ਗੁਰਮਤਿ ਸੰਗੀਤ ਰਚਨਾਕਾਰ ਪ੍ਰੋਫੈਸਰ ਪਰਮਜੋਤ ਸਿੰਘ

*ਗੁਰਨਾਮ ਸਿੰਘ (ਡਾ.)

ਗੁਰਮਤਿ ਸੰਗੀਤ ਪਰੰਪਰਾ ਦੇ ਕੀਰਤਨਕਾਰ ਅਤੇ ਸ਼ਬਦ ਕੀਰਤਨ ਰਚਨਾਕਾਰ ਵਜੋਂ ਪ੍ਰੋਫੈਸਰ ਪਰਮਜੋਤ ਸਿੰਘ ਇਕ ਸਫ਼ਲ ਨਾਮ ਹਨ। ਆਪ ਪਿਛਲੇ ਤਿੰਨ ਦਹਾਕਿਆਂ ਤੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਹਨ। ਆਪ ਦਾ ਜਨਮ ਲੁਧਿਆਣਾ ਸ਼ਹਿਰ ਵਿਖੇ ਪਿਤਾ ਗਿਆਨੀ ਇੰਦਰ ਸਿੰਘ ਅਤੇ ਮਾਤਾ ਅਰਜਨ ਕੌਰ ਦੇ ਘਰ 4 ਨਵੰਬਰ, 1947 ਵਿਚ ਹੋਇਆ। ਆਪ ਨੂੰ ਕੀਰਤਨ ਦੀ ਗੂੜਤੀ ਕੀਰਤਨੀਏ ਪਿਤਾ ਜੀ ਪਾਸੋਂ ਪ੍ਰਾਪਤ ਹੋਈ। ਆਪ ਨੇ ਅਖਿਲ ਭਾਰਤੀ ਗੰਧਰਵ ਮਹਾਵਿਦਿਆਲਯਾ ਪੂਨਾ ਤੋਂ ਵਿਸ਼ਾਰਦ, ਪ੍ਰਯਾਗ ਸੰਗੀਤ ਸੰਮਤੀ ਇਲਾਹਾਬਾਦ ਤੋਂ ਸੰਗੀਤ ਪ੍ਰਵੀਨ ਅਤੇ ਐਮ.ਏ. ਸੰਗੀਤ ਗਾਇਨ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਆਪ ਨੂੰ ਪੰਥ ਦੇ ਨਾਮਵਾਰ ਅਤੇ ਪ੍ਰਸਿੱਧ ਰਾਗੀ ਸਮੁੰਦ ਸਿੰਘ ਤੋਂ ਗੁਰਮਤਿ ਸੰਗੀਤ ਸਿੱਖਣ ਦਾ ਮਾਣ ਵੀ ਪ੍ਰਾਪਤ ਹੈ। 

ਪ੍ਰੋ. ਪਰਮਜੋਤ ਸਿੰਘ ਬਤੌਰ ਲੈਕਚਾਰ ਦੇ ਤੌਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਅਤੇ ਉਪਰੰਤ ਪੰਜਾਬ ਐਂਡ ਸਿੰਧ ਬੈਂਕ ਵਿਚ ਉਚ ਅਹੁਦੇ ਤੋਂ ਇਲਾਵਾ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਂਡਰ ਡਾਇਰੈਕਟਰ ਅਤੇ ਪੰਜਾਬ ਐਂਡ ਸਿੰਧ ਬੈਂਖ ਵਲੋਂ ਜਲੰਧਰ ਵਿਖੇ ਸਥਾਪਤ ਡਿਵੋਸ਼ਨਲ ਮਿਊਜ਼ਕ ਆਰਕਾਈਵਜ਼ ਦੇ ਸੰਚਾਲਕ ਵੀ ਰਹੇ। ਗੁਰਮਤਿ ਸੰਗੀਤ ਦੇ ਸ਼ਬਦ ਕੀਰਨਤਕਾਰ ਰਚਨਾਕਾਰ ਵਜੋ ਆਪ ਨੇ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ, ਸਿਖਿਆਰਥੀਆਂ ਅਤੇ ਜਗਿਆਸੂਆਂ ਲਈ ‘ਕਿਨ ਬਿਧਿ ਕੀਰਤਨ ਗਾਏ ਜੀਓ’ ਅਤੇ ‘ਸਵੱਰ ਸਮੁੰਦ’, ‘ਸਵੱਰ ਸਮੁੰਦ ਰੀਤ ਰਤਨਾਵਲੀ’, ‘ਗਉੜੀ ਰਾਗਿ ਸੁਲਖਣੀ’, ‘ਹਰਿ ਕੀਰਤਨ ਮਹਿ ਉਤਮ ਧਨਾ’ ਅਤੇ ‘ਸਮੁੰਦ ਸਾਗਰ’ ਪੁਸਤਕਾਂ ਲਿਖੀਆਂ ਹਨ।  ਕੀਰਤਨ ਮਹਿਮਾ ਅਤੇ ਭਾਈ ਸਮੁੰਦ ਸਿੰਘ ਦੇ ਜੀਵਨ ਚਰਿਤ੍ਰ ਬਾਰੇ ਲਿਖੇ ਲੇਖ ਵੀ ਮਿਲਦੇ ਹਨ। ਆਪ ਵਲੋ ਲਿਖੀ ‘ਸਵੱਰ ਸਮੁੰਦ ਸ਼ਬਦ ਰੀਤ-ਰਤਨਾਵਲੀ’ ਪੁਸਤਕ, ਸਵੱਰ-ਸਮੁੰਦ ਪਰਕਾਸ਼ਨ ਦਾਖਾ ਵਲੋਂ 1998 ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਇਕੱਤੀ ਰਾਗਾਂ ਵਿਚ ਇਕੱਤੀ ਸਰਲ ਸ਼ਬਦ ਰਚਨਾਵਾਂ ਕੇਵਲ ਤਿੰਨਤਾਲ ਵਿਚ ਸੁਰਬੱਧ ਕੀਤੀਆਂ ਹਨ ਜਿਸ ਦਾ ਮਨੋਰਥ ਇਹ ਹੈ ਕਿ ਗੁਰਮਤਿ ਸੰਗੀਤ ਦਾ ਨਵ-ਸਿਖਿਆਰਥੀ ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਨਾਲ ਅਸਾਨੀ ਨਾਲ ਸਾਂਝ ਪਾ ਸਕੇ। ਆਪ ਦੀ ‘ਗਉੜੀ ਰਾਗਿ ਸੁਲਖਣੀ’ ਜੋ 1998 ਵਿਚ ਪ੍ਰਕਾਸ਼ਿਤ ਹੋਈ, ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਅੰਕਿਤ ਗਉੜੀ ਅਤੇ ਗਉੜੀ ਦੇ ਵੱਖ-ਵੱਖ 11 ਪ੍ਰਕਾਰਾਂ ਦੀਆਂ ਸ਼ਬਦ ਕੀਰਤਨ ਰਚਨਾਵਾਂ ਦਰਜ ਹਨ ਜੋ ਕਿ ਤਿੰਨਤਾਲ ਵਿਚ ਨਿਬੱਧ ਕੀਤੀਆਂ ਗਈਆਂ ਹਨ। ਆਪ ਦੀ ਇਕ ਹੋਰ ਪੁਸਤਕ ‘ਹਰਿ ਕੀਰਤਨ ਮਹਿ ਊਤਮ ਧੁਨਾ’2011 ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ 180 ਸ਼ਬਦ ਕੀਰਤਨ ਰਚਨਾਵਾਂ ਦਰਜ ਹਨ। ਪੁਸਤਕ ਦੇ ਹਵਾਲੇ ਨਾਲ ਇਹ ਸ਼ਬਦ ਸੁਰਲਿਪੀਆਂ ਆਪ ਦੇ ਸਵਰਗੀ ਪਿਤਾ ਗਿਆਨੀ ਇੰਦਰ ਸਿੰਘ ਜੋ ਭਾਈ ਵਜ਼ੀਰ ਸਿੰਘ ਸਮੁੰਦਰੀ ਪ੍ਰਸਿੱਧ ਅਕਾਲੀ ਲੀਡਰ ਤੇ ਸੁਤੰਤਰਤਾ ਸੈਲਾਨੀ ਸ. ਤੇਜਾ ਸਿੰਘ ਸਮੁੰਦਰੀ ਦੇ ਨਿਕਟਵਰਤੀ ਸਨ, ਦੀਆਂ ਹਨ ਜੋ ਉਨ੍ਹਾਂ ਨੇ ਸ੍ਰੀ ਤਰਨਤਾਰਨ ਟਕਸਾਲ ਦੇ ਰਬਾਬੀ ਕੀਰਤਨੀਏ ਭਾਈ ਸਾਈਂ ਦਿੱਤਾ ਤੋਂ ਸਿਖੀਆਂ ਤੇ ਆਪਣੇ ਬੱਚਿਆਂ ਪ੍ਰੋਫੈਸਰ ਪਰਮਜੋਤ ਸਿੰਘ, ਸ. ਹਰਮਿੰਦਰ ਸਿੰਘ ਅਤੇ ਬੇਟੀ ਅਰਵਿੰਦਰ ਕੌਰ ਨੂੰ ਸਿਖਾਈਆਂ। ਉਕਤ ਅਨੁਸਾਰ ਇਹ ਪੁਸਤਕ ਆਪ ਦੀ ਗੁਰਮਤਿ ਸੰਗੀਤ ਨੂੰ ਵਡਮੁੱਲੀ ਦੇਣ ਹੈ ਜੋ ਗੁਰਮਤਿ ਸੰਗੀਤ ਦੀਆਂ ਪਿਛਲੀਆਂ ਦੋ ਪੀੜੀਆਂ ਤੋਂ ਚੱਲੀਆਂ ਆ ਰਹੀਆਂ ਸ਼ਬਦ ਕੀਰਤਨ ਰਚਨਾਵਾਂ ਦਾ ਸੰਗ੍ਰਹਿ ਹੈ।

ਗੁਰਮਤਿ ਸੰਗੀਤ ਦੇ ਖੇਤਰ ਵਿਚ ਸੂਖਮ ਨੀਝ ਤੇ ਸੂਝ ਰੱਖਣ ਵਾਲੇ ਕੀਰਤਨੀਏ ਪ੍ਰੋਫੈਸਰ ਪਰਮਜੋਤ ਸਿੰਘ ਨੂੰ ਕਈ ਮਾਨ-ਸਨਮਾਨ ਦੇ ਨਾਲ-ਨਾਲ ਜਵੱਦੀ ਟਕਸਾਲ, ਲੁਧਿਆਣਾ ਤੋਂ ਗੁਰਮਤਿ ਸੰਗੀਤ ਐਵਾਰਡ; ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਚੰਡੀਗੜ੍ਹ ਤੋਂ ਭਾਈ ਸਮੁੰਦ ਸਿੰਘ ਐਵਾਰਡ ਅਤੇ ਗੁਰਮਤਿ ਸੰਗੀਤ ਫਾਊਂਡੇਸ਼ਨ ਤੇ ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਵਲੋਂ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਸਿਮ੍ਰਤੀ ਐਵਾਰਡ-2012 ਪ੍ਰਦਾਨ ਕੀਤਾ ਗਿਆ ਹੈ।

ਭਾਈ ਸਮੁੰਦ ਸਿੰਘ ਜੀ ਦੀ ਕੀਰਤਨ ਸ਼ੈਲੀ ਦੇ ਪ੍ਰਤਿਨਿਧ ਕੀਰਤਨਕਾਰ ਤੇ ਪ੍ਰਚਾਰਕ ਪ੍ਰੋ. ਪਰਮਜੋਤ ਸਿੰਘ ਜੀ ਤੋਂ ਭਵਿੱਖ ਵਿਚ ਹੋਰ ਸ਼ਬਦ ਕੀਰਤਨ ਰਚਨਾਵਾਂ ਦੀ ਭਰਪੂਰ ਉਮੀਦ ਹੈ ਤਾਂ ਜੋ ਕੀਰਤਨ ਦੀ ਇਸ ਵਿਸ਼ੇਸ਼ ਸ਼ੈਲੀ ਦਾ ਹੋਰ ਵਿਕਸਤ ਰੂਪ ਸਾਡੇ ਸਾਹਮਣੇ ਆ ਸਕੇ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *