Post Reply 
 
Thread Rating:
  • 0 Votes - 0 Average
  • 1
  • 2
  • 3
  • 4
  • 5
ਭਾਈ ਸੰਤਾ ਸਿੰਘ ਜੀ ਭਾਈ ਸੁਰਜਣ ਸਿੰਘ
04-12-2011, 07:05 AM
Post: #1
ਭਾਈ ਸੰਤਾ ਸਿੰਘ ਜੀ ਭਾਈ ਸੁਰਜਣ ਸਿੰਘ

ਯਾਦ ਪਟਾਰੀ ਵਿਚੋਂ


ਭਾਈ ਸੰਤਾ ਸਿੰਘ ਜੀ ਭਾਈ ਸੁਰਜਣ ਸਿੰਘ

ਮਿਸਜ਼ ਬੀ. ਅਜੀਤ ਸਿੰਘ, ਚੰਡੀਗੜ੍ਹ


ਚੁਮਾਸੇ ਦੀ ਧੁੱਪ ਨਾਲ ਫੁੱਲ ਮੁਰਝਾ ਗਏ ਹਨ ਤੇ ਫੁੱਲਾਂ ਦੀ ਖ਼ੁਸ਼ਬੂ ਵੀ ਖ਼ਤਮ ਹੋ ਗਈ ਹੈ ਪਰ ਮੇਰੀਆਂ ਮਿੱਠੀਆਂ ਯਾਦਾਂ ਹਾਲੇ ਤੱਕ ਤਾਜ਼ੇ ਫੁੱਲਾਂ ਵਾਂਗੂੰ ਖ਼ੁਸ਼ਬੂ ਦੇ ਰਹੀਆਂ ਹਨ। ਜ਼ਿੰਦਗੀ ਦੀ ਸ਼ਾਮ ਹੋ ਗਈ ਹੈ ਪਰ ਇਨ੍ਹਾਂ ਯਾਦਾਂ ਦੀ ਤਾਜ਼ਗੀ ਹਾਲੇ ਵੀ ਸਵੇਰ ਦੀ ਠੰਡ ਵਾਂਗੂੰ ਮੇਰੇ ਦਿਮਾਗ ਤੇ ਦਿਲ ਨੂੰ ਤਾਜ਼ਾ ਕਰ ਰਹੀ ਹੈ। ਮੈਨੂੰ ਤਾਂ ਇਉਂ ਲਗਦਾ ਹੈ ਕਿ ਇਹ ਜਨਮ ਜਨਮਾਂਤ੍ਰਾਂ ਤੋਂ ਚਲ ਰਹੀਆਂ ਸਾਂਝਾਂ ਦਾ ਹੀ ਹਿੱਸਾ ਹਨ ਤੇ ਸ਼ਾਇਦ ਜ਼ਿੰਦਗੀ ਖ਼ਤਮ ਹੋਣ ਤੋਂ ਬਾਅਦ ਵੀ ਮੇਰੇ ਨਾਲ ਹੀ ਇਨ੍ਹਾਂ ਦਾ ਸਾਥ ਰਹੇਗਾ।

ਇਹ ਯਾਦਾਂ ਜੇ ਸਾਰੀਆਂ ਹੀ ਲਿਖਤ ਵਿਚ ਲਿਆਉਣੀਆਂ ਸ਼ੁਰੂ ਕਰਾਂ ਤਾਂ ਇਕ ਵੱਡੀ ਪੋਥੀ ਬਣ ਜਾਏਗੀ। ਸੋ ਮੈਂ ਸਿਰਫ ਉਹ ਹੀ ਲਿਖਤ ਲਿਆਉਣ ਦੀ ਕੋਸ਼ਿਸ਼ ਕਰਾਂਗੀ ਜੋ ਹਰ ਵਕਤ ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਫ਼ਿਲਮ ਦੀ ਤਰ੍ਹਾਂ ਦਿਸਦੀਆਂ ਰਹਿੰਦੀਆਂ ਹਨ।

ਮੇਰੀ ਉਮਰ ਕੋਈ 21 ਸਾਲ ਦੇ ਕਰੀਬ ਸੀ, ਜਦ ਮੈਂ ਅੰਮ੍ਰਿਤਸਰ ਆਪਣੀ ਮਾਤਾ ਜੀ ਪਾਸ ਆਈ। ਘਰ ਪਹੁੰਚਦੇ ਹੀ ਦੋ ਤਿੰਨ ਘੰਟਿਆਂ ਬਾਦ ਹਾਰਮੋਨੀਅਮ ਵਜਣ ਦੀਆਂ ਆਵਾਜ਼ਾਂ ਆਈਆਂ ਤੇ ਮੇਰੀਆਂ ਦੋਨੋਂ ਭਰਜਾਈਆਂ ਅਤੇ ਭੈਣਾਂ ਨੇ ਗੁਰਬਾਣੀ ਦੇ ਸ਼ਬਦ ਦਾ ਗਾਇਨ ਸ਼ੁਰੂ ਕਰ ਦਿੱਤਾ। ਨਾਲ ਹੀ ਕਿਸੇ ਸਿਖਾਉਣ ਵਾਲੇ ਦੀ ਮਿੱਠੀ ਤੇ ਰਸ ਭਰੀ ਆਵਾਜ਼ ਵੀ ਸੁਣਾਈ ਦੇਣ ਲੱਗੀ। ਮੈਂ ਆਪਣੇ ਕਮਰੇ ਵਿੱਚੋਂ ਨਿਕਲ ਕੇ ਦੂਜੇ ਕਮਰੇ ਵਿੱਚ ਗਈ ਤਾਂ ਦੇਖਿਆ ਕਿ ਗਲੀਚੇ ਤੇ ਬੈਠੇ ਇੱਕ ਛੋਟੀ ਉਮਰ ਦੇ ਰਾਗੀ ਸਿੰਘ ਸਨ। ਹਾਲੇ ਉਮਰ ਬਹੁਤ ਛੋਟੀ ਸੀ। ਮੁੱਛਾਂ ਵੀ ਨਹੀਂ ਸਨ ਫੁੱਟੀਆਂ।

ਮੈਂ ਇਨ੍ਹਾਂ ਦੇ ਬਾਰੇ ਆਪਣੇ ਮਾਤਾ ਜੀ ਕੋਲੋਂ ਪੁੱਛਿਆ ਕਿ ਇਹ ਕੌਣ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਨਾਂ ਸੰਤਾ ਸਿੰਘ ਹੈ। ਉਹ ਬਾਬਾ ਅਟੱਲ ਦੇ ਗੁਰਦੁਆਰੇ ਵਿੱਚ ਹਰ ਰੋਜ਼ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ। ਕੀਰਤਨ ਏਨਾਂ ਰਸ ਭਰਿਆ ਹੈ ਕਿ ਗੁਰਦੁਆਰੇ ਦੀ ਰੌਣਕ ਚਾਰ ਗੁਣਾ ਵਧ ਗਈ ਹੈ। ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਭਾਈ ਬੁੱਧ ਸਿੰਘ ਜੀ ਉਪਦੇਸ਼ਕ ਨੂੰ, ਜੋ ਸਾਡੇ ਘਰ ਆਉਂਦੇ ਰਹਿੰਦੇ ਸਨ ਅਤੇ ਜਿਨ੍ਹਾਂ ਦਾ ਮੇਰੇ ਪਿਤਾ ਜੀ ਨਾਲ ਬਹੁਤ ਪਿਆਰ ਸੀ, ਕਿਹਾ ਕਿ ਬਾਬਾ ਅਟੱਲ ਦੇ ਗੁਰਦੁਆਰੇ ਵਾਲੇ ਰਾਗੀ ਸਿੰਘ ਨੂੰ ਕਹੋ ਕਿ ਉਹ ਸਾਡੇ ਘਰ ਆ ਕੇ ਬੱਚਿਆਂ ਨੂੰ ਕੀਰਤਨ ਸਿਖਾਉਣ। ਭਾਈ ਬੁੱਧ ਸਿੰਘ ਜੀ ਨੇ ਕਿਹਾ ਕਿ ਇਹ ਆਪਣੇ ਹੀ ਬੱਚੇ ਹਨ। ਸਿੰਘ ਸਭਾ ਦੇ ਯਤੀਮ ਖਾਨੇ ਵਿਚੋਂ ਹੀ ਇਨ੍ਹਾਂ ਨੇ ਸਿੱਖਿਆ ਪਾਈ ਹੈ। ਸੋ ਉਨ੍ਹਾਂ ਨੇ ਇਨ੍ਹਾਂ ਨੂੰ ਸਾਡੇ ਘਰ ਵਾਸਤੇ ਪ੍ਰੇਰਨਾ ਕੀਤੀ ਸੀ।

ਦੂਸਰੇ ਦਿਨ ਤੋਂ ਮੈਂ ਵੀ ਨਾਲ ਹੀ ਕੀਰਤਨ ਸਿੱਖਣ ਵਾਸਤੇ ਬੈਠ ਗਈ। ਮੈਨੂੰ ਉਹ ਵੱਡੀ ਭੈਣ ਦੀ ਤਰ੍ਹਾਂ ਜਾਨਣ ਲੱਗ ਪਏ। ਜਿਹੜਾ ਵੀ ਸ਼ਬਦ ਮੈਂ ਕਹਿੰਦੀ ਉਹ ਹੀ ਸਿਖਾਉਣਾ ਸ਼ੁਰੂ ਕਰ ਦੇਂਦੇ। ਰਾਗ ਤੇ ਤਾਲ ਪਹਿਲਾਂ ਸਾਨੂੰ ਕਾਪੀਆਂ ਵਿੱਚ ਨੋਟ ਕਰਨ ਲਈ ਕਹਿੰਦੇ। ਸਾਡਾ ਤੇ ਉਨ੍ਹਾਂ ਦਾ ਰਿਸ਼ਤਾ ਮਾਸਟਰ ਤੇ ਸ਼ਗਿਰਦ ਵਾਲਾ ਨਹੀਂ ਸੀ। ਭਾਵੇਂ ਅਸੀਂ ਉਨ੍ਹਾਂ ਨੂੰ ਮਾਸਟਰ ਜੀ ਹੀ ਆਖ ਕੇ ਬੁਲਾਉਂਦੀਆਂ ਸਾਂ ਪਰ ਇਹ ਦੋ ਘੰਟੇ ਬੜੇ ਹਸ ਖੇਡ ਕੇ ਬੀਤ ਜਾਂਦੇ ਸਨ। ਜਦੋਂ ਉਹ ਇਕ ਭੈਣ ਨੂੰ ਸਿਖਾਉਂਦੇ, “ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ” ਤੇ ਮੈਂ ਨਾਲ ਦੂਜਾ ਹਾਰਮੋਨੀਅਮ ਲੈ ਕੇ ਸ਼ੁਰੂ ਕਰ ਦੇਂਦੀ “ਮੇਰਾ ਅਲਹੁ ਬੇਲੀ ਰਾਮ” ਤੇ ਸਾਰੇ ਹੱਸ-ਹੱਸ ਕੇ ਦੂਹਰੇ ਹੋ ਜਾਂਦੇ।

ਕਈ ਮਹੀਨੇ ਬਲਕਿ ਤਿੰਨ ਚਾਰ ਸਾਲ ਇਸੇ ਤਰ੍ਹਾਂ ਲੰਘਦੇ ਗਏ – ਕਈ ਰਾਗ, ਰਾਗਾਂ ਵਿਚ ਸ਼ਬਦ, ਠੁਮਰੀਆਂ, ਦਾਦਰੇ ਵਗੈਰਾ ਸਿਖਾਏ। ਵਾਇਲਨ, ਦਿਲਰੁਬਾ, ਸਿਤਾਰ ਤੇ ਜਲ ਤਰੰਗ ਸਭ ਚੀਜ਼ਾਂ ਵਾਰੀ ਵਾਰੀ ਸਿਖਾਉਂਦੇ ਸਨ। ਜੇ ਇਕ ਭੈਣ ਸਵੇਰੇ ਚਾਰ ਵਜੇ ਵਾਇਲਨ ਵਜਾਉਣੀ ਸ਼ੁਰੂ ਕਰਦੀ ਤਾਂ ਦੂਜੀ ਆਪਣੇ ਕਮਰੇ ਵਿੱਚ ਦਿਲਰੁਬਾ ਛੇੜ ਦੇਂਦੀ। ਫੇਰ ਮਾਤਾ ਜੀ ਦੇ ਦਰਬਾਰ ਸਾਹਿਬ ਤੋਂ ਆਉਣ ਤੋਂ ਬਾਅਦ ਇੱਕ ਦੋ ਸ਼ਬਦਾਂ ਦਾ ਕੀਰਤਨ ਹਾਰਮੋਨੀਅਮ ਤੇ ਸਭ ਰਲ ਕੇ ਕਰਦੇ।

ਪਰ ਮਾਸਟਰ ਸੰਤਾ ਸਿੰਘ ਜੀ ਨੂੰ ਇਹ ਸ਼ਿਕਾਇਤ ਸੀ ਕਿ ਅਸੀਂ ਪੂਰੀ ਤਵੱਜੋ ਨਹੀਂ ਦੇਂਦੀਆਂ ਤੇ ਘੱਟ ਪ੍ਰੈਕਟਿਸ ਕਰਦੀਆਂ ਹਾਂ। ਜਦ ਕਿ ਇੱਕ ਹੋਰ ਲੜਕੀ ਪੂਰੀ ਪ੍ਰੈਕਟਿਸ ਕਰਕੇ ਇੱਕ ਦਿਨ ਵਿੱਚ ਹੀ ਪੂਰੀ ਤਿਆਰੀ ਕਰ ਲੈਂਦੀ ਸੀ।

ਹੋਰ ਰਾਗਾਂ ਦੇ ਨਾਲ ਇਨ੍ਹਾਂ ਨੇ ਇੱਕ ਗੁਲਦਸਤਾ ਸਿਖਾਇਆ ਸੀ। ਹਰ ਰਾਗ ਵਿੱਚ ਇੱਕ ਇੱਕ ਲਾਈਨ ਇਸ ਤਰ੍ਹਾਂ ਗਾਈ ਗਈ ਸੀ ਕਿ ਦੂਜਾ ਰਾਗ ਸ਼ੁਰੂ ਹੋਣਾ ਕੋਈ ਅਜੀਬ ਨਹੀਂ ਸੀ ਲਗਦਾ।

ਬਾਬਾ ਅਟੱਲ ਜੀ ਦੇ ਗੁਰਦੁਆਰੇ ਤੋਂ ਬਾਅਦ ਮਾਸਟਰ ਸੰਤਾ ਸਿੰਘ ਜੀ ਦਾ ਕੀਰਤਨ ਹਰ ਸ਼ਾਮ ਨੂੰ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਸ਼ੁਰੂ ਹੋ ਗਿਆ। ਇਨ੍ਹਾਂ ਦੇ ਨਾਲ ਭਾਈ ਸੁਰਜਨ ਸਿੰਘ ਜੀ ਰਾਗੀ ਤੇ ਸੰਤਾ ਸਿੰਘ ਜੀ ਦਾ ਛੋਟਾ ਭਰਾ ਤਬਲਾ ਵਜਾਉਂਦੇ ਸਨ। ਇਨ੍ਹਾਂ ਦੇ ਕੀਰਤਨ ਸੁਣਨ ਲਈ ਏਨੀ ਖਲਕਤ ਆਉਣ ਲਗ ਪਈ ਕਿ ਹਰਮੰਦਰ ਸਾਹਿਬ ਜੀ ਦੇ ਅੰਦਰ ਬਾਹਰ ਤੇ ਦੂਰ ਦੂਰ ਤੱਕ ਪੁਲ ਦੇ ਉੱਤੇ ਵੀ ਭੀੜ ਹੋ ਜਾਂਦੀ। ਇਨ੍ਹਾਂ ਦੀ ਮਾਨਤਾ ਬਹੁਤ ਵਧਦੀ ਗਈ। ਸ਼ਹਿਰ ਵਿੱਚ ਵੀ ਲੋਕਾਂ ਨੇ ਬਹੁਤ ਵਾਰੀ ਆਪਣੇ ਘਰਾਂ ਵਿਚ ਕੀਰਤਨ ਲਈ ਬੁਲਾਉਣਾ ਸ਼ੁਰੂ ਕੀਤਾ। ਇਸ ਤੋਂ ਪਿਛੋਂ ਹੋਰ ਦੂਰ ਦੂਰ ਦੇ ਸ਼ਹਿਰਾਂ ਵਿੱਚੋਂ, ਸੱਦੇ ਆਉਣ ਲੱਗ ਪਏ। ਪਾਕਿਸਤਾਨ ਬਨਣ ਤੋਂ ਬਾਦ ਦਿੱਲੀ ਸ੍ਰੀ ਸੀਸ ਗੰਜ ਜੀ ਦੇ ਗਰੁਦੁਆਰੇ ਵਿਚ ਸਵੇਰੇ ਇਨ੍ਹਾਂ ਦਾ ਕੀਰਤਨ ਹੋਣਾ ਸ਼ੁਰੂ ਹੋ ਗਿਆ। ਮੈਂ ਕਾਫੀ ਦੇਰ ਤਾਂ ਇਨ੍ਹਾਂ ਨੂੰ ਮਿਲ ਹੀ ਨਹੀਂ ਸਕੀ। ਇੱਕ ਦਿਨ ਮੈਂ ਸੀਸ ਗੰਜ ਸਵੇਰੇ ਗਈ ਅਤੇ ਇਨ੍ਹਾਂ ਨੂੰ ਮਿਲੀ ਤਾਂ ਬਹੁਤ ਖ਼ੁਸ਼ੀ ਹੋਈ।

ਫੇਰ ਮੈਂ ਆਪਣੀ ਲੜਕੀ ਦੀ ਸ਼ਾਦੀ ਵਾਸਤੇ ਮਾਤਾ ਸੁੰਦਰੀ ਜੀ ਦੇ ਗੁਰਦੁਆਰੇ ਇਨ੍ਹਾਂ ਦੇ ਘਰ ਗਈ। ਇਸ ਤੋਂ ਪਹਿਲਾਂ ਇੱਕ ਵਾਰੀ ਚੰਡੀਗੜ੍ਹ ਵੀ ਮੇਰੇ ਪਾਸ ਆਏ ਸਨ। ਇਥੇ ਸੈਕਟਰ 22 ਦੇ ਗੁਰਦੁਆਰੇ ਮੈਂ ਇਨ੍ਹਾਂ ਨੂੰ ਕਿਹਾ ਕਿ “ਨਦੀਆਂ ਵਾਹੁ ਵਿਛੁਨੀਆਂ”, ਸ਼ਬਦ ਜ਼ਰੂਰ ਸੁਨਾਉਣਾ। ਪਰ ਇਨ੍ਹਾਂ ਨੇ ਨਾ ਸੁਣਾਇਆ। ਕੀਰਤਨ ਦੇ ਬਾਅਦ ਮੈਂ ਉਲਾਂਭਾ ਦਿੱਤਾ ਤਾਂ ਕਹਿਣ ਲੱਗੇ, “ਭੈਣ ਜੀ, ਜਿੱਥੇ ਵੀ ਮੈਂ ਇਹ ਸ਼ਬਦ ਗਾਇਆ, ਮੈਂ ਫੇਰ ਉਥੇ ਨਹੀਂ ਗਿਆ, ਮੈਂ ਏਥੇ ਫੇਰ ਆਉਣਾ ਹੈ। ਇਸ ਵਾਸਤੇ ਮੈਂ ਤੁਹਾਡਾ ਕਹਿਣਾ ਨਹੀਂ ਮੰਨਿਆ”; ਅਤੇ ਹੱਸਦੇ ਰਹੇ। ਫੇਰ ਗੁਰਦੁਆਰਾ 22 ਸੈਕਟਰ ਤੋਂ ਮੈਨੂੰ ਘਰ, ਅੱਠ ਸੈਕਟਰ ਤੱਕ ਛੱਡ ਕੇ ਗਏ।

(ਇਹ ਯਾਦਗਾਰੀ ਲਿਖਤ ਪਹਿਲਾਂ ਅੰਮ੍ਰਿਤ ਕੀਰਤਨ ਦੇ ਦਸੰਬਰ, 1989 ਅੰਕ ਵਿਚ ਛਪੀ ਸੀ)

Find all posts by this user
Quote this message in a reply
Post Reply 


Forum Jump: