*ਗੁਰਨਾਮ ਸਿੰਘ (ਡਾ.)
ਗੁਰਮਤਿ ਸੰਗੀਤ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਿਸ਼ੇਸ਼ ਯਤਨਾਂ ਦੇ ਪ੍ਰਥਾਇ 'ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ' ਗੁਰਮਤਿ ਸੰਗੀਤ ਸਬੰਧੀ ਪਹਿਲੀਆਂ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਇਕ ਹੈ। ਸੰਗੀਤ ਅਤੇ ਗੁਰਮਤਿ ਸੰਗੀਤ ਦੇ ਪ੍ਰਸਿੱਧ ਵਿਦਵਾਨ ਪ੍ਰੋ. ਤਾਰਾ ਸਿੰਘ ਨੇ ਆਪਣੀ ਵਰ੍ਹਿਆਂ ਦੀ ਸੰਗੀਤਕ ਸਾਧਨਾ ਤੋਂ ਉਪਰਾਂਤ ਇਸ ਪੁਸਤਕ ਦੀ ਰਚਨਾ ਕੀਤੀ। ਇਹ ਉਹ ਸਮਾਂ ਸੀ ਜਦੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਮੌਲਿਕ ਸ਼ਬਦ ਕੀਰਤਨ ਰਚਨਾਵਾਂ ਦੇ ਸੁਰਲਿਪੀਬੱਧ ਸੰਗ੍ਰਹਿ ਘੱਟ ਹੀ ਦੇਖਣ ਨੂੰ ਮਿਲਦੇ ਸਨ। ਇਸ ਪੁਸਤਕ ਦੀ ਪ੍ਰਕਾਸ਼ਨਾ 1970 ਵਿਚ ਤੀਜੀ ਸ਼ਤਾਬਦੀ ਉਤੇ ਕੀਤੀ ਗਈ। ਇਸ ਪੁਸਤਕ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਉਸ ਸਮੇਂ ਦੇ ਵਾਈਸ-ਚਾਂਸਲਰ ਡਾ. ਇੰਦਰਜੀਤ ਕੌਰ ਸੰਧੂ ਨੇ ਲਿਖਿਆ ਹੈ, "ਪੁਸਤਕ ਦੇ ਲੇਖਕ ਨੁੰ ਗੁਰਮਤਿ ਸੰਗੀਤ ਨਾਲ ਸ਼ਰਧਾ ਪੂਰਣ ਲਗਾਉ ਹੈ ਅਤੇ ਸੰਗੀਤ ਕਲਾ ਨਾਲ ਇਕ ਕਲਾਕਾਰ ਵਾਲਾ ਸੱਚਾ ਸਨੇਹ, ਜਿਸ ਨੂੰ ਉਸ ਨੇ ਆਪਣੇ ਕਈ ਸਾਲਾਂ ਦੇ ਨਿਰੰਤਰ ਅਭਿਆਸ ਤੇ ਖੋਜ ਰਾਹੀਂ ਇਕ ਨਿਵੇਕਲੀ ਦਿਸ਼ਾ ਦੇ ਲਈ ਹੈ। ਇਸ ਵਿਸ਼ੇ (ਗੁਰਮਤਿ ਸੰਗੀਤ) ਉਤੇ ਉਸ ਨੇ ਪੂਰਣ ਅਧਿਕਾਰ ਨਾਲ ਆਪਣੀ ਖੋਜ ਤੇ ਸੰਗੀਤ ਕਲਾ ਵਿਚ ਮੌਲਿਕ ਚਿੰਤਨ ਨੂੰ ਪ੍ਰਸਤੁਤ ਕੀਤਾ ਹੈ। ਇਹ ਪੁਸਤਕ ਨਾ ਕੇਵਲ ਇਸ ਵਿਸ਼ੇ ਦੀ ਸਿਧਾਂਤਿਕ ਵਿਆਖਿਆ ਹੀ ਕਰਦੀ ਹੈ ਸਗੋਂ ਕ੍ਰਿਆਤਮਕ ਖੇਤਰ ਵਿਚ ਇਸ ਤੋਂ ਅਗਵਾਈ ਵੀ ਲਈ ਜਾ ਸਕਦੀ ਹੈ।" ਉਕਤ ਵਿਚਾਰ ਤੋਂ ਸਪਸ਼ਟ ਹੈ ਕਿ ਪ੍ਰੋ. ਤਾਰਾ ਸਿੰਘ ਦਾ ਇਹ ਕਾਰਜ ਗੁਰਮਤਿ ਸੰਗੀਤ ਦੇ ਵਿਹਾਰਕ ਤੇ ਸਿਧਾਂਤਕਤਾ ਲਈ ਮਹੱਤਵਪੂਰਣ ਆਰੰਭਿਕ ਕਾਰਜ ਹੈ ਜੋ ਪੂਰਨ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਦਰਸਾਏ ਸੰਗੀਤ ਵਿਧਾਨ ਅਨੁਸਾਰੀ ਵੀ ਹੈ।
'ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ' ਦੇ ਅੰਤਰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸੁਰਲਿਪੀ ਬੱਧ ਕੀਤਾ ਗਿਆ ਹੈ। ਇਸ ਪੁਸਤਕ ਦੇ ਅੰਤਰਗਤ ਕੁਲ 16 ਰਾਗਾਂ ਅਧੀਨ 119 ਸ਼ਬਦ ਕੀਰਤਨ ਰਚਨਾਵਾਂ ਅੰਕਿਤ ਹਨ ਜਿਨ੍ਹਾਂ ਵਿਚ ਗੁਰਮਤਿ ਸੰਗੀਤ ਦੇ ਵਿਧਾਨ ਅਨੁਸਾਰੀ 63 ਸ਼ਬਦ ਕੀਰਤਨ ਰਚਨਾਵਾਂ ਜੋ ਕਿ ਰਾਗ ਗਉੜੀ (ਭੈਰਉ ਮੇਲ), ਗਉੜੀ (ਪੂਰਵੀ ਮੇਲ), ਗਉੜੀ (ਪੂਰਵੀ ਮੇਲ ਸ੍ਰੀ ਅੰਗ), ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ (ਕਾਫੀ ਮੇਲ), ਧਨਾਸਰੀ (ਭੈਰਵੀ ਮੇਲ), ਧਨਾਸਰੀ (ਪੂਰਵੀ ਮੇਲ), ਜੈਤਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ (ਮਾਰਵਾ ਮੇਲ), ਬਸੰਤ ਹਿੰਡੋਲ, ਬਸੰਤ (ਪੂਰਵੀ ਮੇਲ), ਬਸੰਤ (ਧੈਵਤ ਸ਼ੁੱਧ ਪ੍ਰਕਾਰ), ਬਸੰਤ (ਧੈਵਤ ਸ਼ੁੱਧ ਪੰਚਮ ਵਰਜਿਤ ਪ੍ਰਕਾਰ), ਸਾਰੰਗ ਅਤੇ ਜੈਜਾਵੰਤੀ ਰਾਗਾਂ ਅਧੀਨ ਦਰਜ ਹਨ। ਗੁਰਮਤਿ ਸੰਗੀਤ ਦੀ ਨਿਰਧਾਰਤ ਰਾਗਾਂ ਦੀ ਧਾਰਾ ਅਧੀਨ 61 ਸ਼ਬਦ ਕੀਰਤਨ ਰਚਨਾਵਾਂ ਗਉੜੀ, ਗਉੜੀ ਪੂਰਬੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ, ਜੈਜਾਵੰਤੀ ਅਤੇ ਬਸੰਤ ਹਿੰਡੋਲ ਰਾਗਾਂ ਤੇ ਰਾਗ ਪ੍ਰਕਾਰਾਂ ਅਧੀਨ ਸੁਰਲਿਪੀ ਬੱਧ ਹਨ। ਇਸ ਪੁਸਤਕ ਵਿਚ ਇਨ੍ਹਾਂ ਸ਼ਬਦ ਕੀਰਤਨ ਰਚਨਾਵਾਂ ਹਿਤ ਦਾਦਰਾ, ਕਹਿਰਵਾ, ਰੂਪਕ, ਝਪਤਾਲ, ਇਕਤਾਲ, ਚਾਰਤਾਲ ਅਤੇ ਤਿੰਨਤਾਲ ਆਦਿ ਤਾਲਾਂ ਦਾ ਪ੍ਰਯੋਗ ਕੀਤਾ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਪੂਰਨ ਸੰਗੀਤਕ ਵਿਗਿਆਨਕ ਤਕਨੀਕ ਨਾਲ ਜਾਣਕਾਰੀ ਦਾ ਆਰੰਭਲਾ ਦੌਰ ਵੀ ਇਸ ਪੁਸਤਕ ਨਾਲ ਸ਼ੁਰੂ ਹੁੰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਖ-ਵੱਖ ਸਲੋਕਾਂ ਨੂੰ ਵੱਖ-ਵੱਖ ਰਾਗਾਂ ਅਤੇ ਤਾਲਾਂ ਵਿਚ ਆਪ ਨੇ ਹੀ ਸੰਗੀਤਬੱਧ ਕੀਤਾ ਜੋ ਇਸ ਖੇਤਰ ਦੇ ਗਾਇਕਾਂ ਤੇ ਸਿਖਿਆਰਥੀਆਂ ਲਈ ਲਾਹੇਵੰਦ ਰਚਨਾ ਹੈ। ਇਨ੍ਹਾਂ ਦੇ ਗਾਇਨ ਸਹਿਜੇ ਹੀ ਅਸੀਂ ਜਿਥੇ ਬਾਣੀ ਦੇ ਪ੍ਰਭਾਵ ਗ੍ਰਹਿਣ ਕਰਦੇ ਹਾਂ, ਉਥੇ ਸਬੰਧਤ ਰਾਗ ਨੂੰ ਸਿਖਣ ਸਿਖਾਉਣ ਅਤੇ ਗਾਉਣ ਵਿਚ ਵੀ ਸਹੂਲਤ ਪ੍ਰਦਾਨ ਹੁੰਦੀ ਹੈ। ਸਮੁੱਚੇ ਤੌਰ ਤੇ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਰਚਨਾਵਾਂ ਦੇ ਅੱਠਵੇਂ ਦਹਾਕੇ ਦੀ ਵਿਸ਼ੇਸ਼ ਪੁਸਤਕ ਹੈ ਜਿਸ ਤੋਂ ਸ਼ਬਦ ਕੀਰਤਨ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਦਾ ਇਕ ਵਿਗਿਆਨਕ ਸਿਲਸਿਲਾ ਸ਼ੁਰੂ ਹੋਇਆ। ਗੁਰਮਤਿ ਸੰਗੀਤ ਆਚਾਰੀਆ ਪ੍ਰੋ. ਤਾਰਾ ਸਿੰਘ ਜੀ ਦੀ ਸ਼ਬਦ ਕੀਰਤਨ ਰਚਨਾਵਾਂ ਸੁਰਲਿਪੀਬੱਧ ਕਰਨ ਦੀ ਪਹੁੰਚ ਨਿਵੇਕਲੀ ਤੇ ਮੌਲਿਕ ਹੈ ਜਿਸ ਦਾ ਪ੍ਰਤੱਖ ਦਰਸ਼ਨ ਇਸੇ ਪੁਸਤਕ ਤੋਂ ਹੁੰਦਾ ਹੈ। ਆਪ ਦੀ ਸਿਖਿਆ ਦਾ ਆਰੰਭ ਸੁਪ੍ਰਸਿੱਧ ਸੰਗੀਤਾਚਾਰੀਆ ਪੰਡਤ ਦਲੀਪ ਚੰਦਰ ਵੇਦੀ ਦੇ ਗੁਰ ਭਾਈ ਉਸਤਾਦ ਸੰਪੂਰਨ ਸਿੰਘ ਦੁਆਰਾ ਸਥਾਪਤ ਹਰਗਨਾ ਟਕਸਾਲ ਤੋਂ ਹੋਇਆ ਜਿਸ ਕਰਕੇ ਆਪ ਕੋਲ ਸ਼ਬਦ ਕੀਰਤਨ ਦੀ ਟਕਸਾਲੀ ਵਿਦਿਆ ਦਾ ਗਿਆਨ ਮੌਜੂਦ ਸੀ। ਇਸ ਦੇ ਨਾਲ ਹੀ ਆਪ ਨੇ ਵੱਖ-ਵੱਖ ਸ਼ਾਸਤਰੀ ਸੰਗੀਤਕਾਰਾਂ ਕੋਲੋਂ ਗਾਇਨ, ਵਾਦਨ ਦੀ ਤਾਲੀਮ ਲਈ। ਉਪਰੰਤ ਵਰ੍ਹਿਆਂ ਬੱਧੀ ਭਾਰਤੀ ਸੰਗੀਤ ਦੇ ਰਾਗਾਂ ਅਤੇ ਗੁਰਮਤਿ ਸੰਗੀਤ ਦੇ ਰਾਗਾਂ ਦਾ ਅਧਿਐਨ ਕੀਤਾ। ਸ਼ਬਦ ਕੀਰਤਨ ਰਚਨਾਵਾਂ ਵਿਚ ਪੂਰਨ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਰਹਾਉ, ਅੰਕ ਆਦਿ ਸੰਕੇਤਾਂ ਦਾ ਪੂਰਨ ਰੂਪ ਵਿਚ ਪਾਲਣ ਵੀ ਇਸ ਪੁਸਤਕ ਵਿਚ ਪ੍ਰਤੱਖ ਹੋਇਆ ਹੈ। ਵੱਖ-ਵੱਖ ਰਾਗਾਂ ਦੀ ਸੁਰਾਤਮਕ ਪ੍ਰਮਾਣਿਕਤਾ ਨੂੰ ਪਰਖਨ ਅਤੇ ਸਮਝਣ ਲਈ ਇਹ ਸ਼ਬਦ ਕੀਰਤਨ ਰਚਨਾਵਾਂ ਵਿਸ਼ੇਸ਼ ਹਨ।
ਵਰਤਮਾਨ ਸਮੇਂ ਪੰਜਾਬੀ ਯੂਨੀਵਰਸਿਟੀ ਗੁਰਮਤਿ ਸੰਗੀਤ ਦੇ ਖੋਜ ਅਤੇ ਅਧਿਆਪਨ ਦਾ ਵਿਸ਼ਵ ਕੇਂਦਰ ਬਣ ਗਿਆ ਹੈ। ਅਸੀਂ ਪੰਜਾਬੀ ਯੂਨੀਵਰਸਿਟੀ ਦੇ ਇਨ੍ਹਾਂ ਆਰੰਭਲੇ ਯਤਨਾਂ ਤੋਂ ਨਤਮਸਤਕ ਹੁੰਦੇ ਹਾਂ। 'ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ' ਦੀ ਪ੍ਰਕਾਸ਼ਨਾ ਵਿਚ ਸਹਾਈ ਸਹਿਯੋਗੀਆਂ ਪ੍ਰਤੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਇਸ ਯੂਨੀਵਰਸਿਟੀ ਵਿਚ ਸ਼ੁਰੂਆਤ ਕੀਤੀ ਅਤੇ ਫਿਰ ਇਸ ਤੋਂ ਬਾਅਦ ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ ਸਮੇਤ ਕਈ ਪੁਸਤਕਾਂ ਨਿਰੰਤਰ ਪ੍ਰਕਾਸ਼ਤ ਹੋਈਆਂ।
*ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ