*ਗੁਰਨਾਮ ਸਿੰਘ (ਡਾ.)
ਉਸਤਾਦ ਸੁਰਜੀਤ ਸਿੰਘ ਗੁਰਮਤਿ ਸੰਗੀਤ ਦੇ ਟਕਸਾਲੀ ਸ਼ਬਦ ਕੀਰਤਨ ਰਚਨਾਕਾਰ ਹਨ। ਆਪ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਅਨੇਕ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਤਾਲੀਮ ਦਿਤੀ ਅਤੇ ਨਾਲ ਹੀ ਗੁਰਮਤਿ ਸੰਗੀਤ ਦੀ ਸਿਖਲਾਈ ਪਰੰਪਰਾ ਨੂੰ ਸ਼ਬਦ ਕੀਰਤਨ ਰਚਨਾਵਾਂ ਦੇ ਰੂਪ ਵਿਚ ਸੁਰਲਿਪੀ ਬੱਧ ਸੰਗ੍ਰਿਹਾਂ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ। ਰਾਗੀ ਸੁਰਜੀਤ ਸਿੰਘ ਨੇ ਗੁਰਮਤਿ ਸੰਗੀਤ ਅਤੇ ਤਬਲੇ ਦੀ ਆਰੰਭਿਕ ਸਿੱਖਿਆ ਸਿੰਘਾਂ ਵਾਲਾ ਟਕਸਾਲ ਤੋਂ ਆਰੰਭ ਕੀਤੀ ਜਿਸਦੀ ਸਥਾਪਨਾ 1882 ਵਿਚ ਭਾਈ ਸੁੰਦਰ ਸਿੰਘ ਤੇ ਭਾਈ ਗੁਰਚਰਨ ਸਿੰਘ ਨੇ ਮੋਗਾ ਕੋਟਕਪੁਰਾ ਦੀ ਮੁਖ ਸੜਕ ਤੇ ਸਥਿਤ ਪਿੰਡ ਸਿੰਘਾਂ ਵਾਲਾ ਵਿਖੇ ਕੀਤੀ ਸੀ। ਉਪਰੰਤ ਆਪ ਨੇ ਸੰਤ ਬਾਬਾ ਅਤਰ ਸਿੰਘ ਜੀ ਵਲੋਂ ਸਥਾਪਿਤ ਕੀਤੀ ਮਸਤੂਆਣਾ ਟਕਸਾਲ ਵਿਖੇ ਰਾਗੀ ਜਸਵੰਤ ਸਿੰਘ ਤੀਬਰ, ਉਸਤਾਦ ਦਲੀਪ ਸਿੰਘ (ਲੁਧਿਆਣਾ) ਅਤੇ ਪੰਡਿਤ ਚਿੰਤਾਮਣੀ ਤੋਂ ਸੰਗੀਤ ਸਿੱਖਿਆ ਪ੍ਰਾਪਤ ਕੀਤੀ। ਟਕਸਾਲ ਭਿੰਡਰਾਂ ਵਿਚ ਰਹਿ ਕੇ ਆਪ ਨੇ ਗਿਆਨੀ ਹਰਨੇਕ ਸਿੰਘ ਤੋਂ ਵੱਖ-ਵੱਖ ਗ੍ਰੰਥਾਂ ਦਾ ਅਧਿਐਨ ਕੀਤਾ। ਆਪ ਨੇ ਵੱਖ-ਵੱਖ ਸਥਾਨਾਂ ਤੇ ਜਾ ਕੇ ਵਿਦਿਆਰਥੀਆ ਨੂੰ ਗੁਰਮਤਿ ਸੰਗੀਤ ਹੀ ਸਿਖਾਇਆ ਅਤੇ ਸਿਖਾ ਰਹੇ ਹਨ ਜਿਨ੍ਹਾਂ ਵਿਚੋਂ ਸੰਤ ਬਾਬਾ ਸੰਤੋਖ ਸਿੰਘ ਗੁਰਦੁਆਰਾ ਨਾਨਕਸਰ ਚੀਮਾਂ ਵਿਖੇ ਬਾਬਾ ਖੇਮ ਸਿੰਘ ਭੁੱਚੋ ਵਾਲਿਆਂ ਕੋਲ ਸੇਵਾ ਕਰਦੇ ਰਹੇ। ਪੰਜ ਸਾਲ ਨਾਨਕ ਸਰ ਕਲੇਰਾਂ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਗੁਰਮਤਿ ਸੰਗੀਤ ਵਿਦਿਆਲਾ ਵਿਚ ਘਨੌਰੀ ਸੰਗਰੂਰ ਵਿਖੇ ਗੁਰਮਤਿ ਸੰਗੀਤ ਵਿਦਿਆਲੇ ਵਿਚ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਕੁਝ ਸਮਾਂ ਆਪ ਸੰਤ ਅਤਰ ਸਿੰਘ ਹਰੀ ਸਾਧੂ ਆਸ਼ਰਮ ਗੁਰਦੁਆਰਾ ਬੜੂ ਸਾਹਿਬ ਅਤੇ ਅੱਜ ਕੱਲ੍ਹ ਅਕਾਲ ਗੁਰਮਤਿ ਸੰਗੀਤ ਵਿਦਿਆਲਯ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਨੌਜਵਾਨ ਵਰਗ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦੇ ਰਹੇ ਹਨ।
ਗੁਰਮਤਿ ਸੰਗੀਤ ਦੇ ਖੇਤਰ ਵਿਚ ਰਾਗੀ ਸੁਰਜੀਤ ਸਿੰਘ ਨੇ ਚਾਰ ਪੁਸਤਕਾਂ ਲਿਖੀਆਂ ਹਨ। ਲੇਖਕ ਦੀ ਪਹਿਲੀ ਪੁਸਤਕ 'ਗੁਰਮਤਿ ਸੰਗੀਤ ਪੱਧਤੀ' ਵਿਚ ਗਉੜੀ ਦੇ ਪਰਕਾਰ, ਦੂਜੀ 'ਰਾਗਮਾਲਾ ਰਤਨਾਕਰ' ਤੇ ਤੀਜੀ 'ਦਸਮ ਗੁਰੂ ਗਿਰਾ ਸੰਗੀਤ ਛੰਦ' ਹੈ। ਇਨ੍ਹਾਂ ਪੁਸਤਕਾਂ ਦਾ ਪ੍ਰਕਾਸ਼ਨ ਕਲਗੀਧਰ ਟਰੱਸਟ ਸੰਤ ਅਤਰ ਸਿੰਘ ਹਰੀ ਸਾਧੂ ਆਸ਼ਰਮ ਗੁਰਦੁਆਰਾ ਬੜੂ ਸਾਹਿਬ ਨੇ 1999 ਅਤੇ 2000 ਵਿਚ ਕੀਤਾ। ਆਪ ਨੇ ਆਪਣੀ ਪਹਿਲੀ ਪੁਸਤਕ 'ਗੁਰਮਤਿ ਸੰਗੀਤ ਪੱਧਤੀ ਵਿਚ ਗਉੜੀ ਦੇ ਪਰਕਾਰ' ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਗਉੜੀ ਅਤੇ ਉਸ ਦੇ 11 ਪ੍ਰਕਾਰਾਂ ਵਿਚ 46 ਸ਼ਬਦ ਕੀਰਤਨ ਰਚਨਾਵਾਂ ਨੂੰ ਗਉੜੀ ਅਤੇ ਗਉੜੀ ਦੇ ਪ੍ਰਕਾਰਾਂ ਅਧੀਨ ਕੁੱਲ 13 ਰਾਗਾਂ ਵਿਚ ਸੁਰਲਿਪੀ ਬੱਧ ਕੀਤਾ ਹੈ।
ਗੁਰਮਤਿ ਸੰਗੀਤ ਰਚਨਾਕਾਰ ਉਸਤਾਦ ਸੁਰਜੀਤ ਸਿੰਘ ਦੀ ਦੂਜੀ ਪੁਸਤਕ 'ਰਾਗਮਾਲਾ ਰਤਨਾਕਰ' ਵਿਚ ਕੁੱਲ 30 ਸ਼ਬਦ ਕੀਰਤਨ ਰਚਨਾਵਾਂ ਵਖ-ਵਖ ਪ੍ਰਚਲਿਤ ਤੇ ਅਪ੍ਰਚਲਿਤ ਰਾਗਾਂ ਵਿਚ ਸੁਰਲਿਪੀਬਧ ਹਨ ਜਿਨ੍ਹਾਂ ਵਿਚੋਂ 25 ਸ਼ਬਦ ਕੀਰਤਨ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ, ਦੋ ਭਾਈ ਗੁਰਦਾਸ ਦੀਆ ਵਾਰਾਂ ਤੇ ਸ਼ਬਦ ਅਤੇ ਤਿੰਨ ਕਵਿਤਾਵਾਂ ਦੀਆਂ ਰਚਨਾਵਾਂ ਸ਼ਾਮਿਲ ਹਨ। ਇਸ ਪੁਸਤਕ ਵਿਚਲੀ ਹਰੇਕ ਸ਼ਬਦ ਕੀਰਤਨ ਰਚਨਾ ਨੂੰ ਗੁਲਦਸਤਾ ਸ਼ੈਲੀ ਵਿਚ ਨਿਬੱਧ ਕੀਤਾ ਗਿਆ ਹੈ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਦਰਜ 31 ਰਾਗਾਂ ਦੇ ਨਾਮ ਦੀ ਇਕ ਕਵਿਤਾ ਰੂਪੀ ਗੁਲਦਸਤਾ ਅੰਕਿਤ ਕੀਤਾ ਗਿਆ ਹੈ।
ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਹਿਤ ਉਸਤਾਦ ਸੁਰਜੀਤ ਸਿੰਘ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ। ਆਪ ਕੋਲੋਂ ਗੁਰਮਤਿ ਸੰਗੀਤ ਦੀ ਸਿਖਿਆ ਪ੍ਰਾਪਤ ਸੈਂਕੜੇ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਵਿਚ ਗੁਰਮਤਿ ਸੰਗੀਤ ਦੀ ਸੇਵਾ ਨਿਭਾ ਰਹੇ ਹਨ। ਆਪ ਦੀਆਂ ਸ਼ਬਦ ਕੀਰਤਨ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਵਿਚ ਸਥਾਪਿਤ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਦੀ ਵੈਬਸਾਈਟ www.gurmatsangeetlibrary.wordpress.com ਦਾ ਹਿੱਸਾ ਹਨ।
ਗੁਰਮਤਿ ਸੰਗੀਤ ਦੇ ਪ੍ਰਮੁੱਖ ਸ਼ਬਦ ਕੀਰਤਨ ਰਚਨਾਕਾਰਾਂ ਵਿਚ ਸ਼ੁਮਾਰ ਉਸਤਾਦ ਸੁਰਜੀਤ ਸਿੰਘ ਆਪਣੇ ਵਿਸ਼ੇਸ਼ ਸੰਗੀਤ ਦੀ ਨਿਰੰਤਰਤਾ ਕਰਕੇ ਸਮੂਹ ਅਧਿਆਪਕਾਂ ਵਿਸ਼ੇਸ਼ ਕਰਕੇ ਨੇਤਰਹੀਣ ਸਿਖਿਆਰਥੀਆਂ ਲਈ ਇਸ ਪ੍ਰੇਰਨਾ ਸਰੋਤ ਹਨ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ