*ਗੁਰਨਾਮ ਸਿੰਘ (ਡਾ.)
1979 ਵਿਚ ਗੁਰੂ ਅਮਰਦਾਸ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ 'ਤੇ ਪੰਜਾਬ ਸਰਕਾਰ ਵਲੋਂ ਕੀਤੇ ਕਾਰਜਾਂ ਵਿਚੋਂ ਇਕ ਵਿਸ਼ੇਸ਼ ਕਾਰਜ ਪੁਸਤਕ 'ਗੁਰੂ ਅਮਰਦਾਸ ਰਾਗ ਰਤਨਾਵਲੀ' ਦਾ ਪ੍ਰਕਾਸ਼ਨ ਕਰਨਾ ਸੀ। ਪ੍ਰਸਿੱਧ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਦੀ ਇਸ ਰਚਨਾ ਦੇ ਪ੍ਰਕਾਸ਼ਨ ਵਿਚ ਸ. ਤਰਲੋਚਨ ਸਿੰਘ, ਸਾਬਕਾ ਐਮ.ਪੀ. ਤੇ ਚੇਅਰਮੈਨ ਕੌਮੀ ਘੱਟ-ਗਿਣਤੀ ਕਮਿਸ਼ਨ ਨੇ ਉਸ ਸਮੇਂ ਬੁਨਿਆਦੀ ਭੂਮਿਕਾ ਨਿਭਾਈ ਕਿਉਂ ਜੋ ਤਰਲੋਚਨ ਸਿੰਘ ਵੱਖ-ਵੱਖ ਸ਼ਤਾਬਦੀਆਂ ਨੂੰ ਇਤਿਹਾਸਕ ਤੌਰ ਤੇ ਯਾਦਗਾਰੀ ਬਣਾਉਣ ਹਿਤ ਕੁਝ ਐਸੇ ਕਾਰਜ ਪ੍ਰਕਾਸ਼ਤ ਹੋਣੇ ਚਾਹੀਦੇ ਹਨ ਜੋ ਸਦੀਆਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਦਾ ਮਾਰਗ ਦਰਸਾ ਸਕਣ। ਇਸ ਸੰਦਰਭ ਵਿਚ ਪੁਸਤਕ 'ਗੁਰੂ ਅਮਰਦਾਸ ਰਾਗ ਰਤਨਾਵਲੀ' ਦੀ ਪ੍ਰਕਾਸ਼ਨਾ ਇਕ ਵਿਸ਼ੇਸ਼ ਯਤਨ ਸਾਬਤ ਹੋਇਆ। ਇਸੇ ਕਰਕੇ ਇਸ ਉਦੱਮ ਦੀ ਸ਼ਲਾਘਾ ਅਸੀਂ ਅੱਜ 34 ਸਾਲਾਂ ਬਾਅਦ ਵੀ ਕਰ ਰਹੇ ਹਾਂ।
'ਗੁਰੂ ਅਮਰਦਾਸ ਰਾਗ ਰਤਨਾਵਲੀ' ਇਕ ਵਿਲੱਖਣ ਦਿੱਖ ਵਾਲੀ ਪੁਸਤਕ ਹੈ ਜਿਸਨੂੰ ਵੱਡੇ ਆਕਾਰ ਵਿਚ ਪ੍ਰਕਾਸ਼ਿਤ ਕਰਵਾਇਆ ਗਿਆ। ਪੁਸਤਕ ਦਾ ਟਾਈਟਲ ਵੀ ਆਪਣੇ ਆਪ ਵਿਚ ਵਿਲੱਖਣ ਤੇ ਆਕਰਸ਼ਕ ਹੈ ਜਿਸ ਵਿਚ ਰਾਗ ਰਤਨਾਵਲੀ ਨੂੰ ਇਕ ਮਾਲਾ ਵਿਚ ਦਰਸਾਇਆ ਗਿਆ ਹੈ। ਗੁਰੂ ਅਮਰਦਾਸ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਦੇ ਅਵਸਰ 'ਤੇ ਪ੍ਰਕਾਸ਼ਿਤ ਇਸ ਪੁਸਤਕ ਸਬੰਧੀ ਸ. ਆਤਮਾ ਸਿੰਘ, ਵਿਕਾਸ ਤੇ ਲੋਕ ਸੰਪਰਕ ਮੰਤਰੀ, ਪੰਜਾਬ ਨੇ ਆਪਣੇ ਵਿਚਾਰ ਦਰਜ ਕਰਵਾਏ ਅਤੇ ਇਸ ਪੁਸਤਕ ਨੂੰ ਇਸ ਅਵਸਰ ਦੀ ਇਕ ਮਹੱਤਵਪੂਰਨ ਉਪਲਬੱਧੀ ਦਸਿਆ ਹੈ।
'ਗੁਰੂ ਅਮਰਦਾਸ ਰਾਗ ਰਤਨਾਵਲੀ' ਦੇ 117 ਪੰਨਿਆਂ ਦੇ ਅੰਤਰਗਤ 40 ਸ਼ਬਦ ਕੀਰਤਨ ਰਚਨਾਵਾਂ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਬਾਣੀ ਹਿਤ ਪ੍ਰਯੁਕਤ ਰਾਗਾਂ ਅਧੀਨ ਦਰਜ ਹਨ ਜਿਨ੍ਹਾਂ ਨੂੰ ਵੱਖ-ਵੱਖ ਤਾਲਾਂ ਤਿੰਨਤਾਲ, ਰੂਪਕ, ਕਹਿਰਵਾ, ਏਕਤਾਲ, ਦਾਦਰਾ, ਚਾਰਤਾਲ ਅਧੀਨ ਤਾਲਬੱਧ ਕੀਤਾ ਗਿਆ ਹੈ। ਇਸ ਪੁਸਤਕ ਅਧੀਨ ਪ੍ਰੋ. ਤਾਰਾ ਸਿੰਘ ਵਲੋਂ ਗੁਰੂ ਅਮਰਦਾਸ ਜੀ ਦੀ ਬਾਣੀ ਵਿਚੋਂ ਕੁਝ ਚੋਣਵੇਂ ਸ਼ਬਦ, ਸਲੋਕ, ਵਾਰ ਅਤੇ ਛੰਤ ਲੈ ਕੇ ਉਨ੍ਹਾਂ ਨੂੰ ਸੁਰਲਿਪੀ ਬੱਧ ਕੀਤਾ ਗਿਆ ਹੈ। ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕੇਤਕ ਅਤੇ ਸਿਰਲੇਖ ਰੂਪ ਵਿਚ ਦਰਸਾਏ ਸੰਗੀਤ ਵਿਧਾਨ ਦਾ ਅਨੁਸਰਣ ਪੂਰਨ ਤੌਰ ਤੇ ਕੀਤਾ ਗਿਆ ਹੈ। ਪੁਸਤਕ ਦੇ ਹਵਾਲੇ ਨਾਲ ਪੁਸਤਕ ਦੇ ਲੇਖਕ ਨੇ ਗੁਰਮਤਿ ਸੰਗੀਤ ਦੇ ਪਾਠਕਾਂ ਦਾ ਧਿਆਨ ਗੁਰਮਤਿ ਸੰਗੀਤ ਵਿਧਾਨ ਅਨੁਸਾਰੀ ਸ਼ਬਦ ਕੀਰਤਨ ਰਚਨਾਵਾਂ ਵੱਲ ਕੇਂਦਰਿਤ ਕਰਨ ਦਾ ਸਫਲ ਯਤਨ ਕੀਤਾ ਹੈ। ਆਪਣੀਆਂ ਸ਼ਬਦ ਕੀਰਤਨ ਰਚਨਾਵਾਂ ਹਿਤ ਆਪ ਨੇ ਪ੍ਰੋ. ਸਾਹਿਬ ਸਿੰਘ ਦੇ ਗੁਰਬਾਣੀ ਟੀਕੇ ਦੇ ਅਰਥ ਬੋਧਾਂ ਦੀ ਪਰੰਪਰਾ ਨੂੰ ਅਪਣਾਇਆ ਹੈ। ਆਪ ਦਾ ਮੰਨਣਾ ਸੀ ਕਿ ਜਦੋਂ ਤੱਕ ਗਾਇਕ ਤੇ ਰਾਗੀ ਇਸ ਪ੍ਰਥਾ ਨੂੰ ਨਹੀਂ ਅਪਣਾਉਂਦੇ, ਤਦ ਤੱਕ ਉਸ ਸ਼ਬਦ ਦਾ ਮੁੱਖ ਭਾਵ ਉਜਾਗਰ ਨਹੀਂ ਕੀਤਾ ਜਾ ਸਕਦਾ।
ਆਮ ਕਰਕੇ 'ਆਨੰਦ ਸਾਹਿਬ' ਬਾਣੀ ਨੂੰ ਪ੍ਰਚਲਿਤ ਸੰਗੀਤ ਧਾਰਨਾ ਉਤੇ ਹੀ ਗਾਇਨ ਕੀਤਾ ਜਾਂਦਾ ਰਿਹਾ ਹੈ। ਪਰੰਤੂ ਪ੍ਰੋ. ਤਾਰਾ ਸਿੰਘ ਨੇ ਇਸ ਪੁਸਤਕ ਵਿਚ ਪਹਿਲੀ ਵਾਰੀ ਅਨੰਦ ਬਾਣੀ ਨੂੰ ਨਿਰਧਾਰਤ ਰਾਗ ਰਾਮਕਲੀ ਦੇ ਅੰਤਰਗਤ ਸੁਰਲਿਪੀਬੱਧ ਕੀਤਾ ਜੋ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਹੈ। ਗੁਰੂ ਅਮਰਦਾਸ ਜੀ ਦੇ ਸੰਗੀਤਕ ਯੋਗਦਾਨ ਸਬੰਧੀ ਲਿਖਦਿਆਂ ਪ੍ਰੋ. ਤਾਰਾ ਸਿੰਘ ਨੇ ਆਪਣੀ ਭੂਮਿਕਾ ਵਿਚ ਅੰਕਿਤ ਕੀਤਾ ਹੈ ਕਿ ਗੁਰੂ ਅਮਰਦਾਸ ਜੀ ਨੇ ਧੁਰ ਕੀ ਬਾਣੀ ਹਿਤ 23 ਰਾਗਾਂ (ਰਾਗ ਤੇ ਰਾਗ ਪ੍ਰਕਾਰ) ਦਾ ਪ੍ਰਯੋਗ ਕੀਤਾ ਜਿਨ੍ਹਾਂ ਵਿਚ 18 ਮੁੱਖ ਰਾਗ ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰਉ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ ਅਤੇ 5 ਰਾਗ ਪ੍ਰਕਾਰ ਗਉੜੀ ਗੁਆਰੇਰੀ, ਗਉੜੀ ਬੈਰਾਗਣਿ, ਗਉੜੀ ਪੂਰਬੀ, ਬਸੰਤ ਹਿੰਡੋਲ ਅਤੇ ਪ੍ਰਭਾਤੀ ਬਿਭਾਸ ਸ਼ਾਮਿਲ ਹਨ। ਸਿਰੀ ਰਾਗ ਅਧੀਨ ਆਪ ਨੇ 4, ਰਾਗ ਮਾਝ ਅਧੀਨ 2, ਰਾਗ ਗਉੜੀ ਗੁਆਰੇਰੀ ਅਧੀਨ 2, ਰਾਗ ਗਉੜੀ ਬੈਰਾਗਣਿ ਅਧੀਨ 1, ਰਾਗ ਗਉੜੀ ਪੂਰਬੀ ਅਧੀਨ 1, ਰਾਗ ਗਉੜੀ ਅਧੀਨ 1, ਰਾਗ ਆਸਾ ਅਧੀਨ 2, ਰਾਗ ਗੂਜਰੀ ਅਧੀਨ 1, ਰਾਗ ਬਿਹਾਗੜਾ ਅਧੀਨ 1, ਰਾਗ ਵਡਹੰਸ ਅਧੀਨ 2, ਰਾਗ ਸੋਰਠਿ ਅਧੀਨ 2, ਰਾਗ ਧਨਾਸਰੀ ਅਧੀਨ 1, ਰਾਗ ਸੂਹੀ ਅਧੀਨ 3, ਰਾਗ ਬਿਲਾਵਲ ਅਧੀਨ 2, ਰਾਗ ਰਾਮਕਲੀ ਅਧੀਨ 2, ਰਾਗ ਮਾਰੂ ਅਧੀਨ 1, ਰਾਗ ਭੈਰਉ ਅਧੀਨ 2, ਰਾਗ ਬਸੰਤ ਅਧੀਨ 3, ਰਾਗ ਬਸੰਤ ਹਿੰਡੋਲ ਅਧੀਨ 1, ਰਾਗ ਸਾਰੰਗ ਅਧੀਨ 2, ਰਾਗ ਮਲਾਰ ਅਧੀਨ 3, ਰਾਗ ਪ੍ਰਭਾਤੀ ਅਧੀਨ 3 ਅਤੇ ਰਾਗ ਪ੍ਰਭਾਤੀ ਬਿਭਾਸ ਅਧੀਨ 1 ਸ਼ਬਦ ਕੀਰਤਨ ਰਚਨਾਵਾਂ ਸੁਰਲਿਪੀ ਬੱਧ ਹਨ। ਸੰਗੀਤ ਜਗਤ ਲਈ ਗੁਰੂ ਅਮਰਦਾਸ ਜੀ ਵਲੋਂ ਸਾਰੰਦੇ ਸਾਜ਼ ਦੇ ਕੀਤੇ ਆਵਿਸ਼ਕਾਰ ਸਬੰਧੀ 'ਕਾਨੂੰਨੇ ਮੌਸੀਕੀ' ਪੁਸਤਕ ਦੇ ਹਵਾਲੇ ਨਾਲ ਮੋਹਰ ਲਾਉਂਦੇ ਹੋਏ ਆਪਨੇ ਮੰਨਿਆ ਹੈ ਕਿ ਸਾਰੰਦਾ ਸਾਜ਼ ਗੁਰੂ ਅਮਰਦਾਸ ਜੀ ਦੁਆਰਾ ਈਜ਼ਾਦ ਕੀਤਾ ਗਿਆ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਤਜਵੀਜ਼ ਨਾਲ ਬਣਾਕੇ ਸੰਗਤਾਂ ਨੂੰ ਬਖਸ਼ਿਆ।
ਗੁਰਮਤਿ ਸੰਗੀਤ ਦੇ ਖੇਤਰ ਵਿਚ ਇਸ ਮਹੱਤਵਪੂਰਨ ਪੁਸਤਕ ਦਾ ਇਕ ਹੋਰ ਮਹੱਤਵ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਇਤਿਹਾਸਕ ਤੌਰ ਤੇ ਨਿਰੋਲ ਗੁਰਮਤਿ ਸੰਗੀਤ 'ਤੇ ਪ੍ਰਕਾਸ਼ਤ ਇਹ ਪਹਿਲੀ ਪੁਸਤਕ ਹੈ ਜਿਸ ਦੀ ਪ੍ਰਕਾਸ਼ਨਾ ਸੰਭਵ ਬਣਾਉਣ ਲਈ ਤਰਲੋਚਨ ਸਿੰਘ, ਲੋਕ ਸੰਪਰਕ ਵਿਭਾਗ, ਪੰਜਾਬ ਅਤੇ ਸਾਬਕਾ ਸਿਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਦੇ ਸਵਰਗਵਾਸੀ ਪਿਤਾ ਸ. ਆਤਮਾ ਸਿੰਘ ਵਿਸ਼ੇਸ਼ ਵਧਾਈ ਦੇ ਪਾਤਰ ਹਨ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ