Post Reply 
 
Thread Rating:
  • 0 Votes - 0 Average
  • 1
  • 2
  • 3
  • 4
  • 5
ਖਿਦਰਾਣੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ
05-10-2011, 10:56 PM
Post: #1
ਖਿਦਰਾਣੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ
ਜਥੇਦਾਰ ਅਵਤਾਰ ਸਿੰਘ *

ਦਸਮੇਸ਼-ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨ-ਛੂਹ ਪ੍ਰਾਪਤ ਮੁਕਤਸਰ ਦੀ ਧਰਤੀ, ਧਰਮ ਯੁੱਧ ਦੀ ਖਾਤਰ ਜਬਰ, ਜ਼ੁਲਮ ਵਿਰੁੱਧ ਜੂਝਦਿਆਂ ਆਪਾ ਨਿਛਾਵਰ ਕਰਨ ਵਾਲੇ ਜੁਝਾਰੂ ਯੋਧਿਆਂ ਦੀ ਮਹਾਨ ਗਾਥਾ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ।

ਮੁਕਤਸਰ ਨੂੰ ਪਹਿਲਾਂ ‘ਖਿਦਰਾਣੇ ਦੀ ਢਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਚਾਰੇ ਪਾਸਿਓਂ ਵਰਖਾ ਦਾ ਪਾਣੀ, ਇੱਥੇ ਆ ਕੇ ਜਮ੍ਹਾਂ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿਚ ਪਾਣੀ ਦੀ ਬੇਹੱਦ ਘਾਟ ਹੋਣ ਕਾਰਨ ਇਹ ਢਾਬ, ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ-ਪੂਰਤੀ ਦਾ ਇਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਦੇਸ਼, ਕੌਮ, ਹੱਕ, ਸੱਚ ਅਤੇ ਧਰਮ ਦੀ ਖਾਤਰ ਕਈ ਜੰਗਾਂ ਲੜੀਆਂ। ਉਨ੍ਹਾਂ ਨੇ ਹਰ ਵਾਰ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਅਤੇ ਭਾਣੇ ਵਿਚ ਰਹੇ। ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਕਰਨ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ। ਉਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ। ਇਸ ਤਰ੍ਹਾਂ ਲਾਹੌਰ, ਸਰਹੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਖਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਪਰ ਲੰਮੇ ਸਮੇਂ ਤਕ ਨਿੱਤ ਦੀ ਲੜਾਈ ਕਾਰਨ ਖਾਲਸਾ ਫੌਜ ਦੀ ਗਿਣਤੀ ਘਟਦੀ ਜਾ ਰਹੀ ਸੀ। ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ। ਪਰ ਕੁਝ ਸਿੰਘਾਂ ਨੇ ਗੁਰੂ ਜੀ ਨੂੰ ਢਿੱਲੀ ਸਲਾਹ ਦਿੱਤੀ ਕਿ ਕਿਲ੍ਹਾ ਛੱਡ ਦੇਣਾ ਚਾਹੀਦਾ ਹੈ। ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਕੁਝ ਸਿੰਘ ਡੋਲ ਗਏ। ਉਨ੍ਹਾਂ ਗੁਰੂ ਜੀ ਦਾ ਸਾਥ ਛੱਡ ਦਿੱਤਾ ਅਤੇ ‘ਬੇਦਾਵਾ’ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ।

ਥੋੜ੍ਹੇ ਦਿਨਾਂ ਪਿਛੋਂ, ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ‘ਤੇ ਅਤੇ ਸਿੰਘਾਂ ਦੇ ਜ਼ੋਰ ਦੇਣ ‘ਤੇ ਕਿਲ੍ਹਾ ਖਾਲੀ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿਛੋਂ ਹਮਲਾ ਕਰ ਦਿੱਤਾ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ, ਕੀਮਤੀ ਸਾਹਿਤ ਤੇ ਭਾਰੀ ਮਾਤਰਾ ‘ਚ ਹੋਰ ਮਾਲ-ਅਸਬਾਬ ਅਤੇ ਕਈ ਸਿੰਘਾਂ ਸਮੇਤ ਸਰਸਾ ‘ਚ ਆਏ ਹੜ੍ਹ ਦੀ ਭੇਟ ਚੜ੍ਹ ਗਿਆ।

ਦੂਜੇ ਪਾਸੇ, ਗੁਰੂ ਜੀ ਨੂੰ ਬੇਦਾਵਾ ਦੇਣ ਵਾਲੇ ਸਿੰਘ ਜਦ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਸੁਣ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੰਘ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿਚ ਲੜ-ਮਰਨ ਲਈ ਚੱਲ ਪਏ। ਮਾਈ ਭਾਗੋ ਮਰਦਾਵੇਂ ਵੇਸ ਵਿਚ ਇਨ੍ਹਾਂ ਦੇ ਨਾਲ ਸੀ। ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ।

ਓਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਟਾਣੀ, ਕਨੇਚ, ਆਲਮਗੀਰ, ਮੋਹੀ, ਹੇਰ, ਕਮਾਲਪੁਰਾ, ਲੰਮੇ, ਸੀਲੋਆਣੀ, ਰਾਇਕੋਟ, ਦੀਨਾ, ਕੋਟਕਪੂਰਾ ਆਦਿ ਹੁੰਦੇ ਹੋਏ ਜਦ ਜੈਤੋ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ‘ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਮੁਗ਼ਲ ਫੌਜ ਵੀ ਸਾਰੀ ਉਸੇ ਪਾਸੇ ਝੁਕ ਗਈ। ਉਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫੌਜ਼ ‘ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗਲ ਸੈਨਿਕ ਮਾਰੇ ਗਏ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖਮੀ ਹਾਲ ਵਿਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਨੂੰ ਵੇਖਿਆ ਤੇ ਦੀਨ ਦੁਨੀ ਦੇ ਪਾਤਸ਼ਾਹ ਦੇ ਚਰਨਾਂ ਵਿਚ ਸੀਸ ਨਿਵਾਇਆ। ਮਾਤਾ ਭਾਗੋ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ‘ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ, ਦੱਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿਚ ਸੀ, ਉਨ੍ਹਾਂ ਦੀ ਗੋਦ ਵਿਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ।

ਕਲਗੀਧਰ ਪਾਤਸ਼ਾਹ ਗੋਦੀ ‘ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ “ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਜਿਹੜੀ ਲਿਖਤ ਅਸੀਂ ਆਪ ਜੀ ਨੂੰ ਬੇਦਾਵੇ ਦੀ ਲਿਖ ਕੇ ਦੇ ਆਏ ਸਾਂ ਉਸ ਨੂੰ ਪਾੜ ਕੇ ਟੁੱਟੀ ਮੇਲ ਲਉ।” ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੀ ਭਾਵਨਾ ਅਨੁਸਾਰ ਹੋਰ ਬਖਸ਼ਿਸ਼ਾਂ ਕਰਨ ਦੇ ਨਾਲ-ਨਾਲ ਕਮਰਕੱਸੇ ਵਿਚੋਂ ਬੇਦਾਵੇ ਦਾ ਕਾਗਜ਼ ਕੱਢ ਕੇ ਪਾੜ ਦਿੱਤਾ। ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਬੇਦਾਵਾ ਪਾੜਦਿਆਂ ਦੇਖ ਅਤੇ ‘ਧੰਨ ਸਿੱਖੀ’ ਦੇ ਬੋਲ ਸੁਣ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ‘ਚ ‘ਮੁਕਤਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਾਉਂਦਾ ਹੈ।

* ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

http://punjabitribuneonline.com

Find all posts by this user
Quote this message in a reply
Post Reply 


Forum Jump: