ਗੁਰਮਤਿ ਸੰਗੀਤ ਵਿਚ ‘ਗੁਰਮਤਿ ਸੰਗੀਤ’ ਪੁਸਤਕ ਦਾ ਯੋਗਦਾਨ

*ਗੁਰਨਾਮ ਸਿੰਘ (ਡਾ.)

ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ ਪੁਸਤਕ ਸੰਗ੍ਰਹਿ ਦੇ ਅੰਤਰਗਤ ਪ੍ਰਕਾਸ਼ਿਤ 'ਗੁਰਮਤਿ ਸੰਗੀਤ' ਪੁਸਤਕ ਮਾਸਟਰ ਸੁੰਦਰ ਸਿੰਘ ਦੁਆਰਾ ਰਚਿਤ ਹੈ। ਇਹ ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ ਪੁਸਤਕ ਸੰਗ੍ਰਹਿ ਦੇ ਅਧੀਨ ਮੋਹਰੀ ਤਿੰਨ ਪੁਸਤਕਾਂ ਵਿਚੋਂ ਇਕ ਹੈ।

'ਗੁਰਮਤਿ ਸੰਗੀਤ' ਪੁਸਤਕ ਦੇ ਰਚੈਤਾ ਮਾਸਟਰ ਸੁੰਦਰ ਸਿੰਘ ਦਾ ਨਾਮ ਗੁਰਮਤਿ ਸੰਗੀਤ ਦੇ ਖੇਤਰ ਵਿਚ ਮੁੱਢਲੇ ਰਚਨਾਕਾਰ ਦੇ ਤੌਰ 'ਤੇ ਵਿਸ਼ੇਸ਼ ਹੈ। ਆਪ ਨੇ ਸਰਬ ਪ੍ਰਥਮ ਸ਼ਬਦ ਕੀਰਤਨ ਰਚਨਾਵਾਂ ਨੂੰ ਸੁਰਲਿਪੀਬੱਧ ਰੂਪ ਪ੍ਰਦਾਨ ਕੀਤਾ। ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ ਦੇ ਹਵਾਲੇ ਨਾਲ ਆਪ ਨੇ ਸਭ ਤੋਂ ਪਹਿਲਾਂ ਸ਼ਬਦ ਕੀਰਤਨ ਦੀ ਧਾਰਾ ਨੂੰ ਆਪਣੀ ਮੌਲਿਕ ਸੁਰਲਿਪੀ ਦੇ ਅੰਤਰਗਤ ਕਲਮਬੱਧ ਕੀਤਾ ਜੋ ਕਿ ਗੁਰਮਤਿ ਸੰਗੀਤ ਦੀ ਵਰਤਮਾਨ ਸਥਾਪਤੀ ਲਈ ਮੀਲ ਪੱਥਰ ਸੀ। 'ਗੁਰਮਤਿ ਸੰਗੀਤ' ਪੁਸਤਕ ਦੇ ਅੰਤਰਗਤ ਮਾਸਟਰ ਸੁੰਦਰ ਸਿੰਘ ਵਲੋਂ ਸੰਗੀਤ ਦੇ ਅਹਿਮ ਵਿਸ਼ਿਆਂ ਨੂੰ ਛੂਹਿਆ ਗਿਆ ਹੈ। 17 ਪੰਨਿਆਂ ਦੀ ਇਸ ਪੁਸਤਕ ਅਧੀਨ ਰਾਗ ਅਤੇ ਹਰਮੋਨੀਅਮ ਵਾਜਾ ਮੁੱਖ ਸਿਰਲੇਖ ਦੇ ਅੰਤਰਗਤ ਸੱਤ ਸੁਰਾਂ ਦਾ ਨਕਸ਼ਾ ਬਣਾ ਕੇ ਸਮਝਾਇਆ ਗਿਆ ਹੈ। ਫਿਰ ਸ਼ੁੱਧ ਤੇ ਵਿਕ੍ਰਿਤ ਸੁਰਾਂ ਯੁਗਤ 12 ਸੁਰਾਂ ਨੂੰ ਨਕਸ਼ੇ ਰਾਹੀਂ ਉਤਰੇ ਅਤੇ ਚੜੇ ਹੋਏ ਸੁਰਾਂ ਨੂੰ ਦਿਖਾਇਆ ਤੇ ਸਮਝਾਇਆ ਗਿਆ ਹੈ। ਫਿਰ ਇਕ ਹੋਰ ਨਕਸ਼ੇ ਰਾਹੀਂ ਹਰਮੋਨੀਅਮ ਦੇ ਤਿੰਨ ਸਪਤਕਾਂ ਨੂੰ ਸਮਝਾਇਆ ਗਿਆ ਹੈ। ਇਸ ਪੁਸਤਕ ਵਿਚ ਗੁਰਮਤਿ ਸੰਗੀਤ ਦੇ ਖੋਜਾਰਥੀਆਂ ਦੀ ਸਿਖਲਾਈ ਹਿਤ ਬਹੁਤ ਸੁੰਦਰ ਤਰੀਕਾ ਅਪਣਾਇਆ ਗਿਆ ਹੈ। ਪਹਿਲਾ ਨਕਸ਼ਾ ਫਿਰ ਸੰਬੰਧ ਸਮੱਸਿਆ ਦਾ ਪ੍ਰਸ਼ਨ ਅਤੇ ਫਿਰ ਉਸ ਦਾ ਹਲ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ 'ਸੰਗੀਤ ਟਿਪਣ' ਦੇ ਰੂਪ ਵਿਚ ਪੁਸਤਕ ਅਧੀਨ ਦਰਜ ਸੁਰਲਿਪੀ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਜਿਸ ਨੂੰ ਇਸ ਪੁਸਤਕ ਦੇ ਅੰਤਰਗਤ ਪ੍ਰਯੋਗ ਹਿਤ ਲਿਆਂਦਾ 

ਗਿਆ ਹੈ ਜਿਵੇਂ ਮੰਦਰ, ਮੱਧ ਅਤੇ ਤਾਰ ਸਪਤਕ ਲਈ ਅੰਕਾਂ ਨੂੰ ਪ੍ਰਯੋਗ ਵਿਚ ਲਿਆਂਦਾ ਗਿਆ ਹੈ। ਮੰਦਰ ਸਪਤਕ ਦੇ ਗੰਧਾਰ ਨੂੰ ‘ਗ1’, ਮੱਧ ਸਪਤਕ ਦੇ ਗੰਧਾਰ ਲਈ ‘ਗ’ ਅਤੇ ਤਾਰ ਸਪਤਕ ਦੇ ਗੰਧਾਰ ਲਈ ‘ਗ3’ ਚਿੰਨਾਂ ਨੂੰ ਵਰਤਿਆ ਗਿਆ ਹੈ। ‘0’ ਚਿੰਨ ਉਨ੍ਹਾਂ ਸੁਰਾਂ ਲਈ ਵਰਤਿਆ ਹੈ ਜਿਨ੍ਹਾਂ ਉਤੇ ਕੋਈ ਅਵਾਜ ਨਾ ਲਗਾਈ ਜਾਵੇ। ਇਸ ਤੋਂ ਇਲਾਵਾ ਹਾਰਮੋਨੀਅਮ ਤੇ ਹੱਥ ਚਲਾਉਣ ਦਾ ਵਿਸ਼ੇਸ਼ ਤਰੀਕਾ ਵੀ ਅੰਕਿਤ ਕੀਤਾ ਗਿਆ ਹੈ। ਇਸ ਦੇ ਲਈ ਪੁਸਤਕ ਅਧੀਨ ਹੱਥ ਦੀ ਕਿਹੜੀ ਉਂਗਲ ਕਿਸ ਪਰਦੇ ਤੇ ਰੱਖਣੀ ਆਦਿ ਦੇ ਨਾਲ-ਨਾਲ ਤਿੰਨ ਅਲੰਕਾਰ ਅਰੋਹੀ, ਅਵਰੋਹੀ ਦੇ ਰੂਪ ਵਿਚ ਅੰਕਿਤ ਹਨ। ਲਗਭਗ 23 ਪ੍ਰਚਲਿਤ ਅਤੇ ਅਪ੍ਰਚਲਿਤ ਰਾਗਾਂ ਬਾਰੇ ਮੁੱਢਲੀ ਜਾਣਕਾਰੀ ਅੰਕਿਤ ਕੀਤੀ ਗਈ ਹੈ। ਸੁਰ ਸਿਰਲੇਖ ਦੇ ਅੰਤਰਗਤ ਰਾਗਾਂ ਦੀਆਂ ਜਾਤੀਆਂ ਵਾਦੀ, ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸੁਰਾਂ ਬਾਰੇ ਸੰਖੇਪਿਤ ਚਰਚਾ ਕੀਤੀ ਗਈ ਹੈ। ਵਿਭਿੰਨ ਰਾਗਾਂ ਵਿਚ ਸੁਰਾਂ ਦਾ ਕੀ ਸਥਾਨ ਹੁੰਦਾ ਹੈ, ਉਸ ਬਾਰੇ ਵੀ ਉਦਾਹਰਣ ਸਹਿਤ ਸਮਝਾਇਆ ਗਿਆ ਹੈ। ਇਸ ਪੁਸਤਕ ਦੇ ਅੰਤਰਗਤ ਜਿਥੇ ਸੰਗੀਤ ਸੰਬੰਧੀ ਉਕਤ ਜਾਣਕਾਰੀ ਦਰਜ ਕੀਤੀ ਗਈ, ਉਥੇ ਸ਼ਬਦ ਕੀਰਤਨ ਪ੍ਰਸਤੁਤੀ ਹਿਤ ਪ੍ਰਯੋਗ ਹੋਣ ਵਾਲੇ ਤਾਲਾਂ ਸੰਬੰਧੀ ਵੀ ਵਿਸ਼ੇਸ਼ ਜਾਣਕਾਰੀ ਅੰਕਿਤ ਕੀਤੀ ਗਈ ਹੈ। ‘ਤਾਲ ਦਾ ਹਿਸਾਬ ਤੇ ਟਿੱਪਣ’ ਸਿਰਲੇਖ ਅਧੀਨ ਤਾਲਾਂ ਨੂੰ ਲਿਖਣ ਦਾ ਅਭਿਆਸ ਅੰਕਿਤ ਕੀਤਾ ਗਿਆ ਹੈ। ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਸ ਤੋਂ ਪੂਰਵ ਕੋਈ ਵੀ ਪ੍ਰਕਾਸ਼ਿਤ ਲਿਖਤ ਗੁਰਮਤਿ ਸੰਗੀਤ ਦੇ ਹਵਾਲੇ ਨਾਲ ਪ੍ਰਾਪਤ ਨਹੀਂ ਹੁੰਦੀ। ਇਸ ਅਧੀਨ ਜਿਥੇ ਰਾਗਾਂ ਨੂੰ ਗਾਉਣ ਦਾ ਅਭਿਆਸ ਦਰਜ ਹੈ, ਉਥੇ ਸ਼ਬਦ ਕੀਰਤਨ ਪ੍ਰਸਤੁਤੀ ਨਾਲ ਪ੍ਰਯੁਕਤ ਤਾਲਾਂ ਨੂੰ ਸਿਖਾਉਣ ਦਾ ਸ਼ਲਾਘਾਯੋਗ ਕਾਰਜ ਵੀ ਅੰਕਿਤ ਹੈ। ਇਨ੍ਹਾਂ ਤਾਲਾਂ ਨੂੰ ਵੀ ਮੌਲਿਕ ਤਾਲ ਲਿਪੀ ਦੇ ਅੰਤਰਗਤ ਅੰਕਿਤ ਕੀਤਾ ਗਿਆ ਹੈ। ਸੰਪਟ, ਗੁਰ, ਲਘੂ, ਦਰੁੱਤ, ਅਨਦਰੁੱਤ ਅਤੇ ਦਰੁੱਤ ਅਨਦਰੁੱਤ ਛੇ ਅੱਖਰਾਂ ਅਧੀਨ ਸਾਰੇ ਤਾਲਾਂ ਦਾ ਹਿਸਾਬ ਸਮਝਾਇਆ ਗਿਆ ਹੈ। ਤਾਲ ਲਿਪੀ ਨੂੰ ਸਮਝਾਉਣ ਹਿਤ ਮਾਸਟਰ ਸੁੰਦਰ ਸਿੰਘ ਨੇ ਅੱਧੀ ਮਾਤਰਾ, ਠੋਕਰਾਂ, ਆਨੇ, ਜਗ੍ਹਾ, ਰੁਪਇਆ, ਕੱਚੀਆਂ ਪੱਕੀਆਂ ਮਾਤਰਾਵਾਂ ਆਦਿ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ। ਪੁਸਤਕ ਅਧੀਨ ਕੁਲ ਨੌ ਤਾਲਾਂ ਨੂੰ ਤਾਲ ਲਿਪੀ ਸਹਿਤ ਗੁਰਮਤਿ ਸੰਗੀਤ ਦੇ ਪਾਠਕਾਂ ਲਈ ਦਰਜ ਕੀਤਾ ਗਿਆ ਹੈ।

ਗੁਰਮਤਿ ਸੰਗੀਤ‘ ਪੁਸਤਕ ਦੇ ਅੰਤਿਮ ਚਰਨ ਵਿਚ ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ। ਇਸ ਪੁਸਤਕ ਵਿਚ ਰਾਗ ਆਸਾ ਅਧੀਨ ਆਲਾਪ, ਸ਼ਾਨ ਅਤੇ ਸ਼ਬਦ ਸੁਰਲਿਪੀ ਬੱਧ ਰੂਪ ਵਿਚ ਦਰਜ ਹੈ। ਇਸ ਤੋਂ ਇਲਾਵਾ ਇਸ ਵਿਚ ਸੰਪੂਰਨ ਆਸਾ ਦੀ ਵਾਰ ਦਾ ਕਾਇਦਾ ਵੀ ਦਰਜ ਹੈ। ਨਿਰਸੰਦੇਹ ਇਹ ਪੁਸਤਕ ਸਬੰਧਤ ਸਮੇਂ ਮਾਸਟਰ ਸੁੰਦਰ ਸਿੰਘ ਦਾ ਗੁਰਮਤਿ ਸੰਗੀਤ ਪ੍ਰਤੀ ਮਹੱਤਵਪੂਰਨ ਕਾਰਜ ਹੈ ਜੋ ਕਿ ਗੁਰਮਤਿ ਸੰਗੀਤ ਦੇ ਮੁੱਢਲੇ ਕਾਰਜਾਂ ਵਜੋਂ ਹਮੇਸ਼ਾਂ ਵਿਦਮਾਨ ਰਹੇਗਾ।

ਸਮੁੱਚੇ ਤੌਰ ਤੇ ਮਾਸਟਰ ਸੁੰਦਰ ਸਿੰਘ ਦੀ ਪਹੁੰਚ ਮੌਲਿਕ, ਸੁਤੰਤਰ ਤੇ ਸੰਗੀਤ ਵਿਗਿਆਨਕ ਹੈ। ਆਪ ਨੇ ਗੁਰਮਤਿ ਸੰਗੀਤ ਨੂੰ ਸਮਝਣ ਲਈ ਭਾਰਤੀ ਸੰਗੀਤ ਤੋਂ ਵੱਖਰੀ ਆਪਣੇ ਸੰਗੀਤ ਸਿੱਖਣ ਵਾਲਿਆਂ ਦੀ ਲੋੜ ਨੂੰ ਸਮਝਿਆ ਹੈ। ਗੁਰਮਤਿ ਸੰਗੀਤ ਦੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਿਖਿਆਰਥੀਆਂ ਨੂੰ ਇਸ ਪੁਸਤਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *