋਏ ਹਨ। ਪੰਜਾਬੀ ਯੂਨੀਵਰਸਿਟੀ ਵਲੋ ਆਪ ਨੂੰ 2012-13 ਲਈ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਆਪ ਦੀਆਂ ਸ਼ਬਦ ਕੀਰਤਨ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਵਿਚ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਦੀ ਵੈਬਸਾਈਟ www.gurmatsangeetlibrary.wordpress.com ਦਾ ਹਿੱਸਾ ਹਨ। ਆਪ ਕੋਲੋਂ ਭਵਿੱਖ ਵਿਚ ਅਸੀਂ ਹੋਰ ਗੁਰਮਤਿ ਸੰਗੀਤ ਸ਼ਬਦ ਕੀਰਤਨ ਰਚਨਾਵਾਂ ਦੀ ਆਸ ਕਰਦੇ ਹਾਂ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਡਾ ਜਾਗੀਰ ਸਿੰਘ ਜੀ ਦਾ ਨਿੱਕਾ ਭਰਾ ਹੋਣ ਦਾ ਮਾਣ ਪਰਾਪਤ ਹੈ।
ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ