Welcome To Amrit Kirtan Website
SHABAD VICHAAR
ਏਕਸ ਬਿਨੁ ਸਭ ਧੰਧੁ ਹੈ
ਵਿਆਖਿਆ: ਸ: ਗੁਰਮੀਤ ਸਿੰਘ, ਕੁਰਾਲੀ
ਸਿਰੀਰਾਗੁ ਮਹਲਾ ੫ ॥
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥ ੧॥
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥
(ਪੰਨਾ 44)
ਪੰਜਵੇਂ ਗੁਰਦੇਵ ਸਤਿਗੁਰ ਅਰਜੁਨ ਦੇਵ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਉਪਦੇਸ਼ ਕਰਦੇ ਹਨ ਕਿ ਮਾਇਆ ਦਾ
ਇਹ ਪਸਾਰਾ ਜਿਸ ਵਿੱਚ ਜੀਵ ਖਚਿਤ ਹੋ ਰਿਹਾ ਹੈ ਇਕ ਭਰਮ ਹੈ; ਭਾਵ, ਸਦਾ ਰਹਿਣ ਵਾਲਾ ਨਹੀਂ। ਮਨੁੱਖਾ
ਜੀਵਨ ਨੂੰ ਸਫਲ ਕਰਨ ਲਈ ਇੱਕੋ ਇੱਕ ਪਰਮਾਤਮਾ ਦੇ ਨਾਮ ਨਾਲ ਸਿਮਰਨ ਵਿੱਚ ਚਿੱਤ ਜੋੜਨਾ ਜ਼ਰੂਰੀ ਹੈ।
ਪੂਰੇ ਗੁਰੂ ਦੀ ਬਾਂਹ ਫੜ ਕੇ, ਸਤਿ ਸੰਗਤ ਦੇ ਰਾਹੀਂ ਜਨਮ ਮਰਨ ਦੇ ਗੇੜ ਮੁਕਾਉਣੇ ਹਨ। ਸਦਾ ਰਹਿਣ
ਵਾਲੇ ਪ੍ਰਭੂ ਨਾਲ ਪਿਆਰ ਪਾਇਆਂ ਦੁਖਾਂ ਕਲੇਸ਼ਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਸਤਿਗੁਰ ਦੇ ਚਰਨਾਂ ਦੇ ਓਟ-ਆਸਰੇ, ਪ੍ਰਭੂ ਦੇ ਨਾਮ ਦੀ ਕ੍ਰਿਪਾ ਸਦਕਾ, ਮਨ ਵਿਕਾਰਾਂ ਰੂਪੀ ਜੰਜਾਲ ਵਿਚੋਂ ਨਿਕਲ ਕੇ ਸ਼ਾਂਤ ਹੋ ਜਾਂਦਾ ਹੈ। ਉਸ ਦੀ ਨਦਰ ਨਾਲ ਮਨੁੱਖੀ ਜੀਵਨ ਖੁਸ਼ੀ ਖੇੜਿਆਂ ਨਾਲ ਭਰਪੂਰ ਹੋ ਜਾਂਦਾ ਹੈ। ਇਸ ਤਰ੍ਹਾਂ ਸੱਚੇ ਸ਼ਬਦ ਨਾਲ ਜੁੜਿਆਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।
ਸਤਿਗੁਰ ਜੀ ਸ਼ਬਦ ਦੇ ਮੁੱਖ ਭਾਵ ਨੂੰ 'ਰਹਾਉ' ਵਾਲੇ ਬੰਦ ਵਿੱਚ ਉਘਾੜਦੇ ਹਨ ਕਿ ਉਸ ਪ੍ਰਭੂ ਤੋਂ ਬਿਨਾਂ ਮਾਇਆ ਦੇ ਮੋਹ ਵਿੱਚ ਗਲਤਾਨ ਹੋਣਾ ਇੱਕ ਜੰਜਾਲ ਹੈ। ਇਸ ਲਈ ਹੇ ਜੀਵ! ਉਸ ਪ੍ਰਭੂ ਦੀ ਸਿਫਤ ਸਾਲਾਹ ਵਿੱਚ ਜੁੜ।
ਵੇਖਣ ਵਿੱਚ ਆਉਂਦਾ ਹੈ ਕਿ ਕਈ ਰਾਗੀ ਸ਼ਬਦ ਦੇ ਗਾਇਨ ਸਮੇਂ ਸ਼ਬਦ ਦੇ ਮੁੱਖ ਭਾਵ ਵਾਲੇ ਬੰਦ-"ਮੇਰੇ ਮਨ, ਏਕਸ ਸਿਉ ਚਿਤੁ ਲਾਇ ।। ਏਕਸੁ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ।। ਨੂੰ ਛੱਡ ਕੇ," ਲਖ ਖੁਸੀਆ ਪਾਤਸਾਹੀਆ ਜੇ ਸਤਿਗੁਰ ਨਦਰਿ ਕਰੇਇ ।। ਤੁਕ ਨੂੰ ਸਥਾਈ ਬਣਾ ਲੈਂਦੇ ਹਨ ਜੋ ਕਿ ਗਲਤ ਹੈ। ਗੁਰਬਾਣੀ ਦੀ ਕੀਰਤਨ-ਵਿਧੀ ਅਨੁਸਾਰ ਸ਼ਬਦ ਦੇ ਰਹਾਉ ਵਾਲੇ ਬੰਦ ਨੂੰ ਸਥਾਈ ਰੂਪ ਵਿੱਚ ਗਾਇਨ ਕਰਨਾ ਜ਼ਰੂਰੀ ਹੈ। 'ਲਖ ਖੁਸੀਆ ਪਾਤਸਾਹੀਆ' ਨੂੰ ਵੀ ਸੰਸਾਰਕ-ਪ੍ਰਾਪਤੀਆਂ ਨਾਲ ਜੋੜ ਕੇ, ਇਸ ਤੁਕ ਦੇ ਅਰਥ ਹੀ ਬਦਲ ਦਿੱਤੇ ਜਾਂਦੇ ਹਨ। ਗੁਰਬਾਣੀ ਵਿਚ ਕੇਵਲ ਸੰਸਾਰਕ ਪਦਾਰਥਾਂ (ਮਾਇਆ) ਦੀ ਪ੍ਰਾਪਤੀ ਨੂੰ ਗੁਰੂ ਜਾਂ ਅਕਾਲ ਪੁਰਖ ਦੀ ਮਿਹਰ ਨਹੀਂ ਮੰਨਿਆ ਗਿਆ। ਸੰਸਾਰਕ ਪਦਾਰਥਾਂ ਨੂੰ ਤਾਂ "ਜੀਅ ਕੇ ਜੰਜਾਲ" ਆਖਿਆ ਗਿਆ ਹੈ, ਜਿਵੇਂ ਇਸ ਸ਼ਬਦ ਵਿਚ ਇਕ ਪ੍ਰਭੂ ਬਿਨਾਂ ਹਰੇਕ ਵਸਤੂ ਨੂੰ ਜੰਜਾਲ ਦੱਸਿਆ ਗਿਆ ਹੈ-'ਏਕਸੁ ਬਿਨੁ ਸਭ ਧੰਧੁ ਹੈ।'
ਗੁਰਬਾਣੀ ਵਿਚ ਗੁਰੂ ਜਾਂ ਪ੍ਰਭੂ ਦੀ ਕਿਰਪਾ/ਮਿਹਰ ਖੁਸ਼ੀ ਉਸੇ ਮਨੁੱਖ 'ਤੇ ਹੋਈ ਸਮਝੀ ਜਾਂਦੀ ਹੈ; ਜੋ ਸੰਸਾਰਕ ਵਸਤਾਂ ਦਾ ਮੋਹ ਤਿਆਗ ਕੇ, ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ; ਉਸਦੀ ਸਿਫਤ-ਸਾਲਾਹ ਕਰਦਾ ਹੈ, ਉਸ ਨਾਲ ਚਿੱਤ ਜੋੜਦਾ ਹੈ। ਸਿਫ਼ਤ ਸਾਲਾਹ ਕਰਦਾ ਹੋਇਆ ਜਦੋਂ ਜੀਵ 'ਹਰਿ ਜਨੁ ਐਸਾ ਚਾਹੀਐ, ਜੈਸਾ ਹਰਿ ਹੀ ਹੋਇ, ਦੀ ਅਵੱਸਥਾ ਤੇ ਪੁੱਜ ਜਾਂਦਾ ਹੈ, ਤਦ ਉਸ 'ਤੇ ਪ੍ਰਭੂ ਦੀ ਪੂਰਨ ਕਿਰਪਾ ਹੁੰਦੀ ਹੈ।.... ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿਚ (ਤੇ ਬਾਕੀ ਸਾਰੇ ਸ਼ਬਦ ਵਿਚ) ਇਹੀ ਗੱਲ ਸਮਝਾਈ ਗਈ ਹੈ ਕਿ ਸੰਸਾਰਕ ਪਦਾਰਥਾਂ ਦੀ ਥਾਂ 'ਤੇ ਪ੍ਰਭੂ ਨਾਲ ਹੀ ਪ੍ਰੀਤ ਪਾਉਣੀ ਚਾਹੀਦੀ ਹੈ। ਜੇ ਰਹਾਉ ਵਾਲੀਆਂ ਤੁਕਾਂ ਨੂੰ ਸਥਾਈ ਬਣਾ ਕੇ ਵਾਰ-ਵਾਰ ਗਾਇਨ ਕੀਤਾ ਜਾਵੇ, ਤਾਂ ਹੀ ਸ਼ਬਦ ਦਾ ਭਾਵ ਦ੍ਰਿੜ ਹੋ ਸਕਦਾ ਹੈ।
ਅਰਥ: ਹੇ ਮੇਰੇ ਮਨ ! ਸਿਰਫ ਇਕ ਪਰਮਾਤਮਾ ਵਿੱਚ ਸੁਰਤ ਜੋੜ। ਇਕ ਪਰਮਾਤਮਾ ਦੇ (ਪਿਆਰ) ਤੋਂ ਬਿਨਾਂ (ਦੁਨੀਆਂ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ ਤੇ ਮਾਇਆ ਦਾ ਮੋਹ ਹੈ ਵੀ ਵਿਅਰਥ ।1।ਰਹਾਉ ।
ਜੇ ਇਕ ਪਰਮਾਤਮਾ ਮਿਲ ਜਾਵੇ ਤਾਂ ਦੁਨੀਆਂ ਦੇ ਸਾਰੇ ਪਦਾਰਥ ਮਿਲ ਜਾਂਦੇ ਹਨ। ਜੇ ਮੈਂ ਸਦਾ ਥਿਰ
ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਸਫ਼ਲ ਹੋ ਜਾਵੇ।
ਪਰ, ਉਸੇ ਮਨੁੱਖ ਨੂੰ ਗੁਰੂ ਪਾਸੋਂ (ਪ੍ਰਭੂ ਦੇ ਚਰਨਾਂ ਦਾ) ਨਿਵਾਸ ਮਿਲਦਾ ਹੈ ਜਿਸ ਦੇ ਮੱਥੇ ਤੇ (ਚੰਗੇ
ਭਾਗਾਂ ਦਾ ਲੇਖ) ਲਿਖਿਆ ਹੋਇਆ ਹੋਵੇ ।। 2।।
ਜੇ ਸਤਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਸ਼ਾਹੀਆਂ ਦੀਆਂ
ਖੁਸ਼ੀਆਂ ਮਿਲ ਗਈਆਂ ਹਨ। ਜਦੋਂ ਗੁਰੂ ਮੈਨੂੰ ਅਖ ਦੇ ਝਮਕਣ ਜਿੰਨੇ ਸਮੇਂ ਲਈ ਵੀ ਪ੍ਰਭੂ ਦਾ ਨਾਮ
ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ।
ਉਸੇ ਮਨੁੱਖ ਨੇ ਹੀ ਸਤਿਗੁਰੂ ਦੇ ਚਰਨ ਫੜੇ ਹਨ (ਭਾਵ, ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ
ਹੈ) ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ ਚੰਗਾ ਲੇਖ ਮਿਲਦਾ ਹੈ; ਭਾਵ, ਜਿਸ ਦੇ ਭਾਗ ਜਾਗਦੇ
ਹਨ ।।2।।
ਉਹ ਸਮਾਂ ਸਫ਼ਲ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ ਜਿਸ ਵਿੱਚ ਸਦਾ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ
ਬਣਿਆ ਰਹੇ। ਜਿਸ ਮਨੁੱਖ ਨੂੰ ਪ੍ਰਭੂ ਦੇ ਨਾਮ ਦਾ ਆਸਰਾ ਮਿਲ ਜਾਂਦਾ ਹੈ, ਉਸਨੂੰ ਕੋਈ ਦੁੱਖ ਕਲੇਸ਼
ਪੋਹ ਨਹੀਂ ਸਕਦਾ।
ਜਿਸ ਮਨੁੱਖ ਨੂੰ ਗੁਰੂ ਬਾਂਹ ਫੜ ਕੇ (ਵਿਕਾਰਾਂ ਵਿਚੋਂ) ਬਾਹਰ ਕੱਢ ਲੈਦਾ ਹੈ ਉਹ (ਸੰਸਾਰ-ਸਮੁੰਦਰ)
ਤੋਂ ਪਾਰ ਲੰਘ ਜਾਂਦਾ ਹੈ ।।3।।
ਜਿੱਥੇ ਸਾਧ ਸੰਗਤਿ ਜੁੜਦੀ ਹੈ, ਉਹ ਥਾਂ ਸੋਹਣਾ ਹੈ, ਪਵਿੱਤਰ ਹੈ। (ਸਾਧ ਸੰਗਤਿ ਵਿਚ ਆ ਕੇ) ਜਿਸ
ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਭਾਵ - ਗੁਰੂ ਨਾਲ ਪ੍ਰੇਮ ਪਾ ਲਿਆ ਹੈ, ਉਸੇ ਨੂੰ ਹੀ (ਪ੍ਰਭੂ
ਦੀ ਹਜ਼ੂਰੀ ਵਿੱਚ) ਆਸਰਾ ਮਿਲਦਾ ਹੈ।
ਹੇ ਨਾਨਕ! ਉਸ ਮਨੁੱਖ ਨੇ ਉਸ ਥਾਂ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ, ਜਿੱਥੇ ਆਤਮਿਕ ਮੌਤ ਨਹੀਂ,
ਜਿੱਥੇ ਜਨਮ ਮਰਨ ਦਾ ਗੇੜ ਨਹੀਂ, ਜਿੱਥੇ ਆਤਮਿਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ।4।6।
ਭਾਵ-ਅਰਥ:
ਮਾਇਆ ਦੇ ਜੰਜਾਲ ਵਿੱਚ ਫਸੇ ਰਹਿਣਾ ਵਿਅਰਥ ਹੈ। ਮਾਇਆ ਲਈ ਦੌੜ-ਭੱਜ ਪ੍ਰਭੂ ਨਾਲ ਪਿਆਰ ਪਾਇਆਂ ਹੀ
ਮੁੱਕਦੀ ਹੈ। ਇਸ ਲਈ ਕੇਵਲ ਇਕ ਪਰਮਾਤਮਾ ਦੀ ਹੀ ਸਿਫਤ ਸਾਲਾਹ ਕਰਨੀ ਚਹੀਦੀ ਹੈ।