ਗੁਰਮਤਿ ਸੰਗੀਤ ਵਿਚ ਸ੍ਰੀਮਾਨ ਡਾਕਟਰ ਚਰਨ ਸਿੰਘ ਜੀ ਦੀ ਖੋਜ ਦਾ ਯੋਗਦਾਨ

*ਡਾ. ਗੁਰਨਾਮ ਸਿੰਘ

ਗੁਰਮਤਿ ਅਤੇ ਪੰਜਾਬੀ ਸਾਹਿਤ ਦੇ ਪ੍ਰਮੁੱਖ ਵਿਦਵਾਨ ਅਤੇ ਕਵੀ ਭਾਈ ਵੀਰ ਸਿੰਘ ਜੀ ਦੇ ਪਿਤਾ ਡਾ. ਭਾਈ ਚਰਨ ਸਿੰਘ ਜੀ ਨੇ ਗੁਰਮਤਿ ਸੰਗੀਤ ਦੇ ਵਿਸ਼ੇ 'ਤੇ ਵੀ ਵਿਸ਼ੇਸ਼ ਖੋਜ ਕੀਤੀ। ਚੀਫ ਖਾਲਸਾ ਦੀਵਾਨ ਦੇ ਉੱਦਮ ਅਤੇ ਡਾ. ਭਾਈ ਬਲਬੀਰ ਸਿੰਘ ਦੇ ਸਹਿਯੋਗ ਨਾਲ ਇਸ ਖੋਜ ਨੂੰ 'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਪੁਸਤਕ ਵਿਚ ਵਿਸ਼ੇਸ਼ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਖੋਜ ਭਰਪੂਰ ਪੁਸਤਕ ਵਿਚ ਸਰਬਪ੍ਰਥਮ 'ਬਾਣੀ ਬਿਉਰੋ ਦੀ ਉਥਾਨਕਾ' ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ ਹੈ।

ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ ਪੁਸਤਕ ਸੰਗ੍ਰਹਿ ਦੇ ਅੰਤਰਗਤ ‘ਸ੍ਰੀਮਾਨ ਡਾਕਟਰ ਚਰਨ ਸਿੰਘ ਜੀ ਦੀ ਖੋਜ’ ਚੌਥੇ ਭਾਗ ਦੇ ਰੂਪ ਵਿਚ ਦਰਜ ਹੈ। ਇਸ ਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗਾਂ ਉਤੇ ਡਾ. ਚਰਨ ਸਿੰਘ ਦੀ ਵਿਧੀਵਤ ਭਰੀ ਖੋਜ ਦਰਜ ਹੈ। ਇਸ ਤੋਂ ਇਲਾਵਾ ਇਸ ਵਿਚ ਨੌ ਧੁਨਾਂ ਦੀਆਂ ਵਾਰਾਂ ਦਾ ਵਿਸਥਾਰਪੂਰਵਕ ਵਰਣਨ ਵੀ ਅੰਕਿਤ ਕੀਤਾ ਗਿਆ ਹੈ। ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ ਪੁਸਤਕ ਦੇ ਹਵਾਲੇ ਨਾਲ ਇਸ ਵਿਚ ਦਰਜ ਨੌ ਧੁਨੀਆਂ ਨੂੰ ਭਾਈ ਸਾਹਿਬ ਨੇ ਅਨੇਕਾਂ ਮੌਸੀਕੀ ਦੀਆਂ ਪੁਸਤਕਾਂ ਅਤੇ ਰਾਗੀ ਸਿੰਘ ਪਾਸੋਂ ਪ੍ਰਾਪਤ ਕੀਤੀਆਂ ਹਨ। ਪੁਸਤਕ ਦੀ ਆਰੰਭਤਾ ‘ਬਾਣੀ ਬਿਉਰੋ ਦੀ ਉਥਾਨਕਾ’ ਨਾਲ ਹੁੰਦੀ ਹੈ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੌ ਵਾਰਾਂ ਉਤੇ ਅੰਕਿਤ ਨੌ ਧੁਨੀਆਂ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਵਿਚ ਵਾਰਾਂ ਦੇ ਨਾਲ ਦਰਜ ਪਉੜੀ ਦੀ ਸੰਖੇਪਿਤ ਜਾਣਕਾਰੀ, ਗੁਰੂ ਗ੍ਰੰਥ ਸਾਹਿਬ ਜੀ ਦੇ 31 ਮੁੱਖ ਰਾਗਾਂ ਬਾਰੇ ਖੋਜ ਭਰਪੂਰ ਸੰਖੇਪਿਤ ਜਾਣਕਾਰੀ, ਗੁਰੂ ਗ੍ਰੰਥ ਸਾਹਿਬ ਦੀ ਅੰਤਿਮ ਰਚਨਾ ਰਾਗਮਾਲਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਤੋਂ ਇਲਾਵਾ ‘ਰਹੋਏ ਕੈ ਛੰਤਾ ਕੇ ਘਰ’, ਰਹਾਉ ਆਦਿ ਬਾਰੇ ਡਾ. ਚਰਨ ਸਿੰਘ ਦੇ ਵਿਦਵਤਾ ਭਰਪੂਰ ਖੋਜ ਲੇਖ ਦਰਜ ਹਨ।

ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ ਦੇ ਇਸ ਚੌਥੇ ਭਾਗ ਦੇ ਅੰਤਰਗਤ ‘ਬਾਣੀ ਬਿਉਰੋ ਦੀ ਉਥਾਨਕਾ’ ਸਿਰਲੇਖ ਅਧੀਨ ਡਾ. ਚਰਨ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਗੁਰੂ ਘਰ ਦੇ ਕੀਰਤਨੀਆ ਵਿਚ ਰਾਗਦਾਰੀ ਨੂੰ ਲੈ ਆ ਰਹੇ ਨਿਗਾਰ ਸੰਬੰਧੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ। ‘ਧੁਨਾਂ’ ਸਿਰਲੇਖ ਹੇਠ ਦਰਜ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ‘ਤੇ ਨੌ ਧੁਨਾਂ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ, ਰਾਇ ਕਮਾਲ ਦੀ ਮੌਜਦੀ ਕੀ ਵਾਰ ਕੀ ਧੁਨਿ, ਟੁੰਡੇ ਅਸਰਾਜੈ ਕੀ ਧੁਨੀ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ, ਲਲਾ ਬਹਲੀਮਾ ਕੀ ਧੁਨਿ, ਜੋਧੇ ਵੀਰੈ ਪੂਰਬਾਣੀ ਦੀ ਧੁਨਿ, ਰਾਇ ਮਹਮੇ ਹਸਨੇ ਕੀ ਧੁਨਿ, ਰਾਣੈ ਕੈਲਾਸ ਤਥਾ ਮਾਲਦੇ ਕੀ ਧੁਨਿ, ਮੂਸੇ ਕੀ ਵਾਰ ਕੀ ਧੁਨੀ ਬਾਰੇ ਵਿਸਥਾਰ ਪੂਰਵਕ ਖੋਜ ਲੇਖ ਅੰਕਿਤ ਹਨ। ਇਨ੍ਹਾਂ ਧੁਨੀਆਂ ਬਾਰੇ ਇਨ੍ਹਾਂ ਦਾ ਪਿਛੋਕੜ ਕੀ ਰਿਹਾ ਹੈ, ਉਸ ਬਾਰੇ ਵਿਸਤ੍ਰਿਤ ਜਾਣਕਾਰੀ ਨੂੰ ਵੀ ਕਲਮਬੱਧ ਕੀਤਾ ਗਿਆ ਹੈ।

ਉਕਤ ਨੌ ਧੁਨਾਂ ਦੀ ਕਥਾ ਨੂੰ ਇਤਿਹਾਸਕ ਪਰਿਪੇਖ ਵਿਚ ਬਿਆਨ ਕੀਤਾ ਗਿਆ ਹੈ। ਇਨ੍ਹਾਂ ਨੌ ਧੁਨੀਆਂ ਦੀ ਮੂਲ ਵਾਰਾਂ ਵਿਚੋਂ ਇਕ-ਇਕ ਪਉੜੀ ਨੂੰ ਵੀ ਇਸ ਪੁਸਤਕ ਵਿਚ ਅੰਕਿਤ ਕੀਤਾ ਗਿਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਸਬੰਧੀ ਅਧਿਐਨ ਲਈ ਵਿਸ਼ੇਸ਼ ਹੈ।

ਨੌ ਵਾਰਾਂ ਦੀਆਂ ਇਨਾਂ ਧੁਨੀਆਂ ਨੂੰ ਗਾਉਣ ਲਈ ਭਾਈ ਪ੍ਰੇਮ ਸਿੰਘ ਵਲੋਂ ਤਿਆਰ ਕੀਤੀਆਂ ਗਈਆਂ ਸੁਰਲਿਪੀਆਂ ਵੀ ਫੁਟਨੋਟ ਵਿਚ ਪ੍ਰਸਤੁਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਡਿਕੋਡ ਕਰਕੇ ਅਸੀਂ ਇਨ੍ਹਾਂ ਵਾਰਾਂ ਦੀਆਂ ਧੁਨਾਂ ਦੇ ਇਕ ਸੰਗੀਤਕ ਸਰੂਪ ਦੇ ਨੇੜੇ ਪਹੁੰਚ ਸਕਦੇ ਹਾਂ।

ਪਉੜੀ, ਰਾਗਮਾਲਾ, ਰਹਾਉ ਬਾਰੇ ਵਰਣਾਤਮਕ ਵਿਸ਼ਲੇਸ਼ਣ ਕੀਤਾ ਗਿਆ ਹੈ । 31 ਰਾਗਾਂ ਸਬੰਧੀ ਜਾਣਕਾਰੀ ਦਿਤੀ ਗਈ ਹੈ।

‘ਪੳੇੁੜੀ’ ਸ਼ਬਦ ਨੂੰ ਪਰਿਭਾਸ਼ਿਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਰਾਗਾਂ ਦਾ ਆਰੋਹ ਅਵਰੋਹ, ਵਾਦੀ ਸੰਵਾਦੀ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਦਰਜ ਹੈ ਜਿਨ੍ਹਾਂ ਦੀ ਕਬਿਤ ਅਤੇ ਸੰਗੀਤ ਗ੍ਰੰਥਾਂ ਵਿਚ ਦਰਜ ਸਲੋਕਾਂ ਰਾਹੀਂ ਵਿਆਖਿਆ ਕੀਤੀ ਹੈ ਜਿਵੇਂ ਰਾਗ ਸਿਰੀ ਬਾਰੇ ਦਰਜ ਹੈ,

ਸ਼ੁਭ ਤ੍ਰਿਯ ਭੂਖਨ ਅਮਗ ਸ਼ੁਭ, ਸੰਪੂਰਨ ਪਰਮਾਨ।
ਤੀਨ ਪਹਰ ਪਰ ਗਾਈਏ ਸਕਲ ਕਹੈਂ ਸੁ ਗਯਾਨ।

ਗੁਰੂ ਗ੍ਰੰਥ ਸਾਹਿਬ ਦੇ ਮੁੱਖ 31 ਰਾਗਾਂ ਬਾਰੇ ਕਬਿਤ ਦਰਜ ਹੈ। 

ਸਿਰੀ, ਮਾਝ, ਗੌਰੀ, ਆਸਾ, ਗੂਜਰੀ, ਗੰਧਾਰੀ ਦੇਵ, 
ਬਿਹਾਗੜਾ, ਵਡਹੰਸ, ਸੋਰਠ ਕੋ ਜਾਨੀਏ।
ਧਨਾਸਿਰੀ, ਜੈਤਸਿਰੀ, ਜੈਜਾਵੰਤੀ, ਟੋਡੀ ਜਾਨ, 
ਬੈਰਾੜੀ, ਤਿਲੰਗ, ਸੂਹੀ, ਬਿਲਾਵਲ ਬਖਾਨੀਏ।
ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ ਰਾਗ, 
ਤੁਖਾਰੀ, ਕਿਦਾਰਾ, ਭੈਰੋ, ਮਾਧੋ, ਸਾਰਿੰਗਾਨਈਏ।
ਕਾਨੜਾ, ਮਲਾਰ, ਕਲਿਆਨ, ਪਰਭਾਤੀ ਰਾਗ, 
ਯਾਹੀ ਇਕਤੀਸਨ ਮੈਂ ਬਿਵਰਾ ਪ੍ਰਮਾਨੀਏ।

ਰਾਗ ਮਾਲਾ ਦੇ ਮਹੱਤਵਪੂਰਨ ਵਿਸ਼ੇ ਉਪਰ ਇਸ ਪੁਸਤਕ ਦੇ ਅੰਤਰਗਤ ਡਾ. ਚਰਨ ਸਿੰਘ ਜੀ ਦੀ ਸੰਗੀਤ ਦੇ ਹਵਾਲੇ ਨਾਲ ਮਹੱਤਵਪੂਰਨ ਖੋਜ ਦਰਜ ਹੈ ਜਿਸ ਵਿਚ ਆਪ ਦੁਆਰਾ ਵੱਖ-ਵੱਖ ਰਾਗਮਾਲਾ ਦੇ ਮੱਤਾਂ ਨੂੰ ਪਰਖਿਆ, ਵਿਚਾਰਿਆ ਤੇ ਆਪਣੇ ਨਤੀਜੇ ਅੰਕਿਤ ਕੀਤੇ। 'ਰਹੋਏ ਕੈ ਛੰਤਾ ਕੇ ਘਰ' ਸਿਰਲੇਖ ਅਧੀਨ ਇਸ ਪੁਸਤਕ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ 'ਏਕ 'ਸੁਆਨੁ ਘਰਿ ਗਾਵਣਾ' ਅਤੇ 'ਪਹਿਰਿਆਂ ਕੈ ਘਰਿ ਗਾਵਣਾ' ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਦਵਤਾ ਭਰੀ ਇਤਿਹਾਸਕ ਜਾਣਕਾਰੀ ਅੰਕਿਤ ਹੈ।  ਡਾ. ਭਾਈ ਚਰਨ ਸਿੰਘ ਦੀ ਇਹ ਖੋਜ ਗੁਰਮਤਿ ਸੰਗੀਤ ਸਬੰਧੀ ਸਿਧਾਂਤਕ ਤੇ ਕਿਰਿਆਤਮਕ ਖੋਜ ਕਰਨ ਵਾਲੇ ਵਿਦਵਾਨਾਂ ਲਈ ਵਿਸ਼ੇਸ਼ ਸਰੋਤ ਹੈ, ਅਜਿਹਾ ਸਾਡਾ ਵਿਸ਼ਵਾਸ ਹੈ। ਉਮੀਦ ਹੈ ਸਮੂਹ ਖੋਜਾਰਥੀ ਅਤੇ ਗੁਰਮਤਿ ਸੰਗੀਤ ਪ੍ਰੇਮੀ ਇਸ ਮਹੱਤਵਪੂਰਨ ਗੁਰਮਤਿ ਸੰਗੀਤ ਕਾਰਜ ਦਾ ਜ਼ਰੂਰ ਅਧਿਐਨ ਕਰਨਗੇ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *