ਗੁਰਮਤਿ ਸੰਗੀਤ ਵਿਚ ‘ਗੁਰਮਤਿ ਸੰਗੀਤ ਨਿਰਣਯ’ ਦਾ ਯੋਗਦਾਨ

*ਗੁਰਨਾਮ ਸਿੰਘ (ਡਾ.)

ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ ਦਾ ਮਨੋਰਥ ਇਸ ਮਹੱਤਵਪੂਰਨ ਵਿਸ਼ੇ ਗੁਰਮਤਿ ਸੰਗੀਤ ਨੂੰ ਉਜਾਗਰ ਕਰਨਾ ਸੀ ਜਿਸਨੂੰ ਚੀਫ਼ ਖਾਲਸਾ ਦੀਵਾਨ, ਅੰਮ੍ਰਿਤਸਰ ਨੇ ਵਿਸ਼ੇਸ਼ ਰਚਨਾ ਵਜੋਂ ਪ੍ਰਕਾਸ਼ਿਤ ਕੀਤਾ। ਗੁਰਮਤਿ ਸੰਗੀਤ ਦੀਆਂ ਪੁਸਤਕਾਂ ਦੇ ਸੰਗ੍ਰਹਿ ਵਜੋਂ ਪ੍ਰਕਾਸ਼ਿਤ ਇਸ ਰਚਨਾ ਅਧੀਨ ਪ੍ਰਥਮ ਪੁਸਤਕ 'ਗੁਰਮਤਿ ਸੰਗੀਤ ਨਿਰਣਯ' ਹੈ।
 
'ਗੁਰਮਤਿ ਸੰਗੀਤ ਨਿਰਣਯ' ਗੁਰਮਤਿ ਸੰਗੀਤ ਦੇ ਸਿਧਾਂਤਕ ਪੱਖਾਂ ਸਬੰਧੀ ਪੁਰਾਤਨ ਪੁਸਤਕਾਂ ਵਿਚੋਂ ਇਕ ਹੈ ਜੋ ਕਿ 1958 ਵਿਚ 'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਦੇ ਅੰਤਰਗਤ ਇਸ ਦੇ ਪ੍ਰਥਮ ਭਾਗ ਵਜੋਂ ਪ੍ਰਕਾਸ਼ਤ ਹੋਈ। ਇਸ ਵਿਚ 1907 ਤੋਂ 1958 ਤੱਕ ਵੱਖ-ਵੱਖ ਸਮੇਂ ਗੁਰਮਤਿ ਸੰਗੀਤ ਵਿਸ਼ੇ ਉਤੇ ਪ੍ਰਾਪਤ ਖੋਜ ਭਰਪੂਰ ਲੇਖ ਦਰਜ ਹਨ। ਇਸ ਵਿਚ ਡਾ. ਭਾਈ ਚਰਨ ਸਿੰਘ, ਡਾ. ਭਾਈ ਵੀਰ ਸਿੰਘ, ਡਾ. ਬਲਬੀਰ ਸਿੰਘ ਦੀਆਂ ਰਚਨਾਵਾਂ ਉਪਲਬੱਧ ਹਨ। ਇਸ ਵਿਚ ਕੋਈ ਸੰਦੇਹ ਨਹੀਂ ਹੈ ਕਿ ਉਕਤ ਵਿਦਵਾਨਾਂ ਨੇ ਗੁਰਮਤਿ ਸੰਗੀਤ ਨੂੰ ਗੁਰੂ ਸਾਹਿਬਾਨ ਦੇ ਇਕ ਸੁਤੰਤਰ ਮੱਤ ਵਜੋਂ ਸਵੀਕਾਰਿਆ ਹੈ। ਵਰਤਮਾਨ ਸਮੇਂ ਗੁਰਮਤਿ ਸੰਗੀਤ ਦੀ ਸੁਤੰਤਰ ਸਥਾਪਤੀ ਦਾ ਸਾਕਾਰ ਹੋਣਾ ਇਸ ਦਾ ਪ੍ਰਤੱਖ ਸਰੂਪ ਹੈ। 

'ਗੁਰਮਤਿ ਸੰਗੀਤ ਨਿਰਣਯ' ਵਿਚ ਪ੍ਰਥਮ ਰਚਨਾ ਭਾਈ ਸਾਹਿਬ ਭਾਈ ਡਾ. ਵੀਰ ਸਿੰਘ ਜੀ ਦੀ ਅਦੁੱਤੀ ਕਲਮ ਦੀ ਲਿਖਤ ਹੈ ਜਿਸ ਵਿਚ ਉਨ੍ਹਾਂ ਨੇ ਸ਼ਬਦ ਦੇ ਭਾਵ ਤੇ ਰਾਗ ਦੀ ਤਾਸੀਰ ਨੂੰ ਕਲਮਬੱਧ ਕੀਤਾ ਹੈ। ਇਸ ਵਿਚ ਭਾਈ ਸਾਹਿਬ ਨੇ ਸ਼ਬਦ ਕੀਰਤਨ ਵਿਚ ਆ ਰਹੇ ਨਿਘਾਰ ਬਾਰੇ ਆਪਣੀ ਚਿੰਤਾ ਜਾਹਿਰ ਕਰਦਿਆਂ ਇਸ ਮਹਾਨ ਗੁਰੂਮੁਖੀ ਮਹਾਨ ਸ਼ਬਦ ਕੀਰਤਨ ਪਰੰਪਰਾ ਨੂੰ ਸੰਭਾਲਣ ਦੀ ਤਾਕੀਦ ਕੀਤੀ ਹੈ। ਇਸੇ ਹੀ ਕਲਮ ਦੀ ਲਿਖਤ ਇਸ ਪੁਸਤਕ ਦੀ ਦੂਸਰੀ ਰਚਨਾ 'ਗੁਰਮਤਿ ਸੰਗੀਤ ਹੋਰ ਸੰਗੀਤ ਮੱਤਾਂ ਤੋਂ ਭਿੰਨ ਹੈ', ਵਿਚ ਗੁਰਮਤਿ ਸੰਗੀਤ ਨੂੰ ਬਾਕੀ ਸੰਗੀਤ ਮੱਤਾਂ ਤੋਂ ਭਿੰਨ ਸਥਾਪਤ ਕਰਨ ਦੀ ਮਹਤੱਵਪੂਰਨ ਖੋਜ ਦਰਜ ਹੈ। ਇਸ ਪੁਸਤਕ ਦੀ ਤੀਸਰੀ ਰਚਨਾ ਡਾ. ਭਾਈ ਚਰਨ ਸਿੰਘ ਦੀ ਲਿਖਤ ਹੈ ਜਿਸ ਵਿਚ ਭਿੰਨ-ਭਿੰਨ ਰਾਗ ਮਾਲਾਂ ਦਾ ਖੋਜ ਭਰਪੂਰ ਤੁਲਨਾਤਮਕ ਵਿਸ਼ਲੇਸ਼ਣ ਕੀਤਾ ਹੈ। ਇਸ ਵਿਚ ਗਿਆਰਾਂ ਰਾਗ ਮਾਲਾਂ ਦੇ ਵਿਸ਼ਲੇਸ਼ਣ ਨੂੰ ਨਕਸ਼ੇ ਰਾਹੀਂ ਸਪਸ਼ਟ ਕੀਤਾ ਹੈ। ਇਸ ਖੋਜ ਦਾ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗ ਮਾਲਾ ਦਾ ਭਾਰਤੀ ਸੰਗੀਤ ਵਿਚ ਪ੍ਰਚਲਿਤ ਰਾਗ ਮਾਲਾਂ ਨਾਲੋਂ ਭਿੰਨ ਸਿੱਧ ਕਰਨਾ ਹੈ। ਇਨ੍ਹਾਂ ਰਾਗ ਮਾਲਾਂ ਵਿਚ ਸ਼ਿਵ ਮੱਤ (ਰਾਧਾ ਗੋਬਿੰਦ ਸੰਗੀਤ ਸਾਰ ਵਿਚੋਂ), ਸ਼ਿਵ ਮੱਤ (ਕਾਨੂੰਨੇ ਮੌਸੀਕਾ ਕਿਤਾਬ ਵਿਚੋਂ), ਕਾਲੀ ਨਾਥ ਮੱਤ (ਕਾਨੂੰਨੇ ਮੌਸੀਕਾ ਕਿਤਾਬ ਵਿਚੋਂ), ਭਾਰਤ ਮਤ (ਕਾਨੂੰਨੇ ਮੋਸੀਕਾ ਕਿਤਾਬ ਵਿਚੋਂ), ਹੰਨੂਮਾਨ ਮੱਤ (ਰਾਧਾ ਗੋਬਿੰਦ ਸੰਗੀਤ ਸਾਰ ਵਿਚੋਂ), ਹੰਨੂਮਾਨ ਮੱਤ (ਬੁੱਧ ਪ੍ਰਕਾਸ਼ ਦਰਪਨ ਵਿਚੋਂ), ਹੰਨੂਮਾਨ ਮੱਤ (ਸੰਗੀਤ ਵਿਨੋਦ ਵਿਚੋਂ), ਹੰਨੂਮਾਨ ਮੱਤ (ਰਾਗ ਦੀਪਕਾ ਵਿਚੋਂ), ਨਾਮ ਰਾਗਾਂ ਦੀਆਂ ਧੀਆਂ ਦੇ (ਹੰਨੂਮਤ ਮੱਤ ਅਨੁਸਾਰ ਕਾਨੂੰਨੇ ਮੌਸੀਕਾ ਵਿਚੋਂ), ਸਿੱਧ ਸਾਰਸੁਤ  ਮੱਤ (ਰਾਧਾ ਗੋਬਿੰਦ ਸਾਰ ਵਿਚੋਂ), ਰਾਗਰਾਣਵ ਮੱਤ (ਰਾਧਾ ਗੋਬਿੰਦ ਸਾਰ ਵਿਚੋਂ), ਗੁਰਮਤਿ ਸੰਗੀਤ (ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ) ਦਾ ਉਲੇਖ ਕੀਤਾ ਹੈ।

ਗੁਰਮਤਿ ਸੰਗੀਤ ਨਿਰਣਯ‘ ਪੁਸਤਕ ਦੀ ਚੌਥੀ ਰਚਨਾ ਡਾ. ਭਾਈ ਵੀਰ ਸਿੰਘ ਜੀ ਦੁਆਰਾ ਲਿਖਤ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗਾਂ ਦਾ ‘ਖੁਲਾਸਾ ਭੇਦ ਪ੍ਰਭੇਦ’ ਸੰਖੇਪਿਤ ਲਿਖਤ ਰਾਹੀਂ ਅੰਕਿਤ ਕੀਤਾ ਗਿਆ ਹੈ। ਪੁਸਤਕ ਦੀ ਪੰਜਵੀਂ ਰਚਨਾ ‘ਗੁਰਮਤਿ ਸੰਗੀਤ ਦੇ ਹੋਰ ਨੁਕਤੇ’ ਹੈ ਜਿਸ ਵਿਚ ਗੁਰਮਤਿ ਸੰਗੀਤ ਦੇ ਇਤਿਹਾਸਕ ਵੇਰਵੇ ਦਰਜ ਹਨ। ਇਸ ਪੁਸਤਕ ਦੀ ਛੇਵੀਂ ਰਚਨਾ ‘ਰਾਗ ਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਡਾ. ਭਾਈ ਵੀਰ ਸਿੰਘ ਦੁਆਰਾ ਲਿਖਤ ਰਚਨਾ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗ ਮਾਲਾ ਸਬੰਧੀ ਖੋਜ ਭਰਪੂਰ ਜਾਣਕਾਰੀ ਦਿਤੀ ਹੈ। ਇਸ ਵਿਚ ਆਲਮ ਕਵੀ ਦੇ ਮਾਧਵਾਨਲ ਦੇ ਰਾਗਾਂ ਅਤੇ ਮਾਧਵਾਨਲ ਬੁਧ ਸਿੰਘ ਵਾਲੇ ਗ੍ਰੰਥ ਵਿਚ ਦਰਜ ਰਾਗ ਮਾਲਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਮਾਲਾ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਪੁਸਤਕ ਦੇ ਸੰਪਾਦਕ ਵਲੋਂ ਗੁਰੂ ਅਰਜਨ ਦੇਵ ਦੁਆਰਾ ਬਾਣੀ ਰੂਪ ਵਿਚ ਕੀਰਤਨੀਆਂ ਨੂੰ ਦਿਤੀ ਸਿਖਿਆ ਦਰਜ ਹੈ। ਪੁਸਤਕ ਦੀ ਅੰਤਿਮ ਰਚਨਾ ਵਜੋਂ ਡਾ. ਭਾਈ ਬਲਬੀਰ ਸਿੰਘ ਦਾ ਰਬਾਬ ਲੇਖ ਆਪਣੇ ਆਪ ਵਿਚ ਮੀਲ ਪੱਥਰ ਹੈ। ਸ਼ਬਦ ਤੇ ਸੰਗੀਤ ਦੀ ਸਾਂਝ ਅਤੇ ਗੁਰਮਤਿ ਸੰਗੀਤ ਦੀ ਰੂਹਾਨੀਅਤ ਨੂੰ ਸਮਝਣ ਲਈ ਇਹ ਲੇਖ ਮਹੱਤਵਪੂਰਣ ਹੈ।

65 ਪੰਨਿਆਂ ਦੀ ਇਹ ਮਹੱਤਵਪੂਰਨ ਪੁਸਤਕ ‘ਗੁਰਮਤਿ ਸੰਗੀਤ ਨਿਰਣਯ‘ ਨੂੰ ਸਿਧਾਂਤਕ ਤੌਰ ਤੇ ਬੁਨਿਆਦੀ ਸਰੋਤ ਮੰਨਿਆ ਜਾ ਸਕਦਾ ਹੈ। ਗੁਰਮਤਿ ਸੰਗੀਤ ਦੇ ਪਾਠਕਾਂ ਤੇ ਖੋਜਕਾਰਾਂ ਲਈ ਇਹ ਪੁਸਤਕ ਮਹੱਤਵਪੂਰਨ ਤੇ ਲਾਭਕਾਰੀ ਹੈ ਜਿਸ ਵਿਚ ਗੁਰਮਤਿ ਸੰਗੀਤ ਪਰੰਪਰਾ ਨੂੰ ਸੁਤੰਤਰ ਰੂਪ ਵਿਚ ਸਵੀਕਾਰੇ ਜਾਣ ਦੇ ਪਰਿਪਕ ਹਵਾਲੇ ਤੇ ਵਿਆਖਿਆ ਮਿਲਦੀ ਹੈ। ਇਸ ਲਈ ਡਾ. ਭਾਈ ਚਰਨ ਸਿੰਘ, ਭਾਈ ਵੀਰ ਸਿੰਘ ਅਤੇ ਡਾ. ਬਲਬੀਰ ਸਿੰਘ ਹਮੇਸ਼ਾਂ ਸਾਡੇ ਸਤਿਕਾਰਤ ਧੰਨਵਾਦ ਦੇ ਪਾਤਰ ਰਹਿਣਗੇ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਅਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *