DR. JAGIR SINGH


Recent Events


Quick Navigation


New Additions


Welcome To Amrit Kirtan Website


DR GURNAM SINGH FELICITATED


ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਕੋਵਿੰਦ ਵਲੋਂ ਡਾ. ਗੁਰਨਾਮ ਸਿੰਘ ਮਿਤੀ 06 ਫਰਵਰੀ, 2019 ਨੂੰ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ

ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਵਰੋਸਾਏ ਵਿਸ਼ਵ ਸੰਗੀਤ ਦੇ ਖੇਤਰ ਵਿਚ ਆਪਣੇ ਵਿਸ਼ੇਸ਼ ਉਦੱਮਾਂ ਨਾਲ ਪਿਛਲੇ ਦਹਾਕਿਆਂ ਤੋਂ ਨਿਰੰਤਰ ਕਾਰਜਸ਼ੀਲ ਡਾ. ਗੁਰਨਾਮ ਸਿੰਘ ਇਤਿਹਾਸ ਸਿਰਜਕ ਸ਼ਖਸੀਅਤ ਹਨ।

ਵਿਸ਼ਵ ਭਰ ਵਿਚ ਸਮੁੱਚੇ ਪੰਜਾਬੀਆਂ ਅਤੇ ਸਿੱਖ ਜਗਤ ਲਈ ਸਨਮਾਨ ਜਨਕ ਖਬਰ ਹੈ ਕਿ ਡਾ. ਗੁਰਨਾਮ ਸਿੰਘ ਨੂੰ ਭਾਰਤ ਦੇ ਆਦਰਯੋਗ ਰਾਸ਼ਟਰਪਤੀ ਸ੍ਰੀ ਰਾਮ ਕੋਵਿੰਦ ਵਲੋਂ ਵਿਸ਼ੇਸ਼ ਖੇਤਰ ਗੁਰਮਤਿ ਸੰਗੀਤ ਵਿਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ ਮਿਤੀ 6 ਫਰਵਰੀ, 2019 ਨੂੰ ਸਨਮਾਨਿਤ ਕੀਤਾ ਗਿਆ। ਵਰਣਨਯੋਗ ਹੈ ਕਿ ਸੰਗੀਤ ਨਾਟਕ ਅਕੈਡਮੀ ਦੁਆਰਾ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿਚ ਕਾਰਜਸ਼ੀਲ ਪ੍ਰਮੁੱਖ ਸ਼ਖਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕਰਦੀ ਹੈ।

ਗੁਰੂ ਨਾਨਕ ਦੇਵ ਜੀ ਦੇ 500 ਸਾਲ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਇਸ ਦਾ ਹੋਰ ਵੀ ਸੁਭਾਗ ਹੈ ਕਿ ਭਾਰਤ ਦੀਆਂ ਸੰਗੀਤ, ਨਾਟ ਤੇ ਹੋਰ ਕਲਾ ਪਰੰਪਰਾਵਾਂ ਵਿਚ ਗੁਰਮਤਿ ਸੰਗੀਤ ਦੀ ਸੁਤੰਤਰ ਹਸਤੀ ਨੂੰ ਮਾਨਤਾ ਦਿੰਦਿਆਂ ਇਹ ਸਨਮਾਨ ਡਾ. ਗੁਰਨਾਮ ਸਿੰਘ ਵਰਗੇ ਗੁਰਮਤਿ ਸੰਗੀਤ ਸੇਵੀ ਨੂੰ ਦਿੱਤਾ ਗਿਆ ਹੈ।

ਡਾ. ਗੁਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਸੰਪੂਰਣ ਰਾਗਾਂ ਉਤੇ ਕਈ ਵਰ੍ਹਿਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿਚ ਪਹਿਲੀ ਵੇਰ ਲਿਖਤ ਤੇ ਸੁਰਲਿਪੀ ਬੱਧ ਰੂਪ ਵਿਚ ਇਨ੍ਹਾਂ ਦੀਆਂ ਕਈ ਵਾਰ ਰਿਕਾਰਡਿੰਗਜ਼ ਕਰਵਾਈਆਂ। ਆਪ ਨੇ ਗੁਰਮਤਿ ਸੰਗੀਤ ਨੂੰ ਅਕਾਦਮਿਕ ਵਿਸ਼ੇ ਵਜੋਂ ਆਪਣੀ ਖੋਜ, ਅਧਿਐਨ, ਅਧਿਆਪਨ ਨਾਲ ਵਿਕਸਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਤੇ ਅਦਾਰਿਆਂ ਵਿਚ ਲਾਗੂ ਕਰਵਾਇਆ। ਸ੍ਰੀ ਦਰਬਾਰ ਸਾਹਿਬ ਤੋਂ ਰਾਗ ਤੇ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਵਿਚ ਆਪ ਦੀ ਪ੍ਰਮੁੱਖ ਭੂਮਿਕਾ ਹੈ।

ਡਾ. ਗੁਰਨਾਮ ਸਿੰਘ ਆਪਣੇ ਪਿਤਾ ਸ਼ਰੋਮਣੀ ਰਾਗੀ ਸਵ. ਭਾਈ ਉਤੱਮ ਸਿੰਘ, ਸ਼ਰੋਮਣੀ ਰਾਗੀ ਡਾ. ਜਾਗੀਰ ਸਿੰਘ, ਡਾ. ਬਚਿੱਤਰ ਸਿੰਘ ਤੋਂ ਇਲਾਵਾ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ, ਆਗਰਾ ਘਰਾਣਾ ਦ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ, ਪਟਿਆਲਾ ਘਰਾਣਾ ਦੇ ਉਸਤਾਦ ਬਾਕਿਰ ਹੁਸੈਨ ਖਾਨ, ਪ੍ਰਿੰ. ਐਸ.ਐਸ. ਕਰੀਰ ਦੇ ਪਿਆਰੇ ਤੇ ਸਮਰਪਿਤ ਸ਼ਿਸ਼ ਰਹੇ ਹਨ। ਡਾ. ਸਿੰਘ ਗੁਰਮਤਿ ਸੰਗੀਤ, ਸੁਗਮ ਸੰਗੀਤ ਅਤੇ ਸ਼ਾਸਤਰੀ ਸੰਗੀਤ ਵਿਚ ਪ੍ਰਸਾਰ ਭਾਰਤੀ ਦੇ ਮਾਨਤਾ ਪ੍ਰਾਪਤ ਕਲਾਕਾਰ ਹਨ।

ਡਾ. ਗੁਰਨਾਮ ਸਿੰਘ ਨੇ ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਿਭਿੰਨ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 123 ਖੋਜ ਪੱਤਰਾਂ ਅਤੇ 200 ਤੋਂ ਵੱਧ ਖੋਜ ਆਰਟੀਕਲਜ਼ ਦਾ ਲੇਖਨ ਕੀਤਾ ਹੈ ਜਿਨ੍ਹਾਂ ਨੂੰ ਆਕਸਫੋਰਡ ਪਬਲੀਕੇਸ਼ਨ ਸਮੇਤ ਦੇਸ਼ ਦੀਆਂ ਵਿਭਿੰਨ ਯੂਨੀਵਰਸਿਟੀਆਂ ਅਤੇ ਪ੍ਰਕਾਸ਼ਨਾਵਾਂ ਨੇ ਪਬਲਿਸ਼ ਕੀਤਾ ਹੈ। ਆਪ ਦੇ ਵਿਸ਼ੇਸ਼ ਕਾਰਜਾਂ ਵਿਚੋਂ ਯੂ.ਜੀ.ਸੀ. ਪ੍ਰੋਜੈਕਟ ਲਈ 09 ਵੀਡੀਓ ਲੈਕਚਰ, 26 ਆਡੀਓ ਰਿਕਾਰਡਿੰਗਜ਼, 04 ਵੀਡੀਓ ਰਿਕਾਰਡਿੰਗਜ਼, 05 ਡਾਕੂਮੈਂਟਰੀ ਫਿਲਮਾਂ, 06 ਸਿਗਨੇਚਰ ਟਿਊਨਜ਼ ਆਦਿ ਤਿਆਰ ਕਰਨਾ ਪ੍ਰਮੁੱਖ ਹਨ। ਸਿੱਖ ਮਿਊਜ਼ੀਕਾਲੋਜੀ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗਾਂ ਸਬੰਧੀ ਆਪ ਦੀ ਖੋਜ ਵਿਸ਼ਵ ਪੱਧਰ 'ਤੇ ਅਕਾਦਮਿਕ ਅਤੇ ਖੋਜ ਦੇ ਖੇਤਰ ਵਿਚ ਇਕ ਨਿਵੇਕਲਾ ਯੋਗਦਾਨ ਰਿਹਾ ਹੈ।

ਡਾ. ਗੁਰਨਾਮ ਸਿੰਘ ਨੇ ਆਪਣੇ ਅਕਾਦਮਿਕ ਜੀਵਨ ਕਾਲ ਵਿਚ ਕਈ ਵਿਭਾਗਾਂ ਤੇ ਸੰਸਥਾਵਾਂ ਦੀ ਸਥਾਪਨਾ ਵੀ ਕੀਤੀ ਹੈ। ਆਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗਾਂ ਦੇ ਮੁਖੀ ਰਹੇ। ਉਪਰੰਤ ਪੰਜਾਬੀ ਯੂਨੀਵਰਸਿਟੀ ਵਿਖੇ ਬਤੌਰ ਬਾਨੀ (ਫਾਊਂਡਰ) ਪ੍ਰੋਫੈਸਰ ਤੇ ਮੁਖੀ ਆਪ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਹੇਠ ਲਿਖੀਆਂ ਸਥਾਪਨਾਵਾਂ ਕੀਤੀਆਂ:

  1. ਗੁਰਮਤਿ ਸੰਗੀਤ ਚੇਅਰ - 2003 (ਬੀਬੀ ਜਸਬੀਰ ਕੌਰ ਖਾਲਸਾ, ਚੇਅਰਪਰਸਨ, ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਨਵੀਂ ਦਿੱਲੀ ਦੇ ਵਿੱਤੀ ਸਹਿਯੋਗ ਨਾਲ)
  2. ਗੁਰਮਤਿ ਸੰਗੀਤ ਵਿਭਾਗ - 2005 (ਉਸ ਸਮੇਂ ਦੇ ਵਾਈਸ-ਚਾਂਸਲਰ ਸ. ਸਵਰਨ ਸਿੰਘ ਬੋਪਾਰਾਏ ਦੀ ਵਿਸ਼ੇਸ਼ ਸਰਪਰਸਤੀ ਨਾਲ)
  3. ਗੁਰਮਤਿ ਸੰਗੀਤ ਭਵਨ - 2007 (ਦੇਸ਼ ਵਿਦੇਸ਼ ਤੋਂ ਵਿੱਤੀ ਸਾਧਨ ਜੁਟਾ ਕੇ)
  4. ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ - 2010 (ਸ਼ਾਸਤਰੀ ਸੰਗੀਤ, ਲੋਕ ਸੰਗੀਤ, ਸੂਫ਼ੀ ਸੰਗੀਤ ਅਤੇ ਗੁਰਮਤਿ ਸੰਗੀਤ ਦੀਆਂ ਵੱਖ ਵੱਖ ਰਿਕਾਰਡਿੰਗਜ਼ ਦੇ ਸੰਗ੍ਰਹਿ ਕਰਕੇ)
  5. ਭਾਈ ਰਣਧੀਰ ਸਿੰਘ ਆਨ ਲਾਈਨ ਗੁਰਮਤਿ ਸੰਗੀਤ ਲਾਇਬਰੇਰੀ - 2011 (ਅਖੰਡ ਕੀਰਤਨੀ ਜੱਥੇ, ਸਰੀ, ਕੈਨੇਡਾ ਦੇ ਵਿੱਤੀ ਸਹਿਯੋਗ ਨਾਲ)
  6. ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ - 2014 (ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਵਿਸ਼ੇਸ਼ ਸਰਪਰਸਤੀ ਨਾਲ)
  7. ਭਾਈ ਸਾਹਿਬ ਭਾਈ ਜੁਆਲਾ ਸਿੰਘ ਰਾਗੀ ਆਡੀਟੋਰੀਅਮ - 2016 (ਸਵ. ਰਾਗੀ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਵਿੱਤੀ ਸਹਿਯੋਗ ਨਾਲ)
  8. ਰਾਗ ਰਤਨ ਆਰਟ ਗੈਲਰੀ - 2017 (ਸ੍ਰੀ ਤੇਜ ਪ੍ਰਤਾਪ ਸੰਧੂ ਦੇ ਸਹਿਯੋਗ ਨਾਲ)

ਉਕਤ ਵਿਭਾਗ ਤੋਂ ਬਿਨਾਂ ਡਾ. ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਉਤਸਵ ਦਾ 2003 ਤੋਂ ਆਰੰਭ ਕਰਵਾਇਆ ਜੋ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਨਿਰੰਤਰ ਜਾਰੀ ਹੈ। ਗੁਰਮਤਿ ਸੰਗੀਤ ਫੈਲੋਸ਼ਿਪ, ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਸਿਮ੍ਰਤੀ ਐਵਾਰਡ ਵੀ ਸਥਾਪਤ ਕਰਵਾਏ।

ਗੁਰਮਤਿ ਸੰਗੀਤ ਤੋਂ ਇਲਾਵਾ ਡਾ. ਗੁਰਨਾਮ ਸਿੰਘ ਨੇ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਪ੍ਰਫੂਲਿਤ ਕਰਨ ਵਿਚ ਮੋਹਰੀ ਇਤਿਹਾਸਕ ਭੂਮਿਕਾ ਨਿਭਾਈ ਹੈ।

ਸ਼ਾਸਤਰੀ ਸੰਗੀਤ

  1. ਪੰਜਾਬ ਦੀ ਸ਼ਾਸਤਰੀ ਸੰਗੀਤ ਪਰੰਪਰਾ ਨੂੰ ਪੁਨਰ ਸੁਰਜੀਤ ਅਤੇ ਪ੍ਰਫੂਲਤ ਕਰਨ ਲਈ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਅਤੇ ਪਦਮ ਸ਼੍ਰੀ ਸਿੰਘ ਬੰਧੂ ਸ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦਾ ਪੰਜਾਬੀ ਯੂਨੀਵਰਸਿਟੀ ਵਿਖੇ ਆਰੰਭ ਕਰਵਾਇਆ।
  2. ਪੰਜਾਬ ਦੇ ਸ਼ਾਸਤਰੀ ਸੰਗੀਤਕਾਰ ਲਈ ਪੰਜਾਬ ਸੰਗੀਤ ਰਤਨ ਐਵਾਰਡ ਸਥਾਪਤ ਕੀਤਾ।
  3. ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਸਿਮ੍ਰਤੀ ਸਮਾਰੋਹ ਆਰੰਭ ਕਰਵਾਇਆ।
  4. ਪੰਜਾਬੀ ਸੰਗੀਤਕਾਰ ਸਬੰਧੀ ਵੱਡੇ ਪ੍ਰੋਜੈਕਟ ਵਜੋਂ ਲੇਖਨ ਕੀਤਾ।
  5. ਪੰਜਾਬ ਦੀਆਂ ਸ਼ਾਸਤਰੀ ਗਾਇਨ ਰਚਨਾਵਾਂ ਦਾ ਸੰਗ੍ਰਹਿ ਕਰਕੇ 'ਗਾਇਨ ਬੰਦਸ਼ਾਵਲੀ' ਪੁਸਤਕ ਛਪਵਾਈ।
  6. ਸ਼ਾਸਤਰੀ ਸੰਗੀਤ ਵਿਚ ਪ੍ਰਚਲਿਤ ਪੰਜਾਬੀ ਭਾਸ਼ਾ ਦੀਆਂ ਬੰਦਸ਼ਾਂ ਦਾ ਸੰਗ੍ਰਹਿ ਕਰਕੇ 'ਪੰਜਾਬੀ ਬੰਦਸ਼ਾਂ' ਪੁਸਤਕ ਛਪਵਾਈ।

ਪੰਜਾਬੀ ਸੰਗੀਤ

ਪੰਜਾਬੀ ਲੋਕ ਸੰਗੀਤ ਦੇ ਖੇਤਰ ਵਿਚ ਬਤੌਰ ਡਾਇਰੈਕਟਰ ਆਪ ਨੇ 1997 ਤੋਂ ਪੰਜਾਬ ਦੇ ਲੋਕ ਸੰਗੀਤ ਦੀ ਦੁਰਲਭ ਵੰਨਗੀਆਂ, ਸਾਜ਼ਾਂ, ਕਲਾਕਾਰਾਂ ਦੀ ਭਾਲ ਲਈ ਪੰਜਾਬੀ ਲੋਕ ਸੰਗੀਤ ਮੇਲੇ ਸ਼ੁਰੂ ਕਰਵਾਏ ਜੋ ਨਿਰੰਤਰ ਜਾਰੀ ਹਨ।

ਪੰਜਾਬੀ ਲੋਕ ਸੰਗੀਤ ਵਿਰਾਸਤ ਤੇ ਵਡ ਅਕਾਰੀ ਸੁਰਲਿਪੀ ਬੱਧ ਖੋਜ ਕਾਰਜ ਪ੍ਰਕਾਸ਼ਿਤ ਕਰਵਾਉਣ ਤੋਂ ਇਲਾਵਾ ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ। ਤੰਤੀ ਸਾਜ਼

ਤੰਤੀ ਸਾਜ਼ ਦੇ ਖੇਤਰ ਵਿਚ ਆਪ ਨੇ ਗੁਰੂ ਘਰ ਦੇ ਤੰਤੀ ਸਾਜ਼ਾਂ ਦੀ ਸਿਖਲਾਈ ਗੁਰਮਤਿ ਸੰਗੀਤ ਵਿਚ ਲਾਗੂ ਕਰਵਾਈ। ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਾਜ਼ ਰਬਾਬ ਉਤੇ ਖੋਜ ਕਰਕੇ ਘਾੜਤ ਘੜਵਾਈ, ਸਿਖਲਾਈ ਵਰਕਸ਼ਾਪਾਂ ਲਗਵਾਈਆਂ, ਰਬਾਬ ਉਸਤਾਦਾਂ ਦੀ ਭਾਲ ਕੀਤੀ। ਇਸ ਵੇਲੇ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਆਪ ਦੇ ਵਿਦਿਆਰਥੀ ਰਬਾਬ ਦਾ ਕੀਰਤਨ ਨਾਲ ਵਾਦਨ ਕਰ ਰਹੇ ਹਨ।

ਇਸ ਤੋਂ ਇਲਾਵਾ ਆਪ ਨੇ ਤਾਊਸ ਵਜਾਉਣਾ ਸ਼ੁਰੂ ਕੀਤਾ ਅਤੇ ਹੋਰ ਅਧਿਆਪਕਾਂ ਦੀ ਮਦਦ ਨਾਲ ਇਸ ਖੇਤਰ ਵਿਚ ਵਿਦਿਆਰਥੀਆਂ ਨੂੰ ਤਿਆਰ ਕਰਕੇ ਸ੍ਰੀ ਦਰਬਾਰ ਸਾਹਿਬ ਤੋਂ ਤੰਤੀ ਸਾਜ਼ ਦੀ ਪਰੰਪਰਾ ਪੁਨਰ ਸੁਰਜੀਤ ਕਰਵਾਈ। ਹੁਣ ਕਈ ਵਿਦਿਆਰਥੀ ਵਿਸ਼ਵ ਭਰ ਵਿਚ ਇਨ੍ਹਾਂ ਸਾਜ਼ਾਂ ਦਾ ਕੀਰਤਨ ਨਾਲ ਵਾਦਨ ਕਰ ਰਹੇ ਹਨ ਤੇ ਪ੍ਰਚਾਰ ਕਰ ਰਹੇ ਹਨ।

ਗਲੋਬਲ ਪੱਧਰ ਵਿਸ਼ੇਸ਼ ਕਰਕੇ ਅਮਰੀਕਾ, ਕੈਨੇਡਾ ਵਿਖੇ ਯੂਨੀਵਰਸਿਟੀ ਵਿਚ ਗੁਰਮਤਿ ਸੰਗੀਤ ਦੇ ਪ੍ਰਚਾਰ ਪਾਸਾਰ ਤੋਂ ਇਲਾਵਾ ਆਪਣੇ ਵਿਦਿਆਰਥੀਆਂ ਲਈ ਸੰਗੀਤ ਤੇ ਗੁਰਮਤਿ ਸੰਗੀਤ ਕੇਂਦਰ ਚਲਾ ਰਹੇ ਹਨ। ਇਸ ਤੋਂ ਇਲਾਵਾ ਗੁਰਮਤਿ ਸੰਗੀਤ ਦਰਬਾਰਾਂ, ਸਿਖਲਾਈ ਵਰਕਸ਼ਾਪਾਂ, ਪ੍ਰਤਿਯੋਗਤਾਵਾਂ, ਸੈਮੀਨਾਰਾਂ ਦਾ ਸਿਲਸਿਲਾ ਜਾਰੀ ਹੈ। ਇਥੇ ਤਕ ਕਿ ਨਗਰ ਕੀਰਤਨਾਂ ਵਿਚ ਤੰਤੀ ਸਾਜ਼ਾਂ ਦੇ ਵਿਸ਼ੇਸ਼ ਆਕਰਸ਼ਨ ਫਲੋਟ ਸਜਾਕੇ ਵਿਸ਼ਵ ਭਰ ਦੇ ਲੋਕਾਂ ਨੂੰ ਗੁਰਮਤਿ ਸੰਗੀਤ ਪਰੰਪਰਾ ਬਾਰੇ ਦਸਦਿਆਂ ਗਿਆ ਹੈ।

ਡਾ. ਗੁਰਨਾਮ ਸਿੰਘ ਦੇ ਸ਼ਿਸ਼ ਮੰਡਲ ਦਾ ਯੋਗ ਵਿਸ਼ਵ ਵਿਆਪੀ ਹੈ। ਆਪ ਦੇ ਸ਼ਿਸ਼ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਵਾਈਟ ਹਾਊਸ, ਯੂ.ਐਸ.ਏ. ਦੇ ਸਮੇਤ ਵਿਸ਼ਵ ਵਿਚ ਜਿਥੇ ਗੁਰਮਤਿ ਸੰਗੀਤ ਪੇਸ਼ਕਾਰੀਆਂ ਜਾਰੀ ਰਖ ਰਹੇ ਹਨ। ਡਾ. ਗੁਰਨਾਮ ਸਿੰਘ ਨੇ ਪੀ-ਐਚ.ਡੀ. ਅਤੇ ਹੋਰ ਖੋਜ ਪ੍ਰੋਜੈਕਟਾਂ ਲਈ ਕਈ ਖੋਜਾਰਥੀਆਂ, ਵਿਦਿਆਰਥੀਆਂ ਨੂੰ ਅਗਵਾਈ ਪ੍ਰਦਾਨ ਕੀਤੀ ਹੈ। ਆਪ ਦੇ ਸ਼ਿਸ਼ ਯੂਨੀਵਰਸਿਟੀ, ਕਾਲਜਾਂ, ਸਕੂਲਾਂ ਤੇ ਹੋਰ ਸੰਗੀਤ ਅਦਾਰਿਆਂ ਵਿਚ ਬਤੌਰ ਡੀਨ, ਪ੍ਰੋਫੈਸਰ, ਅਧਿਆਪਕ, ਗਾਇਕ, ਕੀਰਤਨਕਾਰ, ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ ਕਾਰਜਸ਼ੀਲ ਹਨ।

ਡਾ. ਗੁਰਨਾਮ ਸਿੰਘ ਸਿੱਖ ਕੀਰਤਨਕਾਰਾਂ ਦੇ ਪ੍ਰਸਿੱਧ ਘਰਾਣੇ ਦੇ ਪ੍ਰਤਿਨਿਧ ਡਾ. ਗੁਰਨਾਮ ਸਿੰਘ ਨੂੰ ਕਈ ਰਾਸ਼ਟਰੀ ਅੰਤਰ-ਰਾਸ਼ਟਰੀ ਐਵਾਰਡਾਂ ਤੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚੋਂ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਰਾਗੀ ਐਵਾਰਡ (2001), ਸੰਗੀਤ ਨਾਟਕ ਅਕਾਦਮੀ ਵਲੋਂ ਸੀਨੀਅਰ ਫੈਲੋਸ਼ਿਪ (2003), ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ (2010), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਸ਼੍ਰੋਮਣੀ ਰਾਗੀ ਐਵਾਰਡ (2011) ਅਤੇ ਭਾਈ ਨੰਦ ਲਾਲ ਗੁਰ ਹਰਜਸ ਸਨਮਾਨ (2017), ਐਵਾਰਡ ਆਫ ਐਕਸੀਲੈਂਸ, ਸਿੰਡੀਕੇਟ ਪੰਜਾਬੀ ਯੂਨੀਵਰਸਿਟੀ, ਵਿਸਮਾਨ ਨਾਦ ਜਵੱਦੀ ਟਕਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡ, ਸ੍ਰੀ ਹਰਿਵਲੱਭ ਸੰਗੀਤ ਸੰਮੇਲਨ, ਬੈਸਟ ਰਾਗੀ ਐਵਾਰਡ, ਸਿੱਖ ਐਜੂਕੇਸ਼ਨਜ਼ ਤੇ ਚੀਫ਼ ਖਾਲਸਾ ਦੀਵਾਨ ਆਦਿ ਸ਼ਾਮਲ ਹਨ।

ਡਾ. ਗੁਰਨਾਮ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਵਧ ਸਮਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਬਤੌਰ ਪ੍ਰੋਫੈਸਰ ਕਾਰਜਸ਼ੀਲ ਰਹੇ ਹਨ। ਆਪ ਨੇ ਆਪਣਾ ਅਕਾਦਮਿਕ ਸਫ਼ਰ 1983 ਵਿਚ ਪੰਜਾਬੀ ਯੂਨੀਵਰਸਿਟੀ ਤੋਂ ਆਰੰਭ ਕੀਤਾ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਤੋਂ ਇਲਾਵਾ ਹਾਫਸਟਰਾ ਯੂਨੀਵਰਸਿਟੀ, ਯੂ.ਐਸ.ਏ. ਦੇ ਵਿਜ਼ਟਿੰਗ ਸਕਾਲਰ, ਫੈਕਲਟੀ ਡੀਨ, ਡੀਨ ਅਲੂਮਨੀ, ਡੀਨ ਰਿਸਰਚ, ਡੀਨ ਅਕਾਦਮਿਕ ਦੇ ਉੱਚ ਅਹੁਦਿਆਂ ਤੋਂ ਇਲਾਵਾ ਅਕਾਦਮਿਕ ਕੌਂਸਲ, ਸੈਨੇਟ, ਸਿੰਡੀਕੇਟ ਮੈਂਬਰ ਵੀ ਰਹੇ। ਸੰਖੇਪ ਵਿਚ ਆਪ ਦੇਸ਼ ਵਿਦੇਸ਼ ਦੀਆਂ ਅਕਾਦਮਿਕ, ਧਾਰਮਿਕ, ਸਮਾਜਕ, ਕਲਾਤਮਕ ਸੰਸਥਾਵਾਂ ਨਾਲ ਬਤੌਰ ਮੈਂਬਰ, ਅਹੁਦੇਦਾਰ ਤੇ ਸਰਪਰਸਤ ਵਜੋਂ ਨਿਰੰਤਰ ਕਾਰਜਸ਼ੀਲ ਪ੍ਰੇਰਨਾ ਸਰੋਤ, ਮਿਆਰੀ, ਮਿਸਾਲੀ ਤੇ ਆਦਰਸ਼ਕ ਸ਼ਖਸੀਅਤ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਲ ਮਾਡਲ ਦਾ ਸਥਾਨ ਰਖਦੇ ਹਨ।

ਡਾ. ਰਵਿੰਦਰ ਸਿੰਘ
ਯੂ.ਐਸ.ਏ.