Welcome To Amrit Kirtan Website
ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ : ਤੀਸਰਾ ਆਯੋਜਨ
ਹਿੰਦੂਆਂ ਦੇ 'ਗੁਰੂ' ਤੇ ਮੁਸਲਮਾਨਾਂ ਦੇ 'ਪੀਰ' ਬਾਬਾ ਨਾਨਕ ਦੇ ਸੰਗੀ ਰਬਾਬੀ ਭਾਈ ਮਰਦਾਨਾ ਪੰਜਾਬੀ ਸੰਗੀਤ ਪਰੰਪਰਾ ਦੇ ਅਦੁੱਤੀ ਨਾਇਕ ਹਨ। ਸਾਖੀਕਾਰਾਂ, ਇਤਿਹਾਸਕਾਰਾਂ, ਵਿਦਵਾਨਾਂ ਨੇ ਇਸ ਵਿਲੱਖਣ ਸ਼ਖਸੀਅਤ ਨੂੰ ਆਪੋ ਆਪਣੀ ਸ਼ਾਬਦਿਕ ਜੁਗਤ ਨਾਲ ਪਛਾਨਣ ਦੇ ਅਨੇਕ ਯਤਨ ਕੀਤੇ ਹਨ। ਪੰਜਾਬ ਦੀ ਸੰਗੀਤ ਪਰੰਪਰਾ ਦੀਆਂ ਸਮੂਹ ਧਾਰਾਵਾਂ ਦੀ ਇਹ ਸਰਬ ਸਾਂਝੀ ਜੋਤ ਭਾਈ ਮਰਦਾਨਾ ਦੇ ਰੂਪ ਵਿਚ ਪਰਿਜਵਲਿਤ ਹੋ ਰਹੀ ਹੈ। ਪੰਜਾਬ ਦੇ ਅਨੇਕ ਘਰਾਣੇ, ਸੰਗੀਤਕਾਰ ਪੰਜਾਬ ਦੇ ਗਾਇਨ ਤੇ ਵਾਦਨ ਦੇ ਖੇਤਰ ਵਿਚ ਪੰਜਾਬੀਆਂ ਦੇ ਵਿਸ਼ੇਸ਼ ਸੰਗੀਤਕ ਰੰਗ 'ਪੰਜਾਬ ਅੰਗ' ਤੇ 'ਪੰਜਾਬ ਬਾਜ' ਦੀ ਪਛਾਣ ਨੂੰ ਸੰਗੀਤ ਦੇ ਹਰ ਖੇਤਰ ਵਿਚ ਬਰਕਰਾਰ ਰੱਖ ਰਹੇ ਹਨ। ਪੂਰਬੀ ਪੰਜਾਬ, ਪੱਛਮੀ ਪੰਜਾਬ ਤੇ ਦੇਸ ਵਿਦੇਸ਼, ਪੰਜਾਬੀਆਂ ਦਾ ਇਹ ਸੰਵੇਦਨਸ਼ੀਲ ਰੂਹਾਨੀ ਸੰਗੀਤ ਹਰ ਰੂਹ ਨੂੰ ਸਰਸ਼ਾਰ ਕਰ ਰਿਹਾ ਹੈ।
ਸਮਕਾਲੀ ਪਰਿਪੇਖ ਵਿਚ ਪੰਜਾਬੀ ਦੀ ਸੰਗੀਤ ਪਰੰਪਰਾ ਦੀ ਪੁਨਰ ਸੁਰਜੀਤੀ ਤੇ ਪੁਨਰ ਸਥਾਪਤੀ ਲਈ ਨਵੀਂ ਪੀੜ੍ਹੀ ਨੂੰ ਆਪਣੀ ਧਰਤ ਦੇ ਪੁਖ਼ਤਾ ਤੇ ਪ੍ਰਮਾਣਿਕ ਸੰਗੀਤ ਨਾਲ ਜੋੜਨਾ ਬੁਨਿਆਦੀ ਤੌਰ ਤੇ ਜ਼ਰੂਰੀ ਸੀ ਜਿਸ ਨਾਲ ਪੰਜਾਬ ਦੀਆਂ ਸੰਗੀਤ ਪਰੰਪਰਾਵਾਂ ਦੇ ਫਿਕੇ ਹੋ ਰਹੇ ਰੰਗਾਂ ਵਿਚ ਮੁੜ ਤਾਜ਼ਗੀ, ਰਵਾਨਗੀ ਤੇ ਚਿਰੰਜੀਵਤਾ ਭਰੀ ਜਾ ਸਕੇ। ਪੰਜਾਬੀ ਯੂਨੀਵਰਸਿਟੀ ਜੋ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਨੂੰ ਸਮਰਪਿਤ ਯੂਨੀਵਰਸਿਟੀ ਹੈ, ਨੇ ਇਸ ਉਦਮ ਲਈ ਇਕ ਵਿਸ਼ਾਲ ਫੈਕਲਟੀ ਆਫ ਆਰਟਸ ਐਂਡ ਕਲਚਰ ਸਥਾਪਤ ਕੀਤੀ ਹੈ ਜਿਸ ਵਿਚ ਥੀਏਟਰ, ਸੰਗੀਤ, ਨ੍ਰਿਤ, ਫਾਈਨ ਆਰਟਸ, ਗੁਰਮਤਿ ਸੰਗੀਤ ਚੇਅਰ ਤੇ ਗੁਰਮਤਿ ਸੰਗੀਤ ਵਿਭਾਗ ਕਾਰਜਸ਼ੀਲ ਹਨ।
ਗੁਰਮਤਿ ਸੰਗੀਤ ਚੇਅਰ ਤੇ ਗੁਰਮਤਿ ਸੰਗੀਤ ਵਿਭਾਗ ਨੇ ਇਕ ਆਰਕਾਈਵਜ਼ ਆਫ ਮਿਊਜ਼ਿਕ ਗੁਰਮਤਿ ਸੰਗੀਤ ਦੇ ਪ੍ਰਚਾਰਕ ਸੰਤ ਸੁੱਚਾ ਸਿੰਘ ਦੀ ਸਿਮ੍ਰਤੀ ਵਿਚ ਬਣਵਾਇਆ ਹੈ ਜਿਸ ਵਿਚ ਸ਼ਾਸਤਰੀ, ਲੋਕ, ਸੂਫ਼ੀ ਤੇ ਗੁਰਮਤਿ ਸੰਗੀਤ ਦੀ ਆਰਕਾਈਵਲ ਰਿਕਾਰਡਿੰਗ ਵੈਬਸਾਈਟ www.gurmatsangeetpup.com ਤੇ ਪਾਈ ਹੈ ਜਿਸਦਾ ਮੰਤਵ ਪੰਜਾਬ ਦੇ ਸੰਗੀਤ ਦਾ ਮੂਲ ਤੇ ਮੌਲਿਕਤਾ ਦੀ ਪਛਾਣ ਸਥਾਪਤ ਕਰਨੀ ਹੈ। ਇਸੇ ਦਿਸ਼ਾ ਵਿਚ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਅਤੇ ਸਿੰਘ ਬੰਧੂ ਸ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਸੰਗੀਤਾਚਾਰੀਆ ਡਾ. ਗੁਰਨਾਮ ਸਿੰਘ ਨੇ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਆਰੰਭ ਕੀਤਾ ਜਿਸ ਵਿਚ ਪੰਜਾਬ ਦੇ ਸ਼ਾਸਤਰੀ ਗਾਇਕ ਤੇ ਵਾਦਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ।
ਪੰਜਾਬੀਆਂ ਲਈ ਸ਼ਾਸਤਰੀ ਸੰਗੀਤ ਦਾ ਇਹ ਪਹਿਲਾ ਵੱਡਾ ਮੰਚ ਹੈ ਜਿਥੇ ਉਹ ਆਪਣੀ ਸ਼ਾਸਤਰੀ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਹਨ। ਪਿਛਲੇ ਤਿੰਨ ਵਰ੍ਹਿਆਂ ਵਿਚ ਇਸ ਸੰਮੇਲਨ ਵਿਚ ਰਬਾਬ, ਸਰੋਦ, ਸਿਤਾਰ, ਸੰਤੂਰ, ਤਬਲਾ, ਪਖਾਵਜ ਦੇ ਉਸਤਾਦ ਪੰਜਾਬੀ ਕਲਾਕਾਰਾਂ ਤੋਂ ਇਲਾਵਾ ਸ਼ਾਸਤਰੀ ਗਾਇਨ ਦੀਆਂ ਅਨੇਕ ਪੇਸ਼ਕਾਰੀਆਂ ਹੋਈਆਂ ਜਿਸ ਵਿਚ ਸਿੰਘ ਬੰਧੂ ਸ. ਸੁਰਿੰਦਰ ਸਿੰਘ, ਪੰ. ਯਸ਼ਪਾਲ, ਸ੍ਰੀ ਬਲਦੇਵ ਨਾਰੰਗ, ਡਾ. ਨਿਵੇਦਿਤਾ ਸਿੰਘ, ਡਾ. ਅਰਵਿੰਦ ਸ਼ਰਮਾ, ਡਾ. ਸੋਮਦੱਤ ਬੱਟੂ ਆਦਿ ਨੇ ਭਾਗ ਲਿਆ। ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਵਿਚ ਕੀਤੇ ਇਸ ਉਦਮ ਨਾਲ ਪੰਜਾਬ ਦੇ ਸੰਗੀਤਕਾਰਾਂ ਦੀ ਸੰਗੀਤ ਉਮਰ 'ਚ ਜਿਥੇ ਵਾਧਾ ਹੋਇਆ ਉਥੇ ਪੰਜਾਬੀ ਸੰਗੀਤ ਸ਼ੈਲੀਆਂ, 'ਪੰਜਾਬ ਅੰਗ' ਤੇ 'ਪੰਜਾਬ ਬਾਜ' ਦੀ ਮੌਲਿਕਤਾ ਦਾ ਰੰਗ ਵੀ ਦੂਣ ਸਵਾਇਆ ਹੋ ਰਿਆ ਹੈ।
ਤੀਸਰਾ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਗੁਰਮਤਿ ਸੰਗੀਤ ਦੇ ਸਰਪ੍ਰਸਤ ਬੀਬੀ ਜਸਬੀਰ ਕੌਰ ਖਾਲਸਾ ਨੂੰ ਸਮਰਪਿਤ ਕੀਤਾ ਗਿਆ। ਸੰਮੇਲਨ ਦੇ ਪਹਿਲੇ ਦਿਨ ਤੀਸਰਾ 'ਪੰਜਾਬ ਸੰਗੀਤ ਰਤਨ ਐਵਾਰਡ' ਸਿੰਘ ਬੰਧੂ ਸ. ਤੇਜਪਾਲ ਸਿੰਘ ਨੂੰ ਦਿਤਾ ਗਿਆ। ਇਸ ਤੋਂ ਪਹਿਲਾਂ ਇਹ ਐਵਾਰਡ ਸਿੰਘ ਬੰਧੂ ਸ. ਸੁਰਿੰਦਰ ਸਿੰਘ, ਪ੍ਰੋ. ਯਸ਼ਪਾਲ ਨੂੰ ਦਿਤਾ ਜਾ ਚੁੱਕਾ ਹੈ ਅਤੇ ਇਹ ਹਰ ਵਰ੍ਹੇ ਬਾਦਸਤੂਰ ਜਾਰੀ ਰਹੇਗਾ। ਇਹ ਐਵਾਰਡ ਕਿਸੇ ਪੰਜਾਬੀ ਸ਼ਾਸਤਰੀ ਸੰਗੀਤਕਾਰ ਨੂੰ ਦਿਤਾ ਜਾਂਦਾ ਹੈ ਜਿਸਨੂੰ ਬੀਬੀ ਜਸਬੀਰ ਕੌਰ ਖਾਲਸਾ ਨੇ ਆਰੰਭ ਕੀਤਾ ਸੀ। ਇਸ ਸਮਾਰੋਹ ਵਿਚ ਸਿੰਘ ਬੰਧੂ ਸ. ਸੁਰਿੰਦਰ ਸਿੰਘ ਨੂੰ ਸੰਮੇਲਨ ਦੇ ਸਰਪਰਸਤ ਵਜੋਂ ਪ੍ਰੋ. ਯਸ਼ਪਾਲ, ਚੰਡੀਗੜ੍ਹ ਨੂੰ ਨੈਸ਼ਨਲ ਸੰਗੀਤ ਨਾਟਕ ਅਕਾਦਮੀ ਐਵਾਰਡ ਦੀ ਖੁਸ਼ੀ ਵਿਚ ਅਤੇ ਡਾ. ਜਾਗੀਰ ਸਿੰਘ ਸਾਬਕਾ ਪ੍ਰੋ. ਤੇ ਮੁਖੀ ਗੁਰਮਤਿ ਸੰਗੀਤ ਵਿਭਾਗ ਨੂੰ ਉਨ੍ਹਾਂ ਦੀਆਂ ਵਿਸ਼ਿਸ਼ਟ ਸੇਵਾਵਾਂ ਬਦਲੇ ਵਿਸ਼ੇਸ਼ ਰੂਪ ਵਿਚ ਸਨਮਾਨਤ ਕੀਤਾ ਗਿਆ। ਇਸ ਸਮਾਰੋਹ ਵਿਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤ੍ਰਿਲੋਚਨ ਸਿੰਘ, ਦਿੱਲੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਮਨਜੀਤ ਸਿੰਘ (ਜੀ.ਕੇ.), ਸ. ਸਵਰਨ ਸਿੰਘ ਭੰਡਾਰੀ - ਪ੍ਰਧਾਨ, ਗੁਰਦੁਆਰਾ ਸਿੰਘ ਸਭਾ, ਗਰੇਟਰ ਕੈਲਾਸ਼, ਦਿੱਲੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਸ੍ਰੀ ਰਾਜਨ ਕੁਲਕਰਨੀ ਨੇ ਸਰੋਦ ਵਾਦਨ ਦੁਆਰਾ ਰਾਗ ਯਮਨ ਅਤੇ ਰਾਗ ਮਾਝ ਖਮਾਜ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸ੍ਰੀ ਰਾਜਨ ਕੁਲਕਰਨੀ ਵਿਖਿਆਤ ਸਰੋਦ ਵਾਦਕ ਹਨ ਜਿਨ੍ਹਾਂ ਦਾ ਪੰਜਾਬ ਨਾਲ ਗਹਿਰਾ ਸਬੰਧ ਰਿਹਾ ਹੈ। ਵਚਿੱਤਰ ਵੀਣਾ ਵਰਗੇ ਦੁਰਲੱਭ ਸਾਜ਼ ਦਾ ਵਾਦਨ ਸ. ਅਜੀਤ ਸਿੰਘ ਦੇਹਰਾਦੂਨ ਨੇ ਕੀਤਾ। ਉਨ੍ਹਾਂ ਰਾਗ ਦੇਸ ਵਿਚ ਗਤ ਵਾਦਨ ਕੀਤਾ। ਉਪਰੰਤ ਅਬਦੁਲ ਅਜੀਜ਼ ਖਾਂ ਸਾਹਿਬ ਜੋ ਪਟਿਆਲਾ ਘਰਾਣੇ ਦੇ ਪ੍ਰਸਿਧ ਵਚਿਤਰ ਵੀਣਾ ਵਾਦਕ ਸਨ, ਉਨ੍ਹਾਂ ਦੀ ਰਾਗ ਪੀਲੂ ਵਿਚ ਧੁਨ ਪ੍ਰਸਤੁਤ ਕੀਤੀ। ਸ. ਅਜੀਤ ਸਿੰਘ, ਪ੍ਰਸਾਰ ਭਾਰਤੀ ਦੇ ਏ ਗਰੇਡ ਆਰਟਿਸਟ ਹਨ। ਇਨ੍ਹਾਂ ਨਾਲ ਤਬਲੇ ਉਤੇ ਸੰਗਤ ਪੰਜਾਬੀ ਯੂਨੀਵਰਸਿਟੀ ਦੇ ਕਲਾਕਾਰ ਸ੍ਰੀ ਜੈਦੇਵ ਅਤੇ ਸ੍ਰੀ ਮਧੁਰੇਸ਼ ਭੱਟ ਨੇ ਕੀਤੀ।
ਸੰਮੇਲਨ ਦੇ ਦੂਸਰੇ ਦਿਨ ਗੁਰਮਤਿ ਸੰਗੀਤ ਚੇਅਰ ਵਲੋਂ 'ਬੀਬੀ ਜਸਬੀਰ ਕੌਰ ਖਾਲਸਾ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ' ਪ੍ਰਸਿਧ ਗੁਰਮਤਿ ਸੰਗੀਤਾਚਾਰੀਆ ਪ੍ਰੋ. ਕਰਤਾਰ ਸਿੰਘ ਨੂੰ ਪ੍ਰਦਾਨ ਕੀਤੀ। ਇਥੇ ਇਹ ਵਰਣਨਯੋਗ ਹੈ ਕਿ ਗੁਰਮਤਿ ਸੰਗੀਤ ਚੇਅਰ ਵਲੋਂ ਇਸ ਖੇਤਰ ਵਿਚ ਕਾਰਜਸ਼ੀਲ ਵਿਦਵਾਨ ਸੰਗੀਤਾਚਾਰੀਆ ਨੂੰ ਇਹ ਫੈਲੋਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਪਹਿਲਾਂ ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ ਅਤੇ ਸਿੰਘ ਬੰਧੂ ਸ. ਸੁਰਿੰਦਰ ਸਿੰਘ ਜੀ ਨੂੰ ਇਹ ਫੈਲੋਸ਼ਿਪ ਪ੍ਰਦਾਨ ਕੀਤੀ ਜਾ ਚੁੱਕੀ ਹੈ। ਜਥੇਦਾਰ ਅਵਤਾਰ ਸਿੰਘ ਨੇ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਵਲੋਂ ਵਿਸ਼ਵ ਪੱਧਰ ਤੇ ਕੀਤੇ ਜਾ ਰਹੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪਸਾਰ ਦੀ ਸ਼ਲਾਘਾ ਕਰਦਿਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਸੰਗੀਤ ਚੇਅਰ ਲਈ ਹਮੇਸ਼ਾ ਵਿੱਤੀ ਸਹਿਯੋਗ ਦਿਤੇ ਜਾਣ ਦੀ ਵਚਨਬੱਧਤਾ ਪ੍ਰਗਟਾਈ। ਗੁਰਮਤਿ ਸੰਗੀਤ ਚੇਅਰ ਨੂੰ ਨਿਰੰਤਰ ਵਿਤੀ ਸਹਾਇਤਾ ਦੇ ਰਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਅਤੇ ਗੁਰਮਤਿ ਸੰਗੀਤ ਚੇਅਰ ਦੇ ਪ੍ਰੌਫੈਸਰ ਤੇ ਮੁਖੀ ਡਾ. ਗੁਰਨਾਮ ਸਿੰਘ ਵਲੋਂ ਐਸ.ਜੀ.ਪੀ.ਸੀ. ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਇਸ ਤੋਂ ਇਲਾਵਾ ਸੰਤ ਬਾਬਾ ਨਿਧਾਨ ਸਿੰਘ ਟਰਸਟ ਦੇ ਮੁੱਖ ਪ੍ਰਬੰਧਕ ਸ. ਪਰਮਜੀਤ ਸਿੰਘ ਸਰੋਆ ਦਾ ਸਨਮਾਨ ਵੀ ਕੀਤਾ ਗਿਆ। ਪਟਿਆਲਾ ਘਰਾਣੇ ਨਾਲ ਸਬੰਧਿਤ ਬਜ਼ੁਰਗ ਸੰਗੀਤਕਾਰ ਸ੍ਰੀ ਰਾਮ ਲਾਲ ਨੂੰ ਉਨ੍ਹਾਂ ਦੇ ਆਜੀਵਨ ਯੋਗਦਾਨ ਬਦਲੇ ਸਨਮਾਨਤ ਕੀਤਾ ਗਿਆ।
ਪੁਰਾਤਨ ਕਲਾ ਪੰਜਾਬ ਘਰਾਣਾ ਦੇ ਸ. ਕੁਲਵਿੰਦਰ ਸਿੰਘ ਦੇ ਵਿਦਿਆਰਥੀ ਵਲੋਂ ਤਬਲੇ ਤੇ ਤਿੰਨ ਤਾਲ ਦੀ ਪੇਸ਼ਕਾਰੀ ਕੀਤੀ ਗਈ ਜਿਸ ਵਿਚ ਉਨ੍ਹਾਂ ਕਾਇਦਾ, ਗਤ, ਪਰਨਾ ਅਤੇ ਰੇਲਾ ਆਦਿ ਦੀ ਖੂਬਸੂਰਤ ਪੇਸ਼ਕਾਰੀ ਕਰਦਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿਤਾ। ਇਸ ਤੋਂ ਬਾਅਦ ਡਾ. ਅਰਵਿੰਦ ਸ਼ਰਮਾ ਨੇ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਵਿਚ ਰਾਗ ਨੰਦ ਅਤੇ ਰਾਗੇਸ਼ਵਰੀ ਵਿਚ ਆਪਣਾ ਗਾਇਨ ਪੇਸ਼ ਕੀਤਾ। ਆਪਣੇ ਗਾਇਨ ਦੌਰਾਨ ਉਨ੍ਹਾਂ ਨੇ ਅਲਾਪ ਅਤੇ ਖੂਬਸੂਰਤ ਤਾਨਾਂ ਦੀ ਪੇਸ਼ਕਾਰੀ ਕੀਤੀ। ਉਨ੍ਹਾਂ ਨਾਲ ਡਾ. ਪਰਮਜੀਤ ਸਿੰਘ ਨੇ ਤਬਲੇ ਤੇ ਸੰਗਤ ਕੀਤੀ। ਦੂਸਰੇ ਦਿਨ ਦੀ ਅੰਤਿਮ ਪੇਸ਼ਕਾਰੀ ਪੰਜਾਬੀ ਯੂਨੀਵਰਸਿਟੀ ਦੇ ਮੁਜਤਬਾ ਹੁਸੈਨ ਵਲੋਂ ਬਸੰਰੀ ਵਾਦਨ ਦੁਆਰਾ ਕੀਤੀ। ਆਪ ਨੇ ਰਾਗ ਸਿਰੀ ਵਿਚ ਵਿਲੰਬਿਤ ਝਪਤਾਲ, ਮੱਧ ਅਤੇ ਦਰੁੱਤ ਤਿੰਨ ਤਾਲ ਦੀ ਪੇਸ਼ਕਾਰੀ ਕੀਤੀ। ਉਪਰੰਤ ਆਪ ਨੇ ਮਿਸ਼ਰ ਪਹਾੜੀ ਵਿਚ ਠੁਮਰੀ ਅੰਗ ਦੀ ਧੁਨ ਦੀ ਪ੍ਰਸਤੁਤੀ ਦਿਤੀ। ਆਪ ਨਾਲ ਸ੍ਰੀ ਮਧੁਰੇਸ਼ ਭੱਟ ਨੇ ਤਬਲੇ ਉਪਰ ਸੰਗਤ ਕੀਤੀ।
ਸੰਮੇਲਨ ਦੇ ਤੀਸਰੇ ਦਿਨ ਗਿਆਨੀ ਤਰਲੋਚਨ ਸਿੰਘ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੀ ਸੰਬੋਧਨੀ ਭਾਸ਼ਣ ਵਿਚ ਕਿਹਾ ਕਿ ਡਾ. ਗੁਰਨਾਮ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਗੁਰਮਤਿ ਸੰਗੀਤ ਵਿਸ਼ਵ ਪੱਧਰ ਤੇ ਇਕ ਵੱਖਰੀ ਪਛਾਣ ਸਥਾਪਤ ਕਰ ਚੁੱਕਿਆ ਹੈ ਅਤੇ ਪੰਜਾਬੀ ਯੂਨੀਵਰਸਿਟੀ ਗੁਰਮਤਿ ਸੰਗੀਤ ਦੇ ਹੱਬ ਵਜੋਂ ਜਾਣੀ ਜਾਣ ਲਗੀ ਹੈ। ਉਨ੍ਹਾਂ ਕਿਹਾ ਕਿ ਨਵੰਬਰ, 2011 ਵਿਚ ਗੁਰਮਤਿ ਸੰਗੀਤ ਵਿਸ਼ੇ 'ਤੇ ਇਕ ਅੰਤਰ-ਰਾਸ਼ਟਰੀ ਕਾਨਫਰੰਸ ਕਰਵਾ ਕੇ ਗੁਰਮਤਿ ਸੰਗੀਤ ਨੂੰ ਵਿਸ਼ਵ ਪੱਧਰ ਉਤੇ ਕਾਰਜਸ਼ੀਲ ਸੰਸਥਾਵਾਂ ਅਤੇ ਸ਼ਖਸੀਅਤਾਂ ਨਾਲ ਜੋੜਨ ਲਈ ਵੱਖ-ਵੱਖ ਦੇਸ਼ਾਂ ਤੋਂ ਵਿਦਵਾਨਾਂ ਨੂੰ ਸੱਦਿਆ ਜਾਵੇਗਾ। ਪ੍ਰੋਗਰਾਮ ਦੀ ਅਗਲੀ ਕੜੀ ਤਹਿਤ ਗੁਰਮਤਿ ਸੰਗੀਤ ਵਿਭਾਗ ਵਿਖੇ ਕਾਰਜਗਤ ਸ. ਅਮਨਦੀਪ ਸਿੰਘ ਵਲੋਂ ਤਾਊਸ ਵਾਦਨ ਸਰਸਵਤੀ ਰਾਗ ਵਿਚ ਵਿਲੰਬਿਤ ਅਤੇ ਦਰੁੱਤ ਗਤ ਦੀ ਪੇਸ਼ਕਾਰੀ ਦੁਆਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਤਬਲੇ ਤੇ ਸੰਗਤ ਸ੍ਰੀ ਜੈਦੇਵ ਜੀ ਨੇ ਕੀਤੀ। ਉਸ ਉਪਰੰਤ ਵਿਸ਼ਵ ਪ੍ਰਸਿੱਧ ਸ਼ਾਸਤਰੀ ਗਾਇਕ ਸ੍ਰੀ ਸੋਮਦਤ ਬਟੂ ਵਲੋਂ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਕਰਦਿਆਂ ਰਾਗ ਦੇਵਗਿਰੀ ਬਿਲਾਵਲ ਵਿਚ ਵਿਲੰਬਿਤ ਖਿਆਲ 'ਤੁਮ ਬਿਨ ਕੌਨ ਖਬਰ ਲੀਜੈ' ਅਤੇ ਰਾਗ ਗੁਜਰੀ ਤੋੜੀ, ਲਲਿਤ ਗਉੜੀ, ਬਸੰਤ ਬਹਾਰ ਤੇ ਰਾਗ ਅੜਾਨਾ ਵਿਚ ਛੋਟੇ ਖਿਆਲ ਦੀਆਂ ਪੰਜਾਬੀ ਬੰਦਿਸ਼ਾਂ ਦਾ ਗਾਇਨ ਕੀਤਾ ਗਿਆ। ਉਸ ਤੋਂ ਬਾਅਦ ਪੰਜਾਬ ਘਰਾਣੇ ਦੇ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਸ੍ਰੀ ਕਾਲੇ ਰਾਮ ਜੀ ਵਲੋਂ ਤਬਲਾ ਵਾਦਨ ਦੀ ਸੋਲੋ ਪੇਸ਼ਕਾਰੀ ਕੀਤੀ ਗਈ। ਉਨ੍ਹਾਂ ਨਾਲ ਹਰਮੋਨੀਅਮ ਤੇ ਸੰਗਤ ਸ੍ਰੀ ਸੁਭਾਸ਼ ਚੰਦਰ ਜੀ ਵਲੋਂ ਕੀਤੀ ਗਈ। ਇਸ ਅਵਸਰ 'ਤੇ ਸ੍ਰੀ ਜੁਗਿੰਦਰ ਸਿੰਘ ਜੌਹਲ (ਕਲਕੱਤਾ) ਅਤੇ ਸ. ਰਾਜਿੰਦਰ ਸਿੰਘ ਚਹਿਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਮੇਲਨ ਵਿਚ ਮਿਸਿਜ਼ ਵਾਈਸ-ਚਾਂਸਲਰ ਡਾ. ਜਗਜੀਤ ਕੌਰ, ਸ. ਸੁਰਿੰਦਰ ਸਿੰਘ ਰਾਜ ਅਕੈਡਮੀ (ਯੂ.ਕੇ.), ਐਸ.ਜੀ.ਪੀ.ਸੀ. ਮੈਂਬਰ, ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਦੇ ਮੈਂਬਰ, ਡਾ. ਡੇਜ਼ੀ ਵਾਲੀਆ, ਡਾ. ਅੰਮ੍ਰਿਤਪਾਲ ਕੌਰ, ਡਾ. ਗੁਰਪ੍ਰਤਾਪ ਸਿੰਘ ਗਿੱਲ, ਡਾ. ਰਾਜਿੰਦਰ ਸਿੰਘ ਗਿੱਲ, ਡਾ. ਨਰਿੰਦਰ ਸਿੰਘ ਕਪੂਰ, ਡਾ. ਗੁਰਮੀਤ ਮਾਨ, ਸ. ਅਸ਼ੋਕ ਸਿੰਘ ਬਾਗੜੀਆ, ਉਸਤਾਦ ਰਾਮ ਲਾਲ ਜੀ (ਪਟਿਆਲਾ ਘਰਾਣਾ), ਗੁਰਮਤਿ ਸੰਗੀਤ ਅਕੈਡਮੀ ਚਾਪੜ, ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ ਦੇ ਨੁਮਾਇੰਦੇ ਅਤੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗੀਤ ਪ੍ਰੇਮੀ, ਵੱਖ-ਵੱਖ ਕਾਲਜਾਂ ਅਤੇ ਵਿਭਾਗਾਂ ਦੇ ਫੈਕਲਟੀ ਮੈਂਬਰ ਅਤੇ ਕਈ ਪ੍ਰਸਿੱਧ ਸ਼ਖਸੀਅਤਾਂ ਸ਼ਾਮਿਲ ਹੋਈਆਂ। ਤੀਸਰੇ ਰਬਾਬੀ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦੌਰਾਨ ਮੰਚ ਦਾ ਸੰਚਾਲਨ ਡਾ. ਕੰਵਲਜੀਤ ਸਿੰਘ, ਸ. ਅਲੰਕਾਰ ਸਿੰਘ ਅਤੇ ਡਾ. ਜਸਬੀਰ ਕੌਰ ਨੇ ਕੀਤਾ। ਸੰਮੇਲਨ ਦੇ ਅੰਤ ਵਿਚ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਅਤੇ ਡੀਨ, ਫੈਕਲਟੀ ਆਫ ਆਰਟਸ ਐਂਡ ਕਲਚਰ ਡਾ. ਗੁਰਨਾਮ ਸਿੰਘ ਨੇ ਸਮੂਹ ਸਰੋਤਿਆਂ ਦੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ।
ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਖੋਜ ਤੇ ਪੇਸ਼ਕਾਰੀਆਂ ਦੁਆਰਾ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਵਾਲੇ ਨਾਲ ਨਿਰੰਤਰ ਵਿਕਸਤ ਕਰਨ ਲਈ ਯਤਨਸ਼ੀਲ ਰਹੇਗੀ।
Click here to access a Slideshow of some Pictures of the occasion