ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ : ਇਕ ਇਤਿਹਾਸਕ ਕਾਰਜ

*ਡਾ. ਗੁਰਨਾਮ ਸਿੰਘ

ਗੁਰਮਤਿ ਸੰਗੀਤ ਪਰੰਪਰਾ ਨੂੰ ਮਾਣ ਹੈ ਕਿ ਇਸ ਦੀ ਵੱਖ-ਵੱਖ ਟਕਸਾਲਾਂ ਵਿਚ ਸਦੀਆਂ ਤੋਂ ਪ੍ਰਚਲਿਤ ਸ਼ਬਦ ਕੀਰਤਨ ਰਚਨਾਵਾਂ ਪ੍ਰਚਾਰ ਅਧੀਨ ਰਹੀਆਂ ਹਨ। ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਦਾ ਇਕ ਵਿਸ਼ਾਲ ਵਿਰਾਸਤੀ ਖਜ਼ਾਨਾ ਪੁਸਤਕ 'ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ' ਹੈ। ਭਾਈ ਅਵਤਾਰ ਸਿੰਘ - ਗੁਰਚਰਨ ਸਿੰਘ ਜੋ ਕਿ ਠੱਠਾ ਟਿੱਬਾ ਟਕਸਾਲ ਨਾਲ ਸਬੰਧੰਤ ਹਨ, ਦੀ ਇਹ ਇਤਿਹਾਸਕ ਰਚਨਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰਕਾਸ਼ਨਾ ਹੈ। 1979 ਵਿਚ ਦੋ ਭਾਗਾਂ ਅਧੀਨ ਪ੍ਰਕਾਸ਼ਤ ਇਸ ਪੁਸਤਕ ਦੇ ਅੰਤਰਗਤ ਗੁਰੂ ਘਰ ਦੇ ਇਨ੍ਹਾਂ ਕੀਰਤਨੀਆਂ ਨੇ ਆਪਣੇ ਕੀਰਤਨ ਘਰਾਣੇ ਵਿਚ ਸਦੀਆਂ ਤੋਂ ਪ੍ਰਚਲਿਤ ਸ਼ਬਦ ਕੀਰਤਨ ਰਚਨਾਵਾਂ ਨੂੰ ਇਨ੍ਹਾਂ ਦੀ ਮੂਲ ਪ੍ਰਕ੍ਰਿਤੀ ਅਨੁਸਾਰ ਸੁਰਲਿਪੀ ਬੱਧ ਕਰਨ ਦਾ ਵਿਸ਼ੇਸ਼ ਯਤਨ ਕੀਤਾ ਹੈ। ਇਨ੍ਹਾਂ ਪੁਸਤਕਾਂ ਦੇ ਮਹੱਤਵ ਨੂੰ ਭਾਈ ਅਰਦਮਨ ਸਿੰਘ ਬਾਗੜ੍ਹੀਆਂ, ਉਸਤਾਦ ਵਲਾਇਤ.ਐਚ.ਖਾਨ, ਪੰਡਤ ਦਲੀਪ ਚੰਦਰ ਵੇਦੀ ਅਤੇ ਪ੍ਰੋਫੈਸਰ ਤਾਰਨ ਸਿੰਘ ਨੇ ਆਪਣੇ ਸ਼ਬਦਾਂ ਵਿਚ ਉਜਾਗਰ ਕੀਤਾ ਹੈ।

ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ ਦੋ ਭਾਗਾਂ ਵਿਚ ਉਪਲਬੱਧ ਹੈ। ਇਸ ਦੇ ਪਹਿਲੇ ਭਾਗ ਵਿਚ 38 ਰਾਗਾਂ ਅਧੀਨ ਕੁਲ 252 ਪ੍ਰਾਚੀਨ ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ ਜੋ ਵੱਖ-ਵੱਖ 25 ਤਾਲਾਂ ਅਧੀਨ ਤਾਲਬੱਧ ਹਨ। ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ ਦੇ ਦੂਸਰੇ ਭਾਗ ਵਿਚ 61 ਰਾਗਾਂ ਅਤੇ ਰਾਗ ਪ੍ਰਕਾਰਾਂ ਅਧੀਨ 240 ਸ਼ਬਦ ਕੀਰਤਨ ਰਚਨਾਵਾਂ ਦਰਜ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵੱਖ-ਵੱਖ ਵਾਰਾਂ ਦੀਆਂ ਲਗਭਗ 19 ਪਉੜੀਆਂ ਤੇ ਧੁਨੀਆਂ ਦੀਆਂ ਸ਼ਬਦ ਕੀਰਤਨ ਰਚਨਾਵਾਂ ਵੀ ਅੰਕਿਤ ਹਨ। ਇਸ ਭਾਗ ਦੇ ਅੰਤਿਮ ਚਰਨ ਵਿਚ ਰਾਗ ਸੂਹੀ ਦੇ ਅੰਤਰਗਤ ਲਾਵਾਂ ਦੀ ਸੁਰਲਿਪੀ ਵੀ ਅੰਕਿਤ ਹੈ। 

ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ ਵਿਚ ਦਰਜ ਸ਼ਬਦ ਕੀਰਤਨ ਰਚਨਾਵਾਂ ਨੂੰ ਧਰੁਪਦ, ਧਮਾਰ, ਖਿਆਲ, ਪੜਤਾਲ ਆਦਿ ਗਾਇਨ ਸ਼ੈਲੀਆਂ ਅਧੀਨ ਸੁਰਲਿਪੀਬੱਧ ਕੀਤਾ ਗਿਆ ਹੈ। ਜਿਆਦਾਤਰ ਸ਼ਬਦ ਕੀਰਤਨ ਰਚਨਾਵਾਂ ਧਰੁਪਦ ਅੰਗ ਤੋਂ ਸਥਾਈ, ਅੰਤਰਾ, ਸੰਚਾਰੀ, ਆਭੋਗ ਦੇ ਅੰਤਰਗਤ ਸੁਰਲਿਪੀਬੱਧ ਹਨ। ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਹਿਤ ਦਾਦਰਾ, ਰੂਪਕ, ਤਿੰਨਤਾਲ, ਛੋਟੀ ਤਿੰਨਤਾਲ, ਚਾਰਤਾਲ, ਆੜਾ ਚਾਰਤਾਲ, ਇਕਤਾਲ, ਝਪਤਾਲ, ਖੱਟਤਾਲ, ਸਿਖਰਤਾਲ, ਧਮਾਰ, ਸੂਲਫਾਕਤਾ, ਪੰਜ ਤਾਲ ਦੀ ਸਵਾਰੀ, ਅਸ਼ਟਤਾਲ, ਚੰਚਲਤਾਲ, ਜੈਤਾਲ, ਤਲਵਾੜਾ ਆਦਿ ਤਾਲਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਸ਼ਬਦ ਕੀਰਤਨ ਰਚਨਾਵਾਂ ਦੇ ਵਿਸ਼ੇ ਸਰੋਤਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਦੀਆਂ ਵਾਰਾਂ ਆਦਿ ਸ਼ਾਮਿਲ ਹਨ। ਸੰਤਾਂ, ਭਗਤਾਂ ਵਿਚ ਭਗਤ ਕਬੀਰ, ਰਵਿਦਾਸ, ਨਾਮਦੇਵ, ਤ੍ਰਿਲੋਚਨ, ਧੰਨਾ ਅਤੇ ਸ਼ੇਖ ਫਰੀਦ ਜੀ ਦੀਆਂ ਬਾਣੀ ਰਚਨਾਵਾਂ ਨੂੰ ਸੁਰਲਿਪੀਬੱਧ ਕੀਤਾ ਗਿਆ ਹੈ। ਇਸ ਪੁਸਤਕ ਅਧੀਨ ਰਚਨਾਕਾਰ ਭਾਈ ਅਵਤਾਰ ਸਿੰਘ - ਗੁਰਚਰਨ ਸਿੰਘ ਨੇ ਸ਼ਬਦ ਕੀਰਤਨ ਰਚਨਾਵਾਂ ਹਿਤ ਭਾਤਖੰਡੇ ਸੁਰਲਿਪੀ ਨੂੰ ਹੀ ਅਪਣਾਇਆ ਹੈ। ਇਨ੍ਹਾਂ ਰਚਨਾਵਾਂ ਵਿਚ ਗੁਰਮਤਿ ਸੰਗੀਤ ਦੀ ਮੂਲ ਪਰੰਪਰਾ ਕਾਇਮ ਹੈ। ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀਆਂ ਪੁਰਾਤਨ ਰੀਤਾਂ ਸਬੰਧੀ ਇਹ ਆਪਣੇ ਕਿਸਮ ਦੀ ਪਹਿਲੀ ਰਚਨਾ ਹੈ। ਸ਼ਬਦ ਦੇ ਸਥਾਈ, ਅੰਤਰਾ ਪਰੰਪਰਾਗਤ ਸ਼ੈਲੀ ਵਿਚ ਨਿਬੱਧ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕੀਤੀਆਂ ਗਈਆਂ ਵਾਰਾਂ ਦੀਆਂ ਧੁਨੀਆਂ ਵੀ ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਦਾ ਅਹਿਮ ਹਿੱਸਾ ਬਣੀਆਂ ਹਨ।
  
ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ ਅਧੀਨ ਗੁਰਮਤਿ ਸੰਗੀਤ ਦੇ ਵਿਧਾਨ ਅਨੁਸਾਰੀ 173 ਨਿਰਧਾਰਤ ਰਾਗਾਂ ਦੀ ਸ਼ਬਦ ਕੀਰਤਨ ਧਾਰਾ ਅਧੀਨ 95 ਅਤੇ ਸ਼ਬਦ ਰੀਤ ਧਾਰਾ ਅਧੀਨ 6 ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ। 

ਭਾਈ ਅਵਤਾਰ ਸਿੰਘ - ਗੁਰਚਰਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਚਲਿਤ ਰਾਗਾਂ ਨੂੰ ਇਨ੍ਹਾਂ ਦੇ ਪ੍ਰਚਲਨ ਅਨੁਸਾਰ ਹੀ ਸੁਰਲਿਪੀ ਬੱਧ ਕੀਤਾ ਹੈ। ਇਸੇ ਤਰ੍ਹਾਂ ਗੁਰ ਸ਼ਬਦ ਕੀਰਤਨ ਵਿਚ ਪ੍ਰਚਲਿਤ ਵੱਖ-ਵੱਖ ਬਾਣੀਆਂ ਦੀ ਕੀਰਤਨ ਸ਼ੈਲੀ ਨੂੰ ਵੀ ਸੁਰਲਿਪੀ ਬੱਧ ਕਰਨ ਦਾ ਸਫਲ ਯਤਨ ਕੀਤਾ ਹੈ। ਇਨ੍ਹਾਂ ਵਿਚੋਂ ਅਲਾਹੁਣੀਆਂ, ਘੋੜੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਵਾਰਾਂ ਦੀਆਂ ਧੁਨੀਆਂ ਵਿਸ਼ੇਸ਼ ਹਨ। ਸ਼ਬਦ ਕੀਰਤਨ ਵਿਚ ਪ੍ਰਚਲਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੇ ਰਾਗ ਜਿਵੇਂ ਸੂਹੀ ਪ੍ਰਭਾਤੀ, ਸ਼ੁਕਲ ਬਿਲਾਵਲ, ਏਮਨੀ ਬਿਲਾਵਲ, ਨਟ ਬਿਲਾਵਲ, ਮਾਰੂ ਬਿਹਾਗ, ਅਹੀਰ ਭੈਰਉ, ਬੈਰਾਗੀਆ ਭੈਰਉ, ਅਨੰਦ ਭੈਰਉ, ਬੰਗਾਲ ਭੈਰਉ, ਸ਼ਿਵਮਤ ਭੈਰਉ, ਕਾਲੰਗੜਾ ਭੈਰਉ, ਸੋਹਣੀ ਬਸੰਤ, ਪੁਰਾਤਨ ਬਸੰਤ ਬਹਾਰ, ਬਸੰਤ ਬਹਾਰ ਕਾਫੀ, ਬੁਢਾ ਬਸੰਤ, ਸਾਮੰਤ ਸਾਰੰਗ, ਨੂਰ ਸਾਰੰਗ, ਗੋਂਡ ਸਾਰੰਗ, ਗੋਂਡ ਮਲਾਰ, ਨਟ ਮਲਾਰ, ਮੇਘ ਮਲਾਰ, ਮੇਘ, ਦੇਸ ਮਲਾਰ, ਸੂਰਦਾਸੀ ਮਲਾਰ, ਗਾਰਾ ਕਾਨੜਾ, ਬਾਗੇਸ਼ਰੀ, ਸ਼ੁਧ ਕਲਿਆਣ, ਹਮੀਰ ਕਲਿਆਣ, ਪੂਰੀਆ ਕਲਿਆਣ, ਸਾਵਨੀ ਕਲਿਆਣ ਆਦਿ ਦਾ ਪ੍ਰਯੋਗ ਵੀ ਇਸ ਪੁਸਤਕ ਦਾ ਹਿੱਸਾ ਹੈ। ਕੀਰਤਨ ਪਰੰਪਰਾ ਵਿਚ ਪ੍ਰਚਲਿਤ ਤਾਲਾਂ ਦੇ ਅਧਿਐਨ ਲਈ ਇਹ ਕਾਰਜ ਵਿਸ਼ੇਸ਼ ਹਨ। ਗੁਰਮਤਿ ਸੰਗੀਤ ਦੇ ਪਾਠਕਾਂ, ਖੋਜਾਰਥੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ ਇਕ ਇਤਿਹਾਸਕ ਕਾਰਜ ਹੈ। ਗੁਰੂ ਕਾਲ ਦੀ ਕੀਰਤਨ ਪਰੰਪਰਾ ਦੇ ਸਰਬਾਂਗੀ ਅਧਿਐਨ ਲਈ ਇਹ ਕਾਰਜ ਇਕ ਇਤਿਹਾਸਕ ਦਸਤਾਵੇਜ ਹੈ। ਉਮੀਦ ਹੈ ਆਉਣ ਵਾਲੀਆਂ ਪੀੜ੍ਹੀਆਂ ਦੇ ਖੋਜਾਰਥੀ ਇਸ ਪੁਸਤਕ ਦਾ ਸਰਬਾਂਗੀ ਅਧਿਐਨ ਤੇ ਵਿਸ਼ਲੇਸ਼ਣ ਕਰਦਿਆਂ ਮਾਰਗ ਦਰਸ਼ਨ ਪ੍ਰਾਪਤ ਕਰਨਗੇ। 

*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

Leave a Reply

Your email address will not be published. Required fields are marked *