Welcome To Amrit Kirtan Website
ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਪੰਜਾਬੀ ਯੂਨੀਵਰਸਿਟੀ ਦਾ ਗੁਰਮਤਿ ਸੰਗੀਤ ਦੇ ਖੇਤਰ ਵਿਚ ਅਦੁੱਤੀ ਉਪਰਾਲਾ
ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਦੀ ਵੈਬਸਾਈਟ ਦੇ ਸ਼ੁਭ ਆਰੰਭ ਸਮੇਂ ਗੁਰਮਤਿ ਸੰਗੀਤ ਦੇ ਵਿਸ਼ਵ ਪੱਧਰੀ ਪ੍ਰਥਮ ਕੇਂਦਰ ਵਜੋਂ ਕੀਤੀਆਂ ਜਾ ਰਹੀਆਂ ਨਿਰੰਤਰ ਪ੍ਰਾਪਤੀਆਂ ਤੇ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਨ ਲਾਈਨ ਲਾਇਬਰੇਰੀ ਸੂਚਨਾ ਤੇ ਸੰਚਾਰ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਦਾ ਮੌਲਿਕ ਤੇ ਨਿਵੇਕਲਾ ਤਜਰਬਾ ਹੈ ਜਿਹੜਾ ਦੂਸਰੇ ਨਵੀਨ ਵਿਸ਼ਿਆਂ ਲਈ ਵੀ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਸੰਗੀਤ 'ਤੇ ਖੋਜ ਦੀ ਬਹੁਤ ਜ਼ਰੂਰਤ ਹੈ ਤੇ ਵਿਸ਼ਵ ਪੱਧਰ ਉਤੇ ਇਸਦੀ ਭਰਪੂਰ ਮੰਗ ਹੈ ਜਿਸਨੂੰ ਗੁਰਮਤਿ ਸੰਗੀਤ ਚੇਅਰ ਨੇ ਬਹੁਤ ਥੋੜੇ ਸਮੇਂ ਵਿਚ ਪੂਰਾ ਕਰ ਵਿਖਾਇਆ ਹੈ। ਇਸੇ ਜਜ਼ਬੇ ਨਾਲ ਹੀ ਅਸੀਂ ਆਪੋ ਆਪਣੇ ਵਿਸ਼ਿਆਂ ਦਾ ਭਰਪੂਰ ਵਿਕਾਸ ਕਰ ਸਕਦੇ ਹਾਂ ਤੇ ਪੰਜਾਬੀ ਯੂਨੀਵਰਸਿਟੀ ਆਪਣੇ ਸਥਾਪਨਾ ਉਦੇਸ਼ ਲਈ ਹੋਰ ਵਚਨਬੱਧਤਾ ਨਾਲ ਵਿਕਸਿਤ ਹੋ ਸਕਦੀ ਹੈ। ਉਨ੍ਹਾਂ ਸਭਿਆਚਾਰ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਗੌਰਵਸ਼ਾਲੀ ਦੱਸਿਆ।
ਇਥੇ ਡੀਨ, ਫੈਕਲਟੀ ਆਫ ਆਰਟ ਐਂਡ ਕਲਚਰ ਅਤੇ ਗੁਰਮਤਿ ਸੰਗੀਤ ਚੇਅਰ ਮੁਖੀ ਡਾ. ਗੁਰਨਾਮ ਸਿੰਘ ਅਨੁਸਾਰ ਪੰਜਾਬੀ ਯੂਨੀਵਰਸਿਟੀ ਜੋ ਵਿਸ਼ਵ ਵਿਚ ਗੁਰਮਤਿ ਸੰਗੀਤ ਦਾ ਪ੍ਰਥਮ ਕੇਂਦਰ ਵਜੋਂ ਸਥਾਪਤ ਹੋ ਚੁੱਕੀ ਹੈ, ਪਹਿਲੀ ਵੇਰ ਗੁਰਮਤਿ ਸੰਗੀਤ ਨੂੰ ਵਿਸ਼ੇ ਵਜੋਂ ਸੰਪੂਰਣ ਮਾਨਤਾ ਦਿਤੀ ਅਤੇ ਪੁਨਰ ਸੁਰਜੀਤ ਕਰਨ ਲਈ ਅਕਾਦਮਿਕ ਤੌਰ ਤੇ ਪਰਚਾਰਿਆ ਹੈ। ਡਾ. ਗੁਰਨਾਮ ਸਿੰਘ ਜੋ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੇ ਬਾਨੀ ਤੇ ਸੰਚਾਲਕ ਹਨ, ਦੇ ਅਣਥਕ ਯਤਨਾਂ ਦੁਆਰਾ ਪੰਜ-ਛੇ ਵਰ੍ਹਿਆਂ ਵਿਚ ਹੀ ਗੁਰਮਤਿ ਸੰਗੀਤ ਚੇਅਰ, ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਭਵਨ, ਐਮ.ਏ. ਗੁਰਮਤਿ ਸੰਗੀਤ, ਅੰਡਰ ਗ੍ਰੈਜੂਏਟ ਪੱਧਰ 'ਤੇ (ਰੈਗੂਲਰ ਤੇ ਡਿਸਟੈਂਸ ਐਜੂਕੇਸ਼ਨ) ਗੁਰਮਤਿ ਸੰਗੀਤ ਦਾ ਲਾਗੂ ਹੋਣਾ ਗੁਰੂ ਦੀ ਕਿਰਪਾ ਦੁਆਰਾ ਮਹੱਤਵਪੂਰਨ ਪ੍ਰਾਪਤੀਆਂ ਹਨ, ਜਿਸ ਲਈ ਬੀਬੀ ਜਸਬੀਰ ਕੌਰ ਖਾਲਸਾ, ਚੇਅਰਪਰਸਨ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਨਵੀਂ ਦਿੱਲੀ, ਪਹਿਲੇ ਵਾਈਸ-ਚਾਂਸਲਰ ਸ. ਸਵਰਨ ਸਿੰਘ ਬੋਪਾਰਾਏ ਤੇ ਹੁਣ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਜੀ ਧੰਨਵਾਦ ਦੇ ਪਾਤਰ ਹਨ ਜਿਨ੍ਹਾਂ ਨੇ ਇਨ੍ਹਾਂ ਸਾਰੇ ਕਾਰਜਾਂ ਨੂੰ ਸਰਪਰਸਤੀ ਦਿੱਤੀ।
ਹੁਣ ਪੰਜਾਬੀ ਯੂਨੀਵਰਸਿਟੀ ਵਲੋਂ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਕਰਦਿਆਂ 'ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ' ਆਯੋਜਿਤ ਕੀਤੀ ਗਈ ਹੈ। ਜੋ ਵਿਸ਼ਵ ਭਰ ਦੇ ਅਕਾਦਮਿਕ ਖੇਤਰ ਵਿਚ ਨਿਵੇਕਲੀ ਮਿਸਾਲ ਤੇ ਗੁਰਮਤਿ ਸੰਗੀਤ ਦੇ ਅਧਿਐਨ ਅਧਿਆਪਨ ਦੇ ਖੇਤਰ ਵਿਚ ਇਹ ਇਕ ਕਰਾਂਤੀਕਾਰੀ ਕਦਮ ਹੈ ਕਿ ਗੁਰਮਤਿ ਸੰਗੀਤ ਸਬੰਧੀ ਲਿਖਤ ਤੇ ਕਿਰਿਆਤਮਕ ਗਿਆਨ ਨੂੰ ਸਾਰੀ ਦੁਨੀਆ ਦੇ ਸਿੱਖਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਡਾ. ਗੁਰਨਾਮ ਸਿੰਘ ਦੀ ਪ੍ਰੇਰਨਾ ਨਾਲ ਅਖੰਡ ਕੀਰਤਨੀ ਜੱਥਾ, ਸਰੀ (ਕੈਨੇਡਾ) ਵਲੋਂ ਭਾਈ ਰਣਧੀਰ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਆਨ ਲਾਈਨ ਲਾਇਬਰੇਰੀ ਦੇ ਨਿਰਮਾਣ ਲਈ 29 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ, ਉਥੇ ਦੋ ਸਾਲਾਂ ਦਾ ਸਮਾਂ ਲਗਾ ਕੇ ਗੁਰਮਤਿ ਸੰਗੀਤ ਸਬੰਧੀ ਦੁਰਲੱਭ ਪੁਸਤਕਾਂ, ਰਿਕਾਰਡਿੰਗਜ਼ ਕੀਤੀਆਂ ਗਈਆਂ। ਉਪਰੰਤ ਫੋਟੋਸ਼ਾਪ ਆਦਿ ਵਿਚ ਖੂਬਸੂਰਤ ਬਣਾਕੇ ਇਸ ਪ੍ਰੋਜੈਕਟ ਦੀ ਡਾਇਰੈਕਟਰ ਡਾ. ਅੰਮ੍ਰਿਤਪਾਲ ਕੌਰ ਤੇ ਸਮੁਚੇ ਸਟਾਫ ਦੁਆਰਾ ਵਰ੍ਹਿਆਂ ਦੀ ਅਣਥੱਕ ਮਿਹਨਤ ਦੁਆਰਾ ਇਨ੍ਹਾਂ ਦੀ ਡਿਜ਼ਿਟਾਈਜ਼ੇਸ਼ਨ ਕਰਕੇ ਇਨ੍ਹਾਂ ਨੂੰ ਕੰਪਿਊਟਰ ਤੇ ਪੜ੍ਹਨਯੋਗ ਬਣਾ ਕੇ ਪੇਸ਼ ਕੀਤਾ ਗਿਆ ਹੈ। ਹੁਣ ਦੁਨੀਆ ਵਿਚ ਕਿਤੇ ਵੀ ਕੋਈ ਗੁਰਮਤਿ ਸੰਗੀਤ ਦਾ ਅਧਿਐਨ ਕਰਤਾ ਇੰਟਰਨੈਟ ਉਤੇ http://www.gurmatsangeetlibrary.com ਤੇ ਜਾ ਕੇ ਗੁਰਮਤਿ ਸੰਗੀਤ ਸਬੰਧੀ ਗਿਆਨ ਪ੍ਰਾਪਤ ਕਰ ਸਕਦਾ ਹੈ। ਦੇਸ ਵਿਦੇਸ਼ ਦੇ ਸਿੱਖ ਭਾਈਚਾਰੇ ਲਈ ਵੀ ਅਨਮੋਲ ਤੋਹਫ਼ਾ ਹੈ। ਧਾਰਮਿਕ ਸੰਸਥਾਵਾਂ ਲਈ ਵੀ ਇਹ ਇਕ ਮਿਸਾਲ ਹੈ ਕਿ ਆਪਣੀ ਕਲਾ ਤੇ ਵਿੱਦਿਆ ਨੂੰ ਸੰਭਾਲਣ ਲਈ ਉਹ ਅੱਗੇ ਆਉਣ। ਵਧਾਈ ਦੇ ਪਾਤਰ ਹਨ ਅਖੰਡ ਕੀਰਤਨੀ ਜੱਥਾ, ਸਰੀ (ਕੈਨੇਡਾ) ਜਿਨ੍ਹਾਂ ਨੇ ਇਹ ਰਾਹ ਦਸੇਰਾ ਕਾਰਜ ਕਰ ਵਿਖਾਇਆ।
'ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ' ਵਿਚ ਸ਼ਰਧਾਂਜਲੀ ਵਜੋਂ ਭਾਈ ਰਣਧੀਰ ਸਿੰਘ ਜੀ ਦੀਆਂ ਲਿਖਤਾਂ, ਗੁਰਮਤਿ ਸੰਗੀਤ ਦੀਆਂ ਸਿਧਾਂਤਕ, ਇਤਿਹਾਸਕ, ਕਿਰਿਆਤਮਕ ਸੁਰਲਿਪੀਬੱਧ ਰਚਨਾਵਾਂ, ਖੋਜ ਪੱਤਰ, ਖੋਜ ਨਿਬੰਧ, ਮਾਸਕ ਪੱਤਰ 'ਅੰਮ੍ਰਿਤ ਕੀਰਤਨ' ਅਤੇ ਗੁਰਮਤਿ ਸੰਗੀਤ ਸਬੰਧੀ ਮਹਾਨ ਕੋਸ਼, ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ, ਗੁਰੂ ਗ੍ਰੰਥ ਸੰਕੇਤ ਕੋਸ਼ ਆਦਿ ਦੀਆਂ ਐਂਟਰੀਜ਼ ਦੇ ਵੇਰਵੇ ਵਿਸ਼ੇਸ਼ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਿਊਜ਼ੀਕਾਲੋਜੀ ਤੇ ਅਧਾਰਤ ਰਾਗ ਬੱਧ ਕੀਰਤਨ ਵਿਚ 31 ਰਾਗਾਂ ਵਿਚ ਭਾਈ ਅਵਤਾਰ ਸਿੰਘ, ਭਾਈ ਬਲਬੀਰ ਸਿੰਘ ਤੇ ਡਾ. ਗੁਰਨਾਮ ਸਿੰਘ ਆਦਿ ਦੁਆਰਾ ਗਾਏ ਪ੍ਰਮਾਣਿਕ ਤੇ ਟਕਸਾਲੀ ਸ਼ਬਦਾਂ ਦੀਆਂ ਵੰਨਗੀਆਂ ਆਡੀਓ ਲਾਇਬਰੇਰੀ ਦਾ ਹਿੱਸਾ ਹਨ। ਨਿਸ਼ਚੇ ਹੀ ਇਹ ਗਿਆਨ ਦਾ ਭੰਡਾਰ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਸਾਲ 2011 ਲਈ ਨਾਯਾਬ ਤੋਹਫ਼ਾ ਹੈ ਜਿਸ ਲਈ ਇਸ ਦੇ ਸਰਪਰਸਤ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਡਾ. ਅੰਮ੍ਰਿਤਪਾਲ ਕੌਰ ਉਨ੍ਹਾਂ ਦੀ ਸਮੂਹ ਤਕਨੀਕੀ ਟੀਮ, ਵਿਭਾਗੀ ਸਟਾਫ, ਡਾ. ਗੁਰਨਾਮ ਸਿੰਘ, ਬੀਬੀ ਜਸਬੀਰ ਕੌਰ ਖਾਲਸਾ, ਮਾਸਟਰ ਉਜਾਗਰ ਸਿੰਘ ਕੈਨੇਡਾ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਭਰਪੂਰ ਯੌਗਦਾਨ ਦੁਆਰਾ ਇਹ ਕਾਰਜ ਸੰਪੂਰਨ ਹੋਇਆ। ਸਮੂਹ ਗੁਰਮਤਿ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਇਹ ਵੈਬਸਾਈਟ ਲਈ ਖੁੱਲ੍ਹਾ ਸੱਦਾ ਹੈ।
Download the Press Release in English
Watch a Slideshow of the pictures taken on the occasion